ਅਖੌਤੀ ਵਿਦਵਾਨ ਅਨੁਰਾਗ ਸਿੰਘ ਦੀ ਯੋਗਤਾ
ਕਿਰਪਾਲ ਸਿੰਘ ਬਠਿੰਡਾ
ਬੀਤੇ ਦਿਨ ਇੱਕ ਦੋਸਤ ਨੇ ਦੀਵਾਲੀ ਦੀਆਂ ਤਾਰੀਖ਼ਾਂ ਸਬੰਧੀ ਜਾਣਕਾਰੀ ਦਿੰਦੀ ਅਨੁਰਾਗ ਸਿੰਘ ਦੀ 5 ਮਿੰਟ 27 ਕੁ ਸਕਿੰਟ ਦੀ ਵੀਡੀਓ ਦਾ ਇਹ ਲਿੰਕ https://www.dailymotion.com/video/x9sbkde?fbclid=IwY2xjawNrLGFleHRuA2FlbQIxMQBicmlkETFZUjExMnhxeXFpa1pmMjhhAR5lsDucVV_Zel68zKKJsM1oHHP9_qUAB5pHlvmwWKM1MgJ5-2uMYZjCjHcXeQ_aem_ExgWoqMKjy6y3aquFG3p1g ਭੇਜਿਆ। ਮੈਂ ਇਸ ਖਾਨਦਾਨੀ ਇਤਿਹਾਸਕਾਰ ਅਤੇ ਕੈਲੰਡਰ ਮਾਹਰ ਬਣੇ ਵਿਦਵਾਨ ਦੀ ਇਹ ਵੀਡੀਓ ਇਕ ਤੋਂ ਵੱਧ ਵਾਰ ਇਹ ਲੱਭਣ ਲਈ ਸੁਣੀ ਕਿ ਸ਼ਾਇਦ ਇਸ ਵੱਲੋਂ ਬੋਲਿਆ ਕੋਈ ਇੱਕ ਅੱਧ ਸ਼ਬਦ; ਇਤਿਹਾਸ ਦੀ ਕਸਵੱਟੀ ’ਤੇ ਸਹੀ ਸਿੱਧ ਹੁੰਦਾ ਹੋਵੇ, ਪਰ ਅਫ਼ਸੋਸ ਕਿ ਮੈਨੂੰ ਕੋਈ ਐਸਾ ਸ਼ਬਦ ਨਾ ਮਿਲਿਆ; ਪਾਠਕਾਂ ਨੂੰ ਬੇਨਤੀ ਹੈ ਕਿ ਖ਼ੁਦ ਭੀ ਇਸ ਨੂੰ ਸੁਣਨ ਤੇ ਜੇਕਰ ਕੋਈ ਸ਼ਬਦ ਮਿਲਿਆ ਤਾਂ ਮੇਰੇ ਭੀ ਧਿਆਨ ’ਚ ਲਿਆਉਣ। ਉਂਞ ਇਸ ਨੇ ਆਪਣੀ ਸਮਝ ਅਨੁਸਾਰ ਚੁਣੇ ਹਰ ਨੁਕਤੇ ਨੂੰ ਨੰਬਰ ਵਾਈਜ਼ ਹੇਠ ਲਿਖੀਆਂ ਟਿੱਪਣੀਆਂ ਜ਼ਰੂਰ ਕੀਤੀਆਂ ਹਨ।
ਅਨੁਰਾਗ ਸਿੰਘ ਇਸ ਵਿੱਚ ਆਖਦਾ ਹੈ ਕਿ
(ਨੁਕਤਾ 1). ਦੀਵਾਲੀ 20 ਅਕਤੂਬਰ ਦੀ ਹੈ ਜਾਂ 21 ਦੀ; ਇਹ ਸਾਰੇ ਸ਼ੰਕਰਾਚਾਰੀਆ ਇਕੱਠੇ ਹੋ ਕੇ ਦੱਸ ਸਕਦੇ ਹਨ, ਪਰ ਲੜਾਈ ਹੋ ਰਹੀ ਹੈ ਟੀਵੀ ’ਤੇ। ਲੜਾਈ ਕੀਦੇ ਲਈ ਹੋ ਰਹੀ ਹੈ ! ਰਾਮਚੰਦਰ ਜੀ ਦੇ ਲਈ। ਜਦੋਂ ਕਿ ਰਾਮਚੰਦਰ ਜੀ ਕਿਸੇ ਨਾਲ ਲੜੇ ਹੀ ਨਹੀਂ!
ਮੇਰੇ ਵੱਲੋਂ ਟੱਪਣੀ : ਐਸਾ ਜਾਪਦਾ ਹੈ ਕਿ ਇਸ ਨੇ ਗੁਰੂ ਗ੍ਰੰਥ ਸਾਹਿਬ ਜੀ ਬਿਲਕੁਲ ਨਹੀਂ ਪੜ੍ਹਿਆ। ਜੇ ਪੜ੍ਹਿਆ ਹੁੰਦਾ ਤਾਂ ਭਗਤ ਨਾਮਦੇਵ ਜੀ ਦੇ ਇਹ ਬੋਲ ਭੀ ਸਮਝ ਆਏ ਹੁੰਦੇ, ‘‘ਪਾਂਡੇ ! ਤੁਮਰਾ ਰਾਮਚੰਦੁ, ਸੋ ਭੀ ਆਵਤੁ ਦੇਖਿਆ ਥਾ ॥ ਰਾਵਨ ਸੇਤੀ ਸਰਬਰ ਹੋਈ; ਘਰ ਕੀ ਜੋਇ ਗਵਾਈ ਥੀ ॥’’ (ਪਾਵਨ ਅੰਕ ੮੭੫) ‘ਸਰਬਰ’ ਦਾ ਅਰਥ ਹੈ ‘ਲੜਾਈ’ ਤੇ ‘ਜੋਇ’ ਦਾ ਅਰਥ ਹੈ ‘ਔਰਤ’ (ਮਾਤਾ ਸੀਤਾ)।
ਮੰਨ ਲੈਂਦੇ ਹਾਂ ਕਿ ਇਸ ਕੋਲ਼ ਗੁਰਬਾਣੀ ਨੂੰ ਸਮਝਣ ਦਾ ਸਮਾਂ ਨਹੀਂ, ਪਰ ਹਰ ਸਾਲ ਪਿੰਡਾਂ ਸ਼ਹਰਾਂ ’ਚ ਰਮਾਇਣ ਦਾ ਨਾਟਕ ਖੇਡਿਆ ਜਾਂਦਾ ਤਾਂ ਜ਼ਰੂਰ ਵੇਖਿਆ ਹੋਣਾ, ਜਿਸ ਵਿੱਚ ਰਾਮਚੰਦਰ ਜੀ ਤੇ ਰਾਵਣ ਦੀ ਲੜਾਈ ਦਾ ਵਰਣਨ ਹੁੰਦਾ ਹੈ।
(ਨੁਕਤਾ 2). ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਦਾ ਨਾਮ ਲੈ ਕੇ 2003 ’ਚ ਸਾਡੇ ਗਲ਼ ਸਾਕਾ ਕੈਲੰਡਰ ਪਾ ਦਿੱਤਾ ਜਿਸ ਨੂੰ ਅਸੀਂ ਤਾਂ 2010 ਚ ਰੱਦ ਕਰ ਕੇ ਗਲੋਂ ਲਾਹ ਦਿੱਤਾ ਸੀ ਤੇ ਭਾਰਤ ਸਰਕਾਰ ਨੇ 2015 ’ਚ ਰੱਦ ਕਰ ਦਿੱਤਾ ਸੀ।
ਮੇਰੀ ਟਿੱਪਣੀ : ਪਿਛਲੇ 25 ਸਾਲਾਂ ਤੋਂ ਇਹ ਝੂਠ ਬੋਲ ਰਿਹਾ ਹੈ ਕਿ ਨਾਨਕਸ਼ਾਹੀ ਕੈਲੰਡਰ ਅਸਲ ’ਚ ਸਾਕਾ ਕੈਲੰਡਰ ਹੈ, ਜੋ ਭਾਰਤ ਸਰਕਾਰ ਨੇ 2015 ’ਚ ਰੱਦ ਕੀਤਾ ਸੀ ਜਦਕਿ ਸੱਚ ਇਹ ਹੈ ਕਿ ਸਾਕਾ ਕੈਲੰਡਰ (ਰਾਸ਼ਟਰੀਆ ਪੰਚਾਂਗ) ਅੱਜ ਵੀ ਹਰ ਸਾਲ ਛਪਦਾ ਹੈ। ਇਹ 10 ਸਾਲਾਂ ਤੋਂ ਝੂਠ ਬੋਲ ਰਿਹਾ ਹੈ ਕਿ ਨਾਨਕਸ਼ਾਹੀ ਕੈਲੰਡਰ; ਸਾਕਾ ਕੈਲੰਡਰ ਹੀ ਹੈ; ਕਿਉਂਕਿ ਇਸ (ਅਨੁਰਾਗ ਸਿੰਘ) ਨੂੰ ਜਿਵੇਂ ਬਿਕ੍ਰਮੀ ਕੈਲੰਡਰ ਦੇ ਸੂਰਯ ਸਿਧਾਂਤ ਤੇ ਦ੍ਰਿੱਕ ਗਣਿਤ ਕੈਲੰਡਰਾਂ ਦੇ ਫ਼ਰਕ ਦਾ ਨਹੀਂ ਪਤਾ ਅਤੇ ਜੂਲੀਅਨ ਤੇ ਗ੍ਰੈਗੋਰੀਅਨ ਕੈਲੰਡਰਾਂ ਦੇ ਫ਼ਰਕ ਦਾ ਨਹੀਂ ਪਤਾ; ਉਸੇ ਤਰ੍ਹਾਂ ਇਸ ਨੂੰ ਨਾਨਕਸ਼ਾਹੀ ਕੈਲੰਡਰ ਤੇ ਸਾਕਾ ਕੈਲੰਡਰ ਦੇ ਅੰਤਰ ਦਾ ਭੀ ਨਹੀਂ ਪਤਾ।
ਪਾਠਕਾਂ ਦੀ ਜਾਣਕਾਰੀ ਲਈ ਨਾਨਕਸ਼ਾਹੀ ਕੈਲੰਡਰ ਤੇ ਸਾਕਾ ਕੈਲੰਡਰ ਦੇ ਫ਼ਰਕ ਸਮਝਣ ਲਈ ਹੇਠਾਂ ਇਨ੍ਹਾਂ ਦੇ ਮਹੀਨਿਆਂ ਦਾ ਤਰਤੀਬਵਾਰ ਅਰੰਭ ਤੇ ਦਿਨਾਂ ਦੀ ਗਿਣਤੀ ਨੂੰ ਦਰਸਾਉਂਦੀ ਸਾਰਣੀ ਦਿੱਤੀ ਜਾ ਰਹੀ ਹੈ :
ਸੋ ਪਾਠਕ ਵੇਖ ਸਕਦੇ ਹਨ ਕਿ 1999 ਅਤੇ 2003 ’ਚ ਨਾਨਕਸ਼ਾਹੀ ਕੈਲੰਡਰ ਦੀ ੧ ਵੈਸਾਖ; ਬਿਕ੍ਰਮੀ ਕੈਲੰਡਰ ਦੀ ੧ ਵੈਸਾਖ ਵਾਲੇ ਦਿਨ 14 ਅਪ੍ਰੈਲ ਨੂੰ ਹੀ ਸੀ, ਜੋ ਹੁਣ ਭੀ ਅਕਸਰ 14 ਅਪ੍ਰੈਲ ਨੂੰ ਹੁੰਦੀਆਂ ਹਨ ਜਦਕਿ ‘ਸਾਕਾ ਕੈਲੰਡਰ’ ਦੀ ੧ ਵੈਸਾਖ; ਇਨ੍ਹਾਂ ਤੋਂ ਵੱਖਰੀ 21 ਅਪ੍ਰੈਲ ਨੂੰ ਹੋਣ ਕਰਕੇ ਬਿਕ੍ਰਮੀ ਕੈਲੰਡਰ ਨਾਲੋਂ 7 ਦਿਨ ਦੇ ਅੰਤਰ ਨਾਲ ਹੈ ਅਤੇ ਅੱਸੂ, ਕੱਤਕ, ਮੱਘਰ, ਪੋਹ, ਮਾਘ ਤੇ ਫੱਗਣ ਮਹੀਨੇ ’ਚ 8 ਦਿਨਾਂ ਦੇ ਫ਼ਰਕ ਨਾਲ਼ ਹੈ। ਅਨੁਰਾਗ ਸਿੰਘ ਸਮੇਤ ਜਿਹੜੇ ਨਾਨਕਸ਼ਾਹੀ ਕੈਲੰਡਰ ’ਚ ਸੰਗਰਾਂਦ ਦੇ ਇੱਕ ਦੋ ਦਿਨਾਂ ਦੇ ਅੰਤਰ ’ਤੇ ਰੌਲ਼ਾ ਪਾ ਰਹੇ ਹਨ, ਉਹ ਇਨ੍ਹਾਂ 7-8 ਦਿਨਾਂ ਦੇ ਅੰਤਰ ਨੂੰ ਕਿੱਦਾਂ ਸਹਿਣ ਕਰੀ ਜਾ ਰਹੇ ਹਨ?
ਜੋਤਸ਼ੀਆਂ ਮੁਤਾਬਕ ਜਦੋਂ ਸੂਰਜ; ਮੀਨ ਰਾਸ਼ੀ ’ਚ ਪ੍ਰਵੇਸ਼ ਕਰਦਾ ਹੈ, ਉਸ ਸਮੇਂ ਚੇਤ ਮਹੀਨੇ ਦੀ ਅਰੰਭਤਾ ਅਤੇ ਮੇਖ ਰਾਸ਼ੀ ’ਚ ਪ੍ਰਵੇਸ਼ ਕਰਨ ਦੇ ਸਮੇਂ ਵੈਸਾਖ ਮਹੀਨੇ ਅਤੇ ਬਿਕ੍ਰਮੀ ਸੰਮਤ ਦੇ ਨਵੇਂ ਸਾਲ ਦੀ ਅਰੰਭਤਾ ਮੰਨੀ ਗਈ ਹੈ। ਇਸ ਲਈ ਮੇਖ ਰਾਸ਼ੀ ਦੀ ਸ਼ੁਰੂਆਤੀ ਬਿੰਦੀ ਨੂੰ ਸੂਰਜ ਪਥ ’ਤੇ 00 ਮੰਨਿਆ ਗਿਆ। ਸੰਨ 285 ਸੀਈ ’ਚ ਜਦੋਂ ਆਈਨਅੰਸ਼ (ਸਾਇਨ ਸੰਗਰਾਂਦਾਂ ਅਤੇ ਨਿਰਆਇਣ ਸੰਗਰਾਂਦਾਂ ’ਚ ਅੰਤਰ) ਲਗਭਗ 0º ਹੁੰਦਾ ਸੀ ਭਾਵ ਆਪਸ ’ਚ ਇੱਕ ਦੂਜੇ ਨੂੰ ਪੂਰਨ ਤੌਰ ’ਤੇ ਓਵਰਲੈਪ ਕਰਦੀਆਂ ਸਨ; ਤਦੋਂ ਸੂਰਜ; ਮੀਨ ਰਾਸ਼ੀ ’ਚ (-) 30º ’ਤੇ ਪ੍ਰਵੇਸ਼ ਕਰਕੇ 0º ਤੱਕ ਰਹਿੰਦਾ ਸੀ ਅਤੇ 0º ’ਤੇ ਮੇਖ ਰਾਸ਼ੀ ’ਚ ਪ੍ਰਵੇਸ਼ ਕਰਕੇ (+) 30º ਤੱਕ ਰਹਿੰਦਾ ਸੀ। 0º ’ਤੇ ਦਿਨ ਰਾਤ ਬਰਾਬਰ ਹੋ ਜਾਂਦੇ ਹਨ, ਜਿਸ ਨੂੰ ਖਗੋਲ ਵਿਗਿਆਨੀ; ਬਸੰਤੀ ਸਮਰਾਤ (Spring Equinox) ਦਾ ਨਾਂ ਦਿੰਦੇ ਹਨ। ਖਗੋਲ ਵਿਗਿਆਨ ਅਨੁਸਾਰ 0º ਤੋਂ 30º ਪਹਿਲਾਂ ਅਤੇ 30º ਪਿੱਛੋਂ ਦੇ ਸਮੇਂ ਯਾਨੀ (-) 30º ਤੋਂ (+) 30º ਤੱਕ ਦੇ ਸਮੇਂ ਭਾਵ ਚੇਤ ਅਤੇ ਵੈਸਾਖ ਮਹੀਨੇ ਨੂੰ ਬਸੰਤ ਰੁੱਤ ਹੁੰਦੀ ਹੈ।
ਸਮਰਾਤਾਂ ਦੀ ਪੂਰਬਾਇਣੀ (Precession of Equionox) ਕਾਰਨ ਸਮਰਾਤਾਂ ਲਗਭਗ 50.27 ਸਕਿੰਟ ਚਾਪ ਡਿਗਰੀ (Arc Degree) ਪੱਛਮ ਵੱਲ ਖਿਸਕ ਰਹੀਆਂ ਹਨ। ਇਸ ਹਿਸਾਬ ਨਾਲ ਸੰਨ 1957 ’ਚ ਜਦੋਂ ਸਾਕਾ ਕੈਲੰਡਰ ਲਾਗੂ ਹੋਇਆ, ਉਸ ਸਮੇਂ ਆਇਨਅੰਸ਼ 23º 15’ ਸੀ। ਇਸ ਹਿਸਾਬ ਬਿਕ੍ਰਮੀ ਕੈਲੰਡਰ ਰੁੱਤਾਂ ਤੋਂ ਤਕਰੀਬਨ 23 ਦਿਨ ਅੱਗੇ ਨਿਕਲ ਚੁੱਕਾ ਸੀ। ਭਾਰਤ ਸਰਕਾਰ ਵੱਲੋਂ ਪ੍ਰੋ. ਐੱਮ.ਐੱਨ ਸਾਹਾ ਦੀ ਅਗਵਾਈ ਹੇਠ ਗਠਿਤ ਕੈਲੰਡਰ ਸੋਧ ਕਮੇਟੀ ਦਾ ਮੰਨਣਾ ਸੀ ਕਿ ਜੇ ਵੈਸਾਖ ਮਹੀਨਾ; 285 ਸੀਈ ਦੀਆਂ ਰੁੱਤਾਂ ਅਨੁਸਾਰ ਅਰੰਭ ਕਰਦੇ ਹਾਂ ਤਾਂ ਇਸ ਨੂੰ 23 ਦਿਨ ਅੱਗੇ ਲੈ ਜਾਣਾ ਪਏਗਾ (ਜਿਵੇਂ ਕਿ 1582 ਈਸਵੀ ’ਚ ਜੂਲੀਅਨ ਕੈਲੰਡਰ ’ਚ ਸੋਧ ਕਰਕੇ ਗ੍ਰੈਗੋਰੀਅਨ ਕੈਲੰਡਰ ਲਾਗੂ ਕਰਨ ਸਮੇਂ 5 ਅਕਤੂਬਰ ਤੋਂ 14 ਅਕਤੂਬਰ ਤੱਕ 10 ਤਾਰੀਖ਼ਾਂ ਖਤਮ ਕਰ ਸਿੱਧਾ ਹੀ 15 ਅਕਤੂਬਰ ਕਰ ਦਿੱਤਾ ਸੀ।) ਇਹ ਬਹੁਤ ਵੱਡੀ ਤਬਦੀਲੀ ਹੋਣ ਕਾਰਨ ਲੋਕਾਂ ਨੇ ਮੰਨਣੀ ਨਹੀਂ ਸੀ, ਇਸ ਲਈ ਬਸੰਤੀ ਸਮਰਾਤ ਤੋਂ ਇੱਕ ਦਿਨ ਪਿੱਛੋਂ ਭਾਵ 21/22 ਮਾਰਚ ਨੂੰ ਵੈਸਾਖ ਮਹੀਨੇ ਦਾ ਅਰੰਭ (ਵੈਸਾਖੀ) ਕਰਨ ਦੀ ਬਜਾਏ ਚੇਤ ਮਹੀਨੇ ਦਾ ਅਰੰਭ ਕਰ ਦਿੱਤਾ ਭਾਵ ਰੁੱਤਾਂ ਨਾਲ਼ੋਂ 8 ਦਿਨ ਹੋਰ ਅੱਗੇ ਕਰ ਦਿੱਤਾ, ਜਿਹੜਾ ਉਂਞ ਅੱਜ ਤੋਂ ਤਕਰੀਬਨ 500 ਸਾਲ ਪਿੱਛੋਂ ਹੋਣਾ ਸੀ।
ਇਸ ਤਰ੍ਹਾਂ ਸਾਕਾ ਕੈਲੰਡਰ ਦਾ ਰੁੱਤਾਂ ਨਾਲੋਂ ਅੰਤਰ ਇੱਕ ਮਹੀਨਾ ਪੈ ਗਿਆ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਸਮੇਂ ਸੰਨ 1999 ’ਚ ਬਿਕ੍ਰਮੀ ਸੰਮਤ ਦਾ ਚੇਤ ਮਹੀਨਾ; 14 ਮਾਰਚ ਅਤੇ ਵੈਸਾਖ ਮਹੀਨਾ; 14 ਅਪ੍ਰੈਲ ਨੂੰ ਅਰੰਭ ਹੋਇਆ ਸੀ, ਇਸ ਲਈ ਨਾਨਕਸ਼ਾਹੀ ਕੈਲੰਡਰ ’ਚ ਹਮੇਸ਼ਾਂ ਲਈ ਚੇਤ ਮਹੀਨੇ ਦਾ ਅਰੰਭ 14 ਮਾਰਚ ਅਤੇ ਵੈਸਾਖ ਮਹੀਨੇ ਦਾ ਅਰੰਭ 14 ਅਪ੍ਰੈਲ ਨਿਸ਼ਚਿਤ ਕੀਤਾ ਗਿਆ। ਇਸ ਹਿਸਾਬ ਨਾਨਕਸ਼ਾਹੀ ਕੈਲੰਡਰ; ਸੰਨ 285 ਦੀਆਂ ਰੁੱਤਾਂ ਨਾਲੋਂ ਕੇਵਲ 24 ਦਿਨ ਅੱਗੇ ਹੈ, ਜੋ ਸਾਕਾ ਕੈਲੰਡਰ ਦੇ ਮੁਕਾਬਲੇ ਰੁੱਤਾਂ ਦੇ ਵੱਧ ਨੇੜੇ ਹੈ।
ਨਾਨਕਸ਼ਾਹੀ ਕੈਲੰਡਰ ਦੇ ਸਾਲ ਅਤੇ ਸਭ ਮਹੀਨਿਆਂ ਦਾ ਅਰੰਭ; ਸਦਾ ਨਿਸ਼ਚਿਤ ਹੁੰਦਾ ਹੈ, ਜੋ ਯਾਦ ਰੱਖਣਾ ਆਸਾਨ ਹੈ ਜਦਕਿ ਸਾਕਾ ਕੈਲੰਡਰ ਦਾ ਸਾਲ ਅਤੇ ਸ਼ੁਰੂਆਤੀ ਚੇਤ ਮਹੀਨੇ ਦਾ ਅਰੰਭ; ਹਰ ਚੌਥੇ ਸਾਲ ਬਦਲ ਜਾਂਦਾ ਹੈ।
ਸਾਕਾ ਕੈਲੰਡਰ ਦੇ ਆਮ ਸਾਲਾਂ ’ਚ ਪਹਿਲਾ ਮਹੀਨਾ (ਚੇਤ) 30 ਦਿਨਾਂ ਦਾ ਅਤੇ ਲੀਪ ਸਾਲ ’ਚ 31 ਦਿਨਾਂ ਦਾ ਹੁੰਦਾ ਹੈ ਜਦਕਿ ਨਾਨਕਸ਼ਾਹੀ ਕੈਲੰਡਰ ਦਾ ਅੰਤਮ ਮਹੀਨਾ (ਫੱਗਣ) ਲੀਪ ਸਾਲ ’ਚ (30 ਦੀ ਥਾਂ) 31 ਦਿਨਾਂ ਦਾ ਹੁੰਦਾ ਹੈ, ਜੋ ਅੰਤ ’ਚ ਹੋਣ ਕਾਰਨ ਵੱਧ ਦਰੁਸਤ ਹੈ ਕਿਉਂਕਿ ਵਾਧਾ ਘਾਟਾ ਹਮੇਸ਼ਾਂ ਸਾਲ ਦੇ ਅਖੀਰ ’ਚ ਹੀ ਹੋਣਾ ਹੁੰਦਾ ਹੈ ਜਾਂ ਹੋਣਾ ਚਾਹੀਦਾ ਹੈ।
ਉਕਤ ਸਾਰਣੀ ’ਚ ਨਾਨਕਸ਼ਾਹੀ ਕੈਲੰਡਰ ਦੇ ਮਹੀਨਆਂ ਦੀਆਂ ਅਰੰਭਕ ਗ੍ਰੈਗੋਰੀਅਨ ਤਾਰੀਖ਼ਾਂ ਅਤੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਇੱਕ ਸਮਾਨ ਹੈ, ਜੋ ਯਾਦ ਰੱਖਣੀ ਆਸਾਨ ਹੈ। ਸਾਕਾ ਅਤੇ ਨਾਨਕਸ਼ਾਹੀ ਯਾਨੀ ਦੋਵੇਂ ਕੈਲੰਡਰ; ਰੁੱਤੀ (Tropical) ਹੋਣ ਕਾਰਨ ਕੁਝ ਆਪਸੀ ਸਾਂਝ ਹੋਣੀ ਸੁਭਾਵਕ ਹੈ ਜਦਕਿ ਸਾਕਾ ਕੈਲੰਡਰ ਨਾਲੋਂ ਨਾਨਕਸ਼ਾਹੀ ਕੈਲੰਡਰ ਦਾ ਅੰਤਰ ਅਤੇ ਗੁਣ; ਪੂਰਨ ਸਪਸ਼ਟ ਹੁੰਦੇ ਹਨ, ਫਿਰ ਭੀ ਇਹ 25 ਸਾਲ ਤੋਂ ਨਾਨਕਸ਼ਾਹੀ ਕੈਲੰਡਰ ਨੂੰ ਭੀ ਸਾਕਾ ਕੈਲੰਡਰ ਹੀ ਸਮਝਦਾ ਤੇ ਲਿਖਦਾ ਆ ਰਿਹਾ ਹੈ।
(ਨੁਕਤਾ 3). ਸਾਕਾ ਕੈਲੰਡਰ ਅਨੁਸਾਰ ਹਿੰਦੂਆਂ ਦੀ ਦੀਵਾਲੀ 20 ਅਕਤੂਬਰ ਦੀ ਆਉਂਦੀ ਏ ਜਦੋਂ ਕਿ ਬਿਕ੍ਰਮੀ ਕੈਲੰਡਰ ਅਨੁਸਾਰ ਸਾਡੀ ਸਿੱਖਾਂ ਦੀ ਦੀਵਾਲੀ 21 ਨੂੰ ਆਉਂਦੀ ਹੈ।
ਕਰਨਲ ਸੁਰਜੀਤ ਸਿੰਘ ਨਿਸ਼ਾਨ ਦੀ ਪੁਸਤਕ ਦਾ ਪੰਨਾ ਨੰਬਰ 79 ਵਿਖਾ ਕੇ ਇਹ ਦੱਸਦਾ ਹੈ ਕਿ ‘ਇਹ ਕਿਤਾਬ 2016 ’ਚ ਛਪੀ ਹੈ ਇਸ ’ਚ 20 ਸਾਲ ਦਾ ਕੈਲੰਡਰ ਬਣਾ ਦਿੱਤਾ। ਆਹ ਵੇਖੋ ਇਸ ਵਿਚ 21 ਦੀ ਦੀਵਾਲੀ ਲਿਖੀ ਹੈ’।
ਮੇਰੀ ਟਿੱਪਣੀ : ਕਰਨਲ ਨਿਸ਼ਾਨ ਦੀ ਜਿਸ ਪੁਸਤਕ ਦਾ ਇਹ, ਪੰਨਾ ਵਿਖਾ ਰਿਹਾ ਹੈ; ਇਸ (ਖਾਨਦਾਨੀ ਇਤਿਹਾਸਕਾਰ ਅਖਵਾਉਣ ਵਾਲੇ) ਨੇ ਉਹ ਭੀ ਢੰਗ ਨਾਲ਼ ਨਹੀਂ ਵੇਖਿਆ। ਜੇ ਵੇਖਿਆ ਹੁੰਦਾ ਤਾਂ ਇਸ ਨੂੰ ਜ਼ਰੂਰ ਪਤਾ ਲੱਗ ਜਾਂਦਾ ਕਿ ਉਸ ਵਿੱਚ 20 ਸਾਲ ਦਾ ਨਹੀਂ; ਸੰਨ 2015 ਤੋਂ 2100 ਈ: ਤੱਕ ਯਾਨੀ 86 ਸਾਲ ਦਾ ਕੈਲੰਡਰ ਵੇਰਵਾ ਹੈ। ਇਸ ਨੂੰ ਭਲੀਭਾਂਤ ਪਤਾ ਹੈ ਕਿ 2017 ’ਚ ਸ਼ਿਆਟਲ (ਯੂਐੱਸਏ) ਵਿਖੇ ਇੱਕ ਸੈਮੀਨਾਰ ’ਚ ਇਸੇ ਪੰਨੇ ਦੀਆਂ ਤਾਰੀਖ਼ਾਂ ਚੈੱਕ ਕਰਕੇ ਪੁਸਤਕ ਦੇ ਲੇਖਕ ਕਰਨਲ ਨਿਸ਼ਾਨ ਨੂੰ ਪਾਲ ਸਿੰਘ ਪੁਰੇਵਾਲ ਨੇ ਚੈਲੰਜ ਕੀਤਾ ਸੀ ਕਿ ਜੇ ਉਹ, ਦੀਵਾਲੀ ਦੀਆਂ ਇਹ ਤਾਰੀਖ਼ਾਂ 100% ਸਹੀ ਸਿੱਧ ਕਰ ਦੇਵੇ ਤਾਂ ਉਸ ਨੂੰ 5 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਜੇ 90% ਸਹੀ ਸਿੱਧ ਕਰ ਦੇਵੇ ਤਾਂ 4 ਲੱਖ ਰੁਪਏ, ਜੇ 80% ਸਹੀ ਸਿੱਧ ਕਰ ਦੇਵੇ ਤਾਂ 3 ਲੱਖ ਰੁਪਏ; 70% ਸਹੀ ਸਿੱਧ ਕਰ ਦੇਵੇ ਤਾਂ 2 ਲੱਖ ਰੁਪਏ ਅਤੇ ਜੇ 60% ਸਹੀ ਸਿੱਧ ਕਰ ਦੇਵੇ ਤਾਂ ਉਸ ਨੂੰ 1 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।
ਸੈਮੀਨਾਰ ਦੇ ਪ੍ਰਬੰਧਕਾਂ ਨੇ ਪੁਰੇਵਾਲ ਦੀਆਂ ਕੈਲਕੂਲੇਸ਼ਨਾਂ ’ਤੇ ਵਿਸ਼ਵਾਸ ਕਰਦਿਆਂ ਲੱਖ ਰੁਪਈਆਂ ਦੀ ਥਾਂ ਮਿਲੀਅਨ ਡਾਲਰ ਇਨਾਮ ਵਜੋਂ ਦੇਣ ਦਾ ਐਲਾਨ ਕਰ ਦਿੱਤਾ। ਸੈਮੀਨਾਰ ਦੀ ਸਮਾਪਤੀ ਪਿੱਛੋਂ ਪ੍ਰਬੰਧਕਾਂ ਨੇ ਸਲਾਹ ਕਰਕੇ ਇਨਾਮ ਪ੍ਰਾਪਤ ਕਰਨ ਦਾ ਦਾਅਵਾ ਜਿਤਾਉਣ ਦੀ ਮੁਨੀਆਦ 90 ਦਿਨ ਤੱਕ ਨਿਸ਼ਚਿਤ ਕਰ ਦਿੱਤੀ। ਪੁਸਤਕ ਦਾ ਲੇਖਕ ਕਰਨਲ ਨਿਸ਼ਾਨ ਤਾਂ ਸਮਝ ਗਿਆ ਕਿ ਉਸ ਦੀਆਂ 50% ਤੋਂ ਵੱਧ ਤਾਰੀਖ਼ਾਂ ਗਲਤ ਹਨ। ਇਸੇ ਕਾਰਨ ਉਹ ਈ-ਮੇਲ ਰਾਹੀਂ ਯਾਦ ਪੱਤਰ ਭੇਜੇ ਜਾਣ ਦੇ ਬਾਵਜੂਦ ਭੀ 8 ਸਾਲਾਂ ਤੋਂ ਦੜ ਵੱਟ ਕੇ ਬੈਠਾ ਹੈ ਕਿਉਂਕਿ ਦੀਵਾਲੀ ਦੀਆਂ ਤਾਰੀਖ਼ਾਂ ਸਹੀ ਸਿੱਧ ਕਰਨ ਦੀ ਹਿੰਮਤ ਨਾ ਕਰ ਸਕਿਆ। ਅਨੁਰਾਗ ਸਿੰਘ ਨੇ ਕਿਸੇ ਪ੍ਰਸਿੱਧ ਖਗੋਲ ਵਿਗਿਆਨੀ ਦਾ ਹਵਾਲਾ ਤਾਂ ਕੀ ਦੇਣਾ ਸੀ, ਉਸੇ ਕਰਨਲ ਨਿਸ਼ਾਨ ਦੀ ਪੁਸਤਕ ਦਾ ਪੰਨਾ 79 (ਜਿਸ ਦੀ ਸ਼ੁੱਧਤਾ ਚੈੱਕ ਕਰਨੀ ਤਾਂ ਦੂਰ ਰਹੀ, ਇਸ ਨੇ ਖੁਦ ਭੀ ਪੜ੍ਹਿਆ ਤੱਕ ਨਹੀਂ) ਵਿਖਾ ਕੇ ਆਪਣੇ ਯੋਗਤਾ ਦਾ ਜਨਾਜ਼ਾ ਕਢਾ ਲਿਆ ਕਿ ਆਹ ਵੇਖੋ ਸਿੱਖਾਂ ਦੀ ਦੀਵਾਲੀ 21 ਦੀ ਲਿਖੀ ਪਈ ਹੈ।
ਇਹ ਅਖੌਤੀ ਵਿਦਵਾਨ ਸਮਝ ਰਹੇ ਹਨ ਕਿ ਜੰਤਰੀਆਂ ’ਚ ਲਿਖੀ ਮੱਸਿਆ ਦੀ ਤਿੱਥ (ਦਿਨ) ਨੂੰ ਹੀ ਦੀਵਾਲੀ ਹੁੰਦੀ ਹੈ। ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਸੁਬ੍ਹਾ ਦਿਨ ਚੜ੍ਹਨ ਵੇਲ਼ੇ ਜੋ ਤਿੱਥ ਚਲਦੀ ਹੋਵੇ, ਜੰਤਰੀਆਂ ਮੁਤਾਬਕ ਉਹੀ ਤਿੱਥ; ਸਾਰਾ ਦਿਨ ਮੰਨੀ ਜਾਂਦੀ ਹੈ। ਮਿਸਾਲ ਵਜੋਂ ਜੇਕਰ ਸੂਰਜ ਚੜ੍ਹਨ ਵੇਲ਼ੇ ਦੂਜ (ਤਿੱਥ) ਹੈ ਤਾਂ ਸਾਰਾ ਦਿਨ ਦੂਜ ਹੀ ਮੰਨ ਜਾਵੇਗੀ ਬੇਸ਼ੱਕ ਉਸ ਦਿਨ ਸੂਰਜ ਉਦੇ ਹੋਣ ਤੋਂ 5 ਮਿੰਟ ਬਾਅਦ ਹੀ ਤੀਜ (ਤਿੱਥ) ਹੋ ਜਾਵੇ।
ਦੀਵਾਲੀ ਨਿਰਧਾਰਿਤ ਕਰਨ ਲਈ ਸੂਰਜ ਛਿਪਣ ਤੋਂ ਬਾਅਦ, ਪੂਰੀ ਰਾਤ ਦੇ 5ਵੇਂ ਹਿੱਸੇ ਦੇ ਸਮੇਂ ਤੱਕ ਮੱਸਿਆ ਵਾਲ਼ੀ ਤਿੱਥ ਰਹਿਣੀ ਅਤਿ ਜ਼ਰੂਰੀ ਹੁੰਦੀ ਹੈ। ਇਸ ਗਣਿਤ ਅਨੁਸਾਰ ਕਈ ਵਾਰ ਕੱਤਕ ਵਦੀ ਚਉਦਸ ਨੂੰ ਤੇ ਕਈ ਵਾਰ ਮੱਸਿਆ ਵਾਲੇ ਦਿਨ; ਦੀਵਾਲੀ ਆ ਜਾਂਦੀ ਹੈ; ਜਿਵੇਂ ਕਿ ‘ਸ੍ਰੀ ਕਾਸ਼ੀ ਵਿਦਵਤ ਪ੍ਰੀਸ਼ਦ (Shri Kashi Academic Council) ਦਾ ਫੈਸਲਾ ਕੱਤਕ ਵਦੀ ਚਉਦਸ ਦੇ ਹੱਕ ’ਚ, ਹਿੰਦੀ ਜਾਗਰਣ ਅਖ਼ਬਾਰ ਦੀ ਖ਼ਬਰ https://www.jagran.com/uttar-pradesh/varanasi-city-varanasi-news-diwali-to-be-celebrated-on-october-20th-confirms-kashi-vidvat-parishad-24070762.html ’ਤੇ ਦਿੱਤਾ ਹੋਇਆ ਹੈ।
ਸੂਰਜੀ ਦਿਨ (ਦਿਨ+ਰਾਤ) ਦੀ ਲੰਬਾਈ ਤਾਂ ਹਮੇਸ਼ਾਂ ਤਕਰੀਬਨ 24 ਘੰਟੇ ਰਹਿੰਦੀ ਹੈ, ਪਰ ਪ੍ਰਸਿੱਧ ਪੰਚਾਂਗਕਾਰ ਐੱਨ.ਸੀ. ਲੈਹਰੀ ਮੁਤਾਬਕ ਤਿੱਥ ਦੀ ਲੰਬਾਈ 19 ਘੰਟੇ 59 ਮਿੰਟ ਤੋਂ ਲੈ ਕੇ 26 ਘੰਟੇ 47 ਮਿੰਟ ਤੱਕ ਵਧਦੀ ਘਟਦੀ ਰਹਿੰਦੀ ਹੈ। ਜਦ ਕੱਤਕ ਦੀ ਮੱਸਿਆ (ਤਿੱਥ) ਦੀ ਲੰਬਾਈ; ਸੂਰਜੀ ਦਿਨ ਦੀ ਲੰਬਾਈ ਨਾਲੋਂ ਬਹੁਤ ਵਧ ਜਾਵੇ ਤਾਂ ਉਕਤ ਗਣਿਤ ਅਨੁਸਾਰ ਦੋਵੇਂ ਦਿਨ ਦੀਵਾਲੀ ਹੋ ਸਕਦੀ ਹੈ, ਪਰ ਜੇ ਮੱਸਿਆ (ਤਿੱਥ) ਦੀ ਲੰਬਾਈ ਬਹੁਤ ਘਟ ਜਾਵੇ ਤਾਂ ਕਈ ਵਾਰ ਐਸਾ ਭੀ ਹੁੰਦਾ ਹੈ ਕਿ ਦੋਵੇਂ ਦਿਨ; ਦੀਵਾਲੀ ਤੇ ਲਛਮੀ ਪੂਜਾ ਦਾ ਮਹੂਰਤ ਹੀ ਨਾ ਨਿਕਲੇ। ਅਜਿਹੀ ਸਥਿਤੀ ’ਚ ਹੋਰ ਗੁੰਝਲ਼ਦਾਰ ਨਿਯਮਾਂ ਮੁਤਾਬਕ ਦੀਵਾਲੀ ਦਾ ਦਿਨ ਨਿਸ਼ਚਿਤ ਕੀਤਾ ਜਾਂਦਾ ਹੈ, ਜੋ ਅਕਸਰ ਮਗਰਲੇ ਦਿਨ ਭਾਵ ਮੱਸਿਆ (ਤਿੱਥ) ਨੂੰ ਹੀ ਦੀਵਾਲੀ ਹੋਵੇਗੀ।
ਅਨੁਰਾਗ ਸਿੰਘ ਵਰਗੇ, ਜੋ ਆਪਣੇ ਵੱਲੋਂ ਵਿਖਾਈਆਂ ਪੁਸਤਕਾਂ ਦੇ ਮੂਲ ਪੰਨਿਆਂ ਦੀ ਅਸਲੀਅਤ ਹੀ ਨਾ ਪੜ੍ਹ ਤੇ ਸਮਝ ਸਕੇ ਹੋਣ, ਉਸ ਦੀ ਸ਼ੁੱਧਤਾ ਚੈੱਕ ਕਰਨ ਦੀ ਯੋਗਤਾ ਹੀ ਨਾ ਰੱਖਦੇ ਹੋਣ, ਉਹ ਖ਼ਾਹ-ਮਖ਼ਾਹ ਹੀ ਆਪਣੀ ਬੈਕਗਰਾਊਂਡ ’ਚ ਲਾਇਬ੍ਰੇਰੀ ਦੀਆਂ ਪੁਸਤਕਾਂ ਵਿਖਾ-ਵਿਖਾ ਆਪਣੇ ਪਿਤਾ-ਪੁਰਖੀ ਖੋਜ ਦਾ ਹਵਾਲਾ ਦੇ ਕੇ ਆਮ ਪਾਠਕਾਂ ’ਚ ਵਿਦਵਾਨ ਬਣਨ ਦਾ ਸੁਪਨਾ ਪਾਲ਼ ਰਹੇ ਹਨ। ਇਸ ਨੂੰ ਚੁਣੌਤੀ ਹੈ ਕਿ ਬਹੁਤੀਆਂ ਅਗਲੀਆਂ ਪਿਛਲੀਆਂ ਤਾਰੀਖ਼ਾਂ ਦੀ ਸ਼ੁੱਧਤਾ ਚੈੱਕ ਕਰਨੀ ਤਾਂ ਇਸ ਦੇ ਵੱਸ ’ਚ ਨਹੀਂ; ਸਿਰਫ 8 ਸਾਲਾਂ (ਸੰਨ 2019 ਤੋਂ 2026/27 ਦੀਆਂ ਪੰਚਾਂਗਾਂ/ਜੰਤਰੀਆਂ ਬਾਜ਼ਾਰ ’ਚ ਆ ਚੁੱਕੀਆਂ ਹਨ, ਉਨ੍ਹਾਂ) ਦੀਆਂ ਤਾਰੀਖ਼ਾਂ ਦਾ ਸ੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਜਾਂਦੇ ਕੈਲੰਡਰਾਂ ਦੀਆਂ ਤਾਰੀਖ਼ਾਂ ਨਾਲ ਮਿਲਾਨ ਕਰਕੇ; ਕਰਨਲ ਨਿਸ਼ਾਨ ਵੱਲੋਂ ਆਪਣੀ ਪੁਸਤਕ ’ਚ ਦੀਵਾਲੀ/ਬੰਦੀਛੋੜ ਦਿਵਸ ਦੀਆਂ ਦਿੱਤੀਆਂ ਤਾਰੀਖ਼ਾਂ ਸਹੀ ਸਿੱਧ ਕਰਕੇ ਵਿਖਾਵੇ।
ਪਾਠਕਾਂ ਦੀ ਜਾਣਕਾਰੀ ਹਿੱਤ ਦੱਸ ਦੇਈਏ ਕਿ ਹਿੰਦੂ ਸ਼ਾਸਤਰਾਂ ਅਨੁਸਾਰ ਸੰਨ 2019, 2020, 2022, 2023, 2025 ’ਚ ਦੀਵਾਲੀ ਮੱਸਿਆ (ਤੱਥ) ਨੂੰ ਨਹੀਂ; ਕੱਤਕ ਵਦੀ ਚਉਦਸ ਨੂੰ ਸੀ ਤੇ 2026 ’ਚ ਭੀ ਦੀਵਾਲੀ ਕੱਤਕ ਵਦੀ ਚਉਦਸ (ਤਿੱਥ) ਨੂੰ ਹੋਵੇਗੀ ਯਾਨੀ ਇਨ੍ਹਾਂ 8 ਸਾਲਾਂ ’ਚ ਸਿਰਫ ਦੋ ਵਾਰ (ਸੰਨ 2021 ਤੇ 2024 ’ਚ) ਦੀਵਾਲੀ ਮੱਸਿਆ ਨੂੰ ਸੀ, ਬਾਕੀ 6 ਸਾਲ; ਕੱਤਕ ਵਦੀ ਚਉਦਸ ਨੂੰ ਸੀ ਤੇ 2026 ’ਚ ਵੀ ਚਉਦਸ ਦੀ ਹੋਵੇਗੀ। ਇਸ ਬਾਬਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੇ ਜਾ ਰਹੇ ਪਿਛਲੇ ਸਾਲਾਂ ਦੇ ਕੈਲੰਡਰ ਚੈੱਕ ਕੀਤੇ ਜਾ ਸਕਦੇ ਹਨ। ਜਿਨ੍ਹਾਂ ’ਚ ਕੇਵਲ 2025 ਨੂੰ ਛੱਡ ਕੇ ਉਸੇ ਦਿਨ (ਬੰਦੀਛੋੜ ਦਿਵਸ) ਦਰਜ ਹੈ, ਜਿਸ ਦਿਨ ਹਿੰਦੂ ਸ਼ਾਸਤਰਾਂ ਮੁਤਾਬਕ ਦੀਵਾਲੀ ਹੈ।
ਸੰਨ 2025 ’ਚ ਭੀ ਦੀਵਾਲੀ ਨਾਲ਼ੋਂ ਬੰਦੀਛੋੜ ਦਾ ਫ਼ਰਕ ਇਸ ਕਾਰਨ ਨਹੀਂ ਪਾਇਆ ਕਿ ਸ੍ਰੋਮਣੀ ਕਮੇਟੀ; ਬੰਦੀਛੋੜ ਦਿਵਸ ਨੂੰ ਹਿੰਦੂਆਂ ਦੀ ਦੀਵਾਲੀ ਤੋਂ ਵੱਖ ਕਰਨਾ ਚਾਹੁੰਦੀ ਹੈ ਬਲਕਿ ਇਸ ਦਾ ਕਾਰਨ ਇਹ ਹੈ ਕਿ ਸ਼੍ਰੋਮਣੀ ਕਮੇਟੀ; ਦੇਵੀ ਦਿਆਲ ਜਲੰਧਰ ਵਾਲਿਆਂ ਦੀ ਜੰਤਰੀ ਦੀ ਨਕਲ ਮਾਰ ਕੇ ਆਪਣਾ ਕੈਲੰਡਰ ਤਿਆਰ ਕਰਦੀ ਹੈ ਤੇ ਦੇਵੀ ਦਿਆਲ ਦੇ ਉੱਤਰਾਧਿਕਾਰੀ; ਹੁਣ ਕੈਲੰਡਰ ਵਿਗਿਆਨ ਤੇ ਸ਼ਾਸਤਰ ਵਿਦਿਆ ਦੇ ਬਹੁਤੇ ਮਾਹਰ ਨਹੀਂ, ਜਿਸ ਕਾਰਨ ਉਨ੍ਹਾਂ ਤੋਂ ਅਕਸਰ ਐਸੀਆਂ ਗਲਤੀਆਂ ਰਹਿ ਜਾਂਦੀਆਂ ਹਨ।
ਜੇ ਸ੍ਰੋਮਣੀ ਕਮੇਟੀ, ਕਰਨਲ ਨਿਸ਼ਾਨ ਤੇ ਅਨੁਰਾਗ ਸਿੰਘ; ਇਹ ਸਾਰੇ ਮੰਨਦੇ ਹਨ ਕਿ ਸਿੱਖਾਂ ਦੀ ਦੀਵਾਲੀ ਕੱਤਕ ਦੀ ਮੱਸਿਆ ਨੂੰ ਹੀ ਹੁੰਦੀ ਹੈ ਤਾਂ 15 ਦਿਨਾਂ ਤੱਕ ਭੀ ਕਿਸੇ ਮੁਢਲੇ ਹਵਾਲੇ (Source); ਜਿਵੇਂ ਕਿ ਕਿਸੇ ਭੱਟ ਬਹੀ ਦਾ ਹਵਾਲਾ ਦੇ ਕੇ ਸਿੱਧ ਕਰਨ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ; ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਕਰਵਾ ਕੇ ਕੱਤਕ ਵਦੀ ਮੱਸਿਆ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚੇ ਸਨ। ਨਹੀਂ ਤਾਂ ਇਸ ਦੇ ਇਤਿਹਾਸਕਾਰ ਪਿਤਾ (ਡਾ: ਤਰਲੋਚਨ ਸਿੰਘ) ਦੀਆਂ ਪੁਸਤਕਾਂ ਦੀ ਭੀ ਖੋਜ ਪੜਤਾਲ ਕਰਕੇ ਉਸ ਦੀ ਇਤਿਹਾਸਕਾਰੀ ਭੀ ਚੈੱਕ ਕੀਤੀ ਜਾਵੇਗੀ।
(ਨੁਕਤਾ 4). ਬਾਬਰ ਦੀ ਡਾਇਰੀ ਦਾ ਹਵਾਲਾ ਦੇ ਕੇ ਅਨੁਰਾਗ ਸਿੰਘ ਆਖਦਾ ਹੈ ਕਿ ‘ਜਦੋਂ ਉਸ (ਬਾਬਰ) ਵੱਲੋਂ ਦਿੱਤੀਆਂ ਗਈਆਂ ਹਿਜ਼ਰੀ ਕੈਲੰਡਰ ਦੀਆਂ ਤਾਰੀਖ਼ਾਂ ਨੂੰ ਦੂਸਰੀਆਂ ਪੱਧਤੀਆਂ ’ਚ ਤਬਦੀਲ ਕਰਕੇ ਉਨ੍ਹਾਂ ਦੀਆਂ ਤਿੱਥਾਂ ਤਾਰੀਖ਼ਾਂ ਚੈੱਕ ਕਰੀਦੀਆਂ ਹਨ ਤਾਂ ਉਹ ਸਾਰੀਆਂ ਹੀ ਠੀਕ ਹਨ ਪਰ ਦਿਨ ਸਹੀ ਨਹੀਂ ਹਨ’। ਇਸ ਦਾ ਕਾਰਨ ਭੀ ਉਹ ਆਪ ਦੱਸਦਾ ਹੈ ਕਿ ‘ਜਦੋਂ ਜੂਲੀਅਨ ਤੋਂ ਗ੍ਰੈਗੋਰੀਅਨ ਕੈਲੰਡਰ ’ਚ ਤਬਦੀਲ ਕੀਤਾ ਉਦੋਂ 10 ਤਾਰੀਖਾਂ ਦੀ ਅਡਜਸਟਮੈਂਟ ਕੀਤੀ ਜੋ ਬਾਅਦ ’ਚ 14 ਤਾਰੀਖਾਂ ਦੀ ਹੋ ਗਈ ਪਰ ਵਾਰਾਂ ਦੀ ਤਾਂ ਕੀਤੀ ਨਹੀਂ। ਪਰ ਵਾਰ ਵੀ ਅਡਜਸਟਮੈਂਟ ਕਰਨ ਵਾਲੀ ਚੀਜ ਨਹੀਂ। ਹੋ ਸਕਦਾ ਹੈ ਕਿ ਕਿਸੇ ਨੂੰ ਭੁਲੇਖਾ ਲੱਗ ਗਿਆ ਹੋਵੇ’।
ਮੇਰੀ ਟਿੱਪਣੀ : ਇਸ ਜਾਲ੍ਹੀ ਬਣੇ ਪੀਐੱਚਡੀ ਡਾਕਟਰ ਅਤੇ ਪ੍ਰੋਫੈਸਰ, ਜਿਸ ਦਾ ਪਰਦਾਫਾਸ਼ ਡਾ: ਹਰਿਭਜਨ ਸਿੰਘ ਦੇਹਰਾਦੂਨ ਵਾਲੇ ਕਰ ਚੁੱਕੇ ਹਨ; ਨੂੰ ਇਹ ਭੀ ਨਹੀਂ ਪਤਾ ਕਿ ਦਿਨ ਨਾ ਮਿਲਣ ਦਾ ਕਾਰਨ ਉਹ ਨਹੀਂ ਹੈ, ਜੋ ਇਹ ਦੱਸ ਰਿਹਾ ਹੈ ਬਲਕਿ ਬਿਕ੍ਰਮੀ ਕੈਲੰਡਰ ਦੀਆਂ ਤਿੱਥਾਂ, ਪ੍ਰਵਿਸ਼ਟੇ ਸਵੇਰੇ ਦਿਨ ਚੜ੍ਹੇ ਬਦਲਦੇ ਹਨ, ਹਿਜ਼ਰੀ ਕੈਲੰਡਰ ਦੀਆਂ ਤਾਰੀਖ਼ਾਂ ਸ਼ਾਮ ਨੂੰ ਸੂਰਜ ਛਿਪੇ ਬਦਲਦੀਆਂ ਹਨ ਤੇ ਜੂਲੀਅਨ/ਗ੍ਰੈਗੋਰੀਅਨ ਕੈਲੰਡਰ ਅਤੇ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ; ਰਾਤ ਨੂੰ 12 ਵਜੇ ਬਦਲਦੀਆਂ ਹਨ। ਇਸ ਲਈ ਜੇਕਰ ਰਾਤ ਦੇ ਸਮੇਂ ਕੋਈ ਤਿੱਥ; ਤਾਰੀਖ਼ ਦੀ ਤਬਦੀਲੀ ਕਰਨੀ ਹੋਵੇ ਤਾਂ ਕਈ ਵਾਰ 1 ਦਿਨ ਦਾ ਅੰਤਰ ਪੈ ਸਕਦਾ ਹੈ। ਸਿਰਫ ਉਹੀ ਤਾਰੀਖ਼ ਸਹੀ ਮੰਨੀ ਜਾਵੇਗੀ, ਜਿਸ ਨਾਲ ਦਿੱਤਾ ਦਿਨ ਵੀ ਸਹੀ ਆਉਂਦਾ ਹੋਵੇ।
(ਨੁਕਤਾ 5). ਦੀਵਾਲੀ ਉਨ੍ਹਾਂ ਦੀ ਫ਼ਤਹਿ ਹੈ। ਫ਼ਤਹਿ ਤੋਂ ਭਾਵ ਉਨ੍ਹਾਂ (ਰਾਮਚੰਦਰ) ਨੇ ਪਸ਼ਚਾਤਾਪ ਕੀਤਾ ਕਿ ਮੇਰੇ ਵੱਲੋਂ ਬ੍ਰਹਮਣ ਦੀ ਹੱਤਿਆ ਹੋਈ ਹੈ। (ਰਾਵਣ) ਬ੍ਰਹਮਣ ਸੀ ਸ਼ਿਵ ਜੀ ਦਾ ਪੁਜਾਰੀ ਸੀ ਇਸ ਲਈ ਰਮੇਸ਼ਵਰਮ ਵਿਖੇ ਉਨ੍ਹਾਂ ਸ਼ਿਵ ਜੀ ਦੀ ਪੂਜਾ ਕੀਤੀ। ਇਹ ਇਤਿਹਾਸ ਹੈ ਜਿਸ ਨੂੰ ਮਿਟਾ ਨਹੀਂ ਸਕਦੇ।
ਮੇਰੀ ਟਿੱਪਣੀ : ਇਸ ਅਖੌਤੀ ਵਿਦਵਾਨ ਨੂੰ ਇਹ ਭੀ ਨਹੀਂ ਪਤਾ ਕਿ ਹਿੰਦੂ ਫ਼ਤਹਿ ਦਿਵਸ, ਦੀਵਾਲੀ ਨੂੰ ਸ਼ਿਵ ਜੀ ਦੀ ਪੂਜਾ ਕਰਕੇ ਨਹੀਂ ਬਲਕਿ ਦੁਸਹਿਰੇ ਵਾਲੇ ਦਿਨ (ਰਾਵਣ, ਮੇਘ ਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜ ਕੇ) ਵਦੀ ’ਤੇ ਨੇਕੀ ਦੀ ਜਿੱਤ ਦਾ ਜਸ਼ਨ ਮਨਾਉਂਦੇ ਹਨ। ਜਿਸ ਬੰਦੇ ਨੂੰ ਇਤਿਹਾਸ ਅਤੇ ਬਿਕ੍ਰਮੀ ਕੈਲੰਡਰ ਦੀਆਂ ਗੁੰਝਲ਼ਾਂ ਸਬੰਧੀ ਆਮ ਗਿਆਨ ਭੀ ਨਹੀਂ, ਉਸ ਨੂੰ ਕੀ ਕਹੀਏ। ਗੁਰੂ ਨਾਨਕ ਸਾਹਿਬ ਜੀ ਦੇ ਐਸੇ ਬੰਦਿਆਂ ਪ੍ਰਥਾਇ ਵਾਕ ਹੈ, ‘‘ਇਕਨਾ ਸੁਧਿ ਨ ਬੁਧਿ, ਨ ਅਕਲਿ ਸਰ; ਅਖਰ ਕਾ ਭੇਉ ਨ ਲਹੰਤਿ ॥ ਨਾਨਕ ! ਸੇ ਨਰ ਅਸਲਿ ਖਰ (ਖੋਤੇ); ਜਿ ਬਿਨੁ ਗੁਣ, ਗਰਬੁ ਕਰੰਤਿ ॥’’ (ਮਹਲਾ ੧/੧੨੪੬) ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਜੋ ਭੂਤ ਵਰਗੇ ਸ਼ਿਵ ਜੀ ਅਤੇ ਸੀਤਲਾ ਵੱਲ ਜਾਂਦਾ ਹੈ ਭਾਵ ਉਨ੍ਹਾਂ ਦੀ ਅਰਾਧਣਾ ਕਰਦਾ ਹੈ; ਉਹ (ਸੀਤਲਾ ਵਾਙ) ਖੋਤੇ ਦੀ ਸਵਾਰੀ ਕਰਦਾ ਹੈ ਤੇ ਖੋਤੇ ਵਾਙ ਸੁਆਹ ਹੀ ਉਡਾਉਂਦਾ ਹੈ, ‘‘ਭੈਰਉ ਭੂਤ, ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥’’ (ਭਗਤ ਨਾਮਦੇਵ ਜੀ/੮੭੪) ਨੋਟ- ਭੈਰਉ ਭੂਤ; ਸ਼ਿਵ ਜੀ ਦਾ ਇੱਕ ਡਰਾਉਣਾ ਰੂਪ ਹੈ।










