ਕੁਦਰਤ (ਰਚਨਾ) ’ਚ ਬੇਸ਼ੁਮਾਰ ਕੀਮਤੀ ਹੀਰੇ ‘ਤਾਰੇ’ (Stars)

0
646

ਕੁਦਰਤ (ਰਚਨਾ) ’ਚ ਬੇਸ਼ੁਮਾਰ ਕੀਮਤੀ ਹੀਰੇ ‘ਤਾਰੇ’ (Stars)

  (ਨੋਟ: ਅਗਰ ਕਿਸੇ ਤਸਵੀਰ ਨੂੰ ਵੱਡਾ ਕਰਕੇ ਵੇਖਣਾ ਹੋਵੇ ਤਾਂ ਉਸ ਉੱਪਰ ਦੁਬਾਰਾ ਕਲਿਕ ਕੀਤਾ ਜਾ ਸਕਦਾ ਹੈ।)

ਬ੍ਰਹਿਮੰਡ ਦੀ ਹਰੇਕ ਗਲੈਕਸੀ ’ਚ ਲੱਖਾਂ ਕਰੋੜਾਂ ਤਾਰੇ ਹੁੰਦੇ ਹਨ। ਇੱਕ ਤਾਰਾ (a star) ਬਹੁਤ ਜ਼ਿਆਦਾ ਗਰਮ ਗੈਸਾਂ ਦਾ ਗੋਲ਼ਾ ਹੁੰਦਾ ਹੈ, ਜੋ ਆਪਣੇ ਕੇਂਦਰ ਵਿਚਲੀ ਨਿਊਕਲੀ ਕਿਰਿਆ ਨਾਲ਼ ਗਰਮੀ ਤੇ ਰੌਸ਼ਨੀ ਪੈਦਾ ਕਰਦਾ ਹੈ। ਧਰਤੀ ਦੇ ਸਭ ਤੋਂ ਨਜ਼ਦੀਕ ਵਾਲ਼ਾ ਤਾਰਾ ਸੂਰਜ ਹੈ, ਜੋ ਧਰਤੀ ਤੋਂ 15 ਕਰੋੜ ਕਿਲੋਮੀਟਰ ਦੂਰ ਹੈ (ਪਰ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨਾਲ਼ ਸੰਬੰਧਿਤ ਮੰਨੀ ਜਾਂਦੀ ‘ਬਾਲਾ ਸਾਖੀ’ ਦੇ ਪੰਨਾ 288 (ਪ੍ਰਕਾਸ਼ਕ ਭਾਈ ਚਤਰ ਸਿੰਘ ਜੀਵਨ ਸਿੰਘ, 33ਵੀਂ ਐਡੀਸ਼ਨ, ਸੰਨ 2000) ਉੱਤੇ ਇਹ ਦੂਰੀ ਲਗਭਗ 3.20 ਲੱਖ ਕਿਲੋਮੀਟਰ ਦੱਸੀ ਗਈ ਹੈ, ਜਦ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਦੇ ਸਵਾਲ ਦਾ ਜਵਾਬ ਦੇ ਰਹੇ ਹਨ)।

ਇਸ ਤੋਂ ਬਾਅਦ ਨਜ਼ਦੀਕ ਵਾਲ਼ਾ ਤਾਰਾ ਪ੍ਰੌਕਸੀਮਾ ਸੈਂਚੁਰੀ (Proxima Centauri) ਹੈ,ਜੋ ਧਰਤੀ ਤੋਂ 4.5 ਪ੍ਰਕਾਸ਼ ਸਾਲ (ਭਾਵ 42.57 ਖਰਬ ਕਿਲੋਮੀਟਰ) ਦੂਰ ਹੈ।

ਤਾਰਾ-ਧੁੰਦ (NEBULAE): ਤਾਰੇ, ਗੈਸਾਂ ਤੇ ਗਰਦੇ ਦੇ ਬਹੁਤ ਵੱਡੇ ਬੱਦਲਾਂ ਤੋਂ ਬਣੇ ਹੁੰਦੇ ਹਨ, ਜਿਨ੍ਹਾਂ ਨੂੰ ਨੀਬੂਲੀ ਜਾਂ ਤਾਰਾ ਧੁੰਦ ਕਿਹਾ ਜਾਂਦਾ ਹੈ। ਕੁਝ ਤਾਰਾ ਧੁੰਦਾਂ ਚਮਕਦੀਆਂ ਹੁੰਦੀਆਂ ਹਨ

ਪਰ ਕੁਝ ਨਹੀਂ ਚਮਕਦੀਆਂ ਭਾਵ ਹਨੇਰੀਆਂ ਤਾਰਾ ਧੁੰਦਾਂ (Dark nebulae) ਹੁੰਦੀਆਂ ਹਨ, ਜੋ ਆਕਾਸ਼ ’ਚ ਕਾਲੇ ਧੱਬਿਆਂ ਵਾਙ ਦਿਸਦੀਆਂ ਹਨ।

ਇਹ ਆਮ ਤੌਰ ’ਤੇ ਗਰਦੇ ਤੋਂ ਬਣੀਆਂ ਹੋਈਆਂ ਹੁੰਦੀਆਂ ਹਨ, ਜੋ ਆਪਣੇ ਤੋਂ ਪਿਛਲੇ ਤਾਰੇ ਦੀ ਰੌਸ਼ਨੀ ਉੱਤੇ ਕਾਲ਼ਖ਼ (ਕਾਲਸ) ਫੇਰ ਦਿੰਦੀਆਂ ਹਨ ਜਦਕਿ ਚਮਕਦਾਰ ਤਾਰਾ-ਧੁੰਦਾਂ (bright nebulae) ਵਿਚਲੀਆਂ ਗੈਸਾਂ ਇਤਨੀਆਂ ਗਰਮ ਹੁੰਦੀਆਂ ਹਨ ਕਿ ਉਹ ਖ਼ੂਬਸੂਰਤ ਰੰਗਾਂ ਵਿੱਚ ਚਮਕਦੀਆਂ ਰਹਿੰਦੀਆਂ ਹਨ।

ਘੋੜੇ ਦੇ ਸਿਰ ਵਰਗੀ ਇਹ ਤਾਰਾ ਧੁੰਦ ਹਨੇਰੀ ਤਾਰਾ ਧੁੰਦ ਹੈ, ਜੋ ਚਮਕਦਾਰ ਤਾਰਾ ਧੁੰਦ ਉੱਪਰ ਛਾਈ ਹੋਈ ਹੈ।

 

ਚਮਕਦਾਰ ਤਾਰਾ ਧੁੰਦਾਂ ਵਿਚ ਕਿਹੜੇ ਰੰਗ ਹੋਣਗੇ ਇਹ ਉਨ੍ਹਾਂ ਵਿਚਲੀਆਂ ਗੈਸਾਂ ਉੱਤੇ ਨਿਰਭਰ ਕਰਦਾ ਹੈ। ਮਿਸਾਲ ਦੇ ਤੌਰ ’ਤੇ ਹਾਈਡਰੋਜਨ ਗੈਸ ਗੁਲਾਬੀ ਲਿਸ਼ਕ ਮਾਰਦੀ ਹੈ ਤੇ ਆਕਸੀਜਨ ਨੀਲੀ + ਹਰੀ ਲਿਸ਼ਕ।

ਇਹ ਤਿੰਨ ਧਾਰੀ ਤਾਰਾ ਧੁੰਦ, ਚਮਕਦਾਰ ਤਾਰਾ ਧੁੰਦ ਹੈ, ਇਸ ਦੇ ਰੰਗ, ਭਖਦੀਆਂ ਗਰਮ ਗੈਸਾਂ ਦੇ ਸਬੂਤ ਹਨ।

ਗੈਸ ਤੇ ਗਰਦੇ ਦੇ ਇਹ ਵੱਡੇ ਥਮਲੇ, ਜਿਨ੍ਹਾਂ ਨੂੰ ਰਚਨਾ ਦੇ ਵੱਡੇ ਥੰਮ ਕਿਹਾ ਜਾਂਦਾ ਹੈ: ਈਗਲ ਤਾਰਾ ਧੁੰਦ ਦੇ ਹਿੱਸੇ ਹਨ। ਸਭ ਤੋਂ ਉੱਚਾ ਥਮਲਾ ਆਪਣੀ ਨੀਂਹ ਤੋਂ ਸਿਰੇ ਤੱਕ ਇੱਕ ਰੌਸ਼ਨੀ ਸਾਲ (ਭਾਵ 9.46 ਲੱਖ ਕਰੋੜ ਕਿਲੋਮੀਟਰ ਜਾਂ 9.46 ਖਰਬ ਕਿਲੋਮੀਟਰ) ਜਿਤਨਾ ਉੱਚਾ ਹੈ।

ਇੱਕ ਤਾਰੇ ਦਾ ਜਨਮ (THE BIRTH OF A STAR): ਕੁਝ ਤਾਰਾ ਧੁੰਦਾਂ ਵਿਚਲੀਆਂ ਗੈਸਾਂ ਤੇ ਗਰਦੇ ਦੇ ਬੱਦਲ ਆਪਣੇ ਦੁਆਲੇ ਘੁੰਮਦੇ ਘੁੰਮਦੇ ਗੁੱਛਾ ਜਿਹਾ ਬਣ ਜਾਂਦੇ ਹਨ, ਜੋ ਵੱਡੇ ਤੋਂ ਹੋਰ ਵੱਡਾ ਹੋਈ ਜਾਂਦਾ ਹੈ, ਆਖ਼ਰ ਕਿਸੇ ਚੀਜ਼ ਕਾਰਨ ਇਹ ਨਵੇਂ ਬੱਦਲ ਫਟ ਜਾਂਦੇ ਹਨ ਤੇ ਇੱਕ ਗਰਮ ਤਹਿ ਬਣ ਜਾਂਦੀ ਹੈ। ਇਹ ਤਹਿ ਗਰਮ ਤੋਂ ਗਰਮ ਹੁੰਦੀ ਜਾਂਦੀ ਹੈ, ਜਦੋਂ ਤੱਕ ਕਿ ਇਸ ਅੰਦਰ ਨਿਊਕਲੀ ਕਿਰਿਆ ਨਾਲ਼ ਗੈਸਾਂ ਦੇ ਬੱਦਲ ਨਹੀਂ ਬਣ ਜਾਂਦੇ। ਇਨ੍ਹਾਂ ਬੱਦਲਾਂ ’ਚੋਂ ਹੀ ਚਮਕਣ ਵਾਲ਼ੇ ਤਾਰੇ ਬਣਦੇ ਹਨ।

(1). ਤਾਰਾ ਧੁੰਦਾਂ ਵਿਚਲੀਆਂ ਗੈਸਾਂ ਉੱਤੇ ਗਰਦਾ ਘੁੰਮਦਾ ਰਹਿੰਦਾ ਹੈ।

(2). ਬੱਦਲ ਫਟਦੇ ਹਨ।

(3). ਇੱਕ ਗਰਮ ਤਹਿ (hote core) ਬਣਦੀ ਹੈ।

(4). ਇੱਕ ਨਵਾਂ ਤਾਰਾ ਜਨਮ ਲੈਂਦਾ ਹੈ।

ਬਦਲਣਹਾਰ ਤਾਰੇ (VARIABLE STAR): ਕੁਝ ਤਾਰੇ ਆਪਣੀ ਚਮਕ ’ਚ ਸਮੇਂ ਸਮੇਂ ਤਬਦੀਲੀਆਂ ਕਰਦੇ ਵਿਖਾਈ ਦੇਂਦੇ ਹਨ, ਜਿਸ ਕਾਰਨ ਇਨ੍ਹਾਂ ਨੂੰ ਬਦਲਣਹਾਰ ਤਾਰੇ ਕਿਹਾ ਜਾਂਦਾ ਹੈ, ਜੋ ਤਿੰਨ ਕਿਸਮ ਦੇ ਹੁੰਦੇ ਹਨ: ‘ਕੰਬਦੇ, ਗ੍ਰਹਿਣੇ ਤੇ ਤਬਾਹਕੁੰਨ ਬਦਲਣਹਾਰਾ ਤਾਰੇ’।

(1). ਕੰਬਦੇ ਬਦਲਣਹਾਰ ਤਾਰੇ (Pulsating variables): ਆਮ ਤੌਰ ’ਤੇ ਸੂਰਜ ਨਾਲੋਂ ਵੱਡੇ ਹੁੰਦੇ ਹਨ, ਜੋ ਆਪਣਾ ਆਕਾਰ ਤੇ ਤਾਪਮਾਨ ਬਦਲਦੇ ਰਹਿੰਦੇ ਹਨ। ਜਦ ਵੱਡੇ ਹੋਣ ਤਾਂ ਬਹੁਤ ਸਾਰੀ ਰੌਸ਼ਨੀ ਛੱਡਦੇ ਹਨ ਤੇ ਜਦ ਛੋਟੇ ਹੋਣ ਤਾਂ ਰੌਸ਼ਨੀ ਵੀ ਘਟ ਜਾਂਦੀ ਹੈ। ਕੁਝ ਬਦਲਦੇ ਤਾਰੇ ਤਰਤੀਬਵਾਰ ਚੱਕਰ ਲਾਉਂਦੇ ਫੈਲਦੇ ਤੇ ਸੁੰਗੜਦੇ ਰਹਿੰਦੇ ਹਨ ਤੇ ਕਈ ਬੜੇ ਡਾਵਾਂਡੋਲ (ਅਸਥਿਰ) ਹੁੰਦੇ ਹਨ।

ਹੇਠਾਂ ਇੱਕ ਕੰਬਦਾ ਬਦਲਦਾ ਤਾਰਾ ‘ਮੀਰਾ’, ਇੱਕ ਤਰਤੀਬਵਾਰ ਚੱਕਰ ’ਚ ਵਿਖਾਇਆ ਗਿਆ ਹੈ।

(2). ਗ੍ਰਹਿਣੇ ਬਦਲਣਹਾਰ ਤਾਰੇ (eclipsing variables-EeV): ਇਹ ਇੱਕ ਕਿਸਮ ਦੇ ਦੋ ਧਾਰੀ ਤਾਰੇ (binary star) ਹੁੰਦੇ ਹਨ।

ਦੋ ਧਾਰੀ ਤਾਰੇ ਦਾ ਮਤਲਬ ਹੈ: ‘ਸੰਯੁਕਤ ਦੋ ਤਾਰੇ’, ਜੋ ਇੱਕ ਦੂਜੇ ਦੇ ਦੁਆਲੇ ਘੁੰਮਦੇ ਹੋਏ ਆਕਰਸ਼ਣ(ਕਸ਼ਿਸ਼,Gravity) ਸ਼ਕਤੀ ਨਾਲ਼ ਜਕੜੇ ਹੁੰਦੇ ਹਨ। ਦੋ ਧਾਰੀ ਤਾਰਿਆਂ ’ਚ ਇੱਕ ਤਾਰਾ ਦੂਸਰੇ ਦੇ ਪਿੱਛੇ ਚਲਾ ਜਾਂਦਾ ਹੈ, ਜੋ ਧਰਤੀ ਤੋਂ ਵੇਖਦਿਆਂ ਧੁੰਦਲਾ ਲੱਗਦਾ ਹੈ, ਜਿਸ ਕਾਰਨ ਦੋਨਾਂ ਦੀ ਚਮਕ ਬਦਲਦੀ ਰਹਿੰਦੀ ਹੈ।

ਸਾਹਮਣੇ ਦਿੱਤੀਆਂ ਦੋ ਧਾਰੀ ਗ੍ਰਹਿਣੇ ਬਦਲਦਿਆਂ ਤਾਰਿਆਂ ਦੀਆਂ ਤਿੰਨ ਤਸਵੀਰਾਂ ’ਚ ਇੱਕ ਲਾਲ ਤਾਰਾ,  ਜਿਸ ਨੂੰ ਮੁੱਢਲਾ (primary) ਆਖਿਆ ਜਾਂਦਾ ਹੈ ਤੇ ਦੂਸਰਾ (ਬਾਹਰਲਾ) ਨੀਲਾ ਤਾਰਾ, ਜਿਸ ਨੂੰ ਨਾਇਬ (ਸਹਾਇਕ, ਉਪ ਜਾਂ secondry) ਕਿਹਾ ਜਾਂਦਾ ਹੈ, ਵਿਖਾਈ ਦੇ ਰਹੇ ਹਨ।

(3). ਵਿਨਾਸ਼ਕਾਰੀ ਬਦਲਣਹਾਰ ਤਾਰੇ (Cataclysmic variables): ਵਿਨਾਸ਼ਕਾਰੀ ਬਦਲਣਹਾਰ ਤਾਰੇ ਵੀ ਦੋ ਧਾਰੀ ਤਾਰੇ ਹੁੰਦੇ ਹਨ, ਜੋ ਆਪਸ ਵਿੱਚ ਬਹੁਤ ਚੰਗੀ ਤਰ੍ਹਾਂ ਜੁੜੇ ਹੋਏ ਹੁੰਦੇ ਹਨ। ਜਦੋਂ ਇਨ੍ਹਾਂ ਵਿੱਚੋਂ ਇੱਕ ਤਾਰਾ (ਆਮ ਤੌਰ ’ਤੇ ਚਿੱਟਾ ਤੇ ਫਿਕਾ ਤਾਰਾ)

ਆਪਣੀ ਕਸ਼ਿਸ਼ (ਖਿੱਚ) ਨਾਲ਼ ਦੂਸਰੇ ਤਾਰੇ (ਆਮ ਤੌਰ ’ਤੇ ਚਮਕਦੇ ਵੱਡੇ ਲਾਲ ਤਾਰੇ) ਦਾ ਮਾਦਾ ਆਪਣੇ ਵੱਲ ਖਿੱਚਦਾ ਹੈ ਤਾਂ ਅਚਨਚੇਤ ਹੀ ਉਨ੍ਹਾਂ ਦੇ ਅੰਦਰ ਤੇ ਬਾਹਰ ਚਮਕ ਵਿੱਚ ਵਾਧਾ ਹੁੰਦਾ ਹੈ। ਇਹ ਸਾਰੀ ਘਟਨਾ ਧਮਾਕੇਦਾਰ ਪਰਮਾਣੂ (ਨਿਊਕਲੀ) ਕਿਰਿਆ ਵਾਙ ਵਾਪਰਦੀ ਹੈ।

ਇਸ ਵਿਨਾਸ਼ਕਾਰੀ ਬਦਲਣਹਾਰ ਤਾਰੇ ਨੂੰ ਨੋਵਾ (nova) ਕਿਹਾ ਜਾਂਦਾ ਹੈ, ਜੋ ਅਚਾਨਤ ਮੱਚ ਉੱਠਦਾ ਹੈ ਤੇ ਹੌਲ਼ੀ ਹੌਲ਼ੀ ਕਈ ਮਹੀਨੇ ਜਾਂ ਸਾਲਾਂ ਬਾਅਦ ਆਪਣੀ ਪੁਰਾਣੀ ਮੱਧਮ (ਧੁੰਦਲੀ) ਚਮਕ ਤੇ ਫਿਰ ਅਲੋਪ (ਅਡਿੱਠ) ਹੋ ਕੇ ਬਲੈਕ ਹੋਲ ਦਾ ਰੂਪ ਧਾਰਨ ਕਰ ਲੈਂਦਾ ਹੈ।

ਇੱਕ ਤਾਰੇ ਦੀ ਜ਼ਿੰਦਗੀ ਜਾਂ ਮਿਆਦ (THE LIFE OF A STAR): ਜ਼ਿਆਦਾਤਰ ਨਵੇਂ ਤਾਰੇ ਸ਼ੁਰੂ ਵਿੱਚ ਬਹੁਤ ਚਮਕ ਨਾਲ਼ ਬਦਲਦੇ ਹਨ ਤੇ ਨੀਲੀ ਜਾਂ ਚਿੱਟੀ ਲਿਸ਼ਕ ਮਾਰਦੇ ਹਨ। ਇਹ ਕਿਰਿਆ ਲੱਖਾਂ ਸਾਲ ਚਲਦੀ ਹੈ। ਜਦ ਕੋਈ ਤਾਰਾ ਪੁਰਾਣਾ ਹੋ ਜਾਂਦਾ ਹੈ ਤਾਂ ਨਿਰੰਤਰ ਮੱਧਮ ਵੇਗ (ਗਤੀ) ਨਾਲ਼ ਲਿਸ਼ਕਦਾ ਹੈ।

ਹਰ ਤਾਰੇ ਦੀ ਜ਼ਿੰਦਗੀ ਵੱਖਰੀ ਵੱਖਰੀ ਹੁੰਦੀ ਹੈ। ਸਾਡੇ ਸੂਰਜ ਵਰਗੇ ਤਾਰਿਆਂ ਦਾ ਜੀਵਨ ਕਾਲ 100 ਕਰੋੜ (ਇੱਕ ਅਰਬ) ਸਾਲ ਹੈ ਜਦਕਿ ਇਸ ਤੋਂ ਛੋਟੇ (ਬੌਣੇ) ਤਾਰੇ (dwarf stars) ਜ਼ਿਆਦਾ ਲੰਮੀ ਉਮਰ ਭੋਗਦੇ ਹਨ। ਸੂਰਜ ਤੋਂ ਵੱਡੇ ਤਾਰਿਆਂ ਨੂੰ ਦੈਂਤ ਤਾਰੇ (giant stars) ਕਿਹਾ ਜਾਂਦਾ ਹੈ ਅਤੇ ਇਨ੍ਹਾਂ ਤੋਂ ਵੱਡੇ ਅਤਿ ਦੈਂਤ ਤਾਰੇ (supergiant stars) ਕਹੇ ਜਾਂਦੇ ਹਨ, ਜਿਨ੍ਹਾਂ ਦੀ ਉਮਰ ਬਹੁਤ ਥੋੜੀ ਭਾਵ ਕੁਝ ਕੁ ਲੱਖ ਸਾਲ ਹੀ ਹੋਵੇਗੀ ਭਾਵ ਜਿਤਨਾ ਤਾਰਾ ਵੱਡਾ ਹੋਵੇਗਾ ਉਮਰ ਉਤਨੀ ਘੱਟ ਹੋਵੇਗੀ ਤੇ ਜਿਤਨਾ ਤਾਰਾ ਛੋਟਾ ਹੋਵੇਗਾ ਉਮਰ ਉਤਨੀ ਵਧਦੀ ਜਾਵੇਗੀ।

ਚਾਰ ਚਮਕਦੇ ਤਾਰੇ (Four Bright stars): ਇਨ੍ਹਾਂ ਦੀ ਭਿੰਨਤਾ ਦਾ ਬੋਧ ਤਾਰਿਆਂ ਦੇ ਰੰਗ ਕਾਰਨ ਹੁੰਦਾ ਹੈ;

ਜਿਵੇਂ ਕਿ:  (1). ਰਾਈਗਲ (Rigel) ਬਹੁਤ ਵੱਡਾ ਤੇ ਨੀਲੇ ਰੰਗ ਦਾ ਤਾਰਾ ਹੈ, ਜੋ ਧਰਤੀ ਤੋਂ 800 ਪ੍ਰਕਾਸ਼ ਸਾਲ ਭਾਵ 7,568 ਖਰਬ 

ਕਿਲੋਮੀਟਰ ਦੂਰ ਹੈ। ਤਾਪਮਾਨ 12,000 ਸੈਂਟੀ ਮੀਟਰ ਤੇ ਉਮਰ ਲਗਭਗ 8 ਲੱਖ ਸਾਲ ਮੰਨੀ ਗਈ ਹੈ।

(2). ਅਰਕਟੂਰਸ (Arcturus) ਸੰਤਰੇ ਰੰਗ ਵਾਲ਼ਾ ਬਹੁ ਆਕਾਰੀ ਤਾਰਾ ਹੈ, ਜੋ ਧਰਤੀ ਤੋਂ 37 ਪ੍ਰਕਾਸ਼ ਸਾਲ ਭਾਵ 350 ਖਰਬ ਕਿਲੋਮੀਟਰ ਦੂਰ ਹੈ। ਤਾਪਮਾਨ 4,000 ਸੈਂਟੀ ਮੀਟਰ ਤੇ ਉਮਰ ਲਗਭਗ 10 ਅਰਬ ਸਾਲ ਮੰਨੀ ਗਈ ਹੈ ਜਦਕਿ ਸਾਡੇ ਸੂਰਜ ਦਾ ਤਾਪਮਾਨ 5,505 ਸੈਂਟੀ ਮੀਟਰ ਤੇ ਉਮਰ 4.6 ਬਿਲਿਅਨ ਜਾਂ 46 ਅਰਬ ਸਾਲ ਮੰਨੀ ਗਈ ਹੈ, ਆਦਿ।

ਤਾਰਿਆਂ ਦਾ ਜਾਣਨਾ (DESCRIBING  STARS): ਵੱਖ ਵੱਖ ਤਾਰੇ ਚਮਕ ਦੀ ਵੱਖਰੀ ਮਾਤਰਾ ਨਾਲ਼ ਬਣਦੇ ਹਨ। ਤਾਰਿਆਂ ਦੀ ਚਮਕ ਨੂੰ ਇੱਕ ਪੈਮਾਨੇ ਨਾਲ਼ ਮਿਣਿਆ ਜਾਂ ਵਰਗੀਕਰਨ ਕੀਤਾ ਜਾਂਦਾ ਹੈ, ਜਿਸ ਨੂੰ ਕਾਂਤੀਮਾਨ ਜਾਂ ਮੈਗਨੀਚੂਡ (magnitude) ਕਿਹਾ ਜਾਂਦਾ ਹੈ। ਪੁਲਾੜ ਵਿੱਚ ਕਿਸੇ ਤਾਰੇ ਦੀ ਅਸਲ ਚਮਕ ਉਸ ਦਾ ਮੁਕੰਮਲ ਕਾਂਤੀਮਾਨ (apparent magnitude) ਹੁੰਦਾ ਹੈ। ਸਭ ਤੋਂ ਤੇਜ ਚਮਕਦੇ ਤਾਰਿਆਂ ਨੂੰ ਸਿਫ਼ਰ ਜਾਂ ਇੱਥੋਂ ਤੱਕ ਕਿ ਮਨਫ਼ੀ (ਘਟਾਉ) ਵੀ ਕਿਹਾ ਜਾਂਦਾ ਹੈ।

-4   -3    -2   -1      0     + 1   + 2  + 3   +4  +5   +6  + 7   +8   +9

ਸਭ ਤੋਂ ਤੇਜ ਚਮਕਦੇ ਤਾਰੇ               ਸਭ ਤੋਂ ਮੱਧਮ ਤਾਰੇ

ਜਵਾਨ ਤੇ ਸਭ ਤੋਂ ਗਰਮ ਤਾਰੇ ਅਕਸਰ ਨੀਲੇ ਜਾਂ ਸਫ਼ੈਦ ਹੁੰਦੇ ਹਨ ਤੇ ਬੁੱਢੇ ਜਾਂ ਸਭ ਤੋਂ ਠੰਡੇ ਲਾਲ ਰੰਗ ਦੇ ਹੁੰਦੇ ਹਨ। ਇਕ ਕਿਸਮ ਦੇ ਤਾਰਿਆਂ ਨੂੰ ਸਪੈਕਟਰਲ ਟਾਇਪ (spectral type) ਕਿਹਾ ਜਾਂਦਾ ਹੈ, ਜੋ ਹੇਠਾਂ ਚਾਰਟ ਵਿੱਚ ਵਿਖਾਏ ਗਏ ਹਨ।

ਤਾਰਾ ਝੁੰਡ (CONSTELLATIONS): ਧਰਤੀ ਤੋਂ ਵਿਖਾਈ ਦੇਣ ਵਾਲ਼ੇ ਤਾਰਿਆਂ ਦੇ ਕੁੱਲ 88 ਝੁੰਡ ਹਨ, ਜਿਨ੍ਹਾਂ ’ਚੋਂ ਬਹੁਤਿਆਂ ਦੇ ਨਾਮ ਪ੍ਰਾਚੀਨ ਗਰੀਕ ਲੋਕ ਤੇ ਮਿਥਿਹਾਸਕ ਕਥਾਵਾਂ ਦੇ ਪਾਤਰਾਂ ਦੇ ਨਾਵਾਂ ਉੱਪਰ ਰੱਖੇ ਗਏ ਹਨ। ਤਾਰਾ ਝੁੰਡਾਂ ਵਿੱਚ ਵੀ ਛੋਟੀਆਂ ਬਣਤਰਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਖਿੱਤੀਆਂ (asterisms) ਆਖਿਆ ਜਾਂਦਾ ਹੈ। ਹਲ, ਵੱਡਾ ਗੋਤਾਕੋਰ ਜਾਂ ਸਪਤ ਰਿਸ਼ੀ, ਆਦਿ ਮਸ਼ਹੂਰ ਖਿੱਤੀਆਂ ਹਨ, ਜੋ ਇੱਕ ਤਾਰਾ ਝੁੰਡ ‘ਉਰਸਾ ਮੇਜਰ’ ਦਾ ਹਿੱਸਾ ਹੈ।

ਉਰਸਾ ਮੇਜਰ ਜਾਂ ਵੱਡਾ ਰਿੱਛ ਨਾਂ ਦੇ ਇਸ ਤਾਰਾ ਝੁੰਡ ਦੇ ਦੁਆਲੇ ਇੱਕ ਕਿਆਸੀ ਰਿੱਛ ਦੀ ਤਸਵੀਰ ਬਣਾਈ ਹੋਈ ਹੈ। ਤਾਰਾ ਝੁੰਡ ਆਕਾਸ਼ ਦੇ ਬਹੁਤ ਮਹੱਤਵ ਪੂਰਨ ਤਾਰਿਆਂ ਤੋਂ ਬਣਦੇ ਹਨ। ਧਰਤੀ ਤੋਂ ਵੇਖਿਆਂ ਤਾਰਾ ਝੁੰਡਾਂ ਦੇ ਤਾਰੇ ਇੱਕ ਦੂਜੇ ਦੇ ਬਹੁਤ ਨਜ਼ਦੀਕ ਲੱਗਦੇ ਹੋਣਗੇ ਲੇਕਿਨ ਅਸਲ ’ਚ ਉਹ ਇੱਕ ਦੂਜੇ ਤੋਂ ਬਹੁਤ ਦੂਰ ਹੁੰਦੇ ਹਨ। ਮਿਸਾਲ ਦੇ ਤੌਰ ’ਤੇ ਓਰੀਆਨ ਤਾਰਾ ਝੁੰਡ ਦੇ ਤਾਰੇ ਇੱਕ ਦੂਜੇ ਤੋਂ 500 ਪ੍ਰਕਾਸ਼ ਸਾਲ (4,730 ਖਰਬ ਕਿਲੋਮੀਟਰ) ਤੋਂ ਲੈ ਕੇ 2000 ਪ੍ਰਕਾਸ਼ ਸਾਲ (18,920 ਖਰਬ ਕਿਲੋਮੀਟਰ) ਦੂਰ ਹੁੰਦੇ ਹਨ ਜਦਕਿ ਧਰਤੀ ਤੋਂ ਵੇਖਣ ’ਚ ਇਹ ਸਭ ਤਾਰੇ ਆਪਸ ’ਚ ਜੁੜੇ ਹੋਏ ਪ੍ਰਤੀਤ ਹੁੰਦੇ ਹਨ ਕਿਉਂਕਿ ਇਹ ਇੱਕੋ ਦਿਸ਼ਾ ਵਿੱਚ ਹੁੰਦੇ ਹਨ।

ਧਰਤੀ ਤੋਂ ਵੇਖਿਆਂ ਓਰੀਆਨ ਦੇ ਤਾਰੇ ਇੱਕ ਦੂਜੇ ਦੇ ਬਹੁਤ ਨਜ਼ਦੀਕ ਤੇ ਇੱਕੋ ਦੂਰੀ ’ਤੇ ਲੱਗਦੇ ਹਨ।

ਇਕ ਸੇਧ ਵਿਚ ਤਾਰੇ

ਇੱਥੋਂ ਅਸੀਂ ਓਰੀਆਨ ਦੇ ਤਾਰਿਆਂ ਨੂੰ ਧਰਤੀ ਤੋਂ ਵੱਖ ਵੱਖ ਫ਼ਾਸਲਿਆਂ ਉੱਪਰ ਵੇਖ ਸਕਦੇ ਹਾਂ।

ਆਪ ਕਰਕੇ ਵੇਖੋ

ਸਾਰੇ ਤਾਰਾ ਝੁੰਡਾਂ ਤੇ ਖਿੱਤਿਆਂ ਨੂੰ ਖ਼ਾਲੀ ਅੱਖਾਂ ਨਾਲ਼ ਵੇਖਿਆ ਜਾ ਸਕਦਾ ਹੈ ਪਰੰਤੂ ਵੇਖਣ ਸਮੇਂ ਸਾਲ ਦਾ ਵਕਤ ਤੇ ਭੂਗੋਲਿਕ ਸਥਾਨ ਵਿਸ਼ੇਸ਼ ਮਹੱਤਵ ਰੱਖਦਾ ਹੈ। ਸਾਫ਼ ਆਸਮਾਨ ਦੌਰਾਨ ਉਤਰੀ ਅਰਧ ਗੋਲ਼ੇ ’ਚ ਸਪਤ ਰਿਸ਼ੀ ਤੇ ਦੱਖਣੀ ਅਰਧ ਗੋਲ਼ੇ ਦੇ ਚਾਰ ਚਮਕਦੇ ਤਾਰਿਆਂ ਨੂੰ ਦੱਖਣੀ ਕਰਾਸ ਕਿਹਾ ਜਾਂਦਾ ਹੈ, ਵਿਖਾਈ ਦੇਂਦਾ ਹੈ।

ਹਲ ਖਿਤੀ-1

ਸਪਤ ਰਿਸ਼ੀ ਖਿੱਤੀ-2

ਗੋਤਾਕੋਰ ਖਿੱਤੀ-3

ਤਾਰੇ ਦੀ ਮੌਤ (THE DEATH OF A STAR): ਆਖ਼ਰ ਕਿਸੇ ਤਾਰੇ ਦੀ ਗੈਸ ਖ਼ਤਮ ਹੋਣ ਨਾਲ ਤਾਰਾ ਵੀ ਖ਼ਤਮ ਹੋ ਜਾਂਦਾ ਹੈ, ਜਿਸ ਨੂੰ ਉਸ ਦੀ ਮੌਤ ਕਿਹਾ ਜਾਂਦਾ ਹੈ। ਜਦ ਤਾਰਾ ਮਰਦਾ ਹੈ ਤਾਂ ਸਾਡੇ ਸੂਰਜ ਦੇ ਆਕਾਰ ਜਿੰਨਾ ਫੁੱਲ ਜਾਂਦਾ ਹੈ ਤੇ ਰੰਗ ਲਾਲ ਹੋ ਜਾਂਦਾ ਹੈ। ਇਸ ਹਾਲਤ ’ਚ ਇਸ ਨੂੰ ਲਾਲ ਦੈਂਤ (red gaint) ਕਿਹਾ ਜਾਂਦਾ ਹੈ।

ਹੌਲ਼ੀ ਹੌਲ਼ੀ ਇਹ ਆਪਣੇ ਬਾਹਰਲੇ ਘੇਰੇ ਦੀ ਗੈਸ ਨੂੰ ਪੁਲਾੜ ’ਚ ਧੱਕਦਾ ਹੈ, ਪਿੱਛੇ ਇੱਕ ਛੋਟਾ ਜਿਹਾ (ਲਗਭਗ ਖ਼ਤਮ ਤਾਰਾ) ਰਹਿ ਜਾਂਦਾ ਹੈ, ਜਿਸ ਨੂੰ ਸਫ਼ੈਦ ਬੌਣਾ (white dwarf) ਕਿਹਾ ਜਾਂਦਾ ਹੈ। ਇਹ ਇੱਕ ਗ੍ਰਹਿ ਦੇ ਆਕਾਰ ਦਾ ਬਹੁਤ ਸੰਘਣਾ ਤੇ ਆਪਣੇ ਆਕਾਰ ਦੇ ਮੁਕਾਬਲੇ ਬਹੁਤ ਭਾਰਾ ਹੋ ਜਾਂਦਾ ਹੈ; ਜਿਵੇਂ ਕਿ ਇੱਕ ਗੋਲਫ਼ ਦੀ ਗੇਂਦ ਟਰੱਕ ਜਿੰਨੀ ਭਾਰੀ ਹੋ ਜਾਵੇ। ਸਫ਼ੈਦ ਬੌਣਾ ਹੌਲ਼ੀ ਹੌਲ਼ੀ ਠੰਡਾ ਦੇ ਧੁੰਦਲਾ ਹੋ ਜਾਂਦਾ ਹੈ।

ਹੁੱਬਲ ਪੁਲਾੜੀ ਦੂਰਬੀਨਾਂ ਨਾਲ਼ ਲਈ ਗਈ ਇਹ ਤਸਵੀਰ ਛੇ ਸਫ਼ੈਦ ਬੌਣੇ (ਗੋਲ਼ ਚੱਕਰਾਂ ’ਚ) ਵਿਖਾ ਰਹੀ ਹੈ, ਜੋ ਪੀਲੇ ਸੂਰਜ ਵਰਗੇ ਤਾਰੇ, ਠੰਡੇ ਤੇ ਲਾਲ ਬੌਣੇ ਤਾਰਿਆਂ ਨਾਲ਼ ਘਿਰੇ ਹੋਏ ਹਨ।

ਹੁੱਬਲ ਪੁਲਾੜੀ ਦੂਰਬੀਨ ਨਾਲ਼ ਲਈ ਇਹ ਤਸਵੀਰ ਸੁਪਰਨੋਵਾ 1987-1, ਜੋ ਤਾਰਾ 1987 ’ਚ ਫਟ ਗਿਆ ਸੀ, ਦੇ ਗਿਰਦ ਚਮਤਕਾਰੀ ਰਿੰਗ ਵਿਖਾਉਂਦੀ ਹੈ।

ਸੁਪਰਨੋਵਾ (SUPERNOVAS ਭਾਵ ਅਤਿ ਚਮਕੀਲਾ ਨਵਤਾਰਾ): ਦੈਂਤ ਤਾਰਿਆਂ ਦੀ ਸੱਚਮੁਚ ਚਮਤਕਾਰੀ ਮੌਤ ਹੁੰਦੀ ਹੈ। ਪਹਿਲਾਂ ਉਹ ਇੱਕ ਵੱਡੇ ਲਾਲ ਤਾਰੇ ਦੇ ਰੂਪ ’ਚ ਫੁੱਲ (ਫੈਲ) ਜਾਂਦੇ ਹਨ, ਜਿਨ੍ਹਾਂ ਨੂੰ ਵੱਡੇ ਲਾਲ ਦੈਂਤ ਵੀ ਕਿਹਾ ਜਾਂਦਾ ਹੈ, ਫਿਰ ਉਸ ਦੇ ਬਾਹਰਲੇ ਭਾਗ ਵਿਰਾਟ ਭਰੇ ਧਮਾਕਿਆਂ ਨਾਲ਼ ਫਟ ਜਾਂਦੇ ਹਨ ਤੇ ਰੌਸ਼ਨੀ ’ਚ ਵਾਧਾ ਕਰਦੇ ਹਨ, ਜਿਸ ਨੂੰ ਸੁਪਰਨੋਵਾ ਕਿਹਾ ਜਾਂਦਾ ਹੈ।

ਸੁਪਰਨੋਵਾ ਤੇਜੀ ਨਾਲ਼ ਫੈਲਦੀਆਂ ਗੈਸਾਂ ਤੇ ਗਰਦੇ ਦੀ ਪਰਤ ਛੱਡਦਾ ਹੈ, ਜਿਨ੍ਹਾਂ ਵਿਚਕਾਰ ਇੱਕ ਛੋਟਾ ਜਿਹਾ ਤਾਰਾ ਭੰਬੀਰੀ ਵਾਙ ਘੁੰਮਦਾ ਰਹਿੰਦਾ ਹੈ, ਜਿਸ ਨੂੰ ਨਿਊਟਰਾਨ ਤਾਰਾ (neutron star) ਕਿਹਾ ਜਾਂਦਾ ਹੈ। ਇਹ ਤਾਰਾ ਸਫ਼ੈਦ ਬੌਣੇ ਤੋਂ ਵੀ ਜ਼ਿਆਦਾ ਸੰਘਣਾ ਤੇ ਭਾਰਾ ਹੁੰਦਾ ਹੈ; ਜਿਵੇਂ ਕਿ ਇੱਕ ਗੋਲਫ਼ ਗੇਂਦ ਦੇ ਆਕਾਰ ਦਾ ਭਾਰ 100 ਮੰਜ਼ਲਾ ਇਮਾਰਤ ਤੋਂ ਵੀ ਵੱਧ ਹੋ ਜਾਵੇ।

ਕੁਝ ਨਿਊਟਰਾਨ ਤਾਰੇ ਰੇਡੀਏਸ਼ਨ ਦੀਆਂ ਕਿਰਨਾਂ ਛੱਡਦੇ ਹਨ, ਜੋ ਇਨ੍ਹਾਂ ਦੇ ਗਿਰਦ ਘੁੰਮਦੀਆਂ ਰਹਿੰਦੀਆਂ ਹਨ, ਇਨ੍ਹਾਂ ਨੂੰ ਪਲਸਰ (pulsars) ਕਿਹਾ ਜਾਂਦਾ ਹੈ।

ਜਦ ਇੱਕ ਤਾਰਾ ਮਰਦਾ ਹੈ ਤਾਂ ਵੱਡਾ ਸੁਪਰਨੋਵਾ ਫਟਦਾ ਹੈ। ਸਿਰਫ਼ ਇਸ ਦੀ ਸੰਘਣੀ ਗਿਰੀ ਹੀ ਬਚ ਪਾਉਂਦੀ ਹੈ। ਪਲਸਰ ਉਹ ਨਿਊਟਰਾਨ ਤਾਰੇ ਹਨ, ਜੋ ਆਪਣੇ ਗਿਰਦ ਤੇਜੀ ਨਾਲ ਭੰਬੀਰੀ ਵਾਙ ਘੁੰਮਦੇ ਹਨ ਤੇ ਲਾਈਟ ਹਾਊਸਾਂ ਵਰਗੀਆਂ ਫ਼੍ਲੈਸ਼ ਰੋਸ਼ਨੀਆਂ ਮਾਰਦੇ ਹਨ।

ਕਾਲੇ ਸੁਰਾਖ਼ (BLACK HOLES): ਜਦੋਂ ਬਹੁਤ ਵੱਡੇ ਤਾਰੇ ਮਰਦੇ ਹਨ ਤਾਂ ਉਹ ਪਹਿਲਾਂ ਵੱਡੇ ਲਾਲ ਦੈਂਤ ਬਣਦੇ ਹਨ ਤੇ ਫਿਰ

ਸੁਪਰਨੋਵਾ ਦੇ ਰੂਪ ’ਚ ਫਟ ਜਾਂਦੇ ਹਨ ਪਰ ਜਦ ਉਹ ਤਬਾਹ ਹੁੰਦੇ ਹਨ ਤਾਂ ਇਉਂ ਸੰਗੜਦੇ ਹਨ ਕਿ ਜਿਵੇਂ ਬ੍ਰਹਿਮੰਡ ’ਚੋਂ ਲੁਪਤ (ਗਾਇਬ) ਹੀ ਹੋ ਗਏ ਹੋਣ ਤਦ ਉਨ੍ਹਾਂ ਦਾ ਇਹ ਅਦ੍ਰਿਸ਼ ਰੂਪ ਕਾਲੇ ਸੁਰਾਖ਼ ਅਖਵਾਂਦਾ ਹੈ। ਸਿਵਾਏ ਇੱਕ ਥੱਲੇ ਵਾਲ਼ੇ ਖੱਡੇ ਦੇ ਇਨ੍ਹਾਂ ਵਿੱਚ ਕੁੱਝ ਵੀ ਬਚਿਆ ਨਹੀਂ ਹੁੰਦਾ।

ਇੱਕ ਕਾਲਾ ਸੁਰਾਖ਼ ਇਤਨਾ ਭਾਰਾ ਤੇ ਸੰਘਣਾ ਹੋ ਜਾਂਦਾ ਹੈ ਕਿ ਇਸ ਦੀ ਕਸ਼ਿਸ਼ (ਖਿੱਚ, ਗਰੂਤਾ) ਸ਼ਕਤੀ ਹਰ ਵਸਤੂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ, ਇੱਥੋਂ ਤੱਕ ਕਿ ਰੌਸ਼ਨੀ ਨੂੰ ਵੀ ਖਿੱਚ ਲੈਂਦੀ ਹੈ। ਜੋ ਚੀਜ਼ ਕਾਲੇ ਸੁਰਾਖ਼ ’ਚੋਂ ਲੰਘੇਗੀ ਉਹ ਪੀਸੀ ਜਾਵੇਗੀ। ਕੁੱਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਸਾਡੀ ਗਲੈਕਸੀ ਦੇਵਿਚਕਾਰ ਇੱਕ ਬਹੁਤ ਵੱਡਾ ਕਾਲਾ ਸੁਰਾਖ਼ (black holes) ਹੈ, ਜੋ ਕਾਫ਼ੀ ਸਾਰੇ ਲਾਲ ਤਾਰਿਆਂ ਨਾਲ਼ ਘਿਰਿਆ ਹੋਇਆ ਹੈ।

ਇੱਕ ਕਾਲਾ ਸੁਰਾਖ਼ ਸਮਝੀ ਜਾਣ ਵਾਲ਼ੀ ਚੀਜ਼ ਦੇ ਗਿਰਦ ਠੰਡੀਆਂ ਗੈਸਾਂ ਦਾ ਗੋਲ਼ਾ; ਜਿਵੇਂ ਹੁੱਬਲ ਪੁਲਾੜ ਦੂਰਬੀਨ ਨੇ ਵੇਖਿਆ।