ਗੁਰਬਾਣੀ ਵਿਚ ‘ਹ’ ਅੱਖਰ ਦੀ ਵਰਤੋਂ ਤੇ ਉਚਾਰਣ ਸੇਧ
ਪ੍ਰੀਤਮ ਸਿੰਘ, ਕਰਨਾਲ, ਮੋਬਾਈਲ: ੯੪੧੬੪੦੫੧੭੩
ਦਿਸੰਬਰ ਮਹੀਨੇ ਦੀ ‘‘ਮਿਸ਼ਨਰੀ ਸੇਧਾਂ” ਮੈਗਾਜ਼ੀਨ ਵਿਚ ਗੁਰਬਾਣੀ ਵਿਚ ‘ਹ’ ਦੇ ਉਚਾਰਣ ਬਾਰੇ ਕੁਝ ਵਿਚਾਰ ਕੀਤੀ ਗਈ ਸੀ। ਅੱਜ ਇਸੇ ਹੀ ਵਿਸ਼ੇ ਕੁਝ ਹੋਰ ਵਿਚਾਰ ਕਰਾਂਗੇ। ਕਿਉਂਕਿ ਗੁਰਬਾਣੀ ਉਚਾਰਣ ਕਰਨ ਲਗਿਆਂ ਜ਼ਿਆਦਾ ਗਲਤੀਆਂ ਉਸ ਵੇਲੇ ਹੀ ਹੁੰਦੀਆਂ ਹਨ ਜਦੋਂ ਕਿਸੇ ਸ਼ਬਦ ਦੇ ਆਖੀਰ ਵਿਚ ਆਏ ‘ਹ’ ਨਾਲ ਸਿਹਾਰੀ (‘’ਿ) ਜਾਂ ਅੰਕੁੜ ( ੁ) ਲਗਾ ਹੁੰਦਾ ਹੈ। ਅੰਕੁੜ ਲਗੇ ‘ਹ’ ਬਾਰੇ ਇਕ ਵਿਚਾਰ ਤਾਂ ਇਹ ਸੀ ਕਿ ਜਦੋਂ ਕੋਈ ਸੰਗਿਆ (ਨਾਂ) ਇਕ ਵਚਨ ਪੁਲਿੰਗ ਹੋਵੇ ਤਾਂ ਸ਼ਬਦ ਦੇ ਅਖੀਰ ਦੇ ਅੱਖਰ ਨਾਲ ਅੰਕੁੜ ਲਗਦਾ ਹੈ ਭਾਵੇਂ ‘ਹ’ ਹੋਵੇ ਜਾਂ ਹੋਰ ਕੋਈ ਅੱਖਰ ਹੋਵੇ। ਉਸ ਦਾ ਉਚਾਰਣ ਨਹੀਂ ਕੀਤਾ ਜਾਂਦਾ। ਉਹ ਇਕ ਇਸ਼ਾਰਾ ਹੈ ਕਿ ਇਹ ਸ਼ਬਦ ਇਕ ਵਚਨ ਪੁਲਿੰਗ ਹੈ। ਜਿਵੇਂ ਮਨੁ, ਤਨੁ, ਪ੍ਰਭੁ, ਰਾਹੁ, ਅਸਗਾਹੁ, ਵੇਪਰਵਾਹੁ, ਨੇਹੁ, ਅਸਨੇਹੁ, ਆਦਿ। ਕਈ ਜਗ੍ਹਾ ਸ਼ਬਦ ਦੇ ਅਖੀਰ ਦੇ ਅੱਖਰ ਤੇ ਲਗਿਆ ਅੰਕੁੜ ਹੁਕਮੀ, ਬੇਨਤੀ, ਜਾਂ ਉਪਦੇਸ਼ ਵਾਚੀ ਕਿਰਿਆ ਕਰ ਕੇ ਵੀ ਲਗਦਾ ਹੈ। ਜਿਵੇਂ ‘‘ਭਜੁ”, ਜਿਸ ਦਾ ਅਰਥ ਹੈ ਪ੍ਰਭੂ ਨੂੰ ਭਜਣਾ ਕਰ ਜਾਂ ਪ੍ਰਭੂ ਨੂੰ ਆਰਾਧ। ਇਸੇ ਤਰ੍ਹਾਂ ‘ਹ’ ਤੇ ਵੀ ਗੁਰਬਾਣੀ ਵਿਚ ਕਈ ਥਾਂ ਤੇ ਹੁਕਮੀ ਕਿਰਿਆ (ਬੇਨਤੀ ਜਾਂ ਉਪਦੇਸ਼ ਵਾਚੀ ਕਿਰਿਆ) ਲਈ ਅੰਕੁੜ ਦੀ ਵਰਤੋਂ ਕੀਤੀ ਮਿਲਦੀ ਹੈ। ਉਦਾਹਰਣਾਂ ਹੇਠਾਂ ਦਿੱਤੀਆਂ ਗਈਆਂ ਹਨ। ਉਦਹਾਰਣਾਂ ਵਿਚ ਗੁਰਬਾਣੀ ਦੇ ਅਰਥਾਂ ਦਾ ਆਧਾਰ ‘‘ਗੁਰੂ ਗ੍ਰੰਥ ਸਾਹਿਬ ਦਰਪਣ” ਨੂੰ ਬਣਾਇਆ ਗਿਆ ਹੈ।
ਭਜੁ ਭਜੁ ਮਨ ਮੇਰੇ ਏਕੋ ਨਾਮ॥ (ਅੰਕ ੧੯੩) ਹੇ ਮੇਰੇ ਮਨ ਇਕ ਪਰਮਾਤਮਾ ਦਾ ਨਾਮ ਸਿਮਰਦਾ ਰਹੁ।
ਉਪਰਲੀ ਉਦਹਾਰਣ ਵਿਚ ਅੰਕੁੜ ਦਾ ਉਚਾਰਣ ਨਹੀਂ ਕੀਤਾ ਜਾਂਦਾ। ਇਸੇ ਤਰ੍ਹਾਂ ‘ਹ’ ਨਾਲ ਲਗੇ ਅੰਕੁੜ ਦਾ ਉਚਾਰਣ ਵੀ ਨਹੀਂ ਕੀਤਾ ਜਾਂਦਾ।
ਹੋਹੁ ਸਾਧੂ ਕੀ ਹੋਹੁ ਰੇਣੁਕਾ ਅਪਣਾ ਆਪੁ ਤਿਆਗਿ॥(ਅੰਕ ੪੫) (ਹੇ ਮੇਰੇ ਮਨ) ਗੁਰੂ ਦੇ ਚਰਨਾਂ ਦੀ ਧੂੜ ਬਣ, ਤੇ ਆਪਣਾ ਆਪਾ- ਭਾਵ ਛੱਡ ਦੇਹ।
ਇਸ ਦਾ ਉਚਾਰਣ ‘ਹੋਹੋ’ ਕਰਕੇ ਨਹੀਂ ਹੋਵੇਗਾ, ‘ਹੋਹ’ ਕਰਕੇ ਹੋਵੇਗਾ।
ਕਰੇਹੁ ਜੈਸੀ ਮਛੁਲੀ ਨੀਰ ਇਕੁ ਖਿਨੁ ਭੀ ਨਾ ਧੀਰੇ ਮਨ ਹੇ (ਮੇਰੇ) ਮਨ! ਤੂੰ (ਪਰਮਾਤਮਾ ਨਾਲ) ਇਹੇ ਜਿਹਾ ਪ੍ਰੇਮ ਬਣਾ ਐਸਾ ਨੇਹੁ ਕਰੇਹੁ॥(ਅੰਕ ੪੫੪) ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ (ਮੱਛੀ ਪਾਣੀ ਤੋਂ ਬਿਨਾ) ਇਕ ਖਿਨ ਭੀ ਨਹੀਂ ਜੀਊ ਸਕਦੀ।
ਧਰੇਹੁ ਕੂੜੁ ਠਗੀ ਗੁਝੀ ਨਾ ਰਹੈ ਕੂੜੁ ਮੁਲਮਾ ਪਲੇਟਿ ਧਰੇਹੁ॥ (ਅੰਕ ੩੦੩) ਕੂੜ (ਰੂਪ) ਮੁਲੰਮਾ (ਬੇਸ਼ੱਕ ਸੱਚ ਨਾਲ) ਲਪੇਟ ਕੇ ਰਖੋ, (ਫਿਰ ਭੀ) ਜੋ ਝੂਠ ਤੇ ਠੱਗੀ ਹੈ ਉਹ ਲੁਕੇ ਨਹੀਂ ਰਹਿ ਸਕਦੇ।
ਇਨ੍ਹਾਂ ਦਾ ਉਚਾਰਣ ਵੀ ਉੱਪਰ ਦੀ ਤਰ੍ਹਾਂ ‘ਕਰੇਹੋ’ ਤੇ ‘ਧਰੇਹੋ’ ਨਹੀਂ ਹੋਵੇਗਾ, ‘ਕਰੇਹ’ ਤੇ ‘ਧਰੇਹ’ ਹੋਵੇਗਾ। ਇਹੋ ਜਿਹੇ ਸ਼ਬਦਾਂ ਦਾ ਉਚਾਰਣ ਇਸ ਲਈ ਅੰਕੁੜ ਤੋਂ ਬਗ਼ੈਰ ਹੁੰਦਾ ਕਿਉਂਕਿ ‘ਹ’ ਤੋਂ ਪਹਿਲੇ ਅੱਖਰ ਉੱਤੇ ‘ਲਾਂ’ ( ੇ) ਲਗੀ ਹੋਈ ਹੈ। ਸ਼ਬਦ ਦੇ ਅਖੀਰ ਤੇ ਲਗੇ ਅੰਕੁੜ ਵਾਲੇ ‘ਹ’ ਦਾ ਉਚਾਰਣ ਦੋ ਅੱਖਰਾਂ ਵਾਲੇ ਸ਼ਬਦ ਦਾ ਤਿੰਨ ਅੱਖਰਾਂ ਵਾਲੇ ਸ਼ਬਦ ਤੋਂ ਵੱਖਰਾ ਹੈ। ਜਿਵੇਂ ਸ਼ਬਦ ਹੈ ‘‘ਦੇਹੁ”। ਇਸ ਦਾ ਉਚਾਰਣ ‘‘ਦੇਹੋ” ਨਹੀਂ ਹੋਵੇਗਾ, ‘‘ਦੇਹ”, ‘‘ਲੇਹੁ” ਦਾ ‘‘ਲੇਹੋ” ਨਹੀਂ ‘‘ਲੇਹ” ਹੋਵੇਗਾ। ਕਿਉਂਕਿ ਇਹ ਦੋ ਅੱਖਰਾਂ ਵਾਲੇ ਸ਼ਬਦ ਹਨ। ਪਰ ਜਿਥੇ ਤਿੰਨ ਅੱਖਰਾਂ ਵਾਲੇ ਸ਼ਬਦ ਦਾ ਅਖੀਰਲਾ ਅੱਖਰ ‘ਹ’ ਅੰਕੁੜ ਵਾਲਾ ਹੁੰਦਾ ਹੈ, ਉਥੇ ਉਚਾਰਣ ਬਦਲ ਜਾਂਦਾ ਹੈ ਅਤੇ ‘ਹ’ ਤੋਂ ਪਹਿਲੇ ਅੱਖਰ ਤੇ ਹੋੜਾ ( ੋ) ਲਗਿਆ ਸਮਝ ਕੇ ਉਚਾਰਨਾ ਚਾਹੀਦਾ ਹੈ। ਜਿਵੇਂ ਕਿ ‘‘ਗਾਵਹੁ” ਨੂੰ ‘‘ਗਾਵੋ” ਕਰਕੇ ਪੜ੍ਹਿਆ ਜਾਣਾ ਚਾਹੀਦਾ ਹੈ। ਪਰ ਉੱਪਰ ਦਿੱਤੀ ਉਦਹਾਰਣ ਵਿਚ ‘ਹ’ ਤੋਂ ਪਹਿਲੇ ਅੱਖਰ ਤੇ ‘ਲਾਂ’ ( ੇ) ਲਗੀ ਹੋਈ ਹੈ, ਇਸ ਲਈ ‘ਹ’ ਦਾ ਅੰਕੁੜ ਨਹੀਂ ਬੋਲਿਆ ਜਾਂਦਾ।
ਹੁਣ ਸ਼ਬਦ ਦੇ ਅਖੀਰ ਵਿਚ ਆਏ ‘ਹ’ ਨੂੰ ਲਗੀ ਸਿਹਾਰੀ ਦੀ ਵੀਚਾਰ ਕਰ ਲਈਏ। ਅੱਨਪੁਰਖ ਅਤੇ ਮਧੱਮ ਪੁਰਖ ਦੀਆਂ ਕਿਰਿਆਵਾਂ ਬਾਰੇ ਅਸੀਂ ਪਿਛਲੇ ਅੰਕ ਵਿਚ ਵੀਚਾਰ ਕਰ ਚੁਕੇ ਹਾਂ। ਕੁਝ ਹੇਠ ਲਿਖੇ ਸ਼ਬਦਾਂ ਬਾਰੇ ਵੀਚਾਰ ਕਰਨੀ ਲੋੜੀਂਦੀ ਹੈ। ਜਿਵੇਂ ਕਿ ‘‘ਮੋਹਿ”, ‘‘ਸਲਾਹਿ” ਜਾਂ ‘‘ਸਾਲਾਹਿ”, ‘‘ਢਾਹਿ”, ‘‘ਪਾਹਿ”, ‘‘ਨਿਬਾਹਿ”, ‘‘ਹੋਹਿ” ਆਦਿ।
‘‘ਮੋਹਿ” ਸ਼ਬਦ ਗੁਰਬਾਣੀ ਵਿਚ ਦੋ ਅਰਥਾਂ ਵਿਚ ਆਉਂਦਾ ਹੈ ਅਤੇ ਦੋਨਾਂ ਅਰਥਾਂ ਦੇ ਅਨੁਸਾਰ ਇਸ ਦਾ ਉਚਾਰਣ ਵੱਖੋ ਵੱਖਰਾ ਹੈ। ਜਿੱਥੇ ਇਹ ‘‘ਮੈਨੂੰ” ਜਾਂ ‘‘ਮੈਂ” ਦੇ ਅਰਥ ਲਈ ਆਉਂਦਾ ਹੈ ਉੱਥੇ ਇਸ ਦਾ ਉਚਾਰਣ ‘‘ਮੋਹੇ” ਕਰ ਕੇ ਹੋਵੇਗਾ। ਉਦਹਾਰਣ ਵਜੋਂ ‘‘ਹਰਿ ਚਰਣ ਕਵਲ ਮਕਰੰਦ ਦੋਭਿਤ ਮਨੋ ਅਨਦਿਨੁੋ ਮੋਹਿ ਆਹੀ ਪਿਆਸਾ॥(ਅੰਕ ੧੩)” ਇੱਥੇ ਇਸ ਦਾ ਉਚਾਰਣ ‘‘ਮੋਹੇ” ਕਰਕੇ ਹੋਵੇਗਾ ਅਤੇ ਅਰਥ ਬਣਨਗੇ ‘‘ਹੇ ਹਰੀ! ਤੇਰੇ ਚਰਨ-ਰੂਪ ਕੌਲ-ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ।” ਅਤੇ ‘‘ਮੋਹਿ ਅਨਾਥ ਤੁਮਰੀ ਸਰਨਾਈ॥(ਅੰਕ ੮੦੨)” ਭਾਵ ਕਿ ‘‘ਮੈਂ ਅਨਾਥ ਤੇਰੀ ਸ਼ਰਨ ਆਇਆ ਹਾਂ।” ਜਦੋਂ ਇਹੀ ਸ਼ਬਦ ‘‘ਪਿਆਰ, ਸਨੇਹ ਜਾਂ ਮੋਹ ਵਿਚ” ਦੇ ਅਰਥਾਂ ਲਈ ਆਉਂਦਾ ਹੈ ਤਾਂ ਇਸ ਦਾ ਉਚਾਰਣ ‘‘ਮੋਹ” ਕਰਕੇ ਹੋਵੇਗਾ। ਉਦਹਾਰਣ ਵਜੋਂ ‘‘ਮਨਮੁਖੁ ਮੋਹਿ ਵਿਆਪਿਆ ਬੈਰਾਗੁ ਉਦਾਸੀ ਨ ਹੋਇ॥(ਅੰਕ ੨੯)” ਭਾਵ ਕਿ ‘‘ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਉਸ ਦੇ ਅੰਦਰ) ਨਾਂਹ ਪਰਮਾਤਮਾ ਦੀ ਲਗਨ ਪੈਦਾ ਹੁੰਦੀ ਹੈ ਨਾਂਹ ਮਾਇਆ ਵਲੋਂ ਉਪਰਾਮਤਾ।” ਇਸੇ ਤਰ੍ਹਾਂ ‘‘ਜੋ ਮੋਹਿ ਮਾਇਆ ਚਿਤੁ ਲਾਇਦੇ ਸੇ ਛੋਡਿ ਚਲੇ ਦੁਖੁ ਰੋਇ॥(ਅੰਕ ੮੧)” ਜਿਸ ਦਾ ਅਰਥ ਹੈ ‘‘ਜੇਹੜੇ ਬੰਦੇ ਮਾਇਆ ਦੇ ਮੋਹ ਵਿਚ (ਆਪਣਾ) ਚਿੱਤ ਲਾਈ ਰੱਖਦੇ ਹਨ, ਉਹ (ਮੌਤ ਆਉਣ ਤੇ) ਕੀਰਨੇ ਕਰ ਕਰ ਕੇ (ਸਭ ਕੁਝ) ਛੱਡ ਕੇ ਜਾਂਦੇ ਹਨ।” ਇੱਥੇ ਇਹ ਗਲ ਵੀ ਨੋਟ ਕਰਨ ਵਾਲੀ ਹੈ ਕਿ ਇਸ ‘‘ਮੋਹਿ” ਵਾਲੇ ‘ਹ’ ਤੇ ਲਗੀ ਸਿਹਾਰੀ ਅਧਿਕਰਣ ਕਾਰਕ ਦਾ ਕੰਮ ਕਰਦੀ ਹੈ ਜਿਸ ਦਾ ਅਰਥ ਹੈ ‘‘ਵਿਚ” ਅਤੇ ਇਸ ਦਾ ਉਚਾਰਣ ਨਹੀਂ ਕੀਤਾ ਜਾਂਦਾ।
‘‘ਸਲਾਹਿ” ਜਾਂ ‘‘ਸਾਲਾਹਿ” ਅਤੇ ‘‘ਢਾਹਿ” ਸ਼ਬਦਾਂ ਵਿਚ ‘ਹ’ ਤੇ ਲਗੀ ਸਿਹਾਰੀ ਦਾ ਵੀ ਉਚਾਰਣ ਨਹੀਂ ਹੁੰਦਾ। ਇਸ ਦੇ ਦੋ ਕਾਰਣ ਹਨ। ਇਕ ਥਾਂ ਤੇ ਸਿਹਾਰੀ ਿ ਕਰਣ ਕਾਰਕ ਦਾ ਕੰਮ ਕਰਦੀ ਹੈ। ਦੂਸਰੀ ਥਾਂ ਤੇ ਇਹ ਹੁਕਮੀ (ਬੇਨਤੀ ਜਾਂ ਉਪਦੇਸ਼ ਵਾਚੀ) ਕਿਰਿਆ ਦੀ ਸੂਚਕ ਹੈ। ਉਦਹਾਰਣ ਲਈ ‘‘ਨਾਮੁ ਸਲਾਹਿ ਸਦਾ ਸੁਖੁ ਪਾਇਆ ਨਿਜ ਘਰਿ ਵਾਸਾ ਪਾਇਦਾ॥ (ਅੰਕ ੧੦੮੪)” – ਅਰਥ – ‘‘ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰ ਕੇ ਮਨੁੱਖ ਸਦਾ ਸੁਖ ਪਾਂਦਾ ਹੈ, ਪ੍ਰਭੂ-ਚਰਨਾਂ ਵਿਚ ਉਸ ਦਾ ਨਿਵਾਸ ਬਣਿਆ ਰਹਿੰਦਾ ਹੈ।” ਹੁਕਮੀ ਕਿਰਿਆ – ‘‘ਨਾਨਕ ਨਾਮੁ ਸਲਾਹਿ ਤੂ ਹਰਿ ਹਰਿ ਦਰਿ ਸੋਭਾ ਪਾਇ॥(ਅੰਕ ੧੨੫੮)” ਭਾਵ ਕਿ ‘‘ਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ। (ਜਿਹੜਾ ਸਿਮਰਦਾ ਹੈ) ਉਹ ਪ੍ਰਭੂ ਦੇ ਦਰ ਤੇ ਸ਼ੋਭਾ ਪਾਂਦਾ ਹੈ।” ਦੋਨਾਂ ਵਿਚੋਂ ਕਿਸੇ ਨਾਲ ਵੀ ‘ਹ’ ਤੇ ਲਗੀ ਸਿਹਾਰੀ ਿ ਦਾ ਉਚਾਰਣ ਨਹੀਂ ਕੀਤਾ ਜਾਂਦਾ। ਉਚਾਰਣ ਬਣੇਗਾ ‘‘ਸਲਾਹ”। ‘ਸ’ ਨੂੰ ਜੇ ਕੰਨਾ (ਾ) ਲਗਾ ਹੋਵੇ ਤਾਂ ਵੀ ‘ਹ’ ਦੀ ਸਿਹਾਰੀ ਨਹੀਂ ਬੋਲੀ ਜਾਂਦੀ। ਜਿੱਥੇ ‘‘ਸਲਾਹੁੰਦਾ ਹੈ” ਜਾਂ ‘‘ਸਲਾਹੁੰਦੇ ਹਨ” ਦੇ ਅਰਥ ਨਿਕਲਦੇ ਹਨ, ਉੱਥੇ ਸ਼ਬਦ ਆਇਆ ਹੈ ‘‘ਸਾਲਾਹੇ” ਜਾਂ ‘‘ਸਲਾਹੇ”, ‘‘ਸਾਲਾਹੈ” ਜਾਂ ‘‘ਸਲਾਹੈ”। ਹੇਠ ਲਿਖੀਆਂ ਉਦਹਾਰਣਾਂ ਤੋਂ ਗਲ ਸਪੱਸ਼ਟ ਹੋ ਜਾਵੇਗੀ।
ਸਭ ਸਾਲਾਹੈ ਆਪ ਕਉ ਵਡਹੁ ਵਡੇਰੀ ਹੋਇ॥(ਅੰਕ ੫੮)-ਸਾਰੀ ਦੁਨੀਆ ਆਪਣੇ ਆਪ ਨੂੰ ਸਾਲਾਹੁੰਦੀ ਹੈ ਤਾਂ ਕਿ ਸਾਡੀ ਵਧੀਕ ਤੋਂ ਵਧੀਕ ਵਡਿਆਈ-ਇੱਜ਼ਤ ਹੋਵੇ (ਆਪਣੇ ਆਪ ਦੀ ਸੂਝ ਤੋਂ ਬਿਨਾ ਇਹ ਲਾਲਸਾ ਬਣੀ ਹੀ ਰਹਿੰਦੀ ਹੈ)।
ਸਬਦਿ ਸਾਲਾਹੈ ਅੰਤੁ ਨ ਪਾਰਾਵਾਰੁ॥(ਅੰਕ ੧੫੭) – ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੀ ਹਸਤੀ ਦਾ ਉਰਲਾ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ।
ਗੁਰਮੁਖਿ ਹੋਵੈ ਸੋ ਸਾਲਾਹੇ॥ (ਅੰਕ ੧੨੨)-ਜੇਹੜਾ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦਾ ਹੈ, ਉਹੋ ਹੀ ਪ੍ਰਭੂ ਦੀ ਸਿਫ਼ਤ- ਸਾਲਾਹ ਕਰਦਾ ਹੈ।
ਸਭ ਸਾਲਾਹੇ ਸੁਣਿ ਸੁਣਿ ਆਖੈ॥ (ਅੰਕ ੧੦੩੨)-(ਜ਼ਬਾਨੀ ਜ਼ਬਾਨੀ ਤਾਂ) ਸਾਰੀ ਲੁਕਾਈ ਕਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੀ ਹੈ (ਦੂਜਿਆਂ ਪਾਸੋਂ) ਸੁਣ ਸੁਣ ਕੇ ਆਖਦੀ ਹੈ।
ਜਿ ਪ੍ਰਭੁ ਸਲਾਹੇ ਆਪਣਾ ਸੋ ਸੋਭਾ ਪਾਏ॥ (ਅੰਕ ੭੯੧)- ਜੋ ਮਨੁੱਖ ਆਪਣੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ ਉਹ ਸ਼ੌਭਾ ਖੱਟਦਾ ਹੈ।
ਜਿਸ ਨੋ ਤੇਰੀ ਦਇਆ ਸਲਾਹੇ ਸੋਇ ਤੁਧੁ॥(ਅੰਕ ੯੬੬) – ਉਹੀ ਬੰਦਾ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹੈ ਜਿਸ ਉਤੇ ਤੇਰੀ ਮੇਹਰ ਹੁੰਦੀ ਹੈ।
‘‘ਸਲਾਹੈ” ਸ਼ਬਦ ਗੁਰਬਾਣੀ ਵਿਚ ਨਹੀਂ ਮਿਲਿਆ।
ਇਸੇ ਤਰ੍ਹਾਂ ‘‘ਢਾਹਿ” ਸ਼ਬਦ ਦੇ ਵੀ ਦੋ ਅਰਥ ਨਿਕਲਦੇ ਹਨ। ਇਕ ‘‘ਢਾਹ ਕੇ” ਤੇ ਦੂਜਾ ‘‘ਢਾਹ ਦੇ”। ਦੋਨਾਂ ਹਾਲਤਾਂ ਵਿਚ ‘ਹ’ ਤੇ ਲਗੀ ਸਿਹਾਰੀ ਨਹੀਂ ਬੋਲੀ ਜਾਂਦੀ। ਕਿਸੇ ਸ਼ਬਦ ਅਰਥ ਹਮੇਸ਼ਾਂ ਗੁਰਬਾਣੀ ਵਿਚ ਦਿੱਤੇ ਪ੍ਰਕਰਣ ਅਨੁਸਾਰ ਕੀਤੇ ਜਾਂਦੇ ਹਨ। ਸਾਰੀਆਂ ਥਾਂਵਾਂ ਤੇ ਇਕੋ ਅਰਥ ਨਹੀਂ ਨਿਕਲਦੇ। ਪਹਿਲਾ ਪ੍ਰਮਾਣ ਗੁਰਬਾਣੀ ਵਿਚੋਂ ਢਾਹ ਕੇ ਦੇ ਅਰਥਾਂ ਦਾ ਲਈਏ। ‘‘ਢਾਹਿ” ਮੜੋਲੀ ਲੂਟਿਆ ਦੇਹੁਰਾ ਸਾ ਧਨ ਪਕੜੀ ਏਕ ਜਨਾ॥(ਅੰਕ ੧੫੫)” ਅਰਥ – ‘‘(ਜਮ ਦੀ ਫ਼ੌਜ ਨੇ ਆਖ਼ਰ) ਸਰੀਰ-ਮਠ ਢਾਹ ਕੇ ਮੰਦਰ ਲੁੱਟ ਲਿਆ, ਜੀਵ-ਇਸਤ੍ਰੀ ਇਕੱਲੀ ਹੀ ਫੜੀ ਗਈ।” ਦੂਜਾ ਪ੍ਰਮਾਣ ਹੁਕਮੀ ਕਿਰਿਆ ਲਈ। ‘‘ਕੰਧੀ ਵਹਣ ਨ ਢਾਹਿ ਤਉ ਭੀ ਲੇਖਾ ਦੇਵਣਾ॥(ਅੰਕ ੧੩੮੨)” ਅਰਥ – ‘‘(ਦੁੱਖਾਂ ਹੇਠ ਨੱਪਿਆ ਹੋਇਆ ਜੀਵ ‘ਦੁੱਖ ਅੱਗੇ ਤਰਲੇ ਲੈ ਕੇ ਆਖਦਾ ਹੈ ਕਿ) ਹੇ (ਦੁੱਖਾਂ ਦੇ) ਵਹਣ! (ਮੈਨੂੰ) ਕੰਧੀ (-ਰੁਖੜੇ) ਨੂੰ ਨਾਹ ਢਾਹ (ਭਾਵ, ਮੈਨੂੰ ਦੁਖੀ ਨਾਹ ਕਰ), ਤੈਨੂੰ ਭੀ (ਆਪਣੇ ਕੀਤੇ ਦਾ) ਹਿਸਾਬ ਦੇਣਾ ਪਵੇਗਾ।” ਜਿਸ ਢਾਹ ਸ਼ਬਦ ਦੇ ਅਰਥ ‘‘ਢਾਹੁੰਦਾ ਹੈ” ਕਰ ਕੇ ਨਿਕਲਦੇ ਹਨ ਉੱਥੇ ‘ਹ’ ਨੂੰ ‘‘ਲਾਂ” ( ੇ) ਜਾਂ ਦੁਲਾਂ ( ੈ) ਲਗੀ ਹੁੰਦੀ ਹੈ। ਹੇਠ ਲਿਖੇ ਗੁਰਬਾਣੀ ਫ਼ੁਰਮਾਨ ਤੋਂ ਸਮਝ ਆ ਜਾਵੇਗੀ।
ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ॥(ਅੰਕ ੫੩) – ਪ੍ਰਭੂ ਇਹ ਜਗਤ ਨਾਂਹ ਕਿਸੇ ਪਾਸੋਂ ਸਲਾਹ ਲੈ ਕੇ ਬਣਾਂਦਾ ਹੈ ਨਾਂਹ ਹੀ ਪੁੱਛ ਕੇ ਨਾਸ ਕਰਦਾ ਹੈ, ਨਾਂਹ ਹੀ ਕਿਸੇ ਦੀ ਸਲਾਹ ਨਾਲ ਸਰੀਰ ਵਿਚ ਜਿੰਦ ਪਾਂਦਾ ਹੈ ਨਾਂਹ ਕੱਢਦਾ ਹੈ।
ਭਨਿ ਭਨਿ ਘੜੀਐ ਘੜਿ ਘੜਿ ਭਜੈ ਢਾਹਿ ਉਸਾਰੈ ਉਸਰੇ ਢਾਹੈ॥(ਅੰਕ ੯੩੫) – ਪਰਮਾਤਮਾ ਇਹ ਜਗਤ ਮੁੜ ਮੁੜ ਭੰਨਦਾ ਹੈ ਤੇ ਘੜਦਾ ਹੈ, ਘੜ ਘੜ ਕੇ ਘੜੇ ਹੋਏ ਨੂੰ ਢਾਹ ਕੇ ਉਸਾਰਦਾ ਹੈ ਤੇ ਉਸਰੇ ਹੋਏ ਨੂੰ ਢਾਹ ਦੇਂਦਾ ਹੈ।
ਇਕ ਸ਼ਬਦ ਹੈ ‘‘ਪਾਹਿ”। ਜਿੱਥੇ ਇਸ ਦੇ ਅਰਥ ਅਨਪੁਰਖ ਬਹੁਵਚਨੀ ਜਾਂ ਮਧੱਮ ਪੁਰਖ ਵਾਚੀ ਕਿਰਿਆ ਕਰ ਕੇ ਹੁੰਦੇ ਹਨ ਉੱਥੇ ਇਸ ਦਾ ਉਚਾਰਣ ‘‘ਪਾਹੇਂ ” ਕਰਕੇ ਹੁੰਦਾ ਹੈ। ਗੁਰਬਾਣੀ ਪ੍ਰਮਾਣ – ‘‘ਦੇਦਾ ਦੇ ਲੈਦੇ ਥਕਿ ਪਾਹਿ॥(ਜਪੁ ਜੀ ਸਾਹਿਬ)” ਭਾਵ ਕਿ ‘‘ਦੇਣ ਵਾਲਾ ਦੇਈ ਜਾਂਦਾ ਹੈ ਪਰੰਤੂ ਲੈਣ ਵਾਲੇ ਲੈ ਲੈ ਕੇ ਹਾਰ ਹੁਟ ਜਾਂਦੇ ਹਨ।” ਦੂਜਾ ਪ੍ਰਮਾਣ – ‘‘ਜਿਵ ਫੁਰਮਾਏ ਤਿਵ ਤਿਵ ਪਾਹਿ॥(ਜਪੁ ਜੀ ਸਾਹਿਬ)” ਭਾਵ ਕਿ ‘‘ਜਿਸ ਤਰ੍ਹਾਂ ਉਹ ਹੁਕਮ ਕਰਦਾ ਹੈ, ਉਸੇ ਤਰ੍ਹਾਂ ਹੀ ਇਨਸਾਨ ਹਾਸਲ ਕਰਦੇ ਹਨ।” ਮਧੱਮ ਪੁਰਖ ਵਾਚੀ ਕਿਰਿਆ ਲਈ ਗੁਰਬਾਣੀ ਪ੍ਰਮਾਣ – ‘‘ਪਾਰਬ੍ਰਹਮ ਕੀ ਸਰਣੀ ਪਾਹਿ॥ ਕੋਟਿ ਕਲੰਕ ਖਿਨ ਮਹਿ ਮਿਟਿ ਜਾਹਿ॥ (ਅੰਕ ੧੮੪)” ਭਾਵ ਕਿ ‘‘ਜੇ ਤੂੰ ਪਰਮਾਤਮਾ ਦੀ ਸ਼ਰਨ ਪੈ ਜਾਏਂ ਤਾਂ ਤੇਰੇ ਕ੍ਰੋੜਾਂ ਪਾਪ ਇਕ ਪਲ ਵਿਚ ਹੀ ਨਾਸ ਹੋ ਜਾਣ।”
ਇਸੇ ਸ਼ਬਦ ਦੇ ਦੂਸਰੇ ਅਰਥ ਨਿਕਲਦੇ ਹਨ ‘‘ਪਾਸ”। ਐਸੀ ਹਾਲਤ ਵਿਚ ਸਿਹਾਰੀ ਦਾ ਉਚਾਰਣ ਨਹੀਂ ਕੀਤਾ ਜਾਂਦਾ।
ਗੁਰਬਾਣੀ ਪ੍ਰਮਾਣ – ‘‘ਅੰਧੇ ਤੂੰ ਬੈਠਾ ਕੰਧੀ ਪਾਹਿ॥(ਅੰਕ ੪੩)” ਭਾਵ ਕਿ ‘‘ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! (ਜਿਵੇਂ ਕੋਈ ਰੁੱਖ ਨਦੀ ਦੇ ਕੰਢੇ ਉੱਤੇ ਉੱਗਾ ਹੋਇਆ ਹੋਵੇ ਤੇ ਕਿਸੇ ਭੀ ਵੇਲੇ ਕੰਢੇ ਨੂੰ ਢਾਹ ਲਗ ਕੇ ਰੁੱਖ ਨਦੀ ਵਿਚ ਰੁੜ੍ਹ ਜਾਂਦਾ ਹੈ, ਤਿਵੇਂ) ਤੁੂੰ (ਮੌਤ-ਨਦੀ ਦੇ) ਕੰਢੇ ਉੱਤੇ ਬੈਠਾ ਹੋਇਆ ਹੈਂ (ਪਤਾ ਨਹੀਂ ਕੇਹੜੇ ਵੇਲੇ ਤੇਰੀ ਮੌਤ ਆ ਜਾਏ)।” ਦੂਜਾ ਪ੍ਰਮਾਣ – ‘‘ਕਹੁ ਬੇਨੰਤੀ ਅਪੁਨੇ ਸਤਿਗੁਰ ਪਾਹਿ॥ ਕਾਜ ਤੁਮਾਰੇ ਦੇਇ ਨਿਬਾਹਿ॥(ਅੰਗ ੧੮੨)” ਭਾਵ ਕਿ ‘‘(ਹੇ ਭਾਈ) ਆਪਣੇ ਗੁਰੂ ਪਾਸ ਬੇਨਤੀ ਕਰ। ਗੁਰੂ ਤੇਰੇ ਕਾਰਜ (ਜਨਮ ਮਨੋਰਥ) ਪੂਰੇ ਕਰ ਦੇਵੇਗਾ, ਭਾਵ (ਤੈਨੂੰ ਪ੍ਰਭੂ ਦੇ ਨਾਮ ਦੀ ਦਾਤ ਬਖ਼ਸ਼ੇਗਾ)”। ਇਸ ਉੱਪਰ ਦਿੱਤੇ ਗਏ ‘‘ਨਿਬਾਹਿ” ਸ਼ਬਦ ਦੇ ਉਚਾਰਣ ਦਾ ਪ੍ਰਮਾਣ ਵੀ ਵਿਚੇ ਆ ਗਿਆ ਹੈ ਅਤੇ ਇਸ ਦੇ ‘ਹ’ ਦੀ ਸਿਹਾਰੀ ਵੀ ਨਹੀਂ ਬੋਲੀ ਜਾਏਗੀ।
ਅਗਲਾ ਸ਼ਬਦ ਹੈ ‘‘ਹੋਹਿ”। ਇਸ ਦਾ ਉਚਾਰਣ ਆਮ ਤੌਰ ਤੇ ‘‘ਹੋਹੇ” ਕੀਤਾ ਜਾਂਦਾ ਹੈ। ਅਸਲ ਵਿਚ ਇਹ ਅਨਪੁਰਖੀ ਬਹੁਵਚਨੀ ਜਾਂ ਮਧੱਮ ਪੁਰਖੀ ਕਿਰਿਆ ਵਾਚੀ ਸ਼ਬਦ ਹੈ ਅਤੇ ਇਸ ਦਾ ਉਚਾਰਣ ਹੋਣਾ ਹੈ ‘‘ਹੋਇਂ”। ਨਾਸਕੀ ਉਚਾਰਣ ਹੈ। ਗੁਰਬਾਣੀ ਪ੍ਰਮਾਣ ਹੈ – ‘‘ਮਨਹਠਿ ਕਰਮ ਕਮਾਵਦੇ ਨਿਤ ਨਿਤ ਹੋਹਿ ਖੁਆਰੁ॥(ਅੰਕ ੬੬)” ਭਾਵ ਕਿ ‘‘ਉਹ (ਗੁਰੂ ਦਾ ਆਸਰਾ ਛੱਡ ਕੇ ਆਪਣੇ) ਮਨ ਦੇ ਹਠ ਨਾਲ (ਕਈ ਕਿਸਮ ਦੇ ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, (ਪਰ ਵਿਕਾਰਾਂ ਵਿਚ ਫਸੇ ਹੋਏ) ਸਦਾ ਖ਼ੁਆਰ ਹੁੰਦੇ ਰਹਿੰਦੇ ਹਨ”। ਦੂਸਰਾ ਪ੍ਰਮਾਣ – ‘‘ਅਨਿਕ ਪੜਦੇ ਮਹਿ ਕਮਾਵੈ ਵਿਕਾਰ॥ ਖਿਨ ਮਹਿ ਪ੍ਰਗਟ ਹੋਹਿ ਸੰਸਾਰ॥(ਅੰਕ ੧੯੪)” ਭਾਵ ਕਿ ‘‘ਘਨੇਰਿਆਂ ਪਰਦਿਆਂ ਦੇ ਵਿਚ (ਪਿੱਛੇ) ਪ੍ਰਾਣੀ ਪਾਪ ਕਰਦਾ ਹੈ। ਪਰ (ਉਸ ਦੇ ਕੁਕਰਮ) ਜਗਤ ਦੇ ਅੰਦਰ ਇਕ ਖਿਨ ਵਿਚ ਹੀ ਪਰਗਟ ਹੋ ਜਾਂਦੇ ਹਨ”॥ ਮਧੱਮ ਪੁਰਖ ਦੀ ਕਿਰਿਆ ਲਈ ਪ੍ਰਮਾਣ – ‘‘ਹੋਹਿ ਅਚਿੰਤੁ ਬਸੈ ਸੁਖ ਨਾਲਿ॥ ਸਾਸਿ ਗ੍ਰਾਸਿ ਹਰਿ ਨਾਮੁ ਸਮਾਲਿ॥(੨੮੯)” ਭਾਵ ਕਿ ‘‘ਹਰ ਸੁਆਸ ਤੇ ਬੁਰਕੀ ਨਾਲ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਤੂੰ ਬੇਫ਼ਿਕਰ ਹੋ ਜਾਹਿਂਗਾ ਤੇ ਤੇਰਾ ਜੀਵਨ ਸੁਖ ਨਾਲ ਬਿਤੀਤ ਹੋਵੇਗਾ”। ਦੂਸਰਾ ਪ੍ਰਮਾਣ – ‘‘ਜਿਸਨੋ ਹੋਹਿ ਕਿ੍ਰਪਾਲੁ ਸੁ ਨਾਮੁ ਧਿਆਈਐ॥(ਅੰਕ ੫੨੧)” ਭਾਵ ਕਿ ‘‘ਕੇਵਲ ਓਹੀ ਤੇਰੇ ਨਾਮ ਦਾ ਆਰਾਧਨ ਕਰਦਾ ਹੈ, ਜਿਸ ਉਤੇ ਤੂੰ ਦਇਆਵਾਨ ਹੁੰਦਾ ਹੈਂ”।