ਹਰਨੇਕ ਸਿੰਘ ਦੇ ਸਮਰਥਕ ਅਤੇ ਵਿਰੋਧੀਆਂ ਨੂੰ ਗੁਰੂ ਸਤਿਕਾਰ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਆਪਣੇ ਵੀਚਾਰ ਪ੍ਰਗਟ ਕਰਨ ਦਾ ਸੁਨਹਿਰਾ ਮੌਕਾ
ਕਿਰਪਾਲ ਸਿੰਘ (ਬਠਿੰਡਾ)-88378-13661
ਪੰਡਿਤ ਹਰਨੇਕ ਸਿੰਘ ਨਿਊਜ਼ੀਲੈਂਡ ਵਾਲਾ ਝੱਲ ਮਾਰਨ ਦੀਆਂ ਸਭ ਹੱਦਾਂ ਪਾਰ ਕਰ ਚੁੱਕਾ ਹੈ ਪਰ ਇਸ ਦੇ ਬਾਵਜੂਦ ਹੁਣ ਤੱਕ ਵੇਖਿਆ ਇਹ ਜਾ ਰਿਹਾ ਹੈ ਕਿ ਉਸ ਦੀਆਂ ਮਾਰੀਆਂ ਝੱਲਾਂ ਦੀ ਕੇਵਲ ਉਨ੍ਹਾਂ ਵੀਰਾਂ ਵਿੱਚੋਂ ਹੀਂ ਕੁਝ ਨਿੰਦਾ ਹੋਈ ਹੈ ਜਿਨ੍ਹਾਂ ਨੂੰ ਆਪਣਾ ਝੱਲ ਵਿਖਾਉਂਦੇ ਹੋਏ ਉਸ ਨੇ ਬੁਰਾ ਭਲਾ ਕਿਹਾ ਹੈ। ਹੈਰਾਨੀ ਹੈ ਕਿ ਦੋ ਵਰਗਾਂ ਦੇ ਲੋਕ ਆਮ ਵਾਂਗ ਸ਼ਾਂਤ ਵਿਖਾਈ ਦੇ ਰਹੇ ਹਨ। ਉਨ੍ਹਾਂ ਵਿੱਚੋਂ ਇੱਕ ਵਰਗ ਤਾਂ ਉਹ ਹੈ ਜਿਹੜਾ ਇਹ ਸਮਝਦਾ ਹੈ ਕਿ ਇਹ ਗੰਦ ਹੈ ਇਸ ਨੂੰ ਛੇੜਨ ਨਾਲ ਆਪਣੇ ਉੱਪਰ ਹੀ ਗੰਦ ਪੈਣਾ ਹੈ ਇਸ ਲਈ ਅਸੀਂ ਤਾਂ ਉਸ ਨੂੰ ਆਪਣੀ ਫੇਸਬੁੱਕ ਤੇ ਵਟਸਐਪ ਗਰੁੱਪਾਂ ਵਿੱਚ ਬਲਾਕ ਕਰ ਛੱਡਿਆ ਹੈ ਅਤੇ ਉਸ ਦਾ ਜੋਤਿਸ਼ ਕੇਂਦਰ ਰੇਡੀਓ ਵੀ ਕਦੇ ਨਹੀਂ ਸੁਣਿਆ: ਭਾਵ ਉਹ ‘ਬਿੱਲੀ ਨੂੰ ਵੇਖ ਕੇ ਕਬੂਤਰ ਵਾਙ’ ਅੱਖਾਂ ਮੀਚਣ ਵਿੱਚ ਹੀ ਭਲਾ ਸਮਝ ਰਹੇ ਹਨ। ਇਸ ਪੰਡਿਤ ਦੀਆਂ ਗਤੀਵਿਧੀਆਂ ਤੋਂ ਸੁਚੇਤ ਕਰਨ ਲਈ 22 ਅਗਸਤ ਨੂੰ ਜਦ ਮੈਂ ਪਹਿਲਾ ਲੇਖ ਲਿਖਿਆ ਸੀ ਤਾਂ ਇਨ੍ਹਾਂ ਵੀਰਾਂ ਨੇ ਫ਼ੋਨ ਕਰ ਕੇ ਮੈਨੂੰ ਵੀ ਸੁਝਾਅ ਦਿੱਤੇ ਸਨ ਕਿ ਵੀਰ ਜੀ ਇਸ ਡੰਗਰ ਬੰਦੇ ਨੂੰ ਖਬਰਾਂ ਵਿੱਚ ਲਿਆ ਕੇ ਮਸ਼ਹੂਰ ਨਾ ਕਰੋ।
ਇਸ ਦੀਆਂ ਮਾਰੀਆਂ ਜਾ ਰਹੀਆਂ ਝੱਲਾਂ ਸਬੰਧੀ ਚੁੱਪ ਵੱਟਣ ਵਾਲਾ ਦੂਸਰਾ ਉਹ ਵਰਗ ਹੈ ਜਿਸ ਦੀਆਂ ਸਿਫਤਾਂ ਦੇ ਪੁਲ਼ ਉਸ ਦੇ ਜੋਤਿਸ਼ ਕੇਂਦਰ ਦੀ ਸਮੁੱਚੀ ਟੀਮ ਦੇ ਮੈਂਬਰ ਹਰ ਰੋਜ਼ ਬੰਨ੍ਹ ਰਹੇ ਹਨ। ਸ਼ੰਕਾ ਤਾਂ ਉਸ ਸਮੇਂ ਵੀ ਹੁੰਦੀ ਸੀ ਜਦੋਂ ਉਹ ਵਰਗ ਆਪਣੇ ਸਾਥੀ ਸਾਰੇ ਜਾਗਰੂਕ ਪ੍ਰਚਾਰਕਾਂ ਵਿਰੁੱਧ ਕੂੜ ਬੋਲ ਕੇ ਜ਼ਹਿਰ ਉਗਲਣ ’ਤੇ ਵੀ ਚੁੱਪ ਰਿਹਾ। ਉਸ ਸਮੇਂ ਤਾਂ ਬਹਾਨਾ ਸੀ ਸਾਡੀ ਤਾਂ ਉਹ ਸਿਫਤ ਕਰ ਰਿਹਾ ਹੈ ਜੀ, ਉਨ੍ਹਾਂ ਨੂੰ ਬੋਲਣਾ ਚਾਹੀਦਾ ਹੈ ਜਿਨ੍ਹਾਂ ਵਿਰੁੱਧ ਉਹ ਝੂਠ ਬੋਲ ਰਿਹਾ ਹੈ ਪਰ ਹੁਣ ਪੰਡਿਤ ਹਰਨੇਕ ਸਿੰਘ ਵੱਲੋਂ ਗੁਰੂ ਸਾਹਿਬਾਨ ਦਾ ਨਾਮ ਲੈ ਕੇ ਉਨ੍ਹਾਂ ’ਤੇ ਸਿੱਧੇ ਇਹ ਦੋਸ਼ ਲਾਉਣੇ ਕਿ “ਗੁਰੂ ਰਾਮਦਾਸ ਜੀ ਵਲੋਂ ਪ੍ਰਿਥੀਚੰਦ ਨੂੰ ਪ੍ਰਬੰਧ ਦੀ ਜਿੰਮੇਵਾਰੀ ਸੰਭਾਲਣੀ ਅਤੇ ਗੁਰੂ ਹਰਿਰਾਇ ਸਾਹਿਬ ਵੱਲੋਂ ਆਪਣੀ ਜਗ੍ਹਾ ਰਾਮਰਾਇ ਨੂੰ ਭੇਜਣਾ ਅਤੇ ਫਿਰ ਬਹੁਤ ਹੀ ਛੋਟੀ ਉਮਰ ਦੇ ਬੱਚੇ ਨੂੰ ਗੁਰਿਆਈ ਦੀ ਜਿੰਮੇਵਾਰੀ ਸੰਭਾਲਣਾ ਉਨ੍ਹਾਂ ਦੀਆਂ ਵੱਡੀਆਂ ਗਲਤੀਆਂ ਸਨ ਜਿਨ੍ਹਾਂ ਨੂੰ ਸਿਰਫ ਗੁਰੂਆਂ ਦੀ ਲੀਲਾ ਕਹਿ ਕੇ ਅਣਗੌਲ਼ਿਆ ਨਹੀਂ ਕੀਤਾ ਜਾ ਸਕਦਾ।” ਇਹ ਸੁਣ ਕੇ ਵੀ ਉਨ੍ਹਾਂ ਦਾ ਚੁੱਪ ਰਹਿਣਾ ਇਸ ਵੀਚਾਰ ਦੀ ਮੰਗ ਕਰਦਾ ਹੈ ਕਿ “ਮਾਨ ਅਭਿਮਾਨ ਮੰਧੇ, ਸੋ ਸੇਵਕੁ ਨਾਹੀ ॥” ਦਾ ਪ੍ਰਚਾਰ ਕਰਨ ਵਾਲੇ ਖ਼ੁਦ ਆਪਣੇ ਮਾਨ ਸਨਮਾਨ ਵਿੱਚੋਂ ਬਾਹਰ ਨਿਕਲ ਸਕੇ ਹਨ ? ਕੀ ਇਹ ਆਪਣੀ ਸਿਆਣਪ ਇਸ ਗੱਲ ਵਿੱਚ ਨਹੀਂ ਸਮਝੀ ਬੈਠੇ ਕਿ ਜਿਹੜਾ ਬੰਦਾ ਮੇਰੀ ਜਾਂ ਮੇਰੇ ਆਗੂ ਦੀ ਸਿਫਤ ਕਰ ਰਿਹਾ ਹੈ ਮੇਰਾ ਉਸ ਵਿਰੁੱਧ ਨਾ ਬੋਲਣ ਵਿੱਚ ਹੀ ਫਾਇਦਾ ਹੈ ਭਾਵੇਂ ਉਹ ਮੇਰੇ ਗੁਰੂ ਦੇ ਫੈਸਲਿਆਂ ਨੂੰ ਗਲਤ ਕਹਿਣ ਦੀ ਹਿਕਾਮਤ ਵੀ ਕਿਉਂ ਨਾ ਕਰੀ ਜਾਵੇ !
ਮੇਰਾ ਭਾਵ ਕੇਵਲ ਇਹ ਵੀ ਨਹੀਂ ਕਿ ਇੱਕ ਮੂਰਖ ਬੰਦੇ ਦੇ ਨਿਰੇ ਮੂਰਖਪੁਣੇ ਦੀ ਨਿੰਦਾ ਕਰ ਕੇ ਆਪਣੇ ਆਪ ਨੂੰ ਸੁਰਖ਼ੁਰੂ ਹੋਇਆ ਸਮਝ ਲੈਣਾ ਕਾਫੀ ਹੈ। ਮੇਰਾ ਇਸ ਪੰਡਿਤ ਦੀਆਂ ਫੁੱਟਪਾਉ ਨੀਤੀਆਂ ਤੇ ਦੋਗਲੇਪਣ ਵਿਰੁੱਧ ਲਿਖਣ ਦਾ ਭਾਵ ਇਹ ਸੀ ਕਿ ਪ੍ਰਚਾਰਕ ਇਸ ਦੀਆਂ ਫੁੱਟਪਾਉ ਨੀਤੀਆਂ ਤੋਂ ਜਾਣੂ ਹੋ ਕੇ ਸੁਚੇਤ ਹੋ ਜਾਣ ਤੇ ਆਪਸੀ ਏਕਤਾ ਦਾ ਰਾਹ ਨਾ ਛੱਡਣ।
ਜਦ ਮੈਂ ਇਸ ਪੰਡਿਤ ਤੋਂ ਇਹ ਸਵਾਲ ਪੁੱਛੇ ਕਿ ਭਵਿੱਖ ਦੀਆਂ ਭਵਿੱਖਬਾਣੀਆਂ ਕਰਨ ਵਾਲੇ ਅਤੇ ਆਉਣ ਵਾਲੇ ਖ਼ਤਰਿਆਂ ਦੇ ਪਹਿਲਾਂ ਹੀ ਉਪਾਅ ਦੱਸਣ ਦੇ ਮਾਹਰ ਬਣੇ ਪੰਡਿਤ ਜੀ ! ਤੁਹਾਡੀ ਜੋਤਿਸ਼ ਵਿਦਿਆ 2012 ਵਿੱਚ ਕਿਉਂ ਫੇਲ੍ਹ ਹੋ ਗਈ ਜਿਹੜੀ ਇਹ ਅੰਦਾਜ਼ਾ ਵੀ ਨਾ ਲਗਾ ਸਕੀ ਕਿ ਜਿਸ ਧੂੰਦਾ ਜੀ ਨੂੰ ਤੁਸੀਂ ਹੁਣ ਰੱਬ ਮੰਨੀ ਬੈਠੇ ਹੋ ਇਹ ਤਾਂ ਕੇਵਲ ਦੋ ਢਾਈ ਸਾਲ ਪਿੱਛੋਂ ਹੀ ਕਦੀ (ਅਕਤੂਬਰ 2014 ਵਿੱਚ) ਇੰਡਿਆਨਾ ਵਿਖੇ ਤੇਰੇ ਵਿਰੋਧੀਆਂ ਵੱਲੋਂ ਉਲੀਕੀ ਵਿਸ਼ਵ ਸਿੱਖ ਕਾਨਫਰੰਸ ਵਿੱਚ ਜਾਣ ਦਾ ਮਨ ਬਣਾ ਕੇ ਅਤੇ ਕਦੀ ਨਵੰਬਰ 2014 ਵਿੱਚ ਗੁਰਬਖ਼ਸ਼ ਸਿੰਘ ਦੇ ਮਰਨ ਵਰਤ ਦੀ ਹਿਮਾਇਤ ਵਿੱਚ ਬੈਠ ਕੇ ਤੁਹਾਡੀ ਸੋਚ ਮੁਤਾਬਿਕ ਗਰਕਣ ਜਾ ਰਿਹਾ ਹੈ।
ਦੂਸਰਾ ਸਵਾਲ ਸੀ ਕਿ ਭਵਿੱਖ ਦੀ ਤਾਂ ਗੱਲ ਹੀ ਛੱਡੋ ਤੁਹਾਨੂੰ ਤਾਂ ਭੂਤਕਾਲ ਦਾ ਚੇਤਾ ਵੀ ਨਾ ਰਿਹਾ ਕਿਉਂਕਿ ਤੁਹਾਡੀ ਸਮਝ ਅਨੁਸਾਰ 1984 ਤੋਂ ਪਿੱਛੋਂ ਜਿਸ ਦਲੇਰੀ ਨਾਲ ਪ੍ਰੋ: ਦਰਸ਼ਨ ਸਿੰਘ ਨੇ ਕੇਂਦਰ ਸਰਕਾਰ ਅਤੇ ਇੰਦਰਾ ਗਾਂਧੀ ਵਿਰੁੱਧ ਉਨ੍ਹਾਂ ਦੇ ਹੀ ਸੱਤਾ (ਰਾਜ) ਦੌਰਾਨ ਦਿੱਲੀ ਦੀ ਗਲੀ-ਗਲੀ ਤੇ ਪੰਜਾਬ ਦੇ ਕੋਨੇ-ਕੋਨੇ ਵਿੱਚ ਘੁੰਮ ਫਿਰ ਕੇ ਪ੍ਰਚਾਰ ਕੀਤਾ ਇਸ ਨੇ ਤੁਹਾਡੇ ਮਨ ਵਿੱਚ ਕੋਈ ਸ਼ੱਕ ਨਹੀਂ ਸੀ ਰਹਿਣ ਦਿੱਤਾ ਕਿ ਪ੍ਰੋ: ਦਰਸ਼ਨ ਸਿੰਘ ਸਰਕਾਰੀ ਬੰਦਾ ਹੈ, ਪਰ 2012 ਵਿੱਚ ਤੁਸੀਂ ਭੁੱਲ ਬੈਠੇ ਤੇ ਉਸੇ ਸਰਕਾਰੀ ਬੰਦੇ ਨੂੰ ਤੁਸੀਂ ਸਿੱਖ ਸੰਸਥਾ ਦਾ ਮੁਖੀ ਬਣਾਉਣ ਦੀ ਸਲਾਹ ਕਿਹੜੇ ਨਜ਼ਰੀਏ ਨਾਲ ਦਿੱਤੀ ?
ਜਦ ਪੰਡਿਤ ਜੀ ਨੂੰ ਇਸ ਦਾ ਕੋਈ ਢੁਕਵਾਂ ਜਵਾਬ ਨਾ ਸੁਝਿਆ ਤਾਂ ਪੰਡਿਤ ਜੀ ਇਸ ਦਾ ਸਵਾਲ ਲੱਭਣ ਲਈ ਦੁਆਪਰ ਜੁੱਗ ਵਿੱਚ ਜਾ ਪਹੁੰਚਿਆ ਜਿੱਥੇ ਉਹ ਸਮਝ ਬੈਠਾ ਕਿ ਪੰਡਿਤ ਤੋਂ ਬਿਨਾਂ ਹੋਰ ਤਾਂ ਕੋਈ ਪੜ੍ਹਿਆ ਹੀ ਨਹੀਂ ਹੈ, ਇਸ ਲਈ ਜਿਹੜੀ ਮਰਜੀ ਜੱਭਲੀ ਸੁਣਾ ਦਿਓ ਇਨ੍ਹਾਂ ਅਣਪੜ੍ਹ ਸਿੱਖਾਂ ਨੇ ਸੱਚ ਹੀ ਮੰਨ ਲੈਣਾ ਹੈ ਇਸ ਲਈ ਜੱਭਲੀ ਮਾਰ ਬੈਠਾ ਕੇ ਗੁਰੂਆਂ ਨੇ ਵੀ ਆਪਣੇ ਜੀਵਨ ਕਾਲ ਵਿੱਚ ਗਲਤੀਆਂ ਕੀਤੀਆਂ ਸਨ ! ਇਹ ਜੱਭਲੀ ਮਾਰੀ ਤਾਂ ਇਸ ਨੇ ਇਹ ਬਹਾਨਾ ਬਣਾਉਣ ਲਈ ਸੀ ਕਿ ਕੀ ਹੋਇਆ ਜੇ ਮੈਂ ਧੂੰਦੇ ਤੇ ਪ੍ਰੋ: ਦਰਸ਼ਨ ਸਿੰਘ ਸਬੰਧੀ ਫੈਸਲਾ ਕਰਨ ਸਮੇਂ ਗਲਤੀ ਕਰ ਬੈਠਾ; ਅਜੇਹੀਆਂ ਗਲਤੀਆਂ ਤਾਂ ਗੁਰੂਆਂ ਤੋਂ ਵੀ ਹੋਈਆਂ ਹਨ।
ਪੰਡਿਤ ਦੀ ਜੋਤਿਸ਼ ਵਿਦਿਆ ਇੱਥੇ ਵੀ ਪੂਰੀ ਤਰ੍ਹਾਂ ਫ਼ੇਲ੍ਹ ਹੋ ਗਈ ਕਿ ਹੁਣ ਦੁਆਪਰ ਜੁੱਗ ਨਹੀਂ ਬਲਕਿ ਕਲਜੁੱਗ ਦੀ 21ਵੀਂ ਸਦੀ ਚੱਲ ਰਹੀ ਹੈ ਜਿਸ ਵਿੱਚ ਸਿੱਖ ਭਾਵੇਂ ਕਿਤਨੇ ਵੀ ਢਿੱਲੜ ਕਿਉਂ ਨਾ ਹੋ ਗਏ ਹੋਣ ਪਰ ਫਿਰ ਵੀ ਬਹੁਤਿਆਂ ਦਾ ਹਾਲ ਇਹ ਹੈ ਕਿ ਉਹ ਆਪਣੇ ਗੁਰੂ ਵਿਰੱਧ ਕੁਝ ਵੀ ਸੁਣਨ ਲਈ ਤਿਆਰ ਨਹੀਂ ਹਨ। ਇਸ ਲਈ ਹੋਇਆ ਉਹੀ ਜੋ ਹੋਣਾ ਸੀ; ਜਿਹੜੇ ਚੁੱਪ ਹਨ ਉਨ੍ਹਾਂ ਦੀ ਵੀ ਕੋਈ ਆਪਣੀ ਮਜਬੂਰੀ ਹੋਵੇਗੀ।
ਇਹ ਹਵਾਲੇ ਲਿਖਣ ਦਾ ਮੇਰਾ ਭਾਵ ਇਹ ਬਿਲਕੁਲ ਨਹੀਂ ਹੈ ਕਿ ਜਿਹੜੇ ਪੰਡਿਤ ਹਰਨੇਕ ਸਿੰਘ ਦੀ ਨਿੰਦਾ ਨਹੀਂ ਕਰਦੇ ਉਹ ਗੁਰੂ ਦੇ ਸਿੱਖ ਨਹੀਂ ਹੋ ਸਕਦੇ। ਥੋੜ੍ਹਿਆਂ ਨੂੰ ਛੱਡ ਕੇ ਬਹੁਤਿਆ ਦਾ ਹਾਲ ਇਹੀ ਹੈ ਕਿ ਕਈਆਂ ਨੇ ਬੀਤੇ ਸਮੇਂ ਉਸ ਵਕਤ ਇਸ ਦੀਆਂ ਜੱਭਲੀਆਂ ਨੂੰ ਅਣਗੌਲ਼ਿਆ ਕੀਤਾ ਜਦੋਂ ਉਨ੍ਹਾਂ ਨੂੰ ਇਹ ਸਲਾਹੁੰਦਾ ਜਾ ਰਿਹਾ ਸੀ; ਕਈ ਹੁਣ ਆਪਣੇ ਪ੍ਰਸ਼ੰਸਕ ਵਿਰੁੱਧ ਬੋਲਣ ਤੋਂ ਟਾਲ਼ਾ ਵੱਟਣ ਵਿੱਚ ਹੀ ਭਲਾਈ ਸਮਝ ਕੇ ਬੈਠੇ ਹਨ ਅਤੇ ਕਈ ਕਬੂਤਰ ਵਾਙ ਅੱਖਾਂ ਮੀਚਣ ਵਿੱਚ ਭਲਾਈ ਸਮਝੀ ਬੈਠ ਹਨ। ਇਸ ਤਰ੍ਹਾਂ ਬੰਦ ਜ਼ਬਾਨ ਨੂੰ ਵੀ ਦੋਸ਼ੀ ਕਹਿਣਾ ਗ਼ਲਤ ਨਹੀਂ ਹੋਵੇਗਾ । ਮੇਰਾ ਭਾਵ ਕੇਵਲ ਇਹ ਹੈ ਕਿ ਭੂਤਕਾਲ ਅਤੇ ਵਰਤਮਾਨ ਦੀਆਂ ਇੱਕ ਦੂਜੇ ਦੀਆਂ ਗਲਤੀਆਂ ਨੂੰ ਤੂਲ ਦੇਣ ਦੀ ਥਾਂ ਆਰਐੱਸਐੱਸ ਅਤੇ ਪੰਡਿਤ ਹਰਨੇਕ ਸਿੰਘ ਵਰਗੇ ਕਾਮਰੇਡਾਂ ਦੀ ਅਸਲ ਨੀਤੀ ਨੂੰ ਪਛਾਣ ਕੇ ਉਸ ਨੂੰ ਪਛਾੜਿਆ ਜਾਵੇ। ਦੋਵਾਂ ਵਰਗਾਂ ਦੀ ਨੀਤੀ ਇੱਕੋ ਹੈ ਕਿ ਸਿੱਖਾਂ ਦੇ ਇਤਿਹਾਸ ਅਤੇ ਗੁਰੂ ਸਾਹਿਬਾਨ ਪ੍ਰਤੀ ਸ਼ੰਕੇ ਖੜ੍ਹੇ ਕਰ ਕੇ ਸਿੱਖਾਂ ਨੂੰ ਆਪਸ ਵਿੱਚ ਲੜਾਇਆ ਜਾਵੇ। ਸੂਝਵਾਨ ਸਿੱਖ ਉਹ ਹੀ ਅਖਵਾ ਸਕਦੇ ਹਨ ਜਿਹੜੇ ਇਨ੍ਹਾਂ ਦੋਵਾਂ ਵਰਗਾਂ ਨੂੰ ਪਛਾਣ ਕੇ ਆਪਸੀ ਏਕਤਾ ਦਾ ਸਬੂਤ ਦੇਣ ।
ਅੱਜ ਪੰਡਿਤ ਹਰਨੇਕ ਸਿੰਘ ਇਹੀ ਚਾਹੁੰਦਾ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਭਾਈ ਪੰਥਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ ਧੂੰਦਾ ਤੇ ਮਿਸ਼ਨਰੀ ਵਰਗ ਦੇ ਹੋਰ ਪ੍ਰਚਾਰਕਾਂ ਵਿੱਚ ਦੂਰੀਆਂ ਵਧਣ ਜਿਸ ਕਾਰਨ ਇੱਕ ਧਿਰ ਦੀ ਸਿਫਤ ਅਤੇ ਦੂਸਰੀ ਦੀ ਨਿੰਦਾ ਕਰਨ ਨਾਲ ਉਹ ਹਮੇਸ਼ਾਂ ਸਿੱਖਾਂ ਦਾ ਧਿਆਨ ਆਪਣੇ ਵੱਲ ਖਿਚਦਾ ਰਹੇ ਤਾਂ ਜੋ ਆਪਣੇ ਆਪ ਨੂੰ ਸਭ ਤੋਂ ਸਿਆਣਾ ਤੇ ਦੂਰਦਰਸ਼ੀ ਹੋਣ ਦਾ ਢੌਂਗ ਰਚਦਾ ਰਹੇ, ਪਰ “ਸਤਿਗੁਰੁ ਸਰਾਫੁ ਨਦਰੀ ਵਿਚਦੋ ਕਢੈ; ਤਾਂ ਉਘੜਿ ਆਇਆ ਲੋਹਾ ॥” (ਮ: ੫/੯੬੦) ਭਾਵ ਗੁਰੂ ਸੰਗਤ ਦੁਆਰਾ ਪਰਖ ਉਪਰੰਤ ਅੰਦਰੋਂ ਜੰਗਾਲੀ ਲੋਹਾ ਨਜ਼ਰੀ ਆਇਆ ਤਾਂ ਹੁਣ ਬਹਾਨੇ ਘੜਨ ਲਈ ਮਾਰੀ ਬੇਵਕੂਫ਼ੀ ਵਾਲੀ ਵੱਡੀ ਜੱਭਲੀ ਨੇ ਉਸ ਦਾ ਸੌਧੇ ਸਾਧ ਵਾਙ ਪੂਰਾ ਸੱਚ ਸਭ ਦੇ ਸਾਹਮਣੇ ਲਿਆ ਦਿੱਤਾ ਹੈ ਇਸ ਲਈ ਹੁਣ ਉਸ ਵਿਰੁੱਧ ਕੁਝ ਬੋਲਣਾ ਜਾਂ ਚੁੱਪ ਰਹਿਣਾ ਕੋਈ ਮਸਲਾ ਨਹੀਂ ਰਿਹਾ ਬਲਕਿ ਸਮੁੱਚੀਆਂ ਧਿਰਾਂ ਵੱਲੋਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਮੌਰ ਮੰਨ ਕੇ ਆਪਸੀ ਏਕਤਾ ਦੇ ਸੂਤਰ ਵਿੱਚ ਪ੍ਰੋਏ ਜਾਣ ਲਈ ਆਪਣੇ ਆਪ ਨੂੰ ਪੇਸ਼ ਕਰਨ ਤਾਂ ਕਿ ਭਵਿੱਖ ਕਾਲ ਲਈ ਨੀਤੀ ਤੇ ਕੌਮੀ ਟੀਚੇ ਮਿਥ ਕੇ ਅੱਗੇ ਵਧਣਾ ਜਾਰੀ ਰੱਖਿਆ ਜਾਵੇ। ਪੰਥ ਦਰਦੀ ਸਮੁੱਚੇ ਪ੍ਰਚਾਰਕਾਂ, ਬੁਧੀਜੀਵੀਆਂ ਤੇ ਪਾਠਕਾਂ/ ਸਰੋਤਿਆਂ ਦਾ ਇੱਕੋ ਟੀਚਾ ਤੇ ਯਤਨ ਹੋਣਾ ਚਾਹੀਦਾ ਹੈ ਕਿ ਸਿਧਾਂਤ ਆਧਾਰਿਤ ਏਕਤਾ ਕਰਨੀ ਸਮੇਂ ਦੀ ਮੁੱਖ ਲੋੜ ਹੈ ਜਿਹੜੀ ਹਰ ਹਾਲਤ ਪੂਰੀ ਕੀਤੀ ਜਾਵੇ। ਹਰਨੇਕ ਸਿੰਘ ਦੇ ਸਮਰਥਕ ਅਤੇ ਵਿਰੋਧੀਆਂ ਨੂੰ ਗੁਰੂ ਸਤਿਕਾਰ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਆਪਣੇ ਵੀਚਾਰ ਪ੍ਰਗਟ ਕਰਨ ਦਾ ਸੁਨਹਿਰਾ ਮੌਕਾ ਹੈ। ਉਨ੍ਹਾਂ ਵੱਲੋਂ ਆਪਣਾਈ ਨੀਤੀ ਹੀ ਪੰਥ ਵਿੱਚ ਏਕਤਾ ਜਾਂ ਪਾਟੋਧਾੜ ਵਿਚੋਂ ਇੱਕ ਰਾਹ ਚੁਣਨ ਦਾ ਰਾਹ ਪੱਧਰਾ ਕਰੇਗੀ। ਜਿਹੜਾ ਹਾਲੀ ਵੀ ਏਕਤਾ ਲਈ ਤਿਆਰ ਹੋਣ ਵਿੱਚ ਕੁਝ ਔਖ ਮਹਿਸੂਸ ਕਰਦਾ ਹੈ ਤਾਂ ਸਮਝੋ ਉਹ “ਮਾਨ ਅਭਿਮਾਨ ਮੰਧੇ, ਸੋ ਸੇਵਕੁ ਨਾਹੀ ॥” ਵਚਨਾਂ ਦਾ ਭਾਵਾਰਥ ਨਹੀਂ ਸਮਝਦਾ।