ਕੌਣ ਕਰਾ ਰਿਹਾ ਹੈ ਬੇਅਦਬੀ ?
ਹਰਪ੍ਰੀਤ ਸਿੰਘ ਸਰਹੰਦ, 88475-46903
ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੇਅਦਬੀ ਕੌਣ ਕਰਾ ਰਿਹਾ ਹੈ। ਤੁਸੀਂ ਸਭ-ਕੁੱਝ ਜਾਣਦੇ ਹੋ । ਤੁਸੀਂ ਕੋਈ ਅਣਜਾਣ ਬੱਚੇ ਨਹੀਂ ਹੋ। ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸੱਤ ਸਾਲ ਦੇ ਲਖਤੇ ਜਿਗਰ ਬਾਬਾ ਫਤਿਹ ਸਿੰਘ ਜੀ ਨੂੰ ਚੰਗੇ-ਮਾੜੇ ਦਾ ਪਤਾ ਸੀ ਤਾਂ ਤੁਹਾਨੂੰ ਚੰਗੇ ਮਾੜੇ ਬੰਦੇ ਦੀ ਪਰਖ ਕਿਉਂ ਨਹੀਂ ਹੈ। ਤੁਸੀਂ ਤਾਂ ਬਾਬਾ ਫਤਿਹ ਸਿੰਘ ਜੀ ਤੋਂ ਦੁਗਣੀ, ਤਿਗਣੀ, ਚੋਗੁਣੀ ਉਮਰ ਦੇ ਹੋ। ਅਕਾਲ ਪੁਰਖ ਵਾਹਿਗੁਰੂ ਨੇ ਸਭ ਨੂੰ ਦਿਮਾਗ ਦਿੱਤਾ ਹੈ। ਕਿਸੇ ਦੀਆਂ ਗੱਲਾਂ ਵਿੱਚ ਕਿਉਂ ਆਉਦੇ ਹੋ। ਗੁਰੂ ਕੋਲੋਂ ਮੱਤ ਲੈ ਕੇ ਆਪਣੀ ਦਿਮਾਗ ਦਾ ਇਸਤੇਮਾਲ ਕਿਉਂ ਨਹੀਂ ਕਰਦੇ। ਕਿਉਂ ਕਿਸੇ ਦੀਆਂ ਗੱਲਾਂ ਦਾ ਵਿਸ਼ਵਾਸ ਕਰ ਲੈਂਦੇ ਹੋ। ਸੰਨ 2015 ਤੋਂ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਤੇ ਇਹ ਰੁਕਣ ਦਾ ਨਾਮ ਵੀ ਨਹੀਂ ਲੈ ਰਹੀਆਂ। ਹੁਣ ਤਾਂ ਦੋਖੀਆਂ ਨੇ ਸਿੱਖਾਂ ਦੇ ਮੁੱਖ ਕੇਂਦਰੀ ਅਸਥਾਨ ਦਰਬਾਰ ਸਾਹਿਬ (ਸ੍ਰੀ ਅਮ੍ਰਿਤਸਰ ਸਾਹਿਬ ) ਜਾ ਹੱਥ ਪਾਇਆ ਹੈ। ਭਾਵੇਂ ਕਿ ਉਸ ਦੋਖੀ ਨੂੰ ਆਪਣੇ ਕੀਤੇ ਹੋਏ ਦੀ ਸਜ਼ਾ ਮਿਲ ਚੁੱਕੀ ਹੈ ਪਰ ਅਸਲ ਦੋਸ਼ੀ ਹਲੇ ਵੀ ਹੱਥ ਨਹੀਂ ਆਇਆ। ਕਹਿਣ ਤੋਂ ਭਾਵ ਜੋ ਬੇਅਦਬੀ ਕਰਵਾ ਰਿਹਾ ਹੈ। ਜੋ ਮਾਸਟਰ-ਮਾਈਡ ਇਹਨਾਂ ਪਿਆਦਿਆਂ ਨੂੰ ਵਰਤ ਰਿਹਾ ਹੈ। ਉਸ ਦਾ ਚਿਹਰਾ ਹਲੇ ਵੀ ਪਰਦੇ ਦੇ ਪਿੱਛੇ ਹੀ ਹੈ। ਅਸੀਂ ਉਡੀਕ ਕਰ ਰਹੇ ਹਾਂ ਕਿ ਪ੍ਰਸ਼ਾਸ਼ਨ, ਦੇਸ਼ ਦਾ ਕਾਨੂੰਨ ਜਾਂ ਪੁਲਿਸ ਕੁੱਝ ਕਰੇਗੀ, ਪਰ ਸਾਨੂੰ ਸਾਰਿਆਂ ਨੂੰ ਇਹ ਵੀ ਪਤਾ ਹੀ ਹੈ ਕਿ ਕਾਨੂੰਨ ਦੇ ਰਖਵਾਲੇ ਵੀ ਕਿਸੇ ਦੇ ਹੁਕਮ ਅਨੁਸਾਰ ਹੀ ਚੱਲਦੇ ਹੁੰਦੇ ਹਨ। ਇਹ ਕੋਈ ਆਮ ਮਸਲਾ ਨਹੀਂ ਹੈ। ਇਸ ਮਸਲੇ ਦੀਆਂ ਤਾਰਾਂ ਰਾਜਨੀਤੀ ਅਤੇ ਧਾਰਮਿਕ ਮਸਲਿਆਂ ਨਾਲ ਬਹੁਤ ਡੁੰਘੀਆਂ ਜੁੜਦੀਆਂ ਹਨ। ਇਹ ਏਨਾਂ ਕੁ ਗੁੱਝਲ਼ਦਾਰ ਮਸਲਾ ਹੈ ਕਿ ਇਸ ਨੂੰ ਹੱਲ ਕਰ ਦੇਣਾ ਕਿਸੇ ਇੱਕ ਵਿਅਕਤੀ ਜਾਂ ਸਿੱਖ ਦੇ ਹੱਥ ਵੱਸ ਨਹੀਂ ਹੈ। ਵੈਸੇ ਵੀ ਆਮ ਸਿੱਖ ਦੀ ਤਾਂ ਹਾਲਤ ਕੁੱਝ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਉਸ ਨੂੰ ਹੁਣ ਇਹ ਗੱਲ ਛੋਟੀ ਜਿਹੀ ਜਾਪਣ ਲੱਗ ਗਈ ਹੈ। ਆਮ ਸਿੱਖ ਹੁਣ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਬਾਰੇ ਸੁਣਦਾ ਹੈ, ਥੋੜ੍ਹਾ ਅਫਸੋਸ ਕਰਦਾ ਹੈ ਤੇ ਅਗਲੇ ਹੀ ਦਿਨ ਸਭ ਕੁੱਝ ਭੁੱਲ ਜਾਦਾ ਹੈ, ਪਰ ਜਾਗਦੀ ਜਮੀਰ ਵਾਲੇ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਕੋਈ ਉਨ੍ਹਾਂ ਦੇ ਗੁਰੂ ਦੀ ਬੇਅਦਬੀ ਕਰੇ। ਸੋ ਇਸ ਲੇਖ ਵਿੱਚ ਆਪਾ ਇਹੀ ਵੇਖਾਂਗੇ ਕਿ ਇਹ ਸਭ ਕੁੱਝ ਕੌਣ ਕਰਵਾ ਰਿਹਾ ਹੈ ਤੇ ਕੌਣ ਕਰ ਰਿਹਾ ਹੈ ?
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ : ਇਹ ਬਿਲਕੁਲ ਸੱਚ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਬੰਦੇ ਨਸ਼ੇੜੀ ਹੁੰਦੇ ਹਨ ਪਰ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਕਮਜ਼ੋਰ ਦੱਸਿਆ ਜਾਂਦਾ ਹੈ ਜੋ ਕਿ ਕੋਰਾ ਝੂਠ ਹੁੰਦਾ ਹੈ। ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਹਨ ਉਹ ਬਿਲਕੁਲ ਠੀਕ ਠਾਕ ਹੁੰਦੇ ਹਨ। ਉਹ ਕਿਸੇ ਵੀ ਤਰ੍ਹਾਂ ਦੇ ਮਾਨਸਿਕ ਰੋਗੀ ਨਹੀਂ ਹੁੰਦੇ ਹਾਂ ਉਹ ਗਰੀਬ ਪਰਿਵਾਰਾਂ ਵਿੱਚੋਂ ਜ਼ਰੂਰ ਹੁੰਦੇ ਹਨ। ਇਨ੍ਹਾਂ ਬੰਦਿਆਂ ਦਾ ਕੋਈ ਵੀ ਧਰਮ ਨਹੀਂ ਹੁੰਦਾ। ਇਹ ਨਾ ਹੀ ਹਿੰਦੂ ਹੁੰਦੇ ਹਨ। ਨਾ ਹੀ ਮੁਸਲਮਾਨ ਜਾਂ ਇਸਾਈ ਅਤੇ ਨਾ ਹੀ ਸਿੱਖ। ਇਹ ਕੇਵਲ ਤੇ ਕੇਵਲ ਲਾਲਚੀ ਇਨਸਾਨ ਹੁੰਦੇ ਹਨ, ਜੋ ਗਰੀਬ ਹੋਣ ਕਰਕੇ ਪੈਸਿਆਂ ਦੇ ਲਾਲਚ ਵਿੱਚ ਆ ਕੇ ਕੁੱਝ ਵੀ ਕਰਨ ਲਈ ਤਿਆਰ ਹੋ ਜਾਦੇ ਹਨ। ਇਹ ਗੁਰੂ ਘਰ ਅੰਦਰ ਵੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਫਾੜ ਦਿੰਦੇ ਹਨ ਜਾਂ ਗੁਟਕਾ ਸਾਹਿਬ, ਬਾਣੀ ਦੀਆਂ ਪੋਥੀਆਂ ਜਾਂ ਹੋਰ ਧਾਰਮਿਕ ਗ੍ਰੰਥ ਫਾੜ ਕੇ ਗਲੀਆਂ ਆਦਿ ਵਿੱਚ ਸੁਟ ਦਿੰਦੇ ਹਨ। ਇਹ ਇਸ ਗੱਲ ਤੋਂ ਬਿਲਕੁਲ ਬੇਖਬਰ ਹੁੰਦੇ ਹਨ ਕਿ ਜੇ ਉਹ ਇਹ ਸਭ ਕਰਦੇ ਹੋਏ ਫੜੇ ਜਾਣ ਤਾਂ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ। ਅਸਲ ਵਿੱਚ ਇਹ ਉਹ ਲੋਕ ਹੁੰਦੇ ਹਨ, ਜਿਨ੍ਹਾਂ ਦੇ ਅੰਦਰ ਦੀ ਇਨਸਾਨੀਅਤ ਮਰ ਚੁੱਕੀ ਹੁੰਦੀ ਹੈ। ਨਸ਼ੇ ਅਤੇ ਗਰੀਬੀ ਨੇ ਇਹਨਾਂ ਦੀ ਸੋਚਣ ਸ਼ਕਤੀ ਖਤਮ ਕਰ ਦਿੱਤੀ ਹੁੰਦੀ ਹੈ। ਕੁੱਝ ਕੁ ਪੈਸਿਆਂ ਦੇ ਲਾਲਚ ਵਿੱਚ ਆ ਕੇ ਇਹ ਭੁੱਲ ਜਾਂਦੇ ਹਨ ਕਿ ਕਰ ਕੀ ਰਹੇ ਹਨ। ਅਸੀਂ ਇਹਨਾਂ ਪਿਆਦਿਆਂ ਨੂੰ ਫੜੇ ਜਾਣ ਤੇ ਚੰਗੀ ਤਰ੍ਹਾਂ ਵੇਖ ਸਕਦੇ ਹਾਂ, ਪਰ ਇਹ ਅਸਲ ਦੋਸ਼ੀ ਨਹੀਂ ਹੁੰਦੇ। ਅਸਲ ਦੋਸ਼ੀ ਤਾਂ ਉਹ ਹੁੰਦੇ ਹਨ, ਜੋ ਇਹ ਸਭ ਕੁੱਝ ਕਰਵਾਉਂਦੇ ਹਨ ਤੇ ਪਰਦੇ ਪਿਛੇ ਰਹਿੰਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲੇ ਅਸਲ ਦੋਸ਼ੀ : ਦਰਅਸਲ ਅਸਲੀ ਦੋਸ਼ੀ ਤਾਂ ਉਹ ਹਨ ਜੋ ਇਨ੍ਹਾਂ ਗਰੀਬੜੇ ਜਿਹੇ ਬੰਦਿਆਂ ਤੋਂ ਇਹ ਸਭ ਕੁੱਝ ਕਰਵਾ ਰਹੇ ਹਨ। ਇਹ ਉਹ ਲੋਕ ਹਨ ਜੋ ਸਮਾਜ ਨੂੰ ਬੇਚੇਨ ਵੇਖਣਾ ਚਾਹੁੰਦੇ ਹਨ। ਉਹ ਨਹੀਂ ਚਾਹੁੰਦੇ ਕਿ ਸਾਰੇ ਧਰਮਾਂ ਦੇ ਲੋਕ ਆਪਸ ਵਿੱਚ ਇਕੱਠੇ ਹੋ ਕੇ ਬੇਠਣ। ਇਹ ਲੋਕ ਧਰਮ ਦੇ ਨਾਮ ’ਤੇ ਵੰਡੀਆਂ ਪਾਉਣੀਆਂ ਚਾਹੁੰਦੇ ਹਨ। ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਉਂਦੇ ਹਨ। ਇਨ੍ਹਾਂ ਲੋਕਾਂ ਦਾ ਵੀ ਕੋਈ ਧਰਮ ਨਹੀਂ ਹੁੰਦਾ। ਇਹ ਰਾਜਨੀਤਕ ਲੋਕ ਵੀ ਹੋ ਸਕਦੇ ਹਨ ਤੇ ਕਿਸੇ ਖੁਫੀਆ ਏਜੰਸੀ ਦੇ ਬੰਦੇ ਵੀ ਹੋ ਸਕਦੇ ਹਨ। ਕਾਫੀ ਤਾਕਤਵਰ ਵੀ ਹੋ ਸਕਦੇ ਹਨ। ਇਹ ਲੋਕ ਕਾਨੂੰਨ ਨੂੰ ਆਪਣੀ ਜੇਬ ਵਿੱਚ ਪਾ ਕੇ ਰੱਖਦੇ ਹਨ। ਕਹਿਣ ਤੋਂ ਭਾਵ ਇਨ੍ਹਾਂ ਨੂੰ ਕਿਸੇ ਵੀ ਕਾਨੂੰਨ ਆਦਿ ਦਾ ਕੋਈ ਡਰ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਲਈ ਪਹਿਲਾਂ ਪੂਰੀ ਤਿਆਰੀ ਕੀਤੀ ਜਾਂਦੀ ਹੈ। ਪੂਰਾ ਪਲਾਨ ਤਿਆਰ ਕੀਤਾ ਜਾਂਦਾ ਹੈ। ਮੈ ਉੱਪਰ ਪਹਿਲਾਂ ਦੱਸ ਚੁੱਕਾ ਹਾਂ ਕਿ ਇਸ ਕੰਮ ਲਈ ਨਸ਼ਈ ਤੇ ਗਰੀਬ ਜਿਹੇ ਬੰਦੇ ਲੱਭੇ ਜਾਂਦੇ ਹਨ। ਫੇਰ ਉਨ੍ਹਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਇਹ ਸਭ ਕੁੱਝ ਕਰਵਾਇਆ ਜਾਂਦਾ ਹੈ। ਸਿਆਣੇ ਕਹਿੰਦੇ ਆ ਕਿ ਕਮਲੇ ਨੂੰ ਨਾ ਮਾਰੋ ਕਮਲੇ ਦੀ ਮਾਂ ਨੂੰ ਮਾਰੋ ਤਾਂ ਜੋ ਮੁੜ ਕੋਈ ਕਮਲਾ ਜਨਮ ਨਾ ਲੈ ਸਕੇ। ਬਿਲਕੁਲ ਇਸੇ ਤਰ੍ਹਾਂ ਇਹਨਾਂ ਬੇਅਦਬੀ ਕਰਨ ਵਾਲਿਆਂ ਦਾ ਤੇ ਬੇਅਦਬੀ ਕਰਵਾਉਣ ਵਾਲਿਆਂ ਦਾ ਮਾਂ-ਪੁੱਤ ਦਾ ਰਿਸ਼ਤਾ ਸਾਹਮਣੇ ਆਉਂਦਾ ਹੈ। ਪੰਜਾਬ ਦੇ ਮਹੌਲ ਨੂੰ ਖਰਾਬ ਕਰਨ ਲਈ ਇਹ ਸਭ ਚਾਲਾਂ ਚੱਲੀਆਂ ਜਾ ਰਹੀਆਂ ਹਨ। ਬਹੁਤੇ ਲੋਕਾਂ ਨੂੰ ਤਾਂ ਇਹ ਗੱਲ ਸੌਣ ਨਹੀਂ ਦੇ ਰਹੀ ਕਿ ਪੰਜਾਬ ਸਿਆ ਨੇ ਦਿੱਲੀ ਨੂੰ ਇੱਕ ਵਾਰ ਫੇਰ ਤੋਂ ਨੱਥ ਪਾ ਲਈ ਹੈ, ਜਿਹੜੇ ਚਾਹੁੰਦੇ ਸਨ ਕਿ ਪੰਜਾਬ ਦਿੱਲੀ ਦਾ ਗੁਲਾਮ ਬਣ ਜਾਵੇ। ਹੋ ਸਕਦਾ ਹੈ ਇਹ ਉਹੀ ਲੋਕ ਹੋਣ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਹੈ। ਪੰਜਾਬ ਕੀ ਉਹ ਲੋਕ ਕਿਸੇ ਵੀ ਸੂਬੇ ਨੂੰ ਖੁਸ਼ਹਾਲ ਨਹੀਂ ਦੇਖਣਾ ਚਾਹੁੰਦੇ, ਜਿਨ੍ਹਾਂ ਦੀ ਜਮੀਰ ਮਰ ਚੁੱਕੀ ਹੈ। ਸਿਆਸੀ ਬੰਦੇ ਦਾ ਵੀ ਵੈਸੇ ਕੋਈ ਦੀਨ ਧਰਮ ਨਹੀਂ ਹੁੰਦਾ। ਉਸ ਨੂੰ ਤਾਂ ਆਪਣੀਆਂ ਵੋਟਾਂ ਤੱਕ ਮਤਲਬ ਹੁੰਦਾ ਹੈ ਤੇ ਉਹ ਹਰ ਹਾਲ ਵਿੱਚ ਤੁਹਾਡੀ ਵੋਟ ਹਾਸਲ ਕਰਨੀ ਚਾਹੁੰਦਾ ਹੈ, ਇਸ ਲਈ ਭਾਵੇਂ ਬੇਅਦਬੀ ਹੀ ਕਿਉਂ ਨਾ ਕਰਵਾਉਣੀ ਪੈ ਜਾਵੇ। ਉਹ ਇਹ ਕਾਰਾ ਕਰਵਾਉਂਦਾ ਹੈ। ਸੋ ਸਾਨੂੰ ਆਪਣੀ ਅਕਲ ਦਾ ਪੂਰਾ ਇਸਤੇਮਾਲ ਕਰ ਕੇ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਸਭ ਕੌਣ ਕਰਵਾ ਰਿਹਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਮੇਂ ਆਮ ਸਿੱਖਾਂ ਦਾ ਪ੍ਰਤੀਕਰਮ:- ਕੋਈ ਵੀ ਸਿੱਖ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਉਸ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਵੇ। ਸਿੱਖ ਲਈ ਉਹ ਬੰਦਾ ਸਭ ਤੋਂ ਵੱਡਾ ਵੈਰੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਰਿਹਾ ਹੈ। ਇਹ ਸੁਭਾਵਕ ਹੀ ਹੈ ਕਿ ਹਰ ਸਿੱਖ ਇਹੀ ਆਖੇਗਾ ਕਿ ਗੁਰੂ ਦੀ ਬੇਅਦਬੀ ਕਰਨ ਵਾਲੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੇਅਦਬੀ ਕਰਨ ਵਾਲੇ ਨੂੰ ਮੌਕੇ ’ਤੇ ਹੀ ਸੋਧਾ ਲਾ ਦਿੱਤਾ ਗਿਆ। ਇਸ ਤੋਂ ਬਾਅਦ ਵੱਖ ਵੱਖ ਸਿੱਖਾਂ ਨੇ ਆਪਣੇ ਵੱਖ ਵੱਖ ਵਿਚਾਰ ਦਿੱਤੇ। ਮੁੱਖ ਰੂਪ ਵਿੱਚ ਸਾਨੂੰ ਦੋ ਤਰ੍ਹਾਂ ਦੇ ਵਿਚਾਰ ਸੁਣਨ ਨੂੰ ਮਿਲੇ। ਇੱਕ ਧੜਾ ਆਖ ਰਿਹਾ ਹੈ ਕਿ ਬੇਅਦਬੀ ਕਰਨ ਵਾਲੇ ਨੂੰ ਮੌਕੇ ’ਤੇ ਸਜ਼ਾ ਮਿਲ ਗਈ ਹੈ, ਇਹ ਬਿਲਕੁਲ ਠੀਕ ਹੋਇਆ ਹੈ ਤੇ ਦੂਸਰਾ ਧੜਾ ਆਖ ਰਿਹਾ ਹੈ ਕਿ ਬੇਅਦਬੀ ਕਰਨ ਵਾਲੇ ਨੂੰ ਮਾਰਨਾ ਨਹੀਂ ਚਾਹੀਦਾ ਸੀ। ਉਸ ਤੋਂ ਪੁੱਛ ਪੜਤਾਲ ਕਰ ਲੈਣੀ ਚਾਹੀਦੀ ਸੀ। ਗੱਲ ਕਰਦੇ ਹਾਂ ਪਹਿਲੇ ਧੜੇ ਦੀ ਉਨ੍ਹਾ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨੂੰ ਮੌਕੇ ’ਤੇ ਸੋਧਾ ਲਾ ਦੇਣਾ ਚਾਹੀਦਾ ਹੈ ਤਾਂ ਜੋ ਅੱਗੇ ਨੂੰ ਅਜਿਹੀ ਘਟਨਾ ਨਾ ਵਾਪਰੇ। ਅਸਲ ਵਿੱਚ ਹਰ ਮਨੁੱਖ ਦੀਆਂ ਭਾਵਨਾਵਾਂ ਅਲੱਗ ਅਲੱਗ ਹੁੰਦੀਆਂ ਹਨ। ਅਜਿਹਾ ਉਨ੍ਹਾਂ ਨੇ ਇਸ ਲਈ ਆਖਿਆ ਕਿਉਂਕਿ ਇਹ ਬੇਅਦਬੀਆਂ ਦਾ ਸਿਲਸਿਲਾ 2015 ਤੋਂ ਲਗਾਤਾਰ ਚੱਲਦਾ ਹੀ ਆ ਰਿਹਾ ਸੀ। ਕਈ ਦੋਸ਼ੀ ਫੜੇ ਵੀ ਗਏ, ਪਰ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਕੋਈ ਵੀ ਸਜ਼ਾ ਨਹੀਂ ਦਿੱਤੀ ਗਈ। ਸੰਨ 2015 ਤੋਂ ਹੀ ਸਾਰੀਆਂ ਸਿਆਸੀ ਪਾਰਟੀਆਂ ਨੇ ਇਸ ਗੱਲ ਨੂੰ ਮੁਹਰੇ ਰੱਖਿਆ ਕਿ ਸਾਡੀ ਸਰਕਾਰ ਆਉਣ ’ਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ ਪਰ ਸੱਤ ਸਾਲਾਂ ਵਿੱਚ ਅਜਿਹਾ ਕੁੱਝ ਵੀ ਨਾ ਵਾਪਰਿਆ। ਸਾਡੇ ਬਿਲਕੁਲ ਹੀ ਲਾਗਲੇ ਪਿੰਡ ਤਰਖਾਣ ਮਾਜਰਾ ਅਤੇ ਪਿੰਡ ਜੱਲ੍ਹਾ ਵਿਖੇ ਇੱਕੋ ਹੀ ਦਿਨ ਬੇਅਦਬੀ ਦੀਆਂ ਦੋ ਘਟਨਾਵਾਂ ਵਾਪਰੀਆਂ ਪਰ ਦੋਸ਼ੀ ਨੂੰ ਹਲੇ ਤੱਕ ਵੀ ਕੋਈ ਸਜ਼ਾ ਨਹੀਂ ਮਿਲੀ। ਬਰਗਾੜੀ, ਬਹਿਬਲ ਕਲਾਂ ਤੇ ਕੋਟਕਪੁਰੇ ਦੇ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ। ਉਲ਼ਟਾ ਪੁਲਿਸ ਦੀ ਲਾਪਰਵਾਹੀ ਕਾਰਨ ਦੋ ਸਿੰਘ ਸ਼ਹੀਦ ਹੋ ਗਏ। ਜਿਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਹੁਣ ਸਿੱਖ ਆਪਣੇ ਗੁਰੂ ਦੀ ਬੇਅਦਬੀ ਕਰਨ ਵਾਲੇ ਨੂੰ ਆਪ ਹੀ ਸਜ਼ਾ ਦੇਣ ਲੱਗ ਪਏ ਹਨ ਭਾਵੇਂ ਕਿ ਕਾਨੂੰਨ ਇਸ ਦੀ ਇਜਾਜ਼ਤ ਨਹੀਂ ਦਿੰਦਾ, ਪਰ ਕੁੱਝ ਕੁ ਸਿੱਖਾਂ ਅਤੇ ਸਿੱਖ ਜੱਥੇਬੰਦੀਆਂ ਨੂੰ ਇਹ ਠੀਕ ਲੱਗ ਰਿਹਾ ਹੈ। ਉਨ੍ਹਾਂ ਨੂੰ ਭਾਰਤੀ ਕਾਨੂੰਨ ਅਤੇ ਪੰਜਾਬ ਦੀ ਪੁਲਿਸ ’ਤੇ ਭੋਰਾ ਵੀ ਭਰੋਸਾ ਨਹੀਂ ਹੈ। ਇਸ ਤਰ੍ਹਾਂ ਦੇ ਸਿੱਖ ਆਪਣੀਆਂ ਭਾਵਨਾਵਾਂ ਨੂੰ ਕਾਬੂ ਨਹੀਂ ਕਰ ਪਾਉਂਦੇ। ਉਨ੍ਹਾਂ ਨੂੰ ਲਗਦਾ ਹੈ ਕਿ ਗੁਰੂ ਦੀ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ, ਇਸ ਲਈ ਉਹ ਜਲਦਬਾਜੀ ਵਿੱਚ ਇਹ ਫ਼ੈਸਲਾ ਲੈ ਲੈਂਦੇ ਹਨ ਤੇ ਦੋਸ਼ੀ ਨੂੰ ਆਪਣੇ ਹਿਸਾਬ ਨਾਲ ਸਜ਼ਾ ਦੇ ਦਿੰਦੇ ਹਨ। ਪੁਰਾਤਨ ਸਿੰਘ ਵੀ ਗੁਰੂ ਦੀ ਬੇਅਦਬੀ ਕਰਨ ਵਾਲੇ ਨੂੰ ਆਪ ਹੀ ਸਜ਼ਾ ਦਿਆ ਕਰਦੇ ਸਨ। ਗੁਰਬਾਣੀ ਫੁਰਮਾਨ ਹੈ ‘‘ਜੈਕਾਰੁ ਕੀਓ ਧਰਮੀਆ ਕਾ; ਪਾਪੀ ਕਉ ਡੰਡੁ ਦੀਓਇ ॥’’ (ਮਹਲਾ ੪/੮੯) ਦੂਸਰੀ ਧਿਰ ਆਖਦੀ ਹੈ ਕਿ ਦੋਸ਼ੀ ਨੂੰ ਮਾਰਨਾ ਨਹੀਂ ਚਾਹੀਦਾ, ਉਸ ਨੂੰ ਫੜ ਕੇ ਪੁੱਛ ਪੜਤਾਲ ਕਰਨੀ ਚਾਹੀਦੀ ਹੈ। ਉਸ ਤੋਂ ਇਹ ਪਤਾ ਕਰਨਾ ਚਾਹੀਦਾ ਹੈ ਕਿ ਇਹ ਬੇਅਦਬੀ ਦੀਆਂ ਘਟਨਾਵਾਂ ਕੌਣ ਕਰਵਾ ਰਿਹਾ ਹੈ। ਇਸ ਦਾ ਮੁੱਖ ਦੋਸ਼ੀ ਕੌਣ ਹੈ। ਉਨ੍ਹਾਂ ਦੇ ਹਿਸਾਬ ਨਾਲ ਇਹ ਤਰੀਕਾ ਸਹੀ ਨਹੀਂ ਹੈ। ਦੋਸ਼ੀ ਨੂੰ ਜਾਨੋਂ ਨਹੀਂ ਮਾਰਨਾ ਚਾਹੀਦਾ। ਦੋਸ਼ੀ ਨੂੰ ਮਾਰਨ ਨਾਲ ਸਬੂਤ ਵੀ ਮਰ ਜਾਂਦੇ ਹਨ। ਇਹ ਵੀ ਸੋਚਣੀ ਦੂਰ ਅੰਦੇਸ਼ੀ ਵੱਲ ਸੰਕੇਤ ਕਰਦੀ ਹੈ ਕਿ ਦੋਸ਼ੀ ਨੂੰ ਜਾਨੋ ਨਹੀਂ ਮਾਰਨਾਂ ਚਾਹੀਦਾ, ਪਰ ਮੈ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਹਰ ਮਨੁੱਖ ਦਾ ਸੋਚਣ ਦਾ ਨਜਰੀਆਂ ਅਲੱਗ ਅਲੱਗ ਹੁੰਦਾ ਹੈ। ਇੱਕ ਦਮ ਸਹੀ ਫ਼ੈਸਲਾ ਲੈਣ ਦਾ ਗੁਣ ਵੀ ਕਿਸੇ ਕਿਸੇ ਵਿੱਚ ਹੁੰਦਾ ਹੈ। ਮੌਕੇ ’ਤੇ ਮੱਦੇਨਜ਼ਰ ਕੀ ਹੋ ਜਾਵੇ, ਕਿਸੇ ਨੂੰ ਕੁੱਝ ਵੀ ਪਤਾ ਨਹੀਂ ਹੁੰਦਾ।
ਇੱਕ ਬੇਅਦਬੀ ਇਹ ਵੀ ਤਾਂ ਹੈ : ਇੱਕ ਬੇਅਦਬੀ ਗੁਰੂ ਕੇ ਸਰੂਪ ਦੀ ਹੁੰਦੀ ਹੈ ਕਹਿਣ ਤੋਂ ਭਾਵ ਜਿਵੇਂ ਦੋਖੀਆਂ ਦੁਆਰਾ ਗੁਰੂ ਕੇ ਅੰਗ ਫਾੜ ਦੇਣਾ ਜਾਂ ਅੱਗ ਲਗਾ ਦੇਣੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾ ਦੇਣਾ। ਦੂਸਰੀ ਬੇਅਦਬੀ ਹੁੰਦੀ ਹੈ ਗੁਰੂ ਦਾ ਹੁਕਮ ਨਾ ਮੰਨਣਾ, ਜੋ ਸ਼ਾਇਦ ਮੇਰੇ ਸਮੇਤ ਸਾਰੇ ਹੀ ਕਰਦੇ ਹਨ। ਗੁਰੂ ਦੇ ਹੁਕਮ ਤੋਂ ਬਾਗੀ ਹੋ ਕੇ ਗੁਰਬਾਣੀ ਨੂੰ ਨਾ ਮੰਨਣਾ ਵੀ ਗੁਰੂ ਦੀ ਬੇਅਦਬੀ ਕਰਨਾ ਹੀ ਹੁੰਦਾ ਹੈ। ਵੈਸੇ ਗੁਰਬਾਣੀ ਦੀ ਕੋਈ ਵੀ ਬੇਅਦਬੀ ਨਹੀਂ ਕਰ ਸਕਦਾ, ਪਰ ਜੇ ਅਸੀਂ ਗੁਰੂਆਂ ਦੁਆਰਾ ਲਿਖੀ ਹੋਈ ਬਾਣੀ ਅਨੁਸਾਰ ਕਰਮ ਨਹੀਂ ਕਰਦੇ ਤਾਂ ਅਸੀਂ ਗੁਰੂ ਤੋਂ ਬਾਗੀ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੀ ਕਰ ਰਹੇ ਹੁੰਦੇ ਹਾਂ। ਜਿਹੜੇ ਸਿੱਖ ਨਿਤ ਸ਼ਰਾਬ ਪੀਂਦੇ ਹਨ। ਨਸ਼ਾ ਕਰਦੇ ਹਨ ਉਹ ਗੁਰੂ ਦੇ ਹੁਕਮਾ ਦੀ ਉਲੱਘਣਾ ਕਰ ਕੇ ਗੁਰੂ ਦੀ ਬੇਅਦਬੀ ਹੀ ਕਰ ਰਹੇ ਹੁੰਦੇ ਹਨ। ਜਿਹੜੇ ਦੂਸਰਿਆ ਦਾ ਹੱਕ ਮਾਰ ਕੇ ਆਪਣਾ ਬੈਂਕ ਬੈਲੇਂਸ ਵਧਾਉਂਦੇ ਹਨ, ਉਹ ਗੁਰੂ ਦੀ ਬੇਅਦਬੀ ਹੀ ਕਰ ਰਹੇ ਹੁੰਦੇ ਹਨ। ਜਿਹੜੇ ਦੂਸਰੇ ਦੀ ਧੀ ਭੈਣ ਨੂੰ ਮੈਲ਼ੀ ਨਜ਼ਰ ਨਾਲ ਵੇਖਦੇ ਹਨ, ਉਹ ਗੁਰੂ ਦੋਖੀ ਹੀ ਹੁੰਦੇ ਹਨ। ਸੋ ਕਹਿਣ ਤੋਂ ਭਾਵ ਜਿਹੜਾ ਇਨਸਾਨ ਜਾਂ ਆਪਣੇ ਆਪ ਨੂੰ ਸਿੱਖ ਕਹਾਉਣ ਵਾਲਾ ਗੁਰਬਾਣੀ ਦੀ ਉਲੰਘਣਾ ਕਰਦਾ ਹੈ, ਉਹ ਗੁਰੂ ਦੋਖੀ ਗੁਰੂ ਦੀ ਬੇਅਦਬੀ ਹੀ ਕਰ ਰਿਹਾ ਹੁੰਦਾ ਹੈ। ਅਜਿਹੇ ਗੁਰੂ ਦੋਖੀ ਆਮ ਹੀ ਸਮਾਜ ਵਿੱਚ ਮਿਲ ਜਾਂਦੇ ਹਨ। ਸੋ ਅੰਤ ਵਿੱਚ ਮੈ ਆਪਣੇ ਸਾਰੇ ਵੀਰ ਭੈਣਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਗੁਰੂ ਦੀ ਬੇਅਦਬੀ ਕਰਨ ਵਾਲੇ ਅਤੇ ਕਰਾਉਣ ਵਾਲੇ ਸਾਡੇ ਸਮਾਜ ’ਤੇ ਕਲੰਕ ਹਨ। ਸਾਨੂੰ ਆਪਣੀ ਤੀਖਣ ਬੁੱਧੀ ਨਾਲ ਉਹਨਾਂ ਦੀ ਪਛਾਣ ਕਰਨੀ ਚਾਹੀਦੀ ਹੈ। ਚੰਗਾ ਹੋਵੇ ਜੇ ਬੇਅਦਬੀ ਕਰਨ ਵਾਲੇ ਨੂੰ ਪੁਲਿਸ ਦੇ ਹਵਾਲੇ ਨਾ ਕਰਕੇ ਪੁੱਛ ਪੜਤਾਲ ਰਾਹੀਂ ਉਸ ਨੂੰ ਉਸ ਦੇ ਅਸਲ ਮਾਲਕ ਦਾ ਪਤਾ ਪੁੱਛ ਲਿਆ ਜਾਵੇ। ਜਦੋਂ ਸਾਡੇ ਗੁਰੂ ਘਰਾਂ ਵਿੱਚ ਅਜਿਹੀ ਘਟਨਾ ਵਾਪਰਦੀ ਹੈ ਤਾਂ ਸਾਨੂੰ ਸਾਰਿਆਂ ਨੂੰ ਬੜੇ ਹੀ ਧੀਰਜ ਨਾਲ ਕੰਮ ਲੈਣਾ ਚਾਹੀਦਾ ਹੈ, ਜਲਦਬਾਜੀ ਵਿੱਚ ਕੋਈ ਵੀ ਅਜਿਹਾ ਕਦਮ ਨਹੀਂ ਪੁੱਟਣਾ ਚਾਹੀਦਾ, ਜਿਸ ਦਾ ਭਵਿੱਖ ਵਿੱਚ ਸਾਨੂੰ ਕੋਈ ਨੁਕਸਾਨ ਹੋਵੇ।
ਧੰਨਵਾਦ ਸਹਿਤ