ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ ॥

0
1181

ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ ॥

ਗਿਆਨੀ ਜਗਤਾਰ ਸਿੰਘ ਜਾਚਕ

ਸ੍ਰੀ ਗਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬੌਰਨ (ਅਸਟ੍ਰੇਲੀਆ) ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਸੰਪੂਰਨ ਸੰਥਿਆ ਵੀਡੀਓ ਤਿਆਰ ਕਰਵਾਉਣਾ, ਖ਼ਾਲਸਾ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੁਆਰਾ ਉਹਦਾ ਰੀਲੀਜ਼ ਹੋਣਾ ਅਤੇ ਫਿਰ ਚੜ੍ਹਦੀਕਲਾ ਟਾਈਮ ਟੀ. ਵੀ. ਦੁਆਰਾ ਉਸ ਨੂੰ ਸੰਸਾਰ ਭਰ ਵਿੱਚ ਪ੍ਰਸਾਰਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਅਰਦਾਸ ਕਰਨਾ; ਰੱਬੀ ਰਮਜ਼ਾਂ ਦੀ ਸੂਝ ਰੱਖਣ ਵਾਲੇ ਗੁਰਮੁਖ ਸੱਜਣਾਂ ਦੀਦ੍ਰਿਸ਼ਟੀ ਵਿੱਚ ਕਿਸੇ ਰੱਬੀ ਕ੍ਰਿਸ਼ਮੇ ਤੋਂ ਘਟ ਨਹੀਂ ਹੈ । ਇੰਸਟੀਚਿਊਟ ਦੀ ਵੈਬਸਾਈਟ ‘ਗੁਰਬਾਣੀ ਦਰਪਣ ਡਾਟ ਓਆਰਜੀ’ (gurbanidarpan.org) ’ਤੇ ਭਾਵੇਂ ਇਹ ਸਾਰਾ ਵਿਆਕ੍ਰਣਿਕ ਸੰਥਿਆ ਪਾਠ ਉਪਲਭਦ ਹੈ ਅਤੇ ਗੁਰਬਾਣੀ ਪ੍ਰੇਮੀਆਂ ਲਈ ਉਥੋਂ ਫ੍ਰੀ ਡਾਊਨਲੋਡ ਕਰਨ ਦੀ ਸਹੂਲਤ ਵੀ ਹਾਸਲ ਹੈ ; ਪਰ, ਚਾਲੂ ਸਾਲ ੨੦੧੫ ਦੀ ਸ਼ੁਭ ਆਮਦ ਤੋਂ ਚੜ੍ਹਦੀਕਲਾ ਟਾਈਮ ਦੁਆਰਾ ਹਰ ਰੋਜ਼ ਪ੍ਰਸਾਰਤ ਕਰਨ ਨਾਲ ਸਿੱਖ ਸੰਗਤ ਦਾ ਜੋ ਪਿਆਰ ਭਰਿਆ ਹੁੰਗਾਰਾ ਮਿਲਿਆ ਹੈ, ਸਿੱਖ ਜਗਤ ਨਾਲ ਟੀ.ਵੀ.ਚੈਨਲ ਅਤੇ ਇੰਸਟੀਚਿਊਟ ਦੀ ਜੋ ਰੂਹਾਨੀ ਸਾਂਝ ਕਾਇਮ ਹੋਈ ਹੈ, ਦੋਵਾਂ ਅਦਾਰਿਆਂ ਦੇ ਸੇਵਾਦਾਰਾਂ ਲਈ ਉਹ ਹੋਰ ਵੀ ਵਿਸਮਾਦਮਈ ਤੇ ਉਤਸ਼ਾਹ ਜਨਕ ਹੈ। ਕਿਉਂਕਿ, ਹਰ ਰੋਜ਼ ਬੇਅੰਤ ਸ਼ਰਧਾਲੂ ਫੋਨ ਕਰਕੇ ਜਿਥੇ ਆਪਣਾ ਪਿਆਰ ਪ੍ਰਗਟਾਉਂਦੇ ਤੇ ਆਸੀਸਾਂ ਬਖ਼ਸ਼ਦੇ ਹਨ। ਉਥੇ ਕਈ ਸ਼ਰਧਾਲੂ ਗੁਰਬਾਣੀ ਦੇ ਪਾਠ ਉਚਾਰਨ, ਗੁਰਬਾਣੀ ਦੇ ਵਿਆਕਰਣ ਤੇ ਇਸ ਸਬੰਧੀ ਪ੍ਰਚਲਿਤ ਪ੍ਰੰਪਰਾਵਾਂ ਪ੍ਰਤੀ ਸ਼ੰਕੇ ਪ੍ਰਗਟ ਕਰਦੇ ਹੋਏ ਕਈ ਕਿਸਮ ਦੇ ਜਗਿਆਸਾ ਭਰੇ ਸੁਆਲ ਵੀ ਪੁੱਛ ਰਹੇ ਹਨ ।

ਇੰਸਟੀਚਿਊਟ ਦੇ ਸੇਵਾਦਾਰ ਯਤਨਸ਼ੀਲ ਹਨ ਕਿ ਗੁਰਬਾਣੀ ਪ੍ਰੇਮੀਆਂ ਵੱਲੋਂ ਗੁਰਬਾਣੀ ਦੇ ਪਾਠ ਅਤੇ ਉਚਾਰਣ ਪ੍ਰਤੀ ਜੋ ਪ੍ਰਸ਼ਨ ਪੁੱਛੇ ਜਾ ਰਹੇ ਹਨ, ਉਹਨਾਂ ਦੇ ਉੱਤਰ ਲਿਖ ਕੇ ਪੁਸਤਕ ਦੇ ਰੂਪ ਵਿੱਚ ਇੱਕ ‘ਸੰਥਿਆ ਪ੍ਰਸ਼ੋਨਤਰੀ’ ਤਿਆਰ ਕਰ ਦਿੱਤੀ ਜਾਵੇ, ਤਾਂ ਜੋ ਗੁਰਬਾਣੀ ਦੇ ਸਿਖਿਆਰਥੀ ਉਸ ਤੋਂ ਸਦਾ ਹੀ ਸੇਧ ਲੈਂਦੇ ਰਹਿਣ । ਜਿਵੇਂ ਚੜ੍ਹਦੀਕਲਾ ਟਾਈਮ ਟੀ.ਵੀ. ’ਤੇ ਚੱਲ ਰਹੇ ਲੜੀਵਾਰ ਸੰਥਿਆ ਸਹਿਜ ਪਾਠ ਵਿੱਚ ਕੁਝ ਦਿਨ ਪਹਿਲਾਂ ਸਤਿਸੰਗੀਆਂ ਨੇ ਅੰਕ ੯੪੭ ਤੋਂ ‘‘ਰਾਮਕਲੀ ਕੀ ਵਾਰ ਮਹਲਾ ੩ ॥ ਜੋਧੈ ਵੀਰੈ ਪੂਰਬਾਣੀ ਕੀ ਧੁਨੀ ॥’’ ਨਾਂ ਦੇ ਸਿਰਲੇਖ ਹੇਠ ਵਾਰ ਦਾ ਪਾਠ ਸਰਵਣ ਕੀਤਾ । ਜਿਉਂ ਹੀ ਉਸ ਦਿਨ ਟੀ.ਵੀ.’ਤੇ ਸੰਥਿਆ ਸਹਿਜ ਪਾਠ ਦਾ ਪ੍ਰੋਗਰਾਮ ਸਮਾਪਤ ਹੋਇਆ, ਤਿਉਂ ਹੀ ਹਰ ਰੋਜ਼ ਵਾਂਗ ਬਾਰ ਬਾਰ ਫੋਨ ਦੀ ਘੰਟੀ ਖੜਕੀ । ਗੁਰੂ ਫ਼ਤਹਿ ਦੀ ਸਾਂਝ ਕਰਨ ਉਪਰੰਤ ਸਾਰੇ ਹੀ ਸਤਿਸੰਗੀਆਂ ਦਾ ਲੱਗਭਗ ਇੱਕੋ ਹੀ ਸੁਆਲ ਸੀ ‘‘ਗਿਆਨੀ ਜੀ ਨੇ ਮਹਲੇ ਤੀਜੇ ਦੀ ਰਾਮਕਲੀ ਕੀ ਵਾਰ ਵਿੱਚਲੀ ‘ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ ॥’ ਤੁਕ ਕੇਵਲ ਪਹਿਲੀ ਪਉੜੀ ਦੇ ਪਿੱਛੋਂ ਹੀ ਪੜ੍ਹੀ ਹੈ ; ਹਰੇਕ ਪਉੜੀ ਦੇ ਨਾਲ ਕਿਉਂ ਨਹੀਂ ਪੜ੍ਹੀ ?’’ ਤੁਕ ਨਾ ਪੜ੍ਹਣੀ, ਗੁਰੂ ਮਹਾਰਾਜ ਦੇ ਹੁਕਮ ਦੀ ਉਲੰਘਣਾ ਹੈ ।’’ ਸਾਰੇ ਪ੍ਰਸ਼ਨ ਕਰਤਾ ਆਪਣੇ ਆਪ ਨੂੰ ਕਿਸੇ ਸੰਪਰਦਾਈ ਵਿਦਵਾਨ, ਡੇਰੇ ਜਾਂ ਟਕਸਾਲ ਦਾ ਵਿਦਿਆਰਥੀ ਦੱਸ ਰਹੇ ਸਨ ।

ਗੁਰਬਾਣੀ ਦੇ ਸ਼ਰਧਾਲੂ ਸਰੋਤਿਆਂ ਵੱਲੋਂ ਅਜਿਹਾ ਸੁਆਲ ਉਠਾਏ ਜਾਣ ਦਾ ਅਸਲ ਵਿੱਚ ਮੁਖ ਕਾਰਣ ਇਹ ਹੈ ਕਿ ਗੁਰਬਾਣੀ ਦੇ ਟੀਕਾਕਾਰਾਂ ਵਿੱਚੋਂ ਕੇਵਲ ਸੰਪਰਦਾਈ ਵਿਦਵਾਨਾਂ ਨੇ ਹੀ ‘‘ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ ॥’’ ਤੁਕ ਨੂੰ ਹਰੇਕ ਪਉੜੀ ਨਾਲ ਪੜ੍ਹਣ ਦੀ ਹਦਾਇਤ ਕੀਤੀ ਹੈ । ਜਿਵੇਂ ਫਰੀਦਕੋਟੀ ਟੀਕੇ ਵਿੱਚ ਲਿਖਿਆ ਹੈ – ਇਹ ਰਹਾਉ ਦੀ ਤੁਕ ਹੈ, ਸਾਰੀਆਂ ਪੌੜੀਯੋਂ ਮੇਂ ਪੜ੍ਹਨੀ ਚਾਹੀਏ ।

ਸ੍ਰੀ ਮਾਨ ਪੰਥ ਰਤਨ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲਿਆਂ ਨੇ ‘ਗੁਰਬਾਣੀ ਪਾਠ ਦਰਸ਼ਨ’ ਅਠਵੀਂ ਐਡੀਸ਼ਨ, ਜੁਲਾਈ ੧੯੮੮, (ਪੰਨਾ ੪੬੭) ’ਤੇ ਲਿਖਿਆ ਹੈ – ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਰਚ ਕੇ, ਮਹਾਰਾਜ ਦੇ ਸਰੂਪ ਵਿੱਚ ਜਦੋਂ ਨੌਂ ਧੁਨਾਂ ਚਾੜ੍ਹੀਆਂ ਹਨ ਤਾਂ ਰਾਮਕਲੀ ਦੀ ਪਹਿਲੀ ਵਾਰ ਬਾਬਤ ਆਗਿਆ ਕੀਤੀ ਕਿ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੀਜੇ ਪਾਤਿਸ਼ਾਹ ਦੀ ਵਾਰ ਦੀਆਂ ਪੰਜ ਪਉੜੀਆਂ ਲਿਖਾਈਆਂ ਹਨ ਗਿਣਤੀ ਦੀਆਂ ੨੧ ਹਨ, ਉਹਨਾਂ ਦੇ ਮਗਰੋਂ (ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ) ਇਹ ਤੁਕ ਹਰ ਪਉੜੀ ਦੇ ਅੰਤ ਵਿੱਚ ਪੜ੍ਹਨੀ ਭਾਵ ਇੱਕੀ ਵਾਰ ਪੜ੍ਹਨੀ ਹੈ । ਧੁਨ ਵਾਲੀ ਵਾਰ ਦੀ ਪਉੜੀ ਦੀਆਂ ਛੇ ਤੁਕਾਂ ਸਨ, ਮਹਾਰਾਜ ਜੀ ਨੇ ਇਹ ਤੁਕ ਪੜ੍ਹਨ ਦੀ ਆਗਿਆ ਦੇ ਕੇ ਛੇ ਤੁਕੀ ਵਾਰ ਦੀ ਧੁਨ ਬਣਾਈ ਹੈ । ਗੁਰ ਬਿਲਾਸ ਵਿੱਚ ਭਾਈ ਮਨੀ ਸਿੰਘ ਜੀ ਨੇ ਲਿਖਿਆ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਧੁਨਾਂ ਚੜ੍ਹਾਉਣ ਵਾਲੇ ਧਿਆਇ ਵਿੱਚ ਜੋ ਭਾਈ ਗੁਰਦਾਸ ਜੀ ਪਾਸੋਂ ਲਿਖਾਈਆਂ ਹਨ ਟਕਸਾਲੀ ਗਿਆਨੀ ਚੰਦਾ ਸਿੰਘ ਦੇ ਪ੍ਰਯਾਇ ਵਿੱਚ ਤੇ ਗਿਆਨੀ ਅਮੀਰ ਸਿੰਘ ਅੰਮ੍ਰਿਤਸਰ ਦੇ ਟਕਸਾਲੀ ਗੋਬਿੰਦ ਦਾਸ ਦੇ ਪ੍ਰਯਾਇ ਟੀਕਾ ਫਰੀਦਕੋਟ ਆਦਿ ਵਿੱਚ ਇਹ ਤੁਕ ਪੜ੍ਹਣ ਦੀ ਗੁਰੂ ਸਾਹਿਬ ਵਲੋਂ ਆਗਿਆ ਦੱਸੀ ਹੈ ।’’

ਸੰਪਰਦਾਈ ਸਟੀਕ ਦੇ ਕਰਤਾ ਸ੍ਰੀ ਮਾਨ ਗਿਆਨੀ ਕਿ੍ਰਪਾਲ ਸਿੰਘ ਜੀ ਲਿਖਦੇ ਹਨ – ਕਲਗੀਆਂ ਵਾਲੇ ਸੱਚੇ ਪਿਤਾ ਜੀ ਦੀ ਚਲਾਈ ਹੋਈ ਜੋ ਸੰਪ੍ਰਦਾਈ ਟਕਸਾਲ ਹੈ, ਉਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ੳਨੁਸਾਰ ਸੀਨਾ ਬਸੀਨਾ ਇਸ ਤੁਕ ਨੂੰ ਹਰ ਪਉੜੀ ਦੇ ਅਖੀਰ ਤੇ ਪੜ੍ਹਣ ਦੀ ਮਰਯਾਦਾ ਚਲੀ ਆ ਰਹੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁਲ ਬਾਈ ਵਾਰਾਂ ਹਨ । ਹੋਰ ਕਿਸੀ ਵਾਰ ਦੇ ਵਿੱਚ ‘ਰਹਾਉ’ ਸਬਦ ਨਹੀਂ ਹੈ ।

ਸ੍ਰੀ ਮਾਨ ਗਿਆਨੀ ਹਰਿਬੰਸ ਸਿੰਘ ਜੀ ਪਟਿਆਲੇ ਵਾਲਿਆਂ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ’ ਦੀ ਨੌਵੀਂ ਪੋਥੀ (ਦੂਜੀ ਐਡੀਸ਼ਨ, ਮਾਰਚ ੧੯੯੬, ਪੰਨਾ ੬੧੯) ਵਿੱਚ ਗਿਆਨੀ ਗੁਰਬਚਨ ਸਿੰਘ ਜੀ ਅਤੇ ਗਿਆਨੀ ਕਿ੍ਰਪਾਲ ਸਿੰਘ ਜੀ ਦੇ ਉਪਰੋਕਤ ਬਿਆਨਾਂ ’ਤੇ ਟਿੱਪਣੀ ਕਰਦਿਆਂ ਇਉਂ ਨਿਰਣਾ ਦਿੱਤਾ ਹੈ-

‘‘ਨਿਰਣਾ : ਇੱਕ ਪਾਸੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਧੁਨਾਂ ਚੜ੍ਹਾਉਣ ਸਮੇਂ ਉਪ੍ਰੋਕਤ ਆਦੇਸ਼ ਜਾਰੀ ਹੋਇਆ ਦਸਣਾ ਅਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਾਲ ਸੀਨਾ ਬਸੀਨਾ ਇਸ ਤੁਕ ਨੂੰ ਪੜ੍ਹਣ ਦੀ ਮਰਯਾਦਾ ਆ ਰਹੀ ਲਿਖਣਾ, ਇਹ ਦੋਵੇਂ ਹਵਾਲੇ ਸ੍ਵੈ ਵਿਰੋਧੀ ਹਨ । ਟਕਸਾਲੀ ਵਿਦਵਾਨਾਂ ਨੂੰ ਛੇਵੀਂ ਜਾਂ ਦਸਵੀਂ ਪਾਤਸ਼ਾਹੀ ਦੇ ਉਸ ਹੁਕਮ ਦਾ ਜਿਸ ਨਾਲ ਇਸ ਪੰਕਤੀ ਦਾ ਹਰੇਕ ਪਉੜੀ ਨਾਲ ਪੜ੍ਹਨਾ ਜ਼ਰੂਰੀ ਹੈ, ਹਵਾਲਾ ਦੇਣਾ ਚਾਹੀਦਾ ਸੀ ਤਾਂ ਜੋ ਗੁਰਮਤਿ ਪਰੇਮੀਆਂ ਦੀ ਤਸੱਲੀ ਹੋ ਜਾਂਦੀ ਕਿ ਇਹ ਮਰਯਾਦਾ ਮਨੋਕਲਪਿਤ ਨਹੀਂ ਹੈ । ਜਿਵੇਂ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ) ‘ਗਉੜੀ ਬਾਵਨ ਅਖਰੀ ਮਹਲਾ ੫’ ਦੇ ਆਰੰਭ ਵਿੱਚ ‘ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸਰਾ’ ਵਾਲਾ ਸਲੋਕ ਦਰਜ ਹੈ ਅਤੇ ਓਹੀ ਸਲੋਕ ‘ਬਾਵਨ ਅਖਰੀ’ ਦੀ ਸਮਾਪਤੀ ਤੇ । (ਇਸ ਲਈ ਇਥੇ) ਸਤਿਗੁਰਾਂ ਆਪ ਹੀ ਲਿਖ ਦਿੱਤਾ ਹੈ-‘ਏਹੁ ਸਲੋਕੁ ਆਦਿ ਅੰਤਿ ਪੜਣਾ’ । ਸੋ ਇਹ ਅਟੱਲ ਹੁਕਮ ਹੈ ।

ਸੰਪਰਦਾਈ ਸਟੀਕ ਦੇ ਕਰਤਾ (ਗਿ. ਕ੍ਰਿਪਾਲ ਸਿੰਘ) ਨੇ ਜੋ ਗੁਰਸ਼ਬਦ ਰਤਨਾਕਰ (ਮਹਾਨ ਕੋਸ਼) ਦਾ ਹਵਾਲਾ ਦਿੱਤਾ ਹੈ, ਉਸ ਵਿੱਚ ਇਸ ਤੁਕ ਦਾ ਹਰੇਕ ਪਉੜੀ ਨਾਲ ਪੜ੍ਹਨ ਦਾ ਕੋਈ ਸੰਕੇਤ ਨਹੀਂ । ਉਥੇ ਕੇਵਲ ਇਹ ਅਖਰ ਹਨ :-

‘‘ਇਸ ਛੇ ਤੁਕੀ ਪੌੜੀ ਨਾਲ ਰਾਮਕਲੀ ਦੀ ਛੇ ਤੁਕੀ ਪੌੜੀ ਦੀ ਧੁਨਿ ਮਿਲਾਈ’’। ‘ਧੁਨਿ ਮਿਲਾਈ’ ਤੋਂ ਭਾਵ ਜੋਧੇ ਵੀਰੇ ਪੂਰਬਾਣੀ ਦੀ ਧੁਨਿ ਨਾਲ ਮਿਲਾਈ ਹੈ ।

ਸੰਪ੍ਰਦਾਈ ਸਟੀਕ ਦੇ ਕਰਤਾ ਦਾ ਇਹ ਲਿਖਣਾ ਵੀ ਠੀਕ ਨਹੀਂ ਕਿ ਹੋਰ ਕਿਸੇ ਵਾਰ ਵਿੱਚ ‘ਰਹਾਉ’ ਸ਼ਬਦ ਨਹੀਂ ਆਉਂਦਾ, ਕੇਵਲ ਇਸੇ ਵਾਰ ਵਿੱਚ ਰਹਾਉ ਵਾਲੀ ਤੁਕ ਹੈ । ਕਿਉਂਕਿ, ਆਸਾ ਕੀ ਵਾਰ ਵਿੱਚ ੧੨ਵੀਂ ਪਉੜੀ ਦੇ ਆਰੰਭਕ ਸਲੋਕ ਵਿੱਚ ‘‘ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥’’ ਮੌਜੂਦ ਹੈ ।

(ਗੁਰਬਾਣੀ ਪਾਠ ਦਰਸ਼ਨ ਦੇ ਕਰਤਾ ਵੱਲੋਂ ‘ਗੁਰਬਿਲਾਸ ਪਾ: ੬ ਦੇ ਹਵਾਲੇ ਨੂੰ ਭਾਈ ਮਨੀ ਸਿੰਘ ਦਾ ਦੱਸਣਾ ਵੀ ਯੋਗ ਨਹੀਂ । ਕਿਉਂਕਿ) ਗੁਰਬਿਲਾਸ ਪਾ: ੬ ਗਿਆਨੀ ਮਨੀ ਸਿੰਘ ਜੀ ਦਾ ਰਚਿਤ ਨਹੀਂ, (ਕਿਸੇ ਅਗਿਆਤ) ਸੋਹਨ ਕਵੀ ਦਾ ਹੈ । (ਗੁਰੂ ਨਿੰਦਾ ਨਾਲ ਭਰਪੂਰ ਇਸ ਬਿਪਰਵਾਦੀ ਕਿਤਾਬ ’ਤੇ ਅਧਾਰਿਤ ਸ੍ਰੀ ਅਕਾਲ ਤਖ਼ਤ ਦੀ ਸਿਰਜਨਾ ਉਪਰੰਤ) ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਧੁਨਾਂ ਚੜ੍ਹਾਉਣ ਵਾਲੀ ਸਾਖੀ ਨੂੰ ਵੀ ਖੋਜੀਆਂ ਨੇ ਯਥਾਰਥ ਨਹੀਂ ਮੰਨਿਆ । ਵੇਖੋ ਗੁਰਸ਼ਬਦ ਰਤਨਾਕਰ ਵਿੱਚ ਭਾ. ਕਾਨ੍ਹ ਸਿੰਘ ਜੀ ਨਾਭਾ । (ਕਿਉਂਕਿ, ਸ੍ਰੀ ਅਕਾਲ ਤਖ਼ਤ ਦੀ ਸਿਰਜਨਾ ਤੋਂ ੪ ਸਾਲ ਪਹਿਲਾਂ ਸਤੰਬਰ ਸੰਨ ੧੬੦੪ ਵਿੱਚ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ਵਿਖੇ ਭਾਈ ਗੁਰਦਾਸ ਜੀ ਦੁਆਰਾ ਲਿਖੀ ਗਈ ਕਰਤਾਰਪੁਰੀ ਬੀੜ ਵਿੱਚ ਗੁਰਬਾਣੀ ਤੇ ਵਾਰਾਂ ਦੀਆਂ ਧੁਨੀਆਂ ਇੱਕੋ ਕਲਮ ਨਾਲ ਲਿਖੀਆਂ ਹੋਈਆਂ ਮਿਲਦੀਆਂ ਹਨ । ਵੇਖੋ ਪੁਸਤਕ ‘ਕਰਤਾਰਪੁਰੀ ਬੀੜ ਦੇ ਦਰਸ਼ਨ’ ਭਾਈ ਜੋਧ ਸਿੰਘ ਪਿ੍ਰੰਸੀਪਲ ।)

ਸੰਪਰਦਾਈ ਸਟੀਕ ਦੇ ਕਰਤਾ ਦਾ ਇਹ ਲਿਖਣਾ ਕਿ ‘‘ਜਿਹੜੇ ਸੱਜਣ ਇਸ ਤੁਕ ਦਾ ਪਾਠ ਹਰ ਪਉੜੀ ਦੇ ਅਖੀਰ ਤੇ ਨਹੀਂ ਪੜ੍ਹਦੇ, ਉਹ ਗੁਰੂ ਜੀ ਦੀ ਆਗਿਆ ਨਾ ਮੰਨਣ ਕਰਕੇ ਗੁਰੂ ਤੋਂ ਬੇਮੁਖ ਹਨ’’ ਕੋਈ ਸਿਆਣਪ ਵਾਲੀ ਗੱਲ ਨਹੀਂ । ਏਦਾਂ ਦੀ ਗੱਲ ਲਿਖਣ ਦਾ ਕਿਸੇ ਵਿਦਵਾਨ ਵਿਅਕਤੀ ਨੂੰ ਕੋਈ ਅਧਿਕਾਰ ਨਹੀਂ ਹੈ । ਇਸ ਬਾਰੇ ਸ੍ਰੀਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਹੀ ਕੋਈ ਹੁਕਮਨਾਮਾ ਜਾਰੀ ਕਰ ਸਕਦਾ ਹੈ ।

ਹਰੇਕ ਮਾਈ ਭਾਈ ਜੋ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਦਰਜ ਹੈ, ਉਹ ਉਸੇ ਤਰ੍ਹਾਂ ਪੜ੍ਹਦੇ ਹਨ । ਸਾਰੇ ਪਾਠੀ ਤੇ ਸਰੋਤੇ ਗਿਆਨਵਾਨ ਨਹੀਂ ਹੁੰਦੇ । ਇਸ ਪੰਕਤੀ ਦਾ ਹਰੇਕ ਪਉੜੀ ਨਾਲ ਪੜ੍ਹਨ ਦੀ ਗੱਲ ਕੇਵਲ ਟਕਸਾਲੀ ਪਾਠੀ ਹੀ ਜਾਣਦੇ ਹਨ, ਬਾਕੀ ਆਮ ਪਾਠੀਆਂ ਤੇ ਸੰਗਤਾਂ ਨੂੰ ਉੱਕਾ ਹੀ ਪਤਾ ਨਹੀਂ ਹੈ । ਕੀ ਫਿਰ ਸਾਰੇ ਹੀ ਗੁਰੂ ਤੋਂ ਬੇਮੁਖ ਹੋ ਗਏ ? ਇਤਨਾ ਭਾਵੁਕ ਹੋ ਕੇ ਆਪਣੀ ਕਲਪਨਾ ਨੂੰ ਗੁਰੂ ਦੇ ਹੁਕਮ ਨਾਲ ਜੋੜ ਕੇ ਪ੍ਰਚਾਰਨਾ ਕਿਥੋਂ ਦੀ ਗੁਰਮਤਿ ਹੈ ?

ਇਸ ਬਾਰੇ ਯੋਗ ਇਹੋ ਹੈ ਕਿ ਜਦੋਂ ਰਾਗੀ ਢਾਡੀ ਇਹ ਵਾਰ ਉਚਾਰਨ ਕਰਨ (ਗਾਉਣ) ਤਾਂ ਹਰੇਕ ਪਉੜੀ ਨਾਲ ‘ਵਾਹੁ ਵਾਹੁ ਸਚੇ ਪਾਤਿਸਾਹ, ਤੂ ਸਚੀ ਨਾਈ’ ਦਾ ਗਾਇਨ ਜਰੂਰ ਕਰਨ । ਜਿਵੇਂ ਕਿ ਬਾਕੀ ਸ਼ਬਦਾਂ ਵਿੱੱਚ ਰਹਾਉ ਵਾਲੀ ਪੰਕਤੀ ਨੂੰ ਸਥਾਈ ਮੰਨ ਕੇ ਉਸ ਦਾ ਗਾਇਨ ਮੁੜ ਮੁੜ ਕੀਤਾ ਜਾਂਦਾ ਹੈ । ਅਖੰਡ ਪਾਠ (ਜਾਂ ਸਧਾਰਨ ਪਾਠ) ਵਿੱਚ ਇਸ ਪੰਕਤੀ ਨੂੰ ਹੋਰ ਪਉੜੀ ਨਾਲ ਦੁਹਰਾਉਣ ਦੀ ਲੋੜ ਨਹੀਂ ।’’

ਸਤਿਕਾਰ ਯੋਗ ਗਿਆਨੀ ਹਰਿਬੰਸ ਸਿੰਘ ਜੀ ਪਟਿਆਲਾ ਦੀ ਉਪਰੋਕਤ ਲੰਮੀ ਚੌੜੀ ਲਿਖਤ ਤੋਂ ਸਪਸ਼ਟ ਹੈ ਕਿ ਜਿਹੜੇ ਲੋਕ ਪਾਠ ਕਰਨ ਵੇਲੇ ‘‘ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ ॥ ਤੁਕ ਨੂੰ ਵਾਰ ਦੀ ਹਰੇਕ ਪਉੜੀ ਨਾਲ ਪੜ੍ਹਣ ਦੀ ਹਦਾਇਤ ਮਨੋਕਲਪਿਤ ਹੈ । ਕਿਉਂਕਿ, ਸੰਪਰਦਾਈ ਵਿਦਵਾਨਾਂ ਨੇ ਜੋ ਗੱਲਾਂ ਕੀਤੀਆਂ ਹਨ, ਉਨ੍ਹਾਂ ਦਾ ਕੋਈ ਪ੍ਰਮਾਣੀਕ ਅਧਾਰ ਨਹੀਂ ਹੈ । ਅਸਲ ਵਿੱਚ ਇਹੀ ਕਾਰਣ ਹੈ ਕਿ ਪੰਥ ਪ੍ਰਸਿੱਧ ਉੱਚ ਕੋਟੀ ਦੇ ਵਿਦਵਾਨਾਂ ਦੀ ਟੀਮ ਦੁਆਰਾ ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਅਗਵਾਈ ਵਿੱਚ ਲਿਖੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਰਤਸਰ ਵੱਲੋਂ ਪ੍ਰਕਾਸ਼ਿਤ ਹੁੰਦੇ ਆ ਰਹੇ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਉਪਰੋਕਤ ਕਿਸਮ ਦੀ ਕੋਈ ਹਦਾਇਤ ਨਹੀਂ ਕੀਤੀ ਗਈ । ਪ੍ਰੋ. ਸਾਹਿਬ ਸਿੰਘ ਜੀ ਰਚਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਵਿੱਚ ਵੀ ਉਪਰੋਕਤ ਤੁਕ ਨਾਲ ਸਬੰਧਤ ਕਿਸੇ ਕਿਸਮ ਦੀ ਕੋਈ ਵਿਸ਼ੇਸ਼ ਚਰਚਾ ਨਹੀਂ ਕੀਤੀ ਗਈ । ਕੇਵਲ ਇਤਨਾ ਹੀ ਲਿਖਿਆ ਹੈ :

ਨੋਟ : ਲਫ਼ਜ਼ ‘ਰਹਾਉ’ ਦਾ ਅਰਥ ਹੈ ‘ਠਹਿਰ ਜਾਓ’; ਭਾਵ, ਇਸ ਸਾਰੀ ਲੰਮੀ ਬਾਣੀ ਦਾ ਮੁੱਖ-ਭਾਵ ਇਸ ਤੁਕ ਵਿੱਚ ਹੈ, ਜਿਸ ਦੇ ਅੰਤ ਵਿੱਚ ‘ਰਹਾਉ’ ਲਿਖਿਆ ਗਿਆ ਹੈ ।

ਕਿਉਂਕਿ, ਉਹ ਭਲੀਭਾਂਤ ਸਮਝਦੇ ਸਨ ਕਿ ਗੁਰਬਾਣੀ ਦਾ ਪਾਠ ਕਰਨ ਵੇਲੇ ਜਿਵੇਂ ‘ਦੁਪਦੇ’, ‘ਤਿਪਦੇ’, ‘ਚਉਪਦੇ’, ‘ਪੰਚਪਦੇ’ ਅਤੇ ‘ਅਸਟਪਦੀਆਂ’ ਵਿੱਚ ‘ਰਹਾਉ’ ਦੀ ਤੁਕ ਅਥਵਾ ‘ਪਦਾ’ ਸ਼ਬਦ ਦੇ ਹਰੇਕ ਪਦੇ ਨਾਲ ਜੋੜ ਕੇ ਨਹੀਂ ਪੜ੍ਹਿਆ ਜਾਂਦਾ । ਜਿਵੇਂ ਲੰਮੀਆਂ ਬਾਣੀਆਂ ‘ਸੁਖਮਨੀ’ ਸਾਹਿਬ ਵਿੱਚਲਾ ਰਹਾਉ ਦਾ ਪਦਾ ‘‘ਸੁਖਮਨੀ ਸੁਖ ਅੰਮਿ੍ਰਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥’’ (ਪੰਨਾ ੨੬੨) ; ‘ਰਾਮਕਲੀ ਸਿੱਧ ਗੋਸਟਿ’ ਵਿੱਚਲਾ ਰਹਾਉ ਦਾ ਪਦਾ ‘‘ਕਿਆ ਭਵੀਐ ਸਚਿ ਸੂਚਾ ਹੋਇ ॥ ਸਾਚ ਸਬਦ ਬਿਨੁ ਮੁਕਤਿ ਨ ਕੋਇ ॥੧॥ ਰਹਾਉ ॥’’ (ਪੰਨਾ ੯੩੮) ਅਤੇ ‘ਰਾਮਕਲੀ ਦਖਣੀ ਓਅੰਕਾਰ’ ਵਿੱਚਲਾ ਰਹਾਉ ਦਾ ਪਦਾ ‘‘ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ॥ ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ ॥੧॥ ਰਹਾਉ ॥’’ (ਪੰਨਾ ੯੩੦) ਕਿਸੇ ਵੀ ਬਾਣੀ ਦੇ ਪਦੇ ਪਾਠ ਵੇਲੇ ਨਹੀਂ ਦੁਹਰਾਏ ਜਾਂਦੇ । ਇਸੇ ਤਰ੍ਹਾਂ ‘‘ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ ॥੧॥ਰਹਾਉ॥’’ ਦੀ ਤੁਕ ਨੂੰ ਵਾਰ ਦੀ ਹਰੇਕ ਪਉੜੀ ਨਾਲ ਮਿਲਾ ਕੇ ਪਾਠ ਕਰਨ ਦੀ ਲੋੜ ਨਹੀਂ । ਹਾਂ, ਢਾਡੀਆਂ ਜਾਂ ਰਾਗੀਆਂ ਵੱਲੋਂ ਗਉਣ ਵੇਲੇ ਸਥਾਈ (ਸੰਗੀਤਕ ਟੇਕ) ਮੰਨ ਕੇ ਦੁਹਰਾਇਆ ਜਾ ਸਕਦਾ ਹੈ । ਅਰਥਾਤਮਿਕ ਅਤੇ ਕਾਵਿਕ ਦਿ੍ਰਸ਼ਟੀਕੋਨ ਤੋਂ ਇਸ ਤੁਕ ਦੇ ਪਾਠ ਅਤੇ ਗਾਇਨ ਲਈ ਠੀਕ ਵਿਸਰਾਮ ਇਉਂ ਹੋਣਗੇ -‘‘ਵਾਹੁ ਵਾਹੁ ਸਚੇ ਪਾਤਿਸਾਹ ! ਤੂ, ਸਚੀ ਨਾਈ ॥’’ ਕਿਉਂਕਿ ‘ਤੂੰ’ ਲਫ਼ਜ਼ ਦੇਹਲੀ-ਦੀਪਕ ਅਲੰਕਾਰ ਵਜੋਂ ਵਰਤਿਆ ਗਿਆ ਹੈ ਅਤੇ ਅਰਥ ਹਨ : ਹੇ ਸਦਾ ਕਾਇਮ ਰਹਿਣ ਵਾਲੇ ਪਾਤਿਸ਼ਾਹ ! ਤੂੰ ਅਸਚਰਜ ਹੈਂ, ਤੂੰ ਅਸਚਰਜ ਹੈਂ । ਤੂੰ ਸੱਚੀ ਵਡਿਆਈ ਵਾਲਾ ਹੈਂ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਵਾਰ ਦੀ ਪਹਿਲੀ ਪਉੜੀ ਅਤੇ ‘‘ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ ॥’’ ਪਾਵਨ ਤੁਕ ਦੇ ਲਿਖਤੀ ਦਰਸ਼ਨਾਂ ਤੋਂ ਸਪਸ਼ਟ ਹੋ ਜਾਂਦਾ ਕਿ ਪਉੜੀ ਅਤੇ ਰਹਾਉ ਦਾ ਪਦਾ ਵੱਖ ਵੱਖ ਹਨ । ਕਿਉਂਕਿ, ਵਾਰ ਦੀ ਪਹਿਲੀ ਪਉੜੀ ਦੀ ਸਮਾਪਤੀ ’ਤੇ ਦੋਹੱਦੀਆਂ ਵਿਚਕਾਰ ਗਿਣਤੀ ਸੂਚਕ ਅੰਕ ਵਖਰਾ ਹੈ ਅਤੇ ਉਪਰੋਕਤ ਤੁਕ ਦੀ ਰਹਾਉ ਦੇ ਰੂਪ ਸੰਗੀਤਕ ਸੂਚਨਾ ਅਤੇ ਗਿਣਤੀ ਦਾ ਅੰਕ ਵਖਰਾ ਹੈ । ਲਿਖਤੀ ਸਰੂਪ ਇੰਝ ਹੈ-

ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ ॥

ਸਭੁ ਕਿਛੁ ਆਪੇ ਆਪਿ ਹੈ ਗੁਰ ਸਬਦਿ ਸੁਣਾਈ ॥

ਆਪੇ ਕੁਦਰਤਿ ਸਾਜੀਅਨੁ ਕਰਿ ਮਹਲ ਸਰਾਈ ॥

ਚੰਦੁ ਸੂਰਜੁ ਦੁਇ ਚਾਨਣੇ ਪੂਰੀ ਬਣਤ ਬਣਾਈ ॥

ਆਪੇ ਵੇਖੈ ਸੁਣੇ ਆਪਿ ਗੁਰ ਸਬਦਿ ਧਿਆਈ ॥੧॥

ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ ॥੧॥ ਰਹਾਉ ॥

ਰਾਮਕਲੀ ਕੀ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ (ਪੰਨਾ ੯੪੭)

ਵਿਦਵਾਨ ਸੱਜਣਾ ਤੇ ਸੁਘੜ ਪਾਠਕਾਂ ਦੀ ਇਹ ਤਰਕ ਬਹੁਤ ਵਜ਼ਨਦਾਰ ਹੈ ਕਿ ਜੇ ਗੁਰੂ ਸਾਹਿਬ ਇਸ ਵਾਰ ਵਿੱਚ ‘ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ’ ਨੂੰ ਹਰੇਕ ਪਉੜੀ ਨਾਲ ਪੜ੍ਹਣਾ ਜਰੂਰੀ ਸਮਝਦੇ ਤਾਂ ਜਿਵੇਂ ਬਾਵਨ ਅਖਰੀ ਦੇ ਆਦਿ ਅਤੇ ਅੰਤ ਵਿੱਚ ਲਿਖੇ ਸਲੋਕ ਨੂੰ ਪੜ੍ਹਣ ਪ੍ਰਤੀ ਵਿਸ਼ੇਸ਼ ਹਦਾਇਤ ਅੰਕਿਤ ਹੈ ‘‘ਏਹੁ ਸਲੋਕੁ ਆਦਿ ਅੰਤਿ ਪੜਣਾ’’, ਤਿਵੇਂ ਹੀ ਸਤਿਗੁਰੂ ਜੀ ਆਪ ਹੀ ਉਪਰੋਕਤ ਤੁਕ ਲਈ ਵੀ ਕੋਈ ਕੋਈ ਹਦਾਇਤ ਲਿਖ ਜਾਂਦੇ । ਇਸ ਮਸਲੇ ਸਬੰਧੀ ਇੱਕ ਹੋਰ ਦਲੀਲ ਵੀ ਬੜੀ ਢਕਵੀਂ ਹੈ ਕਿ ਵਾਰ ਦੀ ੧੨ਵੀਂ ਪਉੜੀ ਦੇ ਛੇ ਤੁਕੀ ਸਲੋਕਾਂ ੨,੩,੪ ਅਤੇ ੫ ਵਿੱਚ ‘ਪਰਮਤੰਤ ਮਹਿ ਰੇਖ ਨ ਰੂਪੁ’ (ਪੰਨਾ ੯੫੩) ਵਾਲੀ ਪੰਕਤੀ ਹਰੇਕ ਸਲੋਕ ਵਿੱਚ ਅੰਤ ’ਤੇ ਦਰਜ ਹੈ । ਕੀ ਇਸ ਤਰ੍ਹਾਂ ਆਪ ‘ਰਹਾਉ’ ਵਾਲੀ ਪੰਕਤੀ ਦੀ ਸੰਪਾਦਨਾ ਵਾਰ ਦੀ ਹਰੇਕ ਪਉੜੀ ਨਾਲ ਨਹੀਂ ਸਨ ਕਰ ਸਕਦੇ ?

ਸੋ ਸਾਰੀ ਵਿਚਾਰ ਦਾ ਸਾਰ ਤੱਤ ਇਹ ਹੈ ਕਿ ਗੁਰਬਾਣੀ ਦਾ ਪਾਠ ਕਰਨ ਵੇਲੇ ਇਸ ਤੁਕ ਨੂੰ ਵਾਰ ਦੀ ਹਰੇਕ ਪਉੜੀ ਨਾਲ ਮਿਲਾ ਕੇ ਪੜ੍ਹਣਾ ਮਨਮਰਜ਼ੀ ਹੈ, ਮਨਮਤਿ ਹੈ । ਕਿਉਂਕਿ, ਗੁਰਬਾਣੀ ਸਬੰਧੀ ਉਹੀ ਹਦਾਇਤ ਪ੍ਰਮਾਣੀਕ ਤੇ ਮੰਨਣ ਯੋਗ ਹੈ, ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਦਰਜ ਹੋਵੇ । ਧੁਰ ਦਾ ਫੈਸਲਾ ਹੈ : ‘‘ਮਨ ਕੀ ਮਤਿ ਮਤਾਗਲੁ ਮਤਾ ॥ ਜੋ ਕਿਛੁ ਬੋਲੀਐ ਸਭੁ ਖਤੋ ਖਤਾ ॥’’ ਆਸਾ (ਮ: ੧) ਗੁਰੂ ਗ੍ਰੰਥ ਸਾਹਿਬ -ਪੰਨਾ ੩੫੧ ।

ਭੁੱਲ-ਚੁੱਕ ਮੁਆਫ਼ ।

ਗੁਰੂ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ, ਨਿਊਯਾਰਕ ੧-੫੧੬-੩੨੩-੯੧੮੮

ਮਿਤੀ : ੧੭-੫-੨੦੧੫