ਭਾਈ ਰਣਜੀਤ ਸਿੰਘ ਦੁਆਰਾ ਰੱਖੇ ਤੇ ਰੱਦ ਕੀਤੇ ਜਾ ਰਹੇ ਪ੍ਰੋਗਰਾਮਾਂ ਦਾ ਇਹ ਵੀ ਪੱਖ ਵਿਚਾਰਨਯੋਗ
(1). ਪਿਛਲੇ ਸਾਲ 14 ਨਵੰਬਰ ਨੂੰ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਸ੍ਰੀ ਅੰਮ੍ਰਿਤਸਰ ਵਿਚ ਆਪਣਾ ਪ੍ਰੋਗਰਾਮ ਰੱਖਿਆ ਸੀ। ਟਕਸਾਲ ਅਤੇ ਹੋਰ ਜਥੇਬੰਦੀਆਂ ਵਲੋਂ ਇਸ ਪ੍ਰੋਗਰਾਮ ਦਾ ਵਿਰੋਧ ਹੋਇਆ। ਦੋਵੇਂ ਪਾਸਿਓਂ ਬਿਆਨਬਾਜੀ ਵੀ ਪੂਰੀ ਹੋਈ। ਪਰ 11 ਨਵੰਬਰ ਦੀਆਂ ਅਖਬਾਰਾਂ ਵਿਚ ਖਬਰ ਆ ਗਈ ਕਿ ਢੱਡਰੀਆਂਵਾਲੇ ਨੇ ਪ੍ਰੋਗਰਾਮ ਕੈਂਸਲ ਕਰ ਦਿਤਾ ਹੈ। ਜਿਹੜਾ ਬਿਆਨ ਅੱਜ ਵੀ ਯਾਦ ਕਰਕੇ ਮੇਰਾ ਹਾਸਾ ਨਿਕਲ ਜਾਂਦਾ ਉਹ ਸਿਖੀ ਭੇਖ ਵਿਚ ਵਿਚਰ ਰਹੇ ਸੱਭ ਤੋਂ ਵੱਡੇ ਤੇ ਨਿਹਾਇਤ ਘਟੀਆ ਚਾਪਲੂਸ ਵਲੋਂ ਢੱਡਰੀਆਂਵਾਲੇ ਦੇ ਹੱਕ ਵਿਚ ਦਿਤਾ ਗਿਆ ਸੀ, ਅਖੇ “ਕੁੱਤਾ ਪਾਲ ਲਿਓ, ਬਿੱਲੀ ਪਾਲ ਲਿਓ, ਪਰ ਇਹ ਭਰਮ ਨਾ ਪਾਲ ਲਿਓ ਕਿ ਅੰਮ੍ਰਿਤਸਰ ਵਾਲਾ ਪ੍ਰੋਗਰਾਮ ਕੈਂਸਲ ਹੋ ਜਊ”!
(2). ਢੱਡਰੀਆਂਵਾਲੇ ਨੇ ਨਾ ਸਿਰਫ ਅੰਮ੍ਰਿਤਸਰ ਵਾਲਾ ਪ੍ਰੋਗਰਾਮ ਕੈਂਸਲ ਕਰ ਦਿਤਾ ਬਲਕਿ ਕੁੱਤਾ ਵੀ ਪਾਲ ਲਿਆ! ਬਿੱਲੀ ਦੀ ਅਜੇ ਕੋਈ ਖਬਰ ਨਹੀਂ।
(3). ਉਸ ਵੇਲੇ ਵੀ ਮੇਰਾ ਅਤੇ ਨਾਲ ਵਾਲੇ ਸੱਜਣਾਂ ਮਿੱਤਰਾਂ ਦਾ ਇਹੀ ਵਿਚਾਰ ਸੀ ਕਿ ਧਮਕੀਆਂ ਦੇਣ ਵਾਲੇ ਗਲਤ ਨੇ ਅਤੇ ਗੁਰੂ ਪਾਤਿਸਾਹ ਨੇ ਸਿਖ ਨੂੰ ਵਿਰੋਧੀ ਵਿਚਾਰ ਸੁਣਨ ਦਾ ਹੀਆ ਪਾਲਣ ਦੀ ਹਿਦਾਇਤ ਦਿਤੀ ਹੈ ਨਾ ਕਿ ਵਿਰੋਧੀ ਦਾ ਮੂੰਹ ਧੱਕੇ ਨਾਲ ਬੰਦ ਕਰਨ ਦੀ। ਹਾਂ ਉਸ ਦੀਆਂ ਹੱਦ-ਬੰਦੀਆਂ ਜਰੂਰ ਹਨ – ਜੇਕਰ ਆਮ ਭਾਖਾ ਵਿਚ ਇਹਨਾਂ ਹੱਦ-ਬੰਦੀਆਂ ਦੀ ਨਿਸਾਨਦੇਹੀ ਕਰਨੀ ਹੋਵੇ ਤਾਂ ਅੰਗ੍ਰੇਜੀ ਦੇ ਮੁਹਾਵਰੇ ਦਾ ਤਰਜਮਾ ਕਰਕੇ ਇਕ ਵਾਕ ਵਿਚ ਇਵੇਂ ਕੀਤੀ ਜਾ ਸਕਦੀ ਹੈ ਕਿ “ਤੇਰੀ ਅਜਾਦੀ ਉਥੇ ਖਤਮ ਹੋ ਜਾਂਦੀ ਹੈ ਜਿਥੇ ਮੇਰੀ ਨੱਕ ਸੁਰੂ ਹੁੰਦੀ ਹੈ।”
(ਇਸ ਦੇ ਨਾਲ ਹੀ ਇਹ ਗੱਲ ਵੀ ਅਸੀਂ ਜਰੂਰ ਸਮਝ ਲਈਏ ਕਿ ਜਦੋਂ ਲਿੱਬੜੀ ਮੱਝ ਗੁਰੂ ਤੇ ਛਿਟੇ ਪਾਵੇ ਤਾਂ ਸਾਡਾ ਇਹ ਫਰਜ ਜਰੂਰ ਬਣਦਾ ਹੈ ਕਿ ਅਸੀਂ ਇਹ ਸਮਝੀਏ ਕਿ ਲਿੱਬੜੀ ਮੱਝ ਸਿਖਾਂ ਦੇ ਵਿੱਚ ਵੜ੍ਹ ਕਿਵੇਂ ਗਈ। ਉਹਨੂੰ ਸੰਗਤ ਵਿਚੋਂ ਬਾਹਰ ਕਰਨਾ ਸਿਰਫ ਅੱਧਾ ਹੱਲ ਹੈ। ਦੂਜਾ ਅੱਧ ਅਗਾਂਹ ਤੋਂ ਅਜਿਹੀ ਕੋਈ ਹੋਰ ਲਿੱਬੜੀ ਮੱਝ ਸੰਗਤ ਵਿਚ ਨਾ ਵੜ੍ਹ ਸਕੇ ਉਸਦਾ ਤਰੀਕਾ-ਕਾਰ ਲੱਭ ਕੇ ਲਾਗੂ ਕਰਨਾ ਹੈ।)
(4). ਪਰ ਕੱਲ੍ਹ ਜਦੋਂ ਖਬਰ ਸੁਣੀ ਕੇ ਢੱਡਰੀਆਂਵਾਲੇ ਨੇ ਚੋਹਲਾ ਸਾਹਿਬ ਵਾਲਾ ਪ੍ਰੋਗਰਾਮ ਬੁੱਕ ਕਰਕੇ ਮੌਕੇ ਤੇ ਫੇਰ ਰੱਦ ਕਰ ਦਿਤਾ ਹੈ ਤਾਂ ਇਸ ਵਾਰ ਮਨ ਵਿਚ ਇਹ ਖਿਆਲ ਆਇਆ ਕਿ ਕਹਾਣੀ ਕੁੱਝ ਹੋਰ ਹੈ। ਇਸ ਨੂੰ ਹੋਰ ਵਿਚਾਰਿਆ ਜਾਵੇ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਾਰ ਵੀ ਦੋਵੇਂ ਪਾਸੇ ਖਿਡਾਰੀ ਉਹੀ ਸਨ ਅਤੇ ਨਤੀਜਾ ਵੀ ਉਹੀ ਨਿਕਲਿਆ – ਜਿਸ ਬਾਰੇ ਇਕ ਵੀਰ ਨੇ ਕਮੈਂਟ ਕੀਤਾ ਸੀ ਕਿ “ਮੈਚ ਫਿਕਸ ਕਰ ਕੇ ਖੇਡਿਆ ਜਾ ਰਿਹਾ।”
(5). ਮੇਰੇ ਮਨ ਵਿਚ ਇਹ ਵਿਚਾਰ ਆਈ ਸੀ ਕਿ ਦੂਜੀ ਵਾਰ ਰੱਦ ਕਰਨ ਤੇ ਉਹ ਸਾਰੀਆਂ ਦਲੀਲਾਂ ਦਿਤੀਆਂ ਜਾਣਗੀਆਂ ਜਿਹੜੀਆਂ ਤੀਜੀ ਵਾਰ ਪ੍ਰੋਗਰਾਮ ਕਰਨ ਦੇ ਹੱਕ ਵਿਚ ਵਰਤੀਆਂ ਜਾਣਗੀਆਂ। ਇਹਨਾਂ ਵਿਚ ਇਕ ਦਲੀਲ ਮੇਰੀ ਇਹ ਸੀ ਕਿ “ਪ੍ਰੋ ਸਰਬਜੀਤ ਸਿੰਘ ਧੂੰਦਾ ਅਤੇ ਭਾਈ ਪੰਥਪ੍ਰੀਤ ਸਿੰਘ ਦਾ ਵਿਰੋਧ ਕਰਨ ਵਾਲੇ ਵੀ ਇਹੀ ਸੱਜਣ ਸਨ, ਪਰ ਉਹਨਾਂ ਕੋਈ ਪ੍ਰੋਗਰਾਮ ਰੱਦ ਨਹੀਂ ਕੀਤਾ। ਇਸਦਾ ਸਿਟਾ ਇਹ ਨਿਕਲਿਆ ਕਿ ਇਲਾਕੇ ਦੀ ਸੰਗਤ ਇਹਨਾਂ ਨਿਰੋਲ ਗੁਰਮਤਿ ਦੇ ਪ੍ਰਚਾਰਕਾਂ ਨਾਲ ਖੜ੍ਹ ਗਈ ਅਤੇ ਵਿਰੋਧੀਆਂ ਨੂੰ ਆਪਣੀ ਕਮਜੋਰ ਹਾਲਤ ਦਾ ਅਹਿਸਾਸ ਹੋ ਗਿਆ ਤੇ ਆਮ ਲੋਕਾਂ ਨੂੰ ਵੀ ਪਤਾ ਲੱਗ ਗਿਆ ਕੇ ਇਹ ਬੜ੍ਹਕਾ ਹੀ ਮਾਰਦੇ ਨੇ। ਇਸਦਾ ਨਤੀਜਾ ਇਹ ਨਿਕਲਿਆ ਕਿ ਵਿਰੋਧ ਹੁਣ ਬਿਲਕੁਲ ਖਤਮ ਹੀ ਹੋ ਗਿਆ ਸੀ। ਪਰ ਢੱਡਰੀਆਂਵਾਲੇ ਨੇ ਦੂਜੀ ਵਾਰ ਪ੍ਰੋਗਰਾਮ ਕੈਂਸਲ ਕਰਕੇ ਇਹਨਾਂ ਵਿਰੋਧੀਆਂ ਵਿਚ ਮੁੜ੍ਹ ਜਾਨ ਪਾ ਦਿਤੀ ਹੈ।”
(6). ਕਿਤੇ ਪਹਿਲਾਂ ਪ੍ਰੋਗਰਾਮ ਰੱਖ ਕੇ ਮੌਕੇ ਤੇ ਵਿਰੋਧ ਕਾਰਣ ਕੈਂਸਲ ਕਰਨ ਦੀ ਪਿਰਤ ਤਾਂ ਨਹੀਂ ਪਾਈ ਜਾ ਰਹੀ? ਇਹ ਸੱਕ ਪੱਕਾ ਉਦੋਂ ਹੋਣ ਲੱਗਦਾ ਹੈ ਜਦੋਂ ਚੋਹਲਾ ਸਾਹਿਬ ਦੀ ਸੰਗਤ ਵਿਚੋਂ ਇਹ ਖਬਰ ਆਉਂਦੀ ਹੈ ਕਿ ਪ੍ਰੋਗਰਾਮ ਕਰਵਾਉਣ ਲਈ ਉਹਨਾਂ ਨੂੰ ਇਕੋ ਸਰੋਤ ਤੋਂ 15 ਲੱਖ ਰੁਪਏ ਮਿਲੇ ਸਨ। ਬਈ ਉਹ ਕਿਹੜੀ ਐਸੀ ਧਿਰ ਹੈ ਜਿਹੜੀ 15 ਲੱਖ ਖਰਾਬ ਇਸ ਲਈ ਕਰਦੀ ਹੈ ਕਿ ਖੌਰੂ ਪਾ ਕੇ ਪ੍ਰੋਗਰਾਮ ਰੱਦ ਕਰ ਦਿਤਾ ਜਾਵੇ ? ਉਹ ਧਿਰ ਇਸ ਸਾਰੇ ‘ਚੋਂ ਕੀ ਖੱਟਣਾ ਚਾਹੁੰਦੀ ਹੈ? ਆਉਣ ਵਾਲੇ ਦਿਨਾਂ ਵਿਚ ਇਹਨਾਂ ਗੱਲਾਂ ਦੇ ਜਵਾਬ ਮਿਲਣ ਦੀ ਪੂਰੀ ਉਮੀਦ ਹੈ।
(7). ਜਿਸ ਅਣਹੋਣੀ ਘਟਨਾ ਦੇ ਵਾਪਰਨ ਦੀ ਸੰਭਾਵਨਾ ਹੈ ਉਹ ਇਹ ਹੈ ਕਿ ਤੀਜਾ ਪ੍ਰੋਗਰਾਮ ਰੱਖ ਕੇ ਹੁਣ ਕੈਂਸਲ ਨਹੀਂ ਕੀਤਾ ਜਾਣਾ ਅਤੇ “2019 ਦੀਆਂ ਚੋਣਾਂ” (ਜਿਹੜੀਆਂ ਇਸੇ ਸਾਲ ਸਿਤੰਬਰ ਤੋਂ ਬਾਦ ਕਦੇ ਵੀ ਹੋਣ ਦੀਆਂ ਗੱਲਾਂ ਹੋ ਰਹੀਆਂ ਹਨ) ਲਈ ਸਿਖਾਂ ਦੀਆਂ ਦੋ ਧਿਰਾਂ ਲੜਾ ਕੇ “ਲੋੜੀਂਦਾ ਖੂਨ-ਖਰਾਬਾ” ਕਰਵਾ ਕੇ ਪੰਜਾਬ ਅਤੇ ਹੋਰਨਾਂ ਥਾਵਾਂ ਤੇ ਚੋਣਾਂ ਜਿੱਤਣ ਲਈ ਬਹਾਨਾ ਘੜਿਆ ਜਾਣਾ ਹੈ।
(8). ਇਸ ਸਾਰੀਆਂ ਸੰਭਾਵਨਾਵਾਂ ਦੇ ਮੱਦੇ ਨਜਰ “ਨਜਰੀਏ ਵਾਲੇ ਬਾਬੇ” ਨੂੰ ਬੇਨਤੀ ਹੈ ਕਿ ਛੋਟੇ ਵੀਰ ਦੋ ਵਾਰੀ ਰੱਦ ਕਰਨ ਤੋਂ ਬਾਦ ਜੇ ਕਰ ਤੀਜੇ ਪ੍ਰੋਗਰਾਮ ਵਿਚ ਖੂਨ-ਖਰਾਬਾ ਹੁੰਦਾ ਹੈ ਤਾਂ ਉਸਦਾ ਸਾਰਾ ਦੋਸ ਤੇਰੇ ਤੇ ਹੀ ਆਉਣਾ ਹੈ।
(9). ਤੇ ਜੇਕਰ ਤੀਜਾ ਪ੍ਰੋਗਰਾਮ ਵੀ ਰੱਦ ਹੁੰਦਾ ਹੈ ਤਾਂ ਉਸ ਦਾ ਸਿਧਾ ਮਤਲਬ ਇਹ ਨਿਕਲਣਾ ਹੈ ਕਿ ਪ੍ਰਬੰਧਕਾਂ ਅਤੇ ਸਥਾਨਕ ਸੰਗਤ ਦਾ ਹੌਸਲਾ ਪਸਤ ਕੀਤਾ ਜਾ ਰਿਹਾ ਅਤੇ ਵਿਰੋਧ ਕਰਨ ਵਾਲਿਆਂ ਦੇ ਹੌਸਲੇ ਵਧਾਏ ਜਾ ਰਹੇ ਨੇ।
ਮਿਸਾਲ : ਭਾਈ ਸਰਬਜੀਤ ਸਿੰਘ ਜੀ ਧੂੰਦਾ 2012 ਵਿਚ ਪਹਿਲੀ ਵਾਰ ਅਮਰੀਕਾ ਆਏ ਸਨ । ਸੰਪਰਦਾਈ ਧੂੁਤਿਆ ਦਾ ਆਪਣੇ ਆਪ ਨੁ ਜਥੇਦਾਰ ਅਖਵਾਉਣ ਵਾਲਾ ਗੁਰਪ੍ਰੀਤ ਸਿੰਘ ਕੈਲੇਫੋਰਨੀਆ ਸਟੇਜ ਉਪਰ ਜਾ ਚੜਿਆ ਸੀ ਤੇ ਕਹਿੰਦਾ ਸੀ ਪਹਿਲਾ ਮੇਰੇ ਨਾਲ ਵਿਚਾਰ ਕਰੋ ਨਹੀ ਤਾਂ ਗੁਰਮਤਿ ਸਮਾਗਮ ਨਹੀ ਹੋਣ ਦਿਆਂਗਾ । ਸੰਗਤ ਨੇ ਵਥੇਰੇ ਮਿੰਨਤਾ ਤਰਲੇ ਬੇਨਤੀਆ ਕੀਤੀਆ , ਪਰ ਇਹ ਮੰਨ ਹੀ ਨਹੀ ਰਿਹਾ ਸੀ । ਜਦ ਦਸ ਪੰਦਰਾਂ ਮਿੰਟ ਇੰਝ ਹੀ ਚਲਦਾ ਰਿਹਾ ਤਾ ਆਖਰ ਸੰਗਤ ਅਕ ਗਈ ਤੇ ਫਿਰ ਪੈ ਨਿਕਲੀ ਇਨ੍ਹਾਂ ਡੇਰੇਦਾਰੀ ਗੁੰਡਿਆ ਨੁ । ਉਹ ਦਿਨ ਜਾਵੇ ਅਜਤਕ ਇਸ ਬੰਦੇ ਦੀ ਹਿੰਮਤ ਨਹੀ ਪਈ ਕਿਸੇ ਪ੍ਰਚਾਰਕ ਦਾ ਵਿਰੋਧ ਕਰਣ ਲਈ ਸਟੇਜ ਤੇ ਕਾਬਜ ਹੋਣ ਦੀ । ਜੇਕਰ ਉਸ ਦਿਨ ਭਾਈ ਸਰਬਜੀਤ ਸਿੰਘ ਧੂੰਦਾ ਵੀ ਇਨ੍ਹਾਂ ਦੀ ਬਦਮਾਸ਼ੀ ਅੱਗੇ ਗੋਡੇ ਟੇਕ ਦਿੰਦੇ ਤਾਂ ਸ਼ਾਇਦ ਅਜ ਅਮਰੀਕਾ ਵਿਚ ਤਤ ਗੁਰਮਤਿ ਦੇ ਪ੍ਰਚਾਰਕਾ ਦੇ ਪ੍ਰਚਾਰ ਫੇਰੇ ਨਾ ਲਗਦੇ ।
ਵਾਹਿਗੁਰੂ ਹਰ ਸਿਖ ਨੂੰ ਵਿਰੋਧੀਆਂ ਦੀਆਂ ਚਾਲਾਂ ਸਮਝਣ ਦੀ ਮਤ ਬਖਸੇ ਜਿਸ ਨਾਲ ਸਾਡੇ ਵਿਚੋਂ ਕੋਈ ਵੀ ਵੈਰੀ ਦਾ ਹੱਥ-ਠੋਕਾ ਨਾ ਬਣੇ।
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਿਹ ॥