ਤੂ ਮੇਰਾ ਤਰੰਗੁ ਹਮ ਮੀਨ ਤੁਮਾਰੇ ॥

0
29

ਤੂ ਮੇਰਾ ਤਰੰਗੁ ਹਮ ਮੀਨ ਤੁਮਾਰੇ

ਗਿਆਨੀ ਹਰਭਜਨ ਸਿੰਘ (ਡਾਇਰੈਕਟਰ)

ਆਸਾ ਮਹਲਾ

ਤੂ ਮੇਰਾ ਤਰੰਗੁ ਹਮ ਮੀਨ ਤੁਮਾਰੇ ਤੂ ਮੇਰਾ ਠਾਕੁਰੁ; ਹਮ ਤੇਰੈ ਦੁਆਰੇ

ਤੂੰ ਮੇਰਾ ਕਰਤਾ; ਹਉ ਸੇਵਕੁ ਤੇਰਾ ਸਰਣਿ ਗਹੀ ਪ੍ਰਭ ਗੁਨੀ ਗਹੇਰਾ ਰਹਾਉ

ਤੂ ਮੇਰਾ ਜੀਵਨੁ; ਤੂ ਆਧਾਰੁ ਤੁਝਹਿ ਪੇਖਿ; ਬਿਗਸੈ ਕਉਲਾਰੁ

ਤੂ ਮੇਰੀ ਗਤਿ; ਪਤਿ ਤੂ ਪਰਵਾਨੁ ਤੂ ਸਮਰਥੁ; ਮੈ ਤੇਰਾ ਤਾਣੁ

ਅਨਦਿਨੁ ਜਪਉ ਨਾਮ ਗੁਣਤਾਸਿ ਨਾਨਕ ਕੀ ਪ੍ਰਭ ਪਹਿ ਅਰਦਾਸਿ ੨੩ ੭੪ (ਮਹਲਾ /੩੮੯)

ਵੀਚਾਰ ਅਧੀਨ ਪਾਵਨ ਸ਼ਬਦ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਦੁਆਰਾ ਉਚਾਰਨ ਕੀਤਾ ਹੋਇਆ ਆਸਾ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ ੩੮੯ ’ਤੇ ਸੁਭਾਇਮਾਨ ਹੈ। ਇਸ ਸ਼ਬਦ ਦੁਆਰਾ ਸਤਿਗੁਰੂ ਜੀ; ਅਕਾਲ ਪੁਰਖ ਪ੍ਰਤੀ ਆਪਣੀ ਦਿਲੀ ਪ੍ਰੀਤ ਦਾ ਇੱਕ ਦਿਲ ਖਿੱਚਵਾਂ ਦ੍ਰਿਸ਼ ਪੇਸ਼ ਕਰਦੇ ਹੋਏ ਪ੍ਰਭੂ ਪਿਆਰਿਆਂ ਦੀ ਅਗਵਾਈ ਕਰ ਰਹੇ ਹਨ ਕਿ ਇਕ ਸੱਚੇ ਸੇਵਕ ਅੰਦਰ ਅਸਲੀ ਸ਼ਰਧਾ; ਆਪਣੇ ਮਾਲਕ ਪ੍ਰਤੀ ਕਿਹੋ ਜਿਹੀ ਹੋਣੀ ਚਾਹੀਦੀ ਹੈ। ਇਸੇ ਵਿਚਾਰ ਨੂੰ ਸਤਿਗੁਰੂ ਜੀ ਨੇ ਇਸ ਸ਼ਬਦ ਵਿਚ ਵਿਸਥਾਰ ਨਾਲ ਸਮਝਾਇਆ ਹੈ। ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਰਾਹੀਂ ਸਤਿਗੁਰੂ ਜੀ ਫੁਰਮਾ ਰਹੇ ਹਨ :- ‘‘ਤੂੰ ਮੇਰਾ ਕਰਤਾ; ਹਉ ਸੇਵਕੁ ਤੇਰਾ ਸਰਣਿ ਗਹੀ ਪ੍ਰਭ ਗੁਨੀ ਗਹੇਰਾ ਰਹਾਉ’’ ਅਰਥ : ਹੇ ਪ੍ਰਭੂ ਜੀ ! ਤੂੰ ਮੇਰਾ ਕਰਤਾ ਹੈਂ ਭਾਵ ਪੈਦਾ ਕਰਨ ਵਾਲਾ ਹੈਂ ਤੇ ਮੈਂ ਤੇਰਾ ਸੇਵਕ ਹਾਂ। ਹੇ ਗੁਣਾ ਦੇ ਡੂੰਘੇ ਸਮੁੰਦਰ ਪ੍ਰਭੂ ! ਮੈਂ ਤੇਰੀ ਸ਼ਰਨ ਪਕੜੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿਚ ਤੋਂ ਲੈ ਕੇ ਗੁਰ ਪ੍ਰਸਾਦਿ ਤਕ, ਜੋ ਅੰਮ੍ਰਿਤਮਈ ਬਚਨ ਹਨ, ਸਿੱਖ ਜਗਤ ਵਿਚ ਇਨ੍ਹਾਂ ਨੂੰੂ ਮੂਲ ਮੰਤਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਮੂਲ ਮੰਤਰ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਬੇਅੰਤ ਅਗੰਮ ਅਗੋਚਰ ਅਕਾਲ ਪੁਰਖ ਜੀ ਦੇ ਵਿਸ਼ੇਸ਼ ਗੁਣਾਂ ਦਾ ਵਰਣਨ ਕੀਤਾ ਹੈ। ਇਹਨਾਂ ਗੁਣਾਂ ਵਿਚ ਇਕ ਗੁਣ ‘ਕਰਤਾ ਪੁਰਖ’ ਵੀ ਹੈ, ਜਿਸ ਦਾ ਅਰਥ ਹੈ ਕਿ ਉਹ ਸਾਰਿਆਂ ਨੂੰ ਬਣਾ ਕੇ ਉਸ ਵਿਚ ਸਮਾਇਆ ਹੋਇਆ ਹੈ। ਗੁਰਮਤਿ ਦਾ ਮੁੱਢਲਾ ਸਿਧਾਂਤ ਹੀ ਇਹ ਹੈ ਕਿ ਸਭ ਕੁਝ ਉਸ ਏਕੇ ਦਾ ਹੀ ਪਸਾਰਾ ਹੈ। ਇਸ ਲਈ ਉਸ ਅਕਾਲ ਪੁਰਖ ਨਾਲ ਜੁੜਨਾ ਹੀ ਹਰ ਮਨੁੱਖ ਦਾ ਜੀਵਨ ਦਾ ਮਨੋਰਥ ਹੋਣਾ ਚਾਹੀਦਾ ਹੈ  ‘‘ਅੰਤਰ ਆਤਮੈ ਜੋ ਮਿਲੈ; ਮਿਲਿਆ ਕਹੀਐ ਸੋਇ ’’ ਦੇ ਮਹਾਂਵਾਕ ਅਨੁਸਾਰ ਸੇਵਕ ਕਹਿਲਾਉਣ ਦਾ ਹੱਕ ਵੀ ਉਸੇ ਨੂੰ ਹੀ ਹੈ। ਸੇਵਕ ਭੀ ਆਪਣੇ ਮਾਲਕ ਦੀ ਸ਼ਰਨ ਵਿਚ ਰਹਿਣਾ ਪਰਵਾਣ ਕਰਦਾ ਹੈ। ਜਿਸ ਨੇ ਵੀ ਉਸ ਦੀ ਸ਼ਰਨ ਪਕੜ ਲਈ, ਉਸ ਲਈ ਸਭ ਕੁਝ ਉਹੀ ਹੈ ਫਿਰ ਤਾਂ ਉਹ ਉਸ ਦੇ ਪਿਆਰ ’ਚ ਭਿੱਜ ਕੇ ਇਸ ਤਰਾਂ ਆਖਦਾ ਹੈ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ਵੀਚਾਰ ਅਧੀਨ ਸ਼ਬਦ ਦੇ ਪਹਿਲੇ ਪਦੇ ਵਿਚ ਫੁਰਮਾ ਰਹੇ ਹਨ : ‘‘ਤੂ ਮੇਰਾ ਤਰੰਗੁ; ਹਮ ਮੀਨ ਤੁਮਾਰੇ ਤੂ ਮੇਰਾ ਠਾਕੁਰੁ; ਹਮ ਤੇਰੈ ਦੁਆਰੇ ’’ ਅਰਥ : ਹੇ ਪ੍ਰਭੂ ਜੀ ! ਤੂੰ ਮੇਰਾ ਦਰਿਆ ਹੈਂ ਅਤੇ ਅਸੀਂ ਤੁਹਾਡੇ ਵਿਚ ਰਹਿਣ ਵਾਲੇ ਮੱਛ ਹਾਂ। ਤੂ ਮੇਰਾ ਮਾਲਕ ਹੈਂ ਅਸੀਂ ਸੇਵਕ ਤੇਰੇ ਦਰ ਉੱਤੇ ਆਏ ਹਾਂ। ਜਿਵੇਂ ਕਿਸੇ ਮੱਛੀ ਜਾਂ ਮੱਛ ਦਾ ਜੀਵਨ ਦਰਿਆ ਦਾ ਪਾਣੀ ਹੁੰਦਾ ਹੈ; ਉਵੇਂ ਹੀ ਆਤਮਕ ਜਗਿਆਸੂਆਂ ਵਾਸਤੇ ਪ੍ਰਭੂ ਦਾ ਨਾਮ ਹੀ ਉਨ੍ਹਾਂ ਲਈ ਆਤਮਕ ਜੀਵਨਜਾਚ ਬਣ ਜਾਂਦਾ ਹੈ। ਉਹ ਸਰੀਰਕ ਤੌਰ ’ਤੇ ਹੀ ਨਹੀਂ ਸਗੋਂ ਆਤਮਕ ਤੌਰ ਤੇ ਜੀਵਨ ਜਿਉੂਂਦੇ ਹੋਏ ਉਸ ਦੀ ਸਿਫਤ ਸਲਾਹ (ਧੁਰ ਕੀ ਬਾਣੀ) ਰਾਹੀਂ ਨਿਤਾ ਪ੍ਰਤੀ ਇਸ ਤਰ੍ਹਾਂ ਬੋਲਦੇ ਹਨ ‘‘ਸਭਿ ਜੀਅ ਤੁਮਾਰੇ ਜੀ ! ਤੂੰ ਜੀਆ ਕਾ ਦਾਤਾਰਾ’’ (ਮਹਲਾ /੧੦) ਜਾਂ ‘‘ਤੂੰ ਦਰੀਆਉ, ਸਭ ਤੁਝ ਹੀ ਮਾਹਿ  ਤੁਝ ਬਿਨੁ, ਦੂਜਾ ਕੋਈ ਨਾਹਿ’’ (ਮਹਲਾ /੧੧)

ਆਪਣੇ ਸ਼ਬਦ ਦੇ ਦੂਸਰੇ ਪਦੇ ਵਿਚ ਗੁਰਦੇਵ ਪਿਤਾ ਫੁਰਮਾਉਂਦੇ ਹਨ ‘‘ਤੂ ਮੇਰਾ ਜੀਵਨੁ, ਤੂ ਆਧਾਰੁ ਤੁਝਹਿ ਪੇਖਿ ਬਿਗਸੈ ਕਉਲਾਰੁ ’’ ਅਰਥ : ਹੇ ਪ੍ਰਭੂ ! ਤੂ ਮੇਰਾ ਜੀਵਨ ਹੈਂ। ਤੂੰ ਮੇਰੇ ਜੀਵਨ ਦਾ ਆਧਾਰ ਹੈਂ। ਤੈਨੂੰ ਵੇਖ ਕੇ ਮੇਰਾ ਹਿਰਦਾ ਇਉਂ ਖਿੜਦਾ ਹੈ; ਜਿਵੇਂ ਸੂਰਜ ਨੂੰ ਵੇਖ ਕੇ ਕਮਲ ਫੁੱਲ ਖਿੜਦਾ ਹੈ, ਜਿਵੇਂ ਉਕਤ ਮੱਛ ਅਤੇ ਪਾਣੀ ਦੇ ਪਿਆਰ ਦਾ ਦ੍ਰਿਸ਼ਟਾਂਤ ਦਿੱਤਾ ਹੈ। ਕਮਲ ਫੁੱਲ ਅਤੇ ਸੂਰਜ ਵਾਲੇ ਉਦਾਹਰਣ ਰਾਹੀਂ ਵੀ ਪ੍ਰੀਤ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੂਰਜ ਨੂੰ ਵੇਖ ਕੇ ਅਨੇਕਾਂ ਹੀ ਕਮਲ ਦੇ ਫੁੱਲ ਖਿੜ ਪੈਂਦੇ ਹਨ। ਸੂਰਜ ਇਕ ਹੈ, ਪਰ ਕਮਲ ਅਣਗਿਣਤ ਹਨ, ਇਸੇ ਤਰ੍ਹਾਂ ਪਰਮਾਤਮਾ ਇਕ ਹੈ, ਜਿਸ ਨੂੰ ਵੇਖ ਕੇ ਹਰ ਜੀਵ ਨੂੰ ਖੇੜੇ ਵਿਚ ਰਹਿਣਾ ਚਾਹੀਦਾ ਹੈ। ਜਪੁ ਸਾਹਿਬ ਬਾਣੀ ਵਿੱਚ ਸਤਿਗੁਰੂ ਜੀ ਨੇ ਚਾਰ ਵਾਰੀ ਇਹ ਬਚਨ ਦੁਹਰਾਇ ਹਨ ‘‘ਨਾਨਕ  ! ਭਗਤਾ ਸਦਾ ਵਿਗਾਸ’’ ਭਾਵ ਜਿਨ੍ਹਾਂ ਦੇ ਜੀਵਨ ਵਿੱਚ ਖੇੜਾ ਹੈ, ਉਹੀ ਉਸ ਦੇ ਭਗਤ, ਸੇਵਕ, ਜਨ ਜਾਂ ਦਾਸ ਹਨ। ਉਹਨਾਂ ਦੇ ਜੀਵਨ ਦਾ ਆਧਾਰ ਪ੍ਰਭੂ ਦਾ ਸੱਚਾ ਨਾਮ ਬਣ ਜਾਂਦਾ ਹੈ। ਉਹ ਪ੍ਰਭੂ ਨੂੰ ਹੀ ਸਭ ਕੁਝ ਸਮਝਦੇ ਹਨ। ਸ਼ਬਦ ਦੇ ਤੀਸਰੇ ਪਦੇ ਰਾਹੀਂ ਸਤਿਗੁਰੂ ਜੀ ਸਮਝਾ ਰਹੇ ਹਨ, ‘‘ਤੂ ਮੇਰੀ ਗਤਿ, ਪਤਿ ਤੂ ਪਰਵਾਨੁ ਤੂ ਸਮਰਥੁ, ਮੈ ਤੇਰਾ ਤਾਣੁ ’’ ਅਰਥ : ਹੇ ਪ੍ਰਭੂ ! ਤੂ ਹੀ ਮੇਰੀ ਉੱਚੀ ਆਤਮਕ ਅਵਸਥਾ ਤੇ ਲੋਕ ਪਰਲੋਕ ਦੀ ਇੱਜ਼ਤ ਦਾ ਰਾਖਾ ਹੈਂ, ਜੋ ਕੁਝ ਤੂ ਕਰਦਾ ਹੈਂ, ਤੇਰੀ ਕਿਰਪਾ ਨਾਲ ਉਹੀ ਮੈ ਖਿੜੇ ਮੱਥੇ ਮੰਨਦਾ ਹਾਂ। ਤੂੰ ਹਰੇਕ ਤਾਕਤ ਦਾ ਮਾਲਕ ਹੈਂ। ਮੈਨੂੰ ਤੇਰਾ ਹੀ ਸਹਾਰਾ ਹੈ।

ਉੱਚੀ ਆਤਮਕ ਅਵਸਥਾ ਦਾ ਮਾਲਕ ਬਣ ਜਾਣਾ ਅਸੰਭਵ ਤਾਂ ਨਹੀਂ, ਪਰ ਮੁਸ਼ਕਲ ਜ਼ਰੂਰ ਹੈ; ਜਿਵੇਂ ਜਿਵੇਂ ਜਗਿਆਸੂ ‘‘ਊਚੇ ਤੇ ਊਚਾ ਭਗਵੰਤ’’ ਨਾਲ ਆਪਣੀ ਸੁਰਤ ਜੋੜਦਾ ਹੈ, ਉਸ ਦੀ ਹਰ ਮੁਸ਼ਕਲ ਅਸਾਨੀ ਵਿਚ ਹੱਲ ਹੁੰਦੀ ਜਾਂਦੀ ਹੈ। ਉਹ ਇਸ਼ਤਿਹਾਰਾਂ ਵਿੱਚ ਆਪਣੇ ਨਾਮ ਨਾਲ ਮਹਾਨ ਤਪੱਸਵੀ, ਬ੍ਰਹਮ ਗਿਆਨੀ, ਰਾਜ ਜੋਗੀ, ਪੂਰਨ ਸੰਤ ਆਦਿ ਪਦਵੀਆਂ ਨਹੀਂ ਲਿਖਵਾਉਂਦਾ ਸਗੋਂ ਉਹ ਤਾਂ ਗੁਰੂ ਅਰਜਨ ਸਾਹਿਬ ਜੀ ਦੇ ਇਨ੍ਹਾਂ ਬਚਨਾਂ ਨੂੰ ਹਰ ਰੋਜ਼ ਨੇਮ ਨਾਲ ਪੜ੍ਹਦਾ ਹੋਇਆ ਨਿਮਰਤਾ ਦਾ ਧਾਰਨੀ ਬਣਦਾ ਹੈ, ‘‘ਮੈ ਨਿਰਗੁਣਿਆਰੇ ਕੋ ਗੁਣੁ ਨਾਹੀ, ਆਪੇ ਤਰਸੁ ਪਇਓਈ’’ (ਮਹਲਾ /੧੪੨੯) ਜਾਂ ‘‘ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ’’ (ਮਹਲਾ /੩੮੩)

ਉਹ ਤਾਂ ਇਹੀ ਨਿਰੰਤਰ ਉਚਾਰਦਾ ਹੈ ਕਿ ‘‘ਤੂ ਸਮਰਥੁ ਵਡਾ, ਮੇਰੀ ਮਤਿ ਥੋਰੀ ਰਾਮ’’ (ਮਹਲਾ /੫੪੭) ਉਸ ਨੂੰ ਆਪਣੇ ਮਾਲਕ ਦਾ ਹਰ ਹੁਕਮ ਚੰਗਾ ਲਗਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਥਨ ਕਰਦੇ ਹਨ, ‘‘ਖਸਮੈ ਸੋਈ ਭਾਵਦਾ, ਖਸਮੈ ਦਾ ਜਿਸੁ ਭਾਣਾ ਭਾਵੈ’’ (੨੯/੧੩) ਵਿਚਾਰ ਅਧੀਨ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਰਾਹੀਂ ਸਾਹਿਬ ਜੀ ਫੁਰਮਾ ਰਹੇ ਹਨ ‘‘ਅਨਦਿਨੁ ਜਪਉ ਨਾਮ ਗੁਣਤਾਸਿ ਨਾਨਕ ਕੀ ਪ੍ਰਭ ਪਹਿ ਅਰਦਾਸਿ ’’ ਅਰਥ : ਹੇ ਪ੍ਰਭੂ ਜੀ  ! ਮੇਰੀ ਦਿਲੀ ਇੱਛਾ ਹੈ ਕਿ ਮੈਂ ਦਿਨ ਰਾਤ ਸਦਾ ਹੀ ਆਪ ਦੇ ਗੁਣਾਂ ਨੂੰ ਜਪਦਾ ਰਹਾਂ। ਗੁਰੂ ਅਰਜਨ ਸਾਹਿਬ ਜੀ ਫੁਰਮਾਉਂਦੇ ਹਨ ਮੇਰੀ ਪ੍ਰਭੂ ਪਾਸ ਇਹੋ ਹੀ ਅਰਦਾਸ ਹੈ। ਅਰਦਾਸ ਕਰਦਿਆਂ ਪ੍ਰਭੂ ਪਿਤਾ ਪਾਸੋਂ ਉਸ ਦਾ ਨਾਮ ਹੀ ਮੰਗਣਾ ਚਾਹੀਦਾ ਹੈ। ਸੋ ਗੁਰਬਾਣੀ ਵਿਚ ਅਨੇਕਾਂ ਵਾਰੀ ਇਸੇ ਮੰਗ ਨੂੰ ਮੁਖ ਰੱਖਿਆ ਗਿਆ ਹੈ; ਜਿਵੇਂ ਕਿ ਬਚਨ ਹਨ :

ਨਾਨਕੁ ਜਾਚਕੁ ਦਰਿ ਤੇਰੈ; ਪ੍ਰਭ ਤੁਧ ਨੋ ਮੰਗੈ ਦਾਨੁ (ਮਹਲਾ /੨੧੮)

ਐਸੀ ਮਾਂਗੁ ਗੋਬਿਦ ਤੇ  ਟਹਲ ਸੰਤਨ ਕੀ; ਸੰਗੁ ਸਾਧੂ ਕਾ; ਹਰਿ ਨਾਮਾਂ ਜਪਿ ਪਰਮਗਤੇ (ਮਹਲਾ /੧੨੯੮)

ਕਰਤਾ  ! ਤੂੰ ਮੇਰਾ ਜਜਮਾਨੁ  ਇਕ ਦਖਿਣਾ ਹਉ ਤੈ ਪਹਿ ਮਾਗਉ; ਦੇਹਿ ਆਪਣਾ ਨਾਮੁ (ਮਹਲਾ /੧੩੨੯), ਆਦਿ।