ਤਿਨ ਧੰਨੁ ਜਣੇਦੀ ਮਾਉ; ਆਏ ਸਫਲੁ ਸੇ ॥
ਗਿਆਨ ਬਲਜੀਤ ਸਿੰਘ (ਡਾਇਰੈਕਟਰ ਐਜੁਕੇਸ਼ਨ)
ਇਹ ਪਵਿੱਤਰ ਪੰਗਤੀ ਬਾਬਾ ਸ਼ੇਖ਼ ਫ਼ਰੀਦ ਜੀ ਦੀ ਉਚਾਰਨ ਕੀਤੀ ਹੋਈ ਹੈ ਅਤੇ ਆਸਾ ਰਾਗ ਅੰਦਰ ਦਰਜ ਸ਼ਬਦ ‘‘ਦਿਲਹੁ ਮੁਹਬਤਿ ਜਿੰਨ੍ ਸੇਈ ਸਚਿਆ ॥’’ ਦੇ ਦੂਜੇ ਬੰਦ ਅੰਦਰ ਦੂਜੀ ਤੁਕ ਹੈ। ਪੂਰਾ ਬੰਦ ਇਸ ਤਰ੍ਹਾਂ ਹੈ ‘‘ਆਪਿ ਲੀਏ ਲੜਿ ਲਾਇ, ਦਰਿ ਦਰਵੇਸ ਸੇ ॥ ਤਿਨ ਧੰਨੁ ਜਣੇਦੀ ਮਾਉ; ਆਏ ਸਫਲੁ ਸੇ ॥’’ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ ੪੮੮ ’ਤੇ ਅੰਕਿਤ ਹੈ।
ਦੁਨੀਆਂ ਅੰਦਰ ਆਮ ਧਾਰਨਾ ਹੈ ਕਿ ‘ਜਨਨੀ ਜਣੈ ਤਾ ਭਗਤ ਜਨ ਕੈ (ਜਾਂ) ਦਾਤਾ ਕੈ ਸੂਰ। ਨਹੀਂ ਤ ਜਨਨੀ ਬਾਂਝ ਰਹੇ, ਕਾਹੇ ਗਵਾਵੈ ਨੂਰ।’ (ਤੁਲਸੀਦਾਸ ਜੀ) ਗੁਰਬਾਣੀ ਅਤੇ ਭਗਤ ਬਾਣੀ ਵਿੱਚ ਵੀ ਸੰਤਾਨ ਨੂੰ ਧਰਮੀ ਬਣਾਉਣ ਲਈ ਸਖ਼ਤ ਹਦਾਇਤ ਕੀਤੀ ਗਈ ਹੈ ਤਾਂ ਕਿ ਉਨ੍ਹਾਂ ਤੋਂ ਜੋ ਸਮਾਜ ਹੋਂਦ ਵਿੱਚ ਆਏ ਉਹ ਧਰਮੀ ਲੋਕਾਂ ਦਾ ਸਮਾਜ ਹੋ ਸਕੇ। ਕਬੀਰ ਸਾਹਿਬ ਜੀ ਦਾ ਫ਼ੁਰਮਾਨ ਹੈ ‘‘ਜਿਹ ਕੁਲਿ, ਪੂਤੁ ਨ ਗਿਆਨ ਬੀਚਾਰੀ॥ ਬਿਧਵਾ ਕਸ ਨ ਭਈ ਮਹਤਾਰੀ ॥’’ (ਭਗਤ ਕਬੀਰ ਜੀ/੩੨੮), ਗੁਰੂ ਰਾਮਦਾਸ ਜੀ ਫ਼ੁਰਮਾਨ ਕਰਦੇ ਹਨ ‘‘ਜਿਨ ਹਰਿ ਹਿਰਦੈ ਨਾਮੁ ਨ ਬਸਿਓ; ਤਿਨ ਮਾਤ ਕੀਜੈ ਹਰਿ ਬਾਂਝਾ ॥ ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ; ਓਇ ਖਪਿ ਖਪਿ ਮੁਏ ਕਰਾਂਝਾ ॥’’ (ਮਹਲਾ ੪/੬੯੭)
ਦ੍ਰਿਸ਼ਟਮਾਨ ਇਸ ਜਗਤ ਵਿੱਚ ਮਨੁੱਖੀ ਜੀਵਨ ਨੂੰ ਸਰਬੋਤਮ ਮੰਨਿਆ ਗਿਆ ਹੈ, ਪਰ ਇਹ ਸਰਬੋਤਮ ਜੀਵਨ ਪ੍ਰਾਪਤ ਹੋਇਆ ਹੀ ਪ੍ਰਭੂ ਦੇ ਗੁਣਾਂ ਨੂੰ ਧਾਰਨ ਕਰਨ ਲਈ ਹੈ। ਉਸ ਨਾਲ ਅਭੇਦ ਹੋਣ ਲਈ ਇਹ ਵਾਰੀ ਮਿਲੀ ਹੈ ‘‘ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ॥’’ (ਮਹਲਾ ੫/੧੨)
ਗੁਰਮਤਿ ਨੇ ਮਨੁੱਖ ਨੂੰ ਦ੍ਰਿੜ੍ਹ ਕਰਵਾਇਆ ਹੈ ਕਿ ਗੁਰੂ ਦੁਆਰਾ ਬਖ਼ਸ਼ੇ ਹੋਏ ਅੰਮ੍ਰਿਤ ਨੇ ਇਸ ਜੀਵਨ ਨੂੰ ਪਵਿੱਤਰ ਕਰਨਾ ਹੈ, ਜਿਸ ਨੂੰ ਖ਼ਾਲਸਾ ਜਾਂ ਪਵਿੱਤਰ ਜੀਵਨ ਕਿਹਾ ਗਿਆ ਹੈ। ਖ਼ਾਲਸਾ; ਇੱਕ ਮਾਨਸਿਕ ਪੱਧਰ ਦਾ ਨਾਮ ਹੈ। ਖ਼ਾਲਸਾ; ਇੱਕ ਧਾਰਮਿਕ, ਮਾਨਸਿਕ, ਸਦਾਚਾਰਕ ਬਿਰਤੀ ਦਾ ਨਾਮ ਹੈ। ਖ਼ਾਲਸਾ; ਕੁਝ ਆਦਰਸ਼ਾਂ ਦਾ ਨਾਮ ਹੈ, ਜਿਸ ਦੇ ਮੁੱਖ ਰੂਪ ਵਿੱਚ ‘ਗੁਰੂ ਗ੍ਰੰਥ ਜੀ ਮਾਨਿਓ, ਸੰਤ ਸਿਪਾਹੀ (ਰਾਜ-ਜੋਗ, ਮੀਰੀ-ਪੀਰੀ) ਵਾਹਿਗੁਰੂ ਜੀ ਕੀ ਫ਼ਤਿਹ ਅਤੇ ਬੋਲੇ ਸੋ ਨਿਹਾਲ’ ਆਦਰਸ਼ ਪ੍ਰਤੀਕ ਹਨ। ਖ਼ਾਲਸੇ ਦਾ ਨਿਸ਼ਾਨਾ ਜਗਤ ਜਲੰਦੇ ਨੂੰ ਤਾਰਨਾ ਅਤੇ ਸਰਬੱਤ ਦਾ ਭਲਾ ਮੰਗਣਾ ਹੈ।
ਅਸੂਲ ਇਹ ਹੈ ਕਿ ਸਿਰ ਨਹੀਂ ਗਿਣਨੇ, ਆਦਰਸ਼ ਮਿਣਨੇ ਹਨ। ਭਾਰ ਨਹੀਂ ਤੋਲਣਾ, ਜਿਗਰ ਪਰਖਣਾ ਹੈ। ਪਸ਼ੂ ਸ਼ਕਤੀ ਨਹੀਂ ਜਾਣਨੀ, ਮਾਨਸਿਕ ਸਥਿਰਤਾ ਵੇਖਣੀ ਹੈ। ਹੁਕਮ ਹਾਸਲ ਦੀ ਕਦਰ ਨਹੀਂ, ਸੇਵਾ ਦੀ ਮਹਾਨਤਾ ਹੈ। ਸਿਧਾਂਤ ਇਹ ਹੈ ਕਿ ਪ੍ਰਭੂ ਬਿਰਤੀ ਵਾਲਾ ਇੱਕ ਮਨੁੱਖ ਵੀ ਕਰੋੜ ਵਿਸ਼ਈਆਂ ਅਤੇ ਕੁਕਰਮੀਆਂ ਤੋਂ ਬਹੁਤ ਬਲਵਾਨ ਹੁੰਦਾ ਹੈ।
ਅਜਿਹੇ ਆਤਮਿਕ ਬਲਵਾਨ, ਮੁਕਤ ਤੇ ਸਚਿਆਰ ਪੁਰਸ਼ ਨੇ ਪਰਉਪਕਾਰ ਲਈ ਵੀ ਸੰਸਾਰ ’ਤੇ ਆਉਣਾ ਹੈ। ਅਜਿਹੇ ਮਹਾਂ ਪੁਰਖ ਦੇ ਜਨਮ ’ਤੇ ਵੀ ਖ਼ੁਸ਼ੀ ਹੁੰਦੀ ਹੈ ਤੇ ਲੁਕਾਈ ਖ਼ੁਸ਼ੀ ਵਿੱਚ ਝੂਮਦੀ ਹੋਈ ਪੁਕਾਰ ਉੱਠਦੀ ਹੈ ‘‘ਧਨੁ ਧੰਨੁ ਪਿਤਾ, ਧਨੁ ਧੰਨੁ ਕੁਲੁ; ਧਨੁ ਧਨੁ ਸੁ ਜਨਨੀ, ਜਿਨਿ ਗੁਰੂ ਜਣਿਆ ਮਾਇ ॥ ਧਨੁ ਧੰਨੁ ਗੁਰੂ, ਜਿਨਿ ਨਾਮੁ ਅਰਾਧਿਆ; ਆਪਿ ਤਰਿਆ, ਜਿਨੀ ਡਿਠਾ, ਤਿਨਾ ਲਏ ਛਡਾਇ ॥ ਹਰਿ ਸਤਿਗੁਰੁ ਮੇਲਹੁ ਦਇਆ ਕਰਿ; ਜਨੁ ਨਾਨਕੁ ਧੋਵੈ ਪਾਇ ॥ (ਮਹਲਾ ੪/੩੧੦ ), ਧੰਨੁ ਸੁ ਵੰਸੁ, ਧੰਨੁ ਸੁ ਪਿਤਾ; ਧੰਨੁ ਸੁ ਮਾਤਾ, ਜਿਨਿ ਜਨ ਜਣੇ ॥ ਜਿਨ ਸਾਸਿ ਗਿਰਾਸਿ ਧਿਆਇਆ ਮੇਰਾ ਹਰਿ ਹਰਿ; ਸੇ ਸਾਚੀ ਦਰਗਹ ਹਰਿ ਜਨ ਬਣੇ ॥’’ (ਮਹਲਾ ੪/੧੧੩੫) ਭਾਈ ਗੁਰਦਾਸ ਜੀ ਅਜਿਹੇ ਜੀਵਨ ਤੋਂ ਸਦਕੇ ਜਾਂਦੇ ਹੋਏ ਵਾਰ ਨੰਬਰ ੩ ਦੀ ਪਉੜੀ ਨੰਬਰ ੨੦ ਰਾਹੀਂ ਇਸ ਤਰ੍ਹਾਂ ਕਥਨ ਕਰਦੇ ਹਨ ਕਿ
੧. ਜਿਨ੍ਹਾਂ ਨੇ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਸੀਸ ਝੁਕਾਇਆ ਹੈ।
੨. ਗੁਰੂ ਚਰਨਾਂ ਨਾਲ ਚਿੱਤ ਲਾ ਕੇ ਆਪਣਾ ਮੱਥਾ ਗੁਰੂ ਚਰਨਾਂ ’ਤੇ ਟਿਕਾ ਦਿੱਤਾ ਹੈ।
੩. ਗੁਰਮਤਿ ਨੂੰ ਹਿਰਦੇ ਵਿੱਚ ਵਸਾ ਕੇ ਆਪਾ-ਭਾਵ ਨਾਸ ਕੀਤਾ ਹੈ।
੪. ਗੁਰੂ ਦੀ ਰਾਹੀਂ ਅਡੋਲਤਾ ਵਿੱਚ ਰਹਿੰਦਿਆਂ ਪਰਮਾਤਮਾ ਦਾ ਹੁਕਮ ਚੰਗਾ ਲੱਗਾ ਹੈ।
੫. ਸ਼ਬਦ ਵਿੱਚ ਸੁਰਤ ਜੋੜ ਕੇ ਹੁਕਮ ਦੀ ਕਮਾਈ ਕੀਤੀ ਹੈ।
੬. ਸਾਧ ਸੰਗਤ ਦੀ ਰਾਹੀਂ ਗੁਰੂ ਦੇ ਭੈ ਨੂੰ ਸਮਝ ਕੇ ਨਿੱਜ ਘਰ ਭਾਵ ਨਿਜ ਰੂਪ ਦੀ ਪਹਿਚਾਣ ਕੀਤੀ ਹੈ।
੭. ਭੰਵਰ ਵਾਂਗ ਗੁਰੂ ਦੇ ਚਰਨ ਕੰਵਲਾਂ ਨਾਲ ਪਤੀਜ ਗਿਆ ਹੈ।
੮. ਸੁਖਾਂ ਦੇ ਖ਼ਜ਼ਾਨੇ ਨਾਮ ਨਾਲ ਪਰਚਾ ਲਾ ਕੇ ਨਾ ਪੀਤਾ ਜਾਣ ਵਾਲਾ ਅੰਮ੍ਰਿਤ ਰਸ ਪੀਤਾ ਹੈ। ਅਜਿਹੇ ਜੀਵਨ ਵਾਲੇ ਪੁਰਸ਼ ਦੀ ਜਨਨੀ ਧੰਨਤਾ ਯੋਗ ਹੈ। ਕਥਨ ਹੈ ‘‘ਸਤਿਗੁਰ ਸਰਣੀ ਜਾਇ ਸੀਸੁ ਨਿਵਾਇਆ। ਗੁਰ ਚਰਣੀ ਚਿਤੁ ਲਾਇ ਮਥਾ ਲਾਇਆ। ਗੁਰਮਤਿ ਰਿਦੈ ਵਸਾਇ ਆਪੁ ਗਵਾਇਆ। ਗੁਰਮੁਖਿ ਸਹਜਿ ਸੁਭਾਇ ਭਾਣਾ ਭਾਇਆ। ਸਬਦ ਸੁਰਤਿ ਲਿਵ ਲਾਇ ਹੁਕਮੁ ਕਮਾਇਆ। ਸਾਧਸੰਗਤਿ ਭੈ ਭਾਇ ਨਿਜ ਘਰਿ ਪਾਇਆ। ਚਰਨ ਕਵਲ ਪਤੀਆਇ ਭਵਰੁ ਲੁਭਾਇਆ। ਸੁਖ ਸੰਪਟ ਪਰਚਾਇ ਅਪਿਓ ਪੀਆਇਆ। ਧੰਨ ਜਣੇਦੀ ਮਾਇ ਸਹਿਲਾ ਆਇਆ ॥’’ (ਭਾਈ ਗੁਰਦਾਸ ਜੀ/ਵਾਰ ੩ ਪਉੜੀ ੨੦)
ਅਜਿਹੇ ਪਵਿੱਤਰ ਜੀਵਨ ਵਾਲੇ ਪੁਰਸ਼ ਜਦੋਂ ‘‘ਜੀਵਤ ਸਾਹਿਬੁ ਸੇਵਿਓ ਅਪਨਾ; ਚਲਤੇ ਰਾਖਿਓ ਚੀਤਿ ॥’’ (ਮਹਲਾ ੫/੧੦੦੦) ਅਨੁਸਾਰ ਸੰਸਾਰ ਤੋਂ ਵਾਪਸ ਤੁਰਦੇ ਹਨ ਤਦ ਵੀ ਉਹ ਚਾਉ ਨਾਲ ਹੀ ਜਾਂਦੇ ਹਨ ‘‘ਕਬੀਰ ! ਮੁਹਿ ਮਰਨੇ ਕਾ ਚਾਉ ਹੈ; ਮਰਉ, ਤ ਹਰਿ ਕੈ ਦੁਆਰ ॥ ਮਤ ਹਰਿ ਪੂਛੈ ਕਉਨੁ ਹੈ ? ਪਰਾ ਹਮਾਰੈ ਬਾਰ ॥ (ਭਗਤ ਕਬੀਰ ਜੀ/੧੩੬੭), ਕਬੀਰ ! ਜਿਸੁ ਮਰਨੇ ਤੇ ਜਗੁ ਡਰੈ; ਮੇਰੇ ਮਨਿ ਆਨੰਦੁ ॥ ਮਰਨੇ ਹੀ ਤੇ ਪਾਈਐ; ਪੂਰਨੁ ਪਰਮਾਨੰਦੁ ॥’’ (ਭਗਤ ਕਬੀਰ ਜੀ/੧੩੬੫)
ਇੱਥੇ ਜਨਮ ਮਰਨ ਦੀ ਗੱਲ ਨਹੀਂ ਬਲਕਿ ਗੱਲ ਤਾਂ ਵਿਚਲੇ ਜੀਵਨ ਦੀ ਹੈ। ਸਵਾਲ ਇਹ ਨਹੀਂ ਕਿੰਨਾ ਲੰਬਾ ਜੀਵਨ ਜੀਵਿਆ ਗਿਆ ਹੈ ? ਬਲਕਿ ਸਵਾਲ ਇਹ ਹੈ ਕਿ ਜੀਵਨ ਕਿਵੇਂ ਬਤੀਤ ਕੀਤਾ ਗਿਆ ਹੈ ? ਹੋ ਸਕਦਾ ਹੈ ਬਾਬਾ ਫ਼ਤਿਹ ਸਿੰਘ ਜੀ ਦੀ ਤਰ੍ਹਾਂ ਜੀਵਨ ਲੀਲ੍ਹਾ 7 ਸਾਲ ਬਾਅਦ ਹੀ ਸਮਾਪਤ ਹੋ ਗਈ ਹੋਵੇ ਜਾਂ ਬਾਬਾ ਬੁੱਢਾ ਜੀ ਦੀ ਤਰ੍ਹਾਂ 125 ਸਾਲ ਦੀ ਲੰਮੇਰੀ ਯਾਤਰਾ ਕੀਤੀ ਗਈ ਹੋਵੇ। ਜਿਸ ਦਾ ਜੀਵਨ ਪਰਉਪਕਾਰ ਦਾ ਹੈ, ਪਰਮਾਤਮਾ ਦੀ ਯਾਦ ਦਾ ਹੈ, ਜੀਵਨ ਸਿਮਰਨ ਤੇ ਸੇਵਾ ਦਾ ਹੈ, ਫਿਰ ਅੰਤ ਸਮਾਂ ਭਾਵੇਂ ਤੱਤੀ ਤਵੀ ’ਤੇ ਬੈਠਾ ਹੋਵੇ, ਭਾਵੇਂ ਦੇਗ਼ ਵਿੱਚ ਉੱਬਲ ਕੇ, ਆਰੇ ਨਾਲ ਚੀਰਿਆ ਗਿਆ ਹੋਵੇ ਜਾਂ ਖੋਪਰੀ ਉਤਰਵਾ ਕੇ, ਭਾਵੇਂ ਬੰਦ-ਬੰਦ ਕਟਵਾਏ ਹੋਣ, ਭਾਵੇਂ ਕੀਰਤਨ ਸੁਣਦਿਆਂ ਸੁਆਸ ਸਮਾਪਤ ਹੋਏ ਹੋਣ। ਸੰਸਾਰ ਉਨ੍ਹਾਂ ਦੇ ਸਫਲ ਜੀਵਨ ਦਾ ਧਿਆਨ ਇਸ ਤਰ੍ਹਾਂ ਧਰਦਾ ਹੋਇਆ ‘ਧੰਨ ਧੰਨ’ ਕਰਦਾ ਹੈ ‘ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ਼ ਵਾਹੀ, ਦੇਖ ਕੇ ਅਣਡਿੱਠ ਕੀਤਾ; ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖ਼ਾਲਸਾ ਜੀ ! ਬੋਲੋ ਜੀ ! ਵਾਹਿਗੁਰੂ।’
ਦੇਖਿਆ ਤਾਂ ਜੀਵਨ ਜਾਂਦਾ ਹੈ, ਜੀਵਨ ਵਿੱਚ ਕੀਤਾ ਕੀ ਸੀ ? ਇਸ ਧਾਰਨਾ ਵਿੱਚ ਕੋਈ ਸੱਚ ਨਹੀਂ ਕਿ ਮੁਕਤ ਉਹੀ ਹੋਵੇਗਾ ਜਿਸ ਦੇ ਪ੍ਰਾਣ ਬ੍ਰਹਮਰੰਧ੍ਰ (ਦਸਮ ਦੁਆਰ) ਫੋੜ ਕੇ ਨਿਕਲਣ, ਕੋਈ ਪਤਾ ਨਹੀਂ ਬ੍ਰਹਮ ਗਿਆਨੀ ਦੀ ਖੋਪਰੀ ਕੋਈ ਮੂਰਖ ਲਾਠੀ ਮਾਰ ਕੇ ਹੀ ਫੋੜ ਦੇਵੇ। ਮੌਤ ਦਾ ਬਹਾਨਾ ਕੋਈ ਵੀ ਹੋਵੇ ਸੱਚ ਤਾਂ ਇਹ ਹੈ ਕਿ ‘‘ਬ੍ਰਹਮ ਗਿਆਨੀ ਸਦ ਜੀਵੈ; ਨਹੀ ਮਰਤਾ ॥’’ (ਮਹਲਾ ੫/੨੭੪)
ਅਜਿਹੀ ਸ਼ਖ਼ਸੀਅਤ ਪਰਮਾਤਮਾ ਦੇ ਹੁਕਮ ਵਿੱਚ ਫਿਰ ਨਵਾਂ ਸਰੀਰ ਰੂਪੀ ਚੋਲ਼ਾ ਪ੍ਰਾਪਤ ਕਰ ਪਰਉਪਕਾਰ ਲਈ ਜਗਤ ’ਚ ਆ ਜਾਂਦੀ ਹੈ। ਭਾਈ ਨੰਦ ਲਾਲ ਜੀ ਫ਼ੁਰਮਾਉਂਦੇ ਹਨ ਕਿ ‘ਬਾਹਰੋਂ ਵੇਖਣ ਨੂੰ ਤਾਂ ਸੰਤ ਜਨ ਵੀ ਖ਼ਾਕ ਦੀ ਮੁੱਠ ਦੇ ਕੈਦੀ ਹੀ ਜਾਪਦੇ ਹਨ, ਪਰ ਉਨ੍ਹਾਂ ਨੂੰ ਅੰਦਰੋਂ ਵੇਖੋ ਤਾਂ ਉਹ ਪਵਿੱਤਰ ਪਰਮਾਤਮਾ ਦਾ ਰੂਪ ਹੁੰਦੇ ਹਨ, ਜੋ ਨਾ ਜੰਮਦਾ ਹੈ, ਨਾ ਹੀ ਮਰਦਾ ਹੈ, ‘‘ਜ਼ਾਹਰੇ ਓ ਕੈਦੇ ਮੁਸ਼ਤੇ ਖ਼ਾਕ ਅਸਤ। ਬਾਤਨੇ ਓ ਬਾ ਖੁਦਾਇਆ ਅਸਤ।’’ ਭਾਵੇਂ ਸੰਸਾਰ ਉਨ੍ਹਾਂ ਦੇ ਜਨਮ ਦਿਹਾੜੇ ਅਤੇ ਜੋਤੀ ਜੋਤ ਦਿਵਸ ਮਨਾ ਰਿਹਾ ਹੈ, ਪਰ ਇਹ ਅਟੱਲ ਹੈ ਕਿ ਉਹ ‘‘ਜਨਮ ਮਰਣ ਦੁਹਹੂ ਮਹਿ ਨਾਹੀ; ਜਨ ਪਰਉਪਕਾਰੀ ਆਏ ॥ ਜੀਅ ਦਾਨੁ ਦੇ ਭਗਤੀ ਲਾਇਨਿ; ਹਰਿ ਸਿਉ ਲੈਨਿ ਮਿਲਾਏ ॥’’ (ਮਹਲਾ ੫/੭੪੯)
ਮਨੁੱਖੀ ਜ਼ਿੰਦਗੀ ਦੀ ਕੀ ਪਾਇਆਂ ਹੈ ਇਸ ਦੀ ਵਿਆਖਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਭਰਪੂਰ ਪ੍ਰਾਪਤ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ ਕਿ ਮੈਂ ਨਹੀਂ ਜਾਣਦਾ ਜ਼ਿੰਦਗੀ ਦੀ ਮੁਹਲਤ ਕਿੰਨੀ ਕੁ ਹੁੰਦੀ ਹੈ, ਕਿਹੜਾ ਸਮਾਂ ਜਦੋਂ ਮਰ ਜਾਣਾ ਹੈ ? ਅਸੀਂ ਤਾਂ ਇੱਕ ਦਮੀ ਆਦਮੀ ਹਾਂ। ਫ਼ੁਰਮਾਨ ਹੈ ‘‘ਹਮ ਆਦਮੀ ਹਾਂ ਇਕ ਦਮੀ; ਮੁਹਲਤਿ ਮੁਹਤੁ ਨ ਜਾਣਾ ॥ ਨਾਨਕੁ ਬਿਨਵੈ ਤਿਸੈ ਸਰੇਵਹੁ; ਜਾ ਕੇ ਜੀਅ ਪਰਾਣਾ ॥’’ (ਮਹਲਾ ੧/੬੬੦) ਜਿਸ ਨੂੰ ਜ਼ਿੰਦਗੀ ਕਹਿੰਦੇ ਹਾਂ ਇਹ ਤਾਂ ਪਲ-ਪਲ ਵਿੱਚ ਸੁਪਨਾ ਹੁੰਦੀ ਜਾ ਰਹੀ ਹੈ ‘‘ਜਗਿ ਜੀਵਨੁ ਐਸਾ, ਸੁਪਨੇ ਜੈਸਾ; ਜੀਵਨੁ ਸੁਪਨ ਸਮਾਨੰ ॥ ਸਾਚੁ ਕਰਿ ਹਮ ਗਾਠਿ ਦੀਨੀ; ਛੋਡਿ ਪਰਮ ਨਿਧਾਨੰ॥’’ (ਭਗਤ ਕਬੀਰ ਜੀ/੪੮੨)
ਬਾਬਾ ਫ਼ਰੀਦ ਜੀ ਜਿਨ੍ਹਾਂ ਦੁਆਰਾ ਉਚਾਰਨ ਕੀਤੀ ਗਈ ਪੰਕਤੀ ’ਤੇ ਅਸੀਂ ਵਿਚਾਰ ਕਰ ਰਹੇ ਹਾਂ, ਉਸ ਰਾਹੀਂ ਮਨੁੱਖੀ ਜੀਵਨ ਬਾਰੇ ਫ਼ੁਰਮਾਨ ਕਰਦੇ ਹਨ :
- ਗੰਢੇਦਿਆਂ ਛਿਅ ਮਾਹ; ਤੁੜੰਦਿਆ ਹਿਕੁ ਖਿਨੋ ॥ (ਬਾਬਾ ਫ਼ਰੀਦ ਜੀ/੪੮੮)
- ਫਰੀਦਾ ਖਿੰਥੜਿ ਮੇਖਾ ਅਗਲੀਆ; ਜਿੰਦੁ ਨ ਕਾਈ ਮੇਖ ॥ ਵਾਰੀ ਆਪੋ ਆਪਣੀ; ਚਲੇ ਮਸਾਇਕ ਸੇਖ ॥ (ਬਾਬਾ ਫ਼ਰੀਦ ਜੀ/੧੩੮੦)
- ਕੰਧੀ ਉਤੈ ਰੁਖੜਾ; ਕਿਚਰਕੁ ਬੰਨੈ ਧੀਰੁ ॥ ਫਰੀਦਾ ! ਕਚੈ ਭਾਂਡੈ ਰਖੀਐ; ਕਿਚਰੁ ਤਾਈ ਨੀਰੁ ॥ (ਬਾਬਾ ਫ਼ਰੀਦ ਜੀ/੧੩੮੨)
- ਫਰੀਦਾ ! ਕੋਠੇ ਧੁਕਣੁ ਕੇਤੜਾ ? ਪਿਰ ਨੀਦੜੀ ਨਿਵਾਰਿ ॥ ਜੋ ਦਿਹ ਲਧੇ ਗਾਣਵੇ; ਗਏ ਵਿਲਾੜਿ ਵਿਲਾੜਿ ॥ (ਬਾਬਾ ਫ਼ਰੀਦ ਜੀ/੧੩੮੦) ਆਦਿ।
ਜੇ ਇਹੀ ਜ਼ਿੰਦਗੀ ਹੈ ਤਾਂ ਫਿਰ ਇਹ ਵੀ ਮੰਨ ਲਓ ਕਿ ਜਨਮ ਮਰਨ ਹੈ ਹੀ ‘ਦੁੱਖ’। ਇਕ ਬੰਦਾ ਦੁੱਖ ਵਿੱਚ ਹੀ ਜਨਮੇ, ਦੁੱਖ ਵਿੱਚ ਹੀ ਜੀਵੇ ਅਤੇ ਦੁੱਖ ਵਿੱਚ ਹੀ ਮਰ ਜਾਏ ਤਾਂ ਫਿਰ ਇਹ ਜੀਵਨ ਦੁੱਖ ਹੈ। ਫਿਰ ਅਰਦਾਸ ਕਰਨੀ ਹੀ ਪਵੇਗੀ ਕਿ ਵਾਹਿਗੁਰੂ ਅੱਗੋਂ ਸੰਸਾਰ ’ਤੇ ਨਾ ਭੇਜੀਂ, ਇੱਥੇ ਬੜਾ ਦੁੱਖ ਹੈ, ਪਰ ਜੋ ‘‘ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥’’ ਦੀ ਸਿੱਕ (ਇੱਛਾ) ਪੈਦਾ ਕਰਕੇ ਜ਼ਿੰਦਗੀ ਜੀਅ ਰਿਹਾ ਹੈ, ਉਸ ਦਾ ਜਨਮ; ਦੁੱਖ ਨਹੀਂ ਉਸ ਦਾ ਜਨਮ ਤਾਂ ਸਫਲਾ ਹੈ। ਉਸ ਨੇ ਤਾਂ ਪਰਮਾਤਮਾ ਨੂੰ ਵੀ ਸੌਂਤਰਾ ਭਾਵ ਔਲਾਦ ਵਾਲਾ ਕਰ ਦਿੱਤਾ। ਫ਼ੁਰਮਾਨ ਹੈ ‘‘ਸਫਲੁ ਜਨਮੁ ਹਰਿ ਜਨ ਕਾ ਉਪਜਿਆ; ਜਿਨਿ ਕੀਨੋ ਸਉਤੁ ਬਿਧਾਤਾ ॥’’ (ਮਹਲਾ ੫/੫੩੨)
ਜੋ ਪਰਮਾਤਮਾ ਦੇ ਹੋ ਗਏ, ਜਿਨ੍ਹਾਂ ਦਾ ਰੱਬ ਨਾਲ ਪਿਆਰ ਬਣ ਗਿਆ, ਜਿਨ੍ਹਾਂ ਦੇ ਜੀਵਨ ਵਿੱਚ ਉਸ ਦੀ ਸਿਫ਼ਤ ਸਲਾਹ ਹੈ ਤਾਂ ਫਿਰ ਮੌਤ ਵੀ ਝੂਮਣ ਲੱਗ ਪੈਂਦੀ ਹੈ। ਰੱਬੀ ਪਿਆਰ ਜਦੋਂ ਮੌਤ ਦੇ ਸਾਹਮਣੇ ਆਉਂਦਾ ਹੈ ਤਾਂ ਮੌਤ ਵੀ ਝੁਕ ਕੇ ਪ੍ਰਣਾਮ ਕਰਦੀ ਹੈ, ਫਿਰ ਜਨਮ ਦੁੱਖ ਨਹੀਂ ਬਲਕਿ ਪਰਮਾਤਮਾ ਦਾ ਹੁਕਮ ਜਾਪਦਾ ਹੈ। ਪ੍ਰਭੂ ਦਾ ਸੁਭਾਅ ਹੀ ਬਣ ਜਾਂਦਾ ਹੈ ‘‘ਜੋ ਜੋ ਹੁਕਮੁ ਭਇਓ ਸਾਹਿਬ ਕਾ; ਸੋ ਮਾਥੈ ਲੇ ਮਾਨਿਓ ॥’’ (ਮਹਲਾ ੫/੧੦੦੦) ਜਨਮ ਵੇਲੇ ਤਾਂ ਹਰ ਘਰ ਵਿੱਚ ਵਧਾਈ ਹੁੰਦੀ ਹੈ ਪਰ ਸੰਸਾਰ ਤੋਂ ਕੂਚ ਕਰਨ ਲਗਿਆਂ ਵੀ ‘‘ਕਬੀਰ ! ਸੰਤ ਮੂਏ ਕਿਆ ਰੋਈਐ ? ਜੋ ਅਪੁਨੇ ਗ੍ਰਿਹਿ ਜਾਇ ॥’’ (ਭਗਤ ਕਬੀਰ ਜੀ/੧੩੬੫) ਦੀ ਪ੍ਰਸੰਨਤਾ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਨੇ ਜਨਮ ਲੈ ਕੇ ਸਤਿਗੁਰੂ ਦਾ ਪੱਲਾ ਫੜ੍ਹਿਆ, ਮਾਤਾ ਦੇ ਗਰਭ ਤੋਂ ਜਨਮ ਧਾਰਨ ਉਪਰੰਤ ਸਤਿਗੁਰੂ ਦੇ ਘਰ ਵੀ ਜਨਮ ਲੈ ਲਿਆ ਉਨ੍ਹਾਂ ਦਾ ਆਵਾਗਮਣ ਮੁੱਕ ਗਿਆ। ਸਿੱਧਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਸ਼ਨ ਕੀਤਾ ‘‘ਕਿਤੁ ਬਿਧਿ ਪੁਰਖਾ ! ਜਨਮੁ ਵਟਾਇਆ ?॥ ਕਾਹੇ ਕਉ ਤੁਝੁ ਇਹੁ ਮਨੁ ਲਾਇਆ ?॥’’ (ਮਹਲਾ ੧/੯੪੦) ਫਿਰ ਸਾਹਿਬ ਜੀ ਨੇ ਜਵਾਬ ਦਿੱਤਾ ‘‘ਸਤਿਗੁਰ ਕੈ ਜਨਮੇ; ਗਵਨੁ ਮਿਟਾਇਆ ॥ ਅਨਹਤਿ ਰਾਤੇ; ਇਹੁ ਮਨੁ ਲਾਇਆ ॥’’ (ਮਹਲਾ ੧/੯੪੦) ਫਿਰ ਉਨ੍ਹਾਂ ਦਾ ਜਨਮ ਹੀ ਗਿਆਨ ਦਾ ਜਨਮ ਹੈ, ਸ਼ਰਧਾ ਦਾ ਜਨਮ ਹੈ, ਪ੍ਰੇਮ ਦਾ ਜਨਮ ਹੈ। ਉਨ੍ਹਾਂ ਦਾ ਜਨਮ ਹੈ ਦਇਆ ਤੇ ਭਰੋਸੇ ਦਾ ਜਨਮ, ਉਨ੍ਹਾਂ ਦਾ ਜਨਮ ਹੈ ਧਰਮ ਦਾ ਜਨਮ ਆਦਿ। ਜਿਸ ਰਾਹੀਂ ਉਨ੍ਹਾਂ ਦਾ ਜਨਮ ਸਤ, ਸੰਤੋਖ, ਧੀਰਜ ਆਦਿ ਗੁਣ ਧਾਰਨ ਕਰ ਗਿਆ। ਐਸੇ ਗੁਣ ਜਿੱਥੇ ਪਰਗਟ ਹੋਣ ਉੱਥੇ ਵਧਾਈ ਕਿਉਂ ਨਾ ਵੱਜੇ ? ਜਿਸ ਬੰਦੇ ਦਾ ਅਸਾਧ ਰੋਗ ਮੁੱਕ ਜਾਏ, ਅਰੋਗਤਾ ਮਿਲ ਜਾਏ ਉੱਥੇ ਵੀ ਮੁਬਾਰਕਾਂ ਮਿਲਦੀਆਂ ਹਨ। ਉਸ ਦਾ ਮਰਨ ਕੀ ਹੈ ? ਕਾਮ, ਕਰੋਧ ਆਦਿਕ ਪੰਜ ਰੋਗਾਂ ਦੀ ਮੌਤ ਉਸ ਦਾ ਮਰਨ ਹੈ, ਅਗਿਆਨਤਾ ਦੀ ਮੌਤ ਹੋ ਜਾਂਦੀ ਹੈ, ਉਸ ਦੇ ਅਪਰਾਧ ਮਰ ਜਾਂਦੇ ਹਨ। ਜਿਹੜੇ ਜੀਵਨ ਵਿੱਚੋਂ ਇਹ ਬਿਮਾਰੀਆਂ ਮੁੱਕ ਜਾਣ ਐਸੇ ਬੰਦੇ ਦੇ ਸੰਸਾਰ ਤੋਂ ਜਾਣ ਵੇਲੇ ਕਿਉਂ ਨਾ ਵਧਾਈ ਮਿਲੇਗੀ। ਅਜਿਹਾ ਪ੍ਰਭੂ ਪਿਆਰਾ; ਉਸ ਦੇ ਭਾਣੈ ਜਾਂ ਹੁਕਮ ਨੂੰ ਦੁੱਖ ਕਿਵੇਂ ਆਖੇ ਉਹ ਤਾਂ ‘‘ਆਇਆ ਹਕਾਰਾ ਚਲਣਵਾਰਾ; ਹਰਿ ਰਾਮ ਨਾਮਿ ਸਮਾਇਆ ॥’’ (ਬਾਬਾ ਸੁੰਦਰ ਜੀ/੯੨੩) ਜਾਂ ‘‘ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ; ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ॥’’ (ਬਾਬਾ ਸੁੰਦਰ ਜੀ/੯੨੩) ਦੇ ਅਟੱਲ ਨਿਯਮ ਨੂੰ ਸਤ-ਸਤ ਕਰ ਮੰਨਦਾ ਹੈ।
ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮੇਰੇ ਪਿੱਛੋਂ ਨਿਰਬਾਣ ਕੀਰਤਨ ਹੀ ਕਰਨਾ ਹੈ। ਨਿਰਬਾਣ ਕੀਰਤਨ ਕੀ ਹੈ ? ਜਿਸ ਵਿੱਚ ਕੋਈ ਵੀ ਮੰਗ ਨਾ ਹੋਵੇ, ਤੁਸੀਂ ਮੇਰੇ ਬਾਅਦ ਨਾ ਆਖਿਓ ਹੇ ਪ੍ਰਭੂ ! ਬਜ਼ੁਰਗ ਨੂੰ ਸੱਚਖੰਡ ਵਿੱਚ ਵਾਸਾ ਦੇਵੀਂ। ਨਹੀਂ, ਉਹ ਤੁਹਾਡੇ ਨਾਲੋਂ ਵਧੇਰੇ ਜਾਣਦਾ ਹੈ, ਉਸ ਦੀ ਮਰਜ਼ੀ ਹੈ; ਮੈਨੂੰ ਵਾਪਸ ਭੇਜੇ, ਉਸ ਦੀ ਮਰਜ਼ੀ ਹੈ, ਆਪਣੇ ਕੋਲ ਰੱਖੇ, ਜਿਹੜਾ ਤੁਹਾਡੇ ਵਿੱਚੋਂ ਰੋਇਆ, ਉਹ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਣਾ ‘‘ਸਤਿਗੁਰਿ ਭਾਣੈ ਆਪਣੈ; ਬਹਿ ਪਰਵਾਰੁ ਸਦਾਇਆ ॥ ਮਤ ਮੈ ਪਿਛੈ ਕੋਈ ਰੋਵਸੀ; ਸੋ, ਮੈ ਮੂਲਿ ਨ ਭਾਇਆ ॥’’ (ਬਾਬਾ ਸੁੰਦਰ ਜੀ/੯੨੩)
ਇੱਕ ਮਿੱਤਰ ਨੂੰ ਸਿਰੋਪਾ ਮਿਲਦਾ ਹੋਵੇ ਤਾਂ ਜਿਸ ਮਿੱਤਰ ਨੂੰ ਆਪਣੇ ਮਿੱਤਰ ਦੀ ਇੱਜ਼ਤ ਚੰਗੀ ਲੱਗਦੀ ਹੈ, ਉਹ ਪ੍ਰਸੰਨ ਹੁੰਦਾ ਹੈ ਤੁਸੀਂ ਵੀ ਵਿਚਾਰ ਕੇ ਦੇਖੋ ਮੈਨੂੰ ਤਾਂ ਹੁਣ ਪ੍ਰਭੂ ਜੀ ਸਿਰੋਪਾ ਬਖ਼ਸ਼ਸ਼ ਕਰ ਰਹੇ ਹਨ ‘‘ਮਿਤੁ ਪੈਝੈ ਮਿਤੁ ਬਿਗਸੈ; ਜਿਸੁ ਮਿਤ ਕੀ ਪੈਜ ਭਾਵਏ ॥ ਤੁਸੀ ਵੀਚਾਰਿ ਦੇਖਹੁ ਪੁਤ ਭਾਈ! ਹਰਿ ਸਤਿਗੁਰੂ ਪੈਨਾਵਏ ॥’’ (ਬਾਬਾ ਸੁੰਦਰ ਜੀ/੯੨੩)
ਪਰਮਾਤਮਾ ਦੇ ਦਰ ਤੋਂ ਸਿਰੋਪਾ ਉਨ੍ਹਾਂ ਨੂੰ ਮਿਲਦਾ ਹੈ, ਜਿਨ੍ਹਾਂ ਨੇ ਸਫਲ ਜੀਵਨ ਜੀਵਿਆ ਹੋਵੇ। ਉਹਨਾਂ ਲਈ ਜੀਵਨ ਮਰਨ ਦੁੱਖ ਨਹੀਂ ਰਹਿ ਗਿਆ ਸਗੋਂ ਰੱਬ ਦਾ ਭਾਣਾ ਬਣ ਗਿਆ ਹੁੰਦਾ ਹੈ ‘‘ਜਾ ਆਏ ਤਾ ਤਿਨਹਿ ਪਠਾਏ; ਚਾਲੇ, ਤਿਨੈ ਬੁਲਾਇ ਲਇਆ ॥ ਜੋ ਕਿਛੁ ਕਰਣਾ, ਸੋ ਕਰਿ ਰਹਿਆ; ਬਖਸਣਹਾਰੈ ਬਖਸਿ ਲਇਆ ॥ (ਮਹਲਾ ੧/੯੦੭), ਗੁਰਮੁਖਿ; ਹਰਿ ਹਰਿ, ਹਰਿ ਲਿਵ ਲਾਗੇ ॥ ਜਨਮ ਮਰਣ; ਦੋਊ ਦੁਖ ਭਾਗੇ ॥’’ (ਮਹਲਾ ੪/੧੧੭੮) ਆਦਿ।
ਜੇਕਰ ਜੀਵਨ ਦੁੱਖ ਹੈ ਤਾਂ ਇਹ ਦੁੱਖ ਹੋ ਸਕਦਾ ਹੈ ਕਿ ਜਨਨੀ ਨੂੰ ਕਹਿਣਾ ਪਵੇ ਕਿ ਪੁੱਤਰ ਇੰਨਾ ਨਾਲਾਇਕ ਜੰਮਿਆ, ਤੈਨੂੰ ਜਨਮ ਦੇਣ ਦਾ ਐਵੇਂ ਦੁੱਖ ਝਲਿਆ ਹੈ। ਵੈਸੇ ਮਾਂ ਇਸ ਦੁੱਖ ਨੂੰ ਅਰਦਾਸ ਕਰਕੇ ਪੱਲੇ ਪਾਉਂਦੀ ਹੈ, ਪਰ ਉਸ ਨੂੰ ਪਤਾ ਹੈ ਕਿ ਪੁੱਤਰ ਇਕੱਲਾ ਨਹੀਂ ਮਿਲਣਾ, ਨਾਲ ਪ੍ਰਸੂਤਾ ਪੀੜਾ ਵੀ ਮਿਲਣੀ ਹੈ। ਅਜਿਹੇ ਜਨਮ-ਮਰਨ ਦੇ ਦੁੱਖ ਨੂੰ ਤਾਂ ਦੇਵਤੇ ਵੀ ਤਰਸਦੇ ਹਨ। ਇਹ ਜੀਵਨ ਜਿਸ ਦੇ ਆਦਿ ਵਿੱਚ ਜਨਮ ਅਤੇ ਅੰਤ ਵਿੱਚ ਮੌਤ ਹੈ, ਇਹ ਤਾਂ ਗੋਬਿੰਦ ਮਿਲਣ ਦੀ ਵਾਰੀ ਹੈ। ਜੋ ਜੀਵਨ ਵਿੱਚ ਕਰਨਾ ਸੀ ਜੇ ਉਹ ਨਾ ਹੋਵੇ ਤਾਂ ਜ਼ਿੰਦਗੀ ਬਹੁਤ ਵੱਡਾ ਦੁੱਖ ਹੈ ਪਰ ਜੋ ਕਰਨਾ ਸੀ ਜੇ ਉਹ ਹੋ ਜਾਏ ਤਾਂ ਜੀਵਨ ਪਰਮਾਤਮਾ ਦੀ ਮਿਹਰ ਹੈ। ਕਰਨਾ ਕੀ ਸੀ ? ਸਫਲ ਜੀਵਨ ਜਿਊਣਾ ਸੀ, ਸਫਲ ਕਿਵੇਂ ਹੁੰਦਾ ਹੈ ? ‘‘ਨਾਨਕ ! ਸੋਈ ਜੀਵਿਆ; ਜਿਨਿ ਇਕੁ ਪਛਾਤਾ ॥ (ਮਹਲਾ ੫/੩੧੯), ਸੋ ਜੀਵਿਆ, ਜਿਸੁ ਮਨਿ ਵਸਿਆ ਸੋਇ ॥ ਨਾਨਕ ! ਅਵਰੁ ਨ ਜੀਵੈ ਕੋਇ ॥’’ (ਮਹਲਾ ੧/੧੪੨) ਆਦਿ।
ਜੀਵਨ ਦਾ ਅਰਥ ਹੀ ਹੈ ਕਿ ਜਿਸ ਦੇ ਮਗਰ ਮੌਤ ਕੋਈ ਨਹੀਂ ਹੋਵੇ। ਸਰੀਰ ਦਾ ਚਾਰ ਦਿਨ ਸੰਸਾਰ ਵਿੱਚ ਰਹਿਣਾ ਜੀਵਨ ਨਹੀਂ, ਜੀਵਨ ਤਾਂ ਉਹ ਹੈ ਜਿਸ ਦੇ ਆਸਰੇ ਸਰੀਰ ਬਣਿਆ ਹੈ। ਜੀਵਨ ਤਾਂ ਉਹ ਹੈ ਜੋ ਸਰੀਰ ਤੋਂ ਪਹਿਲਾਂ ਸੀ ਅਤੇ ਸਰੀਰ ਬਿਨਸ ਜਾਣ ਤੋਂ ਬਾਅਦ ਰਹੇਗਾ, ਜੇ ਉਸ ਨਾਲ ਜੁੜ ਜਾਈਏ ਤਾਂ ਸਰੀਰ ‘‘ਕੰਚਨ ਕਾਇਆ ਕੋਟ ਗੜ ..॥’’ (ਮਹਲਾ ੪/੪੪੯) ਬਣ ਕੇ ਸਫਲ ਹੋ ਜਾਂਦਾ ਹੈ। ਮਨੁੱਖਾ ਸਰੀਰ ਤੋਂ ਬਿਨਾਂ ਉਸ ਦਾ ਅਨੁਭਵ ਕੋਈ ਨਹੀਂ ਹੁੰਦਾ ਤੇ ਜਨਮ-ਮਰਨ ਤੋਂ ਬਿਨਾਂ ਸਰੀਰ ਨਹੀਂ ਮਿਲਦਾ। ਜਦੋਂ ਮਨੁੱਖ ਨੂੰ ਗੁਰਮਤਿ ਦੀ ਸੋਝੀ ਹੋ ਜਾਂਦੀ ਹੈ ਤਾਂ ਸਫਲ ਸਰੀਰ ਮਿਲਦਾ ਹੈ; ਇਹ ਜੀਵਨ ਦੁੱਖ ਨਹੀਂ ਬਲਕਿ ਵਰਦਾਨ ਹੋ ਜਾਂਦਾ ਹੈ ਕਿਉਂਕਿ ਇਹ ਸਫਲਤਾ ਮਨੁੱਖੀ ਤਾਕਤ ਨਾਲ ਨਹੀਂ ਮਿਲੀ ਬਲਕਿ ਉਸ ਪ੍ਰਭੂ ਨੇ ਆਪਣੇ ਲੜ ਲਾ ਕੇ ਬਖ਼ਸ਼ੀ ਹੋਈ ਹੈ। ਜੀਵਨ ਐਸਾ ਸਚਿਆਰ ਤੇ ਸਫਲ ਹੋਇਆ ਕਿ ਸੰਸਾਰ ਨੂੰ ਕਹਿਣਾ ਪਿਆ ‘‘ਆਪਿ ਲੀਏ ਲੜਿ ਲਾਇ; ਦਰਿ ਦਰਵੇਸ ਸੇ ॥ ਤਿਨ, ਧੰਨੁ ਜਣੇਦੀ ਮਾਉ; ਆਏ ਸਫਲੁ ਸੇ ॥’’ (ਬਾਬਾ ਫ਼ਰੀਦ ਜੀ/੪੮੮)
ਸੋ ਰੱਬੀ ਪਿਆਰ ਵਿੱਚ ਅਮੋਲਕ ਜੀਵਨ ਜੀਵਿਆ ਗੁਰਬਾਣੀ ਤੋਂ ਪ੍ਰਭਾਵਤ ਹੁੰਦੇ ਹੋਏ ਅਸੀਂ ਉਸ ਦੁਆਰਾ ਦਰਸਾਏ ਗਏ ਰੱਬੀ ਮਾਰਗ ਦੇ ਪਾਂਧੀ ਬਣਨ ਦਾ ਹਰ ਸੰਭਵ ਯਤਨ ਕਰੀਏ।