ਕੀ ਕੋਵਿਡ ਮਹਾਂਮਾਰੀ ਸਾਡੀਆਂ ਅੱਖਾਂ ਖੋਲ੍ਹੇਗੀ ?

0
245

ਕੀ ਕੋਵਿਡ ਮਹਾਂਮਾਰੀ ਸਾਡੀਆਂ ਅੱਖਾਂ ਖੋਲ੍ਹੇਗੀ ?

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,

ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783

ਅਸੀਂ ਅੱਜ ਫੁੱਟਪਾਥਾਂ ਉੱਤੇ ਰੁਲਦੀਆਂ ਲਾਸ਼ਾਂ, ਇੱਕੋ ਚਿਤਾ ਉੱਤੇ ਦੱਸ ਮੁਰਦਾ ਸਰੀਰਾਂ ਦਾ ਸਾੜਿਆ ਜਾਣਾ, ਮੁਰਦਾਘਰਾਂ ਵਿੱਚ ਥਾਂ ਦੀ ਘਾਟ, ਐਂਬੂਲੈਂਸਾਂ ਵਿੱਚ ਆਕਸੀਜਨ ਲਈ ਤੜਫਦੇ ਮਰੀਜ਼ ਅਤੇ ਆਪਣਿਆਂ ਦੇ ਆਖ਼ਰੀ ਦਰਸ਼ਨਾਂ ਨੂੰ ਤਰਸਦੇ ਰਿਸ਼ਤੇਦਾਰਾਂ ਦੀਆਂ ਖ਼ਬਰਾਂ ਪੜ੍ਹਨ ਉੱਤੇ ਮਜਬੂਰ ਹੋ ਚੁੱਕੇ ਹਾਂ। ਇਸ ਸਭ ਦਾ ਜ਼ਿੰਮੇਦਾਰ ਕੌਣ ਹੈ ? ਪਹਿਲੀ ਉਂਗਲ ਸਾਡੇ ਵੱਲ ਹੀ ਉੱਠਦੀ ਹੈ। ਕਿਉਂ ?

  1. ਪੂਰੀ ਕਾਇਨਾਤ ਹਥਿਆ ਲੈਣ ਦੀ ਚਾਹ।
  2. ਕੁਦਰਤੀ ਸੋਮਿਆਂ ਦੀ ਤਬਾਹੀ।
  3. ਹੋਰ ਜੀਵ ਜੰਤੂਆਂ ਤੇ ਬਨਸਪਤੀ ਨੂੰ ਮੁਕਾਉਣ ਦੇ ਯਤਨ।
  4. ਧਰਮ ਨੂੰ ਉਗਰਾਹੀ ਦਾ ਮਾਧਿਅਮ ਬਣਾ ਕੇ ਰੱਖ ਦੇਣਾ।
  5. ਸਿਹਤ ਨਾਲੋਂ ਪੱਬਾਂ (ਹਾਤੇ), ਹੋਟਲਾਂ, ਮੂਰਤੀਆਂ ਤੇ ਸੈਰ ਸਪਾਟਿਆਂ ਵਾਲੀਆਂ ਥਾਂਵਾਂ ਉੱਤੇ ਵਾਧੂ ਖ਼ਰਚਾ ਕਰਨਾ।
  6. ਅਨਪੜ੍ਹ ਸਿਆਸੀ ਆਗੂਆਂ ਹੱਥ ਤਾਕਤ ਫੜਾ ਕੇ ਉਨ੍ਹਾਂ ਦੀਆਂ ਗ਼ਲਤ ਨੀਤੀਆਂ ਉੱਤੇ ਫਿਰ ਹਾਹਾਕਾਰ ਮਚਾਉਣੀ ਆਦਿ।

ਕੁੱਝ ਖ਼ਬਰਾਂ ਵੱਲ ਧਿਆਨ ਕਰੀਏ :-

  1. ਰੈਲੀਆਂ ਵਿੱਚ ਵੱਡੇ-ਵੱਡੇ ਇਕੱਠ ਕਰ ਕੇ ਸਿਆਸਤਦਾਨਾਂ ਵੱਲੋਂ ਆਪਣੀ ਪਿੱਠ ਠੋਕਣੀ ਕਿ ਅਸੀਂ ਹਰਮਨ ਪਿਆਰੇ ਹਾਂ। ਕੌਣ ਹਨ ਰੈਲੀਆਂ ਦੇ ਇਕੱਠ ਵਿੱਚ ? ਕੌਣ ਜ਼ਿੰਮੇਵਾਰ ਹੈ ਉਸ ਇਕੱਠ ਤੋਂ ਬਾਅਦ ਫੈਲੀ ਬੀਮਾਰੀ ਨਾਲ ਵਧਦੀਆਂ ਮੌਤਾਂ ਦਾ ?
  2. ਇੰਦੌਰ ਵਿੱਚ ਆਕਸੀਜਨ ਦੇ ਭਰੇ ਟਰੱਕਾਂ ਨੂੰ ਪੌਣਾ ਘੰਟਾ ਰੋਕ ਕੇ ਸਿਆਸੀ ਆਗੂਆਂ ਨੇ ਆਪਣੀਆਂ ਤਸਵੀਰਾਂ ਖਿਚਾ ਕੇ ਖ਼ਬਰਾਂ ਲੁਆਈਆਂ। ਉਸ ਤੋਂ ਬਾਅਦ ਟਰੱਕਾਂ ਅੱਗੇ ਦੋ ਵੱਖੋ-ਵੱਖ ਥਾਵਾਂ ਉੱਤੇ ਕਈ ਘੰਟੇ ਪੂਜਾ ਕੀਤੀ ਗਈ। ਟਰੱਕ ਡਰਾਈਵਰ ਸ਼ੈਲੇਂਦਰ ਖੁਸ਼ਵਾਹ ਨੇ ਮੀਡੀਆ ਕਰਮੀਆਂ ਨੂੰ ਦੱਸਿਆ ਕਿ ਉਹ 700 ਕਿਲੋਮੀਟਰ ਲਗਾਤਾਰ ਟਰੱਕ ਚਲਾ ਕੇ ਆ ਰਿਹਾ ਹੈ ਤੇ ਰਾਹ ਵਿੱਚ ਉਸ ਨੇ ਅੱਖ ਵੀ ਨਹੀਂ ਝਪਕੀ। ਸਿਰਫ਼ ਇੱਕ ਵਾਰ 15 ਮਿੰਟ ਰੁੱਕ ਕੇ ਰੋਟੀ ਖਾਧੀ ਤਾਂ ਜੋ ਮਰੀਜ਼ਾਂ ਨੂੰ ਬਚਾਉਣ ਲਈ ਛੇਤੀ ਤੋਂ ਛੇਤੀ ਆਕਸੀਜਨ ਪਹੁੰਚਾਈ ਜਾ ਸਕੇ। ਹੁਣ ਇੱਥੇ ਸਾਢੇ ਤਿੰਨ ਘੰਟੇ ਸਿਰਫ਼ ਫੋਟੋਆਂ ਖਿਚਵਾਉਣ ਅਤੇ ਪੂਜਾ ਕਰਨ ਉੱਤੇ ਖ਼ਰਾਬ ਕਰਨ ਦਾ ਕੀ ਮਤਲਬ ? ਓਨੀ ਦੇਰ ਵਿੱਚ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਨਾਲ 26 ਬੰਦੇ ਮਰ ਗਏ। ਇਸ ਦਾ ਜਵਾਬ ਅਸੀਂ ਦੇਣਾ ਹੈ। ਇਸ ਭਾਰੀ ਗੁਨਾਹ ਲਈ ਕੌਣ ਜ਼ਿੰਮੇਵਾਰ ਹੈ ? ਕਿਨ੍ਹਾਂ ਨੇ ਇਹ ਸਿਆਸੀ ਆਗੂ ਚੁਣੇ ?
  3. ਵੱਡੇ ਛੋਟੇ ਧਾਰਮਿਕ ਸਮਾਗਮਾਂ ਬਾਅਦ ਕੋਵਿਡ ਬੀਮਾਰੀ ਨਾਲ ਪੀੜਤ ਮਰੀਜ਼ਾਂ ਦਾ ਵਾਧਾ ਹੋਣ ਦਾ ਮਤਲਬ ਕੀ ਅਸੀਂ ਸਮਝ ਸਕੇ ਹਾਂ ? ਇਨ੍ਹਾਂ ਬੇਅੰਤ ਮੌਤਾਂ ਲਈ ਕੀ ਅਸੀਂ ਹੀ ਜ਼ਿੰਮੇਵਾਰ ਨਹੀਂ ? ਕੀ ਅਸੀਂ ਧਰਮ ਨੂੰ ਪਾਖੰਡ ਵਿੱਚ ਤਾਂ ਨਹੀਂ ਤਬਦੀਲ ਕਰ ਦਿੱਤਾ ? ਕਿਉਂ ਹੁਣ ਕਈ ਧਾਰਮਿਕ ਅਦਾਰਿਆਂ ਨੇ ਦਰਵਾਜ਼ੇ ਬੰਦ ਕਰ ਕੇ ਧਾਰਮਿਕ ਸਥਾਨ ਦੇ ਬਾਹਰਵਾਰ ਪੈਸਿਆਂ ਦੀ ਗੋਲਕ ਰੱਖ ਦਿੱਤੀ ਹੈ ?

ਦੋ ਲੱਖ ਤੋਂ ਵੱਧ ਮੌਤਾਂ, 20 ਲੱਖ ਤੋਂ ਵੱਧ ਦਾਖ਼ਲ ਮਰੀਜ਼, ਸਾਢੇ ਤਿੰਨ ਲੱਖ ਤੋਂ ਵੱਧ ਰੋਜ਼ ਦੇ ਨਵੇਂ ਕੇਸ, (21 ਅਪਰੈਲ 2021 ਦੀ ਰਿਪੋਰਟ) ਲਈ ਕੌਣ-ਕੌਣ ਜ਼ਿੰਮੇਵਾਰ ਹੈ ?

  1. ਟੀਕਾ ਤਿਆਰ ਕਰਨ ਵੱਲ ਧਿਆਨ ਕਰੀਏ। ਅਮਰੀਕਾ ਤੇ ਯੂਰਪ ਵਿੱਚ ਟੀਕਾ ਤਿਆਰ ਕਰਨ ਲਈ ਸਰਕਾਰ ਵੱਲੋਂ ਵੱਖ ਫੰਡ ਐਡਵਾਂਸ ਵਿੱਚ ਦੇ ਦਿੱਤੇ ਗਏ। ਕੁੱਝ ਪੱਤਰਕਾਰਾਂ ਦੀ ਨਿਰਪੱਖ ਪੱਤਰਕਾਰੀ ਰਾਹੀਂ ਕੱਢੀ ਰਿਪੋਰਟ ਅਨੁਸਾਰ ਭਾਰਤ ਵਿੱਚ ਸੀਰਮ ਇੰਸਟੀਚਿਊਟ ਤੇ ਭਾਰਤ ਬਾਇਓਟੈਕ ਕੰਪਨੀਆਂ ਨੂੰ ਟੀਕਾ ਤਿਆਰ ਕਰਨ ਲਈ ਕੁੱਝ ਵੀ ਨਹੀਂ ਦਿੱਤਾ ਗਿਆ। ਖ਼ਬਰਾਂ ਅਨੁਸਾਰ ਸੀਰਮ ਇੰਸਟੀਚਿਊਟ ਨੇ 2000 ਕਰੋੜ ਰੁਪਏ ਪੱਲਿਓਂ ਲਾਏ ਤੇ ਬਾਕੀ 2200 ਕਰੋੜ ਦਾ ਖ਼ਰਚਾ ਬਿੱਲ ਗੇਟਸ ਤੇ ਮੈਲਿੰਡਾ ਫਾਊਂਡੇਸ਼ਨ ਨੇ ਦਿੱਤਾ। ਭਾਰਤ ਬਾਇਓਟੈਕ ਨੂੰ ਤਾਂ ਕੁੱਝ ਵੀ ਹਾਸਲ ਨਹੀਂ ਹੋਇਆ। ਸਭ ਕੁੱਝ ਉਸ ਆਪਣੇ ਪੱਲਿਓਂ ਲਾਇਆ। ਕੌਣ ਜ਼ਿੰਮੇਵਾਰ ਹੈ ?
  2. ਅਮਰੀਕਾ ਸਰਕਾਰ ਨੇ ਅਗਸਤ 2020 ਤੱਕ 44,700 ਕਰੋੜ ਰੁਪਏ; ਟੀਕਾ ਬਣਾਉਣ ਵਾਲੀਆਂ ਕੰਪਨੀਆਂ ਨੂੰ ਦਿੱਤਾ। ਯਾਨੀ 6 ਬਿਲੀਅਨ ਡਾਲਰ। ਅਸੀਂ ਉਨ੍ਹਾਂ ਮਹੀਨਿਆਂ ਵਿੱਚ ਕੀ ਕਰ ਰਹੇ ਸੀ ?

ਥਾਲੀਆਂ ਖੜਕਾਈਆਂ, ਸੂਰਜੀ ਪੂਜਾ, ਧਾਰਮਿਕ ਆਸਥਾ ਅਧੀਨ ਮੋਮਬੱਤੀਆਂ ਜਗਾਈਆਂ ਤੇ ਹੋਰ ਵੀ ਹਰ ਹੀਲਿਆਂ ਸਮੇਤ ਪ੍ਰਾਰਥਨਾ ਕੀਤੀ। ਉਸ ਸਭ ਦੇ ਬਾਵਜੂਦ ਅੱਜ ਮੌਤਾਂ ਤੇ ਬੀਮਾਰਾਂ ਦੀ ਗਿਣਤੀ ਵਿੱਚ ਪੂਰੀ ਦੁਨੀਆ ਵਿੱਚ ਪਹਿਲੇ ਨੰਬਰ ਉੱਤੇ ਹਾਂ।

ਖ਼ਬਰਾਂ ਅਨੁਸਾਰ 19 ਅਪਰੈਲ 2021 ਨੂੰ ਭਾਰਤ ਸਰਕਾਰ ਵੱਲੋਂ 4500 ਕਰੋੜ ਰੁਪਏ; ਟੀਕਾ ਬਣਾਉਣ ਵਾਲੀਆਂ ਕੰਪਨੀਆਂ ਨੂੰ ਦਿੱਤਾ ਗਿਆ। ਅੱਜ ਦੇ ਦਿਨ (24/4/21 ਤੱਕ) ਜੇ ਟੀਕਿਆਂ ਦੀ ਗਿਣਤੀ ਵੱਲ ਝਾਤ ਮਾਰੀਏ ਤਾਂ ਭਾਰਤ ਨੂੰ ਹਰ ਮਹੀਨੇ 150 ਤੋਂ 200 ਮਿਲੀਅਨ ਟੀਕੇ ਚਾਹੀਦੇ ਹਨ, ਪਰ ਸਾਡੇ ਕੋਲ ਅੱਧੇ ਤੋਂ ਵੀ ਘੱਟ ਹਨ। ਇਸ ਦਾ ਮਤਲਬ ਹੈ ਕਿ ਸਾਨੂੰ ਬਾਹਰੋਂ ਟੀਕੇ ਮੰਗਵਾਉਣ ਦੀ ਲੋੜ ਸੀ ਜੋ ਲਗਭਗ 100 ਮਿਲੀਅਨ ਦੇ ਨੇੜੇ ਤੇੜੇ ਸਨ। ਕੋਈ ਤਿਆਰੀ ਕੀਤੀ ਗਈ ?

ਅਮਰੀਕਾ ਵਿੱਚ ਲੋਕਾਂ ਦੇ ਭਲੇ ਲਈ ਸਰਕਾਰ ਨੇ ਪਹਿਲਾਂ ਹੀ ਅਗਸਤ 2020 ਵਿੱਚ 400 ਮਿਲੀਅਨ ਟੀਕਿਆਂ ਲਈ 4 ਕੰਪਨੀਆਂ ਨੂੰ ਪੈਸੇ ਫੜਾ ਦਿੱਤੇ ਸਨ। ਖ਼ਬਰਾਂ ਅਨੁਸਾਰ ਯੂਰਪ ਨੇ ਵੀ ਨਵੰਬਰ 2020 ਵਿੱਚ ਕੰਪਨੀਆਂ ਤੋਂ 800 ਮਿਲੀਅਨ ਟੀਕੇ ਖਰੀਦਣ ਲਈ ਪੈਸੇ ਐਡਵਾਂਸ ਫੜਾ ਦਿੱਤੇ ਸਨ।

ਭਾਰਤ ਵੱਲੋਂ ਜਨਵਰੀ 2021 ਵਿੱਚ ਸਿਰਫ਼ 16 ਮਿਲੀਅਨ ਟੀਕਿਆਂ ਲਈ ਪੈਸੇ ਫੜਾਏ ਗਏ। ਚੇਤੇ ਰਹੇ ਕਿ ਸੰਨ 2019 ਵਿੱਚ ਇੱਕ ਮੂਰਤੀ ਬਣਾਉਣ ਵਾਸਤੇ ਭਾਰਤ ਸਰਕਾਰ ਨੇ 2,063 ਕਰੋੜ (370 ਮਿਲੀਅਨ ਡਾਲਰ) ਖਰਚ ਦਿੱਤੇ ਸਨ, ਪਰ 1.3 ਬਿਲੀਅਨ ਲੋਕਾਂ ਲਈ ਸਿਰਫ਼ 16 ਮਿਲੀਅਨ ਟੀਕੇ ਤੇ ਉਹ ਵੀ ਏਨੇ ਲੇਟ। ਕੌਣ ਜ਼ਿੰਮੇਵਾਰ ਹੈ ? ਕੀ ਸਰਕਾਰ ਜਾਂ ਅਸੀਂ ? ਨਹੀਂ, ਸਾਡਾ ਕਸੂਰ ਹੈ। ਇਹ ਨੁਮਾਇੰਦੇ ਅਸੀਂ ਹੀ ਚੁਣਦੇ ਹਾਂ। ਆਪਣੀਆਂ ਵੋਟਾਂ ਵੇਚਣ ਦਾ ਇਹੀ ਨਤੀਜਾ ਹੋਣਾ ਸੀ। ਇਸ ਸਰਕਾਰੀ ਕੁਸ਼ਾਸ਼ਨ ਦੀ ਪੂਰੇ ਜ਼ਿੰਮੇਵਾਰੀ ਸਾਨੂੰ ਹੀ ਚੁੱਕਣੀ ਪੈਣੀ ਹੈ ਤੇ ਉਹ ਵੀ ਆਪਣੀ ਅਤੇ ਆਪਣਿਆਂ ਦੀਆਂ ਜਾਨਾਂ ਗੁਆ ਕੇ।

  1. ਲੋਕਾਂ ਵਿੱਚ ਅਤੇ ਵਿਸ਼ਵ ਪੱਧਰ ਉੱਤੇ ਹਾਹਾਕਾਰ ਮੱਚਣ ਤੋਂ ਬਾਅਦ ਹੁਣ ਹੋਰਨਾਂ ਮੁਲਕਾਂ ਵੱਲੋਂ ਟੀਕੇ ਮੰਗਵਾਉਣ ਦਾ ਸਿਲਸਿਲਾ ਸ਼ੁਰੂ ਹੋਇਆ ਹੈ। ਸਵਾਲ ਇਹ ਹੈ ਕਿ ਉਹ ਕੰਪਨੀਆਂ ਪਹਿਲਾਂ ਆਪਣੇ ਮੁਲਕ ਦੇ ਬਾਸ਼ਿੰਦਿਆਂ ਨੂੰ ਟੀਕੇ ਲਾਉਣਗੀਆਂ ਜਾਂ ਭਾਰਤ ਲਈ ਪੂਰੇ ਟੀਕੇ ਵੇਲੇ ਸਿਰ ਸਪਲਾਈ ਕਰਨਗੀਆਂ ? ਜੇ ਹਜ਼ਾਰਾਂ ਲੱਖਾਂ ਮੌਤਾਂ ਹੋ ਜਾਣ ਬਾਅਦ ਟੀਕੇ ਪਹੁੰਚੇ, ਤਾਂ ਇਸ ਤਬਾਹੀ ਦੀ ਕੌਣ ਜ਼ਿੰਮੇਵਾਰੀ ਲਏਗਾ ? ਪਾਲਿਸੀ ਬਣਾਉਣ ਵਾਲੇ, ਅਨਪੜ੍ਹ ਸਿਆਸਤਦਾਨ ਜਾਂ ਵੋਟਾਂ ਵੇਚਣ ਵਾਲੀ ਆਮ ਜਨਤਾ ? ਇਹ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਸਨ। ਸਿਰਫ਼ ਆਮ ਲੋਕਾਂ ਨੂੰ ਜਾਗਣ ਦੀ ਲੋੜ ਹੈ।
  2. ਆਕਸੀਜਨ ਲਈ ਮਚੀ ਹਾਹਾਕਾਰ ਬਾਰੇ ਛਪੀਆਂ ਖ਼ਬਰਾਂ ਦਿਲ ਕੰਬਾਊ ਹਨ। ਓਨੀਆਂ ਮੌਤਾਂ ਵਾਇਰਸ ਤੋਂ ਹੋਈ ਬੀਮਾਰੀ ਨਾਲ ਨਹੀਂ ਹੋਈਆਂ, ਜਿੰਨੀਆਂ ਆਕਸੀਜਨ ਦੀ ਕਮੀ ਨਾਲ ਹੋ ਚੁੱਕੀਆਂ ਹਨ।
  3. ਅਕਤੂਬਰ 2020 ਵਿੱਚ ਖ਼ਬਰਾਂ ਵੀ ਛਪੀਆਂ ਸਨ ਅਤੇ ਐਲਾਨ ਵੀ ਹੋਏ ਕਿ ਪੂਰੇ ਭਾਰਤ ਵਿਚਲੇ 150 ਜ਼ਿਲ੍ਹਾ ਪੱਧਰੀ ਹਸਪਤਾਲਾਂ ਵਿੱਚ 162 ਆਕਸੀਜਨ ਬਣਾਉਣ ਵਾਲੇ ਯੂਨਿਟ ਲਾਏ ਜਾਣਗੇ। ਇਸ ਵਾਸਤੇ ਸਿਰਫ਼ 201 ਕਰੋੜ ਰੁਪੈ ਲੱਗਣੇ ਸਨ ਜੋ ਪ੍ਰਧਾਨ ਮੰਤਰੀ ਕੇਅਰ ਫੰਡ ਵਿੱਚੋਂ ਵਰਤੇ ਜਾਣੇ ਸੀ, ਪਰ ਛੇ ਮਹੀਨੇ ਬਾਅਦ ਤੱਕ ਸਿਰਫ਼ 33 ਯੂਨਿਟ ਹੀ ਲੱਗ ਸਕੇ ਹਨ। ਉੱਤਰ ਪ੍ਰਦੇਸ ਵਿਚਲੇ 14 ਆਕਸੀਜਨ ਯੂਨਿਟਾਂ ਵਿੱਚੋਂ ਇੱਕ ਵੀ ਹਾਲੇ ਤੱਕ ਨਹੀਂ ਲਾਇਆ ਜਾ ਸਕਿਆ। ਹੁਣ ਤਾਂ ਅਸੀਂ ਫ਼ੈਸਲਾ ਕਰ ਹੀ ਸਕਦੇ ਹਾਂ ਕਿ ਆਕਸੀਜਨ ਦੀ ਕਮੀ ਲਈ ਕੌਣ ਜ਼ਿੰਮੇਵਾਰ ਹੈ ? ਡਾਕਟਰ ? ਸਿਆਸਤਦਾਨ ? ਜਾਂ ਕੰਪਨੀਆਂ ? ਇਨ੍ਹਾਂ ਮੌਤਾਂ ਲਈ ਕੌਣ ਫਾਹੇ ਟੰਗਿਆ ਜਾਣਾ ਚਾਹੀਦਾ ਹੈ ? ਸਿਆਸੀ ਆਗੂ ਜਾਂ ਜਿਨ੍ਹਾਂ ਨੇ ਇਨ੍ਹਾਂ ਨੂੰ ਚੁਣਿਆ ?
  4. ਇਸ ਵੇਲੇ ਮਾਰੂ ਕੋਰੋਨਾ ਦੀ ਦੋਧਾਰੀ ਬਦਲੀ ਸ਼ਕਲ ਦਾ ਨਾਂ ਬੀ.1.167 ਹੈ, ਜੋ ਧੜਾਧੜ ਹਜ਼ਾਰਾਂ ਨੂੰ ਮੌਤ ਦੇ ਮੂੰਹ ਵੱਲ ਧੱਕ ਰਹੀ ਹੈ। ਇਸ ਬਾਰੇ ਪਹਿਲੀ ਵਾਰ 5 ਅਕਤੂਬਰ 2020 ਨੂੰ ਸਾਇੰਸਦਾਨਾਂ ਨੇ ਖੋਜ ਕਰ ਕੇ ਦੱਸ ਦਿੱਤਾ ਸੀ। ਕੀ ਕਿਸੇ ਨੂੰ ਉਸ ਸਮੇਂ ਖ਼ਿਆਲ ਆਇਆ ਕਿ ਝਟਪਟ ਇਸ ਕੀਟਾਣੂ ਉੱਤੇ ਹੋਰ ਖੋਜਾਂ ਹੋਣ ਤਾਂ ਜੋ ਤੁਰੰਤ ਪੈਸੇ ਦੇ ਕੇ ਇਸ ਦਾ ਇਲਾਜ ਲੱਭਿਆ ਜਾਂਦਾ ?

ਚੋਣ ਪ੍ਰਕਿਰਿਆ ਬਾਰੇ ਲਗਾਤਾਰ ਮੀਟਿੰਗਾਂ ਤੋਂ ਬਾਅਦ ਅਖ਼ੀਰ ਵਿਹਲੇ ਹੋ ਕੇ ਸਿਆਸਤਦਾਨਾਂ ਵੱਲੋਂ ਜਨਵਰੀ 2021 ਤੋਂ ਭਾਰਤ ਵਿੱਚ 10 ਲੈਬਾਰਟਰੀਆਂ ਖੋਲ੍ਹੀਆਂ ਗਈਆਂ, ਜਿਨ੍ਹਾਂ ਨੇ ਵਾਇਰਸ ਦੀ ਜੀਨੋਮ ਸੀਕੂਐਂਸਿੰਗ ਕਰਨੀ ਸੀ। ਅਪਰੈਲ 2021 ਤੱਕ ਖੋਜਾਂ ਹਾਲੇ ਜਾਰੀ ਸਨ ਕਿਉਂਕਿ ਜਿਹੜੇ 115 ਕਰੋੜ ਰੁਪੈ ਇਨ੍ਹਾਂ ਲੈਬਾਰੇਟਰੀਆਂ ਨੂੰ ਦਿੱਤੇ ਜਾਣੇ ਸਨ, ਉਹ ਹਾਲੇ ਤੱਕ ਦਿੱਤੇ ਹੀ ਨਹੀਂ ਗਏ। ਹੁਣ ਬਾਇਓਟੈਕਨਾਲੋਜੀ ਵਿਭਾਗ ਨੂੰ ਇਹ ਪੈਸੇ ਆਪਣੇ ਵੱਲੋਂ ਹੀ ਕਿਸੇ ਵਸੀਲੇ ਹਾਸਲ ਕਰਨ ਲਈ ਕਹਿ ਦਿੱਤਾ ਗਿਆ ਹੈ।

ਵਿਭਾਗ ਬਹੁਤ ਮੁਸ਼ਕਲ ਨਾਲ ਸਿਰਫ਼ 80 ਕਰੋੜ ਹੀ ਹਾਸਲ ਕਰ ਸਕਿਆ, ਜੋ ਕਿ ਉਸ ਨੂੰ 31 ਮਾਰਚ 2021 ਨੂੰ ਮਿਲੇ। ਇਨ੍ਹਾਂ ਛੇ ਮਹੀਨਿਆਂ ਵਿਚਲੇ ਲੱਖਾਂ ਮਰੀਜ਼ ਅਤੇ ਹਜ਼ਾਰਾਂ ਮੌਤਾਂ ਦਾ ਜ਼ਿੰਮੇਵਾਰ ਕੌਣ ਹੈ ? ਕੀ ਸਾਨੂੰ ਹਾਲੇ ਵੀ ਇਹ ਸਮਝ ਨਹੀਂ ਆਈ ਕਿ ਸੂਬੇ ਦੀ ਤਰੱਕੀ ਹੋਵੇ ਜਾਂ ਮੁਲਕ ਦੀ, ਸਾਡੀ ਅਕਲ ਦੁਆਰਾ ਚੁਣੇ ਨੁਮਾਇੰਦਿਆਂ ਦਾ ਹੀ ਇਸ ਵਿੱਚ ਅਸਲ ਰੋਲ ਹੁੰਦਾ ਹੈ। ਉਨ੍ਹਾਂ ਨੁਮਾਇੰਦਿਆਂ ਨੇ ਆਪਣੀ ਸਮਝ ਅਨੁਸਾਰ ਪਹਿਲ ਦੇ ਆਧਾਰ ’ਤੇ ਕੰਮ ਕਰਨੇ ਹੁੰਦੇ ਹਨ ਕਿ ਪਹਿਲਾਂ ਆਪਣੀ ਸੀਟ ਪੱਕੀ ਕਰਨੀ ਹੈ, ਜੁਮਲੇ ਛੱਡਣੇ ਹਨ, ਲੋਕਾਂ ਨੂੰ ਲੁਭਾਉਣਾ ਹੈ ਜਾਂ ਉਨ੍ਹਾਂ ਦੀ ਜਾਨ ਬਚਾਉਣੀ ਹੈ।

  1. ਕੀ ਸਿਹਤ ਅਤੇ ਸਿੱਖਿਆ ਨੂੰ ਕਿਸੇ ਸਿਆਸਤਦਾਨ ਨੇ ਪਹਿਲ ਦੇ ਆਧਾਰ ’ਤੇ ਲਿਆ ਹੈ ? ਚੋਣ ਰੈਲੀਆਂ ਦੌਰਾਨ ਫੈਲੇ ਕੋਰੋਨਾ ਅਤੇ ਮਾਸਕ ਨਾ ਪਾਉਣ ਲਈ ਕਿਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ? ਸਿਆਸਤਦਾਨਾਂ ਨੂੰ ਜਾਂ ਆਮ ਲੋਕਾਂ ਨੂੰ ?
  2. ਲਾਕਡਾਊਨ ਕਿਸ ਨੇ ਲਾਇਆ ਤੇ ਇਸ ਨਾਲ ਕਿਸ ਨੂੰ ਵੱਧ ਨੁਕਸਾਨ ਹੋਇਆ ? ਲੱਖਾਂ ਬੇਰੁਜ਼ਗਾਰ ਹੋਏ ਤੇ ਅਨੇਕ ਘਰੋਂ ਬੇਘਰ ਹੋਏ। ਇਸ ਸਾਰੇ ਵਰਤਾਰੇ ਲਈ ਕੌਣ ਆਪਣੀ ਪਿੱਠ ਉੱਤੇ ਥਾਪੜਾ ਦੇ ਰਿਹਾ ਹੈ ? ਕੀ ਸਾਨੂੰ ਦਿੱਸਣਾ ਤੇ ਸੁਣਨਾ ਵੀ ਬੰਦ ਹੋ ਚੁੱਕਿਆ ਹੈ ? ਕਦੋਂ ਸਮਝਾਂਗੇ ?
  3. ਇਸ ਮਹਾਂਮਾਰੀ ਅਤੇ ਮੌਤ ਦੇ ਤਾਂਡਵ ਦੌਰਾਨ ਭਾਰਤ ਵਿੱਚ ਆਈ.ਪੀ.ਐਲ. ਮੈਚ ਜਾਰੀ ਰਿਹਾ ਜਿਸ ਵਿੱਚ ਹਰ ਖਿਡਾਰੀ ਨੂੰ ਕਰੋੜਾਂ ਰੁਪੈ ਦਿੱਤੇ ਗਏ। ਕੀ ਕਿਸੇ ਨੇ ਆਵਾਜ਼ ਚੁੱਕੀ ਕਿ ਅਜਿਹੇ ਮੌਕੇ ਉਨ੍ਹਾਂ ਕਰੋੜਾਂ ਰੁਪਇਆਂ ਨਾਲ ਵਧੀਆ ਮੁਫ਼ਤ ਸਹੂਲਤਾਂ ਦੇਣ ਵਾਲੇ ਹਸਪਤਾਲ ਕਿਉਂ ਨਹੀਂ ਖੋਲ੍ਹੇ ਗਏ ? ਕੀ ਕਿਸੇ ਭਾਰਤੀ ਖਿਡਾਰੀ ਨੇ ਇਸ ਬਾਰੇ ਸੋਚਿਆ ? ਇਨ੍ਹਾਂ ਪੈਸਿਆਂ ਨਾਲ ਹਰ ਸੂਬੇ ਵਿੱਚ ਸੈਂਕੜੇ ਵਧੀਆ ਐਂਬੂਲੈਂਸਾਂ ਮੁਹੱਈਆ ਹੋ ਸਕਦੀਆਂ ਸਨ।
  4. ਭਾਰਤ ਦੀ ਅਰਥ ਵਿਵਸਥਾ ਕਿੱਧਰ ਜਾ ਰਹੀ ਹੈ ? ਕੀ ਅਸੀਂ ਫਜ਼ੂਲ ਖਰਚੀ ਕਰ ਰਹੇ ਹਾਂ ? ਕੌਣ ਖ਼ਰਬਾਂ ਦਾ ਹੇਰ ਫੇਰ ਕਰ ਕੇ, ਬੈਂਕ ਹਜ਼ਮ ਕਰ ਕੇ ਗਾਇਬ ਹੋ ਜਾਂਦਾ ਹੈ ਤੇ ਫਿਰ ਸਾਹਮਣੇ ਫਿਰਦਾ ਵੀ ਪਕੜ ’ਚ ਨਹੀਂ ਆਉਂਦਾ ? ਕੌਣ ਗ਼ਰੀਬਾਂ ਲਈ ਦਿੱਤੇ ਫੰਡਾਂ ਦਾ ਗ਼ਬਨ ਕਰਦਾ ਹੈ ? ਕੌਣ ਆਪਣੇ ਹੀ ਟੱਬਰ ਅਤੇ ਨਾਮਲੇਵਿਆਂ ਨੂੰ ਸਿਆਸਤ ਦੇ ‘ਕਿੱਤੇ’ ਵਿੱਚ ਕਮਾਈ ਕਰਨ ਲਈ ਅਗਾਂਹ ਧੱਕਦਾ ਹੈ ?
  5. ਕੀ ਕਿਸੇ ਨੂੰ ਪਤਾ ਹੈ ਕਿ ਅਸਲ ਵਿੱਚ ਆਕਸੀਜਨ ਦੀ ਕਮੀ ਤਾਂ ਭਾਰਤ ਵਿੱਚ ਹੈ ਹੀ ਨਹੀਂ। ਗੁਜਰਾਤ ਦੀ ਰਿਲਾਇੰਸ ਕੰਪਨੀ ਵਿੱਚ ਰੋਜ਼ 22,000 ਟਨ ਆਕਸੀਜਨ ਤਿਆਰ ਹੋ ਰਹੀ ਹੈ। ਪੂਰੇ ਭਾਰਤ ਵਿੱਚ ਰੋਜ਼ ਇੱਕ ਲੱਖ ਟਨ ਆਕਸੀਜਨ ਬਣਦੀ ਹੈ, ਜਿਸ ਵਿੱਚੋਂ 80 ਫੀਸਦੀ ਸਟੀਲ ਪਲਾਂਟਾਂ ਵਿੱਚ ਵਰਤੀ ਜਾਂਦੀ ਹੈ। ਇੰਡਸਟਰੀਅਲ ਤੇ ਮੈਡੀਕਲ ਆਕਸੀਜਨ ਵਿੱਚ ਨਾ-ਮਾਤਰ ਹੀ ਫ਼ਰਕ ਹੁੰਦਾ ਹੈ। ਫਿਰ ਆਖ਼ਿਰ ਦਿੱਕਤ ਕੀ ਹੈ ? ਕਿਉਂ ਆਕਸੀਜਨ ਦੀ ਲੋੜ ਪੂਰੀ ਨਹੀਂ ਕੀਤੀ ਜਾ ਸਕੀ ?

ਭਾਰਤ ਕੋਲ ਇੱਕ ਥਾਂ ਤੋਂ ਦੂਜੇ ਥਾਂ ਤੱਕ ਆਕਸੀਜਨ ਲਿਜਾਉਣ ਦੇ ਪੂਰਨ ਪ੍ਰਬੰਧ ਨਹੀਂ ਹਨ। ਇੱਕ ਆਕਸੀਜਨ ਟੈਂਕਰ ਨੂੰ ਭਾਰਤ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਾਣ ਲਈ 4 ਕੁ ਦਿਨ ਲੱਗਦੇ ਹਨ। ਵਾਪਸ ਪਰਤਣ ਤੱਕ ਪੂਰੇ 10 ਕੁ ਦਿਨ ਲੱਗ ਜਾਂਦੇ ਹਨ। ਇਸ ਟੈਂਕਰ ਦਾ ਖ਼ਰਚ 45 ਲੱਖ ਪੈਂਦਾ ਹੈ। ਇੱਕ ਆਕਸੀਜਨ ਦਾ ਸਿਲੰਡਰ 10,000 ਦਾ ਪੈਂਦਾ ਹੈ, ਜੋ 300 ਰੁਪੈ ਵਿੱਚ ਵੇਚਿਆ ਜਾਂਦਾ ਹੈ।

ਸਵਾਲ ਇਹ ਹੈ ਕਿ ਕੀ ਆਕਸੀਜਨ ਹੋਰ ਮੁਲਕਾਂ ਤੋਂ ਮੰਗਵਾਉਣ ਦੀ ਲੋੜ ਹੈ ? ਬਿਲਕੁਲ ਨਹੀਂ। ਸਿਰਫ਼ ਸਟੀਲ ਪਲਾਂਟਾਂ ਦਾ ਕੰਮ ਅੱਧਾ ਕਰ ਦਿੱਤਾ ਜਾਵੇ ਤਾਂ ਹਜ਼ਾਰਾਂ ਮਰੀਜ਼ ਬਚ ਸਕਦੇ ਹਨ ਕਿਉਂਕਿ ਲਿਕੂਇਡ ਆਕਸੀਜਨ ਦਾ ਭੰਡਾਰ ਭਾਰਤ ਵਿੱਚ ਪਿਆ ਹੈ।

ਗੱਲ ਉੱਥੇ ਹੀ ਟਿਕੀ ਹੈ। ਇਸ ਸਭ ਲਈ ਜ਼ਿੰਮੇਵਾਰ ਕੌਣ ? ਕੀ ਸਾਡੇ ਕੋਲ ਪੜ੍ਹੇ ਲਿਖੇ ਜਾਂ ਸਮਝਦਾਰ ਲੋਕਾਂ ਦੀ ਘਾਟ ਹੈ ? ਉਹ ਸਿਆਸਤ ਵਿੱਚ ਕਿਉਂ ਨਹੀਂ ਜਾਂਦੇ ? ਕੌਣ ਆਪਣੀਆਂ ਵੋਟਾਂ ਦੀ ਦੁਰਵਰਤੋਂ ਕਰ ਕੇ ਇਨ੍ਹਾਂ ਸਮਝਦਾਰ ਲੋਕਾਂ ਨੂੰ ਦਰਕਿਨਾਰ ਕਰਦਾ ਪਿਆ ਹੈ ?

ਜੇ ਆਪਣੀ ਮੌਤ ਦੇ ਜਾਂ ਆਪਣੇ ਲੁੱਟੇ ਜਾਣ ਦੇ ਜ਼ਿੰਮੇਵਾਰ ਅਸੀਂ ਹਾਂ ਤਾਂ ਫਿਰ ਸਹੀ ਵੀ ਅਸੀਂ ਹੀ ਕਰਨਾ ਹੈ। ਕਦੋਂ ? ਆਖ਼ਿਰ ਕਦੋਂ ਕੁੰਭਕਰਨੀ ਨੀਂਦਰ ਤੋਂ ਜਾਗਾਂਗੇ ? ਇੱਕ ਸਿਆਣਾ ਸਿਆਸਤਦਾਨ ਹੀ ਵੇਲੇ ਸਿਰ ਸਹੀ ਕਦਮ ਪੁੱਟ ਕੇ, ਕਿਹੜੇ ਕੰਮ ਨੂੰ ਤਰਜੀਹ ਦੇਣੀ ਹੈ, ਬਾਰੇ ਚੰਗਾ ਫ਼ੈਸਲਾ ਲੈ ਸਕਦਾ ਹੈ।

ਅਖ਼ੀਰ ਵਿੱਚ ਸਿਰਫ਼ ਇੱਕ ਕਹਾਣੀ ਸਾਂਝੀ ਕਰਨਾ ਚਾਹੁੰਦੀ ਹਾਂ, ਜੋ ਅਜਿਹੀ ਸਮੱਸਿਆ ਨੂੰ ਬਾਖ਼ੂਬੀ ਸਮਝਾ ਦਿੰਦੀ ਹੈ। ਇੱਕ ਸਮੁੰਦਰੀ ਤੂਫ਼ਾਨ ਤੋਂ ਬਾਅਦ ਹਜ਼ਾਰਾਂ ਮੱਛੀਆਂ ਕਿਨਾਰੇ ਤੋਂ ਬਾਹਰ ਤੜਫ਼ ਰਹੀਆਂ ਸਨ। ਉੱਥੇ ਇੱਕ ਸੱਤ ਸਾਲਾਂ ਦਾ ਬੱਚਾ ਆਪਣੀ ਮਾਂ ਨਾਲ ਬਹਿ ਕੇ ਸਭ ਕੁੱਝ ਵੇਖ ਰਿਹਾ ਸੀ। ਤੜਫ਼ਦੀਆਂ ਮੱਛੀਆਂ ਨੂੰ ਵੇਖ ਉਸ ਨੇ ਇੱਕ ਮੱਛੀ ਨੂੰ ਚੁੱਕ ਕੇ ਵਾਪਸ ਸਮੁੰਦਰ ਵਿੱਚ ਸੁੱਟ ਦਿੱਤਾ। ਮੱਛੀ ਤੈਰਦੀ ਹੋਈ ਅਗਾਂਹ ਲੰਘ ਗਈ। ਇੰਜ ਹੀ ਉਸ ਨੇ 20-25 ਹੋਰ ਮੱਛੀਆਂ ਸਮੁੰਦਰ ਵਿੱਚ ਸੁੱਟੀਆਂ ਤਾਂ ਉਸ ਦੀ ਮਾਂ ਕਹਿਣ ਲੱਗੀ ‘ਇਸ ਨਾਲ ਕੀ ਫ਼ਰਕ ਪੈਣਾ ਹੈ ? ਤੂੰ ਸਿਰਫ਼ ਆਪਣਾ ਵਕਤ ਜ਼ਾਇਆ ਕਰ ਰਿਹੈਂ। ਕਿੰਨੀਆਂ ਕੁ ਬਚਾ ਲਵੇਂਗਾ।’ ਬੱਚਾ ਅੱਗੋਂ ਅੱਖਾਂ ਪੂੰਝਦਾ ਹੋਇਆ ਬੋਲਿਆ ‘ਮਾਂ । ਤੈਨੂੰ ਤੇ ਮੈਨੂੰ ਫ਼ਰਕ ਨਾ ਵੀ ਪਵੇ, ਪਰ ਜਿਹੜੀ ਇੱਕ ਮੱਛੀ ਬਚ ਗਈ, ਉਸ ਨੂੰ ਜ਼ਰੂਰ ਫ਼ਰਕ ਪੈਣਾ ਹੈ।’

ਬਿਲਕੁਲ ਇਹੋ ਕੁੱਝ ਸਾਡੇ ਉੱਤੇ ਲਾਗੂ ਹੁੰਦਾ ਹੈ। ਚੁਫ਼ੇਰੇ ਮੌਤ ਦਾ ਤਾਂਡਵ ਵੇਖਦੇ ਹੋਏ ਜੇ ਅਸੀਂ ਸਿਰਫ਼ ਮਾਸਕ ਪਾ ਕੇ ਇੱਕ ਦੀ ਵੀ ਜਾਨ ਬਚਾ ਸਕਦੇ ਹਾਂ ਤਾਂ ਉਸ ਜਣੇ ਨੂੰ ਤੇ ਉਸ ਦੇ ਟੱਬਰ ਨੂੰ ਤਾਂ ਫ਼ਰਕ ਪੈਣਾ ਹੀ ਹੈ। ਜੇ ਹਰ ਜਣਾ ਇਹ ਜ਼ਿੰਮੇਵਾਰੀ ਸਮਝ ਲਵੇ ਤਾਂ ਅਸੀਂ ਰਲ਼ ਮਿਲ਼ ਕੇ ਇਹ ਜੰਗ ਜਿੱਤ ਸਕਦੇ ਹਾਂ, ਪਰ ਇਹ ਨਾ ਭੁੱਲਿਓ ਕਿ ਅਸਲ ਮੁਜਰਮ ਕੌਣ ਹੈ ? ਮਦਰਾਸ ਹਾਈ ਕੋਰਟ ਨੇ ਤਾਂ ਇਲੈਕਸ਼ਨ ਕਮਿਸ਼ਨ ਵਾਲਿਆਂ ’ਤੇ 302 ਦਾ ਮੁਕੱਦਮਾ ਦਰਜ ਕਰਨ ਨੂੰ ਕਹਿ ਦਿੱਤਾ ਹੈ। ਕੀ ਹੁਣ ਅਸੀਂ ਸਿਆਸੀ ਚਾਲਾਂ ਨੂੰ ਸਮਝਦੇ ਹੋਏ ਆਪਣੀਆਂ ਵੋਟਾਂ ਦੀ ਯੋਗ ਵਰਤੋਂ ਕਰਨਾ ਸਿੱਖ ਸਕਾਂਗੇ ਜਾਂ ਹਾਲੇ ਵੀ ਮਨੁੱਖਤਾ ਨੂੰ ਮਰਦਿਆਂ ਵੇਖਣਾ ਚਾਹਾਂਗੇ ?