ਮਸਲਾ ਪੰਜਾਬ ਯੂਨੀਵਰਸਿਟੀ ਵਿੱਚ ਵਾਪਰੇ ਦੁਖਾਂਤ ਦਾ

0
345

ਮਸਲਾ ਪੰਜਾਬ ਯੂਨੀਵਰਸਿਟੀ ਵਿੱਚ ਵਾਪਰੇ ਦੁਖਾਂਤ ਦਾ

ਵਿੱਦਿਅਕ ਅਦਾਰਿਆਂ ਨਾਲ ਜੁੜੇ ਮੁੱਦਿਆਂ ਪ੍ਰਤੀ ਅਵੇਸਲਾਪਣ

ਇਕਵਾਕ ਸਿੰਘ ਪੱਟੀ

ਦੁਨੀਆ ਭਰ ਦੀ ਰੈਂਕਿੰਗ ਵਿੱਚੋਂ ਭਾਰਤ ਦੀ ਇਹ ਅੱਵਲ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਭਾਰਤ ਦੀਆਂ ਸੱਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਜੋ ਸੰਨ 1882 ਵਿੱਚ ਲਹੌਰ ਵਿਖੇ ਕਾਇਮ ਕੀਤੀ ਗਈ ਸੀ। ਇਸ ਨੇ ਟੈਕਨੋਲੋਜੀ, ਖੇਡਾਂ, ਕਲਾ, ਵਿਗਿਆਨ ਅਤੇ ਹਰ ਖੇਤਰ ਵਿੱਚ ਨਾਮਣਾ ਖੱਟਿਆ ਹੈ, ਪਰ ਪੰਜਾਬ ਯੂਨੀਵਰਸਿਟੀ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਦਾ ਕਾਰਨ ਸਾਡੀਆਂ ਸਰਕਾਰਾਂ ਅਤੇ ਗ਼ੈਰ ਸਰਕਾਰੀ ਸੰਸਥਾਵਾਂ ਵੱਲੋਂ ਵਿੱਦਿਅਕ ਅਦਾਰਿਆਂ ਨਾਲ ਜੁੜੇ ਮੁੱਦਿਆਂ ਪ੍ਰਤੀ ਅਵੇਸਲੇਪਣ ਦਾ ਪ੍ਰਤੀਕ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਫ਼ੀਸਾਂ ਵਿੱਚ ਇੱਕ ਦਮ ਕੀਤੇ ਗਏ ਭਾਰੀ ਵਾਧੇ ਦੇ ਵਿਰੋਧ, ਰੋਸ ਕਰ ਰਹੇ ਆਪਣੀ ਹੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿਰੁੱਧ ਪੁਲਿਸ ਪ੍ਰਸ਼ਾਸ਼ਨ ਰਾਹੀਂ ਅੱਥਰੂ ਗੈਸ, ਲਾਠੀਚਾਰਜ, ਪਾਣੀ ਦੀ ਵਾਛੜ ਨਾਲ ਲਗਭਗ 20 ਵਿਦਿਆਰਥੀਆਂ ਨੂੰ ਜ਼ਖਮੀ ਕਰ ਕੇ (35 ਦੇ ਕਰੀਬ ਪੁਲਿਸ ਕਰਮੀ ਵੀ ਜ਼ਖਮੀ ਹੋਏ), 52 ਵਿਦਿਆਰਥੀਆਂ ਨੂੰ ਗਿ੍ਰਫਤਾਰ ਕਰ ਕੇ ਅਤੇ 62 ਦੇ ਕਰੀਬ ਵਿਦਿਆਰਥੀਆਂ ਵਿਰੁੱਧ ਕੇਸ ਦਰਜ ਕਰ ਕੇ, ਇਹਨਾਂ ਸੱਭ ਵਿਦਿਆਰਥੀਆਂ ਦੇ ਇਸ ਸੰਘਰਸ਼ ਨੂੰ ਦੇਸ਼ ਧ੍ਰੋਹ ਦਾ ਨਾਂ ਦੇਣਾ, ਪੂਰੇ ਦੇਸ਼ ਲਈ ਅਤੇ ਦੇਸ਼ ਦੇ ਵਿੱਦਿਅਕ ਢਾਂਚੇ ਲਈ ਇੱਕ ਸ਼ਰਮਨਾਕ ਗੱਲ ਹੈ ਭਾਵੇਂ ਕਿ ਦੇਸ਼ ਧਰੋਹ ਦੇ ਮਾਮਲੇ ਸੰਬੰਧੀ ਇਹ ਧਾਰਾ ਬਾਅਦ ਵਿੱਚ ਹਟਾ ਦਿੱਤੀ ਗਈ ਹੈ।

ਮੀਡੀਆ ਰਾਹੀਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਯੂਨੀਵਰਸਿਟੀ ਆਰਥਕ ਪੱਖੋਂ ਘਾਟੇ ਵਿੱਚ ਜਾ ਰਹੀ ਹੈ ਅਤੇ ਯੂ. ਜੀ. ਸੀ ਸਮੇਤ ਪੰਜਾਬ ਸਰਕਾਰ ਵੱਲੋਂ ਮਾਲੀ ਤੌਰ ’ਤੇ ਮਦਦ ਮਿਲਣ ਦੀ ਫਿਲਹਾਲ ਕੋਈ ਸੰਭਾਵੀ ਆਸ ਵੀ ਨਹੀਂ ਹੈ, ਪਰ ਇੱਕ ਦਮ ਇਹ ਸਾਰਾ ਬੋਝ ਉਕਤ ਵਿਦਿਆਲੇ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਨੌਜਵਾਨ ਵਿਦਿਆਰਥੀਆਂ ਉੱਤੇ 12.5 ਫੀਸਦੀ ਅਤੇ ਕੁੱਝ ਕੋਰਸਾਂ ਵਿੱਚ ਬੇਤਹਾਸ਼ਾ ਫੀਸਾਂ ਦੇ ਵਾਧੇ ਰਾਹੀਂ ਪਾ ਦੇਣਾ, ਕਿਸੇ ਵੀ ਪੱਖ ਤੋਂ ਠੀਕ ਨਹੀਂ ਲੱਗਦਾ ਅਤੇ ਫਿਰ ਨੌਜਵਾਨ ਵਿਦਿਆਰਥੀਆਂ ਦੇ ਫੀਸਾਂ ਵਾਧੇ ਵਿਰੁਧ ਰੋਸ ਜ਼ਾਹਰ ਕਰਦਿਆਂ ਉੱਤੇ ਹਮਲਾਵਰ ਰੁਖ ਅਖ਼ਤਿਆਰ ਕਰਨਾ ਅਤਿ ਨਿੰਦਣਯੋਗ ਵਿਵਹਾਰ ਕਿਹਾ ਜਾ ਸਕਦਾ ਹੈ।

ਵਿਦਿਆਰਥੀਆਂ ਨਾਲ ਹੋਈ ਗੱਲਬਾਤ ਰਾਹੀਂ ਪਤਾ ਲੱਗਾ ਕਿ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਵੱਲੋਂ 40 ਫੀਸਦੀ ਅਦਾਇਗੀ ਕਰਨੀ ਹੁੰਦੀ ਹੈ, ਜਦ ਕਿ ਉਹ 40 ਫੀਸਦੀ ਦੀ ਥਾਂ ਕੇਵਲ 20 ਕਰੋੜ ਤੱਕ ਸਿਮਟ ਕੇ ਰਹਿ ਗਈ ਹੈ, ਦੂਜੇ ਪਾਸੇ ਯੂ. ਜੀ. ਸੀ. ਜਿਹੀ ਸੰਸਥਾ ਵੱਲੋਂ ਦਸੰਬਰ 2016 ਵਿੱਚ ਕਿਸੇ ਵੀ ਤਰ੍ਹਾਂ ਦੀ ਮਾਲੀ ਮਦਦ ਨਾ ਦੇਣ ਸੰਬੰਧੀ ਕੋਰਾ ਜਵਾਬ ਮਿਲਣ ’ਤੇ ਉੱਪ ਕੁਲਪਤੀ ਵੱਲੋਂ ਕਿਹਾ ਜਾਣਾ ਕਿ ਯੂਨੀਵਰਸਿਟੀ ਬੰਦ ਕਰਨ ਦੀ ਨੌਬਤ ਆ ਸਕਦੀ ਹੈ ਇੱਕ ਚਿੰਤਾਜਨਕ ਵਿਸ਼ਾ ਸੀ ਪਰ ਬਾਵਜੂਦ ਇਸ ਦੇ ਕਿਸੇ ਪਾਸਿਉਂ ਕੋਈ ਮਦਦ ਨਾ ਮਿਲ ਸਕੀ। ਸ਼ਾਇਦ ਇਹੀ ਕਾਰਨ ਹੈ ਕਿ ਪ੍ਰਬੰਧਕਾਂ ਵੱਲੋਂ ਮਾਇਕ ਬੋਝ ਵਿਦਿਆਰਥੀਆਂ ਦੇ ਸਿਰ ’ਤੇ ਪਾਉਣ ਦੀ ਤਿਆਰੀ ਕਰ ਲਈ ਗਈ ਹੈ।

ਜਿਵੇਂ ਕਿ ਸਾਡੇ ਵਿੱਦਿਅਕ ਅਦਾਰੇ ਸਾਡੇ ਅੰਦਰ ਦੇਸ਼ ਭਗਤੀ ਦਾ ਜਜ਼ਬਾ ਭਰਨ ਦੇ ਨਾਲ ਨਾਲ ਸਾਡੇ ਅੰਦਰ ਨੈਤਿਕਤਾ ਦੇ ਗੁਣ ਵੀ ਭਰਦੇ ਹਨ, ਜਿਸ ਦਾ ਮਕਸਦ ਵਿਦਿਆਰਥੀਆਂ ਦੇ ਮਨਾਂ ਵਿੱਚ ਆਪਸੀ ਪਿਆਰ, ਭਾਈਚਾਰਕ ਸਾਂਝ, ਹੱਕ ਅਤੇ ਸੱਚ ਲਈ ਡੱਟ ਜਾਣ ਦੀ ਭਾਵਨਾ ਭਰਨਾ ਹੁੰਦਾ ਹੈ। ਇਸ ਵਿੱਚ ਵੀ ਕੁੱਝ ਅਜਿਹੀ ਭਾਵਨਾ ਹੀ ਕੰਮ ਕਰ ਰਹੀ ਹੈ ਕਿਉਂਕਿ ਜੋ ਵਿਦਿਆਰਥੀ ਇਸ ਸਾਲ ਆਪਣੇ ਕੋਰਸ ਪੂਰੇ ਕਰਨ ਜਾ ਰਹੇ ਹਨ ਉਹਨਾਂ ਦਾ ਇਸ ਫੀਸਾਂ ਦੇ ਵਾਧੇ ਨਾਲ ਕੋਈ ਸੰਬੰਧ ਨਹੀਂ ਅਤੇ ਵਧੀਆਂ ਦਰਾਂ 2017 ਦੇ ਅਗਾਉਂ ਸੈਸ਼ਨ ਵਿੱਚ ਲਾਗੂ ਹੋਣਗੀਆਂ ਜਦ ਯੂਨੀਵਰਸਿਟੀ ਵਿੱਚ ਨਵੇਂ ਵਿਦਿਆਰਥੀ ਦਾਖ਼ਲਾ ਲੈਣ ਆਉਣਗੇ ਪਰ ਉਹਨਾਂ ਦੇ ਹੱਕ ਲਈ ਅਤੇ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਉਹਨਾਂ ਵਿਦਿਆਰਥੀਆਂ ਲਈ ਜਿਨ੍ਹਾਂ ਨੇ ਆਪਣੇ ਹਾਲ ਵਿੱਚ ਕੋਰਸ ਪੂਰੇ ਕਰਨ ਉਪਰੰਤ ਇਸੇ ਯੂਨੀਵਰਸਿਟੀ ਵਿੱਚ ਅਗਲੇ ਕੋਰਸਾਂ ਲਈ ਦਾਖ਼ਲਾ ਲੈਣਾ ਹੈ ਕਿਉਂਕਿ ਇਸ ਵਾਧੇ ਦੇ ਨਾਲ ਗਰੀਬੀ ਨਾਲ ਜੂਝਦਿਆਂ ਹੋਇਆਂ ਵੀ ਵਿਦਿਅਕ ਖੇਤਰ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀ ਯੂਨੀਵਰਸਿਟੀ ਤੱਕ ਪਹੁੰਚ ਹੀ ਨਹੀਂ ਸਕਣਗੇ।

ਇਸੇ ਸੰਦਰਭ ਵਿੱਚ ਫ਼ੀਸਾਂ ਵਿਰੁੱਧ ਵਾਧੇ ਸੰਬੰਧੀ ਵਿਦਿਆਰਥੀਆਂ ਦੀ ਜੁਆਇੰਟ ਸਟੂਡੈਂਟ ਕਮੇਟੀ ਵੱਲੋਂ ਕਲਾਸਾਂ ਦੇ ਬਾਈਕਾਟ ਨਾਲ ਯੂਨੀਵਰਸਿਟੀ ਬੰਦ ਦਾ ਐਲਾਨ ਕੀਤਾ ਹੋਇਆ ਸੀ ਅਤੇ ਉੱਪ ਕੁਲਪਤੀ ਦੇ ਦਫਤਰ ਸਾਹਮਣੇ ਬੈਠੇ ਆਪਣਾ ਪ੍ਰਦਰਸ਼ਨ ਕਰ ਰਹੇ ਸਨ, ਪਰ ਜਦ ਕਾਫੀ ਸਮੇਂ ਤੱਕ ਅੰਦਰੋਂ ਕੋਈ ਵੀ ਬਾਹਰ ਗੱਲਬਾਤ ਕਰਨ ਲਈ ਨਹੀਂ ਆਇਆ ਤਾਂ ਵਿਦਿਆਰਥੀਆਂ ਨੇ ਬੈਰੀਗੇਟ ਟੱਪ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਇੱਕ ਵਿਦਿਆਰਥਣ ਬੇਹੋਸ਼ ਹੋ ਗਈ ਅਤੇ ਗੁੱਸੇ ਦਾ ਲਾਵਾ ਫੁੱਟ ਪਿਆ। ਇਸੇ ਹਫੜਾ ਦਫੜੀ ਦੌਰਾਨ ਦੋਹਾਂ ਪਾਸਿਆਂ ਤੋਂ ਤਲਖੀ ਵੱਧਣ ਕਰਕੇ ਮਾਹੌਲ ਹਿੰਸਕ ਹੋ ਗਿਆ ਅਤੇ ਪੁਲਿਸ ਵੱਲੋਂ ਅੱਥਰੂ ਗੈਸ, ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਗਈ। ਜਿਸ ਦੌਰਾਨ ਦੋਹਾਂ ਪਾਸਿਉਂ ਕਾਫੀ ਨੁਕਸਾਨ ਹੋਇਆ। ਇਸ ਦੇ ਨਾਲ ਹੀ ਪੁਲਿਸ ਕਰਮੀਆਂ ਵੱਲੋਂ ਵਿਦਿਆਰਥੀਆਂ ਨੂੰ ਹੋਸਟਲ ਦੇ ਕਮਰਿਆਂ ਅਤੇ ਕਲਾਸਾਂ ਵਿੱਚੋਂ ਕੱਢ ਕੱਢ ਕੇ ਮਾਰਨਾ, ਕੁੱਟਣਾ ਅਤੇ ਵਿਦਿਆਰਥੀਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਲਈ ਗਈ ਸ਼ਰਨ ਦੌਰਾਨ ਗੁਰਦੁਆਰੇ ਸਾਹਿਬ ਦੇ ਅੰਦਰ ਜਾਣਾ ਜਿੱਥੇ ਧਾਰਮਿਕ ਮਰਯਾਦਾ ਦੀ ਬੇਅਦਬੀ ਹੈ ਉੱਥੇ ਅਣਮਨੁੱਖੀ ਵਿਵਹਾਰ ਵੀ ਹੈ।

ਅੰਤਕਾ

ਬਿਨ੍ਹਾਂ ਸ਼ੱਕ ਇਸ ਸਿਰ ਕੱਢ ਯੂਨੀਵਰਸਿਟੀ ਦੇ ਇਹਿਤਾਸ ਵਿੱਚ ਅਜਿਹਾ ਪਹਿਲਾ ਟਕਰਾਅ ਹੈ ਅਤੇ ਇਸ ਦਾ ਕਾਰਨ ਵੀ ਬੜਾ ਸਪੱਸ਼ਟ ਹੋ ਗਿਆ ਹੈ। ਸੋ ਬਿਨ੍ਹਾਂ ਦੇਰੀ ਕੀਤੇ ਪੰਜਾਬ ਸਰਕਾਰ ਹੀ ਨਹੀਂ ਬਲਕਿ ਕੇਂਦਰ ਸਰਕਾਰ ਸਮੇਤ ਯੂ. ਜੀ. ਸੀ ਵੱਲੋਂ ਭਾਰਤ ਦੇਸ਼ ਦੀ ਇਸ ਸੱਭ ਤੋਂ ਮਕਬੂਲ ਅਦਾਰੇ ਬਾਰੇ ਮੁੜ ਤੋਂ ਵਿਚਾਰ ਕਰਨ ਦੀ ਲੋੜ ਹੈ ਅਤੇ ਆਰਥਿਕ ਮਦਦ ਰਾਹੀਂ ਭਵਿੱਖ ਲਈ ਅਜਿਹੀ ਨੀਤੀ ਤਿਆਰ ਕਰਨ ਦੀ ਲੋੜ ਹੈ ਜਿਸ ਨਾਲ ਇਹ ਸੰਸਥਾ ਵਿੱਦਿਆ ਦੇ ਖੇਤਰ ਵਿੱਚ ਹੋਰ ਲੰਮੀਆਂ ਪੁਲਾਂਘਾਂ ਪੁੱਟਣ ਦੇ ਸਮਰੱਥ ਹੋ ਸਕੇ ਅਤੇ ਦੇਸ਼ ਦਾ ਭਵਿੱਖ ਸੁਧਾਰ ਸਕੇ। ਉੱਥੇ ਨਾਲ ਹੀ ਪੁਲਿਸ ਪ੍ਰਸ਼ਾਸ਼ਨ ਨੂੰ ਵਿੱਦਿਅਕ ਮਾਮਲਿਆ ਸੰਬੰਧੀ ਵਿਦਿਆਰਥੀਆਂ ਨਾਲ ਜੁੜੇ ਮਸਲੇ ਵਿੱਚ ਕਿਸੇ ਵੀ ਧਾਰਾ ਦੀ ਵਰਤੋਂ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਪੜਚੋਲ ਕਰ ਲੈਣੀ ਚਾਹੀਦੀ ਹੈ ਤਾਂ ਕਿ ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨ ਦੀ ਥਾਂ ਅਸੀਂ ਕਿਤੇ ਉਹਨਾਂ ਨੂੰ ਰਸਾਤਲ ਵੱਲ ਤਾਂ ਨਹੀਂ ਧਕੇਲ ਰਹੇ। ਆਮੀਨ !!

ਇਕਵਾਕ ਸਿੰਘ ਪੱਟੀ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ।