ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕੱਤਕ ਦੀ ਪੂਰਨਮਾਸ਼ੀ ਜਾਂ ਵੈਸਾਖ ?
ਕਿਰਪਾਲ ਸਿੰਘ ਬਠਿੰਡਾ ਦੀ ਪੁਸਤਕ
‘ਨਾਨਕਸ਼ਾਹੀ ਕੈਲੰਡਰ ਬਨਾਮ ਬਿਕ੍ਰਮੀ ਕੈਲੰਡਰ’ ਵਿਚੋਂ
ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਲਈ ਤਿੰਨ ਤਾਰੀਖ਼ਾਂ ਕੱਤਕ ਦੀ ਪੂਰਨਮਾਸ਼ੀ, 15 ਅਪ੍ਰੈਲ ਅਤੇ ੧ ਵੈਸਾਖ ਮੰਨੀਆਂ ਜਾ ਰਹੀਆਂ ਹਨ। ਇੱਕ ਧਿਰ ਜੋ ਕੱਤਕ ਦੀ ਪੂਰਨਮਾਸ਼ੀ ਮੰਨਦੀ ਹੈ, ਉਨ੍ਹਾਂ ਦੇ ਸੋਮੇ, ਇਸ ਸਾਰਣੀ ਅਨੁਸਾਰ ਹਨ :
ਅਸਲ ਵਿੱਚ ਉਪਰੋਕਤ ਸੋਮਿਆਂ ਦੇ ਸਾਰੇ ਹੀ ਲੇਖਕਾਂ ਦਾ ਮੁੱਢਲਾ ਸ੍ਰੋਤ ਹੈ ‘ਭਾਈ ਬਾਲੇ ਵਾਲੀ ਜਨਮ ਸਾਖੀ’। ਭਾਈ ਬਾਲੇ ਵਾਲੀ ਜਨਮ ਸਾਖੀ ’ਚ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਮਿਤੀ ਕੱਤਕ ਸੁਦੀ ੧੫, ਸੰਮਤ ੧੫੨੬, ੨੭ਵਾਂ ਨਛੱਤਰ ਲਿਖਿਆ ਹੈ। ੨੭ਵਾਂ ਨਛੱਤਰ ਰੇਵਤੀ ਹੁੰਦਾ ਹੈ, ਪਰ ਇਸੇ ਜਨਮ ਸਾਖੀ ’ਚ ਦੂਸਰੇ ਥਾਂ ਅਨੁਰਾਧਾ ਲਿਖਿਆ ਹੈ। ਦੋਵੇਂ ਹੀ ਨਛੱਤਰ ਕੈਲੰਡਰ ਵਿਗਿਆਨ ਦੀ ਕਸਵੱਟੀ ’ਤੇ ਪੂਰੇ ਨਹੀਂ ਉਤਰਦੇ ਕਿਉਂਕਿ ਕੱਤਕ ਦੀ ਪੂਰਨਮਾਸ਼ੀ ਨੂੰ ਰੇਵਤੀ ਜਾਂ ਅਨੁਰਾਧਾ ਦੋਵਾਂ ਹੀ ਨਛੱਤਰਾਂ ’ਚੋਂ ਕਦੇ ਵੀ ਕੋਈ ਨਹੀਂ ਆਉਂਦਾ। ਕੱਤਕ ਦੀ ਪੂਰਨਮਾਸ਼ੀ ਨੂੰ ਕੇਵਲ ਪਹਿਲੇ 4 ਨਛੱਤਰ (ਅਸ਼ਵਨੀ, ਭਰਨੀ, ਕ੍ਰਿਤਿਕਾ ਅਤੇ ਰੋਹਿਣੀ) ’ਚੋਂ ਕੋਈ ਇੱਕ ਹੋ ਸਕਦਾ ਹੈ। ਕੱਤਕ ਸੁਦੀ ੧੫, ਸੰਮਤ ੧੫੨੬ ਦੀ ਪੜਤਾਲ ਕੀਤਿਆਂ ਉਸ ਦਿਨ ੨੧ ਕੱਤਕ, ਦਿਨ ਸ਼ੁੱਕਰਵਾਰ, ਅਸ਼ਵਨੀ ਨਛੱਤਰ, 20 ਅਕਤੂਬਰ 1469 ਜੂਲੀਅਨ ਬਣਦਾ ਹੈ। ਇਸ ਲਈ ਜਨਮ ਸਾਖੀ ਦੇ ਲੇਖਕ ਵੱਲੋਂ 27ਵਾਂ ਨਛੱਤਰ ਜਾਂ ਅਨੁਰਾਧਾ ਲਿਖੇ ਜਾਣਾ ਹੀ ਇਸ ਗੱਲ ਦਾ ਸਬੂਤ ਹੈ ਕਿ ਇਹ ਤਾਰੀਖ਼ ਗ਼ਲਤ ਅਤੇ ਕਾਲਪਨਿਕ ਹੈ। ਇਸ ਆਧਾਰ ’ਤੇ ਉਪਰੋਕਤ ਸਾਰੇ ਸੋਮਿਆਂ ਦੀਆਂ ਤਾਰੀਖ਼ਾਂ ਗ਼ਲਤ ਸਾਬਤ ਹੋ ਜਾਂਦੀਆਂ ਹਨ ਕਿਉਂਕਿ ਕਿਸੇ ਦਾ ਵੀ ਪ੍ਰਵਿਸ਼ਟਾ, ਦਿਨ ਅਤੇ ਨਛੱਤਰ; ਵਿਗਿਆਨਿਕ ਕਸਵੱਟੀ ’ਤੇ ਪੂਰਾ ਨਹੀਂ ਉਤਰਦਾ।
ਕਵੀ ਭਾਈ ਸੰਤੋਖ ਸਿੰਘ ਨੇ ਆਪਣੇ ਗ੍ਰੰਥ ‘ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਬਾਰਧ’ (1823 ਈ:) ਦੇ 37ਵੇਂ ਅਧਿਆਇ ‘ਨਾਨਕ ਪ੍ਰਕਾਸ਼ ਕਿਨ੍ਹਾਂ ਪੁਸਤਕਾਂ ਤੋਂ ਬਣਿਆ’ ਵਿੱਚ ਆਪਣੇ ਸ੍ਰੋਤਾਂ ਦਾ ਜ਼ਿਕਰ ਕਰਦੇ ਲਿਖਦੇ ਹਨ :
‘ਪੂਰਬ ਪੋਥੀ ਜੋ ਲਿਖੀ ਸ੍ਰੀ ਨਾਨਕ ਇਤਿਹਾਸ।
ਲਖਵਾਈ ਅੰਗਦ ਗੁਰੂ ਬਾਲੇ ਬਦਨ ਪ੍ਰਕਾਸ਼॥੧੩॥’
ਇਸ ਪੰਕਤੀ ਤੋਂ ਸਪਸ਼ਟ ਹੈ ਕਿ ਕਵੀ ਭਾਈ ਸੰਤੋਖ ਸਿੰਘ ਆਪਣੀ ਲਿਖਤ ਦਾ ਸ੍ਰੋਤ; ਭਾਈ ਬਾਲੇ ਵਾਲੀ ਜਨਮਸਾਖੀ ਮੰਨਦੇ ਹਨ, ਜੋ ਗੁਰੂ ਅੰਗਦ ਸਾਹਿਬ ਜੀ ਨੇ ਲਿਖਵਾਈ ਸੀ। ਇਸ ਤੋਂ ਅੱਗੇ ਕਵੀ ਜੀ ਲਿਖਦੇ ਹਨ :
ਚੌਪਈ॥ ਗੁਰੁ ਅੰਗਦ ਜੀ ਜੋ ਲਿਖਵਾਈ।
ਬਹੁ ਨਹਿਂ ਲਿਖੀ, ਰਹੀ ਇਕ ਥਾਈ।
ਇਕ ਕਬੀਰ ਬੰਸੀ ਮਿਲਿ ਤਾਂਹੀ। ਸੋ ਪੋਥੀ ਪਢਿ ਗੁਨ ਮਨ ਮਾਂਹੀ।੨੨।
ਅਰਥ : ਗੁਰੂ ਅੰਗਦ ਜੀ ਨੇ ਜੋ ਪੋਥੀ ਲਿਖਵਾਈ ਸੀ, ਉਸ ਦੀਆਂ ਬਹੁਤ ਪੋਥੀਆਂ ਨਹੀਂ ਸਨ; ਕੇਵਲ ਇੱਕੋ ਹੀ ਸੀ। (ਹੰਦਾਲ ਦੇ ਘਰ ਪੈਦਾ ਹੋਏ ਨੀਚ ਨੇ) ਕਬੀਰ ਪੰਥੀ ਨਾਲ ਮਿਲ ਕੇ ਮਨ ’ਚ ਵੀਚਾਰ ਕੀਤਾ।22।
ਕਰਿ ਕੁਕਰਮ ਅਨਸੋਧ ਬਨਾਈ। ਅਪਨ ਵਡਿਨ ਕੀ ਕੀਰਤਿ ਪਾਈ।
ਬਚਨ ਅਨੁਚਿਤ ਲਿਖੇ ਸਮੁਦਾਏ। ਜਿਨਕੇ ਪਢਨ ਸੁਨਨਿ ਅਘ ਪਾਏ।੨੩।
ਅਰਥ : ਗ਼ਲਤ ਤੇ ਮਿਲਾਵਟੀ ਪੋਥੀ ਬਣਾਉਣ ਦਾ ਕੁਕਰਮ ਕੀਤਾ; ਜਿਸ ’ਚ ਆਪਣੇ ਵਡੇਰਿਆਂ ਦੀ ਕੀਰਤੀ ਪਾ ਦਿੱਤੀ ਅਤੇ ਬਹੁਤ ਸਾਰੇ ਅਨਉਚਿਤ ਤੇ ਅਯੋਗ ਸ਼ਬਦ ਲਿਖ ਦਿੱਤੇ, ਜਿਸ ਦੇ ਪੜ੍ਹਨ ਸੁਣਨ ਨਾਲ ਪਾਪ ਲੱਗਦਾ ਹੈ।
ਅਪਨਾ ਵਡਾ ਜਾਨ ਹਿੰਦਾਲੂ। ਤਿਹ ਕੀ ਕੀਰਤਿ ਲਿਖੀ ਬਿਸਾਲੂ।
ਸ਼੍ਰੀ ਨਾਨਕ ਤੇ ਵਡੀ ਬਨਾਇ। ਮਹਿਮਾ ਲਿਖਤ ਭਯੋ ਬਹੁ ਭਾਇ।੨੪।
ਅਰਥ : ਆਪਣੇ (ਪਿਤਾ) ਹਿੰਦਾਲ ਨੂੰ ਵੱਡਾ ਜਾਣ ਕੇ ਉਸ ਦੀ ਮਹਿਮਾ ਸ੍ਰੀ ਗੁਰੂ ਨਾਨਕ ਜੀ ਤੋਂ ਵੀ ਬਹੁਤ ਵੱਡੀ ਬਣਾ ਕੇ ਲਿਖ ਦਿੱਤੀ।੨੪। ਅੱਗੇ ਲਿਖਦੇ ਹਨ ਅਸਲ ਪੋਥੀ ਨੂੰ ਪਾੜ ਕੇ ਬਿਆਸ ਦਰਿਆ ਦੇ ਸਪੁਰਦ ਕਰ ਦਿੱਤਾ :
ਹਮਕੋ ਮਨਹਿਂਗੇ ਬਹੁ ਮਾਨਵ। ਲਿਖੀ ਅਧਿਕਤਾ ਉਰ ਆਨਵ।
ਪੂਰਬ ਪੋਥੀ ਹੁਤੀ ਜੋ ਸੋਈ। ਦਈ ਬਿਆਸ ਬੀਚ ਡਬੋਇ॥੨੭॥
ਪੰਨੇ ਛੇਦੇ ਦਈ ਬਹਾਈ। ਜੋ ਸ੍ਰੀ ਗੁਰੂ ਅੰਗਦ ਲਿਖਵਾਈ।
ਤਿਹਕੋ ਤਾਤ ਪਰਜ ਸਭਿ ਚੀਨੇ। ਅਧਿਕ ਬਚਨ ਅਪਨੇ ਲਿਖਿ ਦੀਨੇ॥੨੮॥
ਅਰਥ: ਆਪਣੇ ਹਿਰਦੇ ’ਚ ਇਹ ਧਾਰ ਕੇ (ਹਿੰਦਾਲ ਦੀ) ਬਹੁਤ ਮਹਿਮਾ ਲਿਖ ਦਿੱਤੀ, ਜਿਸ ’ਚ ਬਹੁਤੇ ਬਚਨ ਆਪਣੇ ਲਿਖ ਦਿੱਤੇ, ਤਾਂ ਕਿ ਬਹੁਤੇ ਮਨੁੱਖ ਸਾਨੂੰ (ਗੁਰੂ) ਮੰਨਣ ਲੱਗ ਪੈਣਗੇ। ਅਸਲ ਪੋਥੀ, ਜੋ ਗੁਰੂ ਅੰਗਦ ਜੀ ਨੇ ਲਿਖਵਾਈ ਸੀ; (ਮੁੱਦਾ ਗਾਇਬ ਕਰਨ ਲਈ) ਉਸ ਦੇ ਪੰਨੇ ਫਾੜ ਕੇ ਬਿਆਸ ਦਰਿਆ ’ਚ ਡੁਬੋ ਦਿੱਤੀ।
ਕਵੀ ਸੰਤੋਖ ਸਿੰਘ ਜੀ ਦੀ ਉਪਰੋਕਤ ਲਿਖਤ ਤੋਂ ਸਪਸ਼ਟ ਹੈ ਕਿ ਅਸਲ ਜਨਮ ਸਾਖੀ, ਜੋ ਗੁਰੂ ਅੰਗਦ ਸਾਹਿਬ ਜੀ ਨੇ ਲਿਖਵਾਈ ਸੀ, ਉਹ ਤਾਂ ਹਿੰਦਾਲੀਆਂ ਨੇ ਪਾੜ ਕੇ ਬਿਆਸ ਦਰਿਆ ਵਿੱਚ ਡੁਬੋ ਦਿੱਤੀ ਸੀ, ਇਸ ਲਈ ਉਨ੍ਹਾਂ ਦੀ ਜਾਣਕਾਰੀ ਦਾ ਵਸੀਲਾ ਭਾਈ ਬਾਲੇ ਵਾਲੀ ਮਿਲਾਵਟੀ ਜਨਮ ਸਾਖੀ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਉਨ੍ਹਾਂ ਦਾ ਸਰੋਤ (ਹੰਦਾਲੀਆਂ ਵਾਲੀ ਜਨਮ ਸਾਖੀ) ਹੀ ਮਿਲਾਵਟੀ ਹੈ ਤਾਂ ਕਵੀ ਸੰਤੋਖ ਸਿੰਘ ਦੀ ਲਿਖਤ ‘ਸ੍ਰੀ ਗੁਰੂ ਨਾਨਕ ਪ੍ਰਕਾਸ਼’ ਵੀ ਕਿਵੇਂ ਸਹੀ ਮੰਨੀ ਜਾ ਸਕਦੀ ਹੈ? ਦੂਸਰਾ ਨੁਕਤਾ ਹੈ ਕਿ ਡਾ: ਗੁਰਬਚਨ ਕੌਰ ਦੀ ਖੋਜ ਅਨੁਸਾਰ ਹੁਣ ਤੱਕ ਪੁਰਾਣੀ ਤੋਂ ਪੁਰਾਣੀ ਮਿਲੀ ਜਨਮ ਸਾਖੀ ਬਿਕ੍ਰਮੀ ਸੰਮਤ ੧੭੧੫/1658 ਈ: ਦੀ ਲਿਖੀ ਹੋਈ ਹੈ, ਜੋ ਪਿਆਰੇ ਲਾਲ ਕਪੂਰ ਦਿੱਲੀ ਦੀ ਸੰਤਾਨ ਪਾਸ ਪਈ ਹੈ (ਜਨਮ ਸਾਖੀ ਭਾਈ ਬਾਲਾ ਦਾ ਪਾਠਪ੍ਰਮਾਣੀਕਰਨ ਤੇ ਅਲੋਚਨਾਤਮਕ ਸੰਪਾਦਨ)।
ਇੱਕ ਹੋਰ ਜਨਮ ਸਾਖੀ ਭਾਈ ਬਾਲਾ ਲਾਹੌਰ ਤੋਂ ਸੰਮਤ ੧੮੮੩/1826 ਈ: ’ਚ ਛਪੀ ਹੈ। ਇਨ੍ਹਾਂ ਦੋਵਾਂ ਹੀ ਜਨਮ ਸਾਖੀਆਂ ’ਤੇ ਪੋਥੀ ਲਿਖਣ ਦੀ ਤਾਰੀਖ਼, ਵੈਸਾਖ ਸੁਦੀ ੫ ਸੰਮਤ ੧੫੮੨ ਪੰਦ੍ਰਹ ਸੈ ਬਿਆਸੀਆ ਮਿਤੀ ਵੈਸਾਖ ਸੁਦੀ ੫ ਪੰਚਵੀਂ (ਯਾਨੀ 1525 ਈ:) ਲਿਖੀ ਹੈ; ਜੋ ਕਦਾਚਿਤ ਮੰਨਣਯੋਗ ਨਹੀਂ ਕਿਉਂਕਿ ਭਾਈ ਲਹਿਣਾ ਜੀ; ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ’ਚ ਹੀ ਸੰਮਤ ੧੫੮੯/1532 ਈ: ’ਚ ਆਏ ਸਨ ਅਤੇ ੧੫੯੬/1539 ਈ: ’ਚ ਗੁਰੂ ਪਦ ਪ੍ਰਾਪਤ ਕੀਤਾ। ਫਿਰ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ’ਚ ਆਉਣ ਤੋਂ ਵੀ 7 ਸਾਲ ਪਹਿਲਾਂ ਅਤੇ ਗੁਰੂ ਬਣਨ ਤੋਂ 14 ਸਾਲ ਪਹਿਲਾਂ ਹੀ ਭਾਈ ਬਾਲੇ ਕੋਲ਼ੋਂ ਸੁਣ ਕੇ ਜਨਮਸਾਖੀ ਲਿਖਵਾ ਦਿੱਤੀ ਹੋਵੇ ਅਤੇ ਉਹ ਵੀ ਆਪਣੇ ਆਪ ਨੂੰ ਗੁਰੂ ਕਹਾ ਕੇ? ਪੋਥੀ ਲਿਖਣ ਦੀ ਮਿਤੀ ਅੰਕਾਂ ਅਤੇ ਸ਼ਬਦਾਂ ਦੋਵਾਂ ’ਚ ਲਿਖੇ ਜਾਣਾ ਸਿੱਧ ਕਰਦਾ ਹੈ ਕਿ ਇਹ ਕੋਈ ਸਹਿਜ ਸੁਭਾ ਟਾਈਪ ਦੀ ਗਲਤੀ ਨਹੀਂ ਬਲਕਿ ਬਹੁਤ ਬਾਅਦ ’ਚ ਐਸੇ ਲੇਖਕ ਵੱਲੋਂ ਲਿਖੀਆਂ ਗਈਆ ਪੋਥੀਆਂ ਹਨ, ਜਿਸ ਨੂੰ ਇਤਿਹਾਸ ਸਬੰਧੀ ਕੋਈ ਜਾਣਕਾਰੀ ਨਾ ਹੋਣ ਕਾਰਨ ਅਜਿਹੀਆਂ ਗਲਤੀਆਂ ਕਰ ਰਿਹਾ ਹੈ।
ਭਾਈ ਬਾਲੇ ਵਾਲੀ ਜਨਮ ਸਾਖੀ ਦੇ ਹਵਾਲੇ ਨਾਲ਼ ‘ਨਾਨਕ ਪ੍ਰਕਾਸ਼’ ਲਿਖਣ ਵਾਲੇ ਚੂੜਾਮਨੀ ਕਵੀ ਸਤੋਖ ਸਿੰਘ ਨੇ ਗੁਰੂ ਸਾਹਿਬ ਜੀ ਦੀ ਜਨਮ ਮਿਤੀ ਕੱਤਕ ਸੁਦੀ ੧੫, ਸੰਮਤ ੧੫੨੬; ਕੁੱਲ ਉਮਰ 70 ਸਾਲ 5 ਮਹੀਨੇ 7 ਦਿਨ ਅਤੇ ਜੋਤੀ ਜੋਤ ਸਮਾਉਣ ਦੀ ਮਿਤੀ ਅੱਸੂ ਵਦੀ ੧੦, ਸੰਮਤ ੧੫੯੬ ਲਿਖੀ ਹੈ। ਜੋਤੀ ਜੋਤ ਸਮਾਉਣ ਦੀ ਇਹੀ ਮਿਤੀ ਕਰਤਾਰਪੁਰੀ ਵਾਲੀ ਦੱਸੀ ਜਾਂਦੀ ਬੀੜ ’ਚ ਭੀ ਲਿਖੀ ਹੈ, ਜਿਸ ਕਾਰਨ ਇਸ ਮਿਤੀ ਨਾਲ਼ ਸਾਰਿਆਂ ਦੀ ਸਹਿਮਤੀ ਹੈ। ਹੁਣ ਜੇ ਇਸ ਸਰਬ ਪ੍ਰਵਾਣਿਤ ਮਿਤੀ (ਅੱਸੂ ਵਦੀ ੧੦, ਸੰਮਤ ੧੫੯੬) ਵਿੱਚੋਂ ਗੁਰੂ ਸਾਹਿਬ ਦੀ ਕੁੱਲ ਉਮਰ 70 ਸਾਲ 5 ਮਹੀਨੇ 7 ਦਿਨ ਘਟਾ ਦੇਈਏ ਤਾਂ ਗੁਰੂ ਸਾਹਿਬ ਦਾ ਜਨਮ; ਵੈਸਾਖ ਦੇ ਮਹੀਨੇ ’ਚ ਹੋਇਆ ਬਣਦਾ ਹੈ, ਨਾ ਕਿ ਕੱਤਕ ’ਚ। ਇਨ੍ਹਾਂ ਤੱਥਾਂ ਮੁਤਾਬਕ ਭੀ ਕੱਤਕ ਦੀ ਪੂਰਨਮਾਸ਼ੀ; ਗ਼ਲਤ ਸਾਬਤ ਹੁੰਦੀ ਹੈ।
ਐਸੇ ਕੁੱਝ ਕਾਰਨਾਂ ਕਰਕੇ ਹੀ ਸ: ਕਰਮ ਸਿੰਘ ਹਿਸਟੋਰੀਅਨ, ਸ: ਸੰਤ ਸਿੰਘ ਪਦਮ, ਡਾ: ਆਸਾ ਸਿੰਘ ਘੁੰਮਣ, ਮੈਕਾਲਿਫ਼, ਗਿਆਨੀ ਗਿਆਨ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਡਾ: ਗੰਡਾ ਸਿੰਘ, ਪ੍ਰਿੰਸੀਪਲ ਸਤਿਬੀਰ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਡਾ: ਹਰੀ ਰਾਮ ਗੁਪਤਾ, ਡਾ: ਕਿਰਪਾਲ ਸਿੰਘ, ਡਾ: ਖੜਕ ਸਿੰਘ, ਪ੍ਰਿੰ. ਯੋਧ ਸਿੰਘ, ਖ਼ੁਸ਼ਵਤ ਸਿੰਘ, ਗਿਆਨੀ ਸੋਹਨ ਸਿੰਘ ਸੀਤਲ, ਆਦਿਕ ਸਾਰੇ ਹੀ ਵਿਦਵਾਨ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਮਿਤੀ ਵੈਸਾਖ ਮਹੀਨੇ ’ਚ ਮੰਨਦੇ ਹਨ, ਨਾ ਕਿ ਕੱਤਕ ਦੀ ਪੂਰਨਮਾਸ਼ੀ ’ਚ।
ਭਾਈ ਬਾਲੇ ਵਾਲੀ ਜਨਮ ਸਾਖੀ ਤੋਂ ਬਿਨਾਂ ਬਾਕੀ ਸਾਰੀਆਂ ਜਨਮ ਸਾਖੀਆਂ ਅਤੇ ਬਹੁਤਾਤ ਲੇਖਕਾਂ ਨੇ ਗੁਰੂ ਜੀ ਦੀ ਜਨਮ ਮਿਤੀ ਵੈਸਾਖ ਸੁਦੀ ੩, ਸੰਮਤ ੧੫੨੬ ਲਿਖੀ ਹੈ। ਇਸ ਨੂੰ ਦੂਸਰੀਆਂ ਪਧਤੀਆਂ ’ਚ ਤਬਦੀਲ ਕੀਤਿਆਂ ਬਣਦਾ ਹੈ ‘ਵੈਸਾਖ ਸੁਦੀ ੩, ਸੰਮਤ ੧੫੨੬, ੨੦ ਵੈਸਾਖ, ਦਿਨ ਸ਼ਨਿਚਰਵਾਰ, ਨਛੱਤਰ ਮ੍ਰਿਗਸ਼ਰ’। ਇਨ੍ਹਾਂ ਤਾਰੀਖ਼ਾਂ ਦੇ ਸੋਮਿਆਂ ਦੀ ਹੇਠਾਂ ਬਣਾਈ ਸਾਰਣੀ ’ਤੇ ਨਜ਼ਰ ਮਾਰੀਏ ਤਾਂ ਵੇਖਿਆ ਕਿ ਵੈਸਾਖ ਸੁਦੀ ੩, ਸੰਮਤ ੧੫੨੬ ਲਿਖਣ ਵਾਲੇ ਭਾਈ ਮਨੀ ਸਿੰਘ (ਗਿਆਨ ਰਤਨਾਵਲੀ), ਪੁਰਾਤਨ ਜਨਮ ਸਾਖੀ ਅਤੇ ਮਹਿਮਾ ਪ੍ਰਕਾਸ਼ ਤਿੰਨਾਂ ’ਚੋਂ ਕਿਸੇ ਨੇ ਭੀ ਉਸ ਤਿੱਥ ਦਾ ਪ੍ਰਵਿਸ਼ਟਾ, ਦਿਨ ਅਤੇ ਨਛੱਤਰ ਕੁਝ ਵੀ ਨਹੀਂ ਲਿਖਿਆ ਜਦਕਿ ਪੰਚਾਂਗ ਦੇ ਨਿਯਮਾਂ ਅਨੁਸਾਰ ਇਨ੍ਹਾਂ ਤਿੰਨਾਂ ’ਚੋਂ ਘੱਟੋ ਘੱਟ ਇਕ ਲਿਖਣਾ ਜ਼ਰੂਰੀ ਹੁੰਦਾ ਹੈ, ਜਿਸ ਤੋਂ ਬਗੈਰ ਤਿੱਥ ਦੇ ਸਹੀ ਗ਼ਲਤ ਹੋਣ ਦੀ ਪੜਤਾਲ ਨਹੀਂ ਹੋ ਸਕਦੀ।
ਸ੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੀ ਸ਼ੁੱਧ ਗੁਰਪ੍ਰਣਾਲੀ ’ਚ ਵੈਸਾਖ ਸੁਦੀ ੩, ਸੰਮਤ ੧੫੨੫, ੨੯ ਵੈਸਾਖ, ਦਿਨ ਐਤਵਾਰ/25 ਅਪ੍ਰੈਲ 1468 ਲਿਖੇ ਹਨ ਜਦੋਂਕਿ ਵੈਸਾਖ ਸੁਦੀ ੩ ਸੰਮਤ ੧੫੨੫ ਨੂੰ ਤਬਦੀਲ ਕੀਤਿਆ ਬਣਦਾ ਹੈ ‘੩੧ ਵੈਸਾਖ ਸੰਮਤ ੧੫੨੫, 25 ਅਪ੍ਰੈਲ 1468 ਈ: ਦਿਨ ਸੋਮਵਾਰ’। ਇਸ ਦਾ ਪ੍ਰਵਿਸ਼ਟਾ ਅਤੇ ਦਿਨ; ਦੋਵੇਂ ਗ਼ਲਤ ਹੋਣ ਕਾਰਨ ਕੈਲੰਡਰ ਵਿਗਿਆਨ ਮੁਤਾਬਕ ਸਹੀ ਨਹੀਂ ਠਹਿਰਾਇਆ ਜਾ ਸਕਦਾ। ਦੂਸਰਾ ਨੁਕਤਾ ਹੈ ਕਿ ਇਸ ਵਿੱਚ ਦਰਸਾਈ ਸੰਮਤ ੧੫੨੫/1468 ਈ: ਨਾਲ ਖ਼ੁਦ ਸ੍ਰੋਮਣੀ ਕਮੇਟੀ ਸਣੇ ਪੰਥ ਦੀ ਕੋਈ ਵੀ ਧਿਰ ਸਹਿਮਤ ਨਹੀਂ ਹੈ।
ਕਰਮ ਸਿੰਘ ਹਿਸਟੋਰੀਅਨ ਵੱਲੋਂ ਲਿਖੀਆਂ ਤਾਰੀਖ਼ਾਂ ਕੈਲੰਡਰ ਵਿਗਿਆਨ ਮੁਤਾਬਕ ਸਹੀ ਹਨ। ਕਰਮ ਸਿੰਘ ਜੀ ਦੀ ਇਸ ਖੋਜ ਤੋਂ ਬਾਅਦ ਤਕਰੀਬਨ ਸਾਰੇ ਹੀ ਲੇਖਕ; ਗੁਰੂ ਜੀ ਦੇ ਜਨਮ ਦੀ ਤਾਰੀਖ਼ 15 ਅਪ੍ਰੈਲ ਲਿਖਣ ਅਤੇ ਬੋਲਣ ਲੱਗ ਪਏ ਹਨ; ਜਿਸ ਕਾਰਨ 15 ਅਪ੍ਰੈਲ ਹੀ ਤਕਰੀਬਨ ਪ੍ਰਚਲਿਤ ਹੋ ਚੁੱਕੀ ਹੈ। ਪ੍ਰੋ: ਕਰਤਾਰ ਸਿੰਘ ਐੱਮ.ਏ., ਜਿਨ੍ਹਾਂ ਦਾ ਲਿਖਿਆ ਹੋਇਆ ਸਿੱਖ ਇਤਿਹਾਸ ਸ੍ਰੋਮਣੀ ਕਮੇਟੀ ਨੇ ਛਪਵਾਇਆ ਹੈ; ਉਸ ਵਿਚ ਭੀ ਵੈਸਾਖ ਸੁਦੀ ੩, ਸੰਮਤ ੧੫੨੬, ੨੦ ਵੈਸਾਖ ਸੰਮਤ ੧੫੨੬/15 ਅਪ੍ਰੈਲ 1469 ਹੀ ਲਿਖਿਆ ਹੈ। ਸ੍ਰੋ. ਗੁ. ਪ੍ਰ. ਕਮੇਟੀ ਦੀ ਵੈੱਬਸਾਈਟ ’ਤੇ ਵੀ 15 ਅਪ੍ਰੈਲ 1469 ਹੀ ਲਿਖਿਆ ਹੋਇਆ ਹੈ।
ਇੱਥੇ ਕਰਮ ਸਿੰਘ ਤੋਂ ਵੀ ਦੋ ਉਕਾਈਆਂ ਹੋਈਆਂ ਹਨ। ਪਹਿਲੀ ਇਹ ਕਿ ਉਨ੍ਹਾਂ ਨੇ ਗਣਿਤ ਕਰਦੇ ਸਮੇਂ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ਼, ਪੁਰਾਤਨ ਜਨਮ ਸਾਖੀ (ਸੰਪਾਦਕ ਭਾਈ ਵੀਰ ਸਿੰਘ) ਅਤੇ ਗਿਆਨ ਰਤਨਾਵਲੀ (ਜਨਮ ਸਾਖੀ) ਲੇਖਕ ਭਾਈ ਮਨੀ ਸਿੰਘ ਜੀ ਤੋਂ ਅੱਸੂ ਸੁਦੀ ੧੦, ਸੰਮਤ ੧੫੯੬, ਨੋਟ ਕਰ ਲਈ। ਚੰਦ੍ਰਮਾਂ ਦੇ ਹਿਸਾਬ ਇਸ ਤਾਰੀਖ਼ ’ਚੋਂ ਗੁਰੂ ਸਾਹਿਬ ਜੀ ਦੀ ਕੁੱਲ ਸਰੀਰਕ ਉਮਰ 70 ਸਾਲ 5 ਮਹੀਨੇ 7 ਦਿਨ ਘਟਾਉਣ ਨਾਲ ਵੈਸਾਖ ਸੁਦੀ ੩, ਸੰਮਤ ੧੫੨੬ ਬਣਦਾ ਹੈ। ਇਨ੍ਹਾਂ ਦੋਵਾਂ ਹੀ ਜਨਮ ਸਾਖੀਆਂ ’ਚ ਗੁਰੂ ਜੀ ਦੀ ਜਨਮ ਤਾਰੀਖ਼ ਵੈਸਾਖ ਸੁਦੀ ੩, ਸੰਮਤ ੧੫੨੬ ਲਿਖੀ ਹੋਣ ਕਾਰਨ ਕਰਮ ਸਿੰਘ ਜੀ ਨੇ ਆਪਣੀ ਖੋਜ ਨੂੰ ਸਹੀ ਮੰਨ ਲਿਆ ਜਦਕਿ ਕਰਤਾਰਪੁਰ ਵਾਲੀ ਦੱਸੀ ਜਾਂਦੀ ਬੀੜ ’ਚ ਜੋਤੀ-ਜੋਤ ਸਮਾਉਣ ਦੀ ਤਾਰੀਖ਼ ਅੱਸੂ ਵਦੀ ੧੦, ਸੰਮਤ ੧੫੯੬ ਲਿਖੀ ਹੈ ਅਤੇ ਸਮੁੱਚਾ ਪੰਥ ਇਸ (ਅੱਸੂ ਵਦੀ ੧੦) ਨਾਲ ਸਹਿਮਤ ਹੈ। ਜੋਤੀ ਜੋਤ ਸਮਾਉਣ ਦੀ ਇਸ ਪੰਥ ਪ੍ਰਵਾਣਿਤ ਮਿਤੀ ’ਚੋਂ ਚੰਦਰ ਕੈਲੰਡਰ ਦੇ ਹਿਸਾਬ; ਗੁਰੂ ਜੀ ਦੀ ਉਮਰ ਘਟਾਈ ਜਾਵੇ ਤਾਂ ਜਨਮ ਮਿਤੀ ਬਣਦੀ ਹੈ ‘ਵੈਸਾਖ ਵਦੀ ੩, ਸੰਮਤ ੧੫੨੬’ । ਗੁਰ ਪ੍ਰਣਾਲੀ ੯ ’ਚ ਗਿਆਨੀ ਗਿਆਨ ਸਿੰਘ ਨੇ ਵੀ ਇਹੋ ਤਾਰੀਖ਼ ਲਿਖੀ ਹੈ। ਵੈਸਾਖ ਵਦੀ ੩ ਸੰਮਤ ੧੫੨੬ ਨੂੰ ਦੂਜੀਆਂ ਪਧਤੀਆਂ ’ਚ ਬਦਲਣ ਨਾਲ ੪ ਵੈਸਾਖ, ਸੰਮਤ ੧੫੨੬/30 ਮਾਰਚ 1469 ਬਣਦਾ ਹੈ। ਕੇਵਲ ਇਸੇ ਪੱਖ ਨੂੰ ਵਿਚਾਰੀਏ ਤਾਂ ੨੦ ਵੈਸਾਖ ੧੫੨੬/15 ਅਪ੍ਰੈਲ 1469 ਦੇ ਮੁਕਾਬਲੇ ੪ ਵੈਸਾਖ ਸੰਮਤ ੧੫੨੬/30 ਮਾਰਚ 1469 ਵੱਧ ਠੀਕ ਹੈ।
ਫ਼ਰਵਰੀ 2010 ’ਚ ਛਾਪੀ ਗਈ ਭਾਈ ਬਾਲੇ ਵਾਲੀ ਜਨਮ ਸਾਖੀ (ਪ੍ਰਕਾਸ਼ਕ ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ) ਦੇ ਪੰਨਾ 759 ’ਤੇ ਜਨਮ ਸਾਖੀ ਦੀ ਭੂਮਿਕਾ ਵਿੱਚ ਲਿਖਿਆ ਹੈ : ‘ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਬਹੁਤ ਸਾਰੀਆਂ ਸਾਖੀਆਂ ਤੇ ਨਾਨਕ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਨੇ ਕੱਤਕ ਦੀ ਪੂਰਨਮਾਸ਼ੀ ਦਾ ਲਿਖਿਆ ਹੈ ਅਤੇ ਭਾਈ ਮਨੀ ਸਿੰਘ ਜੀ ਤੇ ਵਲਾਇਤ ਵਾਲੀ ਸਾਖੀ ਵਿਚ ਜਨਮ ਵੈਸਾਖ ਸੁਦੀ ਤੀਜ ਦਾ ਲਿਖਿਆ ਹੈ। ਇਸ ਦੀ ਅਸਲੀਅਤ ਜਿੱਥੋਂ ਤੱਕ ਵੇਖੀ ਜਾਂਦੀ ਹੈ ਤਾਂ ਸੁਦੀ ਵੈਸਾਖ ਤੀਜ ਦਾ ਹੀ ਜਨਮ ਦਿਨ ਸਿਧ ਹੁੰਦਾ ਹੈ ਪਰੰਤੂ ਲੌਕਿਕ ਮਰਯਾਦਾ ਦਾ ਪ੍ਰਵਾਹ ਜਿਹੜਾ ਇਕ ਵਾਰੀ ਪੈ ਗਿਆ ਹੈ ਏਸ ਦਾ ਇਕੋ ਵਾਰੀ ਪਲਟ ਜਾਣਾ ਬਹੁਤ ਮੁਸ਼ਕਿਲ ਹੈ ਤੇ ਜੇਕਰ ਕੋਈ ਇਕ ਅੱਧਾ ਪੁਰਖ ਹੌਂਸਲਾ ਕਰਕੇ ਏਸ ਦੇ ਪਰਚਾਰ ਕਰਨ ਵਾਸਤੇ ਕੋਸ਼ਸ਼ ਕਰਦਾ ਹੈ ਤਾਂ ਬਾਕੀ ਦੇ ਲੋਕ ਜਿਨ੍ਹਾਂ ਨੂੰ ਪੂਰੀ ਵਾਕਫੀਅਤ ਨਹੀਂ ਹੁੰਦੀ ਉਸ ਦਾ ਸਾਥ ਨਹੀਂ ਦੇਂਦੇ ਜਿਸ ਕਰਕੇ ਉਸ ਦੀ ਮਿਹਨਤ ਨਿਹਫਲ਼ ਹੁੰਦੀ ਹੈ। ਪਰੰਤੂ ਅਸੀਂ ਭਰੋਸਾ ਰਖਦੇ ਹਾਂ ਕਿ ਜੇਕਰ ਸਿੰਘ ਸਭਾ ਵਾਲੇ ਲੋਕ ਇਕੱਤਰ ਹੋ ਕੇ ਇਸ ਦਾ ਨਿਰਣਾ ਕਰਕੇ ਪਰਚਾਰ ਕਰਨਾ ਚਾਹੁਣ ਤਾਂ ਇਹ ਗੱਲ ਕੋਈ ਮੁਸ਼ਕਲ ਨਹੀਂ॥’ (ਦਾਸ-ਬੁਧ ਸਿੰਘ ਰਤਨਾ)
ਸੁਦੀ ਅਤੇ ਵਦੀ ’ਚ 15 ਦਿਨਾਂ ਦਾ ਫ਼ਰਕ ਹੁੰਦਾ ਹੈ। ਜਾਪਦਾ ਹੈ ਕਿ ਪੁਰਾਤਨ ਜਨਮ ਸਾਖੀਆਂ ਅਤੇ ਗਿਆਨ ਰਤਨਾਵਲੀ ਦੇ ਲੇਖਕਾਂ ਨੂੰ ਵਦੀ ਸੁਦੀ ਦਾ ਭੁਲੇਖਾ ਪਿਆ ਹੈ, ਜਿਹੜਾ ਅਕਸਰ ਪੈ ਭੀ ਜਾਂਦਾ ਹੈ। ਸ: ਕਰਮ ਸਿੰਘ ਹਿਸਟੋਰੀਅਨ ਨੇ ਇਨ੍ਹਾਂ ਜਨਮ ਸਾਖੀਆਂ ਤੋਂ ਗ਼ਲਤ ਤਾਰੀਖ਼ਾਂ ਨੋਟ ਕਰ ਲਈਆਂ। ਕਰਮ ਸਿੰਘ ਹਿਸਟੋਰੀਅਨ ਦੀ ਦੂਸਰੀ ਉਕਾਈ ਇਹ ਹੈ ਕਿ ਉਨ੍ਹਾਂ ਨੇ ਗੁਰੂ ਜੀ ਦੀ ਉਮਰ ਚੰਦਰਮਾਂ ਦੀਆਂ ਤਿੱਥਾਂ ਦੇ ਹਿਸਾਬ ਵੈਸਾਖ ਸੁਦੀ ੩, ਸੰਮਤ ੧੫੨੬ ਕੱਢ ਕੇ ਫਿਰ ਉਸ ਨੂੰ ਪ੍ਰਵਿਸ਼ਟਿਆਂ ਵਿੱਚ ਤਬਦੀਲ ਕਰ ੨੦ ਵੈਸਾਖ/15 ਅਪ੍ਰੈਲ 1469 ਜਨਮ ਮਿਤੀ ਕੱਢੀ ਜਦ ਕਿ ਉਮਰ ਦੀ ਗਣਿਤ ਹਮੇਸ਼ਾਂ ਸੂਰਜੀ ਤਾਰੀਖ਼ਾਂ ਨਾਲ ਕਰਨੀ ਬਣਦੀ ਹੈ ਕਿਉਂਕਿ ਚੰਦਰ ਤਿੱਥਾਂ ਮੁਤਾਬਕ ਉਮਰ ਕਦੀ ਵੀ ਠੀਕ ਨਹੀਂ ਹੁੰਦੀ; ਜਿਵੇਂ ਕਿ ਹੇਠ ਲਿਖੀ ਸਾਰਣੀ ’ਚ ਚੰਦਰ ਤਿੱਥਾਂ ਮੁਤਾਬਕ ਵੱਖ ਵੱਖ ਸਾਲਾਂ ਦੀ ਲੰਬਾਈ ਵੱਖ ਵੱਖ ਆਉਂਦੀ ਹੈ।
ਉਕਤ ਸਮੱਸਿਆ ਨੂੰ ਹੱਲ ਕਰਨ ਲਈ ਪਾਲ ਸਿੰਘ ਪੁਰੇਵਾਲ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਮਿਤੀ ਅੱਸੂ ਵਦੀ ੧੦, ਸੰਮਤ ੧੫੯੬, ਜੋ ਕਰਤਾਰਪੁਰੀ ਬੀੜ ’ਚ ਦਰਜ ਹੈ; ਨੂੰ ਸਹੀ ਮੰਨ ਕੇ ਪਹਿਲਾਂ ਸੰਗਰਾਂਦ ਦੇ ਹਿਸਾਬ ਨਾਲ਼ ਸੂਰਜੀ ਤਾਰੀਖ਼ਾਂ ’ਚ ਤਬਦੀਲ ਕਰ ੮ ਅੱਸੂ ਸੰਮਤ, ੧੫੯੬ ਬਣਾਇਆ, ਜਿਸ ਵਿੱਚੋਂ ਕੁੱਲ ਉਮਰ 70 ਸਾਲ 5 ਮਹੀਨੇ 7 ਦਿਨ ਘਟਾਉਣ ਨਾਲ਼ ਗੁਰੂ ਸਾਹਿਬ ਜੀ ਦੀ ਜਨਮ ਮਿਤੀ ੧ ਵੈਸਾਖ, ਸੰਮਤ ੧੫੨੬ ਬਣੀ। ਇਸ ਨੂੰ ਦੂਸਰੀਆਂ ਪੱਧਤੀਆਂ ’ਚ ਤਬਦੀਲ ਕੀਤਿਆਂ ੧ ਵੈਸਾਖ, ਚੇਤ ਸੁਦੀ ੧੫, ਸੰਮਤ ੧੫੨੬, ਦਿਨ ਸੋਮਵਾਰ, ਨਛੱਤਰ ਹਸਤ/27 ਮਾਰਚ 1469 ਜੂਲੀਅਨ ਬਣ ਗਈ।
ਹੁਣ ਇਸ ਰੋਲ਼-ਘਚੋਲ਼ੇ ’ਚ ਸਭ ਤੋਂ ਸ਼ੁੱਧ ਤਾਰੀਖ਼ ਦਾ ਨਿਤਾਰਾ ਕਿਸ ਤਰ੍ਹਾਂ ਕੀਤਾ ਜਾਵੇ ? ਸ: ਪਾਲ ਸਿੰਘ ਪੁਰੇਵਾਲ ਨੇ ਇਸ ਦਾ ਹੱਲ ਲੱਭਣ ਲਈ ਵੱਖ ਵੱਖ 34 ਸੋਮਿਆਂ ’ਚੋਂ 10 ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ, ਗੁਰਗੱਦੀ ਪੁਰਬ ਅਤੇ ਜੋਤੀ-ਜੋਤ ਸਮਾਉਣ ਦੀਆਂ ਤਾਰੀਖ਼ਾਂ ਵਾਲ਼ੀਆਂ ਵੱਖਰੀਆਂ-ਵੱਖਰੀਆਂ ਸੂਚੀਆਂ ਬਣਾਈਆਂ। ਇਨ੍ਹਾਂ ਸੂਚੀਆਂ ’ਚੋਂ ਵੇਖਿਆ ਜਾ ਸਕਦਾ ਹੈ ਕਿ ਸਾਰੇ ਹੀ ਗੁਰੂ ਸਾਹਿਬਾਨਾਂ ਦੇ ਜੋਤੀ-ਜੋਤ ਪੁਰਬ ਦੀਆਂ ਤਾਰੀਖ਼ਾਂ ’ਚ ਤਕਰੀਬਨ ਸਮਾਨਤਾ ਹੈ ਤੇ ਕੋਈ ਵੀ ਵਿਵਾਦ ਨਹੀਂ, ਪਰ ਪ੍ਰਕਾਸ਼ ਪੁਰਬਾਂ ’ਚ ਬਹੁਤ ਅਸਮਾਨਤਾ ਹੈ। ਕਈ ਸਰੋਤਾਂ ’ਚ ਤਾਂ ਇੱਕ ਤੋਂ ਦਸ ਸਾਲ ਤੱਕ ਦਾ ਅੰਤਰ ਹੈ। ਇਸ ਦਾ ਕਾਰਨ ਇਹ ਹੈ ਕਿ ਜਨਮ ਸਮੇਂ ਕਿਸੇ ਨੂੰ ਕੋਈ ਇਲਮ ਨਹੀਂ ਹੁੰਦਾ ਕਿ ਇਸ ਬਾਲਕ ਨੇ ਵੱਡਾ ਹੋ ਕੇ ‘ਗੁਰੂ’ ਜਾਂ ਕੋਈ ਵੱਡੀ ਇਤਿਹਾਸਕ ਸ਼ਖ਼ਸੀਅਤ ਬਣਨਾ ਹੈ; ਤਾਹੀਓਂ ਉਨ੍ਹਾਂ ਦੇ ਜਨਮ ਦਿਨ ਦਾ ਸਹੀ-ਸਹੀ ਰਿਕਾਰਡ ਸੰਭਾਲਿਆ ਨਹੀਂ ਗਿਆ ਹੁੰਦਾ। ਜਿਨ੍ਹਾਂ ਲਿਖਾਰੀਆਂ ਨੇ ਆਪਣੀ ਲਿਖਤ ’ਚ ਇਹ ਵੇਰਵਾ ਲਿਖਿਆ ਹੈ, ਉਹ ਬਾਅਦ ’ਚ ਅੰਦਾਜ਼ੇ ਨਾਲ ਹੀ ਲਿਖ ਦਿੱਤਾ ਜਾਂ ਇੱਧਰੋਂ ਓਧਰੋਂ ਇਕ ਦੂਜੇ ਦੀ ਨਕਲ ਕਰਕੇ ਲਿਖਿਆ ਹੈ, ਪਰ ਅਸੀਂ ਚੋਣ ਅਸਲ ਤਾਰੀਖ਼ ਦੀ ਕਰਨੀ ਹੈ, ਜੋ ਹਰ ਪੱਖੋਂ ਵੱਧ ਤੋਂ ਵੱਧ ਸਹੀ ਉਤਰੇ।
ਜੋਤੀ-ਜੋਤ ਸਮਾਉਣ ਸਮੇਂ ਗੁਰੂ ਸ਼ਖ਼ਸੀਅਤ ਦੀ ਸਿੱਖੀ ਸੇਵਕੀ ਅਤੇ ਪ੍ਰਸਿੱਧਤਾ ਬਹੁਤ ਵਧ ਚੁੱਕੀ ਹੁੰਦੀ ਸੀ, ਜਿਸ ਕਾਰਨ ਉਨ੍ਹਾਂ ਘਟਨਾਵਾਂ, ਵੇਰਵਿਆਂ ਨੂੰ ਸਹੀ-ਸਹੀ ਨੋਟ ਕਰ ਲਿਆ ਗਿਆ; ਤਾਹੀਓਂ ਜੋਤੀ ਜੋਤ ਸਮਾਉਣ ਦੀਆਂ ਤਾਰੀਖ਼ਾਂ ਸਬੰਧੀ ਕੋਈ ਵਿਵਾਦ ਨਹੀਂ। ਕਰਤਾਰਪੁਰ ਵਾਲੀ ਦੱਸੀ ਜਾਂਦੀ ਬੀੜ ’ਚ ਸਭ ਗੁਰੂ ਸਾਹਿਬਾਨ ਜੀ ਦੇ ਕੇਵਲ ਜੋਤੀ-ਜੋਤ ਸਮਾਉਣ ਦੇ ਦਿਵਸ ਹੀ ਅੰਕਿਤ ਹਨ (ਜਨਮ ਦਿਨ, ਕਿਸੇ ਦਾ ਭੀ ਦਰਜ ਨਹੀਂ), ਇਸ ਲਈ ਕਿਸੇ ਭੀ ਗੁਰੂ ਸਾਹਿਬਾਨ ਦੇ ਜਨਮ ਦਿਵਸ ਨੂੰ ਦਾਅਵੇ ਨਾਲ਼ ਸਹੀ ਨਹੀਂ ਕਹਿ ਸਕਦੇ। ਜੇ ਉਸ ਸਮੇਂ ਗੁਰੂ ਸਾਹਿਬਾਨ ਦੇ ਆਗਮਨ ਦਿਵਸਾਂ ਦੀਆਂ ਸਹੀ ਸਹੀ ਤਾਰੀਖ਼ਾਂ ਦੀ ਜਾਣਕਾਰੀ ਹੁੰਦੀ ਤਾਂ ਉਹ ਵੀ ਜ਼ਰੂਰ ਲਿਖ ਦਿੱਤੀਆਂ ਗਈਆਂ ਹੁੰਦੀਆਂ।
ਵਧੇਰੇ ਸਹੀ ਅਤੇ ਮੰਨਣਯੋਗ ਜਨਮ ਤਾਰੀਖ਼ਾਂ ਦਾ ਹੱਲ ਲੱਭਣ ਲਈ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸਵ: ਸ: ਪਾਲ ਸਿੰਘ ਪੁਰੇਵਾਲ ਨੇ ਦੱਸਿਆ ਕਿ ਬਿਕ੍ਰਮੀ ਕੈਲੰਡਰ ਦੀਆਂ ਪੰਚਾਂਗਾਂ ’ਚ ਪੰਜ ਮੁੱਖ ਅੰਗ ਹੁੰਦੇ ਹਨ ‘ਤਿੱਥ, ਵਾਰ, ਨਛੱਤਰ, ਕਰਨ ਤੇ ਯੋਗ’। ਗੁਰ ਪੁਰਬਾਂ ਵਾਲੇ ਪੁਰਾਤਨ ਸੋਮਿਆਂ ’ਚ ਗੁਰ ਪੁਰਬ ਦਿਹਾੜਿਆਂ ’ਚ ਆਮ ਤੌਰ ’ਤੇ ਤਿੱਥ, ਵਾਰ, ਨਛੱਤਰ ਅਤੇ ਕਈ ਥਾਂ ਸੰਗਰਾਂਦ ਦੇ ਹਿਸਾਬ ਨਾਲ਼ ਸੂਰਜੀ ਤਾਰੀਖ਼ਾਂ ਲਿਖੀਆਂ ਮਿਲਦੀਆਂ ਹਨ। ਅੰਗਰੇਜ਼ਾਂ ਦੇ ਰਾਜ ਤੋਂ ਬਾਅਦ ਸਾਰੇ ਇਤਿਹਾਸਕਾਰਾਂ ਨੇ ਜੂਲੀਅਨ ਕੈਲੰਡਰ ਦੀਆਂ ਤਾਰੀਖ਼ਾਂ ਨੂੰ ਮਹੱਤਵ ਦੇਣਾ ਸ਼ੁਰੂ ਕੀਤਾ। ਕਿਸੇ ਲਿਖਾਰੀ ਜਾਂ ਇਤਿਹਾਸਕਾਰ ਦੁਆਰਾ ਦਿੱਤੀਆਂ ਤਾਰੀਖ਼ਾਂ ਨੂੰ ਸਹੀ ਮੰਨਣ ਲਈ ਉਸ ਸਮੇਂ ਨਾਲ਼ ਸਬੰਧਿਤ ਜੰਤਰੀਆਂ ਦੀ ਟੇਕ ਲੈਣੀ ਪੈਣੀ ਹੈ ਤਾਂ ਜੋ ਵੇਖਿਆ ਜਾ ਸਕੇ ਕਿ ਕਿਸ ਤਾਰੀਖ਼ ਦੇ ਸਾਰੇ ਤੱਥ; ਪੰਚਾਂਗ ਨਾਲ ਮਿਲਦੇ ਹਨ। ਪੰਚਾਂਗ ਨਾਲ਼ ਮਿਲਣ ਵਾਲ਼ੇ ਸਾਰੇ ਅੰਗਾਂ ਵਾਲ਼ੀ ਤਾਰੀਖ਼, ਸਹੀ ਅਤੇ ਬਾਕੀ ਤਾਰੀਖ਼ਾਂ ਗ਼ਲਤ ਹੋਣਗੀਆਂ।
ਐਨੀਆਂ ਪੁਰਾਣੀਆਂ ਜੰਤਰੀਆਂ ਭੀ ਮਿਲਣੀਆਂ ਮੁਸ਼ਕਲ ਹਨ, ਇਸ ਲਈ ਪਾਲ ਸਿੰਘ ਪੁਰੇਵਾਲ ਜੀ ਨੇ 1469 ਤੋਂ 2100 ਈ: ਤੱਕ ਭਾਵ 632 ਸਾਲਾ ਜੰਤਰੀ ਬਣਾ ਲਈ। ਜਿਸ ਦੀ ਸਹਾਇਤਾ ਨਾਲ ਇੱਕ ਤੋਂ ਦੂਸਰੀ ਪੱਧਤੀ ’ਚ ਤਾਰੀਖ਼ਾਂ ਆਸਾਨੀ ਨਾਲ ਤਬਦੀਲ ਕੀਤੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਜਿਸ ਵੀ ਦਿਹਾੜੇ ਦੀ ਪੰਚਾਂਗ ਦੇ ਸਾਰੇ ਅੰਗ ਅਸਲ ਨਾਲ ਮੇਲ ਖਾਣ, ਉਸ ਨੂੰ ਸਹੀ ਮੰਨਿਆ ਗਿਆ ਤੇ ਜਿਨ੍ਹਾਂ ਵਿੱਚ ਅੰਤਰ ਸੀ, ਉਨ੍ਹਾਂ ਤਾਰੀਖ਼ਾਂ ਨੂੰ ਗ਼ਲਤ ਸਮਝ ਕੇ ਰੱਦ ਕਰ ਦਿੱਤਾ ਗਿਆ।
ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲਿਖੀਆਂ ਤਾਰੀਖ਼ਾਂ ’ਚ ਇੱਕ ਨਵੀਂ ਸਮੱਸਿਆ ਇਹ ਭੀ ਹੈ ਕਿ ਪੁਰਾਤਨ ਜਨਮ ਸਾਖੀਆਂ/ਲੇਖਕਾਂ ਵੱਲੋਂ ਦਿੱਤੀਆਂ ਸਾਰੀਆਂ ਹੀ ਤਾਰੀਖ਼ਾਂ ’ਚੋਂ ਕੋਈ ਵੀ ਤਾਰੀਖ਼ ਇਸ ਕਸਵੱਟੀ ’ਤੇ ਪੂਰੀ ਨਹੀਂ ਉਤਰਦੀ। ਕਵੀ ਸੰਤੋਖ ਸਿੰਘ ਸਣੇ ਹੋਰ ਭੀ ਕਈ ਵਿਦਵਾਨਾਂ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੀ ਕੁੱਲ ਸਰੀਰਕ ਉਮਰ 70 ਸਾਲ, 5 ਮਹੀਨੇ ਤੇ 7 ਦਿਨ ਲਿਖੀ ਗਈ ਹੈ। ਇਸ ਲਈ ਜੋਤੀ-ਜੋਤ ਸਮਾਉਣ ਦੀ ਨਿਰਵਿਵਾਦ ਤਾਰੀਖ਼ ’ਚੋਂ ਇਹ ਕੁੱਲ ਉਮਰ ਘਟਾ ਕੇ ਜਨਮ ਮਿਤੀ ‘੧ ਵੈਸਾਖ’ ਸਿੱਧ ਹੁੰਦੀ ਹੈ, ਨਾ ਕਿ ਕੱਤਕ।
ਗੁਰੂ ਨਾਨਕ ਸਾਹਿਬ ਜੀ ਦੇ ਇਸ ਜਨਮ (੧ ਵੈਸਾਖ) ਦੀ ਪ੍ਰੋੜ੍ਹਤਾ; ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ੨੭ਵੀਂ ਪਉੜੀ ’ਚ ਵਰਤਿਆ ਸ਼ਬਦ ‘ਵਿਸੋਆ’ ਅਤੇ ਸਿੰਘ ਸਭਾ ਪੰਚ ਖ਼ਾਲਸਾ ਦੀਵਾਨ ਵੱਲੋਂ ਛਾਪੀ ਗਈ ‘ਖ਼ਾਲਸਾ ਰਹਿਤ ਪ੍ਰਕਾਸ਼’ ਨਾਮ ਦੀ ਪੁਸਤਕ ਦੇ ਪੰਨਾ ਨੰ: 63 ’ਤੇ ਲਿਖੀ ‘੧ ਵੈਸਾਖ’ ਤੋਂ ਭੀ ਹੁੰਦਾ ਹੈ। ਕਰਮ ਸਿੰਘ ਹਿਸਟੋਰੀਅਨ ਨੇ ਸੰਨ 1912 ’ਚ ਛਪੀ ਆਪਣੀ ਪੁਸਤਕ ‘ਕੱਤਕ ਕਿ ਵੈਸਾਖ’ ਦੀ ਭੂਮਿਕਾ ’ਚ ਭੀ ਇਸ (ਸਿੰਘ ਸਭਾ ਪੰਚ ਖ਼ਾਲਸਾ ਦੀਵਾਨ) ਦਾ ਹਵਾਲਾ ਦਿੱਤਾ ਹੈ। ਇਸ ਤੋਂ ਸਾਫ਼ ਹੈ ਕਿ ਖ਼ਾਲਸਾ ਰਹਿਤ ਪ੍ਰਕਾਸ਼ ਪੁਸਤਕ 1912 ਤੋਂ ਪਹਿਲਾਂ ਦੀ ਛਪੀ ਹੈ।
੧ ਵੈਸਾਖ, ਸੰਮਤ ੧੫੨੬ ’ਚ ਜੇ ਕਵੀ ਸੰਤੋਖ ਸਿੰਘ ਸਣੇ ਹੋਰਨਾਂ ਵਿਦਵਾਨਾਂ ਵੱਲੋਂ ਲਿਖੀ ਗਈ ਕੁੱਲ ਉਮਰ 70 ਸਾਲ 5 ਮਹੀਨੇ 7 ਦਿਨ ਜੋੜ ਦੇਈਏ ਤਾਂ ਭੀ ਜੋਤੀ-ਜੋਤ ਸਮਾਉਣ ਦੀ ਸਰਬ ਪ੍ਰਵਾਣਿਤ ਤਾਰੀਖ਼ ੮ ਅੱਸੂ, ਅੱਸੂ ਵਦੀ ੧੦ ਸੰਮਤ ੧੫੯੬ ਬਣਦੀ ਹੈ।
ਪ੍ਰਚਲਿਤ ਮਨੌਤ ਹੈ ਕਿ ਗੁਰੂ ਸਾਹਿਬ ਦਾ ਜਨਮ; ਪੂਰਨਮਾਸ਼ੀ ਵਾਲੇ ਦਿਨ ਹੋਇਆ, ਇਹ ਭੀ ਸਹੀ ਸਿੱਧ ਹੋ ਜਾਂਦੀ ਹੈ ਕਿਉਂਕਿ ੧ ਵੈਸਾਖ, ਸੰਮਤ ੧੫੨੬ ਨੂੰ ਚੇਤ ਮਹੀਨੇ ਦੀ ਪੂਰਨਮਾਸ਼ੀ ਹੀ ਸੀ। ਫਿਰ ਭੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਬੰਧੀ ਸੰਗਤਾਂ ਦੇ ਮਨਾਂ ’ਚ ਉਪਜ ਰਹੇ ਕੁਝ ਹੋਰ ਸ਼ੰਕਿਆਂ ਨੂੰ ਹੇਠ ਲਿਖੇ ਸਵਾਲ-ਜਵਾਬ ਰਾਹੀਂ ਹੱਲ ਕਰਨ ਦਾ ਯਤਨ ਕਰ ਰਿਹਾ ਹਾਂ :
ਸਵਾਲ : ਕਰਮ ਸਿੰਘ ਹਿਸਟੋਰੀਅਨ ਦੁਆਰਾ ਕੱਢੀ ਗਈ ਗੁਰੂ ਨਾਨਕ ਸਾਹਿਬ ਜੀ ਦੀ ਆਗਮਨ ਮਿਤੀ 15 ਅਪ੍ਰੈਲ; ਸਿੱਖ ਸਮਾਜ ’ਚ ਤਕਰੀਬਨ ਪ੍ਰਚਲਿਤ ਹੋ ਚੁੱਕੀ ਹੈ, ਜੋ ਨਾਨਕਸ਼ਾਹੀ ਕੈਲੰਡਰ ਦੀ ੧ ਵੈਸਾਖ/14 ਅਪ੍ਰੈਲ ਨਾਲੋਂ ਕੇਵਲ ਇੱਕ ਦਿਨ ਦੇ ਫ਼ਰਕ ਨਾਲ਼ ਹੈ। ਹੁਣ ਵਿਚਾਰ ਦਾ ਵਿਸ਼ਾ ਹੈ ਕਿ ਜੇਕਰ 15 ਅਪ੍ਰੈਲ ਨੂੰ ਹੀ ਸਹੀ ਮੰਨੀਏ ਤਾਂ ਕੀ ਫ਼ਰਕ ਪੈ ਜਾਣਾ ਹੈ ?
ਜਵਾਬ : ਸ: ਕਰਮ ਸਿੰਘ ਹਿਸਟੋਰੀਅਨ ਦੁਆਰਾ ਚੁਣੀ ਗਈ ਵੈਸਾਖ ਸੁਦੀ ੩, ੨੦ ਵੈਸਾਖ, ਸੰਮਤ ੧੫੨੬ ਨੂੰ ਜੂਲੀਅਨ ਕੈਲੰਡਰ ’ਚ ਤਬਦੀਲ ਕੀਤਿਆਂ 15 ਅਪ੍ਰੈਲ 1469 ਜੂਲੀਅਨ ਬਣਦਾ ਹੈ। ਇਸ ਲੇਖ ਦੇ ਪਹਿਲੇ ਹਿੱਸੇ ’ਚ ਵਿਚਾਰੇ ਗਏ ਦੋ ਕਾਰਨਾਂ (ਗੁਰੂ ਸਾਹਿਬ ਦੇ ਜੋਤੀ-ਜੋਤ ਸਮਾਉਣ ਦੀ ਪ੍ਰਮਾਣਿਕ ਤਾਰੀਖ਼; ਅੱਸੂ ਵਦੀ ੧੦ ਸੰਮਤ ੧੫੯੬ ਦੀ ਥਾਂ ਜਨਮ ਸਾਖੀਆਂ ’ਚੋਂ ਗ਼ਲਤ ਤਾਰੀਖ਼ ਅੱਸੂ ਸੁਦੀ ੧੦ ਸੰਮਤ ੧੫੯੬ ਲਿਖ ਲੈਣਾ ਅਤੇ ਜਨਮ ਮਿਤੀ ਕੱਢਣ ਲਈ ਸੂਰਜੀ ਤਾਰੀਖ਼ਾਂ ਦੀ ਥਾਂ ਚੰਦਰ ਤਿੱਥਾਂ ਦੇ ਹਿਸਾਬ ਗਣਿਤ ਕਰ ਲੈਣ) ਕਰਕੇ 20 ਵੈਸਾਖ ਸੰਮਤ ੧੫੨੬ (15 ਅਪ੍ਰੈਲ 1469 ਈਸਵੀ) ਕੱਢਣਾ; ਬਿਲਕੁਲ ਗ਼ਲਤ ਹੈ।
ਸ: ਪਾਲ ਸਿੰਘ ਪੁਰੇਵਾਲ ਨੇ ਜੋਤੀ-ਜੋਤ ਸਮਾਉਣ ਦੀ ਪੰਥ ਪ੍ਰਵਾਨਤ ਤਾਰੀਖ਼; ਅੱਸੂ ਵਦੀ ੧੦ ਸੰਮਤ ੧੫੯੬ ਨੂੰ ਤਬਦੀਲ ਕਰਨ ਪਿੱਛੋਂ ਕੱਢੀ ਗਈ ਸੂਰਜੀ ਤਾਰੀਖ਼ ੮ ਅੱਸੂ, ਸੰਮਤ ੧੫੯੬ ’ਚੋਂ ਗੁਰੂ ਜੀ ਦੀ ਕੁਲ ਆਯੂ 70 ਸਾਲ 5 ਮਹੀਨੇ 7 ਦਿਨ; ਘਟਾ ਕੇ ੧ ਵੈਸਾਖ ਸੰਮਤ ੧੫੨੬ ਕੱਢੀ; ਜਿਸ ਨੂੰ ਤਬਦੀਲ ਕੀਤਿਆਂ 27 ਮਾਰਚ 1469 ਜੂਲੀਅਨ ਬਣਦਾ ਹੈ। ਸਿੱਖ ਧਰਮ ਦਾ ਜੂਲੀਅਨ ਕੈਲੰਡਰ ਨਾਲ ਬਹੁਤਾ ਸਬੰਧ ਨਾ ਹੋਣ ਕਾਰਨ ਜੂਲੀਅਨ ਦੀਆਂ ਤਾਰੀਖ਼ਾਂ ਦੀ ਥਾਂ ਚੇਤ, ਵੈਸਾਖ ਆਦਿ ਮਹੀਨਿਆਂ ਦੇ ਪ੍ਰਵਿਸ਼ਟਿਆਂ ਨੂੰ ਧਿਆਨ ’ਚ ਰੱਖਿਆ ਗਿਆ। ਇਸੇ ਕਾਰਨ ‘੧ ਵੈਸਾਖ’ ਨਿਸ਼ਚਿਤ ਕੀਤਾ, ਜੋ ਕਿ ਨਾਨਕਸ਼ਾਹੀ ਕੈਲੰਡਰ ’ਚ ਹਰ ਸਾਲ 14 ਅਪ੍ਰੈਲ ਨੂੰ ਆਏਗਾ। ਜੇ ਸ: ਕਰਮ ਸਿੰਘ ਹਿਸਟੋਰੀਅਨ ਦੁਆਰਾ ਕੱਢੀ ਗਈ ‘੨੦ ਵੈਸਾਖ’ ਮੰਨੀਏ ਤਾਂ ਆਮ ਧਾਰਨਾ ਕਿ 1 ਦਿਨ ਦਾ ਹੀ ਫ਼ਰਕ ਪੈਂਦਾ ਹੈ, ਕਹਿਣਾ ਸਹੀ ਨਹੀ ਕਿਉਂਕਿ ਇਹ ਅੰਤਰ 19 ਦਿਨਾਂ ਦਾ ਪੈਂਦਾ ਹੈ।
ਸਵਾਲ : ‘੧ ਵੈਸਾਖ’ ’ਤੇ ਅਸਹਿਮਤ ਕਈ ਸਿੱਖ, ਸਵਾਲ ਕਰਦੇ ਹਨ ਕਿ ਕਿਸੇ ਵੀ ਜਨਮ ਸਾਖੀ ’ਚ ਗੁਰੂ ਨਾਨਕ ਸਾਹਿਬ ਜੀ ਦਾ ਜਨਮ; ‘੧ ਵੈਸਾਖ’ ਨਹੀਂ ਲਿਖਿਆ, ਤਾਂ ਫਿਰ ਗੁਰ ਪੁਰਬ ‘੧ ਵੈਸਾਖ’ ਦਾ ਕਿਵੇਂ ਮੰਨਿਆ ਜਾ ਸਕਦਾ ਹੈ ?
ਜਵਾਬ : ਜਨਮ ਸਾਖੀਆਂ ਨਾਲੋਂ ਭਾਈ ਗੁਰਦਾਸ ਜੀ ਦੀ ਰਚਨਾ ਵਧੇਰੇ ਭਰੋਸੇਯੋਗ ਹੈ। ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ’ਚ ਗੁਰੂ ਨਾਨਕ ਸਾਹਿਬ ਜੀ ਦਾ ਸੰਖੇਪ ਜੀਵਨ ਵੇਰਵਾ ਦਰਜ ਹੈ; ਜਿਵੇਂ ਕਿ ਅਰੰਭਕ ਪਉੜੀ ਮੰਗਲਾਚਰਨ ਵਜੋਂ ਹੈ, ਜਿਸ ਵਿਚ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਗਈ ਹੈ :
ਨਮਸਕਾਰੁ ਗੁਰਦੇਵ ਕੋ; ਸਤਿ ਨਾਮੁ ਜਿਸੁ ਮੰਤ੍ਰੁ ਸੁਣਾਇਆ।
ਭਵਜਲ ਵਿਚੋਂ ਕਢਿ ਕੈ; ਮੁਕਤਿ ਪਦਾਰਥਿ ਮਾਹਿ ਸਮਾਇਆ।
ਜਨਮ ਮਰਣ ਭਉ ਕਟਿਆ; ਸੰਸਾ ਰੋਗੁ ਵਿਯੋਗੁ ਮਿਟਾਇਆ..॥੧॥
ਅਰਥ : ਗੁਰਦੇਵ (ਭਾਵ ਗੁਰੂ ਨਾਨਕ ਜੀ) ਨੂੰ ਨਮਸਕਾਰ ਹੈ, ਜਿਸ ਨੇ ‘ਸਤਿ ਨਾਮ’ ਰੂਪ ਉਪਦੇਸ਼-ਮੰਤ੍ਰ ਸੁਣਾਇਆ (ਉਚਾਰਿਆ) ਹੈ। (ਇਸ ਮੰਤ੍ਰ ਨੇ ਸਿੱਖਾਂ ਨੂੰ) ਸੰਸਾਰ ਸਮੁੰਦਰ ’ਚੋਂ ਕੱਢ ਕੇ ਜੀਵਨ ਮੁਕਤ ਅਵਸਥਾ ’ਚ ਪਹੁੰਚਾ ਦਿੱਤਾ। ਜਨਮ ਮਰਨ ਦਾ ਡਰ ਦੂਰ ਕਰ ਰੋਗ ਤੇ ਵਿਯੋਗ ਦਾ ਸੰਸਾ ਹੀ ਮਿਟਾ ਦਿੱਤਾ।
ਅਗਲੀ ਦੂਜੀ ਪਉੜੀ ’ਚ ਜਗਤ ਰਚਨਾ ਨੂੰ ਸਿਰਜਣ ਬਾਰੇ ਜ਼ਿਕਰ ਹੈ,
ਪ੍ਰਿਥਮੈ ਸਾਸ ਨ ਮਾਸ ਸਨ; ਅੰਧ ਧੁੰਧ ਕਛੁ ਖਬਰ ਨ ਪਾਈ।
ਰਕਤ ਬਿੰਦ ਕੀ ਦੇਹਿ ਰਚਿ; ਪਾਂਚ ਤਤ ਕੀ ਜੜਤ ਜੜਾਈ
ਚਉਰਾਸੀਹ ਲਖ ਜੋਨਿ ਉਪਾਈ॥੨॥
ਇੱਦਾਂ ਹੀ ਪ੍ਰਸੰਗ ਚੱਲਦਾ ਅਗਾਂਹ 23ਵੀਂ ਪਉੜੀ ’ਚ ਮਨੁੱਖਤਾ ਦੇ ਕਲਿਆਣ ਲਈ ਕਰਤਾਰ ਵੱਲੋਂ ਗੁਰੂ ਨਾਨਕ ਸਾਹਿਬ ਨੂੰ ਸਰੀਰਕ ਜਾਮੇ ’ਚ ਸੰਸਾਰ ਵਿਖੇ ਭੇਜਣ ਦਾ ਜ਼ਿਕਰ ਹੈ, ‘‘ਸੁਣੀ ਪੁਕਾਰਿ ਦਾਤਾਰ ਪ੍ਰਭਿ (ਨੇ), ਗੁਰੁ ਨਾਨਕ ਜਗ ਮਾਹਿ ਪਠਾਇਆ।..॥੨੩॥’’
ਫਿਰ 24ਵੀਂ ਪਉੜੀ ’ਚ ਗੁਰੂ ਸਾਹਿਬ ਨੂੰ ਅਕਾਲ ਪੁਰਖ ਤੋਂ ਸਾਰੀਆਂ ਸ਼ਕਤੀਆਂ ਪ੍ਰਾਪਤ ਕਰਨ ਪਿੱਛੋਂ ਜੰਤਾ ਦੇ ਕਲਿਆਣ ਹਿੱਤ ਉਦਾਸੀਆਂ (ਪ੍ਰਚਾਰ ਫੇਰੀਆਂ) ਸ਼ੁਰੂ ਕਰਨ ਬਾਰੇ ਸੰਕੇਤ ਹੈ:
ਪਹਿਲਾ, ਬਾਬੇ ਪਾਯਾ ਬਖਸੁ ਦਰਿ; ਪਿਛੋ ਦੇ ਫਿਰਿ ਘਾਲਿ ਕਮਾਈ।
… ਬਾਬਾ ਦੇਖੈ ਧਿਆਨੁ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ ਆਈ।
ਬਾਝਹੁ ਗੁਰੂ, ਗੁਬਾਰੁ ਹੈ; ਹੈ ਹੈ ਕਰਦੀ ਸੁਣੀ ਲੁਕਾਈ।
ਅਰਥ : ਗੁਰੂ ਬਾਬੇ ਨੇ ਪਹਿਲਾਂ (ਅਕਾਲ ਪੁਰਖ ਦੇ) ਦਰ ਤੋਂ ਬਖ਼ਸ਼ਸ਼ ਪ੍ਰਾਪਤ ਕੀਤੀ, ਬਾਅਦ ’ਚ ‘ਸਤਿ ਨਾਮ’ ਮੰਤ੍ਰ ਦੀ ਕਮਾਈ ਆਪ ਕਰਨ ਅਤੇ ਹੋਰਾਂ ਤੋਂ ਕਰਾਉਣ ਲਈ ਘਾਲਣਾ ਘਾਲ਼ੀ। ਬਾਬੇ ਨੇ ਆਪਣੀ ਦਿਬਦ੍ਰਿਸ਼ਟੀ ਨਾਲ ਦੇਖਿਆ ਤਾਂ ਸਾਰੀ ਪ੍ਰਿਥਵੀ ਸੜਦੀ ਨਜ਼ਰ ਆਈ ਭਾਵ ਪਾਪਾਂ ’ਚ ਗ੍ਰਸਤ ਪ੍ਰਤੀਤ ਹੋਈ ਕਿਉਂਕਿ ਗੁਰੂ ਤੋਂ ਬਿਨਾਂ ਅਗਿਆਨਤਾ ਦਾ ਘੁੱਪ ਹਨ੍ਹੇਰਾ ਸੀ ਤਾਹੀਓਂ ਮਾਨਵਤਾ ਕੁਰਲਾ ਰਹੀ ਹੈ। ਸਤਿਗੁਰੂ ਤੋਂ ਬਿਨਾਂ ਇਸੇ ਅਧਿਆਤਮਿਕ ਘੋਰ ਹਨ੍ਹੇਰੇ ਦਾ ਜ਼ਿਕਰ ਗੁਰੂ ਅੰਗਦ ਸਾਹਿਬ ਨੇ ਵੀ ਕੀਤਾ ਹੈ, ‘‘ਜੇ ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ॥ ਏਤੇ ਚਾਨਣ ਹੋਦਿਆਂ; ਗੁਰ ਬਿਨੁ ਘੋਰ ਅੰਧਾਰ॥’’ (ਮਹਲਾ ੨/੪੬੩), ਤਾਹੀਓਂ ਭਾਈ ਗੁਰਦਾਸ ਜੀ ਨੇ ਇਸ 24ਵੀਂ ਪਉੜੀ ’ਚ ਕਿਹਾ ਹੈ, ‘‘ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤਿ ਚਲਾਈ। ਚੜ੍ਹਿਆ ਸੋਧਣਿ ਧਰਤਿ ਲੁਕਾਈ॥੨੪॥’’ ਭਾਵ ਬਾਬੇ ਨੇ ਸਨਿਆਸੀ ਲਿਬਾਸ ਧਾਰਨ ਕਰ (ਭਰਮਣ ਕਰਦਿਆਂ) ਮਾਯਾ ਤੋਂ ਨਿਰਮੋਹ ਕਰਨ ਵਾਲ਼ੀ ਰੀਤ ਚਲਾਈ ਯਾਨਿ ਲੋਕਾਂ ਨੂੰ ਰੱਬ ਦੀ ਬੰਦਗੀ ਕਰਨ ਲਗਾ ਦਿੱਤਾ। ਮਾਨਵਤਾ ਨੂੰ ਸਹੀ ਰਾਹ ਪਾਉਣ ਲਈ ਹਰ ਪਾਸੇ ਉਦਾਸੀਆਂ ਸ਼ੁਰੂ ਕੀਤੀਆਂ। ਮਨੁੱਖਤਾ ਦੇ ਕਲਿਆਣ ਹਿਤ ਚੱਲਦੇ ਇਸ ਪ੍ਰਸੰਗ ’ਚ ਅਗਾਂਹ 27ਵੀਂ ਪਉੜੀ ’ਚ ‘ਵਿਸੋਆ’ (ਵਿਸਾਖ) ਸ਼ਬਦ ਭੀ ਦਰਜ ਕੀਤਾ ਹੈ :
ਸਤਿਗੁਰੁ ਨਾਨਕੁ ਪ੍ਰਗਟਿਆ; ਮਿਟੀ ਧੁੰਧੁ, ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ; ਤਾਰੇ ਛਪੇ, ਅੰਧੇਰੁ ਪਲੋਆ।
ਸਿੰਘੁ ਬੁਕੇ, ਮਿਰਗਾਵਲੀ ਭੰਨੀ ਜਾਇ; ਨ ਧੀਰਿ ਧਰੋਆ।
ਜਿਥੇ ਬਾਬਾ ਪੈਰੁ ਧਰੇ; ਪੂਜਾ ਆਸਣੁ ਥਾਪਣਿ ਸੋਆ।
ਅਰਥ : (ਜਦ) ਸਤਿਗੁਰ ਨਾਨਕ ਜੀ (ਇਸ ਦੁਨੀਆਂ ’ਚ) ਪ੍ਰਗਟ ਹੋਏ ਤਾਂ ਅਗਿਆਨਤਾ ਦਾ ਹਨ੍ਹੇਰਾ ਮਿਟਾ ਕੇ ਮਨੁੱਖੀ ਹਿਰਦਿਆਂ ’ਚ ਇਉਂ ਚਾਨਣ ਕੀਤਾ; ਜਿਵੇਂ ਸੂਰਜ ਦੇ ਚੜ੍ਹਿਆਂ ਤਾਰੇ ਛਿਪ ਜਾਂਦੇ ਹਨ। ਹਨ੍ਹੇਰਾ ਅਲੋਪ ਹੋ ਜਾਂਦਾ ਹੈ। (ਗੁਰੂ ਜੀ ਦੀ ਸ਼ਰਨ ’ਚ ਆਉਣ ਵਾਲਿਆਂ ਦਾ ਅਗਿਆਨਤਾ ਦਾ ਹਨ੍ਹੇਰਾ ਇਉਂ ਚਲਾ ਗਿਆ ਜਿਵੇਂ) ਸ਼ੇਰਾਂ ਦੀ ਦਹਾੜ ਨਾਲ਼ ਹਿਰਨ ਭੱਜ ਜਾਂਦੇ ਹਨ ਕਿਉਂਕਿ ਉਹ, ਸ਼ੇਰ ਦੇ ਤੇਜ਼ ਨੂੰ ਸਹਾਰ ਨਹੀਂ ਸਕਦੇ। ਸੋ ਜਿੱਥੇ ਭੀ ਬਾਬਾ ਨਾਨਕ ਚਰਨ ਪਾਉਂਦਾ ਓਹੀ ਸਥਾਨ ਪੂਜਾ ਦਾ ਕੇਂਦਰ ਬਣਦਾ ਜਾਂਦਾ ਸੀ, ‘‘ਸਿਧ ਆਸਣਿ ਸਭਿ ਜਗਤਿ ਦੇ; ਨਾਨਕ ਆਦਿ ਮਤੇ ਜੇ ਕੋਆ। ਘਰਿ ਘਰਿ ਅੰਦਰਿ ਧਰਮਸਾਲ; ਹੋਵੈ ਕੀਰਤਨੁ ਸਦਾ ‘ਵਿਸੋਆ’।’’
ਅਰਥ : ਜਿਵੇਂ ਸਿੱਧਾਂ ਦੇ ਗੋਰਖ ਮੱਤੇ ਦੀ ਥਾਂ ਨਾਨਕ ਮਤਾ ਬਣਿਆ; ਇਸੇ ਤਰ੍ਹਾਂ ਜਗਤ ਦੇ ਸਾਰੇ ਪ੍ਰਸਿੱਧ ਅਸਥਾਨ, ਨਾਨਕ ਦੇ ਨਾਮ ਨਾਲ਼ ਜਾਣੇ ਜਾਣ ਲੱਗੇ। ਜੋਗੀਆਂ ਆਦਿ ਦੀ ਮਰਯਾਦਾ ਦੀ ਥਾਂ ਨਾਨਕ ਦੀ ਮਰਯਾਦਾ ਸ਼ੁਰੂ ਹੋ ਗਈ। ਘਰ ਘਰ ਵਿਖੇ ਪ੍ਰਭੂ ਦੀ ਕੀਰਤੀ ਹੋਣ ਲੱਗੀ (ਮਾਨੋ) ਸਦਾ ‘ਵਿਸਾਖੀ’ ਬਣੀ ਰਹਿੰਦੀ ਹੈ। ਨੋਟ : ਇੱਥੇ ਵਿਸ਼ੇਸ਼ ਤੌਰ ’ਤੇ ‘ਵਿਸੋਆ’ ਭਾਵ ਵੈਸਾਖੀ ਜਾਂ ‘੧ ਵੈਸਾਖ’ ਦਾ ਜਿਕਰ ਕਰਨਾ; ਉਸ ਖੁਸ਼ੀਆਂ ਭਰੇ ਮਹੌਲ ਵੱਲ ਸੰਕੇਤਿਕ ਹੈ, ਜਦ ਮਹਿਤਾ ਕਾਲ਼ੂ ਜੀ ਦੇ ਘਰ ਗੁਰੂ ਨਾਨਕ ਸਾਹਿਬ ਜੀ ਦੇ ਪੈਦਾ ਹੋਣ ਸਮੇਂ ਖ਼ੁਸ਼ੀ ਮਨਾਈ ਗਈ ਸੀ; ਬਿਲਕੁਲ ਉਸੇ ਤਰ੍ਹਾਂ ਘਰ ਘਰ ਅੰਦਰ ਪ੍ਰਭੂ ਦੀ ਕੀਰਤੀ ਹੋਣ ਨਾਲ ਸਤਸੰਗੀਆਂ ਦੇ ਮਨ ਹਮੇਸ਼ਾਂ ਅਨੰਦਿਤ ਹੋਣ ਲੱਗੇ; ਮਾਨੋ ਮਹਿਤਾ ਕਾਲ਼ੂ ਜੀ ਦੇ ਘਰ ‘੧ ਵੈਸਾਖ’ ਵਾਲਾ ਖ਼ੁਸ਼ੀ ਦਾ ਮਾਹੌਲ ਬਣ ਗਿਆ।
ਬਾਬੇ ਤਾਰੇ ਚਾਰਿ ਚਕਿ; ਨਉ ਖੰਡਿ ਪ੍ਰਿਥਮੀ ਸਚਾ ਢੋਆ।
ਗੁਰਮੁਖਿ, ਕਲਿ ਵਿਚ ਪਰਗਟੁ ਹੋਆ॥੨੭॥
ਬਾਬੇ ਨੇ ਚਾਰੇ ਦਿਸ਼ਾਵਾਂ ਤਾਰ ਦਿੱਤੀਆਂ, 9 ਖੰਡ ਪ੍ਰਿਥਵੀ ਭਾਵ ਸਾਰੀ ਮਾਨਵਤਾ; ਸੱਚ ਦੀ ਟੇਕ ਲੈਣ ਲੱਗੀ। ਕਲਿਜੁਗ ’ਚ ਸ੍ਰੋਮਣੀ ਗੁਰੂ (ਨਾਨਕ) ਪ੍ਰਗਟ ਹੋਇਆ (ਤੇ ਵਿਕਾਰਾਂ ’ਚ ਸੜਦੀ-ਤਪਦੀ ਲੁਕਾਈ ਦੇ ਹਿਰਦੇ ’ਚ ਠੰਢ ਪਈ)।
ਅਗਾਂਹ 28ਵੀਂ ਪਉੜੀ ’ਚ ਸੁਮੇਰ ਪਰਬਤ ’ਤੇ ਸਿੱਧਾਂ ਨਾਲ ਹੋਈ ਚਰਚਾ ਦਾ ਜ਼ਿਕਰ ਹੈ :
ਬਾਬੇ ਡਿਠੀ ਪਿਰਥਮੀ, ਨਵੈ ਖੰਡਿ ਜਿਥੈ ਤਕਿ ਆਹੀ।
ਫਿਰਿ ਜਾਇ ਚੜ੍ਹਿਆ ਸੁਮੇਰ ਪਰਿ, ਸਿਧਿ ਮੰਡਲੀ ਦ੍ਰਿਸਟੀ ਆਈ।..॥੨੮॥
ਅਗਾਂਹ 35ਵੀਂ ਪਉੜੀ ’ਚ ਬਗ਼ਦਾਦ ਪ੍ਰਚਾਰ ਫੇਰੀ ਦਾ ਜ਼ਿਕਰ ਹੈ :
ਫਿਰਿ ਬਾਬਾ ਗਇਆ ਬਗਦਾਦਿ ਨੋ; ਬਾਹਰਿ ਜਾਇ ਕੀਆ ਅਸਥਾਨਾ।
ਇਕੁ ਬਾਬਾ ਅਕਾਲ ਰੂਪੁ; ਦੂਜਾ ਰਬਾਬੀ ਮਰਦਾਨਾ।…॥੩੫॥
ਅਰਥ : ਫੇਰ ਬਾਬਾ ਜੀ ਬਗ਼ਦਾਦ ਵੱਲ ਚਲੇ ਗਏ, ਜਿੱਥੇ ਬਾਹਰ ਜਾ ਡੇਰਾ ਲਾਇਆ। ਇਕ ਅਕਾਲ ਰੂਪ ਬਾਬਾ (ਗੁਰੂ ਨਾਨਕ) ਸੀ ਅਤੇ ਦੂਜਾ ਨਾਲ਼ ਰਬਾਬੀ ਮਰਦਾਨਾ ਸੀ।
ਇੱਥੇ ਨੋਟ ਕਰਨ ਵਾਲੀ ਗੱਲ ਹੈ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ’ਚ ਗੁਰੂ ਨਾਨਕ ਸਾਹਿਬ ਜੀ ਦੀਆਂ ਉਦਾਸੀਆਂ (ਪ੍ਰਚਾਰ ਫੇਰੀਆਂ) ਦੌਰਾਨ ਕੇਵਲ ਰਬਾਬੀ ਮਰਦਾਨਾ ਜੀ ਦਾ ਹੀ ਜ਼ਿਕਰ ਹੈ, ਕਿਸੇ ਬਾਲੇ ਦਾ ਨਹੀਂ। ਇਸ ਤੋਂ ਸਿੱਧ ਹੁੰਦਾ ਹੈ ਕਿ ਭਾਈ ਬਾਲੇ ਨਾਂ ਦਾ ਫਰਜੀ ਪਾਤਰ ਘੜ ਕੇ ਉਸ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਉਮਰਭਰ ਦਾ ਸਾਥੀ ਸਿੱਧ ਕੀਤਾ ਗਿਆ, ਜਿਸ ਨੇ ਗੁਰੂ ਅੰਗਦ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਅੱਖੀਂ ਡਿੱਠਾ ਸਾਰਾ ਜੀਵਨ ਵੇਰਵਾ ਸੁਣਾਇਆ, ਜਿਸ ਨੂੰ ਮੋਖਾ ਪੈੜਾ ਨਾਲੋਂ ਨਾਲ ਲਿਖਦਾ ਗਿਆ; ਇਉਂ ਭਾਈ ਬਾਲੇ ਵਾਲੀ ਜਨਮ ਸਾਖੀ ਹੋਂਦ ’ਚ ਲਿਆਂਦੀ ਗਈ। ਇਸ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਸ: ਕਰਮ ਸਿੰਘ ਹਿਸਟੋਰੀਅਨ ਅਤੇ ਡਾ: ਗੁਰਬਚਨ ਕੌਰ ਆਦਿਕ ਖੋਜੀ ਵਿਦਵਾਨਾਂ ਨੇ ਇਸ ਦੀਆਂ ਅੰਦਰਲੀਆਂ ਗਵਾਹੀਆਂ ਦੇ ਹਵਾਲੇ ਨਾਲ ਰੱਦ ਕੀਤਾ ਹੈ। ਕੇਵਲ ਇਸੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਜਨਮ; ਕੱਤਕ ਦੀ ਪੂਰਨਮਾਸ਼ੀ ਲਿਖਿਆ ਹੈ।
ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਪਹਿਲੀ ਪਉੜੀ ਤੋਂ ਲੈ ਕੇ 44ਵੀਂ ਪਉੜੀ ਤੱਕ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰਕ ਯਾਤਰਾ ਦਾ ਸੰਖੇਪ ਜਿਹਾ ਵਰਣਨ ਹੈ ਅਤੇ ਫਿਰ 45ਵੀਂ ਪਉੜੀ ’ਚ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਬਖ਼ਸ਼ਣ ਦਾ ਜ਼ਿਕਰ ਹੈ :
ਮਾਰਿਆ ਸਿਕਾ ਜਗਤ ਵਿਚਿ; ਨਾਨਕ ਨਿਰਮਲ ਪੰਥੁ ਚਲਾਇਆ।
ਥਾਪਿਆ ਲਹਿਣਾ ਜੀਂਵਦੇ; ਗੁਰਿਆਈ ਸਿਰਿ ਛਤ੍ਰੁ ਫਿਰਾਇਆ।..॥੪੫॥
(ਭਾਈ ਗੁਰਦਾਸ ਜੀ/ਵਾਰ ੧, ਪਉੜੀ ੪੫)
ਸੋ ਉਕਤ ਕੀਤੀ ਗਈ ਸੰਖੇਪ ਵਿਚਾਰ ਵਿੱਚੋਂ 27ਵੀਂ ਪਉੜੀ ’ਚ ਅਚਾਨਕ ‘ਵਿਸੋਅ’ (ਵਿਸਾਖੀ) ਦਾ ਜ਼ਿਕਰ ਹੋਣਾ, ਗੁਰੂ ਸਾਹਿਬ ਜੀ ਦੇ ਜਨਮ ਦਿਨ ਨਾਲ਼ ਹੀ ਸੰਬੰਧਿਤ ਹੋ ਸਕਦਾ ਹੈ, ਨਹੀਂ ਤਾਂ ਵਿਸਾਖ ਮਹੀਨੇ ਦੀ ਸੰਗਰਾਂਦ ਨੂੰ ਸਿੱਖਾਂ ਵੱਲੋਂ ਵਿਸ਼ੇਸ਼ ਖੁਸ਼ੀ ਪ੍ਰਗਟਾਉਣ ਦਾ ਕੋਈ ਹੋਰ ਕਾਰਨ ਨਹੀਂ ਜਾਪਦਾ। ਇਸ ਤੋਂ ਇਲਾਵਾ ਪੰਚ ਖ਼ਾਲਸਾ ਦੀਵਾਨ, ਸਿੰਘ ਸਭਾ ਭਸੌੜ ਵੱਲੋਂ 100 ਸਾਲ ਤੋਂ ਪਹਿਲਾਂ ਤੇਜਾ ਸਿੰਘ ਰਿਟਾਇਰਡ ਐੱਸਡੀਓ ਵੱਲੋਂ ਲਿਖੀ ‘ਖ਼ਾਲਸਾ ਰਹਿਤ ਪ੍ਰਕਾਸ਼’ ਨਾਮ ਦੀ ਪੁਸਤਕ ਦੇ ਪੰਨਾ ਨੰ: 63 ’ਤੇ ਭੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ‘੧ ਵੈਸਾਖ’, ਸੰਮਤ ੧੫੨੬ ਦਿਨ ਐਤਵਾਰ/27 ਮਾਰਚ 1468 ਲਿਖਿਆ ਮਿਲਦਾ ਹੈ (ਭਾਵੇਂ ਕਿ ਇੱਥੇ ਦਿਨ ਸੋਮਵਾਰ ਤੇ ਸੰਨ 1469 ਭੀ ਚਾਹੀਦਾ ਸੀ, ਜੋ ਟਾਈਪ ਕਰਨ ’ਚ ਅਕਸਰ ਗ਼ਲਤੀ ਰਹੀ ਜਾਪਦੀ ਹੈ)।
ਇੱਕ ਪੁਸਤਕ, ਜੋ ਅੰਗਰੇਜ਼ੀ ’ਚ ਲਗਭਗ 1880 ਸੀਈ ’ਚ ਛਪੀ ਸੀ, ਉਸ ਦੇ ਇੱਕ ਪੰਨੇ ਦੀ ਫੋਟੋ ਭੀ ਮੈਨੂੰ ਸਵ: ਸ. ਪਾਲ ਸਿੰਘ ਜੀ ਪੁਰੇਵਾਲ ਨੇ ਭੇਜੀ ਸੀ, ਜਿਸ ਵਿੱਚ ਲਿਖਿਆ ਸੀ ਕਿ ‘ਬਹੁਤ ਸਾਰੇ ਲੇਖਕ ਗੁਰੂ ਨਾਨਕ ਸਾਹਿਬ ਜੀ ਦਾ ਜਨਮ ੧ ਵੈਸਾਖ ਸੰਮਤ ੧੫੨੬ ਮੰਨਦੇ ਹਨ’। ਜੇ ਤੇਜਾ ਸਿੰਘ ਰਿਟਾਇਰਡ ਐੱਸਡੀਓ ਸਮੇਤ ਹੋਰ ਬਹੁਤ ਸਾਰੇ ਵਿਦਵਾਨ ਗੁਰੂ ਨਾਨਕ ਸਾਹਿਬ ਜੀ ਦਾ ਜਨਮ ੧ ਵੈਸਾਖ ਸੰਮਤ ੧੫੨੬ ਲਿਖਦੇ ਹਨ ਤਾਂ ਇਸ ਤੋਂ ਪਹਿਲਾਂ ਵੀ ਕਿਤੇ ਨਾ ਕਿਤੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ‘੧ ਵੈਸਾਖ’ ਅਵੱਸ਼ ਲਿਖਿਆ ਮਿਲਦਾ ਹੋਵੇਗਾ ਤਾਹੀਓਂ ਉਕਤ ਕਈ ਇਤਿਹਾਸਕਾਰਾਂ ਅਤੇ ਲੇਖਕਾਂ ਨੇ ਲਿਖੀ ਹੋਵੇਗੀ। ਇਹ ਵੀ ਠੀਕ ਹੈ ਕਿ ਜੰਗਾਂ ਯੁੱਧਾਂ ਦੇ ਚੱਲਦਿਆਂ ਸਾਡੀ ਕੌਮ ਬਹੁਤ ਸਾਰਾ ਇਤਿਹਾਸ ਲਿਖ ਜਾਂ ਸੰਭਾਲ਼ ਨਾ ਸਕੀ, ਇਸ ਲਈ ਜੇ ਅਜੋਕੇ ਸਮੇਂ ਕੋਈ ਪੁਰਾਣੀ ਲਿਖਤ ਨਹੀਂ ਮਿਲਦੀ, ਜਿਸ ’ਚ ‘੧ ਵੈਸਾਖ’ ਲਿਖਿਆ ਹੋਵੇ ਤਾਂ ਵੀ ਇਸ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿਉਂਕਿ ਕੈਲੰਡਰ ਵਿਗਿਆਨ ਅਤੇ ਮਿਲਣਯੋਗ ਇਤਿਹਾਸਕ ਤੱਥਾਂ ਦੀ ਕਸਵੱਟੀ ’ਤੇ ‘੧ ਵੈਸਾਖ’ ਹੀ ਪੂਰਾ ਉਤਰਦਾ ਹੈ।
ਸਵਾਲ : ਭਾਈ ਗੁਰਦਾਸ ਜੀ ਦੇ ਕਬਿੱਤ ਨੰ: 345 ’ਚ ਕੱਤਕ ਦੀ ਪੂਰਨਮਾਸ਼ੀ ਦਾ ਜ਼ਿਕਰ ਹੈ। ਕੁੱਝ ਸਿੱਖ ਇਸ ਕਬਿੱਤ ਦਾ ਸਬੰਧ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਨਾਲ਼ ਜੋੜਦੇ ਹਨ; ਇਸ ਸਬੰਧੀ ਸਪਸ਼ਟ ਕੀਤਾ ਜਾਵੇ ?
ਜਵਾਬ : ਇਸ ਪੂਰੇ ਕਬਿੱਤ ਨੂੰ ਵਿਚਾਰਿਆਂ ਇਹ ਭੁਲੇਖਾ ਭੀ ਦੂਰ ਹੋ ਜਾਣਾ ਹੈ, ਜੋ ਕਿ ਇਸ ਤਰ੍ਹਾਂ ਹੈ :
ਕਾਰਤਕ ਮਾਸ, ਰੁਤਿ ਸਰਦ, ਪੂਰਨਮਾਸੀ, ਆਠ ਜਾਮ ਸਾਠਿ ਘਰੀ; ਆਜੁ ਤੇਰੀ ਬਾਰੀ ਹੈ।
ਅਰਥ : ਹੇ ਸਖੀ ! ਇਸੇ ਜਨਮ ’ਚ ਤੇਰੇ ਕੋਲ਼ ਜੀਵਨ ਸਫਲਾ ਕਰਨ ਦਾ ਸਮਾਂ ਹੈ। ਵੇਖ ਕੱਤਕ ਦਾ ਮਹੀਨਾ, ਸਰਦ ਰੁੱਤ ਅਤੇ ਪੁੰਨਿਆ ਦਾ ਦਿਨ ਹੈ ਯਾਨੀ ਬਾਹਰ ਚਾਨਣ ਅਤੇ ਠੰਢਕ ਹੈ, ਪਰ ਤੇਰੇ ਅੰਦਰ ਅਗਿਆਨਤਾ ਦਾ ਹਨ੍ਹੇਰਾ ਤੇ ਵਿਕਾਰਾਂ ਦੀ ਤਪਸ਼ ਹੀ ਹੈ, ਜੋ ਅੱਠੇ ਪਹਿਰ ਅਤੇ 60 ਘੜੀਆਂ (ਭਾਵ ਹਰ ਸਮੇਂ) ਬਣੀ ਰਹਿੰਦੀ ਹੈ।
ਅਉਸਰ ਅਭੀਚ ਬਹੁਨਾਇਕ ਕੀ ਨਾਇਕਾ ਹੁਇ; ਰੂਪ ਗੁਨ ਜੋਬਨ ਸਿੰਗਾਰ ਅਧਿਕਾਰੀ ਹੈ।
ਅਰਥ : ਸੁੰਦਰ ਲਗਨ ਦਾ ਸਮਾਂ (ਮੌਕਾ) ਹੈ। ਅਣਗਿਣਤ ਪਤਨੀਆਂ ਵਾਲ਼ੇ ਪਤੀ (ਪ੍ਰਭੂ) ਦੀ ਪਤਨੀ ਬਣ ਕੇ ਉਸ ਦੇ ਗੁਣਾਂ ਨਾਲ਼ ਸੁੰਦਰ ਰੂਪ ਤੇ ਸੁੰਦਰ ਸ਼ਿੰਗਾਰ ਬਣਾ ਭਾਵ ਆਪਣੇ ਅੰਦਰੋਂ ਭੀ ਬਾਹਰ ਵਾਲੀ ਚਾਨਣੀ ਰਾਤ ਵਾਙ ਸੁੰਦਰ ਹੋ ਜਾਹ।
ਨੋਟ : ਇੱਥੇ ‘ਬਹੁ ਨਾਇਕ ਕੀ ਨਾਇਕਾ’ ਦਾ ਭਾਵ ਜਾਣਨਾ ਜ਼ਰੂਰੀ ਹੈ। ਗੁਰਬਾਣੀ ਅਨੁਸਾਰ ਜਗਤ ਅੰਦਰ ਕੇਵਲ ਇਕ ਪ੍ਰਭੂ ਹੀ ਪੁਰਖ ਹੈ, ਨਾਇਕ ਹੈ, ਮਾਲਕ ਹੈ; ਬਾਕੀ ਸਭ ਪ੍ਰਾਣੀ ਉਸ ਦੀਆਂ ਜੀਵ-ਇਸਤਰੀਆਂ ਹਨ, ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ॥’’ (ਮਹਲਾ ੩/੫੯੧) ਤਾਹੀਓਂ ਜਗਿਆਸੂ ਲਈ ਗੁਰਬਾਣੀ ’ਚ ਅਕਸਰ ਇਸਤ੍ਰੀ ਵਾਚਕ ਨਾਂਵ ਵਰਤੇ ਹੁੰਦੇ ਹਨ ‘ਧਨ, ਸਾਧਨ, ਮਾਇ, ਸੁਹਾਗਣਿ, ਕਾਮਣਿ, ਕੁਲਖਣੀ, ਸੁਲਖਣੀ, ਸੁੰਦਰਿ, ਨਾਰਿ, ਸੀਲਵੰਤਿ’ ਆਦਿ।
ਉਕਤ ਪੰਕਤੀ ’ਚ ਆਏ ‘ਅਉਸਰ ਅਭੀਚ’ ਦਾ ਅਰਥ ‘ਅਭੀਚ ਨਛੱਤਰ’ ਕੀਤਾ ਜਾਂਦਾ ਹੈ। ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ‘ਅਭੀਚ’ ਨੂੰ ‘ਅਭਿਜਿਤ’ ਮੰਨਦੇ ਹੋਏ ਲਿਖਦੇ ਹਨ ਕਿ ‘ਕਈ ਅਭਿਜਿਤ ਨੂੰ ਨਛਤ੍ਰ ਸਮਝਦੇ ਹਨ, ਪਰ ਇਹ ਇੱਕ ਲਗਨ ਹੈ, ਨਛੱਤਰ ਨਹੀਂ। ਇਸ ਲਗਨ ਵਿੱਚ ਅਭਿ (ਸਾਮ੍ਹਣੇ ਹੋ ਕੇ) ਵੈਰੀ ਨੂੰ ਜਿੱਤੀਦਾ ਹੈ’। ਗੁਰਬਾਣੀ ’ਚ ਦੋ ਵਾਰ ‘ਅਭੀਚੁ’ ਸ਼ਬਦ ਹੈ, ਜਿਸ ਦੇ ਐਸੇ ਹੀ ਅਰਥ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਕਰਦੇ ਹਨ। ਭਾਈ ਗੁਰਦਾਸ ਜੀ ਨੇ ਭੀ ਇਹ ਸ਼ਬਦ ਆਪਣੇ ਕਬਿੱਤਾਂ ’ਚ 5 ਵਾਰ ਵਰਤਿਆ ਹੈ, ਜਿੱਥੋਂ ਇਸ ਦੇ ਅਰਥ ਵਿਚਾਰਨੇ ਜ਼ਰੂਰੀ ਹਨ,
ਗੰਧਰਬ ਨਗਰ ਗਤ ਰਜਨੀ ਬਿਹਾਤ ਜਾਤ; ਆਸੁਰ ਅਭੀਚ ਅਤਿ ਦੁਲਭ ਕੈ ਜਾਨੀਐ। (ਕਬਿੱਤ ੬੫੯)
ਅਰਥ : ਜੀਵਨ-ਰਾਤ ਧੂੰਏਂ ਦੇ ਪਹਾੜ/ਗ਼ੁਬਾਰ ਵਾਙ ਛੇਤੀ ਹੀ ਬੀਤ ਜਾਂਦੀ ਹੈ। ਸਹੀ ਲਗਨ (ਭਾਵ ਜ਼ਿੰਦਗੀ) ਬੜੀ ਮੁਸ਼ਕਲ ਨਾਲ਼ ਮਿਲੀ ਸਮਝਣੀ ਹੈ ਭਾਵ ਕਈ ਜੂਨਾਂ ਤੋਂ ਬਾਅਦ ਮਿਲੇ ਇਸ ਮਨੁੱਖਾ ਸਰੀਰ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।
ਸੋ ਉਕਤ ਪੰਕਤੀਆਂ ਦੇ ਇਹ ਅਰਥ ਕਰਨੇ ਕਿ ‘ਹੇ ਗੁਰੂ ਨਾਨਕ ਸਾਹਿਬ ਜੀ! ਕੱਤਕ ਮਹੀਨੇ ਦੀ ਸਰਦ ਰੁੱਤ ’ਚ ਪੂਰਨਮਾਸ਼ੀ ਵਾਲੇ ਦਿਨ ਸ਼ੁਭ ਅਭੀਚ ਨਛੱਤਰ ਨੂੰ ਜਨਮ ਲੈ ਕੇ ਜਗਤ ਦਾ ਉਧਾਰ ਕਰਨ ਦੀ ਹੁਣ ਤੇਰੀ ਵਾਰੀ ਹੈ’; ਚੱਲਦੇ ਪ੍ਰਸੰਗ ਦੇ ਵਿਪਰੀਤ ਹਨ। ਜਿਨ੍ਹਾਂ ਨੇ ਐਸੇ ਅਰਥ ਕੀਤੇ, ਉਹ; ਸਤਿਜੁਗ, ਤ੍ਰੇਤਾ, ਦੁਆਪਰ ਆਦਿ ਯੁਗਾਂ ਦੇ ਹਵਾਲੇ ਨਾਲ਼ ਹੀ ਕਹਿੰਦੇ ਹਨ ਕਿ ਵੱਖ ਵੱਖ ਜੁੱਗਾਂ ’ਚ ਹੋਰਾਂ ਅਵਤਾਰਾਂ ਵੱਲੋਂ ਧਾਰੇ ਜਨਮ ਵਾਙ ਹੁਣ ਇਸ ਕਲਜੁਗ ਵਿੱਚ ਨਾਨਕ ਦੇ ਜਨਮ ਲੈਣ ਦੀ ਵਾਰੀ ਹੈ ਭਾਵ ਜੋ ਉਹ ਨਾ ਕਰ ਸਕੇ, ਉਹ ਹੁਣ ਤੈਂ ਕਰਨਾ ਹੈ, ਆਦਿ। ਜੇਕਰ ਇਹ ਅਰਥ ਸਹੀ ਮੰਨ ਭੀ ਲਈਏ ਤਾਂ ਭਾਈ ਗੁਰਦਾਸ ਜੀ ਵੇਲ਼ੇ ਉਨ੍ਹਾਂ ਨਾਲ਼ ਤੀਜੇ ਪਾਤਿਸ਼ਾਹ ਗੁਰੂ ਅਮਰਦਾਸ ਜੀ, ਚੌਥੇ ਪਾਤਿਸ਼ਾਹ ਗੁਰੂ ਰਾਮਦਾਸ ਜੀ, ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਤੇ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਹੀ ਸਨ, ਨਾ ਕਿ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਕਿਹਾ ਜਾਵੇ ਕਿ ‘ਹੇ ਨਾਨਕ! ‘ਆਜੁ’ ਭਾਵ ਹੁਣ (ਕਲਿਯੁਗ ਵਿਚ) ਜਨਮ ਲੈਣ ਦੀ ਤੇਰੀ ਵਾਰੀ ਹੈ’। ਧਿਆਨ ਰਹੇ ਕਿ ਗੁਰੂ ਨਾਨਕ ਸਾਹਿਬ ਜੀ ਵੱਲੋਂ ਸੰਨ 1539 ’ਚ ਜੋਤੀ ਜੋਤ ਸਮਾਉਣ ਤੋਂ 12 ਸਾਲ ਬਾਅਦ ਸੰਨ 1551 ’ਚ ਭਾਈ ਗੁਰਦਾਸ ਜੀ ਦਾ ਜਨਮ ਹੋਇਆ ਸੀ, ਇਸ ਲਈ ਉਹ, ਗੁਰੂ ਨਾਨਕ ਸਾਹਿਬ ਜੀ ਤੋਂ ਇਲਾਵਾ ਬਾਕੀ ਗੁਰੂ ਸਾਬਾਨ ਨੂੰ ਕਹਿ ਸਕਦੇ ਸਨ; ਜਿਵੇ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਸੰਬੋਧਨ ਕਰਕੇ ਕਹਿ ਸਕਦੇ ਸਨ ਕਿ ‘ਹੇ ਗੁਰੂ ਅਰਜਨ ਸਾਹਿਬ ਜੀ! ਹੁਣ (ਜਨਮ ਲੈ ਕੇ ਜਗਤ ਦਾ ਉਧਾਰ ਕਰਨ ਦੀ) ਤੇਰੀ ਵਾਰੀ ਹੈ’।
ਇਹ ਭੀ ਧਿਆਨ ਰਹੇ ਕਿ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਲਈ ਆਪਣੀ ਪਹਿਲੀ ਵਾਰ ’ਚ ਵਾਰ ਵਾਰ ‘ਸਤਿਗੁਰ, ਗੁਰੂ, ਨਾਨਕ ਜਾਂ ਬਾਬਾ’ ਸ਼ਬਦ; ਸਤਿਕਾਰ ਵਜੋਂ ਵਰਤੇ ਹਨ, ਜਦੋਂ ਕਿ ਇਸ 345ਵੇਂ ਕਬਿੱਤ ਸਣੇ ਕਿਸੇ ਹੋਰ ਥਾਂ ਐਸੇ ਸ਼ਬਦ ਨਹੀਂ ਵਰਤੇ। ਸੋ ਕੇਵਲ ‘ਕੱਤਕ, ਪੂਰਨਮਾਸ਼ੀ ਜਾਂ ਅਭੀਚ’ ਸ਼ਬਦਾਂ ਨੂੰ ਵੇਖ ਕਬਿੱਤ ’ਚ ਚੱਲਦੇ ਵਿਸ਼ੇ ਨੂੰ ਗੁਰੂ ਸਾਹਿਬ ਦੇ ਜਨਮ ਵੱਲ ਉਲਥਾਉਣਾ, ਬਿਲਕੁਲ ਸਹੀ ਨਹੀਂ।
ਜੋਤਿਸ਼ ਅਨੁਸਾਰ ਅਭੀਚ (ਅਭਿਜਿਤ) ਦਾ ਅਰਥ ਹੈ ‘ਜੋ ਜਿੱਤਿਆ ਨਾ ਜਾ ਸਕੇ’ ਕਿਉਂਕਿ ਅਭੀਚ ਨਛੱਤਰ ਨੂੰ ਜਨਮ ਲੈਣ ਵਾਲੇ ਬਹੁਤ ਭਾਗਸ਼ਾਲੀ ਮੰਨੇ ਜਾਂਦੇ ਹਨ। ਗੂਗਲ ’ਤੇ ਅਭੀਚ ਨਛੱਤਰ ਦੀ ਅੰਗਰੇਜ਼ੀ ’ਚ ਇਹ ਪਰਿਭਾਸ਼ਾ ਦਿੱਤੀ ਮਿਲਦੀ ਹੈ :
“In ancient times as against the modern times when only 27 Nakshatras are counted there was a 28th Nakshatra called Abhijit, which lies from 6° 40′ to 10° 53′ in Capricorn in the Sidereal Zodiac. This overlaps the last phase of the 21st Nakshatra Uttarashada and the early phase of the 22nd Nakshatra, Shravan”.
ਇਸ ਦਾ ਪੰਜਾਬੀ ਤਰਜ਼ੁਮਾ ਇਉਂ ਹੈ: ਆਧੁਨਿਕ ਸਮੇਂ ’ਚ ਸਿਰਫ 27 ਨਛੱਤਰ ਗਿਣੇ ਜਾਂਦੇ ਹਨ, ਪਰ ਇਸ ਦੇ ਉਲ਼ਟ ਪੁਰਾਣੇ ਸਮਿਆਂ ’ਚ ‘ਅਭਿਜੀਤ’ ਨਾਮਕ ਇੱਕ 28ਵਾਂ ਨਛੱਤਰ ਭੀ ਸੀ, ਜੋ ਕਿ ਮਕਰ ਰਾਸ਼ੀ ਵਿੱਚ 6 ਡਿਗਰੀ 40 ਮਿੰਟ ਤੋਂ 10 ਡਿਗਰੀ 53 ਮਿੰਟ ਤੱਕ ਹੁੰਦਾ ਸੀ। ਇਹ, 21ਵੇਂ ਨਛੱਤਰ ਉੱਤਰਾਸ਼ਾਡਾ ਦੇ ਆਖਰੀ ਪੜਾਅ ਅਤੇ 22ਵੇਂ ਨਛੱਤਰ ਸ਼ਰਵਣ ਦੇ ਸ਼ੁਰੂਆਤੀ ਪੜਾਅ, ਨੂੰ ਓਵਰ ਲੈਪ ਕਰਦਾ ਹੈ।
ਹੁਣ ਜੇ ਇਹ ਪਰਿਭਾਸ਼ਾ ਸਹੀ ਮੰਨੀਏ ਤਾਂ ਮਕਰ ਰਾਸ਼ੀ ’ਚ ਤਾਂ ਮਾਘ ਦਾ ਮਹੀਨਾ ਹੁੰਦਾ ਹੈ, ਨਾ ਕਿ ਕੱਤਕ; ਤਾਂ ਤੇ ਕੱਤਕ ਦੀ ਪੂਰਨਮਾਸ਼ੀ ਨੂੰ ‘ਅਭੀਚ ਨਛੱਤਰ’ ਆ ਹੀ ਨਹੀਂ ਸਕਦਾ। ਜੇਕਰ ਫਿਰ ਵੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਸੰਮਤ ੧੫੨੬ ਨੂੰ ਮੰਨੀਏ ਤਾਂ ਉਸ ਦਿਨ ‘ਅਸ਼ਵਨੀ ਨਛੱਤਰ’ ਸੀ, ਨਾ ਕਿ ‘ਅਭੀਚ ਨਛੱਤਰ’।
ਸੋ ਭਾਈ ਗੁਰਦਾਸ ਜੀ ਦੀ ਰਚਨਾ ’ਚ ‘ਕਾਰਤਕ ਮਾਸ, ਰੁਤਿ ਸਰਦ, ਪੂਰਨਮਾਸੀ, ਅਉਸਰ ਅਭੀਚ’ ਆਦਿ ਸ਼ਬਦ ਕੇਵਲ ਅਲੰਕਾਰ ਵਜੋਂ ਹਨ। ਜਿਨ੍ਹਾਂ ਦੀ ਰਾਹੀਂ ਸੁਹਾਵਣੇ ਕੁਦਰਤੀ ਮੌਸਮ ਨਾਲ਼ ਅੰਦਰਲੇ ਗੁਣਾਂ ਨੂੰ ਤੁਲਨਾਤਮਿਕ ਵਿਚਾਰਿਆ ਜਾਂਦਾ ਹੈ, ਨਾ ਕਿ ਇਨ੍ਹਾਂ ਮਿਸਾਲਾਂ ਰਾਹੀਂ ਗੁਰੂ ਨਾਨਕ ਸਾਹਿਬ ਦਾ ਜੀਵਨ ਵਰਣਨ ਕੀਤਾ ਗਿਆ ਹੈ। ਇਸ 345ਵੇਂ ਕਬਿੱਤ ਦੀਆਂ ਅੰਤਮ ਪੰਕਤੀਆਂ ਹਨ :
ਚਾਤਿਰ ਚਤੁਰ ਪਾਠ, ਸੇਵਕ ਸਹੇਲੀ ਸਾਠਿ, ਸੰਪਦਾ ਸਮਗ੍ਰੀ, ਸੁਖ ਸਹਜ ਸਚਾਰੀ ਹੈ।
ਅਰਥ : ਹੇ ਸਖੀ ! ਤੂੰ ਵਿਦਿਆ ਵਿੱਚ ਪ੍ਰਬੀਨ ਹੈਂ, ਹੁਸ਼ਿਆਰ ਹੈਂ। 60 ਸਹੇਲੀਆਂ ਭਾਵ 60 ਨਾੜੀਆਂ ਵਾਲ਼ਾ ਸਰੀਰ ਭੀ ਤੇਰਾ ਆਗਿਆਕਾਰੀ ਹੈ। ਸਹਿਜ, ਸੁੱਖ ਰੂਪ ਧਨ-ਸੰਪਤੀ ਦਾ ਸੁਭਾਗ ਭੀ ਤੈਨੂੰ ਪ੍ਰਾਪਤ ਹੈ ਭਾਵ ਤੇਰੇ ਕੋਲ਼ ਦਾਤੇ ਦੀਆਂ ਬਖ਼ਸ਼ੀਆਂ ਸਾਰੀਆਂ ਦਾਤਾਂ ਭੀ ਹਨ, ਫਿਰ ਭੀ ਤੂੰ ਉਸ ਮਾਲਕ ਨੂੰ ਕਿਉਂ ਨਹੀਂ ਯਾਦ ਕਰਦੀ ?
ਸੁੰਦਰ ਮੰਦਰ, ਸੁਭ ਲਗਨ, ਸੰਜੋਗ ਭੋਗ, ਜੀਵਨ ਜਨਮ ਧੰਨਿ, ਪ੍ਰੀਤਮ ਪਿਆਰੀ ਹੈ ॥੩੪੫॥
ਅਰਥ : ਹੇ ਸਖੀ ! ਇਸ ਸ਼ੁਭ ਲਗਨ ਸਮੇਂ ਸਰੀਰ ਰੂਪੀ ਸੁੰਦਰ ਮੰਦਿਰ ਦੀ (ਹਿਰਦੇ ਰੂਪ) ਸੇਜਾ ਉੱਤੇ ਪਿਆਰੇ ਪ੍ਰੀਤਮ ਨਾਲ਼ ਭੋਗ-ਬਿਲਾਸ ਮਾਣਨ ਨਾਲ਼ ਤੇਰਾ ਮਨੁੱਖਾ ਜੀਵਨ ਧੰਨਤਾਯੋਗ ਹੋ ਜਾਣਾ ਹੈ ਕਿਉਂਕਿ ਤੂੰ ਪਿਆਰੇ ਪ੍ਰੀਤਮ ਦੀ ਪਿਆਰੀ ਇਸਤਰੀ ਬਣ ਜਾਣਾ ਹੈ।
ਨੋਟ : ਇਸ ਅੰਤਮ ਪਦੇ ’ਚ ‘ਅਭੀਚ’ ਨੂੰ ‘ਸੁਭ ਲਗਨ’ ਕਿਹਾ ਹੈ, ਇਸ ਲਈ ਸਪਸ਼ਟ ਹੋ ਗਿਆ ਕਿ ਉਕਤ (ਅਉਸਰ ਅਭੀਚ ਬਹੁਨਾਇਕ ਕੀ ਨਾਇਕਾ ਹੁਇ) ਵਾਕ ’ਚ ਭੀ ਇਸ ਦਾ ਅਰਥ ਕੋਈ ਨਛੱਤਰ ਨਹੀਂ ਬਲਕਿ ਮੌਕਾ ਹੈ, ਸਮਾਂ ਹੈ; ਜੋ ਕੀਮਤੀ ਮਨੁੱਖਾ ਜਨਮ ਵਜੋਂ ਮਿਲਿਆ ਹੋਇਆ ਹੈ।
ਸੋ ਗੁਰੂ ਨਾਨਕ ਸਾਹਿਬ ਜੀ ਦਾ ਜਨਮ; ‘੧ ਵਿਸਾਖ’ ਦੀ ਥਾਂ ‘ਕੱਤਕ ਦੀ ਪੂਰਨਮਾਸ਼ੀ’ ਮੰਨਣਾ, ਨਿਰੀ ਮਨ ਦੀ ਕਠੋਰਤਾ ਅਤੇ ਅਗਿਆਨਤਾ ਹੈ, ਜੋ ਸਿੱਖਾਂ ਦੁਆਰਾ ਕੀਤੀ ਗਈ ਹਰ ਨਵੀਂ ਖੋਜ ਦਾ ਵਿਰੋਧ ਕਰਦੀ ਹੈ।