ਇੱਕ ਬੰਦਾ ਹੁੰਦਾ ਸੀ  !!!

0
540

ਇੱਕ ਬੰਦਾ ਹੁੰਦਾ ਸੀ  !!!

ਹਰਦੀਪ ਗਰੇਵਾਲ ਥਰੀਕੇ

ਇਹ ਗੱਲ ਅੱਜ ਤੋਂ ਦੋ ਸੌ ਸਾਲ ਅਗਾਂਹ ਤੋਂ ਪਿਛਾਂਹ (ਅੱਜ) ਦੀ ਕਲਪਨਾ ਹੈ ।

ਇੱਕ ਜੰਗਲ਼ੀ ਸ਼ੇਰ ਦਾ ਪੋਤਾ ਆਪਣੇ ਦਾਦੇ ਨੂੰ ਕਹਿੰਦਾ ਕਿ ਤੁਸੀਂ ਮੈਨੂੰ ਬੰਦੇ ਵਾਲ਼ੀ ਕਹਾਣੀ ਸੁਣਾਉ।  ਸ਼ੇਰ ਕਹਿੰਦਾ ਪੁੱਤ ਇਹ ਕਹਾਣੀ ਨਹੀਂ, ਕਿਸੇ ਸਮੇਂ ਇਸ ਧਰਤੀ ’ਤੇ ਬੰਦਾ ਨਾਂ ਦਾ ਜਾਨਵਰ ਵੀ ਹੁੰਦਾ ਸੀ ਜਿਵੇਂ ਆਪਾਂ ਜੰਗਲ਼ ਵਿੱਚ ਸਾਰੇ ਜਾਨਵਰ ਰਹਿੰਦੇ ਆਂ। ਆਪਾਂ ਇਉਂ ਕਰਦੇ ਆਂ ਕਿ ਸਾਰੇ ਜਾਨਵਰ ਕੱਲ ਨੂੰ ਥਰੀਕਿਆਂ ਵਾਲੇ ਬਰੋਟੇ ਥੱਲੇ ’ਕੱਠੇ ਕਰ ਲੈਨੇ ਆਂ, ਉਹ ਵੀ ਸੁਣ ਲੈਣਗੇ।  ਅਗਲੇ ਦਿਨ ਜੰਗਲ਼ ਦੇ ਰਾਜੇ ਸ਼ੇਰ ਦੇ ਹੁਕਮ ’ਤੇ ਸਾਰੇ ਜਾਨਵਰ ਆ ਗਏ।  ਸ਼ੇਰ ਬਰੋਟੇ ਥੱਲੇ ਬਣੇ ਥੜੇ ’ਤੇ ਆਪਣੇ ਸਿੰਘਾਸਣ ’ਤੇ ਬੈਠ ਗਿਆ।

ਸ਼ੇਰ – ਬਈ ਆਉਣ ਵਾਲੇ ਸਾਰੇ ਜਾਨਵਰਾਂ ਦਾ ਸਵਾਗਤ ਹੈ ਤੇ ਮੈ ਤਹਾਨੂੰ ਇੱਕ ਜੀਵ ਬੰਦੇ ਬਾਰੇ ਦੱਸਣਾ ਚਾਹੁੰਨਾ ਜੋ ਕਿ ਮੈ ਆਪਣੇ ਦਾਦੇ – ਪੜਦਾਦੇ ਕੋਲੋਂ ਸੁਣਿਐ।  ਅੱਜ ਤੋਂ ਤਕਰੀਬਨ ਦੋ ਸੌ ਸਾਲ ਪਹਿਲਾਂ ਇਸ ਧਰਤੀ ਦਾ ਰਾਜਾ ਕੋਈ ਸ਼ੇਰ ਨੀ ਸੀ ਹੁੰਦਾ ਸਗੋ ਬੰਦਾ ਧਰਤੀ ’ਤੇ ਰਾਜ ਕਰਦਾ ਸੀ।  ਉਸ ਨੇ ਸ਼ੇਰਾਂ ਨੂੰ ਪਿੰਜਰੇ ਵਿੱਚ ਬੰਦ ਕਰਕੇ ਕੈਦੀ ਬਣਾਇਆ ਹੋਇਆ ਸੀ।

ਸਾਰੇ ਜਾਨਵਰ ਹੈਰਾਨ ਹੋਏ ਹੈਂਅ  ! ! ! ਸ਼ੇਰ ਤੋਂ ਵੀ ਤਾਕਤਵਰ ਸੀ ਬੰਦਾ।

ਸ਼ੇਰ – ਹਾਂ ਸਾਡੇ ਤੋਂ ਵੀ ਤਕੜਾ ਸੀ, ਦਿਮਾਗ ਸੀ ਉਸ ਕੋਲ ਹਰ ਜਾਨਵਰ ਨੂੰ ਵਰਤਣ ਦਾ। ਪਹਿਲਾਂ ਪਹਿਲ ਉਸ ਨੇ ਊਠਾਂ , ਘੋੜਿਆਂ, ਹਾਥੀਆਂ ਦੀ ਸਵਾਰੀ ਕਰਨੀ ਸ਼ੁਰੂ ਕੀਤੀ। ਫਿਰ ਇਹਨਾਂ ਨੂੰ ਲੜਾਈਆਂ ਵਿੱਚ ਵਰਤਣਾ ਸ਼ੁਰੂ ਕੀਤਾ। ਬਲ਼ਦਾ, ਝੋਟਿਆਂ ਨੂੰ ਜੰਗਲ਼ ਵਿੱਚੋ ਫੜ ਕੇ ਲੈ ਗਿਆ ਖੇਤੀ ਦਾ ਕੰਮ ਕਰਵਾਉਣ ਲਈ ਤੇ ਗਾਵਾਂ – ਮੱਝਾਂ ਦਾ ਦੁੱਧ ਪੀਣ ਲੱਗਿਆ।

ਸ਼ੇਰ ਦੀ ਗੱਲ ਸੁਣ ਕੇ ਮੱਥੇ ਫੁੱਲੀ ਝੋਟੀ ਨੇ ਸ਼ਰਮ ਜਿਹੀ ਮਹਿਸੂਸ ਕੀਤੀ।

ਸ਼ੇਰ- ਫੇਰ ਇਸ ਨੇ ਹੋਰ ਤਰੱਕੀ ਕੀਤੀ, ਖੇਤੀ ਕਰਨ ਲਈ ਟਰੈਕਟਰ ਬਣਾ ਲਏ, ਕੰਬਾਈਨਾਂ ਬਣਾ ਲਈਆਂ-ਫ਼ਸਲਾਂ ਦਾ ਝਾੜ ਵੱਧ ਗਿਆ ਇਹ ਰੱਜ ਕੇ ਰੋਟੀ ਖਾਣ ਜੋਗਾ ਹੋ ਗਿਆ। ਖਾਣ ਦੀ ਭਾਲ਼ ਲਈ ਇਸ ਨੇ ਇੱਧਰ-ਓਧਰ ਭਟਕਣਾ ਛੱਡ ’ਤਾ। ਆਹ ਥਰੀਕੇ, ਝਾਂਡੇ, ਲਲਤੋ, ਪਮਾਲ, ਸੁਨੇਤ -ਇੰਨਾ ਸਾਰੇ ਪਿੰਡਾਂ ਵਿੱਚ ਬੰਦੇ ਰਹਿੰਦੇ ਸੀ।

ਸਾਰੇ ਜਾਨਵਰ ਹੈਰਾਨ ਹੋਏ ਬੈਠੇ ਸੁਣ ਰਹੇ ਸੀ।

ਸ਼ੇਰ- ਫਿਰ ਇਸ ਬੰਦੇ ਦੀ ਲਾਲਸਾ ਵਧਦੀ ਗਈ, ਫ਼ਸਲਾਂ ਦਾ ਹੋਰ ਝਾੜ ਲੈਣ ਲਈ ਕੈਮੀਕਲ ਖਾਦਾਂ, ਸਪਰੇਹਾਂ ਕਰਨ ਲੱਗ ਪਿਆ। ਆਪਣੇ ਖਾਣ ਵਾਲ਼ੇ ਕਣਕ, ਚੌਲ਼, ਦਾਲਾਂ, ਸਬਜੀਆਂ ਸਭ ਜ਼ਹਿਰੀਲੇ ਕਰ ਲਏ।  ਬਿਮਾਰੀਆਂ ਵਧਣ ਲੱਗੀਆਂ।

ਨਾਲੇ ਕਹਿੰਦੇ ਬੰਦੇ ਦਾ ਦਿਮਾਗ਼ ਬਹੁਤ ਸੀ ਤੇ ਆਪੇ ਹੀ ਆਪਣਾ ਭੋਜਨ ਜ਼ਹਿਰੀਲਾ ਕਰ ਲਿਆ-ਸੂਝਵਾਨ ਲੂੰਬੜ ਸੋਚ ਰਿਹਾ ਸੀ।

ਸ਼ੇਰ-ਇਸ ਨੇ ਆਉਣ ਜਾਣ ਲਈ ਸਾਈਕਲ ਤੋਂ ਲੈ ਕੇ ਜਹਾਜ਼ ਤੱਕ ਬਣਾ ਲਏ। ਜਾਨਵਰਾਂ ਨੂੰ ਸਰਕਸ ਵਿੱਚ ਮੰਨੋਰੰਜਨ ਲਈ ਵਰਤਣ ਲੱਗ ਪਿਆ, ਤਹਾਨੂੰ ਪਤੈ ਭਾਵੇਂ ਮੈ ਜੰਗਲ਼ ਦਾ ਰਾਜਾ ਹਾਂ ਪਰ ਹੁਣ ਅੱਗ ਤੋਂ ਬਹੁਤ ਡਰਦਾ ਹਾਂ। ਇਹ ਮੇਰੇ ਪੂਰਵਜਾਂ ਨੂੰ ਅੱਗ ਵਿੱਚੋਂ ਛਾਲ਼ ਮਾਰਨ ਲਈ ਮਜਬੂਰ ਕਰ ਦਿੰਦਾ ਸੀ। ਹਾਥੀ ਮੇਰਾ ਵੀਰ ਕਿੰਨਾ ਭਾਰਾ ਇਸ ਨੂੰ ਦੋ ਪੈਰਾਂ ’ਤੇ ਤੁਰਨਾ ਪੈਂਦਾ ਸੀ, ਰਿੱਛ ਦੇ ਨੱਕ ਵਿੱਚ ਨਕੇਲ ਪਾਈ ਹੁੰਦੀ ਸੀ।

ਕਾਟੋ- ਕਿੰਨਾ ਭੈੜਾ ਸੀ ਬੰਦਾ। ਕਾਟੋ ਤੋਂ ਰਿਹਾ ਨਾ ਗਿਆ।

ਸ਼ੇਰ-ਫੇਰ ਇਸ ਨੇ ਦਰਿਆਵਾਂ ਦਾ ਪਾਣੀ ਵੀ ਗੰਦਾ ਕਰ ਲਿਆ। ਜਾਨਵਰਾਂ ਨੂੰ ਮਾਰ ਕੇ ਖਾਣ ਲੱਗ ਪਿਆ – ਹਿਰਨ, ਮੁਰਗੇ, ਬੱਕਰੇ, ਮੱਛੀਆਂ, ਤਿੱਤਰ, ਬਟੇਰੇ, ਡੱਡੂ, ਸੱਪ, ਕਬੂਤਰ, ਕਾਂ, ਕੁੱਤੇ, ਬਿੱਲੀਆਂ ਸਾਰੇ ਜਾਨਵਰ ਸਹਿਮੇ ਬੈਠੇ ਸੁਣ ਰਹੇ ਸੀ, ਬੰਦੇ ਦੀਆਂ ਕਰਤੂਤਾਂ।

ਸ਼ੇਰ-ਫੇਰ ਕੰਪਿਊਟਰ ਬਣਾ ਲਿਆ ਇਸ ਨੇ, ਮੋਬਾਈਲ ਫੋਨ ਅਤੇ ਚੰਦ ਦੇ ਉੱਪਰ ਵੀ ਜਾ ਚੜਿਆ ਬੰਦਾ।

ਹਿਰਨ – ਭਲਾ ਚੰਦ ’ਤੇ ਕਿਵੇਂ ਚੜ੍ਹਜੂ, ਹਜ਼ੂਰ ਮੈ ਨੀ ਮੰਨਦਾ ਐਡੀ ਛਾਲ ਨੀ ਮਾਰ ਸਕਦਾ ਬੰਦਾ।

ਘੋੜਾ – ਕਮਲਿਆ ਪੌੜੀ ਲਾ ਕੇ ਚੜਿਆ ਹੋਣਾ, ਗੱਲ ਸਮਝੀ ਦੀ ਹੁੰਦੀ ਆ।

ਸ਼ੇਰ – ਨਹੀਂ ਪੁੱਤਰੋ , ਪੌੜੀ ਕਾਹਨੂੰ ਉਹ ਤਾਂ ਹਵਾ ਵਿੱਚ ਉੱਡ ਕੇ ਜਾਂਦਾ ਸੀ। ਸਮੁੰਦਰਾਂ ਤੋਂ ਪਾਰ ਵੀ ਉੱਡ ਜਾਂਦਾ ਸੀ ।

ਬਾਜ਼-ਹਜ਼ੂਰ, ਮੈ ਤਾਂ ਸੋਚਿਆ ਮੈ ਹੀ ਉੱਚਾ ਉੱਡਦਾਂ, ਮਤਲਬ ਬੰਦੇ ਦੇ ਖੰਬ ਮੇਰੇ ਖੰਬਾਂ ਤੋਂ ਵੀ ਮਜਬੂਤ ਸੀ।

ਸ਼ੇਰ- ਕਾਹਨੂੰ ਇਸ ਬੰਦੇ ਦੇ ਖੰਬ ਨਹੀਂ ਸੀ ਹੁੰਦੇ, ਇਹ ਤਾਂ ਦੋ ਪੈਰਾਂ ’ਤੇ ਤੁਰਨ ਵਾਲਾ ਜਾਨਵਰ ਸੀ। ਇਸ ਨੇ ਇੱਕ ਮਸ਼ੀਨ ਬਣਾਈ ਸੀ ਉਸ ਨੂੰ ਜਹਾਜ਼ ਕਹਿੰਦੇ ਸੀ ਉਸ ਵਿੱਚ ਬੈਠ ਕੇ ਇਹ ਦੂਰ ਦਰਾਡੇ ਜਾਂਦਾ ਸੀ।

ਬਿੱਲੀ- ਫੇਰ ਮਹਾਰਾਜ ਐਨੇ ਬੁੱਧੀਮਾਨ ਬੰਦੇ ਦਾ ਅੰਤ ਕਿਵੇਂ ਹੋਇਆ ?

ਸ਼ੇਰ-ਮਾਸੀ, ਇਸ ਬੰਦੇ ਨੇ ਜੰਗਲ਼ ਵੱਡ ਦਿੱਤੇ, ਹਵਾ, ਪਾਣੀ, ਮਿੱਟੀ ਸਭ ਕੁਝ ਪਲੀਤ ਕਰ ਦਿੱਤਾ, ਆਪਣੇ ਸਵਾਰਥ ਲਈ।

ਬਲ਼ਦ – ਨਾ ਇਸ ਨੂੰ ਕਿਸੇ ਨੇ ਰੋਕਿਆ ਨੀ, ਸਭ ਕੁਝ ਗੰਧਲ਼ਾਂ ਕਰਨ ਤੋਂ ? ?

ਸ਼ੇਰ-ਮੈ ਸੁਣਿਐ ਇੱਕ ਦਰਵੇਸ਼ ਪੁਰਸ਼ ਨੇ ਅਵਤਾਰ ਧਾਰਿਆ ਸੀ, ਇਸ ਨੂੰ ਸਮਝਾਉਣ ਲਈ-‘‘ਪਵਣੁ ਗੁਰੂ, ਪਾਣੀ ਪਿਤਾ’’-ਦੀ ਗੱਲ ਕੀਤੀ ਸੀ ਇੱਕ ਗ੍ਰੰਥ ਵਿੱਚ। ਬੰਦਾ ਉਸ ਨੂੰ ਪੜ੍ਹਦਾ ਵੀ ਰਿਹਾ ਪਰ ਉਸ ’ਤੇ ਅਮਲ ਨਾ ਕਰ ਸਕਿਆ। ਹੌਲ਼ੀ-ਹੌਲ਼ੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਇਸ ਨੂੰ ਘੇਰ ਲਿਆ। ਡਾਕਟਰ ਇੱਕ ਬਿਮਾਰੀ ਦਾ ਇਲਾਜ ਲੱਭਦੇ ਤਾਂ ਨਵੀਂ ਬਿਮਾਰੀ ਸ਼ੁਰੂ ਹੋ ਜਾਂਦੀ। ਆਹ ਜਿਹੜੇ ਬੁੱਢੇ ਦਰਿਆ ਦਾ ਪਾਣੀ ਆਪਾਂ ਸਾਰੇ ਪੀਨੇ ਆਂ, ਜਦੋਂ ਬੰਦਾ ਹੁੰਦਾ ਸੀ ਧਰਤੀ ’ਤੇ ਤਾਂ ਇਸ ਦਰਿਆ ਦਾ ਨਾ ਬੰਦੇ ਨੇ ਗੰਦਾ ਨਾਲਾ ਰੱਖਿਆ ਹੋਇਆ ਸੀ, ਇਸ ਕੋਲੋਂ ਲੰਘਣਾ ਵੀ ਮੁਸ਼ਕਲ ਸੀ।

ਉੱਲੂ- ਜਨਾਬ ਇਹ ਬੰਦਾ ਰਹਿੰਦਾ ਕਿੱਥੇ ਸੀ  ?

ਸ਼ੇਰ- ਕਮਲਿਆ ! ਆਹ ਜਿਹੜੇ ਮਕਾਨ ਖੰਡਰ ਬਣੇ ਪਏ ਨੇ, ਇਹ ਬੰਦੇ ਦੇ ਈ ਬਣਾਏ ਹੋਏ ਨੇ।  ਜਿੱਥੇ ਤੂੰ ਨਜਾਰੇ ਲੈਨੈ ।

ਸਾਰੇ ਜਾਨਵਰ ਹੱਸ ਪਏ।  ਕਾਂ–ਮਹਾਰਾਜ ! ਇਹ ਬੰਦਾ ਸਮਾਜਕ ਤੌਰ ’ਤੇ ਕਿਵੇਂ ਰਹਿੰਦਾ ਸੀ ?

ਸ਼ੇਰ-ਹੌਲ਼ੀ-ਹੌਲ਼ੀ ਬੰਦੇ ਨੂੰ ਬੰਦਾ ਹੀ ਮਾਰਨ ਲੱਗ ਪਿਆ ਸੀ। ਅਮੀਰ ਤੇ ਗਰੀਬ ਦਾ ਪਾੜਾ ਵੱਧ ਗਿਆ ਸੀ। ਵੱਡੀਆਂ ਕੋਠੀਆਂ, ਮਹਿੰਗੀਆਂ ਕਾਰਾਂ, ਬਰੈਂਡਿਡ ਕੱਪੜੇ-ਸਭ ਸੋਸ਼ੇਬਾਜੀ ਹੋਗੀ ਸੀ। ਨਰ ਨਾਲ ਨਰ ਅਤੇ ਮਾਦਾ ਨਾਲ ਮਾਦਾ ਦਾ ਵਿਆਹ ਹੋਣ ਲੱਗਿਆ ਸੀ। ਉਸ ਜੁੱਗ ਨੂੰ ਕਲਜੁੱਗ ਕਹਿੰਦੇ ਸੀ।

ਰਿੱਛ- ਮੈ ਸੁਣਿਐ ਜੀ ਬੰਦਾ ਬਾਂਦਰ ਤੋਂ ਬਣਿਆ ਸੀ ! !

ਬਾਂਦਰ – ਮੂੰਹ ਸੰਭਾਲ਼ ਕੇ ਗੱਲ ਕਰ ਉਏ ! ਵੱਡਾ ਸਿਆਣਾ-ਅਸੀਂ ਤਾਂ ਮਾਹਰਾਜ ਇਹੋ ਜਿਹੇ ਕੁੱਤੇ ਬੰਦੇ ਦੀ ਮਕਾਣ ਨਾ ਜਾਈਏ।

ਕੁੱਤਾ-ਯਾਰ ਮੈਨੂੰ ਕਾਹਨੂੰ ਵਿੱਚ ਘਸੀਟੀ ਜਾਨੇਓਂ।  ਕੁੱਤੇ ਨੇ ਮੂੰਹ ਤਾਹਾਂ ਚੁੱਕਿਆ।

ਸਾਰੇ ਜਾਨਵਰ – ਫਿਰ ਤਾਂ ਬਾਂਦਰਾਂ ਨੂੰ ਖਤਮ ਕਰਨਾ ਪਊ। ਕਿਤੇ ਇਨ੍ਹਾਂ ਦੀਆਂ ਅੱਗੇ ਵਾਲੀਆਂ ਨਸਲਾਂ ਫੇਰ ਨਾ ਬੰਦੇ ਬਣ ਜਾਣ।

ਬਾਂਦਰੀ–ਰਹਿਮ ਕਰੋ ਸਾਡੇ ’ਤੇ, ਸਾਨੂੰ ਬਾਬੇ ਵਧੂਤ ਦੀ ਸੌਂਹ ਲੱਗੇ ਜੀ। ਅਸੀਂ ਨੀ ਕਦੇ ਬੰਦੇ ਬਣਦੇ।  ਬਾਂਦਰੀ ਨੇ ਖੜ੍ਹੀ ਹੋ ਕੇ ਦੋਨੇ ਹੱਥ ਜੋੜੇ।

ਬਿੱਲੀ-ਮਹਾਰਾਜ !  ਮੇਰਾ ਸਵਾਲ ਤਾਂ ਉੱਥੇ ਈ ਰਹਿ ਗਿਆ ਬਈ ਬੰਦਾ ਖ਼ਤਮ ਕਿਵੇਂ ਹੋਇਆ ?

ਇਹ ਆਪਦੀ ਕਾਂਵਾਂ ਰੌਲ਼ੀ ਪਾ ਕੇ ਬਹਿ ਗਏ। ਸ਼ੇਰ ਨੇ ਕਿਹਾ।

ਕਾਂ ਨੇ ਬਿੱਲੀ ਵੱਲ ਕੌੜਾ ਝਾਕਿਆ, ਪਰ ਉਹ ਚੁੱਪ ਰਹੀ।

ਗਧਾ- ਕੋਈ ਹੋਣਾ ਹਾਥੀ ਵਰਗਾ ਤੱਕੜਾ ਜਾਨਵਰ, ਜੋ ਸਾਰੇ ਬੰਦਿਆਂ ਨੂੰ ਖਾ ਗਿਆ।  ਗਧੇ ਨੇ ਆਪਣੀ ਸਿਆਣਪ ਘੋਟੀ।

ਘੋੜਾ -ਰਿਹਾ ਨਾ ਗਧੇ ਦਾ ਗਧਾ।

ਸ਼ੇਰ- ਉਏ ! ਮਾਸੀ ਨੇ ਉੱਠ ਕੇ ਚਲੇ ਜਾਣਾ, ਜੇ ਇਸ ਵਾਰ ਨਾ ਮੈ ਉਸ ਦੀ ਗੱਲ ਦਾ ਜਵਾਬ ਦਿੱਤਾ ।  ਬੰਦੇ ਨੂੰ ਕਿਸੇ ਵੱਡੇ ਜਾਨਵਰ ਨੇ ਨੀਂ ਖਤਮ ਕੀਤਾ ਸੀ ਧਰਤੀ ਤੋਂ, ਤੇ ਨਾ ਹੀ ਕੋਈ ਭੂਚਾਲ਼ ਆਇਆ ਜਿਵੇਂ ਡਾਇਨਾਸੋਰ ਮੁੱਕੇ ਸੀ । ਬੰਦੇ ਨੂੰ ਮਾਰਨ ਲਈ ਕੁਦਰਤ ਨੇ ਇੱਕ ਛੋਟਾ ਜਿਹਾ ਵਾਇਰਸ ਭੇਜਿਆ ਜਿਸ ਨੇ ਸਾਰੀ ਮਨੁੱਖ ਜਾਤੀ ਨੂੰ ਖ਼ਤਮ ਕਰ ਦਿੱਤਾ ਤੇ ਆਪਾਂ ਸਾਰੇ ਫਿਰ ਤੋਂ ਆਜ਼ਾਦ ਹੋ ਗਏ।  ਨਾਲੇ ਹਵਾ, ਪਾਣੀ, ਮਿੱਟੀ ਫਿਰ ਤੋਂ ਸੁੱਧ ਹੋ ਗਏ।

ਸਾਰੇ ਜਾਨਵਰਾਂ ਦੇ ਚਿਹਰੇ ਤੇ ਘਰ ਨੂੰ ਜਾਣ ਲੱਗਿਆਂ ਖੁਸ਼ੀ ਸੀ ਜਿਵੇਂ ਉਹ ਹੁਣੇ ਬੰਦੇ ਨੂੰ ਖਤਮ ਕਰਕੇ ਆ ਰਹੇ ਹੋਣ।

ਰਾਤ ਨੂੰ ਸ਼ੇਰ ਦਾ ਪੋਤਾ ਸੌਣ ਲੱਗਿਆ, ਸ਼ੇਰ ਦੇ ਕੋਲ ਨੂੰ ਹੋ ਕੇ ਕਹਿੰਦਾ ‘ਦਾਦਾ ਜੀ ! ਮੈਨੂੰ ਬੰਦੇ ਦੀ ਕਹਾਣੀ ਫੇਰ ਨਾ ਕਦੇ ਸਣਾਇਓ, ਮੈਨੂੰ ਬੰਦੇ ਤੋਂ ਡਰ ਲੱਗਦਾ ਹੈ।

ਸ਼ੇਰ– ਪੁੱਤਰਾ ! ਡਰ ਨਾ ਹੁਣ ਨੀ ਬੰਦਾ ਦੁਬਾਰੇ ਧਰਤੀ ਤੇ ਆਉਂਦਾ, ਨਾਲ਼ੇ ਬਾਂਦਰ ਨੂੰ ਕੱਲ੍ਹ ਦੁਬਾਰੇ ਸਭਾ ਵਿੱਚ ਬੁਲਾ ਕੇ ਸਮਝਾ ਦੇਵਾਂਗੇ ਕਿ ਹੁਣ ਉਹ ਬੰਦਾ ਬਣਨ ਦੀ ਕੋਸ਼ਿਸ਼ ਨਾ ਕਰੇ। ਜੇ ਉਸ ਨੂੰ ਦੋ ਪੈਰਾਂ ਤੇ ਤੁਰਨ ਦੀ ਕੋਸ਼ਿਸ਼ ਕਰਦੇ ਦੇਖ ਲਿਆ ਤਾਂ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।