ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਸਬੰਧੀ ਵੱਖ ਵੱਖ ਭੇਦ
ਸਰਬਜੀਤ ਸਿੰਘ ਸੈਕਰਾਮੈਂਟੋ- +1 916 529 4775
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਂ ਹੇਠ ਛਾਪੇ ਗਏ, ਚੰਦਰ-ਸੂਰਜੀ ਬਿਕ੍ਰਮੀ (ਦ੍ਰਿਕਗਿਣਤ ਸਿਧਾਂਤ, ਸਾਲ ਦੀ ਲੰਬਾਈ 365.2563 ਦਿਨ) ਕੈਲੰਡਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ਼ ਹਾੜ ਵਦੀ ੧, ੩੦ ਜੇਠ/12 ਜੂਨ ਦਰਜ ਹੈ। ਪਿਛਲੇ ਸਾਲ (੫੫੬ ਨ: ਸ:) ਦੇ ਕੈਲੰਡਰ ਵਿੱਚ ਇਹ ਦਿਹਾੜਾ ੯ ਹਾੜ/ 22 ਜੂਨ ਦਾ ਦਰਜ ਸੀ। (ਯਾਦ ਰਹੇ ਕਮੇਟੀ ਨੇ ਆਪਣੇ ਕੈਲੰਡਰ ’ਚ ਵਦੀਆਂ-ਸੁਦੀਆਂ, ਇਸ ਸਾਲ ਹੀ ਦਰਜ ਕੀਤੀਆਂ ਹਨ) ਇਥੇ ਪ੍ਰਵਿਸ਼ਟਿਆਂ ਅਤੇ ਤਾਰੀਖਾਂ ਦੇ ਅੰਤਰ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਸ੍ਰੋਮਣੀ ਕਮੇਟੀ ਇਹ ਦਿਹਾੜਾ ਚੰਦ ਦੇ ਕੈਲੰਡਰ ਮੁਤਾਬਕ, ਹਾੜ ਵਦੀ ੧ ਨੂੰ ਮਨਾਉਂਦੀ ਹੈ।
ਹੈਰਾਨੀ ਹੋਈ ਜਦੋਂ ਸ੍ਰੋਮਣੀ ਕਮੇਟੀ ਦੀ ਵੈੱਬ ਸਾਈਟ ਵੇਖੀ ਤਾਂ ਉੱਥੇ ਇਹ ਹਾੜ ਵਦੀ ੭, ੨੧ ਹਾੜ ਦਰਜ ਹੈ: Sri Guru Hargobind Sahib ji was born at village Guru ki Wadali (district Amritsar) on Harh Vadi ੭ (੨੧ Harh ) Samvat ੧੬੫੨ (19th June 1595U. (sgpc.net) ਇਨ੍ਹਾਂ ਦੋਵਾਂ ਤਾਰੀਖਾਂ ਵਿੱਚ ਇਕ ਹਫ਼ਤੇ ਦਾ ਫਰਕ ਹੋਣ ਕਾਰਨ, ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਹ ਦੋਵੇਂ ਤਾਰੀਖਾਂ ਸਹੀ ਨਹੀਂ ਹੋ ਸਕਦੀਆਂ। ਇਨ੍ਹਾਂ ਵਿੱਚੋਂ ਇੱਕ ਜ਼ਰੂਰ ਗ਼ਲਤ ਹੋਵੇਗੀ। ਆਓ ਵੇਖੀਏ ਕਿ ਸਹੀ ਤਾਰੀਖ਼ ਕਿਹੜੀ ਹੈ ?
ਸ੍ਰੋਮਣੀ ਕਮੇਟੀ ਦੀ ਵੈੱਬ ਸਾਈਟ ਉੱਪਰ ਦਰਜ ਤਾਰੀਖ਼, ਹਾੜ ਵਦੀ ੭, ੨੧ ਹਾੜ ਸੰਮਤ ੧੬੫੨ ਬਿਕ੍ਰਮੀ (19 ਜੂਨ 1595 ਈ: ਜੂਲੀਅਨ, ਵੀਰਵਾਰ) ਦਰਜ ਹੈ। ਜੇ ਕਮੇਟੀ ਦੇ ਕੈਲੰਡਰ ਮੁਤਾਬਕ ਵੇਖੀਏ ਤਾਂ ਇਹ, ਹਾੜ ਵਦੀ ੧, ੧੪ ਹਾੜ ਸੰਮਤ ੧੬੫੨ ਬਿਕ੍ਰਮੀ (12 ਜੂਨ 1595 ਈ: ਜੂਲੀਅਨ) ਦਿਨ ਵੀਰਵਾਰ ਬਣਦੀ ਹੈ।
ਧਰਮ ਪ੍ਰਚਾਰ ਕਮੇਟੀ ਵੱਲੋਂ ਲੱਖਾਂ ਦੀ ਗਿਣਤੀ ’ਚ ਛਾਪੀ ਜਾ ਚੁੱਕੀ, ਧਾਰਮਿਕ ਪ੍ਰੀਖਿਆ ਲਈ ਨਿਰਧਾਰਿਤ ਪੁਸਤਕ ‘ਗੁਰਮਤਿ ਗਿਆਨ-ਦਰਜਾ ਦੂਜਾ’ ਦੇ ਕਰਤਾ ਡਾ ਇੰਦਰਜੀਤ ਸਿੰਘ ਗੋਗੋਆਣੀ ਲਿਖਦੇ ਹਨ, ‘ਪ੍ਰਕਾਸ਼:- 19 ਜੂਨ 1595 ਈ:’ (ਪੰਨਾ 8) ਹੁਣ ਜੇ ਇਸ ਅੰਗਰੇਜ਼ੀ ਤਾਰੀਖ਼ ਨੂੰ ਬਿਕ੍ਰਮੀ ਕੈਲੰਡਰ ’ਚ ਬਦਲੀ ਕਰੀਏ ਤਾਂ ਇਹ, ਹਾੜ ਵਦੀ ੭, ੨੧ ਹਾੜ ਸੰਮਤ ੧੬੫੨ ਬਿਕ੍ਰਮੀ ਹੀ ਬਣਦੀ ਹੈ।
ਧਰਮ ਪ੍ਰਚਾਰ ਕਮੇਟੀ ਵੱਲੋਂ ਹੀ ਛਾਪੀ ਗਈ, ‘ਸ਼੍ਰੀ ਗੁਰੂ ਹਰਿਗੋਬੰਦ ਸਾਹਿਬ ਜੀ’ (ਡਾ. ਜੋਧ ਸਿੰਘ) ’ਚ ਵੀ ੨੧ ਹਾੜ ਹੀ ਦਰਜ ਹੈ। ‘ਵਡਾਲੀ ਵਿਖੇ ਹੀ ਸੰਮਤ ੧੬੫੨ (1595 ਈ:) ਦੇ ਇੱਕੀ ਹਾੜ ਨੂੰ (ਗੁਰੂ) ਹਰਿਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ’। (ਪੰਨਾ 6)
ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਛਾਪੀ ਗਈ ਇਕ ਹੋਰ ਪੁਸਤਕ, ‘ਸਿੱਖ ਇਤਿਹਾਸ’ (ਪ੍ਰੋ: ਕਰਤਾਰ ਸਿੰਘ) ਵਿੱਚ ਵੀ ‘ਹਾੜ ਵਦੀ ੭, ੨੧ ਹਾੜ ਸੰਮਤ ੧੬੫੨, ਮੁਤਾਬਕ 19 ਜੂਨ ਸੰਨ 1595’ ਹੀ ਦਰਜ ਹੈ। (ਪੰਨਾ 223)
‘History And Philosophy of the Sikh Religion’ ਕਰਤਾ ਖਜਾਨ ਸਿੰਘ ਵੀ ਇਸੇ ਤਾਰੀਖ਼ ਨਾਲ ਸਹਿਮਤ ਹੈ। Guru Arjan had only one son, Hargobind. He was born on 21st har Sambat ੧੬੫੨ (June 1595A.D.) at vadali in Amritsar District. (Page 126)’
‘ਹਰਿਗੋਬਿੰਦ, ਗੁਰੂ (1595-1644): ਗੁਰੂ ਨਾਨਕ ਦੇਵ ਤੋਂ ਪਿੱਛੋਂ ਅਧਿਆਤਮਿਕ ਪੀੜ੍ਹੀ ਵਿਚੋਂ ਛੇਵੇਂ ਗੁਰੂ ਨੇ ਗੁਰੂ ਅਰਜਨ ਦੇਵ ਅਤੇ ਮਾਤਾ ਗੰਗਾ ਜੀ ਦੇ ਘਰ ਅੰਮ੍ਰਿਤਸਰ ਦੇ ਨੇੜੇ ਵਡਾਲੀ ਵਿਖੇ ਜਿਸ ਨੂੰ ਹੁਣ ਗੁਰੂ ਕੀ ਵਡਾਲੀ ਕਹਿੰਦੇ ਹਨ, ਹਾੜ੍ਹ ਵਦੀ ੭, ੧੬੫੨ ਬਿਕਰਮੀ/19 ਜੂਨ 1595 ਈ. ਨੂੰ ਜਨਮ ਲਿਆ ਸੀ’। (ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ)
ਕਵੀ ਸੰਤੋਖ ਸਿੰਘ ਵੀ ੨੧ ਹਾੜ ਸੰਮਤ ੧੬੫੨ ਬਿ: ਹੀ ਲਿਖ ਰਿਹਾ ਹੈ, ਪਰ ਕਵੀ ਜੀ ਵੱਲੋਂ ਲਿਖਿਆ ਨਛੱਤਰ ‘ਪੱਖ’ ਸਹੀ ਨਹੀਂ ਹੈ। ਇਹ ਅੱਠਵਾਂ ਨਛੱਤਰ ਹੈ, ਜਦੋਂ ਕਿ ੨੧ ਹਾੜ, ਹਾੜ ਵਦੀ ੭ (ਜੂਨ 19) ਨੂੰ ਛਬੀਵਾਂ ਨਛੱਤਰ ‘ਉਤ੍ਰਾ ਭਾਦ੍ਰਪਦ’ ਸੀ।
‘ਸੰਮਤ ਸੋਲਹਿ ਸੈ ਅਰੁ ਬਾਵਨ ਹਾੜ ਇਕਸਵੀ ਕੋ ਦਿਨ ਸੋਊ।
ਜਾਮਨੀ ਆਧਿ ਬਿਤੀਤਿ ਭਈ ਜਬਿ ਪੁੱਖ ਨਿਚੱਤ ਸਮੋਂ ਤਬਿ ਹੋਊ।’ (ਰਾਸ 3 ਅਧਿਆਇ 4)
ਡਾ. ਹਰਜਿੰਦਰ ਸਿੰਘ ਦਿਲਗੀਰ, ਭੱਟ ਵਹੀ ‘ਮੁਲਤਾਨੀ ਸਿੰਧੀ’ ਦੇ ਹਵਾਲੇ ਨਾਲ ਲਿਖਦੇ ਹਨ, ‘ਗੁਰੂ ਹਰਿਗੋਬਿੰਦ ਸਾਹਿਬ ਦਾ ਜਨਮ ਮਾਤਾ ਗੰਗਾ ਜੀ ਦੀ ਕੁਖ ਤੋਂ ਗੁਰੂ ਅਰਜਨ ਸਾਹਿਬ ਦੇ ਘਰ 19 ਜੂਨ 1590 ਦੇ ਦਿਨ ਵਡਾਲੀ, ਨੇੜੇ ਛੇਹਰਟਾ ਸਾਹਿਬ (ਅੰਮ੍ਰਿਤਸਰ) ਵਿੱਚ ਹੋਇਆ’। ਇਥੇ ਤਾਰੀਖ਼ ਤਾਂ ‘19 ਜੂਨ’ (੨੧ ਹਾੜ) ਹੀ ਲਿਖਦੇ ਹਨ, ਪਰ ਸਾਲ 1590 ਈ: ਲਿਖਦੇ ਹਨ। ਜਦੋਂ ਕਿ ਅਸਲ ਲਿਖਤ ’ਚ ‘ਸੰਮਤ ਸਤਰਾਂ ਸੈ ਸੰਤਾਲੀਸ, ਮਾਹ ਹਾੜ ਦਿਹੁੰ ਇਕੀਸ ਗਿਆ’ (18 ਜੂਨ 1690 ਈ) ਦਰਜ ਹੈ। ‘ਇਸ ਇੰਦਰਾਜ ਤੋਂ ਸਾਫ ਪਤਾ ਲੱਗਦਾ ਹੈ ਕਿ ਗੁਰੂ ਜੀ ਦਾ ਜਨਮ ਬਿਕਰਮੀ ਸੰਮਤ ੧੬੪੭, ਯਾਨਿ 1690 ਵਿੱਚ ਹੋਇਆ ਸੀ’। (ਪੰਨਾ 225)
ਡਾ. ਸੁਖਦਿਆਲ ਸਿੰਘ ਜੀ ਵੀ, ਇਸੇ ਭੱਟ ਵਹੀ ਦੇ ਹਵਾਲੇ ਨਾਲ ਲਿਖਦੇ ਹਨ, ‘ਗੁਰੂ ਹਰਿਗੋਬੰਦ ਸਾਹਿਬ ਜੀ ਦਾ ਜਨਮ ਪ੍ਰਚਲਿਤ ਰਵਾਇਤ ਅਨੁਸਾਰ 9 ਜੂਨ 1595 ਈ: ਨੂੰ ਹੋਇਆ ਮੰਨਿਆ ਜਾਂਦਾ ਹੈ। ਆਧੁਨਿਕ ਸਿੱਖ ਇਤਿਹਾਸਕਾਰ ਵੀ ਇਸੇ ਤਿਥੀ ਨੂੰ ਅਪਣਾਅ ਕੇ ਚਲਦੇ ਹਨ, ਪਰ ਭੱਟ ਵਹੀ ਜਿਸ ਦਾ ਉਹ ਹਵਾਲਾ ਦਿੰਦੇ ਹਨ; ਵਿੱਚ ਗੁਰੂ ਜੀ ਦਾ ਜਨਮ ਇੱਕੀ ਹਾੜ ਸੰਮਤ ਸਤਾਰਾਂ ਸੌ ਸੰਤਾਲੀ ਬਿ. ਮੁਤਾਬਕ 19 ਜੂਨ, 1690 ਈ. ਵਿੱਚ ਹੋਇਆ ਦੱਸਿਆ ਗਿਆ ਹੈ।… ਇਨਾਂ ਦੋਹਾਂ ਮਿਤੀਆਂ ਵਿੱਚ ਪੰਜ ਸਾਲ ਦਾ ਫਰਕ ਹੈ। ਭੱਟ ਵਹੀਆਂ ਵਿੱਚ ਦਿੱਤੀਆਂ ਗਈਆਂ ਮਿਤੀਆਂ ਆਮ ਤੌਰ ’ਤੇ ਸਾਡੇ ਇਤਿਹਾਸਕਾਰਾਂ ਵੱਲੋਂ ਠੀਕ ਹੀ ਮੰਨੀਆਂ ਗਈਆਂ ਹਨ। ਅਗਲੀ ਕੋਈ ਹੋਰ ਭਰੋਸੇ ਯੋਗ ਗਵਾਹੀ ਮਿਲਣ ਦੀ ਉਡੀਕ ਵਿੱਚ ਇਸ ਬਾਰੇ ਫੈਸਲਾ ਖੁੱਲਾ ਰੱਖਦੇ ਹਾਂ’। (ਗੁਰੂ ਹਰਿਗੋਬਿੰਦ ਸਾਹਿਬ ਜੀਵਨ, ਯੁੱਧ ਅਤੇ ਯਾਤਰਾਵਾਂ, ਪਹਿਲੀ ਵਾਰ 1998, ਪੰਨਾ 15) । ਇਕ ਥਾਂ ਸਾਲ 1995 ਹੈ, ਦੂਜੇ ਥਾਂ 1690, ਫਰਕ 5 ਸਾਲ ਦਾ, ਵਾਹ ! ‘ਇਨਾਂ ਦੋਹਾਂ ਮਿਤੀਆਂ ਵਿੱਚ ਪੰਜ ਸਾਲ ਦਾ ਫਰਕ ਹੈ’।
ਇੱਥੇ 9 ਜੂਨ ਛਪਿਆ ਵੇਖ ਕੇ ਸੋਚਿਆ ਕਿ ਇਹ ਗਲਤੀ ਨਾਲ 19 ਜੂਨ ਦੀ ਬਜਾਏ 9 ਜੂਨ ਛਪ ਗਿਆ ਹੋਵੇਗਾ, ਪਰ ਹੈਰਾਨੀ ਹੋਈ ਜਦੋਂ ਡਾ. ਸੁਖਦਿਆਲ ਸਿੰਘ ਦੀਆਂ ਦੋ ਹੋਰ ਲਿਖਤਾਂ, ‘ਸ੍ਰੋਮਣੀ ਸਿੱਖ ਇਤਿਹਾਸ’ ਪੰਨਾ 146 (2010 ਈ:) ਅਤੇ ‘ਪੰਜਾਬ ਦਾ ਇਤਿਹਾਸ’, ਪੰਨਾ 116 (2012 ਈ:) ਵੇਖੀਆਂ। ਇਨ੍ਹਾਂ ਦੋਵਾਂ ਕਿਤਾਬਾਂ ’ਚ ਵੀ 9 ਜੂਨ ਅਤੇ ਸਾਲ ਬਾਰੇ ਫੈਸਲਾ ਭਰੋਸੇ ਯੋਗ ਗਵਾਹੀ ਮਿਲਣ ਦੀ ਉਡੀਕ ’ਚ ਖੁੱਲਾ ਛੱਡਿਆ ਹੋਇਆ ਹੈ। ਪਹਿਲੀ ਕਿਤਾਬ 1998 ’ਚ ਛਪੀ ਸੀ ਅਤੇ ਤੀਜੀ 2010 ਈ:, ਭਾਵ 12 ਸਾਲਾਂ ਪਿਛੋਂ ਵੀ ਤਾਰੀਖ਼ ਅਤੇ ਸਾਲ ਬਾਰੇ ਫੈਸਲਾ ਭਵਿੱਖ ’ਚ ਮਿਲਣ ਵਾਲੀ ‘ਭਰੋਸੇ ਯੋਗ ਗਵਾਹੀ’ ਦੀ ਉਡੀਕ ’ਚ ਖੁੱਲਾ ਛੱਡਿਆ ਹੋਇਆ ਹੈ। ਉਂਝ ਕਿਤਾਬਾਂ ਦੇ ਅਖੀਰ ਤੇ ਸਾਰੀ ਲਾਇਬਰੇਰੀ ਦੀਆਂ ਕਿਤਾਬਾਂ ਦੀ ਸੂਚੀ ਛਾਪੀ ਹੋਈ ਹੈ। ਜੇ 21ਵੀਂ ਸਦੀ ਦੇ ਵਿਦਵਾਨਾਂ ਦਾ ਇਹ ਹਾਲ ਹੈ ਤਾਂ 17ਵੀਂ-18ਵੀਂ ਸਦੀ ਦੇ ਲੇਖਕਾਂ ਦਾ ਕੀ ਦੋਸ਼ ?
‘ਗੁਰਮਤਿ ਰਹਿਤ ਮਰਯਾਦਾ’ ’ਚ ਗਿਆਨੀ ਗੁਰਬਚਨ ਸਿੰਘ ਭਿੰਡਰ ਕਲਾਂ ਲਿਖਦੇ ਹਨ, ‘ਅਵਤਾਰ ਧਾਰਨ ਸੰਮਤ:- ੧੬੫੨ ਬਿ: ਹਾੜ ਵਦੀ ਏਕਮ, ਦਿਨ ਐਤਵਾਰ, ਪੁੰਨਿਆ ਦੀ ਰਾਤ ਸੀ, 6 ਜੂਨ 1595 ਈ: ਪੱਖ ਨਛੱਤਰ ਸੰਗਰਾਂਦੀ ੨੧ ਹਾੜ’ (ਪੰਨਾ 37)। ਇੱਕੇ ਹੀ ਦਿਨ ’ਚ ਦੋ ਤਿਥਾਂ ਹਾੜ ਵਦੀ ਏਕਮ ਅਤੇ ਪੁੰਨਿਆਂ ਦੀ ਰਾਤ ਕਿਵੇਂ ਹੋ ਸਕਦੀ ਹੈ ? ਇਹ ਕਿਹਾ ਜਾਣ ਵਾਲਾ ਬ੍ਰਹਮਗਿਆਨੀ ਵਿਦਿਆ ਮਾਰਤੰਡ ਹੀ ਦੱਸ ਸਕਦਾ ਹੈ, ਜਿਸ ਨੂੰ ਕੋਈ ਸਵਾਲ ਨਹੀਂ ਕੀਤਾ ਜਾ ਸਕਦਾ। ਇਸ ਕਿਤਾਬ ’ਚ ਦਰਜ ਹੋਰ ਬਹੁਤੀਆਂ ਤਾਰੀਖਾਂ ਵਾਂਗੂ, ਇਹ ਤਾਰੀਖ਼ ਵੀ ਗੋਲ ਮਾਲ ਹੀ ਹੈ, ਪਰ ਵੇਖਣ ਵਾਲੀ ਗੱਲ ਇਹ ਹੈ ਕਿ ਪ੍ਰਵਿਸ਼ਟਾ ਇੱਥੇ ਵੀ ੨੧ ਹਾੜ ਹੀ ਹੈ। ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ਼, ਚੇਤ ਸੁਦੀ ਪੰਚਮੀ, ਸੰਮਤ 1695 ਬਿ:, 28 ਮਾਰਚ 1638 ਈ: ਅਤੇ ਕੁਲ ਉਮਰ 42 ਬਰਸ 9 ਮਹੀਨੇ 19 ਦਿਨ ਦਰਜ ਹੈ, ਜੋ ਕਿ ਮੰਨਣ ਯੋਗ ਨਹੀਂ ਹੈ।
‘ਬੰਸਾਵਲੀਨਾਮਾ’ ਦਾ ਕਰਤਾ, ਕੇਸਰ ਸਿੰਘ ਛਿੱਬਰ (ਸੰਪਾਦਕ ਪਿਆਰਾ ਸਿੰਘ ਪਦਮ) ਪ੍ਰਵਿਸ਼ਟਾ ਤਾਂ ੨੧ ਹਾੜ ਹੀ ਲਿਖਦਾ ਹੈ, ਪਰ ਸੰਮਤ ਇਹ ਵੀ ੧੬੪੭ ਲਿਖਦਾ ਹੈ। ਸਾਹਿਬ ਗੁਰੂ ਹਰਿਗੋਬਿੰਦ ਜੀ ਜਨਮੇ ਵਡਾਲੀ। ਸੰਮਤੁ ਸੋਲਾਂ ਸੈ ਗਏ ਸੈਂਤਾਲੀ। ਹਾੜ ਮਾਸ ਦਿਨ ਬੀਤੇ ਇੱਕੀ ਮਾਤਾ ਗੰਗਾ ਜੀ ਦੇ ਉਦਰੋਂ ਜਨਮ ਪਤ੍ਰੀ ਦਿਜ ਲਿਖੀ। (ਪੰਨਾ 86) ਪਰ ਇਸ ਵੱਲੋਂ ਲਿਖੀ ਗਈ ਕੁਲ ਉਮਰ 48 ਸਾਲ ਸਾਡੀ ਸਮੱਸਿਆ ਨੂੰ ਹਲ ਕਰਨ ਵਿੱਚ ਸਹਾਈ ਹੁੰਦੀ ਹੈ। ‘ਅਠਤਾਲੀ ਬਰਸ ਕੀ ਆਉਧ ਗੁਜਾਰੀ’ (ਪੰਨਾ 102)
ਹੁਣ ਜੇ ਇਸ ਦੇ ਹਿਸਾਬ ਕਿਤਾਬ ਦੀਆਂ ਕੜੀਆਂ ਮੇਲੀਏ ਤਾਂ ਤਸਵੀਰ ਕਾਫੀ ਸਾਫ਼ ਹੋ ਜਾਂਦੀ ਹੈ। ਗੁਰੂ ਜੀ ਜੋਤੀ ਜੋਤਿ ਸਮਾਉਣ ਦੀ ਤਾਰੀਖ਼, ੬ ਚੇਤ, ਚੇਤ ਸੁਦੀ ੫ ਸੰਮਤ ੧੭੦੧ ਬਿਕ੍ਰਮੀ (3 ਮਾਰਚ 1644 ਈ: ਜੂਲੀਅਨ) ਦਿਨ ਐਤਵਾਰ, ਬਾਰੇ ਕੋਈ ਮਤਭੇਦ ਨਹੀਂ ਹੈ। ਕੁਲ ਉਮਰ 48 ਸਾਲ ਦੇ ਹਿਸਾਬ ਨਾਲ ਵੇਖੀਏ ਤਾਂ ਗੁਰੂ ਜੀ ਦੀ ਜਨਮ ਤਾਰੀਖ਼ ੨੧ ਹਾੜ ਸੰਮਤ ੧੬੫੨ ਸਹੀ ਬਣਦੀ ਹੈ।
ਗਿਆਨੀ ਗਿਆਨ ਸਿੰਘ, ਇਕ ਥਾਂ ਗੁਰੂ ਜੀ ਦੀ ਜਨਮ ਤਾਰੀਖ਼, ਹਾੜ ਵਦੀ ੧, ਸੰਮਤ ੧੬੫੨ ਬਿਕ੍ਰਮੀ ਅਤੇ ਦੂਜੀ ਥਾਂ ਹਾੜ ਸੁਦੀ ੨, ਕੁਲ ਉਮਰ 48 ਸਾਲ 9 ਮਹੀਨੇ 4 ਦਿਨ ਲਿਖਦੇ ਹਨ। ‘ਏਹ ਗੁਰੂ ਸੰਮਤ ੧੬੫੨ ਬਿਕ੍ਰਮੀ ਹਾੜ ਸੁਦੀ ੨ ਨੂੰ ਪ੍ਰਗਟ ਹੋ ਕੇ, 10 ਬਰਸ 11 ਮਹੀਨੇ ਇੱਕ ਦਿਨ ਦੀ ਉਮਰ ਵਿੱਚ ਗੱਦੀ ਬੈਠ ਕਰ, 31 ਸਾਲ 10 ਮਹੀਨੇ ਤਿੰਨ ਦਿਨ ਗੁਰਿਆਈ ਕਰ ਕੇ, 48 ਵਰ੍ਹੇ 9 ਮਹੀਨੇ 4 ਦਿਨ ਸਾਰੀ ਉਮਰ ਭੋਗ ਕੇ, ਚੇਤਰ ਸੁਦੀ ੫ ਸ਼ੁਕ੍ਰਵਾਰ 9 ਘੜੀ ਰਾਤੀ ਰਹੀ, ਸੰਮਤ ੧੭੦੧ ਬਿਕ੍ਰਮੀ ਤੇ ਸਾਲ ੧੭੪ ਨਾਨਕਸ਼ਾਹੀ ਨੂੰ ਚੋਲਾ ਛੱਡ ਕੇ ਸੱਚਖੰਡ ਗੁਰਪੁਰ ਵਿੱਚ ਜਾ ਬਸੇ’। (ਤਵਾਰੀਖ਼ ਗੁਰੂ ਖਾਲਸਾ ਪਾ: ੬)
ਸਿਖ ਇਤਿਹਾਸ ਰਿਸਰਚ ਬੋਰਡ ਵੱਲੋਂ ਛਾਪੀ ਗਈ 1965-66 ਦੀ ਡਾਇਰੀ ਵਿੱਚ, ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ਼ ੨੧ ਹਾੜ ੧੬੫੨ ਸੰਮਤ (14 ਜੂਨ 1595 ਈ:) ਦਰਜ ਹੈ।
ਧਰਮ ਪ੍ਰਚਾਰ ਕਮੇਟੀ ਵੱਲੋਂ ਛਾਪੀ ਗਈ ਖਾਲਸਾ ਡਾਇਰੀ 1975-76 ਈ: ਵਿੱਚ, ‘ਹਾੜ ਵਦੀ ੭, ਹਾੜ ਪ੍ਰਵਿਸ਼ਟੇ ੨੧ ਸੰਮਤ ੧੬੫੨ ਬਿ:, 19 ਜੂਨ, ਸੰਨ 1594 ਈ: ਦਿਨ ਵੀਰਵਾਰ’ ਦਰਜ ਹੈ। ਸ੍ਰੋਮਣੀ ਡਾਇਰੀ 1991 ਵਿੱਚ, ‘ਹਾੜ ਵਦੀ ੬, ਸੰਮਤ ੧੬੫੨ ਬਿ:, 14 ਜੂਨ, ਸੰਨ 1595 ਈ:’ ਦਰਜ ਹੈ।
ਸ੍ਰੋਮਣੀ ਡਾਇਰੀ 1992 ਵਿੱਚ, ‘ਹਾੜ ਵਦੀ ੧, ਸੰਮਤ ੧੬੫੨ ਬਿ:/ 19 ਜੂਨ, ਸੰਨ 1595 ਈ:’ ਦਰਜ ਹੈ।
ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ 1998 ਈ: ਵਿੱਚ ਛਾਪੀ ਗਈ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਡਾ. ਅਮਰਜੀਤ ਸਿੰਘ ਵੱਲੋਂ ਸੰਪਾਦਨ ਕੀਤੀ ਗਈ ‘ਗੁਰਬਿਲਾਸ ਪਾਤਸ਼ਾਹੀ ੬’ ਮੁਤਾਬਕ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ੨੧ ਹਾੜ ਸੰਮਤ ੧੬੫੨ ਬਿਕ੍ਰਮੀ ਨੂੰ ਹੀ ਹੋਇਆ ਸੀ। ਸੰਮਤ ਸੋਰਹ ਸੈ ਸੁ ਬਵੰਜਾ ਹਾੜ ਇੱਕੀ ਨਿਸਿ ਆਧੀ ਮੰਝਾ। (ਪੰਨਾ 19)
ਉਪਰੋਕਤ ਖੋਜ-ਪੜਤਾਲ ਤੋਂ ਸਹਿਜੇ ਹੀ ਇਸ ਨਤੀਜੇ ’ਤੇ ਪੁੱਜਿਆ ਜਾ ਸਕਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ੨੧ ਹਾੜ, ਹਾੜ ਵਦੀ ੭ ਸੰਮਤ ੧੬੫੨ ਬਿ: ਦਿਨ ਵੀਰਵਾਰ ਨੂੰ ਹੋਇਆ ਸੀ। ਜਦੋਂ ਇਸ ਨੂੰ ਅੰਗਰੇਜ਼ੀ ਕੈਲੰਡਰ ’ਚ ਬਦਲਿਆ ਗਿਆ ਤਾਂ ਇਹ 19 ਜੂਨ 1595 ਈ: (ਜੂਲੀਅਨ) ਲਿਖੀ ਗਈ। ਨਾਨਕਸ਼ਾਹੀ ਕੈਲੰਡਰ ’ਚ ਇਹ ਦਿਹਾੜਾ ੨੧ ਹਾੜ ਦਾ ਹੀ ਦਰਜ ਹੈ, ਜਿਸ ’ਤੇ ਕੋਈ ਕਿੰਤੂ ਪਰੰਤੂ ਨਹੀਂ ਹੈ।
ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਕਿ ਜੇ ਇਹ ਦਿਹਾੜਾ ਪ੍ਰਵਿਸ਼ਟਿਆਂ ਮੁਤਾਬਕ ਦਰਜ ਕਰਨ ਦੀ ਬਜਾਏ ਵਦੀ-ਸੁਦੀ ਮੁਤਾਬਕ ਦਰਜ ਕਰਨਾ ਤੁਹਾਡੀ ਕੋਈ ਮਜ਼ਬੂਰੀ ਹੈ ਤਾਂ ਘੱਟੋ-ਘੱਟ ਆਪਣੇ ਕੈਲੰਡਰ ’ਚ ਤਿੱਥ (ਹਾੜ ਵਦੀ ੭) ਤਾਂ ਸਹੀ ਛਾਪੋ।