ਸੂਰਮਗਤੀ ਅਤੇ ਕੁਰਬਾਨੀ ਦੀ ਅਦੁੱਤੀ ਗਾਥਾ ਸਾਰਾਗੜ੍ਹੀ ਦੀ ਲੜਾਈ
ਸ. ਹਰਸ਼ਰਨ ਸਿੰਘ
ਸਾਰਾਗੜ੍ਹੀ ਦੀ ਲੜਾਈ ੧੨ ਸਤੰਬਰ ਸੰਨ ੧੮੯੭ ਵਾਲੇ ਦਿਨ ਹੋਈ ਸੀ, ਜੋ ਭਾਰਤੀ ਫ਼ੌਜ ਦੇ ਕਾਰਨਾਮਿਆਂ ਵਿੱਚੋਂ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਕਾਰਨਾਮਾ ਹੈ। ਇਹੀ ਕਾਰਨ ਹੈ ਕਿ ਇਸ ਲੜਾਈ ਦੀ ਕਹਾਣੀ ਯੁਨੈਸਕੋ ਦੁਆਰਾ ਪ੍ਰਕਾਸ਼ਿਤ ਉਸ ਪੁਸਤਕ ਵਿੱਚ ਸ਼ਾਮਲ ਹੈ, ਜਿਸ ਵਿੱਚ ਸੰਸਾਰ ਦੀਆਂ ਅੱਠ ਅਦੁੱਤੀ ਬਹਾਦਰੀ ਵਿਖਾਉਣ ਵਾਲੀਆਂ ਲੜਾਈਆਂ ਦਾ ਜ਼ਿਕਰ ਹੈ। ਫਰਾਂਸ ਵਿੱਚ ਅੱਜ ਵੀ ਸਕੂਲੀ ਬੱਚਿਆਂ ਨੂੰ ਸਾਰਾਗੜ੍ਹੀ ਲੜਾਈ ਦੀ ਕਹਾਣੀ ਪੜ੍ਹਾਈ ਜਾਂਦੀ ਹੈ। ਫ਼ੌਜੀ ਇਤਿਹਾਸ ਦੀ ਕੋਈ ਵੀ ਪੁਸਤਕ ਉਦੋਂ ਤੱਕ ਪੂਰੀ ਨਹੀਂ ਸਮਝੀ ਜਾਂਦੀ ਜਦ ਤੱਕ ਉਸ ਵਿੱਚ ਸਾਰਾਗੜ੍ਹੀ ਲੜਾਈ ਦੀ ਬਹਾਦਰੀ ਦਾ ਕਾਰਨਾਮਾ ਦਰਜ ਨਾ ਹੋਵੇ।
ਉੱਤਰ-ਪੱਛਮੀ ਸਰਹੱਦੀ ਪ੍ਰਾਂਤ, ਜੋ ਹੁਣ ਪਾਕਿਸਤਾਨ ਵਿੱਚ ਹੈ, ਦੇਸ਼ ਦੀ ਵੰਡ ਤੋਂ ਪਹਿਲਾਂ ਭਾਰਤ ਦਾ ਹੀ ਇੱਕ ਹਿੱਸਾ ਸੀ। ਇਹ ਇਲਾਕਾ ਅਫ਼ਗਾਨਿਸਤਾਨ ਨਾਲ ਲੱਗਦਾ ਹੈ। ਕੋਹਾਟ ਜ਼ਿਲ੍ਹੇ ਦੇ ਸਮਾਣਾ ਰਿਜ ’ਤੇ ਇੱਕ ਲਾਕਹਾਰਟ ਅਤੇ ਦੂਜਾ ਗੁਲਿਸਤਾਨ ਕਿਲ੍ਹਾ ਸਥਿਤ ਹਨ। ਇਨ੍ਹਾਂ ਦੋਹਾਂ ਕਿਲ੍ਹਿਆਂ ਵਿਚਕਾਰ ਲੱਗਭਗ ਛੇ ਕਿਲੋਮੀਟਰ ਦਾ ਫ਼ਾਸਲਾ ਹੈ। ਇਹ ਦੋਵੇਂ ਕਿਲ੍ਹੇ ਫ਼ੌਜੀ ਪੱਖ ਤੋਂ ਬਹੁਤ ਹੀ ਮਹੱਤਵ ਪੂਰਨ ਹਨ। ਇਨ੍ਹਾਂ ਦੋਹਾਂ ਕਿਲ੍ਹਿਆਂ ਵਿਚਕਾਰ ਤਾਲਮੇਲ ਰੱਖਣ ਲਈ ਇੱਕ ਸਾਰਾਗੜ੍ਹੀ ਚੌਂਕੀ ਕਾਇਮ ਕੀਤੀ ਗਈ ਸੀ। ਇਹ ਸਾਰਾ ਇਲਾਕਾ ਪਹਾੜੀ ਇਲਾਕਾ ਹੈ। ਸੰਨ ੧੮੯੭ ਵਿੱਚ ਸਾਰਾਗੜ੍ਹੀ ਚੌਂਕੀ ਦੀ ਰਖਵਾਲੀ ਲਈ ੩੬ ਸਿੱਖ ਬਟਾਲੀਅਨ ਦੇ ੨੧ ਫ਼ੌਜੀ ਤਾਇਨਾਤ ਸਨ। ਉਸ ਸਮੇਂ ਲਾਕਹਾਰਟ ਕਿਲ੍ਹੇ ਦੀ ਕਮਾਂਡ ਸਿੱਧੇ ਤੌਰ ‘ਤੇ ਲੈਫਟੀਨੈਂਟ ਕਰਨਲ ਜਾਹਨ-ਹਾਟਨ ਦੇ ਅਧੀਨ ਸੀ। ਗੁਲਿਸਤਾਨ ਕਿਲ੍ਹੇ ਦੀ ਕਮਾਂਡ ਮੇਜਰ ਡੇਸ-ਵੌਕਸ ਦੇ ਅਧੀਨ ਸੀ। ਸਾਰਾਗੜ੍ਹੀ ਚੌਂਕੀ ਦੀ ਕਮਾਂਡ ਹਵਾਲਦਾਰ ਸ. ਈਸ਼ਰ ਸਿੰਘ ਦੇ ਅਧੀਨ ਸੀ। ਚੌਂਕੀ ਦੇ ਸਿਗਨਲ ਟਾਵਰ ‘ਤੇ ਸਿਪਾਹੀ ਸ. ਗੁਰਮੁਖ ਸਿੰਘ ਦੀ ਡਿਊਟੀ ਸੀ।
ਸੰਨ ੧੮੯੭ ਦੇ ਸਮਿਆਂ ਵੇਲੇ ਇਸ ਇਲਾਕੇ ਵਿੱਚ ਬੜਾ ਅਸ਼ਾਂਤ ਮਾਹੌਲ ਬਣਿਆ ਹੋਇਆ ਸੀ। ਇਲਾਕੇ ਦੇ ਕਬਾਇਲੀ ਲੋਕ ਅਕਸਰ ਫ਼ੌਜ ਲਈ ਆਂਦਾ-ਜਾਂਦਾ ਸਾਮਾਨ ਲੁੱਟ ਲੈਂਦੇ ਸਨ। ਗ਼ੈਰ-ਕਬਾਇਲੀ ਇਲਾਕੇ ਦੇ ਲੋਕਾਂ ਨੂੰ ਵੀ ਲੁੱਟ ਲਿਆ ਜਾਂਦਾ ਸੀ। ਸਾਰਾਗੜ੍ਹੀ ਚੌਂਕੀ ਕਬਾਇਲੀ ਲੋਕਾਂ ਦੀਆਂ ਅੱਖਾਂ ਵਿੱਚ ਰੜਕ ਰਹੀ ਸੀ। ਉਹ ਇਸ ਨੂੰ ਹਰ ਹੀਲੇ ਤਬਾਹ ਕਰਨਾ ਚਾਹੁੰਦੇ ਸਨ। ਇਸ ਮੰਤਵ ਦੀ ਪੂਰਤੀ ਲਈ ਦਸ ਹਜ਼ਾਰ ਤੋਂ ਵੀ ਵੱਧ ਕਬਾਇਲੀ ਲੋਕਾਂ ਨੇ, ੧੨ ਸਤੰਬਰ ਸੰਨ ੧੮੯੭ ਵਾਲੇ ਦਿਨ ਸਵੇਰ ਵੇਲੇ ਚੌਂਕੀ ਨੂੰ ਘੇਰਾ ਪਾ ਲਿਆ। ਕਬਾਇਲੀ ਲੋਕ ਪੂਰੀ ਤਰ੍ਹਾਂ ਹਥਿਆਰਾਂ ਨਾਲ ਲੈਸ ਸਨ। ਇਨ੍ਹਾਂ ਲੋਕਾਂ ਨੇ ਕਿਲ੍ਹਾ ਲਾਕਹਾਰਟ ਅਤੇ ਕਿਲ੍ਹਾ ਗੁਲਿਸਤਾਨ ਨੂੰ ਵੀ ਘੇਰ ਲਿਆ ਤਾਂ ਜੋ ਸਾਰਾਗੜ੍ਹੀ ਦੀ ਚੌਂਕੀ ਨੂੰ ਬਾਹਰੋਂ ਫ਼ੌਜੀ ਸਹਾਇਤਾ ਨਾ ਮਿਲ ਸਕੇ। ਕਬੀਲੇ ਦੇ ਨੇਤਾ ਨੇ ਸਾਰਾਗੜ੍ਹੀ ਦੇ ਫ਼ੌਜੀਆਂ ਨੂੰ ਹਥਿਆਰ ਸੁੱਟ ਕੇ ਚੌਂਕੀ ਤੋਂ ਬਾਹਰ ਆਉਣ ਲਈ ਆਖਿਆ। ਉਨ੍ਹਾਂ ਨੇ ਗੜ੍ਹੀ ਦੇ ਫ਼ੌਜੀਆਂ ਨੂੰ ਇਹ ਵੀ ਯਕੀਨ ਦੁਆਇਆ ਕਿ ਉਨ੍ਹਾਂ ਨੂੰ ਸਹੀ-ਸਲਾਮਤ ਰਿਹਾਅ ਕਰ ਦਿੱਤਾ ਜਾਵੇਗਾ। ਕਬਾਇਲੀ ਨੇਤਾ ਨੂੰ ਆਸ ਸੀ ਕਿ ਗੜ੍ਹੀ ਦੇ ਫ਼ੌਜੀ ਕਬਾਇਲੀ ਲੋਕਾਂ ਦੀ ਹਜ਼ਾਰਾਂ ਦੀ ਗਿਣਤੀ ਵੇਖ ਕੇ ਘਬਰਾ ਜਾਣਗੇ ਅਤੇ ਹਥਿਆਰ ਸੁੱਟ ਦੇਣਗੇ। ਇਸ ਤਰ੍ਹਾਂ ਬਿਨਾਂ ਕਿਸੇ ਲੜਾਈ ਦੇ ਚੌਂਕੀ ’ਤੇ ਉਨ੍ਹਾਂ ਦਾ ਕਬਜ਼ਾ ਹੋ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਸਾਰਾਗੜ੍ਹੀ ਚੌਂਕੀ ਦੇ ਕਮਾਂਡਰ ਹਵਾਲਦਾਰ ਸ. ਈਸ਼ਰ ਸਿੰਘ ਨੇ ਕਬਾਇਲੀ ਲੋਕਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਉਪਰੰਤ ਕਬਾਇਲੀ ਲੋਕਾਂ ਨੇ ਲੜਾਈ ਦਾ ਨਗਾਰਾ ਵਜਾ ਦਿੱਤਾ ਅਤੇ ਚੌਂਕੀ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸਾਰਾਗੜ੍ਹੀ ਚੌਂਕੀ ਦੇ ਫ਼ੌਜੀਆਂ ਨੇ ਵੀ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਛੱਡ ਕੇ ਬਹਾਦਰੀ ਦਾ ਸਬੂਤ ਦਿੰਦੇ ਹੋਏ ਕਬਾਇਲੀ ਹਮਲੇ ਨੂੰ ਨਾਕਾਮ ਕਰ ਦਿੱਤਾ। ਫਲਸਰੂਪ ਦੁਸ਼ਮਣ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ। ਥੌੜ੍ਹੇ ਸਮੇਂ ਪਿੱਛੋਂ ਕਬਾਇਲੀਆਂ ਨੇ ਮੁੜ ਚੌਂਕੀ ’ਤੇ ਹਮਲਾ ਕਰ ਦਿੱਤਾ, ਪਰ ਚੌਂਕੀ ਦੇ ਰਖਵਾਲਿਆਂ ਨੇ ਹਮਲਾ ਫਿਰ ਨਾਕਾਮ ਕਰ ਦਿੱਤਾ। ਇਸ ਤਰ੍ਹਾਂ ਇਹ ਇਕ ਨਾ ਖ਼ਤਮ ਹੋਣ ਵਾਲੀ ਲੜਾਈ ਛਿੜ ਪਈ। ਕਬਾਇਲੀ ਲੋਕ ਚੌਂਕੀ ਨੂੰ ਹਰ ਹੀਲੇ ਬਚਾਉਣ ਲਈ ਆਪਣੇ ਖ਼ੂਨ ਦੀ ਆਖਰੀ ਬੂੰਦ ਤੱਕ ਡੋਲ੍ਹਣ ਲਈ ਤਿਆਰ ਸਨ। ਇਸ ਤਰ੍ਹਾਂ ਇਹ ਇੱਕ ਅਸਾਵੀਂ ਲੜਾਈ ਚੱਲ ਰਹੀ ਸੀ। ਇੱਕ ਪਾਸੇ ਇਲਾਕੇ ਦੇ ਹਜ਼ਾਰਾਂ ਕਬਾਇਲੀ ਲੋਕ ਅਤੇ ਦੂਜੇ ਪਾਸੇ ਚੌਂਕੀ ਵਿੱਚ ਤਾਇਨਾਤ ਕੇਵਲ ੨੧ ਸਿੱਖ ਫ਼ੌਜੀ ਜਵਾਨ ਸਨ। ਚੌਂਕੀ ਦੇ ਜਵਾਨ ਹਰ ਹਮਲੇ ਦਾ ਮੁਕਾਬਲਾ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਛੱਡ ਕੇ ਤੇ ਬੰਦੂਕਾਂ ਦੀਆਂ ਗੋਲੀਆਂ ਨਾਲ ਦੇ ਰਹੇ ਸਨ। ਇਸ ਲੜਾਈ ਵਿੱਚ ਕਬਾਇਲੀਆਂ ਦਾ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋ ਰਿਹਾ ਸੀ। ਹਰ ਕਬਾਇਲੀ ਹਮਲੇ ਨਾਲ, ਚੌਂਕੀ ਦੀ ਰਾਖੀ ਕਰ ਰਹੇ ਜਵਾਨਾਂ ਦੀ ਗਿਣਤੀ ਵੀ ਲਗਾਤਾਰ ਘਟ ਰਹੀ ਸੀ, ਪਰ ਫ਼ੌਜੀਆਂ ਦੀ ਘਟ ਰਹੀ ਗਿਣਤੀ ਦਾ ਬਾਕੀ ਦੇ ਫ਼ੌਜੀਆਂ ਦੀ ਦ੍ਰਿੜ੍ਹਤਾ ਅਤੇ ਬਹਾਦਰੀ ’ਤੇ ਕੋਈ ਅਸਰ ਨਹੀਂ ਹੋ ਰਿਹਾ ਸੀ।
ਸਾਰਾਗੜ੍ਹੀ ਦੀ ਚੌਂਕੀ ਪਹਾੜੀ ਇਲਾਕੇ ਵਿੱਚ ਇਕ ਵੀਰਾਨ ਥਾਂ ’ਤੇ ਸਥਿਤ ਸੀ। ਗੜ੍ਹੀ ਦੇ ਇੱਕ ਪਾਸੇ ਸਿੱਧੀ ਢਲਾਨ ਸੀ, ਪਰ ਬਾਕੀ ਤਿੰਨ ਪਾਸਿਆਂ ਵੱਲ ਢਲਾਨਾਂ ਘੱਟ ਹੋਣ ਕਾਰਨ, ਕਬਾਇਲੀ ਇਨ੍ਹਾਂ ਤਿੰਨਾਂ ਪਾਸਿਆਂ ਤੋਂ ਹਮਲਾ ਕਰ ਰਹੇ ਹਨ। ਸਿਗਨਲ ਟਾਵਰ ’ਤੇ ਤਾਇਨਾਤ ਫ਼ੌਜੀ ਜਵਾਨ ਸ. ਗੁਰਮੁਖ ਸਿੰਘ ਸਾਰੀ ਸਥਿਤੀ ਦੀ ਖ਼ਬਰ ਕਿਲ੍ਹਾ ਲਾਕਹਾਰਟ ਦੇ ਕਮਾਂਡਰ ਕਰਨਲ ਹਾਟਨ ਨੂੰ ਲਗਾਤਾਰ ਭੇਜ ਰਿਹਾ ਸੀ। ਲੜਾਈ ਚਲਦਿਆਂ ਛੇ ਘੰਟੇ ਬੀਤ ਚੁੱਕੇ ਸਨ। ਇਸ ਸਮੇਂ ਦੌਰਾਨ ੬੦੦ ਦੇ ਲਗਭਗ ਕਬਾਇਲੀ ਲੋਕ ਮਾਰੇ ਜਾ ਚੁੱਕੇ ਸਨ। ਗੜ੍ਹੀ ਦੇ ਅੰਦਰੋਂ ਮੁਕਾਬਲਾ ਕਰ ਰਹੇ 12 ਸਿੱਖ ਫ਼ੌਜੀ ਸ਼ਹੀਦ ਹੋ ਚੁੱਕੇ ਸਨ। ਇਸ ਤਰ੍ਹਾਂ ਹੁਣ ਗੜ੍ਹੀ ਵਿੱਚ ਕੇਵਲ ਨੌਂ ਸਿੱਖ ਫ਼ੌਜੀ ਜ਼ਿੰਦਾ ਰਹਿ ਗਏ ਸਨ। ਗੜ੍ਹੀ ਵਿੱਚ ਜਮ੍ਹਾਂ ਗੋਲੀ-ਸਿੱਕਾ ਵੀ ਲਗਭਗ ਖ਼ਤਮ ਹੋਣ ਦੇ ਕੰਢੇ ਸੀ, ਪਰ ਇਸ ਸਥਿਤੀ ਦੇ ਬਾਵਜੂਦ ਗੜ੍ਹੀ ਵਿੱਚ ਬਾਕੀ ਰਹਿ ਗਏ ਫ਼ੌਜੀ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਸਨ। ਕਬਾਇਲੀਆਂ ਨੇ ਚੌਂਕੀ ਦੀ ਇੱਕ ਪਾਸੇ ਦੀ ਦੀਵਾਰ ਵਿੱਚ ਪਾੜ ਪਾ ਦਿੱਤਾ, ਪਰ ਸਿੱਖ ਫ਼ੌਜੀਆਂ ਨੇ ਉਨ੍ਹਾਂ ਨੂੰ ਗੜ੍ਹੀ ਦੇ ਅੰਦਰ ਨਹੀਂ ਵੜਨ ਦਿੱਤਾ। ਕਬਾਇਲੀਆਂ ਨੇ ਨੇੜੇ-ਤੇੜੇ ਤੋਂ ਸੁੱਕੀਆਂ ਲੱਕੜਾਂ ਅਤੇ ਘਾਹ-ਫੂਸ ਇੱਕਠਾ ਕਰ ਕੇ ਚੌਂਕੀ ਦੇ ਅੰਦਰ ਸੁੱਟ ਕੇ ਅੱਗ ਲਗਾ ਦਿੱਤੀ। ਹੁਣ ਫ਼ੌਜੀ ਬੰਦੂਕ ਦੀ ਬੋਨਟ ਨਾਲ ਹੀ ਦੁਸ਼ਮਣ ਦਾ ਮੁਕਾਬਲਾ ਕਰ ਰਹੇ ਸਨ। ਅੰਤ ਇੱਕ ਸਮਾਂ ਐਸਾ ਆ ਗਿਆ ਜਦੋਂ ਗੜ੍ਹੀ ਦੇ ੨੦ ਫ਼ੌਜੀ ਸ਼ਹੀਦੀ ਦਾ ਜਾਮ ਪੀ ਚੁੱਕੇ ਸਨ। ਇੱਕ ਫ਼ੌਜੀ ਸ. ਗੁਰਮੁਖ ਸਿੰਘ ਹੀ ਜ਼ਿੰਦਾ ਰਹਿ ਗਿਆ ਸੀ, ਜੋ ਸਿਗਨਲ ਟਾਵਰ ’ਤੇ ਬੈਠ ਸੂਚਨਾ ਭੇਜਣ ਦੀ ਡਿਊਟੀ ਨਿਭਾਅ ਰਿਹਾ ਸੀ। ਅੰਤ ਸ. ਗੁਰਮੁਖ ਸਿੰਘ ਨੇ ਕਿਲ੍ਹਾ ਲਾਕਹਾਰਟ ਵਿੱਚ ਕਰਨਲ ਹਾਟਨ ਨੂੰ ਸੂਚਨਾ ਭੇਜੀ ਕਿ ਇਸੇ ਸਮੇਂ ਗੜ੍ਹੀ ਵਿੱਚ ਉਹ ਕੇਵਲ ਇਕੱਲਾ ਹੀ ਰਹਿ ਗਿਆ ਹੈ ਅਤੇ ਨਾਲ ਹੀ ਦੱਸਿਆ ਕਿ ਉਹ ਸਿਗਨਲ ਅਪ੍ਰੇਟਸ ਨੂੰ ਬੰਦ ਕਰ ਰਿਹਾ ਹੈ ਤਾਂ ਜੋ ਉਹ ਵੀ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਦਾ ਜਾਮ ਪੀ ਕੇ ਆਪਣੇ ਸਾਥੀਆਂ ਨਾਲ ਜਾ ਰਲੇ। ਉਸ ਨੇ ਸਿਗਨਲ ਅਪ੍ਰੇਟਸ ਬੰਦ ਕਰ ਕੇ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਲਗਾਉਂਦੇ ਹੋਏ, ਆਪਣੀ ਬੰਦੂਕ ਚੁੱਕ ਕੇ ਬੋਨਟ ਦੇ ਨਾਲ ਹੀ ੨੦ ਤੋਂ ਵੀ ਵੱਧ ਕਬਾਇਲੀਆਂ ਨੂੰ ਮਾਰ ਮੁਕਾਇਆ। ਅੰਤ ਸ. ਗੁਰਮੁਖ ਸਿੰਘ ਸ਼ਹੀਦ ਹੋ ਗਿਆ। ਕਬਾਇਲੀਆਂ ਨੇ ਆਪਣੇ ਸਾਥੀਆਂ ਦੀਆਂ ਲਾਸ਼ਾਂ ਨੂੰ ਗੜ੍ਹੀ ਵਿੱਚੋਂ ਬਾਹਰ ਕੱਢ ਕੇ ਸਾਰਾਗੜ੍ਹੀ ਦੀ ਚੌਂਕੀ ਨੂੰ ਅੱਗ ਲਗਾ ਦਿੱਤੀ। ਅੱਗ ਦੀਆਂ ਲਪਟਾਂ ਵਿੱਚ ਸੁਲਗ ਰਹੇ ਸਾਰਾਗੜ੍ਹੀ ਦੇ ਖੰਡਰ ਹੀ ਇਨ੍ਹਾਂ ਬਹਾਦਰ ਸਿੱਖ ਫ਼ੌਜੀਆਂ ਲਈ ਇੱਕ ਸਮੂਹਿਕ ਚਿਤਾ ਦਾ ਕੰਮ ਕਰ ਰਹੇ ਸਨ ਅਤੇ ਇਹ ਸੁਨੇਹਾ ਵੀ ਦੇ ਰਹੇ ਸਨ ਕਿ ਸਾਰਾਗੜ੍ਹੀ ਦੇ ਰਖਵਾਲਿਆਂ ਨੇ ਆਪਣੇ ਆਖਰੀ ਸਾਹਾਂ ਤੱਕ ਸਾਰਾਗੜ੍ਹੀ ਦੀ ਇੱਕ ਇੰਚ ਧਰਤੀ ਵੀ ਦੁਸ਼ਮਣ ਦੇ ਕਬਜ਼ੇ ਵਿੱਚ ਨਹੀਂ ਜਾਣ ਦਿੱਤੀ ਸੀ। ਇਸ ਤਰ੍ਹਾਂ ਉਨ੍ਹਾਂ ੨੧ ਸਿੱਖ ਫ਼ੌਜੀਆਂ ਦੀ ਖ਼ਾਕ ਗੜ੍ਹੀ ਦੀ ਖਾਕ ਵਿੱਚ ਹੀ ਰਲ਼-ਮਿਲ ਗਈ। ਫਲਸਰੂਪ ਸਿੱਖ ਫ਼ੌਜੀ ਪੱਕੇ ਤੌਰ ’ਤੇ ਹੀ ਗੜ੍ਹੀ ਦਾ ਇੱਕ ਹਿੱਸਾ ਬਣ ਗਏ। ਇਹ ਸੀ ਉਨ੍ਹਾਂ ਬਹਾਦਰ ਸਿੱਖ ਫ਼ੌਜੀਆਂ ਦੀ ਸੂਰਮਗਤੀ ਅਤੇ ਕੁਰਬਾਨੀ ਦੀ ਅਦੁੱਤੀ ਗਾਥਾ।
ਸਾਰਾਗੜ੍ਹੀ ਦੀ ਲੜਾਈ ਵਿੱਚ ੬੦੦ ਤੋਂ ਵੀ ਵੱਧ ਕਬਾਇਲੀ ਮਾਰੇ ਗਏ ਸਨ ਅਤੇ ਇਸ ਤੋਂ ਵੀ ਜ਼ਿਆਦਾ ਜ਼ਖ਼ਮੀ ਹੋ ਗਏ ਸਨ। ਕਬਾਇਲੀ ਨੇਤਾਵਾਂ ਨੇ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਗੜ੍ਹੀ ਦੇ ਕੇਵਲ ੨੧ ਸਿੱਖ ਫ਼ੌਜੀਆਂ ਨਾਲ ਉਨ੍ਹਾਂ ਦੀ ਸਾਰਾ ਦਿਨ ਲੜਾਈ ਹੋਵੇਗੀ ਅਤੇ ਉਨ੍ਹਾਂ ਦਾ ਇਤਨਾ ਭਾਰੀ ਜਾਨੀ ਨੁਕਸਾਨ ਹੋ ਜਾਵੇਗਾ।
ਸਾਰਾਗੜ੍ਹੀ ਦੇ ਅਮਰ ਸ਼ਹੀਦ ਯੋਧਿਆਂ ਦੇ ਕਾਰਨਾਮਿਆਂ ਦੀ ਖ਼ਬਰ ਜਦੋਂ ਇੰਗਲੈਂਡ ਪਹੁੰਚੀ ਤਾਂ ਬ੍ਰਿਟਿਸ਼ ਸੰਸਦ ਦੇ ਦੋਹਾਂ ਸਦਨਾਂ ਦੇ ਮੈਂਬਰਾਂ ਨੇ ਖੜ੍ਹੇ ਹੋ ਕੇ ਇਨ੍ਹਾਂ ਸ਼ਹੀਦ ਯੋਧਿਆਂ ਨੂੰ ਸ਼ਰਧਾਂਜਲੀ ਅਰਪਣ ਕੀਤੀ ਅਤੇ ਨਾਲ ਹੀ ਕਿਹਾ ਕਿ ਇਨ੍ਹਾਂ ਸ਼ਹੀਦਾਂ ਉੱਤੇ ਉਨ੍ਹਾਂ ਨੂੰ ਬਹੁਤ ਮਾਣ ਹੈ। ਉਸ ਸਮੇਂ ਦੁਨੀਆਂ ਦੇ ਸਾਰੇ ਦੇਸ਼ਾਂ ਦੇ ਅਖ਼ਬਾਰਾਂ ਵਿੱਚ ਸਾਰਾਗੜ੍ਹੀ ਦੇ ਸ਼ਹੀਦਾਂ ਦੇ ਕਾਰਨਾਮਿਆਂ ਬਾਰੇ ਵੱਡੀਆਂ-ਵੱਡੀਆਂ ਸੁਰਖੀਆਂ ਵਿੱਚ ਖ਼ਬਰਾਂ ਛਪੀਆਂ ਸਨ। ਇਸ ਤਰ੍ਹਾਂ ਸਾਰੇ ਸੰਸਾਰ ਵਿੱਚ ਸਾਰਾਗੜ੍ਹੀ ਦੇ ਰਖਵਾਲਿਆਂ ਦੀ ਸ਼ਹਾਦਤ ਦੀ ਖ਼ਬਰ ਨੇ ਧੁੰਮਾਂ ਪਾ ਦਿੱਤੀਆਂ ਸਨ। ਉਦੋਂ ਸਿੱਖ ਕੌਮ ਆਪਣੀ ਬਹਾਦਰੀ ਸਦਕਾ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋ ਗਈ ਸੀ।
ਬ੍ਰਿਟਿਸ਼ ਸਰਕਾਰ ਵੱਲੋਂ ਸਾਰਾਗੜ੍ਹੀ ਦੇ ੨੧ ਬਹਾਦਰਾਂ ਨੂੰ, ਮਰਨ ਉਪਰੰਤ ਸਭ ਤੋਂ ਵੱਡਾ ਫ਼ੌਜੀ ਸਨਮਾਨ ‘ਇੰਡੀਅਨ ਆਰਡਰ ਆਫ਼ ਮੈਰਿਟ’ ਨਾਲ ਸਨਮਾਨਿਤ ਕੀਤਾ। ਹਰੇਕ ਸ਼ਹੀਦ ਦੇ ਪਰਵਾਰ ਨੂੰ ੫੦੦ ਰੁਪਏ ਨਕਦ ਅਤੇ ਹਰੇਕ ਪਰਵਾਰ ਨੂੰ ਦੋ-ਦੋ ਮੁਰੱਬੇ (੫੦ ਏਕੜ) ਜ਼ਮੀਨ ਵੀ ਦਿੱਤੀ ਗਈ। ਇੱਥੇ ਇਹ ਵੀ ਦੱਸਣ ਯੋਗ ਹੋਵੇਗਾ ਕਿ ਸੰਨ ੧੮੯੭ ਦੇ ਸਮਿਆਂ ਵਿੱਚ ੫੦੦ ਰੁਪਏ ਦੀ ਰਕਮ ਇੱਕ ਭਾਰੀ ਰਕਮ ਮੰਨੀ ਜਾਂਦੀ ਸੀ ਅਤੇ ਵੱਡੇ-ਵੱਡੇ ਅਮੀਰ ਵਿਅਕਤੀਆਂ ਕੋਲ ਹੀ ਹੁੰਦੀ ਸੀ। ‘ਇੰਡੀਅਨ ਆਰਡਰ ਆਫ਼ ਮੈਰਿਟ’ ਦਾ ਸਨਮਾਨ ਬ੍ਰਿਟਿਸ਼ ਫ਼ੌਜ ਦੇ ‘ਵਿਕਟੋਰੀਆ ਕਰਾਸ’ ਤੇ ਵਰਤਮਾਨ ਭਾਰਤ ਵਿੱਚ ‘ਪਰਮ ਵੀਰ ਚੱਕਰ’ ਦੇ ਬਰਾਬਰ ਮੰਨਿਆ ਜਾਂਦਾ ਹੈ।
ਸਾਰਾਗੜ੍ਹੀ ਦੇ ਸ਼ਹੀਦਾਂ ਦੀਆਂ ਕਹਾਣੀਆਂ ਇੰਗਲੈਂਡ, ਫਰਾਂਸ ਅਤੇ ਹੋਰ ਕਈ ਦੇਸ਼ਾਂ ਦੇ ਸਕੂਲੀ ਬੱਚਿਆਂ ਨੂੰ ਪੜ੍ਹਾਈਆਂ ਜਾਂਦੀਆਂ ਰਹੀਆਂ ਹਨ। ਫਰਾਂਸ ਵਿੱਚ ਤਾਂ ਅੱਜ ਤੱਕ ਸਕੂਲ ਦੇ ਸਿਲੇਬਸ ਵਿੱਚ ਸਾਰਾਗੜ੍ਹੀ ਵਿੱਖੇ ਇਕ ਬੁਰਜ, ਕਿਲ੍ਹਾ ਲਾਕਹਾਰਟ ਵਿੱਚ ਇੱਕ ਮੀਨਾਰ, ਸ੍ਰੀ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿਖੇ ਇੱਕ-ਇੱਕ ਗੁਰਦੁਆਰਾ ਸਥਾਪਿਤ ਕੀਤਾ ਗਿਆ ਸੀ।
ਦੁਨੀਆਂ ਦੇ ਇਤਿਹਾਸ ਵਿੱਚ ਸਾਰਾਗੜ੍ਹੀ ਦੀ ਲੜਾਈ ਸਮੂਹਿਕ ਬਹਾਦਰੀ ਅਤੇ ਕੁਰਬਾਨੀ ਦਾ ਇੱਕ ਸ਼ਾਨਦਾਰ ਕਾਰਨਾਮਾ ਹੈ। ਇਸ ਵਰਗੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਸਾਰਾਗੜ੍ਹੀ ਦੀ ਲੜਾਈ ਦੁਨੀਆਂ ਦੇ ਫ਼ੌਜੀ ਇਤਿਹਾਸ ਵਿੱਚ ਇੱਕ ਵਿਲੱਖਣ ਘਟਨਾ ਹੈ, ਜਿੱਥੇ ਇੱਕ ਦਿਨ ਦੀ ਲੜਾਈ ਵਿੱਚ ਸ਼ਹੀਦ ਹੋਣ ਵਾਲੇ ਸਾਰੇ ਦੇ ਸਾਰੇ ੨੧ ਸਿੱਖ ਫੋਜੀਆਂ ਨੂੰ ਦੇਸ਼ ਦਾ ਸਭ ਤੋਂ ਉੱਚਾ ਫ਼ੌਜੀ ਸਨਮਾਨ ਪ੍ਰਦਾਨ ਕੀਤਾ ਗਿਆ ਸੀ।