ਨਾਨਕਸ਼ਾਹੀ ਕੈਲੰਡਰ ਦੀ ਲੋੜ ਕਿਉਂ ?
ਕਿਰਪਾਲ ਸਿੰਘ (ਬਠਿੰਡਾ)- 98554-80797
ਗੁਰੂ ਕਾਲ ਦੌਰਾਨ ਪੰਜਾਬ ’ਚ ਕੇਵਲ ਦੋ ਤਰ੍ਹਾਂ ਦੇ ਕੈਲੰਡਰਾਂ ਦੀ ਵਰਤੋਂ ਕੀਤੀ ਜਾਂਦੀ ਸੀ – (ਸੂਰਜੀ ਸਿਧਾਂਤ) ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਅਤੇ ਹਿਜ਼ਰੀ ਕੈਲੰਡਰ। ਜ਼ਿਆਦਾਤਰ ਸਿੱਖ ਇਤਿਹਾਸ ਸੂਰਜੀ ਸਿਧਾਂਤ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ’ਚ ਲਿਖਿਆ ਮਿਲਦਾ ਹੈ, ਜਿਸ ਦੇ ਸੂਰਜੀ ਸਾਲ ਦੀ ਲੰਬਾਈ 365.258756 ਦਿਨ (365 ਦਿਨ 6 ਘੰਟੇ 12 ਮਿੰਟ 36.56 ਸਕਿੰਟ) ਅਤੇ ਚੰਦਰ ਸਾਲ ਦੀ ਲੰਬਾਈ 354.367068 ਦਿਨ (354 ਦਿਨ 8 ਘੰਟੇ 48 ਮਿੰਟ 34.67 ਸਕਿੰਟ) ਹੈ ਜਦੋਂ ਕਿ ਕੁਦਰਤੀ/ਰੁੱਤੀ ਸਾਲ (ਟਰੌਪੀਕਲ ਈਯਰ) ਦੀ ਲੰਬਾਈ 365.24219 ਦਿਨ (365 ਦਿਨ 5 ਘੰਟੇ 48 ਮਿੰਟ 45.2 ਸਕਿੰਟ) ਹੈ। ਇਸ ਤਰ੍ਹਾਂ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦਾ ਸੂਰਜੀ ਸਾਲ; ਰੁੱਤੀ ਸਾਲ ਨਾਲੋਂ ਤਕਰੀਬਨ 24 ਮਿੰਟ ਵੱਡਾ ਹੈ ਤੇ 60 ਸਾਲਾਂ ’ਚ ਰੁੱਤਾਂ ਨਾਲੋਂ 1 ਦਿਨ ਅੱਗੇ ਚਲਾ ਜਾਂਦਾ ਸੀ।
ਯੂਰਪੀਨ ਦੇਸ਼ਾਂ ’ਚ ਜੂਲੀਅਨ (ਈਸਵੀ) ਕੈਲੰਡਰ ਲਾਗੂ ਸੀ। ਇਸ ਦੇ ਸਾਲ ਦੀ ਲੰਬਾਈ 365 ਦਿਨ 6 ਘੰਟੇ (365.25 ਦਿਨ) ਮੰਨੀ ਗਈ ਯਾਨੀ ਰੁੱਤੀ ਸਾਲ ਨਾਲੋਂ ਤਕਰੀਬਨ 11 ਮਿੰਟ ਵੱਧ। ਇਹ ਕੈਲੰਡਰ; 128 ਸਾਲਾਂ ’ਚ ਹੀ ਰੁੱਤੀ ਸਾਲ ਤੋਂ 1 ਦਿਨ ਅੱਗੇ ਚਲਾ ਜਾਂਦਾ ਸੀ। 16ਵੀਂ ਸਦੀ ’ਚ ਈਸਾਈ ਜਗਤ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਈਸਟਰ ਸੰਡੇ ਦਾ ਤਿਉਹਾਰ; ਰੁੱਤਾਂ ਦਾ ਸਾਥ ਛੱਡ ਰਿਹੈ। ਉਸ ਸਮੇਂ ਤੱਕ 10 ਦਿਨਾਂ ਦਾ ਫਰਕ ਪੈ ਚੁੱਕਾ ਸੀ। ਆਪਣੇ ਤਿਉਹਾਰਾਂ ਨੂੰ ਨਿਰਧਾਰਿਤ ਕੀਤੀਆਂ ਗਈਆਂ ਰੁੱਤਾਂ ’ਚ ਰੱਖਣ ਲਈ ਰੋਮ ਚਰਚ ਦੇ ਪੋਪ ਗ੍ਰੈਗਰੀ ਨੇ 4 ਅਕਤੂਬਰ 1582 ਈ: ਨੂੰ ਇਕੱਠੀਆਂ 10 ਤਾਰੀਖ਼ਾਂ ਖਤਮ ਕਰ 4 ਅਕਤੂਬਰ ਦਿਨ ਵੀਰਵਾਰ ਤੋਂ ਅਗਲਾ ਸ਼ੁੱਕਰਵਾਰ ਦਿਨ (5 ਅਕਤੂਬਰ ਦੀ ਥਾਂ) 15 ਅਕਤੂਬਰ ਐਲਾਨ ਦਿੱਤਾ; ਜਿਸ ਨੂੰ ਹੇਠਾਂ ਦਿੱਤੇ 1582 ਈ: ਦੇ ਅਕਤੂਬਰ ਮਹੀਨੇ ਦੇ ਕੈਲੰਡਰ ਤੋਂ ਵੇਖਿਆ ਜਾ ਸਕਦਾ ਹੈ।
ਹੁਣ ਇਸ ਦਾ ਨਾਂ ਗ੍ਰੈਗੋਰੀਅਨ ਕੈਲੰਡਰ ਰੱਖਿਆ ਗਿਆ। ਇਸ ਦੇ ਸਾਲ ਦੀ ਲੰਬਾਈ 365.2425 ਦਿਨ (365 ਦਿਨ 5 ਘੰਟੇ 49 ਮਿੰਟ 12 ਸਕਿੰਟ ਹੈ, ਜੋ ਕਿ ਕੁਦਰਤੀ/ਰੁਤੀ ਸਾਲ ਤੋਂ ਕੇਵਲ 26.8 ਸਕਿੰਟ ਵੱਡਾ ਹੈ ਤੇ 3225/26 ਸਾਲਾਂ ’ਚ ਕੇਵਲ ਇਕ ਦਿਨ ਅੱਗੇ ਜਾਏਗਾ। ਸੋਚਣਾ ਬਣਦਾ ਹੈ ਕਿ ਜਿਨ੍ਹਾਂ ਦਾ ਕੈਲੰਡਰ ਕੇਵਲ 11 ਕੁ ਮਿੰਟ ਵੱਡਾ ਸੀ; ਉਹ 1582 ’ਚ ਹੀ ਇਸ ਵਿੱਚ ਲੋੜੀਂਦੀ ਸੋਧ ਕਰ ਗਏ, ਪਰ ਸਾਡਾ ਕੈਲੰਡਰ, ਜੋ ਰੁੱਤਾਂ ਨਾਲੋਂ ਤਕਰੀਬਨ 24 ਮਿੰਟ ਵੱਡਾ ਹੈ, ਫਿਰ ਭੀ ਇਸ ਵਿੱਚ ਸੋਧ ਕਰਨ ਲਈ ਤਿਆਰ ਨਹੀਂ। ਸ਼ਾਇਦ ਅਸੀਂ ਨਵੇਂ ਯੁੱਗ ਦੇ ਧਰਮ (ਸਿੱਖੀ) ਨੂੰ ਪੁਰਾਤਨਤਾ ਦੇ ਪਰਦੇ ’ਚ ਢੱਕ ਕੇ ਰੱਖਣ ਦੇ ਆਦੀ ਹਾਂ ?
ਇੰਗਲੈਂਡ ਨੇ ਉਸ ਸਮੇਂ ਇਹ ਸੋਧ ਨਾ ਮੰਨੀ। ਬਾਅਦ ’ਚ 170 ਸਾਲਾਂ ਬਾਅਦ ਉਨ੍ਹਾਂ ਨੂੰ ਭੀ 1752 ਈ: ’ਚ ਮੰਨਣੀ ਪਈ। ਤਦ ਤੱਕ 1 ਦਿਨ ਦਾ ਹੋਰ ਫ਼ਰਕ ਪੈ ਚੁੱਕਾ ਸੀ ਤਾਹੀਓਂ ਉਨ੍ਹਾਂ ਨੇ 2 ਸਤੰਬਰ 1752 ਨੂੰ ਆਏ ਬੁੱਧਵਾਰ ਤੋਂ ਅਗਲਾ ਦਿਨ ਵੀਰਵਾਰ; 3 ਸਤੰਬਰ ਦੀ ਥਾਂ ਸਿੱਧਾ 11 ਦਿਨ ਦੀ ਸੋਧ ਲਾ ਕੇ 14 ਸਤੰਬਰ ਕਰਨਾ ਪਿਆ; ਜਿਵੇਂ ਕਿ ਹੇਠਾਂ ਦਿੱਤੇ ਸੰਨ 1752 ਦੇ ਸਤੰਬਰ ਮਹੀਨੇ ਦੇ ਕੈਲੰਡਰ ਤੋਂ ਵੇਖਿਆ ਜਾ ਸਕਦਾ ਹੈ।
ਭਾਰਤ ਇੰਗਲੈਂਡ ਦੇ ਅਧੀਨ ਸੀ, ਇਸ ਕਾਰਨ ਇੱਥੇ ਭੀ 1752 ਤੋਂ ਇਹ ਸੋਧ ਲਾਗੂ ਹੋਈ। ਅੱਜ ਦੁਨੀਆ ਭਰ ’ਚ ਗ੍ਰੈਗੋਰੀਅਨ ਕੈਲੰਡਰ ਚੱਲਦਾ ਹੈ। ਪੰਜਾਬ ’ਤੇ ਕਬਜ਼ਾ ਕਰਨ ਉਪਰੰਤ ਅੰਗਰੇਜ਼ਾਂ ਨੇ ਸੰਨ 1469 ਤੋਂ 2 ਸਤੰਬਰ 1752 ਈ: ਤੱਕ ਦਾ ਸਿੱਖ ਇਤਿਹਾਸ; ਜੂਲੀਅਨ ਕੈਲੰਡਰ ’ਚ ਅਤੇ 14 ਸਤੰਬਰ 1752 ਤੋਂ ਬਾਅਦ ਵਾਲ਼ਾ ਸਾਰਾ ਇਤਿਹਾਸ; ਗ੍ਰੈਗੋਰੀਅਨ ਕੈਲੰਡਰ ’ਚ ਤਬਦੀਲ ਕਰਵਾ ਕੇ ਲਿਖਵਾਇਆ। ਕੈਲੰਡਰਾਂ ਦੇ ਸਾਲਾਂ ਦੀ ਲੰਬਾਈ ’ਚ ਐਸੇ ਫ਼ਰਕ ਕਾਰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਸੰਮਤ ੧੫੨੬ ’ਚ ਵੈਸਾਖੀ (੧ ਵੈਸਾਖ); 27 ਮਾਰਚ 1469 ਈ: ਨੂੰ ਸੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਜਦੋਂ ਸੰਮਤ ੧੭੫੬ ’ਚ ਖੰਡੇ-ਬਾਟੇ ਦੀ ਪਹੁਲ ਛਕਾ ਕੇ ਖ਼ਾਲਸਾ ਸਾਜਿਆ ਗਿਆ ਤਾਂ ਵੈਸਾਖੀ (੧ ਵੈਸਾਖ); 29 ਮਾਰਚ 1699 ਈ: ਨੂੰ ਸੀ ਯਾਨੀ 230 ਸਾਲ ਦੇ ਗੁਰੂ ਕਾਲ ’ਚ ਹੀ ਕੈਲੰਡਰ ’ਚ ਦੋ ਦਿਨਾਂ ਦਾ ਅੰਤਰ ਆ ਗਿਆ। ਇਹ ਅੰਤਰ ਇੱਥੇ ਹੀ ਨਾ ਰੁਕਿਆ ਸਗੋਂ ਲਗਾਤਾਰ ਵਧਦਾ ਰਿਹਾ। ਮਿਸਾਲ ਵਜੋਂ ਇੰਗਲੈਂਡ ਦੁਆਰਾ 1752 ਈ: ’ਚ ਲਾਗੂ ਕੀਤੇ ਗ੍ਰੈਗੋਰੀਅਨ ਕੈਲੰਡਰ ਤੋਂ ਬਾਅਦ 1753 ਦੀ ਵੈਸਾਖੀ; 9 ਅਪ੍ਰੈਲ ਸੀ, ਸੰਨ 1801 ’ਚ ਲਾਹੌਰ ਦੇ ਕਿਲੇ ’ਤੇ ਜਿੱਤ ਪ੍ਰਾਪਤ ਕਰਨ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਹੋਈ ਤਾਜ਼ਪੋਸ਼ੀ ਦੌਰਾਨ ਵੈਸਾਖੀ; 11 ਅਪ੍ਰੈਲ ਨੂੰ ਸੀ ਤੇ ਹੁਣ 13/14 ਅਪ੍ਰੈਲ ਨੂੰ ਆ ਰਹੀ ਹੈ। ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ 1000 ਸਾਲ ਬਾਅਦ ਵੈਸਾਖੀ; 27/28 ਅਪ੍ਰੈਲ ਨੂੰ ਹੋਏਗੀ ਯਾਨੀ ਇਨ੍ਹਾਂ 1500 ਸਾਲਾਂ (1469-2969) ’ਚ ਹੀ ਇੱਕ ਮਹੀਨੇ ਦਾ ਫ਼ਰਕ ਪੈ ਜਾਏਗਾ।
ਨਵੰਬਰ 1964 ਈ: ’ਚ ਉੱਤਰੀ ਭਾਰਤ ਦੇ ਹਿੰਦੂ ਪੰਚਾਂਗਕਾਰਾਂ ਦੀ ਅੰਮ੍ਰਿਤਸਰ ਵਿਖੇ ਮੀਟਿੰਗ ਹੋਈ। ਉਨ੍ਹਾਂ ਨੇ ਸੂਰਜੀ ਸਿਧਾਂਤ ਨੂੰ ਨੁਕਸਦਾਰ ਸਮਝ ਕੇ ਅਗਾਂਹ ਦ੍ਰਿਕ ਗਣਿਤ ਸਿਧਾਂਤ ਲਾਗੂ ਕਰਨ ਦਾ ਫ਼ੈਸਲਾ ਲਿਆ, ਜਿਸ ਦੇ ਸਾਲ ਦੀ ਲੰਬਾਈ 365.256362 ਦਿਨ (365 ਦਿਨ 6 ਘੰਟੇ 9 ਮਿੰਟ 9.7 ਸੈਕਿੰਡ) ਹੈ ਭਾਵ ਸਾਲ ਦੀ ਲੰਬਾਈ ਸੂਰਜੀ ਸਿਧਾਂਤ ਤੋਂ ਸਾਢੇ ਕੁ 3 ਮਿੰਟ ਘਟਾਈ ਗਈ। ਰੁੱਤੀ ਸਾਲ ਨਾਲੋਂ ਹਾਲੀ ਵੀ ਇਹ ਸਾਢੇ ਕੁ 20 ਮਿੰਟ ਅਤੇ ਗ੍ਰੈਗੋਰੀਅਨ ਕੈਲੰਡਰ ਤੋਂ 20 ਮਿੰਟ ਵੱਧ ਹੈ। ਇਨ੍ਹਾਂ 3.5 ਕੁ ਮਿੰਟਾਂ ਦੀ ਸੋਧ ਨਾਲ ਸਾਲ ਦੀਆਂ 3 ਤੋਂ 5 ਸੰਗਰਾਂਦਾਂ ’ਚ 1 ਦਿਨ ਦਾ ਫ਼ਰਕ ਪੈਂਦਾ ਹੈ। ਸੰਨ 1964 ਤੋਂ ਬਾਅਦ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭੀ ਹਿੰਦੂ ਪੰਚਾਂਗਕਾਰਾਂ ਦੁਆਰਾ ਬਿਕ੍ਰਮੀ ਦ੍ਰਿਕ ਗਣਿਤ ਆਧਾਰਿਤ ਛਪ ਰਹੀਆਂ ਜੰਤਰੀਆਂ ਮੁਤਾਬਕ ਕੈਲੰਡਰ ਛਾਪਦੀ ਹੈ, ਜੋ ਰੁੱਤਾਂ ਨਾਲੋਂ 70-71 ਸਾਲਾਂ ’ਚ ਇੱਕ ਦਿਨ ਅੱਗੇ, 13000 ਸਾਲ ’ਚ ਲਗਭਗ 6 ਮਹੀਨੇ ਅੱਗੇ ਅਤੇ 26000 ਸਾਲਾਂ ’ਚ ਤਕਰੀਬਨ ਇੱਕ ਸਾਲ ਅੱਗੇ ਨਿਕਲ ਜਾਵੇਗਾ। ਰੁੱਤਾਂ ਦਾ ਇਹ ਅੰਤਰ ਗੁਰਪੁਰਬਾਂ ਨੂੰ ਹੀ ਕੁਝ ਦਿਨ ਅੱਗੇ ਪਿੱਛੇ ਨਹੀਂ ਕਰਦਾ ਬਲਕਿ ਪੁਰਾਤਨ ਇਤਿਹਾਸ ਸੁਣਾਉਣ ਅਤੇ ਗੁਰਬਾਣੀ ਦੇ ਅਰਥ ਕਰਦੇ ਸਮੇਂ ਭੀ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਮਿਸਾਲ ਵਜੋਂ ਗੁਰੂ ਅਰਜਨ ਸਾਹਿਬ ਜੀ ਨੂੰ ੨ ਹਾੜ ਨੂੰ ਸ਼ਹੀਦ ਕੀਤਾ ਸੀ; ਜਿਸ ਵੇਲੇ ਗਰਮੀ ਦਾ ਸਿਖਰ ਹੁੰਦਾ ਹੈ। ਇਤਿਹਾਸ ’ਚ ਲਿਖਿਆ ਹੀ ਪ੍ਰਚਾਰਕ ਅਕਸਰ ਸੁਣਾਉਂਦੇ ਹਨ ਕਿ ਅਤਿ ਦੀ ਗਰਮੀ ’ਚ ਜਹਾਂਗੀਰ ਨੇ ਗੁਰੂ ਸਾਹਿਬ ਜੀ ਨੂੰ ਵਧੇਰੇ ਤਸੀਹੇ ਦੇਣ ਲਈ ਤੱਤੀ ਤਵੀ ’ਤੇ ਬਿਠਾਉਣ, ਕੜਛਿਆਂ ਨਾਲ ਸਿਰ ’ਚ ਗਰਮ ਰੇਤ ਪਾਉਣ ਅਤੇ ਪਾਣੀ ਦੀ ਦੇਗ ’ਚ ਬਿਠਾ ਕੇ ਉਬਾਲਣ ਦਾ ਹੁਕਮ ਦਿੱਤਾ ਸੀ, ਪਰ 13000 ਸਾਲ ਬਾਅਦ ਜਦ ਹਾੜ ’ਚ ਮੌਜੂਦਾ ਪੋਹ ਦੇ ਮਹੀਨੇ ਵਰਗੀ ਠੰਡ ਹੋਵੇਗੀ ਤਾਂ ਇਸ ਬ੍ਰਿਤਾਂਤ ਨੂੰ ਕਿਸ ਢੰਗ ਨਾਲ ਬਿਆਨ ਕੀਤਾ ਜਾ ਸਕਦਾ ਹੈ ? ਐਸੇ ਹੀ ਛੋਟੇ ਸਾਹਿਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਨੂੰ ੧੩ ਪੋਹ ਨੂੰ ਸ਼ਹੀਦ ਕੀਤਾ ਸੀ। ਇਸ ਸਾਕੇ ਬਾਰੇ ਪ੍ਰਚਾਰਕ ਅਕਸਰ ਕਹਿੰਦੇ ਹਨ ਕਿ ਪੋਹ ਦੇ ਮਹੀਨੇ ਦੀ ਅਤਿ ਦੀ ਠੰਡ ’ਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਬਿਨਾਂ ਗਰਮ ਕੱਪੜਿਆਂ ਦੇ ਠੰਡੇ ਬੁਰਜ ’ਚ ਰੱਖ ਕੇ ਤਸੀਹੇ ਦਿੱਤੇ ਗਏ, ਪਰ 13000 ਸਾਲ ਬਾਅਦ ਜਦ ਪੋਹ; ਅਜੋਕੇ ਹਾੜ ਮਹੀਨੇ ਵਰਗੀ ਗਰਮੀ ’ਚ ਆਏਗਾ ਤਾਂ ਇਸ ਸਾਕੇ ਦਾ ਕਿਵੇਂ ਵਰਣਨ ਹੋਇਆ ਕਰੇਗਾ ?
ਗੁਰੂ ਗ੍ਰੰਥ ਸਾਹਿਬ ਜੀ ਅੰਦਰ ਭੀ ਰਾਮਕਲੀ ਰੁਤੀ ਬਾਣੀ ’ਚ 2-2 ਮਹੀਨਿਆਂ ਵਾਲ਼ੀਆਂ 6 ਰੁੱਤਾਂ ਦਾ ਵਰਨਣ ਹੈ। ਬਾਰਹਮਾਹਾ ਸਮੇਤ ਕਈ ਹੋਰ ਸ਼ਬਦਾਂ ’ਚ ਭੀ ਰੁੱਤਾਂ ਅਨੁਸਾਰ ਹੁੰਦੀ ਕੁਦਰਤੀ ਤਬਦੀਲੀ ਅਤੇ ਪੰਛੀਆਂ ਦੇ ਸੁਭਾਅ ਦਾ ਮਿਸਾਲ ਵਜੋਂ ਵਰਣਨ ਹੈ।
ਗੁਰਬਾਣੀ ’ਚੋਂ ਉਦਾਹਰਣਾਂ ਦੇਣ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਰੁੱਤਾਂ ਬਦਲਣ ਦਾ ਕੀ ਕਾਰਨ ਹੈ ? ਇਨ੍ਹਾਂ ਦੇ ਬਦਲਣਾ ਦਾ ਮੁੱਖ ਕਾਰਨ ਹੈ, ‘ਧਰਤੀ ਦੇ ਧੁਰੇ ਦਾ ਤਕਰੀਬਨ 23.5° ’ਤੇ ਝੁਕੇ ਹੋਣਾ’। ਇਸ ਝੁਕਾਅ ਕਾਰਨ ਸੂਰਜ ਦੁਆਲੇ ਘੁੰਮਦੀ ਹੋਈ ਧਰਤੀ; ਸਾਲ ’ਚ ਦੋ ਵਾਰ (ਇਕ ਵਾਰ 20-21 ਮਾਰਚ ਨੂੰ ਅਤੇ ਦੂਜੀ ਵਾਰ 22-23 ਸਤੰਬਰ ਨੂੰ) ਇਸ ਸਥਿਤੀ ’ਚ ਆਉਂਦੀ ਹੈ ਕਿ ਸੋਲਰ ਦੁਪਹਿਰ ਦੇ ਸਮੇਂ ਸੂਰਜ ਦੀਆਂ ਕਿਰਨਾਂ ਭੂ-ਮੱਧ ਰੇਖਾ ਉੱਤੇ ਬਿਲਕੁਲ ਸਿੱਧੀਆਂ ਪੈਂਦੀਆਂ ਹਨ ਭਾਵ ਭੂ-ਮੱਧ ਰੇਖਾ ਨਾਲ 90° ਦਾ ਕੋਣ ਬਣਾਉਂਦੀਆਂ। ਇਸ ਸਮੇਂ ਧਰਤੀ ਦੇ ਸਾਰੇ ਭਾਗਾਂ ’ਚ ਦਿਨ ਤੇ ਰਾਤ ਬਰਾਬਰ ਹੋ ਜਾਂਦੇ ਹਨ। ਇਸ ਸਮੇਂ ਸੂਰਜ; ਧੁਰ ਪੂਰਬ ’ਚੋਂ ਉਦੈ ਹੋ ਕੇ ਧੁਰ ਪੱਛਮ ’ਚ ਛਿਪਦਾ ਹੈ। ਇਸ ਸਮੇਂ ਤੋਂ ਬਾਅਦ ਧਰਤੀ ਦੇ ਉੱਤਰੀ ਅਰਧ ਗੋਲ਼ੇ (ਜਿਸ ’ਚ ਭਾਰਤ, ਯੂਰਪ, ਅਮਰੀਕਾ ਕਨੇਡਾ ਆਦਿ ਦੇਸ਼ ਆਉਂਦੇ ਹਨ) ’ਚ ਬਸੰਤ ਰੁੱਤ ਸ਼ੁਰੂ ਹੋ ਜਾਂਦੀ ਹੈ। ਇਸ ਸਮੇਂ ਨੂੰ ਬਸੰਤੀ ਸਮਰਾਤ (Spring Equinox) ਅਤੇ ਦੱਖਣੀ ਅਰਧ ਗੋਲ਼ੇ (ਜਿਸ ’ਚ ਅਸਟ੍ਰੇਲੀਆ, ਨਿਊਜ਼ੀਲੈਂਡ ਆਦਿ ਦੇਸ਼ ਆਉਂਦੇ ਹਨ) ’ਚ ਪਤਝੜ ਦੀ ਰੁੱਤ ਹੁੰਦੀ ਹੈ। ਖਗੋਲ ਭਾਸ਼ਾ ’ਚ ਮਾਰਚ ਅਤੇ ਸਤੰਬਰ ਦੇ ਇਨ੍ਹਾਂ ਦਿਨਾਂ ਨੂੰ ਸਮਰਾਤਾਂ (Equinoxes) ਕਹਿੰਦੇ ਹਨ।
ਹੁਣ ਕੇਵਲ ਉੱਤਰੀ ਅਰਧ ਗੋਲ਼ੇ ਦੀ ਮਿਸਾਲ ਦਿੱਤੀ ਜਾਵੇਗੀ। ਦੱਖਣੀ ਅਰਧ ਗੋਲ਼ੇ ’ਚ ਰੁੱਤਾਂ ਉੱਤਰੀ ਅਰਧ ਗੋਲ਼ੇ ਨਾਲੋਂ ਬਿਲਕੁਲ ਉਲ਼ਟ ਹੁੰਦੀਆਂ ਹਨ। ਬਸੰਤੀ ਸਮਰਾਤ ਤੋਂ ਬਾਅਦ ਧਰਤੀ ਦੀ ਧੁਰੀ ਦਾ ਝੁਕਾਅ ਥੋੜ੍ਹਾ-ਥੋੜ੍ਹਾ ਕਰਕੇ ਉੱਤਰ ਵੱਲ ਵਧਦਾ ਜਾਵੇਗਾ, ਜਿਸ ਨਾਲ ਉੱਤਰੀ ਅਰਧ ਗੋਲ਼ੇ ’ਚ ਦਿਨ ਭੀ ਥੋੜ੍ਹੇ-ਥੋੜ੍ਹੇ ਕਰਕੇ ਵੱਡੇ ਹੋਣੇ ਤੇ ਗਰਮੀ ਭੀ ਥੋੜ੍ਹੀ-ਥੋੜ੍ਹੀ ਵਧਣੀ ਸ਼ੁਰੂ ਹੋ ਜਾਂਦੀ ਹੈ। ਸੂਰਜ; ਸਵੇਰ ਨੂੰ ਚੜ੍ਹਦੇ ਸਮੇਂ ਪੂਰਬ ਤੋਂ ਹਰ ਰੋਜ਼ ਥੋੜ੍ਹਾ-ਥੋੜ੍ਹਾ ਕਰਕੇ ਉੱਤਰ ਵੱਲ ਖਿਸਕਦਾ ਵਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ। ਅਖੀਰ 20-21 ਜੂਨ ਨੂੰ ਕਰਕ ਰੇਖਾ (ਜੋ ਕਿ ਭੂ-ਮੱਧ ਰੇਖਾ ਤੋਂ 23.5° ਦੀ ਦੂਰੀ ’ਤੇ ਭੂ-ਮਧ ਰੇਖਾ ਤੋਂ ਉੱਤਰ ਵੱਲ 16 ਦੇਸ਼ਾਂ ਸਣੇ ਭਾਰਤ ਦੇ ਅੱਠ ਰਾਜਾਂ (ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਪੱਛਮੀ ਬੰਗਾਲ, ਤ੍ਰਿਪੁਰਾ ਤੇ ਮਿਜ਼ੋਰਮ) ’ਚੋਂ ਲੰਘਦੀ ਹੈ ਤੇ ਸੋਲਰ ਦੁਪਹਿਰ ਦੇ ਸਮੇਂ ਸੂਰਜ ਦੀਆਂ ਕਿਰਨਾਂ ਕਰਕ ਰੇਖਾ ਨਾਲ ਲੰਬ ਕੋਣ ਬਣਾਉਂਦੀਆਂ ਹਨ। ਇਸ ਸਮੇਂ ਸੂਰਜ ਵੱਧ ਤੋਂ ਵੱਧ ਉੱਤਰ ਵੱਲ ਜਾ ਚੁੱਕਾ ਹੁੰਦਾ ਹੈ। ਇਸ ਨੂੰ ਖਗੋਲੀ ਭਾਸ਼ਾ ’ਚ ਉੱਤਰਾਇਣੰਤ (Summer Solstice) ਕਿਹਾ ਜਾਂਦਾ ਹੈ। ਤੁਖਾਰੀ ਰਾਗ ’ਚ ਦਰਜ ਗੁਰੂ ਨਾਨਕ ਸਾਹਿਬ ਜੀ ਦੇ ਬਾਰਹਮਾਹਾ ਦੇ ੮ਵੇਂ ਛੰਤ ’ਚ ਇਸ ਨੂੰ ਸੂਰਜ ਦਾ ‘ਰਥ ਫਿਰਨਾ’ ਕਿਹਾ ਹੈ। ਇਸ ਦਾ ਥੋੜ੍ਹਾ ਵਰਣਨ ਅਗਾਂਹ ਕੀਤਾ ਜਾਏਗਾ। ਇਹ ਦਿਨ; ਉੱਤਰੀ ਅਰਧ ਗੋਲ਼ੇ ’ਚ ਵੱਡੇ ਤੋਂ ਵੱਡਾ ਅਤੇ ਰਾਤ; ਛੋਟੀ ਤੋਂ ਛੋਟੀ ਹੁੰਦੀ ਹੈ। ਇਸ ਤੋਂ ਬਾਅਦ ਸੂਰਜ ਦੁਆਲੇ ਚੱਕਰ ਲਾ ਰਹੀ ਧਰਤੀ ਦੇ ਧੁਰੇ ਦਾ ਝੁਕਾਅ ਦੱਖਣ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ। ਜਿਸ ਕਾਰਨ ਸੂਰਜ ਵਾਪਸ ਦੱਖਣ ਵੱਲ ਆਪਣੀ ਯਾਤਰਾ ਕਰਦਾ ਵਿਖਾਈ ਦਿੰਦਾ ਹੈ ਅਤੇ ਹੋਲ਼ੀ ਹੋਲ਼ੀ ਕਰਕੇ ਦਿਨ ਛੋਟੇ ਅਤੇ ਰਾਤਾਂ ਵੱਡੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਸਮੇਂ ਉੱਤਰੀ ਅਰਧ ਗੋਲ਼ੇ ’ਚ ਅਤਿ ਦੀ ਗਰਮੀ ਪੈਂਦੀ ਹੈ। ਜਦ ਸੂਰਜ ਉੱਤਰ ਵੱਲ ਜਾਂਦਾ ਹੈ, ਉਸ ਨੂੰ ਉੱਤਰਾਇਣ ਅਤੇ ਜਦ ਦੱਖਣ ਵੱਲ ਜਾਂਦਾ ਹੈ, ਉਸ ਨੂੰ ਦੱਖਨਾਇਣ ਕਹਿੰਦੇ ਹਨ।
22-23 ਸਤੰਬਰ ਨੂੰ ਫਿਰ ਦਿਨ ਤੇ ਰਾਤ ਬਰਾਬਰ ਹੋ ਜਾਂਦੇ ਹਨ। ਇਸ ਸਮੇਂ ਸੂਰਜ; ਫਿਰ ਧੁਰ ਪੁਰਬ ’ਚੋਂ ਚੜ੍ਹਦਾ ਵਿਖਾਈ ਦਿੰਦਾ ਹੈ। ਉੱਤਰੀ ਅਰਧ ਗੋਲ਼ੇ ’ਚ ਇਹ ਪਤਝੜ ਦੀ ਰੁੱਤ ਹੁੰਦੀ ਹੈ। ਇਸ ਸਮੇਂ ਨੂੰ ਪਤਝੜੀ ਸਮਰਾਤ (Atumnal Equinox) ਕਿਹਾ ਜਾਂਦਾ ਹੈ ਕਿਉਂਕਿ 23.5° ’ਤੇ ਝੁਕੀ ਹੋਈ ਧਰਤੀ; ਲਗਾਤਾਰ ਸੂਰਜ ਦੁਆਲੇ ਚੱਕਰ ਲਗਾਉਂਦੀ ਰਹਿੰਦੀ ਹੈ, ਇਸ ਲਈ ਰਾਤਾਂ ਵੱਡੀਆਂ ਤੇ ਦਿਨ ਛੋਟੇ ਹੋਣ ਦੇ ਨਾਲ-ਨਾਲ ਮੌਸਮ; ਸਰਦ ਰੁੱਤ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ। ਆਖਰ 21-22 ਦਸੰਬਰ ਦੇ ਆਸ-ਪਾਸ ਮਕਰ ਰੇਖਾ; ਜੋ ਕਿ ਭੂ-ਮੱਧ ਰੇਖਾ ਤੋਂ 23.5° ਦੀ ਦੂਰੀ ’ਤੇ ਦੱਖਣ ਵੱਲ ਹੈ, ਉਸ ਉੱਤੇ ਸੂਰਜ ਦੀਆਂ ਕਿਰਨਾਂ ਸਿੱਧੀਆ ਪੈਂਦੀਆਂ ਹਨ ਯਾਨੀ ਸੋਲਰ ਦੁਪਹਿਰ ਦੇ ਸਮੇਂ ਮਕਰ ਰੇਖਾ ਨਾਲ ਲੰਬ ਕੋਣ ਬਣਾਉਂਦੀਆਂ ਹਨ। ਮਕਰ ਰੇਖਾ ਤਿੰਨ ਮਹਾਂਦੀਪਾਂ ਦੇ 10 ਦੇਸ਼ਾਂ (ਦੱਖਣੀ ਅਮਰੀਕਾ ’ਚ ਅਰਜਨਟੀਨਾ, ਬ੍ਰਾਜ਼ੀਲ, ਚਿਲੀ ਤੇ ਪੈਰਾਗੁਏ; ਅਫਰੀਕਾ ’ਚ ਨਾਮੀਬੀਆ, ਬੋਤਸਵਾਨਾ, ਦੱਖਣੀ ਅਫਰੀਕਾ, ਮੋਜ਼ਾਮਬੀਕ ਤੇ ਮੈਡਾਗਾਸਕਰ ਅਤੇ ਆਸਟ੍ਰੇਲੀਆ ’ਚੋਂ ਦੀ ਲੰਘਦੀ ਹੈ। ਸੂਰਜ ਵੱਧ ਤੋਂ ਵੱਧ ਦੱਖਣ ਵੱਲ ਜਾ ਚੁੱਕਾ ਹੁੰਦਾ ਹੈ, ਜਿਸ ਨੂੰ ਖਗੋਲ ਭਾਸ਼ਾ ’ਚ ਦੱਖਨਾਇਣੰਤ (Winter Solstice) ਆਖਦੇ ਹਨ। ਇਹ ਦਿਨ; ਦੱਖਣੀ ਅਰਧ ਗੋਲ਼ੇ ’ਚ ਵੱਡੇ ਤੋਂ ਵੱਡਾ ਅਤੇ ਉੱਤਰੀ ਅਰਧ ਗੋਲ਼ੇ ’ਚ ਛੋਟੇ ਤੋਂ ਛੋਟਾ ਹੁੰਦਾ ਹੈ ਤੇ ਰਾਤ; ਵੱਡੀ ਤੋਂ ਵੱਡੀ ਹੋ ਜਾਂਦੀ ਹੈ। ਇਹੀ ਸਰਦ ਰੁੱਤ ਦਾ ਸਿਖਰ ਹੈ। ਇਸ ਸਮੇਂ ਦੂਜੀ ਵਾਰ ਸੂਰਜ ਦਾ ‘ਰਥ ਫਿਰਦਾ’ ਹੈ, ਜਿਸ ਨਾਲ ਦਿਨ ਥੋੜ੍ਹੇ-ਥੋੜ੍ਹੇ ਵੱਡੇ ਅਤੇ ਰਾਤਾਂ ਛੋਟੀਆਂ ਹੋਣ ਲੱਗਦੀਆਂ ਹਨ, ਜਿਸ ਨਾਲ਼ ਠੰਡ ਦਾ ਜ਼ੋਰ ਘਟਨਾ ਸ਼ੁਰੂ ਹੋ ਜਾਂਦਾ ਹੈ। ਇੱਦਾਂ ਇੱਕ ਸਾਲ ਦਾ ਚੱਕਰ ਪੂਰਾ ਹੁੰਦਾ ਹੋਇਆ ਅਗਲੇ ਸਾਲ ਦੀ 20-21 ਮਾਰਚ ਨੂੰ ਫਿਰ ਦਿਨ ਤੇ ਰਾਤ ਬਰਾਬਰ ਹੋ ਜਾਂਦੇ ਹਨ। ਇਸ ਤਰ੍ਹਾਂ ਰੁੱਤਾਂ ਦਾ ਚੱਕਰ ਨਿਰੰਤਰ ਜਾਰੀ ਰਹਿੰਦਾ ਹੈ।
ਖਗੋਲ ਵਿਗਿਆਨ ਦੇ ਇਹ ਨਿਯਮ ਕਿ Equinoxes ਅਤੇ Solstices ਬਿੰਦੂਆਂ ’ਤੇ ਰੁੱਤਾਂ ਦੀ ਤਬਦੀਲੀ ਹੁੰਦੀ ਹੈ, ਨੂੰ ਹਿੰਦੂ ਪੰਚਾਂਗਕਾਰ ਵੀ ਮੰਨਦੇ ਹੋਏ ਆਪਣੀਆਂ ਪੰਚਾਂਗਾਂ ’ਚ ਇਨ੍ਹਾਂ ਤਾਰੀਖ਼ਾਂ ਦੇ ਸਾਮ੍ਹਣੇ ਸਬੰਧਿਤ ਰੁੱਤਾਂ ਦੀ ਤਬਦੀਲੀ ਦਾ ਇੰਦਰਾਜ਼ ਕਰਕੇ ਖਗੋਲ ਵਿਗਿਆਨ ਦੇ ਨਿਯਮਾ ਦੀ ਪੁਸ਼ਟੀ ਕਰਦੇ ਹਨ।
ਹਾੜ ਮਹੀਨੇ ਦੀ ਗੁਰਬਾਣੀ ਮੁਤਾਬਕ ਵਿਆਖਿਆ : (ਜਦੋਂ) ਹਾੜ ਮਹੀਨਾ ਆਪਣੇ ਜੋਬਨ ’ਤੇ ਹੁੰਦਾ ਹੈ। ਸੂਰਜ ਤਪਦਾ ਹੈ, ਜੋ ਅੱਗ (ਦੇ ਸੇਕ ਵਾਂਗ) ਪਾਣੀ ਸੁਕਾਉਂਦਾ ਹੈ। ਜੈਸੇ ਜੈਸੇ ਧਰਤੀ ਦੀ ਨਮੀ) ਸੁਕਦੀ ਹੈ; ਵੈਸੇ ਵੈਸੇ ਧਰਤੀ ਤਪਦੀ ਹੈ, ਦੁੱਖ ਸਹਾਰਦੀ ਹੈ ਯਾਨੀ ਜੀਅ-ਜੰਤ ਪੀੜਾ ’ਚ ਹੁੰਦੇ ਹਨ। (ਹਰ ਜਿੰਦ) ਕ੍ਰਾਹ ਕ੍ਰਾਹ ਕਰਦੀ ਹੈ ਕਿਉਂਕਿ ਸੂਰਜ ਦੀ ਤਪਸ; ਆਪਣਾ ਪ੍ਰਭਾਵ ਪਾਉਣਾ ਨਹੀਂ ਛੱਡਦੀ। ਸੂਰਜ ਦਾ ਰਥ ਫਿਰਦਾ ਹੈ ਯਾਨੀ ਉੱਤਰਾਇਣ ਤੋਂ ਦੱਖਨਾਇਣ ਨੂੰ ਮੁੜਦਾ ਹੈ। ਇਸਤਰੀ ਰੂਪ ਜਿੰਦ-ਜਾਨ ਭਾਵ ਬੁਧੀਜੀਵੀ (ਜਿਵੇਂ ਕਿ ਤਾਰਾ ਵਿਗਿਆਨੀ, ਜੋਤਸ਼ੀ ਆਦਿ); ਛਾਂ ਨੂੰ ਵੇਖ ਅੰਦਾਜ਼ਾ ਲਾਉਂਦੇ ਹਨ ਕਿ ਰੁੱਤ ਬਦਲ ਰਹੀ ਹੈ ਯਾਨੀ ਵਰਖਾ ਰੁੱਤ ਆ ਗਈ। (ਐਸੇ ਸਮੇਂ ਖੁਸ਼ੀ ’ਚ ਬੀਂਡਾ ਟੀਂ ਟੀਂ ਕਰਦਾ ਹੈ (ਆਮ ਤੌਰ ’ਤੇ ਮੀਂਹ ਪੈਣ ਪਿਛੋਂ ਬਿੰਡੇ ਬੋਲਦੇ ਹਨ) : ‘‘ਆਸਾੜੁ ਭਲਾ; ਸੂਰਜੁ ਗਗਨਿ ਤਪੈ ॥ ਧਰਤੀ ਦੂਖ ਸਹੈ; ਸੋਖੈ ਅਗਨਿ ਭਖੈ ॥ ਅਗਨਿ ਰਸੁ ਸੋਖੈ, ਮਰੀਐ ਧੋਖੈ; ਭੀ ਸੋ ਕਿਰਤੁ ਨ ਹਾਰੇ ॥ ਰਥੁ ਫਿਰੈ, ਛਾਇਆ ਧਨ ਤਾਕੈ; ਟੀਡੁ ਲਵੈ ਮੰਝਿ ਬਾਰੇ ॥’’ (ਤੁਖਾਰੀ ਬਾਰਹਮਾਹਾ ਮਹਲਾ ੧/੧੧੦੮)
ਰੁੱਤ ਦੀ ਤਬਦੀਲੀ ਵਜੋਂ ਕੁੱਝ ਮਿਸਾਲਾਂ ਹਨ ਕਿ ਕੱਤਕ ਦੇ ਮਹੀਨੇ ’ਚ ਕੂੰਜਾਂ (ਆਉਂਦੀਆਂ ਹਨ), ਚੇਤ ’ਚ ਜੰਗਲ਼ਾਂ ਨੂੰ ਅੱਗ (ਲੱਗ ਪੈਂਦੀ ਹੈ), ਸੌਣ ’ਚ ਬਿਜਲੀਆਂ (ਚਮਕਦੀਆਂ ਹਨ), ਸਿਆਲ ’ਚ (ਇਸਤ੍ਰੀਆਂ ਦੀਆਂ) ਸੁੰਦਰ ਬਾਹਾਂ; ਪਤੀਆਂ ਦੇ ਗਲ ਨੂੰ ਲੱਗਣ ਲਈ ਤਾਂਘ ’ਚ ਹਨ : ‘‘ਕਤਿਕ ਕੂੰਜਾਂ, ਚੇਤਿ ਡਉ; ਸਾਵਣਿ ਬਿਜੁਲੀਆਂ ॥ ਸੀਆਲੇ ਸੋਹੰਦੀਆਂ; ਪਿਰ ਗਲਿ ਬਾਹੜੀਆਂ ॥’’ (ਬਾਬਾ ਫਰੀਦ ਜੀ/੪੮੮)
ਗੁਰਬਾਣੀ ਦੇ ਉਕਤ ਵਾਕਾਂ ਅਤੇ ਮੌਸਮੀ ਰੁੱਤਾਂ ਦਾ ਪਰਸਪਰ ਸਬੰਧ ਤਾਂ ਅਗਲੇ 2 ਕੁ ਹਜ਼ਾਰ ਸਾਲ ’ਚ ਹੀ ਖ਼ਤਮ ਹੋ ਜਾਣਾ ਹੈ, ਜਦ ਇੱਕ ਮਹੀਨੇ ਤੋਂ ਵੱਧ ਦਾ ਅੰਤਰ ਪੈ ਜਾਵੇਗਾ, ਇਸ ਲਈ ਗੁਰਬਾਣੀ ਅਤੇ ਆਪਣੇ ਇਤਿਹਾਸ ਦੇ ਨੇੜੇ ਰਹਿਣ ਲਈ ਦੇਰ ਸਵੇਰ ਸਾਨੂੰ ਆਪਣੇ ਕੈਲੰਡਰ ’ਚ ਸੋਧ ਕਰਨੀ ਹੀ ਪੈਣੀ ਹੈ ਤਾਂ ਫਿਰ ਦੇਰੀ ਕਿਉਂ ?
ਸੰਨ 1964 ’ਚ ਸੋਧ ਕੀਤੇ ਬਿਕ੍ਰਮੀ ਕੈਲੰਡਰ ਅਨੁਸਾਰ ਛਪਦੇ ਸ੍ਰੋਮਣੀ ਕਮੇਟੀ ਦੇ ਕੈਲੰਡਰ ’ਚ ਇੱਕ ਹੋਰ ਵੱਡਾ ਨੁਕਸ ਹੈ ਕਿ ਸਿੱਖਾਂ ਦੀਆਂ ਇਤਿਹਾਸਕ ਤਾਰੀਖ਼ਾਂ ਇੱਕ ਨਹੀਂ ਬਲਕਿ ਵੱਖ ਵੱਖ ਲੰਬਾਈ ਵਾਲੇ ਤਿੰਨ ਕੈਲੰਡਰਾਂ ਅਨੁਸਾਰ ਨਿਸ਼ਚਿਤ ਕੀਤੀਆਂ ਗਈਆਂ ਹਨ। ਗੁਰਪੁਰਬ ਸਮੇਤ ਕੁਝ ਦਿਹਾੜੇ ਚੰਦਰ ਸਾਲ ਦੀਆਂ ਤਿੱਥਾਂ ਮੁਤਾਬਕ ਹਨ, ਜਿਸ ਦੇ ਸਾਲ ਦੀ ਲੰਬਾਈ 354.367066 ਦਿਨ (354 ਦਿਨ 8 ਘੰਟੇ 48 ਮਿੰਟ 34.67 ਸਕਿੰਟ) ਹੈ। ਵੈਸਾਖੀ ਸਮੇਤ ਕੁੱਝ ਪੁਰਾਤਨ ਇਤਿਹਾਸਕ ਦਿਹਾੜੇ; ਸੂਰਜ ਆਧਾਰਿਤ ਬਿਕ੍ਰਮੀ ਕੈਲੰਡਰ ਦੀਆਂ ਸੰਗਰਾਂਦਾਂ ਮੁਤਾਬਕ ਹਨ, ਜਿਸ ਦੇ ਸਾਲ ਦੀ ਲੰਬਾਈ 365.256362 ਦਿਨ ਹੈ। ਕੁਝ ਦਿਹਾੜੇ ਈਸਵੀ ਕੈਲੰਡਰ ਦੀਆਂ ਤਾਰੀਖ਼ਾਂ ਮੁਤਾਬਕ ਭੀ ਹਨ, ਜਿਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ।
ਚੰਦਰ ਸਾਲ; ਸੂਰਜੀ ਸਾਲ ਨਾਲੋਂ 10-11 ਦਿਨ ਛੋਟਾ ਹੈ। ਇਸ ਅਨੁਸਾਰ ਮਨਾਏ ਜਾਣ ਵਾਲੇ ਦਿਹਾੜੇ; ਪਿਛਲੇ ਸਾਲ ਨਾਲੋਂ 10-11 ਦਿਨ ਪਹਿਲਾਂ ਆ ਜਾਂਦੇ ਹਨ, ਅਗਲੇ ਸਾਲ 21-22 ਦਿਨ ਪਹਿਲਾਂ ਅਤੇ ਅਗਾਂਹ ਤੀਜੇ ਸਾਲ ਵਿਚਕਾਰ ਮਲਮਾਸ ਆ ਜਾਣ ਕਾਰਨ 18-19 ਦਿਨ ਪਿੱਛੋਂ ਆਉਂਦੇ ਹਨ। ਇਸ ਕਾਰਨ ਗੁਰਪੁਰਬ ਅੱਗੜ ਪਿੱਛੜ ਹੋ ਜਾਂਦੇ ਹਨ, ਜੋ ਅਕਸਰ ਯਾਦ ਨਹੀਂ ਰਹਿੰਦੇ। ਜਿਹੜੇ ਇਤਿਹਾਸਕ ਦਿਹਾੜੇ ਸੰਗਰਾਂਦ ਆਧਾਰਿਤ ਤਾਰੀਖ਼ਾਂ ਮੁਤਾਬਕ ਮਨਾਏ ਜਾਂਦੇ ਹਨ, ਉਨ੍ਹਾਂ ਦੀ ਈਸਵੀ ਕੈਲੰਡਰ ਵਾਲ਼ੀ ਤਾਰੀਖ਼ ਹਰ ਸਾਲ ਬਦਲ ਜਾਂਦੀ ਹੈ; ਜਿਵੇਂ ਕਿ ਵੈਸਾਖੀ; ਕਦੇ 13 ਅਪ੍ਰੈਲ ਨੂੰ ਤੇ ਕਦੇ 14 ਅਪ੍ਰੈਲ ਨੂੰ ਹੁੰਦੀ ਹੈ। ਜਿਹੜੇ ਦਿਹਾੜੇ ਈਸਵੀ ਕੈਲੰਡਰ ਆਧਾਰਿਤ ਮਨਾਏ ਜਾਂਦੇ ਹਨ, ਉਨ੍ਹਾਂ ਦੀ ਦੇਸੀ ਤਾਰੀਖ਼ ਹਰ ਸਾਲ ਬਦਲ ਜਾਂਦੀ ਹੈ; ਜਿਵੇਂ ਕਿ ਸਰਹਿੰਦ ਫ਼ਤਿਹ ਦਿਵਸ 12 ਮਈ; ਕਦੇ ੨੯ ਵੈਸਾਖ ਨੂੰ ਤੇ ਕਦੇ ੩੦ ਵੈਸਾਖ ਨੂੰ ਹੁੰਦੀ ਹੈ। ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਸਮੇਤ ਕਈ ਸਿੰਘਾਂ ਦੀ ਸ਼ਹੀਦੀ; ਜੋ 6 ਜੂਨ ਨੂੰ ਹੋਈ ਸੀ, ਉਹ ਕਦੇ ੨੩ ਜੇਠ ਨੂੰ ਤੇ ਕਦੇ ੨੪ ਜੇਠ ਨੂੰ ਆਉਂਦੀ ਹੈ। ਸ੍ਰੋਮਣੀ ਕਮੇਟੀ, ਪ੍ਰਚਾਰਕ ਅਤੇ ਆਮ ਵਿਅਕਤੀਆਂ ਨੂੰ ਕੋਈ ਸਮਝ ਨਹੀਂ ਲੱਗਦੀ ਕਿ ਕਿਹੜਾ ਦਿਹਾੜਾ ਕਦੋਂ ਅਤੇ ਕਿਹੜੇ ਕੈਲੰਡਰ ਅਨੁਸਾਰ ਮਨਾਇਆ ਜਾਣਾ ਹੈ। ਇਸ ਤਰ੍ਹਾਂ ਦੇ ਵੱਖਰੇ ਵੱਖਰੇ ਕੈਲੰਡਰ ਲਾਗੂ ਕਰਨ ਦੀ; ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅਤੇ ਨਾ ਹੀ ਗੁਰੂ ਸਾਹਿਬਾਨ ਵੱਲੋਂ ਜਾਰੀ ਕੀਤੇ ਕਿਸੇ ਹੁਕਮਨਾਮੇ ’ਚ ਪੁਸ਼ਟੀ ਹੁੰਦੀ ਹੈ। ਐਸੀ ਦੁਚਿੱਤੀ ਤੇ ਵਿਵਾਦ ਨੂੰ ਖ਼ਤਮ ਕਰਨ ਲਈ ਹੀ ਅਕਾਲ ਤਖਤ ਸਾਹਿਬ ਵੱਲੋਂ ਕੈਨੇਡਾ ਨਿਵਾਸੀ ਸ: ਪਾਲ ਸਿੰਘ ਪੁਰੇਵਾਲ ਦੀ ਸ਼ਮੂਲੀਅਤ ਵਾਲੀ ਸਥਾਪਤ ਕੀਤੀ ਕੈਲੰਡਰ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਸੁਝਾਅ ਦਿੱਤਾ ਸੀ, ਜਿਸ ਦੇ ਕੁੱਝ ਤੱਥ ਹੇਠ ਲਿਖੇ ਅਨੁਸਾਰ ਹਨ :
ਨਾਨਕਸ਼ਾਹੀ ਕੈਲੰਡਰ ਦੇ ਨਿਯਮ
- ਨਾਨਕਸ਼ਾਹੀ ਸੰਮਤ ਦਾ ਅਰੰਭ (Epoch); ਨਾਨਕਸ਼ਾਹੀ ਸੰਮਤ ੧; ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਵਰ੍ਹੇ 1469 ਈਸਵੀ ਤੋਂ ਸ਼ੁਰੂ ਹੁੰਦਾ ਹੈ। ਚੇਤੇ ਰਹੇ ਕਿ ਨਾਨਕਸ਼ਾਹੀ ਕੈਲੰਡਰ; ਹੋਂਦ ’ਚ ਆਉਣ ਤੋਂ ਪਹਿਲਾਂ ਹੀ ਸਿੱਖਾਂ ’ਚ ਬਿਕ੍ਰਮੀ ਕੈਲੰਡਰ ’ਤੇ ਹੀ ‘ਨਾਨਕਸ਼ਾਹੀ ਸੰਮਤ’ ਲਿਖੇ ਜਾਣਾ ਪ੍ਰਚਲਿਤ ਸੀ। ਮੂਲ ਰੂਪ ’ਚ ਇਹ ਬਿਕ੍ਰਮੀ ਕੈਲੰਡਰ ਹੀ ਸੀ, ਜਿਸ ਦੇ ਸਾਲ ਦੀ ਲੰਬਾਈ ਸੋਧ ਕੇ ਹੀ ਨਾਨਕਸ਼ਾਹੀ ਕੈਲੰਡਰ; ਵਜੂਦ ’ਚ ਆਇਆ ਹੈ।
- ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੇ ਨਾਮ ਅਤੇ ਤਰਤੀਬ; ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਦੋਵੇਂ ਬਾਰਹਮਾਹਾ ਦੇ ਮਹੀਨਿਆਂ ਅਨੁਕੂਲ ਹੈ। ਜਿਸ ਅੰਦਰ ਪਹਿਲਾ ਮਹੀਨਾ ਚੇਤ ਅਤੇ ਅੰਤਮ ਮਹੀਨਾ ਫੱਗਣ ਹੈ। ਧਿਆਨ ਰਹੇ ਕਿ ਬਿਕ੍ਰਮੀ ਕੈਲੰਡਰ ਦਾ ਸੂਰਜੀ ਸਾਲ; ੧ ਵੈਸਾਖ ਤੋਂ ਸ਼ੁਰੂ ਹੁੰਦਾ ਹੈ, ਚੰਦਰ ਸਾਲ ਚੇਤ ਸੁਦੀ ੧ ਤੋਂ ਅਤੇ ਨਾਨਕਸ਼ਾਹੀ ਕੈਲੰਡਰ; ਬਾਰਹਮਾਹਾ ਅਨੁਸਾਰ ੧ ਚੇਤ ਤੋਂ ਸ਼ੁਰੂ ਹੁੰਦਾ ਹੈ।
- ਚੱਲ ਰਹੇ ਪ੍ਰਕਰਮੀ ਸਾਲ (Sidereal year) = 365.256362 ਦਿਨਾਂ ਦੀ ਲੰਬਾਈ ਵਾਲੇ ਬਿਕ੍ਰਮੀ ਕੈਲੰਡਰ ਨੂੰ ਤੀਜੀ ਖ਼ਾਲਸਾ ਸ਼ਤਾਬਦੀ ਸਮੇਂ 1999 ਈ:/ਨਾਨਕਸ਼ਾਹੀ ਸੰਮਤ ੫੩੧ ਤੋਂ ਟਰੌਪੀਕਲ ਸਾਲ (2425 ਦਿਨਾਂ ਦੀ ਲੰਬਾਈ ਵਾਲੇ) ਨਾਨਕਸ਼ਾਹੀ ਕੈਲੰਡਰ ’ਚ ਤਬਦੀਲ ਕੀਤਾ ਹੈ। ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ; ‘‘ਰਥ ਫਿਰੈ’’ਤੋਂ ਮੁੜ ਉਸੇ ‘‘ਰਥ ਫਿਰੈ’’ ਤੱਕ ਭਾਵ ਉੱਤਰਾਇਣੰਤ (Summer Solstice) ਤੋਂ ਅਗਲੇ ਸਾਲ ਉੱਤਰਾਇਣੰਤ (Summer Solstice) ਤੱਕ ਦਾ ਸਮਾਂ = ਰੁੱਤੀ ਸਾਲ (Tropical Year) ਦੀ ਲੰਬਾਈ 365.24219 ਦਿਨ (365 ਦਿਨ 5 ਘੰਟੇ 48 ਮਿੰਟ 45.2 ਸਕਿੰਟ) ਦੇ ਬਹੁਤ ਹੀ ਨੇੜੇ ਤੇ ਦੁਨੀਆ ਭਰ ’ਚ ਪ੍ਰਚਲਿਤ ਗ੍ਰੈਗੋਰੀਅਨ ਕੈਲੰਡਰ ਦੇ ਸਾਲ ਦੀ ਲੰਬਾਈ ਦੇ ਬਿਲਕੁਲ ਬਰਾਬਰ 365.2425 ਦਿਨ (365 ਦਿਨ 5 ਘੰਟੇ 49 ਮਿੰਟ 12 ਸਕਿੰਟ) ਰੱਖੀ ਗਈ ਹੈ। ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਦੀ ਬਜਾਏ ਗ੍ਰੈਗੋਰੀਅਨ ਕੈਲੰਡਰ ਦੇ ਸਾਲ ਦੀ ਲੰਬਾਈ ਦੇ ਬਰਾਬਰ ਰੱਖੇ ਜਾਣ ਦਾ ਮੁੱਖ ਕਾਰਨ ਇਹ ਹੈ ਕਿ ਮੌਜੂਦਾ ਸਮੇਂ ਗ੍ਰੈਗੋਰੀਅਨ ਕੈਲੰਡਰ; ਦੁਨੀਆ ਭਰ ’ਚ ਲਾਗੂ ਹੈ। ਇਸ ਸਮੇਂ ਸਿੱਖ ਭੀ ਦੁਨੀਆਂ ਦੇ ਹਰ ਕੋਨੇ ’ਚ ਵਸਦੇ ਹਨ। ਗ੍ਰੈਗੋਰੀਅਨ ਕੈਲੰਡਰ ਨਾਲ ਬਿਲਕੁਲ ਸਿੰਕਰੋਨਾਈਜ਼ (Synchronize) ਹੋਣ ਕਾਰਨ ਦੁਨੀਆਂ ਭਰ ’ਚ ਵਸ ਰਹੇ ਹਰ ਸਿੱਖ ਲਈ ਨਾਨਕਸ਼ਾਹੀ ਕੈਲੰਡਰ ਸਮਝਣਾ ਤੇ ਲਾਗੂ ਕਰਨਾ ਬਹੁਤ ਆਸਾਨ ਹੈ। ਨਾਨਕਸ਼ਾਹੀ ਕੈਲੰਡਰ ਦੇ ਆਮ ਸਾਲ ਦੇ ਪੂਰਕ ਦਿਨਾਂ ਦੀ ਗਿਣਤੀ 365 ਹੈ ਤੇ ਲੀਪ ਦਾ ਸਾਲ 366 ਦਿਨਾਂ ਦਾ ਹੋਵੇਗਾ।
- ਬਿਕ੍ਰਮੀ ਕੈਲੰਡਰ ਦੇ ਮੁੱਖ ਅੰਗ, ਸੰਗਰਾਂਦ, ਰਾਸ਼ੀ, ਨਛੱਤਰ, ਯੋਗ ਅਤੇ ਕਰਨ ਆਦਿਕ ਜਿਨ੍ਹਾਂ ਦੇ ਆਧਾਰ ’ਤੇ ਪੰਚਾਂਗਾਂ ਤਿਆਰ ਕੀਤੀਆਂ ਜਾਂਦੀਆਂ ਹਨ ਭਾਵ ਸੰਗਰਾਂਦਾਂ ਤਿੱਥਾਂ ਅਤੇ ਮਹੂਰਤਾਂ ਦੀਆਂ ਤਾਰੀਖ਼ਾਂ ਅਤੇ ਸਮੇਂ ਨਿਰਧਾਰਿਤ ਕੀਤੇ ਜਾਂਦੇ ਹਨ; ਦਾ ਗੁਰਬਾਣੀ ’ਚ ਕੋਈ ਜ਼ਿਕਰ ਨਹੀਂ, ਇਸ ਲਈ ਇਹ ਕਹਿਣਾ ਕਿ ਗੁਰੂ ਸਾਹਿਬਾਨ ਨੇ ਕੋਈ ਸਿੱਖ ਕੈਲੰਡਰ ਬਣਾਇਆ, ਸੋਧਿਆ ਜਾਂ ਲਾਗੂ ਕੀਤਾ; ਨਿਰਾ ਝੂਠ ਅਤੇ ਗੁਮਰਾਹਕੁਨ ਪ੍ਰਚਾਰ ਹੈ। ਗੁਰੂ ਸਾਹਿਬਾਨ ਦੇ ਸਮੇਂ ਜੋ ਬਿਕ੍ਰਮੀ ਕੈਲੰਡਰ ਪ੍ਰਚਲਿਤ ਸੀ, ਉਸ ਨੂੰ ਵਰਤਿਆ ਜਰੂਰ ਹੈ, ਪਰ ਬਣਾਇਆ ਜਾਂ ਲਾਗੂ ਨਹੀਂ ਕੀਤਾ। ਜਦੋਂ ਗੁਰਬਾਣੀ ’ਚ ਸੰਗਰਾਂਦ, ਰਾਸ਼ੀ, ਨਛੱਤਰ, ਯੋਗ ਅਤੇ ਕਰਨ ਆਦਿਕ ਦਾ ਕੋਈ ਜ਼ਿਕਰ ਹੀ ਨਹੀਂ ਤਾਂ ਨਾਨਕਸ਼ਾਹੀ ਕੈਲੰਡਰ ਦਾ ਵੀ ਸੂਰਜ ਆਧਾਰਿਤ ਰਾਸ਼ੀਆਂ ਅਤੇ ਸੰਗਰਾਂਦਾਂ ਨਾਲ ਕੋਈ ਸਬੰਧ ਨਹੀਂ ਰਹਿ ਜਾਂਦਾ। ਯਾਦ ਰੱਖਣ ਅਤੇ ਹਿਸਾਬ ਕਰਨ ਦੀ ਸੌਖ ਨੂੰ ਮੁੱਖ ਰੱਖ ਕੇ 365 ਦਿਨਾਂ ਵਾਲੇ ਸਾਲ ਨੂੰ 12 ਮਹੀਨਿਆਂ ’ਚ ਇਸ ਤਰ੍ਹਾਂ ਬਰਾਬਰ ਵੰਡਿਆ ਗਿਆ ਹੈ ਕਿ ਪਹਿਲੇ ਪੰਜ ਮਹੀਨੇ ਚੇਤ, ਵੈਸਾਖ, ਜੇਠ, ਹਾੜ ਅਤੇ ਸਾਵਣ 31-31 ਦਿਨਾਂ ਦੇ ਅਤੇ ਅੰਤਲੇ 7 ਮਹੀਨੇ ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ ਅਤੇ ਫੱਗਣ 30-30 ਦਿਨਾਂ ਦੇ ਹੋਣਗੇ। ਲੀਪ ਦੇ ਸਾਲ ’ਚ ਅੰਤਲਾ ਮਹੀਨਾ ਫੱਗਣ 31 ਦਿਨਾਂ ਦਾ ਹੋਵੇਗਾ।
- ਨਾਨਕਸ਼ਾਹੀ ਕੈਲੰਡਰ; ਤੀਜੀ ਖ਼ਾਲਸਾ ਸ਼ਤਾਬਦੀ ਦੀ ਵੈਸਾਖੀ ਭਾਵ ੧ ਵੈਸਾਖ; ਬਿਕ੍ਰਮੀ ਸੰਮਤ ੨੦੫੬/14 ਅਪ੍ਰੈਲ 1999 ਈ:/ ਨਾਨਕਸ਼ਾਹੀ ਸੰਮਤ ੫੩੧ ਤੋਂ ਲਾਗੂ ਕੀਤਾ ਗਿਆ। ਬਿਕ੍ਰਮੀ ਸੰਮਤ ੨੦੫੬ ਦੀ ਵੈਸਾਖੀ; 14 ਅਪ੍ਰੈਲ 1999 ਈ: ਨੂੰ ਆਈ ਸੀ। ਵੈਸਾਖੀ ਤੋਂ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਕਾਰਨ ਇਹ ਨਾਨਕਸ਼ਾਹੀ ਕੈਲੰਡਰ ਦੀ ਭੀ ੧ ਵੈਸਾਖ ਮੰਨੀ ਗਈ। ਇੱਥੋਂ ਤਰਤੀਬਵਾਰ ਮਹੀਨਿਆਂ ਦੇ ਦਿਨ ਪੂਰੇ ਕਰਨ ਤੋਂ ਬਾਅਦ ਮਹੀਨਿਆਂ ਦੇ ਨਾਮ ਅਤੇ
ਰੁੱਤ, ਪਹਿਲੀ ਤਾਰੀਖ਼ ਅਤੇ ਦਿਨਾਂ ਦੀ ਗਿਣਤੀ ਹੇਠਾਂ ਦਿਤੀ ਸਾਰਣੀ ਮੁਤਾਬਕ ਹੈ। ਇਸ ਲਈ ਗੁਰਬਾਣੀ ਆਧਾਰਿਤ ਮੰਨਣਾ ਬਣਦਾ ਹੈ :-
- ਲੀਪ ਸਾਲ ਦਾ ਨਿਯਮ ਹੈ ਕਿ ਜਿਸ ਨਾਨਕਸ਼ਾਹੀ ਸੰਮਤ ’ਚ 1469 ਜੋੜ ਕੇ 4 ’ਤੇ ਪੂਰਾ ਪੂਰਾ ਵੰਡਿਆ ਜਾਵੇ, ਉਹ ਲੀਪ ਸਾਲ ਹੋਵੇਗਾ; ਜਿਵੇਂ ਕਿ ਨਾਨਕਸ਼ਾਹੀ ਸੰਮਤ (੫੩੧+1469) = ਸੰਨ 2000 ਸੀ, ਜੋ 400 ’ਤੇ ਪੂਰਾ ਪੂਰਾ ਵੰਡਿਆ ਗਿਆ, ਇਸ ਕਾਰਨ ਸੰਮਤ ੫੩੧ ਲੀਪ ਸਾਲ ਸੀ। ਨਾਨਕਸ਼ਾਹੀ ਸੰਮਤ (੫੫੫+1469) = 2024 ਸੀ, ਜੋ 4 ’ਤੇ ਪੂਰਾ ਵੰਡਿਆ ਗਿਆ। ਇਸ ਲਈ ‘ਸੰਮਤ ੫੫੫’; ਲੀਪ ਸਾਲ ਸੀ। ਇਸੇ ਤਰ੍ਹਾਂ ਅਗਾਂਹ (੯੩੧+1469) = 2400 ਬਣੇਗਾ, ਜੋ 400 ’ਤੇ ਪੂਰਾ ਵੰਡਿਆ ਜਾ ਸਕੇਗਾ ਤਾਹੀਓਂ ਸੰਮਤ ੯੩੧ ਨੂੰ ਲੀਪ ਸਾਲ ਕਹਾਂਗੇ। ਪੂਰਨ ਸਦੀ ਕੇਵਲ ਉਹੀ ਲੀਪ ਸਾਲ ਵਾਲੀ ਹੋਵੇਗੀ, ਜੋ 400 ’ਤੇ ਪੂਰੀ ਪੂਰੀ ਵੰਡੀ ਜਾਵੇਗੀ। ਇਸੇ ਕਾਰਨ ਸੰਮਤ ੬੩੧ (ਸੰਨ 2100), ੭੩੧ (ਸੰਨ 2200) ਅਤੇ ੮੩੧ (ਸੰਨ 2300); ਲੀਪ ਸਾਲ ਨਹੀਂ ਹੋ ਸਕਦੇ।
- ਨਾਨਕਸ਼ਾਹੀ ਕੈਲੰਡਰ; 3225/26 ਸਾਲਾਂ ’ਚ ਰੁੱਤਾਂ ਨਾਲੋਂ ਕੇਵਲ ਇੱਕ ਦਿਨ ਅੱਗੇ ਜਾਏਗਾ। ਤਦ ਤੱਕ ਦੁਨੀਆ ਭਰ ਦੇ ਵਿਦਵਾਨਾਂ ਨਾਲ਼ ਮਿਲ ਕੇ ਸਰਬ ਸਾਂਝੇ ਫੈਸਲੇ ਨਾਲ ਨਵਾਂ ਨਿਯਮ ਬਣਾ ਲਿਆ ਜਾਵੇਗਾ; ਜਿਵੇਂ ਕਿ ਸਰਬ ਸੰਮਤੀ ਬਣ ਸਕਦੀ ਹੈ ਕਿ (ੳ). ਸੰਨ 3200ਵਾਂ ਸਾਲ (ਨਾਨਕਸ਼ਾਹੀ ਸੰਮਤ ੧੭੩੧), ਜੋ ਕਿ ਵੈਸੇ ਲੀਪ ਸਾਲ ਹੋਣਾ ਹੈ, ਉਸ ਨੂੰ ਸਧਾਰਨ ਸਾਲ ਮੰਨ ਕੇ ਇੱਕ ਦਿਨ ਦਾ ਅੰਤਰ ਵੀ ਨਿਕਲ ਜਾਵੇਗਾ।
(ਅ). ਗ੍ਰੈਗੋਰੀਅਨ ਕੈਲੰਡਰ 1582 ਈ: ’ਚ ਲਾਗੂ ਹੋਇਆ ਸੀ। ਸੰਨ 1582 ਤੋਂ 3200 ਈ: ਤੱਕ; 1628 ਸਾਲ ਬਣਨਗੇ ਤੇ ਰੁੱਤਾਂ ਨਾਲੋਂ ਤਕਰੀਬਨ ਅੱਧਾ ਕੁ ਦਿਨ ਅੱਗੇ ਹੋਏਗਾ, ਪਰ ਇੱਥੇ 1 ਦਿਨ ਦੀ ਸੋਧ ਹੋਣ ਨਾਲ਼ ਅੱਧਾ ਕੁ ਦਿਨ ਪਿੱਛੇ ਰਹੇਗਾ। ਇਸ ਨੂੰ ਪੂਰਾ ਕਰਨ ਲਈ ਅਗਾਂਹ 3200 ’ਤੇ ਪੂਰੀ ਪੂਰੀ ਵੰਡੀ ਜਾਣ ਵਾਲੀ ਹਰ ਸਦੀ; ਲੀਪ ਸਾਲ ਨਹੀਂ ਹੋਵੇਗੀ।
ਇਸ ਸੋਧ ਨਾਲ ਅਗਾਂਹ ਲੰਬੇ ਸਮੇਂ ਤੱਕ ਇਹ ਕੈਲੰਡਰ; ਰੁੱਤਾਂ ਨਾਲੋਂ ਅੱਧੇ ਕੁ ਦਿਨ ਤੋਂ ਵੱਧ ਅੱਗੇ ਪਿੱਛੇ ਨਹੀਂ ਹੋਵੇਗਾ। ਇਸੇ ਤਰ੍ਹਾਂ ਲੋੜ ਅਨੁਸਾਰ ਲੀਪ ਦੇ ਸਾਲ ਦਾ ਹੱਲ ਕਰਨ ਨਾਲ ਹਮੇਸ਼ਾਂ ਹਮੇਸ਼ਾਂ ਲਈ ਨਾਨਕਸ਼ਾਹੀ ਕੈਲੰਡਰ; ਰੁੱਤਾਂ ਅਤੇ ਵਿਸ਼ਵ ਭਰ ’ਚ ਸਾਂਝੇ ਸਾਲ (ਗ੍ਰੈਗੋਰੀਅਨ ਕੈਲੰਡਰ) ਨਾਲ ਜੁੜਿਆ ਰਹੇਗਾ ਜਦ ਕਿ ਸ੍ਰੋਮਣੀ ਕਮੇਟੀ ਦਾ ਮੌਜੂਦਾ ਬਿਕ੍ਰਮੀ ਦ੍ਰਿਕ ਗਣਿਤ ਆਧਾਰਿਤ ਕੈਲੰਡਰ; 70-71 ਸਾਲਾਂ ’ਚ ਹੀ ਰੁੱਤਾਂ ਨਾਲੋਂ ਇੱਕ ਦਿਨ ਅੱਗੇ ਹੁੰਦਾ ਹੈ, 13000 ਸਾਲ ਬਾਅਦ ਤਕਰੀਬਨ 6 ਮਹੀਨੇ ਅਤੇ 26000 ਸਾਲ ਪਿੱਛੋਂ ਇੱਕ ਸਾਲ ਅੱਗੇ ਨਿਕਲ ਜਾਵੇਗਾ।
- ਸਾਰਾ ਸਿੱਖ ਇਤਿਹਾਸ ਸੂਰਜ ਸਿਧਾਂਤ ਵਾਲੇ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੇ ਸੂਰਜੀ ਪ੍ਰਵਿਸ਼ਟਿਆਂ ਅਤੇ ਸੁਦੀ ਵਦੀ ਦੀਆਂ ਚੰਦਰ ਤਿੱਥਾਂ ’ਚ ਲਿਖਿਆ ਹੋਇਆ ਹੈ। ਅੰਗਰੇਜ਼ਾਂ ਦਾ ਸੰਨ 1849 ’ਚ ਪੰਜਾਬ ’ਤੇ ਕਬਜ਼ਾ ਹੋਣ ਤੋਂ ਸਾਲ ਕੁ ਬਾਅਦ ਹੀ ਈਸਵੀ ਕੈਲੰਡਰ ਦੀਆਂ ਤਾਰੀਖ਼ਾਂ ਲਿਖਣ ਦਾ ਪ੍ਰਭਾਵ; ਲੇਖਕਾਂ ਉੱਤੇ ਪੈਣ ਲੱਗ ਪਿਆ ਸੀ ਕਿਉਂਕਿ ਪੂਰੇ ਭਾਰਤ ’ਚ ਪਹਿਲਾਂ ਹੀ ਇੰਗਲੈਂਡ ਨੇ ਗ੍ਰੈਗੋਰੀਅਨ ਕੈਲੰਡਰ 1752 ਈ: ਤੋਂ ਲਾਗੂ ਕਰ ਰੱਖਿਆ ਸੀ।
ਇਹੀ ਕਾਰਨ ਸਨ ਕਿ ਇਤਿਹਾਸਕਾਰਾਂ ਵਲੋਂ 2 ਸਤੰਬਰ 1752 ਤੋਂ ਪਹਿਲਾਂ ਦੀਆਂ ਸਾਰੀਆਂ ਤਾਰੀਖ਼ਾਂ ਜੂਲੀਅਨ ਕੈਲੰਡਰ ’ਚ ਅਤੇ ਇਸ ਤੋਂ ਬਾਅਦ ਦੀਆਂ ਤਾਰੀਖ਼ਾਂ ਨੂੰ ਗ੍ਰੈਗੋਰੀਅਨ ਕੈਲੰਡਰ ਦੀਆਂ ਤਾਰੀਖ਼ਾਂ ’ਚ ਤਬਦੀਲ ਕਰ ਕੇ ਇਤਿਹਾਸ ਲਿਖਿਆ ਗਿਆ; ਜਿਵੇਂ ਕਿ ਸੰਨ 1850 ਤੋਂ ਬਾਅਦ ਲੇਖਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਤਾਰੀਖ਼ ਪੋਹ ਸੁਦੀ ੭, ੨੩ ਪੋਹ ਸੰਮਤ ੧੭੨੩ ਦੇ ਨਾਲ-ਨਾਲ਼ 22 ਦਸੰਬਰ 1666 ਈ: ਭੀ ਲਿਖਣੀ ਸ਼ੁਰੂ ਕਰ ਦਿੱਤੀ ਜਦ ਕਿ ਹੁਣ ਇਹ ਤਿੰਨੇ ਤਾਰੀਖ਼ਾਂ (ਪੋਹ ਸੁਦੀ ੭, ੨੩ ਪੋਹ ਅਤੇ 22 ਦਸੰਬਰ) ਕਦੇ ਭੀ ਇਕੱਠੀਆਂ ਨਹੀਂ ਆਉਣਗੀਆਂ। ਇਸ ਦਾ ਹੱਲ ਇਹੀ ਹੈ ਕਿ ਇਨ੍ਹਾਂ ’ਚੋਂ ਕਿਸੇ ਇੱਕ ਦੀ ਚੋਣ ਕਰਨੀ ਪੈਣੀ ਹੈ। ਜੂਲੀਅਨ ਅਤੇ ਗ੍ਰੈਗੋਰੀਅਨ ਕੈਲੰਡਰ; ਸਿੱਖਾਂ ਦੇ ਕੈਲੰਡਰ ਨਹੀਂ ਹਨ ਅਤੇ ਨਾ ਹੀ ਇਨ੍ਹਾਂ ਦੀਆਂ ਤਾਰੀਖ਼ਾਂ ਸਿੱਖਾਂ ਦੇ ਕਿਸੇ ਮੁੱਢਲੇ ਸੋਮੇ, ਜਿਵੇਂ ਕਿ ਭੱਟ ਵਹੀਆਂ/ਜਨਮ ਸਾਖੀਆਂ, ਹੁਕਮਨਾਮਿਆਂ ਆਦਿ ’ਚ, ਲਿਖੀਆਂ ਮਿਲਦੀਆਂ ਹਨ, ਇਸ ਲਈ ਇਨ੍ਹਾਂ ਦੀਆਂ ਤਾਰੀਖ਼ਾਂ ਨੂੰ ਮਹੱਤਵ ਦੇਣਾ, ਸਹੀ ਨਹੀਂ ਹੋਵੇਗਾ। ਸਾਰੇ ਮੂਲ ਸੋਮਿਆਂ ’ਚ ਤਾਰੀਖ਼ਾਂ, ਉਸ ਵੇਲੇ ਦੇ ਪ੍ਰਚਲਿਤ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ (ਸੂਰਯ ਸਿਧਾਂਤ) ਦੇ ਪ੍ਰਵਿਸ਼ਟਿਆਂ ਜਾਂ ਚੰਦਰਮਾ ਦੀਆਂ ਵਦੀ/ਸੁਦੀ ਤਿੱਥਾਂ ’ਚ ਲਿਖੀਆਂ ਹੋਈਆਂ ਹਨ। ਗੁਰਬਾਣੀ ’ਚ ਦਰਜ ਦੋਵੇਂ ਬਾਰਹਮਾਹਾ (ਮਾਝ ਮਹਲਾ ੫ ਤੇ ਤੁਖਾਰੀ ਮਹਲਾ ੧) ਅਤੇ ਰਾਮਕਲੀ ਮਹਲਾ ੫ ਰੁਤੀ, ਆਦਿ ਬਾਣੀਆਂ ’ਚ ਪਹਿਲਾ ਮਹੀਨਾ; ਚੇਤ ਅਤੇ ਅੰਤਮ ਮਹੀਨਾ; ਫੱਗਣ ਲਿਖੇ ਹੋਏ ਹਨ। ਇਸ ਲਈ ਚੇਤ, ਵੈਸਾਖ, ਜੇਠ, ….. ਮਾਘ, ਫੱਗਣ ਆਦਿਕ ਮਹੀਨਿਆਂ ਵਾਲੇ ਕੈਲੰਡਰ ਦੀਆਂ ਤਿੱਥਾਂ ਜਾਂ ਪ੍ਰਵਿਸ਼ਟਿਆਂ ਵਿੱਚੋਂ ਹੀ ਕਿਸੇ ਇੱਕ ਦੀ ਚੋਣ ਕਰਨੀ ਪੈਣੀ ਹੈ।
ਚੰਦਰ ਕੈਲੰਡਰ ਦੀ ਇੱਕ ਤਿੱਥ; ਕਦੀ ਕਸ਼ਯ ਅਤੇ ਕਦੀ ਇਕੋ ਚੰਦਰ ਤਿੱਥ; ਲਗਾਤਾਰ ਦੋ ਸੂਰਜੀ ਦਿਨਾਂ ’ਚ ਆ ਜਾਂਦੀ ਹੈ। ਇਨ੍ਹਾਂ ਤਿਥਾਂ ਵਾਙ 19 ਸਾਲਾਂ ’ਚੋਂ 7 ਸਾਲ ਅਜਿਹੇ ਹੁੰਦੇ ਹਨ, ਜਿਨ੍ਹਾਂ ਅੰਦਰ ਇੱਕੋ ਨਾਂ ਦੇ ਦੋ-ਦੋ ਮਹੀਨੇ ਆ ਜਾਂਦੇ ਹਨ, ਜਿਸ ਨੂੰ ਅਧਿਕ ਮਹੀਨਾ (ਮਲ ਮਾਸ) ਆਖਦੇ ਹਨ। ਔਸਤਨ 63 ਸਾਲ (ਘੱਟੋ ਘੱਟ 19 ਸਾਲ ਤੇ ਵੱਧ ਤੋਂ ਵੱਧ 141 ਸਾਲ) ਬਾਅਦ ਇੱਕ ਮਹੀਨਾ ਕਸ਼ਯ ਹੋ ਜਾਂਦਾ ਹੈ। ਪੋਹ ਦਾ ਮਹੀਨਾ ਸਭ ਤੋਂ ਛੋਟਾ ਹੋਣ ਕਾਰਨ ਇਹ ਸਭ ਤੋਂ ਜ਼ਿਆਦਾ ਵਾਰ ਕਸ਼ਯ ਹੁੰਦਾ ਸੀ। ਇਨ੍ਹਾਂ ਕਾਰਨਾਂ ਕਰਕੇ (ੳ). ਸੁਦੀ/ਵਦੀ ਦੀਆਂ ਤਿੱਥਾਂ ’ਚ ਆਈਆਂ ਮਹੱਤਵ ਪੂਰਨ ਇਤਿਹਾਸਕ ਘਟਨਾਵਾਂ ਦੇ ਵਾਪਰਨ ਦੀ ਤਰਤੀਬ (Choronolgy) ਅਲੱਗ-ਥਲੱਗ ਹੋ ਜਾਂਦੀ ਹੈ; ਜਿਵੇਂ ਕਿ ਹੋਲਾ ਮਹੱਲਾ; ਅਕਸਰ ਹੋਲੀ ਤੋਂ 1 ਦਿਨ ਬਾਅਦ ਜਾਂ ਕਦੇ ਦੋਵੇਂ ਇਕੱਠੇ ਇੱਕੋ ਦਿਨ ਆਉਂਦੇ ਹਨ। ਕਦੇ ਕਦਾਈਂ ਚੇਤ ਤੋਂ ਫੱਗਣ ਦੇ ਸੂਰਜੀ ਸਾਲ ’ਚ ਹੋਲਾ ਮਹੱਲਾ; ਦੋ ਵਾਰ ਆ ਜਾਂਦਾ ਹੈ ਜਾਂ ਕਦੇ ਸਾਲ ’ਚ ਇੱਕ ਵਾਰ ਭੀ ਨਹੀਂ ਆਉਂਦਾ।
(ਅ). ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ; ਇਨ੍ਹਾਂ ਦੋਵਾਂ ਵਿਚਕਾਰ ਅਕਸਰ 10 ਤੋਂ 12 ਦਿਨਾਂ ਦਾ ਅੰਤਰ ਹੁੰਦਾ ਹੈ, ਪਰ ਕਦੇ ਕਦਾਈਂ ਇਨ੍ਹਾਂ ਦਿਨਾਂ ਵਿਚਕਾਰ ਮਲ ਮਾਸ ਆਉਣ ਕਾਰਨ ਦੋਵਾਂ ਪੁਰਬਾਂ ’ਚ 40 ਦਿਨਾਂ ਦਾ ਅੰਤਰ ਪੈ ਜਾਂਦਾ ਹੈ।
(ੲ). ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ; ਕਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਤੋਂ ਪਹਿਲਾਂ, ਕਦੇ ਦੋਵੇਂ ਇਕੱਠੇ ਇੱਕੋ ਦਿਨ ਜਾਂ ਕਦੇ 20-22 ਦਿਨਾਂ ਦੇ ਅੰਤਰ ਨਾਲ ਆਉਂਦਾ ਹੈ। ਇਹ ਸਾਰੇ ਹੀ ਦਿਹਾੜੇ ਅਗਲੇ ਨਵੇਂ ਸਾਲ ’ਚ ਭਾਵ 365/66 ਦਿਨਾਂ ਪਿੱਛੋਂ ਨਿਸ਼ਚਿਤ ਦਿਨ ਆਉਣੇ ਸਨ, ਪਰ ਕਦੇ 354/55 ਦਿਨ ਪਿੱਛੋਂ ਤੇ ਕਦੇ 383/84 ਦਿਨਾਂ ਬਾਅਦ ਆਉਂਦੇ ਹਨ, ਜਿਨ੍ਹਾਂ ਨੂੰ ਯਾਦ ਰੱਖਣਾ ਬੜਾ ਕਠਿਨ ਹੁੰਦਾ ਹੈ।
ਇਸ ਦੇ ਹੱਲ ਲਈ ਹੀ ਸੰਨ 1998 ’ਚ ਸ. ਪਾਲ ਸਿੰਘ ਪੁਰੇਵਾਲ ਦੀ ਸ਼ਮੂਲੀਅਤ ਵਾਲੀ ਕੈਲੰਡਰ ਕਮੇਟੀ ਨੇ ਚੰਦਰ ਤਿੱਥਾਂ ਦਾ ਤਿਆਗ ਕਰ ਪ੍ਰਵਿਸ਼ਟਿਆਂ (ਸੰਗਰਾਂਦ ਦੇ ਹਿਸਾਬ ਸੂਰਜੀ ਤਾਰੀਖ਼ਾਂ) ਨੂੰ ਪ੍ਰਮੁਖਤਾ ਦਿੱਤੀ। ਇਸ ਫ਼ੈਸਲੇ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਲਈ ੨੩ ਪੋਹ ਨਿਰਧਾਰਿਤ ਕੀਤਾ ਗਿਆ, ਜੋ ਸੰਨ 1999 ਈ: ਦੀ ਵੈਸਾਖੀ ਤੋਂ ਬਾਅਦ ਹਮੇਸ਼ਾਂ 5 ਜਨਵਰੀ ਨੂੰ ਹੀ ਆਵੇਗਾ ਜਦੋਂ ਕਿ ਬਿਕ੍ਰਮੀ ਕੈਲੰਡਰ ’ਚ 1666 ਈ: ’ਚ ੨੩ ਪੋਹ; 22 ਦਸੰਬਰ ਨੂੰ ਸੀ, 1999 ’ਚ 6 ਜਨਵਰੀ ਨੂੰ ਤੇ ਅੱਜ ਕੱਲ੍ਹ 6 ਜਾਂ 7 ਜਨਵਰੀ ਨੂੰ ਆਉਂਦਾ ਹੈ। ਜੇ ਇਹੀ ਹਾਲ ਰਿਹਾ ਤਾਂ ਅਗਾਂਹ 1000 ਸਾਲ ਬਾਅਦ ੨੩ ਪੋਹ; 20/21 ਜਨਵਰੀ ਨੂੰ ਆਵੇਗਾ ਭਾਵ 29/30 ਦਿਨਾਂ ਦਾ ਫ਼ਰਕ ਪੈ ਜਾਵੇਗਾ। ਇੱਦਾਂ ਹੀ ਬਾਕੀ ਦੇ ਸਾਰੇ ਦਿਹਾੜਿਆਂ ਲਈ ਪ੍ਰਵਿਸ਼ਟੇ ਨਿਸ਼ਚਿਤ ਕੀਤੇ ਗਏ; ਜਿਵੇਂ ਕਿ ਹੋਲਾ ਮਹੱਲਾ; ੧ ਚੇਤ/14 ਮਾਰਚ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਤੇ ਖ਼ਾਲਸਾ ਪੰਥ ਦਾ ਸਾਜਨਾ ਦਿਵਸ; ੧ ਵੈਸਾਖ/14 ਅਪ੍ਰੈਲ, ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ; ੨੮ ਜੇਠ/11 ਜੂਨ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ; ੨ ਹਾੜ/16 ਜੂਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ; ੧੧ ਮੱਘਰ/24 ਨਵੰਬਰ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ; ੮ ਪੋਹ/21 ਦਸੰਬਰ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ; ੧੩ ਪੋਹ/26 ਦਸੰਬਰ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ; ੨੩ ਪੋਹ/5 ਜਨਵਰੀ ਨੂੰ, ਆਦਿ। ਇਸ ਤਰ੍ਹਾਂ ਦੇ ਪ੍ਰਬੰਧ ਨਾਲ ਸਾਰੇ ਦਿਹਾੜੇ ਯਾਦ ਰੱਖਣੇ ਭੀ ਆਸਾਨ ਹਨ ਤੇ ਮਹੱਤਵ ਪੂਰਨ ਇਤਿਹਾਸਕ ਘਟਨਾਵਾਂ ਵਾਪਰਨ ਦੀ ਤਰਤੀਬ (Choronolgy) ’ਚ ਭੀ ਵਿਘਨ ਨਹੀਂ ਪੈਂਦਾ।
ਨਾਨਕਸ਼ਾਹੀ ਕੈਲੰਡਰ ਵਿਰੁਧ ਉਠਾਏ ਜਾਂਦੇ ਬੇਤੁਕੇ ਇਤਰਾਜ਼ਾਂ ਦਾ ਪਿਛੋਕੜ ਤੱਥ
ਸਵਾਲ 1. ਜਿਹੜਾ ਕੈਲੰਡਰ ਗੁਰੂ ਕਾਲ ਦੌਰਾਨ ਵਰਤਿਆ ਜਾਂਦਾ ਸੀ ਅਸੀਂ ਉਸ ਨੂੰ ਕਿਉਂ ਛੱਡੀਏ ?
ਜਵਾਬ : ਐਸਾ ਇਤਰਾਜ਼ ਕਰਨ ਵਾਲੇ ਵਿਦਵਾਨ ਇਸ ਤੱਥ ਤੋਂ ਪੂਰੀ ਤਰ੍ਹਾਂ ਅਣਜਾਣ ਹਨ ਕਿ ਗੁਰੂ ਕਾਲ ਦੌਰਾਨ ਸੂਰਜੀ ਸਿਧਾਂਤ ਵਾਲਾ ਬਿਕ੍ਰਮੀ ਕੈਲੰਡਰ ਵਰਤਿਆ ਜਾਂਦਾ ਸੀ, ਜਿਸ ਦੇ ਸਾਲ ਦੀ ਲੰਬਾਈ 365.258756 ਦਿਨ ਸੀ। ਸੰਨ 1964 ’ਚ ਹਿੰਦੂਆਂ ਵੱਲੋਂ ਸੂਰਜੀ ਸਿਧਾਂਤ ਦੀ ਥਾਂ ਦ੍ਰਿਕ ਗਣਿਤ ਸਿਧਾਂਤ ਲਾਗੂ ਕਰ ਲਿਆ ਗਿਆ, ਜਿਸ ਦੇ ਸਾਲ ਦੀ ਲੰਬਾਈ 365.256362 ਦਿਨ ਹੈ। ਸ੍ਰੋਮਣੀ ਕਮੇਟੀ ਸਮੇਤ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੇ ਸਭਨਾਂ ਨੇ ਇਸ ਸੋਧ ਨੂੰ ਬਿਨਾਂ ਹੀਲ ਹੁਜ਼ਤ ਮੰਨ ਲਿਆ ਭਾਵ ਗੁਰੂ ਕਾਲ ਦੌਰਾਨ ਵਰਤੇ ਜਾਣ ਵਾਲੇ ਕੈਲੰਡਰ ਨੂੰ ਇਹ ਲੋਕ; ਸੰਨ 1964 ਈ: ’ਚ ਹੀ ਛੱਡ ਚੁੱਕੇ ਹਨ। ਇਸੇ ਤਰ੍ਹਾਂ ਗੁਰੂ ਕਾਲ ਸਮੇਂ ਜੂਲੀਅਨ ਕੈਲੰਡਰ ਪ੍ਰਚਲਿਤ ਸੀ, ਜਿਸ ਦੇ ਸਾਲ ਦੀ ਲੰਬਾਈ 365.25 ਦਿਨ ਸੀ। ਸੰਨ 1752 ਈ: ’ਚ ਇੰਗਲੈਂਡ ਨੇ ਸੋਧਿਆ ਕੈਲੰਡਰ ਭਾਵ ਗ੍ਰੈਗੋਰੀਅਨ ਕੈਲੰਡਰ ਲਾਗੂ ਕਰ ਲਿਆ, ਜਿਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ। ਇਸ ਸੋਧ ਨੂੰ ਵੀ ਇਨ੍ਹਾਂ ਵਿਦਵਾਨਾਂ ਨੇ ਹੂ-ਬਹੂ ਮੰਨ ਲਿਆ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜੇ ਅੰਗੇਰਜ਼ਾਂ ਨੂੰ ਇਸ ਗੱਲ ਦਾ ਪਤਾ ਲੱਗਣ ’ਤੇ ਕਿ ਉਨ੍ਹਾਂ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ 11 ਕੁ ਮਿੰਟ ਵੱਧ ਹੈ, ਇਸ ਲਈ ਇਹ ਕੈਲੰਡਰ; ਰੁੱਤਾਂ ਦਾ ਸਾਥ ਛੱਡ ਰਿਹਾ ਹੈ। ਉਨ੍ਹਾਂ ਨੇ ਆਪਣੇ ਕੈਲੰਡਰ ’ਚ ਸੋਧ ਕਰ ਲਈ। ਸਿੱਖਾਂ ਨੇ ਬਿਨਾਂ ਹੀਲ ਹੁੱਜ਼ਤ ਉਸ ਸੋਧ ਨੂੰ ਭੀ ਮੰਨ ਲਿਆ। ਗੁਰੂ ਕਾਲ ਵਾਲੇ ਬਿਕ੍ਰਮੀ ਕੈਲੰਡਰ ’ਚ ਹਿੰਦੂਆਂ ਨੇ ਸੋਧ ਕੀਤੀ; ਉਹ ਭੀ ਇਨ੍ਹਾਂ ਵਿਦਵਾਨਾਂ ਨੇ ਹੂ-ਬਹੂ ਮੰਨ ਲਈ ਤਾਂ ਫਿਰ 1999 ਈ: ’ਚ ਸਿੱਖਾਂ ਵੱਲੋਂ ਕੀਤੀ ਸੋਧ ਮੰਨਣ ਤੋਂ ਇਹ ਇਨਕਾਰੀ ਕਿਉਂ ? ਵਿਚਾਰਨਾ ਬਣਦਾ ਹੈ ਕਿ ਇਹ ਲੋਕ ਸੰਨ 2003 ’ਚ ਆਰ.ਐੱਸ.ਐੱਸ ਦੇ ਮੁਖੀ ਵੱਲੋਂ ਦਿੱਤੇ ਉਸ ਬਿਆਨ ਦੀ ਪੂਰਤੀ ਲਈ ਕੰਮ ਤਾਂ ਨਹੀਂ ਕਰ ਰਹੇ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ‘ਅਸੀਂ ਨਾਨਕਸ਼ਾਹੀ ਕੈਲੰਡਰ ਲਾਗੂ ਨਹੀਂ ਹੋਣ ਦੇਵਾਂਗੇ।’
ਸਵਾਲ 2. ਵੈਸਾਖੀ ਨਹੀਂ ਖਿਸਕ ਰਹੀ ਸਗੋਂ ਅੰਗਰੇਜ਼ੀ (ਗ੍ਰੈਗੋਰੀਅਨ) ਤਾਰੀਖ਼ਾਂ ਖਿਸਕ ਰਹੀਆਂ ਹਨ। ਵੈਸਾਖੀ ਹਮੇਸ਼ਾਂ ਵਾਙ ੧ ਵੈਸਾਖ ਨੂੰ ਹੀ ਆ ਰਹੀ ਹੈ ਜਦ ਕਿ ਵੈਸਾਖੀ ਵਾਲੇ ਦਿਨ ਕਦੇ 27, 29 ਮਾਰਚ, ਕਦੇ 9, 10, 11, 12 ਅਪ੍ਰੈਲ ਹੁੰਦੀ ਸੀ, ਅਤੇ ਹੁਣ 13/14 ਅਪ੍ਰੈਲ ਦੀ ਤਾਰੀਖ਼ ਹੁੰਦੀ ਹੈ।
ਜਵਾਬ : ਕਿੰਨਾ ਹਾਸੋਹੀਣਾ ਅਤੇ ਬੇਸਮਝੀ ਵਾਲਾ ਤਰਕ ਹੈ। ਇਹ ਸੋਚ; ਚਲਦੀ ਗੱਡੀ ਦੀ ਬਾਰੀ ’ਚ ਬੈਠੇ ਉਸ ਵਿਅਕਤੀ ਦੀ ਸੋਚ ਵਰਗੀ ਹੈ, ਜੋ ਕਹੇ ਕਿ ਗੱਡੀ ਤਾਂ ਉੱਥੇ ਹੀ ਖੜ੍ਹੀ ਹੈ, ਹੇਠਾਂ ਲਾਈਨ ਦੇ ਨਾਲ ਖੜ੍ਹੇ ਦਰਖ਼ਤ, ਟੈਲੀਫੋਨ ਖੰਭੇ, ਸਟੇਸ਼ਨ, ਆਦਿ ਪਿੱਛੇ ਨੂੰ ਦੌੜ ਰਹੇ ਹਨ।
ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਬਸੰਤੀ ਸਮਰਾਤ (Equinox) 11-12 ਮਾਰਚ (ਜੂਲੀਅਨ)/20-21 ਮਾਰਚ (ਗ੍ਰੈਗੋਰੀਅਨ) ਨੂੰ ਸੀ, ਜੋ ਅੱਜ ਭੀ 20-21 ਮਾਰਚ ਨੂੰ ਹੀ ਹੈ ਜਦ ਕਿ ਰੁੱਤਾਂ ’ਚ ਤਬਦੀਲੀ ‘ਸਮਰਾਤ’ ਅਤੇ ‘ਰੱਥ ਫਿਰੈ’ (Solstice) ਕਾਰਨ ਹੁੰਦੀ ਹੈ। ਕੈਲੰਡਰ ਬਣਾਉਣ ਦਾ ਅਸਲ ਕਾਰਨ; ਇਤਿਹਾਸ ਨੂੰ ਸੰਭਾਲਣ ਅਤੇ ਭਵਿੱਖ ਦੀਆਂ ਨੀਤੀਆਂ ਉਲੀਕਣਾ ਹੈ ਕਿ ਕਦੋਂ ਫਸਲਾਂ ਬੀਜਣ, ਪੱਕਣ ਅਤੇ ਵੱਢਣ ਦਾ ਸਮਾਂ ਹੋਵੇਗਾ। ਕਦੋਂ ਮੀਂਹ ਪੈਣ ਤੇ ਹੜ੍ਹ ਆਉਣ ਦੀ ਸੰਭਾਵਨਾ ਹੈ ਤਾਂ ਕਿ ਉਨ੍ਹਾਂ ਦੇ ਰੋਕਥਾਮ ਲਈ ਅਗਾਊਂ ਪ੍ਰਬੰਧ ਕੀਤੇ ਜਾਣ। ਵਿਚਾਰਨਾ ਇਹ ਬਣਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਵੈਸਾਖੀ; ਬਸੰਤੀ ਸਮਰਾਤ ਤੋਂ ਕਿੰਨੇ ਦਿਨ ਬਾਅਦ ਆਉਂਦੀ ਸੀ ਤੇ ਹੁਣ ਕਿੰਨੇ ਦਿਨ ਬਾਅਦ ਆ ਰਹੀ ਹੈ। ਫਿਰ ਪਤਾ ਲੱਗੇਗਾ ਕਿ ਵੈਸਾਖੀ ਖਿਸਕ ਰਹੀ ਹੈ ਜਾਂ ਮਾਰਚ/ਅਪ੍ਰੈਲ ਦੀਆਂ ਤਾਰੀਖ਼ਾਂ ? ਬਦਲੀਆਂ ਰੁੱਤਾਂ ਦਾ ਗੁਰਬਾਣੀ ਅਤੇ ਇਤਿਹਾਸ ’ਤੇ ਕੀ ਅਸਰ ਪੈਂਦਾ ਹੈ ? ਇਸ ਦਾ ਵਰਣਨ ਇਸ ਲੇਖ ਦੇ ਪਹਿਲੇ ਹਿੱਸੇ ਹੀ ’ਚ ਕੀਤਾ ਜਾ ਚੁੱਕਾ ਹੈ।
ਸਵਾਲ 3. ਇਹ ਭੀ ਇਤਰਾਜ਼ ਹੁੰਦਾ ਹੈ ਗੁਰਪੁਰਬ ਨਿਸ਼ਚਿਤ ਕਰਨ ਸਮੇਂ 4 ਤੋਂ 7 ਦਿਨਾਂ ਦੀ ਗਲਤੀ ਹੋਈ ਹੈ। ਆਪਣੇ ਵੱਲੋਂ ਮਿਥ ਲਈ, ਇਸ ਗਲਤੀ ਨੂੰ ਸਹੀ ਸਿੱਧ ਕਰਨ ਲਈ ਮਿਸਾਲ ਦਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ੨੩ ਪੋਹ/22 ਦਸੰਬਰ 1666 ਜੂਲੀਅਨ ਨੂੰ ਹੋਇਆ ਸੀ। 10 ਦਿਨ ਦੀ ਸੋਧ ਤੋਂ ਬਾਅਦ ਇਸ ਦੀ ਗ੍ਰੈਗੋਰੀਅਨ ਤਾਰੀਖ਼ 22 ਦਸੰਬਰ + 10 = 1 ਜਨਵਰੀ ਬਣਦੀ ਹੈ, ਪਰ ਨਾਨਕਸ਼ਾਹੀ ਕੈਲੰਡਰ ’ਚ 5 ਜਨਵਰੀ ਨਿਸ਼ਚਿਤ ਕਰ ਲਈ, ਜੋ ਕਿ 4 ਦਿਨਾਂ ਦੀ ਗਲਤੀ ਹੈ। ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ; ੨ ਹਾੜ/30 ਮਈ 1606 ਜੂਲੀਅਨ ਨੂੰ ਹੋਈ ਸੀ। 10 ਦਿਨ ਦੀ ਸੋਧ ਤੋਂ ਬਾਅਦ 30 ਮਈ + 10 = 9 ਜੂਨ ਬਣਦੀ ਹੈ, ਪਰ ਨਾਨਕਸ਼ਾਹੀ ਕੈਲੰਡਰ ’ਚ ੨ ਹਾੜ/16 ਜੂਨ ਨਿਸ਼ਚਿਤ ਕਰ ਲਈ, ਜੋ ਕਿ 7 ਦਿਨਾਂ ਦੀ ਗਲਤੀ ਹੈ।
ਜਵਾਬ : (ੳ). ਵੈਸੇ ਤਾਂ ਇਹ ਲੋਕ ਕਹਿੰਦੇ ਹਨ ਕਿ ਸਾਡਾ ਈਸਾਈਆਂ ਦੇ ਕੈਲੰਡਰ ਨਾਲ ਕੀ ਲੈਣਾ ਦੇਣਾ ਹੈ ? ਸਾਡਾ ਸਿੱਖਾਂ ਦਾ ਆਪਣਾ ਵੱਖਰਾ ਕੈਲੰਡਰ ਹੈ। ਅਸੀਂ ਪੁਰਾਤਨ ਰਵਾਇਤ ਅਤੇ ਆਪਣੇ ਕੈਲੰਡਰ ਮੁਤਾਬਕ ਹੀ ਗੁਰਪੁਰਬ ਮਨਾਵਾਂਗੇ, ਪਰ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ਦੀ ਪਰਖ ਕਰਦੇ ਸਮੇਂ ਖ਼ੁਦ ਹੀ ਪੈਮਾਨਾ ਉਸੇ ਇਸਾਈਆਂ ਦੇ ਕੈਲੰਡਰ ਦਾ ਫੜ ਲੈਂਦੇ ਹਨ।
ਆਪਣੇ ਕੈਲੰਡਰ ਦੀਆਂ ਤਾਰੀਖ਼ਾਂ ਦੀ ਪਰਖ ਕਰਦੇ ਸਮੇਂ ਸਾਨੂੰ ਆਪਣੇ ਕੈਲੰਡਰ ਦਾ ਹੀ ਪੈਮਾਨਾ ਫੜਨਾ ਪਏਗਾ। ਜਦੋਂ ਅਸੀਂ ਆਪਣੇ ਕੈਲੰਡਰ ਦਾ ਪੈਮਾਨਾ ਫੜਾਂਗੇ ਤਾਂ ਮਸਲਾ ਤੁਰੰਤ ਹੱਲ ਹੋ ਜਾਵੇਗਾ; ਜਿਵੇਂ ਕਿ ਖ਼ਾਲਸਾ ਪੰਥ ਦੀ ਸਾਜਣਾ 1699 ਈ: ’ਚ ੧ ਵੈਸਾਖ ਨੂੰ ਕੀਤੀ ਸੀ। ਨਾਨਕਸ਼ਾਹੀ ਕੈਲੰਡਰ ’ਚ ਭੀ ੧ ਵੈਸਾਖ ਹੀ ਰੱਖੀ ਗਈ ਹੈ। ਸੰਨ 1999 ਈ: ’ਚ ਨਾਨਕਸ਼ਾਹੀ ਕੈਲੰਡਰ ਅਤੇ ਬਿਕ੍ਰਮੀ ਕੈਲੰਡਰ ਦੋਵਾਂ ਦਾ ੧ ਵੈਸਾਖ 14 ਅਪ੍ਰੈਲ ਨੂੰ ਸੀ; ਫਿਰ ਗਲਤੀ ਕਾਹਦੀ ਹੋਈ ?
ਐਸੇ ਹੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ੨ ਹਾੜ ਨੂੰ ਹੋਈ ਸੀ; ਸੰਨ 1999 ਈ: ’ਚ ਨਾਨਕਸ਼ਾਹੀ ਕੈਲੰਡਰ ਅਤੇ ਬਿਕ੍ਰਮੀ ਕੈਲੰਡਰ ਦੋਵਾਂ ਦੀ ੨ ਹਾੜ; 16 ਜੂਨ ਨੂੰ ਸੀ। ਨਾਨਕਸ਼ਾਹੀ ਕੈਲੰਡਰ ’ਚ ਸ਼ਹੀਦੀ ਗੁਰਪੁਰਬ ਇਸੇ ੨ ਹਾੜ/16 ਜੂਨ ਦਾ ਨਿਸ਼ਚਿਤ ਕੀਤਾ ਗਿਆ ਹੈ। ਇਸ ਲਈ 7 ਦਿਨਾਂ ਵਾਲ਼ੀ ਗਲਤੀ ਕਿਸ ਤਰ੍ਹਾਂ ਹੋਈ ?
ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ; ੨੩ ਪੋਹ ਨੂੰ ਸੀ। ਇਸ ਲਈ ਪ੍ਰਕਾਸ਼ ਪੁਰਬ ਭੀ ੨੩ ਪੋਹ ਨਿਸ਼ਚਿਤ ਕੀਤਾ ਗਿਆ ਹੈ। ਇਸ ਲਈ 4 ਦਿਨਾਂ ਦੀ ਗਲਤੀ ਕਿੱਥੇ ਹੈ ?
ਪਰ ਹਾਂ, ਇਹ ਜ਼ਰੂਰ ਹੈ ਕਿ ਸੰਨ 1999 ’ਚ ਬਿਕ੍ਰਮੀ ਕੈਲੰਡਰ ਦੀ ੨੩ ਪੋਹ; 6 ਜਨਵਰੀ ਨੂੰ ਆਈ ਸੀ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੀ ੨੩ ਪੋਹ; 5 ਜਨਵਰੀ ਨੂੰ ਸੀ। ਇਸ ਕਾਰਨ ਇੱਥੇ 1 ਦਿਨ ਦਾ ਅੰਤਰ ਹੈ। ਇਸ ਬਾਬਤ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਕੈਲੰਡਰ ’ਚ ਸੋਧ ਹੁੰਦੀ ਹੈ ਤਾਂ 1 ਜਾਂ 2 ਦਿਨ ਦਾ ਅੰਤਰ ਅਕਸਰ ਹੋ ਜਾਂਦਾ ਹੈ। ਮਿਸਾਲ ਵਜੋਂ ਹਿੰਦੂਆਂ ਨੇ ਜਦ 1964 ’ਚ ਸੂਰਜੀ ਸਿਧਾਂਤ ਨੂੰ ਤਿਆਗ ਕੇ ਦ੍ਰਿਕ ਗਣਿਤ ਅਪਣਾਇਆ ਤਾਂ ਭੀ ਉਸ 6 ਜਨਵਰੀ 1964 ਵਾਲ਼ੇ ਦਿਨ ਸੂਰਜੀ ਸਿਧਾਂਤ ਦਾ ੨੨ ਪੋਹ ਅਤੇ ਦ੍ਰਿਕ ਗਣਿਤ ਦਾ ੨੩ ਪੋਹ ਸੀ। ਇਸ ਤੋਂ ਬਾਅਦ ਕਿਸੇ ਵੀ ਸਾਲ ਦੇ ਬਿਕ੍ਰਮੀ ਸੰਮਤ ਦੇ ਸੂਰਜੀ ਸਿਧਾਂਤ ਅਤੇ ਦ੍ਰਿਕ ਗਣਿਤ ਦੇ ਕੈਲੰਡਰਾਂ ਦਾ ਮਿਲਾਨ ਕਰਕੇ ਵੇਖ ਲਵੋ, ਇਨ੍ਹਾਂ ਦੋਵਾਂ ਦੀਆਂ 3 ਤੋਂ 5 ਸੰਗਰਾਂਦਾਂ ’ਚ 1-1 ਦਿਨ ਦਾ ਫ਼ਰਕ ਹੈ। ਜੇਕਰ ਉਸ ਸਮੇਂ ਤੋਂ ਅੱਜ ਤੱਕ ਇਨ੍ਹਾਂ ਲੋਕਾਂ ਨੂੰ ਦ੍ਰਿਕ ਗਣਿਤ ’ਚ ਕੋਈ ਗਲਤੀ ਨਹੀਂ ਦਿੱਸ ਰਹੀ ਤਾਂ ਨਾਨਕਸ਼ਾਹੀ ਕੈਲੰਡਰ ’ਚ ਹੀ ਕਿਵੇਂ ਵਿਖਾਈ ਦਿੰਦੀ ਪਈ ਹੈ ?
ਦਰਅਸਲ ਵੈਸਾਖੀ ਦੀ ਤਾਰੀਖ਼ ਨੂੰ ਤਾਂ ਇਹ ਸਹੀ ਮੰਨਦੇ ਹਨ, ਪਰ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ ’ਚ 7 ਦਿਨਾਂ ਦੀ ਗਲਤੀ ਵੇਖਦੇ ਹਨ। ਵੈਸੇ ਐਨੀ ਕੁ ਸੋਝੀ ਹਰ ਸਿੱਖ ਨੂੰ ਹੈ ਕਿ ਵੈਸਾਖੀ; ਹਮੇਸ਼ਾਂ ੧ ਵੈਸਾਖ ਨੂੰ ਹੁੰਦੀ ਹੈ, ਇਸ ਲਈ ਇਹ ਭੀ ਮੰਨ ਲੈਂਦੇ ਹਨ, ਪਰ ਜੇਕਰ ਇਹ ਆਪਣੇ ਆਪ ਨੂੰ ਵਿਦਵਾਨ ਸਮਝਦੇ ਹਨ ਤਾਂ ਇਹ ਭੀ ਮੰਨਣ ਕਿ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਭੀ ਹਮੇਸ਼ਾਂ ੨ ਹਾੜ ਨੂੰ ਆਉਣਾ ਹੈ। ਫਿਰ ਇਤਰਾਜ਼ ਕਿਉਂ ?
ਸਾਢੇ ਤਿੰਨ ਕੁ ਮਿੰਟ ਦੀ ਸੋਧ ਨਾਲ ਮੌਜੂਦਾ ਸਮੇਂ ਸੂਰਜੀ ਸਿਧਾਂਤ ਅਤੇ ਦ੍ਰਿਕ ਗਣਿਤ ਦੋਵਾਂ ਕੈਲੰਡਰਾਂ ਦੀਆਂ ਹਰ ਸਾਲ 3 ਤੋਂ 5 ਸੰਗਰਾਂਦਾਂ ’ਚ ਇੱਕ ਦਿਨ ਦਾ ਫ਼ਰਕ ਹੁੰਦਾ ਹੈ, ਜੋ 3000 ਸੀਈ ਤੱਕ ਵਧ ਕੇ ਸਾਰੀਆਂ ਹੀ ਸੰਗਰਾਂਦਾਂ ’ਚ 3 ਦਿਨਾਂ ਦਾ ਫ਼ਰਕ ਪੈ ਜਾਵੇਗਾ। ਇਸੇ ਤਰ੍ਹਾਂ 20 ਮਿੰਟ ਦੀ ਸੋਧ ਕਰਨ ਨਾਲ ਨਾਨਕਸ਼ਾਹੀ ਕੈਲੰਡਰ ਦੇ ਕੁਝ ਮਹੀਨਿਆਂ ਦਾ ਅਰੰਭ; ਬਿਕ੍ਰਮੀ ਕੈਲੰਡਰ ਦੀਆਂ ਸੰਗਰਾਂਦਾਂ ਨਾਲੋਂ 1-2 ਦਿਨਾਂ ਦੇ ਫ਼ਰਕ ਨਾਲ ਹੈ। ਜੇ ਗੁਰੂ ਸਾਹਿਬਾਨ ਵੇਲੇ ਪ੍ਰਚਲਿਤ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਅਤੇ 1964 ’ਚ ਹਿੰਦੂਆਂ ਵੱਲੋਂ ਸੋਧੇ ਬਿਕ੍ਰਮੀ ਕੈਲੰਡਰ (ਦ੍ਰਿਕ ਗਣਿਤ) ਦੀਆਂ ਜੰਤਰੀਆਂ ’ਚ ਹਰ ਸਾਲ 3 ਤੋਂ 5 ਸੰਗਰਾਂਦਾਂ ’ਚ ਇੱਕ ਦਿਨ ਦਾ ਫ਼ਰਕ, ਇਨ੍ਹਾਂ ਨੂੰ ਨਜ਼ਰ ਨਹੀਂ ਆ ਰਿਹਾ ਤਾਂ ਸਿੱਖ ਵਿਦਵਾਨਾਂ ਦੁਆਰਾ ਕੀਤੀ ਸੋਧ ਨਾਲ ਕੁਝ ਸੰਗਰਾਂਦਾਂ ’ਚ 1 ਜਾਂ 2 ਦਿਨਾਂ ਦੇ ਫ਼ਰਕ ’ਤੇ ਇਤਰਾਜ਼ ਕਿਉਂ ? ਜਿਸ ਸੰਗਰਾਂਦ ਦਾ ਵੇਰਵਾ; ਗੁਰੂ ਗ੍ਰੰਥ ਸਾਹਿਬ ਜੀ ’ਚ ਨਹੀਂ ਮਿਲਦਾ, ਉਸ ਸੰਗਰਾਂਦ ਦਾ ਇੱਕ ਅੱਧ ਦਿਨ ਅੱਗੇ ਪਿੱਛੇ ਹੋਣ ਨਾਲ਼ ਐਨਾ ਦਰਦ ਕਿਉਂ ? ਆਪਣੇ ਗੁਰੂ ਸਾਹਿਬਾਨਾਂ ਦੇ ਗੁਰਪੁਰਬਾਂ ਦਾ 18-19 ਦਿਨ ਅੱਗੇ ਪਿੱਛੇ ਆਉਣ ਨਾਲ਼ ਇਨ੍ਹਾਂ ਨੂੰ ਕੋਈ ਚਿੰਤਾ ਨਹੀਂ ! ਗਰਮੀ ’ਚ ਆਉਣ ਵਾਲੇ ਗੁਰਪੁਰਬ; ਜੇਕਰ ਅਗਾਂਹ ਸਰਦੀ ’ਚ ਆ ਜਾਣ ਤਾਂ ਵੀ ਕੋਈ ਚਿੰਤਾ ਨਹੀਂ ਹੋਣੀ !
ਇਹ ਲੋਕ ਜਾਂ ਤਾਂ ਜਾਣ ਬੁੱਝ ਕੇ ਭੋਲ਼ੇ ਭਾਲ਼ੇ ਸਿੱਖਾਂ ਨੂੰ ਗੁਮਰਾਹ ਕਰ ਰਹੇ ਹਨ ਜਾਂ ਕੈਲੰਡਰ ਸੋਧਾਂ ਦੇ ਇੰਟਰਨੈਸ਼ਨਲ ਨਿਯਮਾਂ ਤੋਂ ਬਿਲਕੁਲ ਅਣਜਾਣ ਅਤੇ ਬੇ ਸਮਝ ਹਨ। ਅਜਿਹੇ ਇਤਰਾਜ਼ ਕਰਨ ਵਾਲ਼ੇ ਵਿਦਵਾਨਾਂ ਨੂੰ ਸਵਾਲ ਕਰਨਾ ਬਣਦਾ ਹੈ:
(ਅ). ਜੂਲੀਅਨ ਕੈਲੰਡਰ ਦੀ 25 ਦਸੰਬਰ ਨੂੰ ਈਸਾਈ ਜਗਤ ਕ੍ਰਿਸਮਿਸ ਮਨਾਉਂਦੇ ਸਨ। ਰੋਮ ਚਰਚ ਨੇ 1582 ਈ: ’ਚ ਆਪਣੇ ਕੈਲੰਡਰ ’ਚ 10 ਦਿਨ ਦੀ ਸੋਧ ਕਰਕੇ ਗ੍ਰੈਗੋਰੀਅਨ ਕੈਲੰਡਰ ਲਾਗੂ ਕਰ ਲਿਆ ਸੀ, ਤਾਂ ਭੀ ਉਹ ਕ੍ਰਿਸਮਿਸ; ਗ੍ਰੈਗੋਰੀਅਨ ਕੈਲੰਡਰ ਦੀ 25 ਦਸੰਬਰ ਨੂੰ ਹੀ ਮਨਾ ਰਹੇ ਹਨ, ਨਾ ਕਿ ਇਸ ਵਿੱਚ 10 ਦਿਨਾਂ ਦੀ ਸੋਧ ਲਾ ਕੇ 4 ਜਨਵਰੀ ਨੂੰ ਮਨਾਉਣਾ ਸ਼ੁਰੂ ਕੀਤਾ ਹੈ।
ਇਸੇ ਤਰ੍ਹਾਂ ਇੰਗਲੈਂਡ ਨੇ 1752 ਈ: ’ਚ 11 ਦਿਨ ਦੀ ਸੋਧ ਲਾ ਕੇ ਗ੍ਰੈਗੋਰੀਅਨ ਕੈਲੰਡਰ ਲਾਗੂ ਕਰ ਲਿਆ ਤਾਂ ਭੀ ਉਨ੍ਹਾਂ ਨੇ ਕ੍ਰਿਸਮਿਸ ਦਾ ਤਿਉਹਾਰ; ਗ੍ਰੈਗੋਰੀਅਨ ਕੈਲੰਡਰ ਦੀ 25 ਦਸੰਬਰ ਨੂੰ ਹੀ ਮਨਾਉਣਾ ਜਾਰੀ ਰੱਖਿਆ ਹੈ, ਨਾ ਕਿ 11 ਦਿਨਾਂ ਦੀ ਸੋਧ ਲਾ ਕੇ 5 ਜਨਵਰੀ ਨੂੰ ਮਨਾਉਣ ਦੀ ਕਿਸੇ ਨੇ ਮੰਗ ਕੀਤੀ ਹੈ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ; ਬਿਕ੍ਰਮੀ ਕੈਲੰਡਰ ਦੀ ੨੩ ਪੋਹ ਸੰਮਤ ੧੭੨੩ ਨੂੰ ਹੋਇਆ ਸੀ। ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਪਿੱਛੋਂ ਭੀ ਇਹ ਪ੍ਰਕਾਸ਼ ਪੁਰਬ; ਨਾਨਕਸ਼ਾਹੀ ੨੩ ਪੋਹ ਨੂੰ ਹੀ ਮਨਾਇਆ ਜਾਣਾ ਢੁਕਦਾ ਹੈ। ੨੩ ਪੋਹ ਨੂੰ ਅੰਗਰੇਜ਼ੀ ਤਾਰੀਖ਼ ਭਾਵੇਂ ਕੋਈ ਵੀ ਹੋਵੇ।
(ੲ). 1964 ’ਚ ਹਿੰਦੂ ਵਿਦਵਾਨਾਂ ਵੱਲੋਂ ਸੂਰਜ ਸਿਧਾਂਤ ਦੀ ਥਾਂ ਦ੍ਰਿਕ ਗਣਿਤ ਸਿਧਾਂਤ ਲਾਗੂ ਕਰਨ ਨਾਲ ਅੱਜ ਕੱਲ੍ਹ 3 ਤੋਂ 5 ਸੰਗਰਾਂਦਾਂ ’ਚ ਇੱਕ ਦਿਨ ਦਾ ਫ਼ਰਕ ਹੈ, ਪਰ ਜੇ ਪਿਛਲੀਆਂ ਤਾਰੀਖ਼ਾਂ ਦ੍ਰਿਕ ਗਣਿਤ ਨਾਲ ਕੱਢੀਆਂ ਜਾਣ ਤਾਂ 1469 ਈਸਵੀ/ਸੰਮਤ ੧੫੨੬ ਬਿਕ੍ਰਮੀ ਦੇ (ਕੱਤਕ ਮਹੀਨੇ ਤੋਂ ਇਲਾਵਾ) 11 ਮਹੀਨਿਆਂ ਦੀਆਂ ਸੰਗਰਾਂਦਾਂ ਸੂਰਯ ਸਿਧਾਂਤ ਨਾਲੋਂ ਇੱਕ ਦਿਨ ਪਹਿਲਾਂ ਆਈਆਂ ਹਨ; ਜਿਵੇਂ ਕਿ ਸੂਰਯ ਸਿਧਾਂਤ ’ਚ ਸੰਮਤ ੧੫੨੬ ਵਾਲਾ ੧ ਵੈਸਾਖ; ਦ੍ਰਿਕ ਗਣਿਤ ਸਿਧਾਂਤ ਦੇ ਸੰਮਤ ੧੫੨੫ ’ਚ ੩੧ ਚੇਤ ਬਣੇਗਾ। ਆਮ ਵੇਖਣ ਨੂੰ ਇਹ ਇਕ ਸਾਲ ਦਾ ਫ਼ਰਕ ਜਾਪੇਗਾ, ਪਰ ਅਸਲ ’ਚ ਇਹ ਇੱਕ ਦਿਨ ਦਾ ਹੀ ਅੰਤਰ ਹੈ ਕਿਉਂਕਿ ਬਿਕ੍ਰਮੀ ਕੈਲੰਡਰ ਦਾ ਨਵਾਂ ਸਾਲ ੧ ਵੈਸਾਖ ਤੋਂ ਸ਼ੁਰੂ ਹੁੰਦਾ ਹੈ। ਇਸ ਹਿਸਾਬ ੩੧ ਚੇਤ, ਸੰਮਤ ੧੫੨੫ ਦਾ ਅੰਤਮ ਦਿਨ ਹੈ ਤੇ ੧ ਵੈਸਾਖ ਨਵੇਂ ਸੰਮਤ ੧੫੨੬ ਦਾ ਪਹਿਲਾ ਦਿਨ ਹੈ।
2999 ਈ:/ਸੰਮਤ ੩੦੫੬ ’ਚ ਵੈਸਾਖ, ਹਾੜ, ਸਾਵਣ, ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਅਤੇ ਫੱਗਣ 9 ਮਹੀਨਿਆਂ ਦੀਆਂ ਸੂਰਯ ਸਿਧਾਂਤ ਦੀਆਂ ਸੰਗਰਾਂਦਾਂ ਦ੍ਰਿਕ ਗਣਿਤ ਸਿਧਾਂਤ ਨਾਲੋਂ 3 ਦਿਨ ਪਿੱਛੋਂ ਆਉਣਗੀਆਂ ਅਤੇ ਬਾਕੀ 3 ਮਹੀਨਿਆਂ, ਚੇਤ ਜੇਠ ਅਤੇ ਮਾਘ ਦੀਆਂ ਸੂਰਯ ਸਿਧਾਂਤ ਦੀਆਂ ਸੰਗਰਾਂਦਾਂ ਦ੍ਰਿਕ ਗਣਿਤ ਸਿਧਾਂਤ ਨਾਲੋਂ 2 ਦਿਨ ਪਿੱਛੋਂ ਆਉਣਗੀਆਂ। ੧ ਵੈਸਾਖ ਸੰਮਤ ੩੦੫੬ (ਸੂਰਯ ਸਿਧਾਂਤ)/2999 ਈ: ਵਾਲੇ ਦਿਨ ਦ੍ਰਿਕ ਗਣਿਤ ਸਿਧਾਂਤ ਦੀ ੪ ਵੈਸਾਖ ਸੰਮਤ ੩੦੫੬ ਹੋਵੇਗੀ। ਸੂਰਯ ਸਿਧਾਂਤ ਦੀ ੨੩ ਪੋਹ ਸੰਮਤ ੩੦੫੬ ਵਾਲੇ ਦਿਨ ਦ੍ਰਿਕ ਗਣਿਤ ਸਿਧਾਂਤ ਦੀ ੨੬ ਪੋਹ ਸੰਮਤ ੩੦੫੬ ਹੋਵੇਗੀ। ਇਸ ਦਾ ਭਾਵ ਇਹ ਹੋਇਆ ਕਿ ਸੰਮਤ ੧੭੫੬/1699 ਈ: ਤੋਂ ਸੰਮਤ ੩੦੫੬/2999 ਈ: ਤੱਕ 1300 ਸਾਲਾਂ ’ਚ ਵੈਸਾਖੀ ਦਾ ਸੂਰਯ ਸਿਧਾਂਤ ਦਾ ਦ੍ਰਿਕ ਗਣਿਤ ਨਾਲੋਂ 4 ਦਿਨਾਂ (੩੧ ਚੇਤ ਤੋਂ ੪ ਵੈਸਾਖ ਤੱਕ) ਦਾ ਫ਼ਰਕ ਪੈ ਜਾਵੇਗਾ। ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ’ਚ ਸੰਮਤ ੧੭੨੩/1666 ਈ: ਤੋਂ ਸੰਮਤ ੩੦੫੬/2999 ਈ: ਤੱਕ 1330 ਸਾਲਾਂ ’ਚ 3 ਦਿਨਾਂ (੨੩ ਪੋਹ ਤੋਂ ੨੬ ਪੋਹ ਤੱਕ) ਦਾ ਫ਼ਰਕ ਪੈ ਜਾਵੇਗਾ। ਇਸ ਦੇ ਬਾਵਜੂਦ 1964 ’ਚ ਦ੍ਰਿਕ ਗਣਿਤ ਸਿਧਾਂਤ ਲਾਗੂ ਕਰਨ ਸਮੇਂ ਕਿਸੇ ਨੇ ਗੁਰਪੁਰਬ ਨਿਸ਼ਚਿਤ ਕਰਨ ਲਈ ਸੂਰਯ ਸਿਧਾਂਤ ਕੈਲੰਡਰ ਦੇ ਕਿਸੇ ਵੀ ਪ੍ਰਵਿਸ਼ਟੇ ਨੂੰ ਦ੍ਰਿਕ ਗਣਿਤ ’ਚ ਤਬਦੀਲ ਕਰਕੇ ਨਹੀਂ ਲਿਖਿਆ ਸਗੋਂ ਸੂਰਜੀ ਸਿਧਾਂਤ ਕੈਲੰਡਰ ਦੇ ਪ੍ਰਵਿਸ਼ਟਿਆਂ/ਤਿੱਥਾਂ ਨੂੰ ਹੀ ਦ੍ਰਿਕ ਗਣਿਤ ਕੈਲੰਡਰ ਦੇ ਪ੍ਰਵਿਸ਼ਟਿਆਂ ਵਜੋਂ ਮਾਣਤਾ ਦਿੱਤੀ ਗਈ। ਠੀਕ ਇਸੇ ਤਰ੍ਹਾਂ 1999 ਈ: ’ਚ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਸਮੇਂ ਪ੍ਰਚਲਤ ਦ੍ਰਿਕ ਗਣਿਤ ਸਿਧਾਂਤ ਦੇ ਪ੍ਰਵਿਸ਼ਟਿਆਂ ਨੂੰ ਹੀ ਨਾਨਕਸ਼ਾਹੀ ਕੈਲੰਡਰ ਦੇ ਪ੍ਰਵਿਸ਼ਟਿਆਂ ਵਜੋਂ ਮਾਨਤਾ ਦਿੱਤੇ ਜਾਣ ’ਚ ਕੁਝ ਵੀ ਗੈਰ ਸਿਧਾਂਤਕ ਵਿਧੀ ਨਹੀਂ ਅਪਣਾਈ ਗਈ।
(ਸ). ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਨਾ ਸਮੇਂ ਲਾਗੂ ਸੂਰਯ ਸਿਧਾਂਤ ਆਧਾਰਿਤ ਬਿਕ੍ਰਮੀ ਕੈਲੰਡਰ ਦੀ ਹਾੜ ਵਦੀ ੫, ੧੮ ਹਾੜ ਸੰਮਤ ੧੬੬੩/15 ਜੂਨ 1606 ਜੂਲੀਅਨ ਸੀ। ਦ੍ਰਿਕ ਸਿਧਾਂਤ ’ਚ ਤਬਦੀਲ ਕੀਤਿਆਂ ਇਹ, ਸੰਮਤ ੧੬੬੩ ’ਚ ਹਾੜ ਵਦੀ ੬, ੧੭ ਹਾੜ ਬਣਦੀ ਹੈ। ਇਹ ਹੈ ਗੋਰਖ਼ਧੰਦਾ ! ! ਜੇ ਚੰਦ੍ਰ ਤਿੱਥ ਮੁਤਾਬਕ ਸਿਰਜਨਾ ਦਿਵਸ ਨਿਸ਼ਚਿਤ ਕਰੀਏ ਤਾਂ ਮੌਜੂਦਾ ਕੈਲੰਡਰ ’ਚ ਸੂਰਯ ਸਿਧਾਂਤ ਤੋਂ ੧ ਦਿਨ ਬਾਅਦ ਹੋਵੇਗਾ, ਪਰ ਜੇ ਪ੍ਰਵਿਸ਼ਟੇ ਨੂੰ ਮੁੱਖ ਰੱਖਿਆ ਜਾਵੇ ਤਾਂ ਸੂਰਯ ਸਿਧਾਂਤ ਤੋਂ ੧ ਦਿਨ ਪਹਿਲਾਂ ਹੋਵੇਗਾ ਯਾਨੀ ਇੱਕੋ ਦਿਹਾੜਾ ਨਿਸ਼ਚਿਤ ਕਰਨ ਲਈ ਦੋ ਦਿਨਾਂ ਦਾ ਅੰਤਰ ਪੈਂਦਾ ਹੈ। ਅੱਜ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਸਮੇਂ ਜਿਹੜੇ ਸਾਰੀਆਂ ਤਾਰੀਖ਼ਾਂ ਨੂੰ ਜੂਲੀਅਨ ਜਾਂ ਗ੍ਰੈਗੋਰੀਅਨ ਕੈਲੰਡਰ ਦੇ ਪੈਮਾਨੇ ਨਾਲ ਵਾਚਣ ਦੀ ਜ਼ਿਦ ਫੜੀ ਬੈਠੇ ਹਨ, ਉਹ 1964 ’ਚ ਹਿੰਦੂਆਂ ਵੱਲੋਂ ਕੀਤੀ ਸੋਧ ਸਮੇਂ ਚੁੱਪ ਕਿਉਂ ਰਹੇ ! ! ਜੇ ਉਸ ਸਮੇਂ ਸਮਝ ਨਹੀਂ ਸੀ ਤਾਂ ਹੁਣ ਕੰਪਿਊਟਰ ਯੁੱਗ ’ਚ ਬਦਲਣ ਦਾ ਉਦਮ ਕਰਕੇ ਵਿਖਾਉਣ ?
(ਹ). ਬਿਕ੍ਰਮੀ ਸੰਮਤ ੨੦੭੮/2021 ਈ: ’ਚ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਉਨ੍ਹਾਂ ਦੇ ਸਮੇਂ ਪ੍ਰਚਲਿਤ ਸੂਰਯ ਸਿਧਾਂਤ ਕੈਲੰਡਰ ਮੁਤਾਬਕ ਕੱਤਕ ਸੁਦੀ ੧੧; 15 ਨਵੰਬਰ ਨੂੰ ਸੀ, ਜੋ ਮੌਜੂਦਾ ਪ੍ਰਚਲਿਤ ਦ੍ਰਿਕ ਸਿਧਾਂਤ ਕੈਲੰਡਰ ’ਚ ਕੱਤਕ ਸੁਦੀ ੧੧; 14 ਨਵੰਬਰ ਹੈ। ਸ੍ਰੋਮਣੀ ਕਮੇਟੀ ਨੇ ਭਗਤ ਨਾਮਦੇਵ ਜੀ ਦਾ ਆਗਮਨ ਪੁਰਬ; 2021 ਈ: ’ਚ ਪ੍ਰਚਲਿਤ ਸੂਰਯ ਸਿਧਾਂਤ ਕੈਲੰਡਰ ਅਨੁਸਾਰ 15 ਨਵੰਬਰ ਨੂੰ ਅਣਡਿੱਠ ਕਰ ਮੌਜੂਦਾ ਕੈਲੰਡਰ ਦੀ ਕੱਤਕ ਸੁਦੀ ੧੧ ਮੁਤਾਬਕ 14 ਨਵੰਬਰ ਨੂੰ ਮਨਾਇਆ, ਆਦਿ।
ਉਕਤ ਕੁਝ ਮਿਸਾਲਾਂ ਤੋਂ ਇਹੀ ਸੇਧ ਮਿਲਦੀ ਹੈ ਕਿ ਕਿਸੇ ਵੀ ਕੈਲੰਡਰ ’ਚ ਸੋਧ ਕਰਨ ਸਮੇਂ ਸੋਧ ਲਾਗੂ ਹੋਣ ਦੀ ਮਿਤੀ ਤੋਂ ਪਹਿਲਾਂ ਪੁਰਾਣੇ ਕੈਲੰਡਰ ਦੀਆਂ ਤਿੱਥਾਂ (ਤਾਰੀਖ਼ਾਂ) ਨੂੰ ਹੀ ਨਵੇਂ ਕੈਲੰਡਰ ਦੀਆਂ ਹੂ-ਬਹੂ ਤਿੱਥਾਂ (ਤਾਰੀਖ਼ਾਂ) ਮੰਨਣਾ ਉਚਿਤ ਹੁੰਦਾ ਹੈ, ਨਾ ਕਿ ਅਤੀਤ ਦੀਆਂ ਤਾਰੀਖ਼ਾਂ ਨੂੰ ਭੀ ਨਵੇਂ ਕੈਲੰਡਰ ਦੇ ਫ਼ਾਰਮੂਲੇ ਨਾਲ ਸੋਧ ਕੇ ਲਿਖਣਾ ਬਣਦਾ ਹੈ। ਜੇਕਰ ਕੋਈ ਸਰਕਾਰ ਆਪਣੇ ਪੁਰਾਣੇ ਕਿਸੇ ਨਿਯਮ ’ਚ ਸੋਧ ਕਰਦੀ ਹੈ; ਤਾਂ ਸਜ਼ਾ ਭੁਗਤ ਚੁੱਕੇ ਕੈਦੀਆਂ ਨੂੰ ਉਸ ਨਵੇਂ ਬਣੇ ਨਿਯਮ ਦੇ ਪੈਮਾਨੇ ਨਾਲ਼ ਮੁੜ ਵਧੀਕ ਸਜ਼ਾ ਜਾਂ ਛੋਟ ਨਹੀਂ ਦਿੱਤੀ ਜਾਂਦੀ ਬਲਕਿ ਅਗਾਂਹ ਲਈ ਹੀ ਕੀਤੇ ਅਪਰਾਧ ਨੂੰ ਨਵੇਂ ਨਿਯਮ ਦੇ ਪੈਮਾਨੇ ’ਚ ਵਾਚਿਆ ਜਾਂਦਾ ਹੈ। ਜੇਕਰ ਐਨੀ ਕੁ ਸਮਝ ਭੀ ਨਾ ਰੱਖਣ ਵਾਲ਼ੇ ਵਿਅਕਤੀ ਦੀ ਜ਼ਿੱਦ ਪੂਰੀ ਕਰਨ ਲਈ ਅਤੀਤ ਦੀਆਂ ਸਭ ਤਾਰੀਖ਼ਾਂ ਭੀ ਨਵੇਂ ਕੈਲੰਡਰ ਅਨੁਸਾਰ ਸੋਧ ਦਿੱਤੀਆਂ ਜਾਣ ਤਾਂ ਅਤੀਤ ’ਚ ਲਿਖੀਆਂ ਸਾਰੀਆਂ ਇਤਿਹਾਸਕ ਪੁਸਤਕਾਂ; ਨਵੇਂ ਖੋਜੀ ਇਤਿਹਾਸਕਾਰਾਂ ਲਈ ਦੁਬਿਧਾਵਾਂ ਹੀ ਖੜ੍ਹੀਆਂ ਕਰਨਗੀਆਂ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਤਾਰੀਖ਼ (੨੩ ਪੋਹ ਸੰਮਤ ੧੭੨੩/22 ਦਸੰਬਰ 1666) ਨੂੰ 5 ਜਨਵਰੀ 1667 ਲਿਖਣਾ ਜਾਂ ਗੁਰਪੁਰਬ ੨੩ ਪੋਹ/ 1 ਜਨਵਰੀ ਨਿਰਧਾਰਿਤ ਕਰਨ ਵਾਲ਼ੀ ਜ਼ਿੱਦ ਨਿਰੀ ‘‘ਕੂੜੇ ਮੂਰਖ ਕੀ ਹਾਠੀਸਾ॥’’ (ਮਹਲਾ ੫/੭੩੮) ਵਾਲ਼ੀ ਜ਼ਿਦ ਹੈ।
(ਖ). ਚੰਦਰ ਕੈਲੰਡਰ ਨੂੰ ਸਭ ਤੋਂ ਸ਼ੁੱਧ ਅਤੇ ਕੁਦਰਤੀ ਕੈਲੰਡਰ ਮੰਨਿਆ ਜਾ ਰਿਹਾ ਹੈ। ਇਸ ਦੀਆਂ ਕੁਝ ਤਿੱਥਾਂ ’ਚ 1 ਦਿਨ ਦਾ ਫ਼ਰਕ ਤਾਂ ਅਕਸਰ ਵੇਖੀਦਾ ਹੈ, ਪਰ ਕਈ ਵਾਰ ਮਹੀਨੇ ਦਾ ਭੀ ਅੰਤਰ ਪੈ ਜਾਂਦਾ ਹੈ; ਜਿਵੇਂ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ, ਤਤਕਾਲੀ ਸੂਰਯ ਸਿਧਾਂਤ ਆਧਾਰਿਤ ਬਿਕ੍ਰਮੀ ਕੈਲੰਡਰ ਦੀ ਅਧਿਕ ਚੇਤ ਸੁਦੀ ੫, ਸੰਮਤ ੧੭੦੧, ੬ ਚੇਤ ਸੰਮਤ ੧੭੦੦ (3 ਮਾਰਚ 1644 ਜੂਲੀਅਨ) ਦਿਨ ਐਤਵਾਰ ਨੂੰ ਜੋਤੀ-ਜੋਤ ਸਮਾਏ ਸਨ, ਪਰ ਜੇ ਅਜੋਕੇ ਦ੍ਰਿਕ ਗਣਿਤ ਆਧਾਰਿਤ ਫ਼ਾਰਮੂਲੇ ਨਾਲ ਅਤੀਤ ਨੂੰ ਵਾਚੀਏ ਤਾਂ ਉਸ ਦਿਨ; ਫੱਗਣ ਸੁਦੀ ੫, ੬ ਚੇਤ ਸੰਮਤ ੧੭੦੦ (3 ਮਾਰਚ 1644) ਬਣਦੀ ਹੈ।
ਸੰਨ 1964 ’ਚ ਦ੍ਰਿਕ ਗਣਿਤ ਸਿਧਾਂਤ ਲਾਗੂ ਹੋਣ ਤੋਂ ਬਾਅਦ ਸ੍ਰੋਮਣੀ ਕਮੇਟੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੋਤੀ-ਜੋਤ ਗੁਰਪੁਰਬ ਚੇਤ ਸੁਦੀ ੫ ਨੂੰ ਆਧਾਰ ਮੰਨ ਕੇ ਦਿਨ ਨਿਸ਼ਚਿਤ ਕਰਦੀ ਹੈ; ਨਾ ਕਿ ਅਜੋਕੇ ਸੋਧ ਕੀਤੇ ਬਿਕ੍ਰਮੀ ਕੈਲੰਡਰ ਨੂੰ ਆਧਾਰ ਬਣਾ ਪਿਛੋਕੜ (ਅਤੀਤ) ਭੀ ਸੋਧ ਕੇ ਫੱਗਣ ਸੁਦੀ ੫ ਮੁਤਾਬਕ ਨਿਸ਼ਚਿਤ ਕਰਦੀ ਹੈ।
(ਗ). ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਤੋਂ 5 ਦਿਨ ਪਹਿਲਾਂ; ਸੂਰਯ ਸਿਧਾਂਤ ਆਧਾਰਿਤ ਚੇਤ ਵਦੀ ੧੫, ੧ ਚੇਤ ਸੰਮਤ ੧੭੦੦ (27 ਫ਼ਰਵਰੀ 1644) ਨੂੰ ਗੁਰੂ ਹਰਿਰਾਇ ਸਾਹਿਬ ਜੀ ਗੁਰਗੱਦੀ ’ਤੇ ਬਿਰਾਜਮਾਨ ਹੋਏ ਸਨ। ਜੇ ਇਸ ਦਿਨ ਨੂੰ ਭੀ ਅਜੋਕੇ ਦ੍ਰਿਕ ਗਣਿਤ ਸਿਧਾਂਤ ਨਾਲ ਪਿਛੋਕੜ (ਅਤੀਤ) ਵਾਚੀਏ ਤਾਂ ਅਧਿਕ ਫੱਗਣ ਵਦੀ ੧੫, ੧ ਚੇਤ ਸੰਮਤ ੧੭੦੦ (27 ਫ਼ਰਵਰੀ 1644) ਬਣਦਾ ਹੈ ਜਦ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ; ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਗੱਦੀ ਪੁਰਬ; ਸੰਨ 1964 ’ਚ ਸੋਧ ਕੀਤੇ ਗਏ ਅਜੋਕੇ ਦ੍ਰਿਕ ਗਣਿਤ ਸਿਧਾਂਤ ਅਨੁਸਾਰ ਚੇਤ ਵਦੀ ੧੫ ਹੀ ਨਿਸ਼ਚਿਤ ਕਰਦੀ ਹੈ, ਨਾ ਕਿ ਅਜੋਕੇ ਕੈਲੰਡਰ ਦੇ ਪੈਮਾਨੇ ਨਾਲ਼ ਅਤੀਤ ਦੀਆਂ ਸੋਧਾਂ ਕਰਨ ਉਪਰੰਤ ਫੱਗਣ ਵਦੀ ੧੫ ਮੁਤਾਬਕ ਨਿਸ਼ਚਿਤ ਕਰਦੀ ਹੈ।
(ਘ). ਸ੍ਰੀ ਦਰਬਾਰ ਸਾਹਿਬ ਵਿਖੇ ‘ਆਦਿ ਗ੍ਰੰਥ’ ਸਾਹਿਬ (ਪੋਥੀ ਪਰਮੇਸੁਰ ਕਾ ਥਾਨੁ) ਦਾ ਪਹਿਲਾ ਪ੍ਰਕਾਸ਼; ਤਤਕਾਲੀ ਸੂਰਯ ਸਿਧਾਂਤ ਆਧਾਰਿਤ ਬਿਕ੍ਰਮੀ ਕੈਲੰਡਰ ਅਨੁਸਾਰ ਭਾਦੋਂ ਸੁਦੀ ੧, ੧੭ ਭਾਦੋਂ ਸੰਮਤ ੧੬੬੧/16 ਅਗਸਤ 1604 ਈ: ਨੂੰ ਕੀਤਾ ਗਿਆ ਸੀ। ਜੇ ਇਸ ਦਿਨ ਦੀ ਅਜੋਕੇ ਦ੍ਰਿਕ ਗਣਿਤ ਆਧਾਰਿਤ ਸਿਧਾਂਤ ਨਾਲ਼ ਤਿੱਥ ਕੱਢੀਏ ਤਾਂ ਭਾਦੋਂ ਸੁਦੀ ੨ ਬਣੇਗਾ। ਕੀ ਕਦੇ ਕਿਸੇ ਨੇ ਮੰਗ ਕੀਤੀ ਹੈ ਕਿ ਸੰਨ 1964 ’ਚ ਦ੍ਰਿਕ ਗਣਿਤ ਸਿਧਾਂਤ ਲਾਗੂ ਹੋਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ; ਇਸ ਬਦਲੇ ਹੋਏ ਕੈਲੰਡਰ ਦੀ ਭਾਦੋਂ ਸੁਦੀ ੨ ਅਨੁਸਾਰ ਮਨਾਇਆ ਜਾਵੇ ?
ਸਵਾਲ 4. ਸਾਰੇ ਪੁਰਾਤਨ ਧਰਮਾਂ ਵਾਲੇ ਆਪਣੇ ਧਾਰਮਿਕ ਦਿਹਾੜੇ ਚੰਦਰ ਤਿੱਥਾਂ ਮੁਤਾਬਕ ਮਨਾ ਰਹੇ ਹਨ ਤਾਂ ਸਾਨੂੰ ਚੰਦਰ ਤਿੱਥਾਂ ਦਾ ਤਿਆਗ ਕਰਨ ਦੀ ਕੀ ਲੋੜ ਪੈ ਗਈ ?
ਜਵਾਬ : ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਨੁੱਖ ਨੂੰ ਸਭ ਤੋਂ ਪਹਿਲਾਂ ਦਿਨ-ਰਾਤ, ਮੱਸਿਆ, ਪੂਰਨਮਾਸ਼ੀ ਆਦਿ ਦੀ ਹੀ ਸੋਝੀ ਹੋਈ। ਗ੍ਰਿਹਸਤ ਤੋਂ ਉਪਰਾਮ ਹੋ ਕੇ ਜੰਗਲ਼ਾਂ ’ਚ ਕੁਟੀਆ ਬਣਾ ਕੇ ਰਹਿਣ ਵਾਲੇ ਰਿਸ਼ੀਆਂ ਮੁਨੀਆਂ ਨੂੰ ਰਾਤ ਨੂੰ ਚੰਦ ਦੀਆਂ ਵਧਦੀਆਂ ਘਟਦੀਆਂ ਕਲਾਵਾਂ ਨੂੰ ਗਹੁ ਨਾਲ ਵਾਚਣ ਦਾ ਮੌਕਾ ਮਿਲਦਾ ਸੀ। ਉਨ੍ਹਾਂ ਨੇ ਨੋਟ ਕੀਤਾ ਕਿ ਇੱਕ ਰਾਤ; ਅਕਾਸ਼ ’ਚ ਪੂਰਾ ਚੰਦਰਮਾ ਚਮਕਦਾ ਹੈ, ਜਿਸ ਨੂੰ ਪੂਰਨਮਾਸ਼ੀ ਦਾ ਨਾਂ ਦਿੱਤਾ ਗਿਆ। ਪੂਰਨਮਾਸ਼ੀ ਤੋਂ ਅਗਲੇ ਦਿਨ ਚੰਦਰਮਾ ਦਾ ਪ੍ਰਕਾਸ਼ ਦੇਣ ਵਾਲਾ ਹਿੱਸਾ ਥੋੜ੍ਹਾ ਥੋੜ੍ਹਾ ਕਰਕੇ ਘਟਣਾ ਸ਼ੁਰੂ ਹੋ ਜਾਂਦਾ ਹੈ (Waning)। ਘਟਦਾ ਘਟਦਾ ਇੱਕ ਰਾਤ; ਚੰਦ ਬਿਲਕੁਲ ਅਲੋਪ ਹੋ ਜਾਂਦਾ ਹੈ, ਜਿਸ ਨੂੰ ਮੱਸਿਆ ਕਿਹਾ ਗਿਆ। ਮੱਸਿਆ ਤੋਂ ਬਾਅਦ ਚੰਦ੍ਰਮਾ ਫਿਰ ਹੌਲ਼ੀ ਹੌਲ਼ੀ ਵਧਦਾ ਜਾਂਦਾ (Waxing) ਪੂਰਨਮਾਸ਼ੀ ਬਣਾ ਦਿੰਦਾ ਹੈ। ਹੌਲ਼ੀ ਹੌਲ਼ੀ ਹਿਸਾਬ ਕਿਤਾਬ ਕਰਦਿਆਂ ਉਨ੍ਹਾਂ ਨੇ ਅੰਦਾਜ਼ਾ ਲਾਇਆ ਕਿ ਚੰਦ ਨੂੰ ਮੱਸਿਆ ਤੋਂ ਮੱਸਿਆ ਤੱਕ ਜਾਂ ਪੂਰਨਮਾਸ਼ੀ ਤੋਂ ਪੂਰਨਮਾਸ਼ੀ ਤੱਕ ਪਹੁੰਚਣ ਲਈ 29/30 ਦਿਨ ਲੱਗਦੇ ਹਨ। ਜਿਸ ਨੂੰ ਇੱਕ ਮਹੀਨੇ ਦਾ ਨਾਂ ਦਿੱਤਾ ਗਿਆ। ਐਸੇ 12 ਮਹੀਨਿਆਂ ਦਾ ਇੱਕ ਸਾਲ ਬਣ ਗਿਆ।
ਪੂਰਨਮਾਸ਼ੀ ਤੋਂ ਮੱਸਿਆ (ਨਵੇਂ ਚੰਦ ਦੇ ਦਿਨ) ਤੱਕ, ਧਰਤੀ ਤੋਂ ਚੰਦਰਮਾ ਦੇ ਪ੍ਰਕਾਸ਼ ਵਾਲੇ ਖੇਤਰ ਦੀ ਦਿੱਖ ’ਚ ਥੋੜ੍ਹੀ ਥੋੜ੍ਹੀ ਲਗਾਤਾਰ ਕਮੀ ਆਉਂਦੀ ਰਹਿੰਦੀ ਹੈ (Waning)। ਇਸ ਪੱਖ ਦੀਆਂ ਤਿੱਥਾਂ ਨਾਲ ‘ਵਦੀ’ ਲਿਖ ਲਿਆ। ਨਵੇਂ ਚੰਦਰਮਾ (ਮੱਸਿਆ) ਤੋਂ ਪੂਰਨਮਾਸ਼ੀ ਤੱਕ, ਧਰਤੀ ਤੋਂ ਵੇਖਿਆਂ ਚੰਦਰਮਾ ਦੇ ਪ੍ਰਕਾਸ਼ ਵਾਲੇ ਖੇਤਰ ਦੀ ਦਿੱਖ ਥੋੜ੍ਹੀ ਥੋੜ੍ਹੀ ਵਧਦੀ ਰਹਿੰਦੀ ਹੈ (Waxing)। ਇਨ੍ਹਾਂ ਤਿੱਥਾਂ ਨਾਲ ‘ਸੁਦੀ’ ਲਿਖਿਆ ਜਾਣ ਲੱਗਾ। ਸੁਦੀ ਅਤੇ ਵਦੀ; ਇਨ੍ਹਾਂ ਦੋ ਪੱਖਾਂ ਦਾ ਇੱਕ ਚੰਦਰ ਮਹੀਨਾ (29/30 ਦਿਨ) ਹੁੰਦਾ ਹੈ। ਇੱਦਾਂ ਦੀਆਂ ਗਿਣਤੀਆਂ ਮਿਣਤੀਆਂ ਨਾਲ ਜਦੋਂ ਕਿਸੇ ਨੇ ਸਭ ਤੋਂ ਪਹਿਲਾਂ ਚੰਦਰ ਕੈਲੰਡਰ ਬਣਾਇਆ ਹੋਵੇਗਾ ਤਾਂ ਇਹ ਗਿਆਨ, ਮਨੁੱਖ ਦੇ ਜੀਵਨ ’ਚ ਇੱਕ ਕ੍ਰਾਂਤੀ ਤੋਂ ਘੱਟ ਨਹੀਂ ਸੀ। ਵੈਸੇ ਇਸ ਦਾ ਕੋਈ ਇਤਿਹਾਸ ਨਹੀਂ ਮਿਲਦਾ ਕਿ ਸਭ ਤੋਂ ਪਹਿਲਾਂ ਚੰਦਰ ਕੈਲੰਡਰ ਕਿਸ ਨੇ ਅਤੇ ਕਦੋਂ ਈਜ਼ਾਦ ਕੀਤਾ। ਇੰਨਾ ਕੁ ਜ਼ਰੂਰ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਸ੍ਰੀ ਰਾਮ ਚੰਦਰ ਜੀ, ਸ੍ਰੀ ਕ੍ਰਿਸ਼ਨ ਜੀ ਅਤੇ ਹੋਰਨਾਂ ਧਰਮਾਂ ਦੇ ਅਵਤਾਰਾਂ ਸਮੇਂ ਚੰਦਰ ਕੈਲੰਡਰ ਪ੍ਰਚਲਤ ਹੋ ਚੁੱਕੇ ਸਨ ਪਰ ਸੂਰਜੀ ਕੈਲੰਡਰ ਹਾਲੀ ਹੋਂਦ ’ਚ ਨਹੀਂ ਆਏ ਸਨ ਤਾਹੀਓਂ ਪੁਰਾਤਨ ਧਰਮਾਂ ਦੇ ਅਵਤਾਰਾਂ ਦੇ ਜਨਮ ਦਿਨ, ਜੋ ਕਿ ਸੀਨਾ ਬਸੀਨਾ ਸੁਣਦੇ ਹਾਂ, ਉਹ ਸਭ ਵਦੀ ਸੁਦੀ ਦੀਆਂ ਤਿੱਥਾਂ ਦੇ ਹਿਸਾਬ ਮਨਾਏ ਜਾਣ ਲੱਗੇ; ਜਿਵੇਂ ਕਿ ਰਾਮ ਨੌਵੀਂ = ਸ੍ਰੀ ਰਾਮ ਚੰਦਰ ਜੀ ਦਾ ਜਨਮ ਦਿਨ ਚੇਤ ਸੁਦੀ ੯, ਜਨਮ ਅਸ਼ਟਮੀ = ਸ੍ਰੀ ਕ੍ਰਿਸ਼ਨ ਜੀ ਦਾ ਜਨਮ ਦਿਨ ਭਾਦੋਂ ਸੁਦੀ ੮ ਆਦਿ। ਇਸੇ ਤਰ੍ਹਾਂ ਹੋਰ ਰਿਸ਼ੀਆਂ-ਮੁਨੀਆਂ, ਅਵਤਾਰਾਂ ਤੇ ਪੈਗ਼ੰਬਰਾਂ ਦੇ ਜਨਮ ਦਿਨ; ਕੇਵਲ ਚੰਦਰਮਾ ਦੀਆਂ ਤਿੱਥਾਂ ਅਨੁਸਾਰ ਪ੍ਰਚਲਿਤ ਹਨ। ਕਿਸੇ ਦਾ ਭੀ ਸੰਮਤ ਅਤੇ ਪ੍ਰਵਿਸ਼ਟਾ ਲਿਖਿਆ ਨਹੀਂ ਮਿਲਦਾ। ਹਿੰਦੂ ਧਰਮ ਨਾਲ ਸਬੰਧਿਤ ਜਿੰਨੇ ਵੀ ਵਰਤ/ਤਿਉਹਾਰ ਆਦਿ ਹਨ, ਉਹ ਭੀ ਤਿੱਥਾਂ ਆਧਾਰਿਤ ਹਨ; ਜਿਵੇਂ ਕਿ ਟਿੱਕਾ ਭਾਈ ਦੂਜ, ਤੀਜ ਦੀਆਂ ਤੀਆਂ, ਕਰਵਾ ਚੌਥ, ਬਸੰਤ ਪੰਚਮੀ, ਛਟ ਪੂਜਾ, ਦੁਸਹਿਰਾ, ਇਕਾਦਸੀ ਦਾ ਵਰਤ ਆਦਿ।
ਜਦ ਉਸ ਸਮੇਂ ਸੂਰਜੀ ਕੈਲੰਡਰ ਲਾਗੂ ਹੀ ਨਹੀਂ ਸਨ ਅਤੇ ਨਾ ਹੀ ਉਨ੍ਹਾਂ ਦੇ ਜਨਮ ਦਿਨ ਦਾ ਕੋਈ ਸੰਮਤ ਲਿਖਿਆ ਹੋਇਆ ਮਿਲਦਾ ਹੈ ਤਾਂ ਜੋ ਉਨ੍ਹਾਂ ਤਿੱਥਾਂ ਨੂੰ ਕਿਸੇ ਪ੍ਰਵਿਸ਼ਟੇ ਜਾਂ ਸੂਰਜੀ ਤਾਰੀਖ਼ ’ਚ ਤਬਦੀਲ ਕੀਤਾ ਜਾ ਸਕਦਾ। ਹੁਣ ਉਨ੍ਹਾਂ ਦੇ ਅਤੀਤ ਦੀ ਮਜਬੂਰੀ ਨੂੰ ਆਧਾਰ ਬਣਾ ਸਿੱਖਾਂ ਲਈ ਧਾਰਮਿਕ ਅਸੂਲ ਨਹੀਂ ਬਣ ਸਕਦੇ ਕਿ ਸਾਰੇ ਧਰਮਾਂ ਦੇ ਮੁਖੀਆਂ ਦੇ ਦਿਨ ਚੰਦਰਮਾ ਆਧਾਰਿਤ ਤਿੱਥਾਂ ਮੁਤਾਬਕ ਹਨ, ਇਸ ਲਈ ਸਾਨੂੰ ਭੀ ਚੰਦਰਮਾ ਕੈਲੰਡਰ ਹੀ ਅਪਣਾਉਣਾ ਚਾਹੀਦਾ ਹੈ।
ਸਿੱਖ ਧਰਮ ਦੇ ਵਜੂਦ ’ਚ ਆਉਣ ਤੋਂ ਬਹੁਤ ਪਹਿਲਾਂ ਹੀ ਸੂਰਜੀ ਕੈਲੰਡਰ ਹੋਂਦ ’ਚ ਆ ਚੁੱਕੇ ਸਨ। ਸਿੱਖ ਇਤਿਹਾਸ ਲਿਖਣ ਲਈ ਪ੍ਰਵਿਸ਼ਟਿਆਂ ਅਤੇ ਚੰਦਰ ਤਿੱਥਾਂ; ਦੋਵੇਂ ਤਰ੍ਹਾਂ ਦੀਆਂ ਪੱਧਤੀਆਂ ਦੀ ਵਰਤੋਂ ਹੋਈ ਹੈ। ਬਹੁਤ ਸਾਰੇ ਹੁਕਮਨਾਮੇ ਵੀ ਐਸੇ ਮਿਲਦੇ ਹਨ, ਜਿਨ੍ਹਾਂ ’ਤੇ ਪ੍ਰਵਿਸ਼ਟੇ ਲਿਖੇ ਹੋਏ ਹਨ। ਜਿੱਥੇ ਨਹੀਂ ਵੀ ਲਿਖੇ, ਉਹ ਭੀ ਹੁਣ ਬੜੀ ਆਸਾਨੀ ਨਾਲ ਪ੍ਰਵਿਸ਼ਟਿਆਂ ’ਚ ਤਬਦੀਲ ਹੋ ਸਕਦੇ ਹਨ। ਇਸ ਲਈ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ; ਨਿਸ਼ਚਿਤ ਕਰਨ ਲਈ ਤਿੱਥਾਂ ਨੂੰ ਛੱਡ ਕੇ ਪ੍ਰਵਿਸ਼ਟਿਆਂ ਦੀ ਵਰਤੋਂ ਕਰਨ ਨਾਲ ਕੋਈ ਅਸੂਲਣ ਅਵੱਗਿਆ ਨਹੀਂ ਹੋਣ ਵਾਲ਼ੀ ਤੇ ਨਾ ਹੀ ਗੁਰਬਾਣੀ ’ਚ ਇਹ ਲਿਖਿਆ ਮਿਲਦਾ ਹੈ ਕਿ ਗੁਰੂ, ਭਗਤਾਂ, ਆਦਿ ਦੇ ਜਨਮ ਦਿਨ; ਕੇਵਲ ਚੰਦਰਮਾ ਆਧਾਰਿਤ ਵਦੀਆਂ/ਸੁਦੀਆਂ (ਤਿੱਥਾਂ) ਮੁਤਾਬਕ ਹੀ ਮਨਾਏ ਜਾਣ ਅਤੇ ਕੁੱਝ ਦਿਹਾੜੇ ਪ੍ਰਵਿਸ਼ਟਿਆਂ ਤੇ ਈਸਵੀ ਕੈਲੰਡਰ ਦੀਆਂ ਤਾਰੀਖ਼ਾਂ ਅਨੁਸਾਰ ਮਨਾਏ ਜਾਣ। ਇਨ੍ਹਾਂ ਚੰਦਰਮਾ ਆਧਾਰਿਤ ਤਿੱਥਾਂ ਤੇ ਸੂਰਜ ਆਧਾਰਿਤ ਦਿਨਾਂ (ਵਾਰਾਂ) ਨੂੰ ਸ਼ੁਭ-ਅਸ਼ੁਭ ਮੰਨ ਕੇ ਪੂਜਾ ਕਰਨ ਵਾਲੇ ਪੂਜਾਰੀਆਂ ਨੂੰ ਗੁਰਬਾਣੀ ਤਾੜਨਾ ਕਰਦੀ ਹੈ, ਗਵਾਰ ਕਹਿੰਦੀ ਹੈ: ‘‘ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ; ਮੁਗਧ ਗਵਾਰ ॥’’ (ਮਹਲਾ ੩/੮੪੩)
ਐਸੇ ਲੋਕ; ਹੱਥ ’ਚ ਗਿਆਨ ਦਾ ਦੀਵਾ ਲੈ ਕੇ ਮਾਨੋ ਅਗਿਆਨਤਾ ਦੇ ਖੂਹ ’ਚ ਡਿੱਗੇ ਹੁੰਦੇ ਹਨ, ‘‘ਚਉਦਸ ਅਮਾਵਸ ਰਚਿ ਰਚਿ ਮਾਂਗਹਿ; ਕਰ ਦੀਪਕੁ ਲੈ, ਕੂਪਿ ਪਰਹਿ॥’’ (ਭਗਤ ਕਬੀਰ ਜੀ/੯੭੦) ਅਰਥ : (ਹੇ ਪੰਡਿਤ !) ਚੌਦੇਂ, ਮੱਸਿਆ (ਆਦਿ ਨੂੰ ਸ਼ੁਭ/ਅਸ਼ੁਭ) ਬਣਾ ਕੇ ਤੂੰ (ਜਜ਼ਮਾਨਾਂ ਪਾਸੋਂ) ਮੰਗਦਾ ਹੈਂ (ਸ਼ਰਮ ਨਹੀਂ ਆਉਂਦੀ। ਧਾਰਮਿਕ ਗਿਆਨ ਰੂਪ) ਦੀਵਾ ਹੱਥਾਂ ਉੱਤੇ ਰੱਖ ਕੇ ਖੂਹ ’ਚ ਡਿੱਗ ਰਿਹਾ ਹੈਂ।
‘‘ਗਣਿ ਗਣਿ ਜੋਤਕੁ; ਕਾਂਡੀ ਕੀਨੀ॥ ਪੜੈ ਸੁਣਾਵੈ; ਤਤੁ ਨ ਚੀਨੀ॥ ਸਭਸੈ ਊਪਰਿ; ਗੁਰ ਸਬਦੁ ਬੀਚਾਰੁ॥ ਹੋਰ ਕਥਨੀ ਬਦਉ ਨ; ਸਗਲੀ ਛਾਰੁ॥’’ (ਮਹਲਾ ੧/੯੦੫) ਅਰਥ : ਜੋਤਸ਼ (ਦੇ ਲੇਖੇ) ਗਿਣ ਗਿਣ (ਪੰਡਿਤ; ਜਜ਼ਮਾਨ ਦੇ ਪੁੱਤਰ ਦੀ) ਜਨਮ ਪੱਤ੍ਰੀ ਬਣਾਉਂਦਾ ਹੈ, (ਜੋਤਸ਼ ਬਾਰੇ ਆਪ) ਪੜ੍ਹਦਾ ਹੈ ਤੇ (ਜਜ਼ਮਾਨ ਨੂੰ) ਸੁਣਾਉਂਦਾ ਹੈ, ਪਰ ਸਚਾਈ ਨਹੀਂ ਪਛਾਣਦਾ ਕਿ ਐਸੀਆਂ ਗੱਲਾਂ ਨਾਲ਼ੋਂ ਸ੍ਰੇਸ਼ਟ ਗੱਲ; ਗੁਰੂ ਦੇ ਸ਼ਬਦ ਦੀ ਵੀਚਾਰ ਕਰਨਾ ਹੈ, ਉਸ ਵੀਚਾਰ ਨੂੰ ਮਨ ’ਚ ਵਸਾਉਣਾ ਹੈ। ਸੋ ਮੈਂ (ਤਾਂ ਪ੍ਰਭੂ ਤੋਂ ਬਿਨਾਂ ਐਸੇ ਵਹਿਮ-ਭਰਮ ਵਾਲੀ) ਹੋਰ ਗੱਲ ਕਰਨਾ ਨਹੀਂ ਜਾਣਦਾ। ਇਹ ਸਾਰੀਆਂ ਵਿਚਾਰਾਂ ਮੇਰੇ ਲਈ ਸੁਆਹ ਸਮਾਨ ਵਿਅਰਥ ਹਨ।
ਦਰਅਸਲ ਸਿੱਖਾਂ ਲਈ ਉਹੀ ਦਿਨ ਸ਼ੁਭ ਹੈ, ਜਿਸ ਦਿਨ ਪ੍ਰਭੂ ਚੇਤੇ ਆਵੇ। ਜਦ ਚੇਤੇ ’ਚੋਂ ਵਿਸਰ ਗਿਆ ਤਾਂ ਸਮਝੋ ਉਹੀ ਦਿਨ ਅਸ਼ੁਭ ਹੈ : ‘‘ਨਾਨਕ ! ਸੋਈ ਦਿਨਸੁ ਸੁਹਾਵੜਾ; ਜਿਤੁ, ਪ੍ਰਭੁ ਆਵੈ ਚਿਤਿ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ; ਫਿਟੁ ਭਲੇਰੀ ਰੁਤਿ॥’’ (ਮਹਲਾ ੫/੩੧੮)
ਗੁਰਬਾਣੀ ਨੂੰ ਧਿਆਨ ’ਚ ਰੱਖਦਿਆਂ ਸਿੱਖਾਂ ਲਈ ੨੩ ਪੋਹ ਜਾਂ ਪੋਹ ਸੁਦੀ ੭ ’ਚ ਕੋਈ ਫ਼ਰਕ ਨਹੀਂ। ਵੈਸੇ ਇਤਿਹਾਸਕ ਸਚਾਈ ਜਾਣਨ ਲਈ ਇਹੀ ਉਚਿਤ ਹੈ ਕਿ ਜਿਨ੍ਹਾਂ ਰੁੱਤਾਂ ’ਚ ਜੋ ਘਟਨਾਵਾਂ ਵਾਪਰੀਆਂ ਹੋਣ; ਉਨ੍ਹਾਂ ਨੂੰ ਉਸੇ ਰੁੱਤ ’ਚ ਵਿਚਾਰਨਾ ਬਣਦਾ ਹੈ; ਜੈਸਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼; ਪੋਹ ਸੁਦੀ ੭/੨੩ ਪੋਹ ਸੰਮਤ ੧੭੨੩ ਨੂੰ ਹੋਇਆ ਸੀ, ਜੋ ਠੰਡੀ ਰੁੱਤ ਸੀ; ਭਵਿੱਖ ’ਚ ਭੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ; ਸਦਾ ਠੰਡੀ ਰੁੱਤ ’ਚ ਹੀ ਆਵੇ। ਇਹ ਤਾਂ ਹੀ ਸੰਭਵ ਹੋਣਾ ਹੈ ਜੇਕਰ ਸੂਰਜ ਆਧਾਰਿਤ ਨਾਨਕਸ਼ਾਹੀ ਕੈਲੰਡਰ ਦੀ ੨੩ ਪੋਹ ਲਈ ਜਾਵੇ। ਬਿਕ੍ਰਮੀ ਕੈਲੰਡਰ ਕਾਰਨ ਜੋ ਫ਼ਰਕ ਹੁਣ ਤੱਕ ਪੈਣਾ ਸੀ, ਉਹ ਪੈ ਚੁੱਕਾ ਹੈ; ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ’ਤੇ ਅਗਾਂਹ ਲਈ ੨੩ ਪੋਹ; ਸਦਾ ਹੀ 5 ਜਨਵਰੀ ਨੂੰ ਆਵੇਗਾ, ਜੋ ਠੰਡ ਰੁੱਤ ਤੋਂ ਵਿਛੜਨ ਵਾਲ਼ਾ ਨਹੀਂ।
ਸੋ ਸਾਰਅੰਸ਼ ਇਹੀ ਹੈ ਕਿ ਸਾਰੇ ਦਿਹਾੜਿਆਂ ਲਈ ਪ੍ਰਵਿਸ਼ਟਿਆਂ ਨੂੰ ਪ੍ਰਮੁਖਤਾ ਦੇਣਾ ਬਿਲਕੁਲ ਜਾਇਜ਼ ਹੈ ਕਿਉਂਕਿ ਜੇ ਚੰਦਰ-ਸੂਰਜੀ ਕੈਲੰਡਰ ’ਚ 19 ਸਾਲਾਂ ’ਚ 7 ਵਾਰ ਇੱਕ ਵਾਧੂ ਚੰਦਰ ਮਹੀਨਾ ਜੋੜ ਕੇ ਉਸ ਨੂੰ ਰੁੱਤਾਂ ਦੇ ਨੇੜੇ ਹੀ ਕਰਨਾ ਹੈ ਤਾਂ ਕਿਉਂ ਨਾ ਕੇਵਲ ਸੂਰਜੀ ਕੈਲੰਡਰ ਆਧਾਰਿਤ ਸਾਰੇ ਦਿਹਾੜੇ ਮਨਾ ਲਏ ਜਾਣ ਤਾਂ ਕਿ ਸਾਰੀਆਂ ਘਟਨਾਵਾਂ ਦੀ Choronolgy ’ਚ ਹਮੇਸ਼ਾਂ ਲਈ ਇਕਸਾਰਤਾ ਬਣੀ ਰਹੇ। ਜਿਸ ਤਰ੍ਹਾਂ ਚੰਦ ਦਾ ਧਰਤੀ ਦੁਆਲੇ ਚੱਕਰ ਕੱਟਣਾ; ਇਕ ਕੁਦਰਤੀ ਪ੍ਰਕਿਰਿਆ ਹੈ; ਉਸੇ ਤਰ੍ਹਾਂ ਧਰਤੀ ਦਾ ਸੂਰਜ ਦੀ ਪ੍ਰਕਰਮਾ ਕਰਨਾ ਭੀ ਕੁਦਰਤੀ ਵਿਧਾਨ ਹੀ ਹੈ। ਇਸੇ ਤਰ੍ਹਾਂ ਸਾਲ ’ਚ ਦੋ ਵਾਰ ਦਿਨ ਰਾਤ ਬਰਾਬਰ ਹੋਣਾ (Equinox) ਜਾਂ ਸਾਲ ’ਚ ਇੱਕ ਸਮਾਂ ਐਸਾ ਆਉਣਾ, ਜਦ ਦਿਨ; ਸਭ ਤੋਂ ਵੱਡਾ ਦਿਨ ਤੇ ਰਾਤ; ਸਭ ਤੋਂ ਛੋਟੀ ਰਾਤ ਹੋਣਾ (Summer Solstice) ਜਾਂ ਸਾਲ ’ਚ ਇੱਕ ਸਮਾਂ ਐਸਾ ਆਉਣਾ, ਜਦ ਦਿਨ; ਸਭ ਤੋਂ ਛੋਟਾ ਦਿਨ ਤੇ ਰਾਤ; ਸਭ ਤੋਂ ਵੱਡੀ ਰਾਤ ਹੋਣਾ (Winter Solstice) ਆਦਿ ਘਟਨਾਵਾਂ ਭੀ ਕੁਦਰਤੀ ਹੀ ਵਾਪਰਦੀਆਂ ਹਨ।