ਸਿੰਘ ਹਮਾਰਾ ਨਾਂਉ, ਅਨੰਦਪੁਰ ਹਮਾਰਾ ਗਾਂਉ
ਅਮਰਜੀਤ ਸਿੰਘ (ਵਾਇਸ ਚੇਅਰਮੈਨ)-098157-03806
ਗੂਰ ਨਾਨਕ ਜੀ ਨੇ ਸਿੱਖ ਧਰਮ ਦੀ ਨੀਂਹ ਰੱਖ ਕੇ ਇੱਕ ਨਿਵੇਕਲੀ ਜੀਵਨ ਜਾਚ ਦਾ ਆਰੰਭ ਕੀਤਾ। ਇਸ ਧਰਮ ਦੀ ਮਰਿਆਦਾ, ਸੰਸਕਾਰ; ਸੰਸਾਰ ਦੇ ਦੂਜੇ ਧਰਮਾਂ ਨਾਲੋਂ ਵੱਖਰੇ ਹਨ। ਜੇ ਇੱਕ ਧਰਮ 33 ਕਰੋੜ ਦੇਵੀ-ਦੇਵਤਿਆਂ ਤੇ ਵਿਸ਼ਵਾਸ ਨਾਲ ਬੱਝਿਆ ਵੀ ਵਕਤੀ ਮਹਾਂਪੁਰਖਾਂ ਨੂੰ ਪ੍ਰਭੂ ਦਾ ਸਰਗੁਨ ਰੂਪ ਮੰਨ ਕੇ ਪ੍ਰਮਾਤਮਾ ਦੀ ਉਪਾਸਨਾ ਕਰਦਾ ਹੈ ਤਾਂ ਦੂਸਰੇ ਧਰਮ ਵਾਲੇ ਪੱਛਮ ਵਿੱਚ ਹੀ ਪ੍ਰਭੂ ਦਾ ਮੁਕਾਮ ਮੰਨ ਕੇ ਅੱਲ੍ਹਾ ਪਾਕ ਦੀ ਇਬਾਦਤ ਕਰਦੇ ਹਨ, ਪਰ ਸਤਿਗੁਰ ਜੀ ਨੇ ਸਿੱਖ ਧਰਮ ਵਿੱਚ ਇਨਸਾਨੀਅਤ ਦੇ ਗੁਣਾਂ ਨੂੰ ਆਧਾਰ ਬਣਾਇਆ। ‘ੴ’ ਤੋਂ ਗੱਲ ਸ਼ੁਰੂ ਕਰ ਕੇ ਬੰਦੇ ਨੂੰ ਨਿਰਭਉ, ਨਿਰਵੈਰ ਗੁਣਾਂ ਦਾ ਧਾਰਨੀ ਹੋ ਕੇ ਅਕਾਲ ਮੂਰਤਿ ਦਾ ਉਪਾਸ਼ਕ ਬਣਨ ਦਾ ਮਾਰਗ ਦੱਸਿਆ। ਗੁਰੂ ਸਾਹਿਬਾਨ ਨੇ ‘ੴ’ ਦੀ ਪ੍ਰਾਪਤੀ ਲਈ ਵੈਰ ਵਿਰੋਧ ਦੀ ਭਾਵਨਾ ਖ਼ਤਮ ਕਰ ਕੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ।
ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ॥ (ਭਗਤ ਕਬੀਰ/1349)
ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥ (ਮ: 5/ 97)
ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ ॥ (ਮ: 5/ 1299) ਇਤਿਆਦਿਕ ਬੇਅੰਤ ਪਾਵਨ ਹੁਕਮਾਂ ਰਾਹੀਂ ਸਾਨੂੰ ਸਭ ਦਾ ਸਤਿਕਾਰ ਕਰਨਾ ਸਿਖਾਇਆ। ਸਿੱਖ ਨੂੰ ਮਨੁੱਖਤਾ ਦੀ ਸੇਵਾ ਦੇ ਮਾਰਗ ਦਾ ਪਾਂਧੀ ਬਣਾਇਆ। ਗੁਰਬਾਣੀ; ਸਿੱਖ ਦੇ ਜੀਵਨ ਦਾ ਅਧਾਰ ਹੈ। ਗੁਰੂ ਰਾਮਦਾਸ ਜੀ ਵੱਲੋਂ ਦਰਸਾਈ ਸਿੱਖ ਰਹਿਤ ‘‘ਗੁਰ ਸਤਿਗੁਰ ਕਾ ਜੋ ਸਿਖੁ ਅਖਾਏ; ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥’’ (ਮ: 4/305) ਵਾਲੇ ਸ਼ਬਦ ਦੀਆਂ ਅਖੀਰ ਵਾਲੀਆਂ ਪੰਕਤੀਆਂ ਵਿੱਚ ਐਸੀ ਜੀਵਨ ਜਾਚ ਵਾਲੇ ਸਿੱਖ ਦੇ ਚਰਨਾਂ ਦੀ ਧੂੜ ਮੰਗ ਕੇ ਸਿੱਖ ਨੂੰ ਸ਼੍ਰੋਮਣੀ ਪਦਵੀ ਦਾ ਧਾਰਨੀ ਹੋਇਆ ਵੇਖਦੇ ਹਨ। ਪੰਚਮ ਪਾਤਸ਼ਾਹ ਜੀ ‘‘ਅੰਤਰਿ ਗੁਰੁ ਆਰਾਧਣਾ; ਜਿਹਵਾ ਜਪਿ ਗੁਰ ਨਾਉ ॥’’ (ਮ: 5/517) ਵਾਲੇ ਬੰਦ ਰਾਹੀਂ ਸਾਡੇ ਅੰਦਰ ਸ਼ੁਭ ਗੁਣਾਂ ਦੀ ਸਿਰਜਣਾ ਕਰਨਾ ਚਾਹੁੰਦੇ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ‘‘ਸਾਧੋ ! ਮਨ ਕਾ ਮਾਨੁ ਤਿਆਗਉ ॥ ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ; ਤਾ ਤੇ ਅਹਿਨਿਸਿ ਭਾਗਉ ॥’’ (ਮ: 9/ 219) ਉਪਦੇਸ਼ ਦੇ ਕੇ ਸਾਡੇ ਅੰਦਰਲੀਆਂ ਬੁਰਿਆਈਆਂ ਬਾਰੇ ਸਾਨੂੰ ਆਈਨਾ ਵਿਖਾਉਣਾ ਚਾਹੁੰਦੇ ਹਨ। ਦਸਮੇਸ਼ ਪਿਤਾ ਜੀ ਨੇ ਖੰਡੇ-ਬਾਟੇ ਦੀ ਪਾਹੁਲ ਛਕਾ ਕੇ ਸਾਡੇ ਵਿੱਚੋਂ ਊਚ-ਨੀਚ ਦੀ ਭਾਵਨਾ ਦਾ ਨਾਸ਼ ਕੀਤਾ। ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ’ਤੇ ਨਜ਼ਰ ਮਾਰੀਏ ਤਾਂ ਇੱਕ ਪੰਗਤ ਵਿੱਚ ਲੰਗਰ ਛਕਣਾ, ਇੱਕ ਸਰੋਵਰ ਵਿੱਚ ਇਸ਼ਨਾਨ ਕਰਨਾ, ਇੱਕੋ ਬਾਟੇ ਵਿੱਚੋਂ ਪਾਹੁਲ ਛਕਣ ਨਾਲ, ਨਾ ਸਿਰਫ ਬੰਦੇ ਦੇ ਅੰਦਰੋਂ ਝੂਠੇ ਅਹੰਕਾਰ ਦਾ ਨਾਸ਼ ਹੁੰਦਾ ਹੈ, ਸਗੋਂ ਇਨਸਾਨੀਅਤ ਦੀ ਸਾਂਝ ਦਾ ਕਿਲ੍ਹਾ ਵੀ ਮਜ਼ਬੂਤ ਹੁੰਦਾ ਹੈ।
ਸਾਡੇ ਘਰਾਂ ਵਿੱਚ ਸੁੱਖ-ਦੁੱਖ ਵੇਲ਼ੇ ਬਾਣੀ ਦੇ ਅਖੰਡ ਪਾਠ/ਸਹਿਜ ਪਾਠ, ਆਦਿ ਕੀਤੇ/ਕਰਵਾਏ ਜਾਂਦੇ ਹਨ। ਵੱਖ-ਵੱਖ ਸੰਸਥਾਵਾਂ ਵਲੋਂ ਭੇਟਾ ਰਹਿਤ ਪੋਥੀਆਂ ਦੀ ਸੇਵਾ ਕਰ ਕੇ ਸਹਿਜ ਪਾਠ ਕਰਨ ਦੀ ਪ੍ਰੇਰਨਾ ਕੀਤੀ ਜਾਂਦੀ ਹੈ। ਵੱਖ-ਵੱਖ ਟੀ. ਵੀ. ਚੈਨਲਾਂ ਰਾਹੀਂ ਸਹਿਜ ਪਾਠ, ਕਥਾ, ਕੀਰਤਨ ਦਰਬਾਰਾਂ ਦੇ ਪ੍ਰਸਾਰਨ ਕੀਤੇ ਜਾ ਰਹੇ ਹਨ ਇਹ ਸਾਰੇ ਯਤਨ ਕਰਨ ਦਾ ਮਨੋਰਥ ਇਹੋ ਹੀ ਹੈ ਕਿ ਅਸੀਂ ਗੁਰਬਾਣੀ ਦੇ ਮੂਲ ਭਾਵ ਨੂੰ ਸਮਝ ਸਕੀਏ ਅਤੇ ਬਾਣੀ ਦਾ ਭਾਵ ਸਾਡੇ ਅੰਦਰ ਵਸ ਜਾਵੇ।
ਪਰ ਅਫਸੋਸ !! ਅੱਜ ਕੁਝ ਕੁ ਸਿੱਖਾਂ ਦੇ ਕਾਰਨਾਮੇ ਦੇਖ-ਸੁਣ ਕੇ ਇੰਝ ਲਗਦਾ ਹੈ ਕਿ ਇੰਨੇ ਅਮੀਰ ਵਿਰਸੇ ਦੇ ਮਾਲਿਕ ਸਿੱਖ ਦੂਜੇ ਧਰਮਾਂ ਦਾ ਸਤਿਕਾਰ ਤਾਂ ਕੀ ਆਪਸੀ ਸਾਂਝ ਵਾਲ਼ੇ ਗੁਰੂ ਉਪਦੇਸ਼ ਨੂੰ ਇੱਕ ਕੰਨ ’ਚੋਂ ਸੁਣ ਕੇ ਦੂਜੇ ਕੰਨ ’ਚੋਂ ਬਾਹਰ ਕੱਢ ਕੇ ‘‘ਅੰਧੇ ਏਕ ਨ ਲਾਗਈ; ਜਿਉ ਬਾਂਸੁ ਬਜਾਈਐ ਫੂਕ ॥’’ (ਭਗਤ ਕਬੀਰ/੧੩੭੨) ਬਚਨ ਵਾਂਗ ਭਰਾ ਮਾਰੂ ਜੰਗ ਦਾ ਸ਼ਿਕਾਰ ਹੋ ਕੇ ਰਹਿ ਗਏ ਹਨ। ਜੋ ਕੰਮ 1984 ਵੇਲ਼ੇ ਟੈਂਕਾਂ ਅਤੇ ਤੋਪਾਂ ਦੀ ਮਦਦ ਨਾਲ ਨਹੀਂ ਹੋ ਸਕਿਆ ਉਹ ਕੰਮ ਸਿੱਖ ਆਪਣੇ ਹੀ ਹੱਥੀਂ ਕਰ ਰਹੇ ਹਨ। ਦੂਜਿਆਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਦੇ ਰਖਵਾਲੇ ਸਿੱਖ ਵਿਰਸੇ ਦੇ ਵਾਰਸ ਅਸੀਂ ਸਿੱਖ; ਇੰਟਰਨੈੱਟ ’ਤੇ ਇੱਕ ਦੂਸਰੇ ਨੂੰ ਧੀਆਂ ਭੈਣਾਂ ਦੀਆਂ ਗਾਲਾਂ ਕੱਢ ਕੇ ਕੀ ਸਿੱਖ ਕੌਮ ਦੀ ਸ਼ਾਨ ਵਧਾ ਰਹੇ ਹਾਂ ? ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਵਿੱਚ ਬਾਕਾਇਦਾ ਇੱਕ ਸੰਸਕਾਰ ‘ਨਾਮ ਸੰਸਕਾਰ’ ਸਿਰਲੇਖ ਹੇਠ ਦਰਜ ਹੈ। ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਰਿਵਾਰ ਦੀ ਸਲਾਹ ਨਾਲ ਬਾਕਾਇਦਾ ਜੈਕਾਰੇ ਲਗਾ ਕੇ ਇੱਕ ਸਿੱਖ ਬੱਚੇ/ਬੱਚੀ ਦਾ ਨਾਮ ਗੁਰ ਸ਼ਬਦ ਦੇ ਮੁਖਵਾਕ ਦੇ ਪਹਿਲੇ ਅੱਖਰ ਤੋਂ ਆਰੰਭ ਕਰ ਕੇ ਰੱਖਿਆ ਜਾਂਦਾ ਹੈ, ਪਰ ਗੁਰੂ ਦਾ ਭੈ ਸਾਡੇ ਅੰਦਰੋਂ ਇਸ ਕਦਰ ਉੱਡ ਗਿਆ ਹੈ ਕਿ ਇੱਕ ਅੰਮ੍ਰਿਤਧਾਰੀ ਸਿੰਘ, ਦੂਜੇ ਅੰਮ੍ਰਿਤਧਾਰੀਆਂ ਦੇ ਨਾਮ ਵਿਗਾੜ ਕੇ, ਗੰਦੇ ਤੋਂ ਗੰਦੇ ਨਾਵਾਂ ਨਾਲ ਬੁਲਾਉਣ ਨੂੰ ਕੌਮ ਦੀ ਮੁੱਖ ਸੇਵਾ ਸਮਝ ਰਿਹਾ ਹੈ। ਗੱਲ ਇੱਥੇ ਹੀ ਨਹੀਂ ਰੁੱਕ ਰਹੀ, ਗੁਰਸਿੱਖ ਮਾਤਾ ਪਿਤਾ ਨੂੰ ਹਰਾਮਜ਼ਾਦੇ ਕਹਿ ਕੇ ਅਸੀਂ ਆਪਣੇ ਆਪ ਨੂੰ ਉਸ ਗੁਰੂ ਦੇ ਸਿੱਖ ਦੱਸ ਰਹੇ ਹਾਂ, ਜਿਸ ਨੇ ਸਾਰੀ ਉਮਰ ਦੂਸਰੇ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ ਸੀ। ਗੁਰੂ ਦਰਬਾਰ ਦੀ ਮਰਿਆਦਾ ਮੁਤਾਬਕ ਜੇ ਕੋਈ ਅਨਮਤੀ ਅਨਜਾਣਪੁਣੇ ਵਿੱਚ ਨੰਗੇ ਸਿਰ ਗੁਰੂ ਜੀ ਦੀ ਹਜ਼ੂਰੀ ਵਿੱਚ ਆ ਜਾਵੇ ਤਾਂ ਅਸੀ ਫੋਰਨ ਉਸ ਨੂੰ ਸਿਰ ਢੱਕਣ ਲਈ ਬੇਨਤੀ ਕਰਦੇ ਹਾਂ ਪਰ ਅਸੀਂ ਤਾਂ ਇੱਕ ਜ਼ਿੰਮੇਵਾਰ ਸੰਸਥਾ ਨਾਲ ਸੰਬੰਧਤ ਸਿੱਖ ਹਾਂ, ਕੀ ਸਾਨੂੰ ਹੱਕ ਹੈ ਕਿ ਅਸੀਂ ਵਿਚਾਰਕ ਮਤਭੇਦਾਂ ਕਾਰਨ ਦੂਸਰੇ ਸਿੱਖ ਦੀ ਦਸਤਾਰ ਗੁਰੂ ਦਰਬਾਰ ਵਿੱਚ ਹੀ ਉਤਾਰ ਦੇਈਏ ? ਕੀ ਇਹ ਵੀ ਕੌਮ ਦੀ ਵਡਮੁੱਲੀ ਸੇਵਾ ਕਹੀ ਜਾਏਗੀ ? ਤਪਦੀ ਗਰਮੀ ’ਚ ਤਮਾਮ ਲੁਕਾਈ ਲਈ ਠੰਡੇ ਪਾਣੀ ਦੀ ਛਬੀਲ ਵਰਗੇ ਪਾਵਨ ਵਿਰਸੇ ਨੂੰ ਕਲੰਕਿਤ ਕਰ ਕੇ ਵੀ ਅਸੀਂ ਸ਼ਰਮਸਾਰ ਹੋਣ ਦੀ ਬਜਾਇ ਬਾਰ-ਬਾਰ ਇਸ ਕੁਕਰਮ ਨੂੰ ਦੁਹਰਾਉਣ ਦੀ ਧਮਕੀ ਦੇ ਰਹੇ ਹਾਂ। ਅਜਿਹੇ ਪੰਥ ਦੋਖੀ ਕਾਰਜਾਂ ਨਾਲ ਕੀ ਸਿੱਖ ਵਿਰਸੇ ਦੀ ਸ਼ਾਨ ਨੂੰ ਚਾਰ ਚੰਨ ਲੱਗ ਸਕਦੇ ਹਨ ? ਗੁਰਬਾਣੀ ਦਾ ਅਸਲ ਸੱਚ (ਸਚਹੁ ਓਰੈ ਸਭੁ ਕੋ.. ॥ ਮ: ੧/੬੨) ਸਮਝ ਲੈਣਾ ਚਾਹੀਦਾ ਹੈ ਕਿ ਪਰਮਾਤਮਾ ਕਿਸੇ ਦੇ ਪਿਓ ਦੀ ਜੱਦੀ ਮਲਕੀਅਤ ਨਹੀਂ ਹੈ। ਭਗਤ ਰਵਿਦਾਸ ਜੀ ਇਸ ਬਾਰੇ ਬੜੇ ਸਪਸ਼ਟ ਸ਼ਬਦਾਂ ਰਾਹੀਂ ਬਿਆਨ ਕਰ ਰਹੇ ਹਨ: ‘‘ਆਪਨ ਬਾਪੈ ਨਾਹੀ ਕਿਸੀ ਕੋ; ਭਾਵਨ ਕੋ ਹਰਿ ਰਾਜਾ॥’’ (ਭਗਤ ਰਵਿਦਾਸ/658)
ਲੱਗਦਾ ਹੈ ਕਿ ਅਸੀਂ ਸਾਰਾ ਜ਼ੋਰ ਲਗਾ ਕੇ ਸਰਬ ਕਲਾ ਸਮਰਥ ਸਤਿਗੁਰ ਜੀ ਨੂੰ ਮਾਮੂਲੀ ਜਾਦੂਗਰ ਦੇ ਤੁਲ ਦਰਸਾਉਣਾ ਹੀ ਸਿੱਖ ਇਤਿਹਾਸ ਦੀ ਸ਼ਾਨ ਸਮਝ ਰੱਖਿਆ ਹੈ। ਸਾਡੇ ’ਤੇ ਇਹ ਬਚਨ ਪੂਰੀ ਤਰ੍ਹਾਂ ਢੁੱਕਦੇ ਹਨ ‘‘ਤੂ ਸੁਲਤਾਨੁ, ਕਹਾ ਹਉ ਮੀਆ; ਤੇਰੀ ਕਵਨ ਵਡਾਈ ॥’’ (ਮ: 1/795) ਮਾੜੇ ਚੰਗੇ ਬੰਦੇ ਹਰ ਜਥੇਬੰਦੀ ਵਿੱਚ ਮਿਲ ਜਾਣਗੇ, ਪਰ ਸਮੁੱਚੀ ਜਥੇਬੰਦੀ ਕੋਈ ਵੀ ਮਾੜੀ ਨਹੀਂ ਹੁੰਦੀ। ਮਾੜੇ ਤਾਂ ਚੰਦ ਘੜੰਮ ਚੌਧਰੀ ਹੁੰਦੇ ਹਨ, ਜੋ ਇੰਨਾ ਉੱਚਾ ਤੇ ਗੰਦਾ ਬੋਲ ਕੇ ਚੰਗਿਆਂ ਦੀ ਕੋਈ ਪੇਸ਼ ਨਹੀਂ ਚੱਲਣ ਦਿੰਦੇ।
ਦੋ ਬੁਨਿਆਦੀ ਮਤਭੇਦ ਪੈਦਾ ਕਰਕੇ ਸਾਰੀ ਕੌਮ ਨੂੰ ਬਲ਼ਦੀ ਭੱਠੀ ਵਿੱਚ ਝੋਕਿਆ ਜਾ ਰਿਹਾ ਹੈ। ਗੁਰਸਿੱਖ ਲਈ ਗੁਰੂ ਜੀ ਦੇ ਬਚਨ ਹਨ ਕਿ ‘‘ਬੇਦ ਕਤੇਬ ਕਹਹੁ ਮਤ ਝੂਠੇ; ਝੂਠਾ, ਜੋ ਨ ਬਿਚਾਰੈ ॥’’ (ਭਗਤ ਕਬੀਰ/1350) ਭਾਵ ਜਿੱਥੇ ਸਾਰੇ ਧਰਮ ਗ੍ਰੰਥਾਂ ਦਾ ਸਤਿਕਾਰ ਕਰਨਾ ਗੁਰਸਿੱਖੀ ਹੈ, ਉੱਥੇ ਸਿੱਖ ਨੂੰ ਸੁਚੇਤ ਵੀ ਕੀਤਾ ਕਿ ‘‘ਬਹੁ ਸਾਸਤ੍ਰ ਬਹੁ ਸਿਮ੍ਰਿਤੀ; ਪੇਖੇ ਸਰਬ ਢਢੋਲਿ ॥ ਪੂਜਸਿ ਨਾਹੀ ਹਰਿ ਹਰੇ; ਨਾਨਕ ! ਨਾਮ ਅਮੋਲ ॥’’ (ਮ: 5/265) ਭਾਵ ਸਭ ਧਾਰਮਿਕ ਪੋਥੀਆਂ ਦਾ ਸਤਿਕਾਰ ਕਰੋ, ਪਰ ਹਰ ਵਕਤ ਇਹ ਵੀ ਯਾਦ ਰੱਖੋ ਕਿ ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ॥ ਗੁਰੁ, ਬਾਣੀ ਕਹੈ; ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ ॥’’ (ਮ: 4/982) ਚੇਤੇ ਰੱਖੀਏ ਕਿ ‘‘ਇਕਾ ਬਾਣੀ, ਇਕੁ ਗੁਰੁ; ਇਕੋ ਸਬਦੁ ਵੀਚਾਰਿ ॥’’ (ਮ: 3/646), ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ, ਭਾਈ ! ਏਕੋ ਹੈ॥’’ (ਮ:1/350) ਜੇ ਕੋਈ ਗੋਲ਼ੀਆਂ ਦੀ ਦਹਿਸ਼ਤ, ਗਾਲੀ ਗਲੋਚ, ਹੱਥੋ ਪਾਈ, ਆਦਿ ਦੇ ਸਹਾਰੇ ਸਾਡੇ ਵਾਸਤੇ ਗੁਰੂ ਦਾ ਸ਼ਰੀਕ ਖੜ੍ਹਾ ਕਰੇਗਾ ਅਤੇ ਉਸ ਦਾ ਸਤਿਕਾਰ ਸਾਡੇ ਪਾਸੋਂ ਕੁਕਰਮੀ ਛਬੀਲ ਦੇ ਦਬਾਅ ਥੱਲੇ ਕਰਵਾਉਣਾ ਚਾਹੇਗਾ ਤੇ ਆਸ ਕਰੇਗਾ ਕਿ ਸਿੱਖ ‘ਸਭ ਸਿੱਖਨ ਕੋ ਹੁਕਮ ਹੈ; ਗੁਰੂ ਮਾਨਿਉ ਗ੍ਰੰਥ।’ ਤੋਂ ਆਕੀ ਹੋ ਜਾਣਗੇ ਤਾਂ ਇਹ ਸਿਰਫ਼ ਸੁਪਨਿਆਂ ਦੀ ਦੁਨੀਆਂ ’ਚ ਰਹਿਣ ਵਾਲੀ ਗੱਲ ਹੈ। ਜ਼ਬਰੀ ਧਰਮ ਤਬਦੀਲੀ ਨੂੰ ਸਿੱਖਾਂ ਨੇ ਕਦੇ ਨਹੀਂ ਮੰਨਿਆ ਤੇ ਨਾ ਹੀ ਕਿਸੇ ਨੂੰ ਜ਼ਬਰੀ ਦਬਾਇਆ ਹੈ। ਸਾਨੂੰ ਗੁੜ੍ਹਤੀ ਹੀ ਇਹ ਮਿਲੀ ਹੈ ਕਿ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥’’ (ਮ: 9/1427) ਕਿਸੇ ਦੇ ਘੱਟ ਬੋਲਣ ਨੂੰ ਉਸ ਦੀ ਕਮਜੋਰੀ ਨਹੀਂ ਮੰਨਣਾ ਚਾਹੀਦਾ।
ਦੂਜਾ ਪੱਖ ਇਹ ਵੀ ਵਿਚਾਰਨਯੋਗ ਹੈ ਕਿ ਅੱਜ ਕੱਲ ਸਿਆਸੀ ਦਖ਼ਲ ਕਾਰਨ ਪੂਰਾ ਜ਼ੋਰ ਲਗਾ ਕੇ, ਇਤਿਹਾਸਕ ਗੁਰਦੁਆਰਿਆਂ ਤੋਂ ਟੀ. ਵੀ. ਚੈਨਲਾਂ ਉੱਤੇ ਸਿੱਖੀ ਸਰੂਪ ਅਤੇ ਬਾਣੇ ਦੀ ਓਟ ਲੈ ਕੇ ਖ਼ਾਸ-ਖ਼ਾਸ ਤਿਉਹਾਰਾਂ ’ਤੇ ਉਚੇਚੀ ਕਥਾ ਕਰਵਾ ਕੇ ਇਹ ਸਾਬਤ ਕੀਤਾ ਜਾ ਰਿਹਾ ਹੈ ਕਿ ਸਾਡੇ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦੇ ਮਿਥਿਹਾਸਕ ਅਵਤਾਰਾਂ ਦੇ ਵੰਸ਼ਜ ਹਨ। ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅੰਗ ਅਤੇ ਸਿੱਖਾਂ ਨੂੰ ਹਿੰਦੂਆਂ ਦੀ ਸੰਤਾਨ ਦੱਸਿਆ ਜਾ ਰਿਹਾ ਹੈ। ਮੂਲ ਨਾਨਕਸਾਹੀ ਕੈਲੰਡਰ ਦਾ ਭੋਗ ਪਾ ਕੇ ਸਿੱਖ ਇਤਿਹਾਸ ਨੂੰ ਮਲੀਆਮੇਟ ਕਰਨ ਲਈ ਸੂਝਵਾਨ ਅਤੇ ਸ਼ਰਧਾਲੂ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜੋ ਸਿੱਖ ਜਾਂ ਸਿੱਖ ਜਥੇਬੰਦੀ ਇਨ੍ਹਾਂ ਖਿਲਾਫ ਬੋਲਦੀ ਹੈ, ਉਹਨਾਂ ਨੂੰ ਸਿੱਖੀ ਤੋਂ ਆਕੀ ਹੋਣ ਦੇ ਫ਼ਤਵੇ ਜਾਰੀ ਕਰ ਦਿੱਤੇ ਜਾਂਦੇ ਹਨ। ਰਾਜਨੀਤਕ ਤਬਦੀਲੀ ਆਉਣ ਤੋਂ ਬਾਅਦ ਇਨ੍ਹਾਂ ਹਮਲਿਆਂ ਵਿੱਚ ਅਚਾਨਕ ਤੇਜ਼ੀ ਆਈ ਹੈ ਤੇ ਇਹਨਾਂ ਦੇ ਹੌਸਲੇ ਆਪਣੀ ਚਰਮ ਸੀਮਾ ’ਤੇ ਹਨ। ਹੈਰਾਨੀ ਦੀ ਗੱਲ ਹੈ ਕਿ ਨਿੱਕੀਆਂ-ਨਿੱਕੀਆਂ ਗੱਲਾਂ ’ਤੇ ਵੱਡੇ-ਵੱਡੇ ਤੁਫ਼ਾਨ ਖੜ੍ਹੇ ਕਰਨ ਵਾਲੇ ਸਭ ਤੋਂ ਮਾੜੀ ਘਟਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੇਲੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰਤਾ ਕਰਨ ਵਾਲੇ ਸਰਸੇ ਵਾਲੇ ਸਾਧ ਨੂੰ ਮੁਆਫ਼ੀ ਦੇਣ ਵੇਲ਼ੇ ਕਿਉਂ ਚੁੱਪ ਹੋ ਜਾਂਦੇ ਹਨ ?
ਕਦੇ ਸਮਾਂ ਹੁੰਦਾ ਸੀ ਕਿ ਜਦੋਂ ਸਿੱਖਾਂ ਵਿੱਚ ਆਪਸੀ ਮਤਭੇਦ ਪੈਦਾ ਹੋ ਜਾਂਦੇ ਤਾਂ ਵਿਸਾਖੀ, ਦਿਵਾਲੀ ਨੂੰ ਅਕਾਲ ਤਖ਼ਤ ਸਾਹਿਬ ’ਤੇ ਸਭ ਜਥੇਬੰਦੀਆਂ ਦੇ ਮੁਖੀਜਨ ਬੈਠ ਕੇ ਵਿਚਾਰ ਵਟਾਂਦਰਾ ਕਰਨ ਉਪਰੰਤ ਮਸਲੇ ਨੂੰ ਹੱਲ ਕਰ ਲੈਂਦੇ ਸਨ, ਪਰ ਅੱਜ ਤਾਂ ਤਖ਼ਤਾਂ ਤੋਂ ਹੀ ਕੌਮੀ ਸਿਧਾਂਤ ਲਈ ਖ਼ਤਰੇ ਦੀਆਂ ਘੰਟੀਆਂ ਵੱਜ ਰਹੀਆਂ ਹਨ। ਕੋਈ ਐਸੀ ਸੰਸਥਾ ਨਜ਼ਰ ਨਹੀਂ ਆ ਰਹੀ ਜੋ ਸਾਰੀਆਂ ਸਿੱਖ ਸੰਸਥਾਵਾਂ ਨੂੰ ਇੱਕ ਮੰਚ ’ਤੇ ਇਕੱਠਿਆਂ ਕਰ ਕੇ ਬੈਠਾ ਸਕੇ ਤੇ ਪਾਵਨ ਗੁਰੂ ਉਪਦੇਸ਼: ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ! ਦੁਬਿਧਾ ਦੂਰਿ ਕਰਹੁ, ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ; ਗੁਰਮੁਖਿ ਬੈਸਹੁ ਸਫਾ ਵਿਛਾਇ ॥’’ (ਮ: 5/1185) ਨੂੰ ਦ੍ਰਿੜ੍ਹ ਕਰਵਾ ਸਕੇ, ਜਿਸ ਨੂੰ ਅਸੀਂ ਸਿਰਫ਼ ਤਾਂ ਸਿਰਫ਼ ਪੜ੍ਹਨ ਤੱਕ ਹੀ ਸਮੇਟ ਰੱਖਿਆ ਹੈ। ਚਾਹੀਦਾ ਤਾਂ ਇਹ ਸੀ ਕਿ ਜੇ ਕਿਸੇ ਵੀ ਸੰਸਥਾ ਵਿਚੋਂ ਕੁਝ ਸ਼ਰਾਰਤੀ ਲੋਕ ਕੌਮ ਵਿਚ ਫੁੱਟ ਪਾਉਣ ਲਈ ਯਤਨਸ਼ੀਲ ਹਨ ਤਾਂ ਜ਼ਿੰਮੇਵਾਰ ਸੰਸਥਾਵਾਂ ਦੇ ਮੁਖੀਆਂ ਨਾਲ ਮਿਲ ਬੈਠ ਕੇ ਇਸ ਸਾਰੇ ਕਾਰੇ ਨੂੰ ਨੱਥ ਪਾਉਂਦੇ, ਪਰ ਹਰ ਪਾਸੇ ਵੋਟਾਂ ਦੀ ਰਾਜਨੀਤੀ ਭਾਰੂ ਹੈ। ਆਪਣੇ ਰਾਜਨੀਤਿਕ ਮੁਫ਼ੀਦ (ਲਾਭ) ਨੂੰ ਮੁੱਖ ਰੱਖ ਕੇ ਇਸ ਫੁੱਟ ਤੋਂ ਲਾਹਾ ਲੈਣ ਦਾ ਯਤਨ ਕੀਤਾ ਜਾ ਰਿਹਾ ਹੈ। ‘ਮਿਲਾਨਾ ਚਾਹਾ ਹੈ ਇਨਸਾਂ ਕੋ ਇਨਸਾਂ ਸੇ ਜਬ ਭੀ, ਤੋ ਸਾਰੇ ਕਾਮ ਸਿਆਸਤ ਬਿਗਾੜ ਦੇਤੀ ਹੈ।, ਵਾਲੀ ਬਿਰਤੀ ਬੰਦੇ ਦੇ ਅੰਦਰਲੇ ਤੇ ਬਾਹਰਲੇ ਭੇਖ ਵਿੱਚ ਅੰਤਰ ਨੂੰ ਉਜਾਗਰ ਕਰਦੀ ਹੈ, ਜਿਸ ਬਾਰੇ ਬਾਬਾ ਫ਼ਰੀਦ ਜੀ ਬਚਨ ਕਰਦੇ ਹਨ: ‘‘ਜਿਨ੍ ਮਨਿ ਹੋਰੁ; ਮੁਖਿ ਹੋਰੁ; ਸਿ ਕਾਂਢੇ ਕਚਿਆ ॥’’ (ਬਾਬਾ ਫਰੀਦ/੪੮੮) ਵਾਕ ਅਨੁਸਾਰ ਕੱਚਿਆਂ ਦੇ ਮਨ ਵਿੱਚ ਗੁਰੂ ਜਾਂ ਰੱਬ ਦਾ ਡਰ ਨਹੀਂ ਹੁੰਦਾ: ‘‘ਨਾਨਕ ! ਜਿਨ੍ ਮਨਿ ਭਉ; ਤਿਨ੍ਾ ਮਨਿ ਭਾਉ ॥’’ (ਮ: ੧/੪੬੫) ਵਾਲੀ ਭਉ ਭਾਵਨੀ ਨੂੰ ਤਾਂ ਇਨ੍ਹਾਂ ਭੁਲਾ ਹੀ ਦਿੱਤਾ, ਜਾਪਦਾ ਹੈ।
ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਿੱਖ ਨੂੰ ਗੁਰੂ ਅਤੇ ਗੁਰ-ਮਰਯਾਦਾ ਤੋਂ ਦੂਰ ਕਰਨ ਲਈ ਜਿੰਨੇ ਮਰਜ਼ੀ ਯਤਨ ਕੀਤੇ ਜਾਣ, ਕਾਮਯਾਬੀ ਨਹੀਂ ਮਿਲੇਗੀ ਕਿਉਂਕਿ ਸਿੱਖ ਪੰਥ ਦਾ ਰਾਖਾ ਗੁਰੂ ਆਪ ਹੈ। ਅੱਜ ਸਰਕਾਰੀ ਸ਼ਹਿ ਨਾਲ ਸਿੱਖ ਸਿਧਾਂਤ ਨੂੰ ਨਾਸਤਿਕਤਾ ਦਾ ਨਾਮ ਦੇ ਕੇ ਦਬਾਇਆ ਜਾ ਸਕਦਾ ਹੈ। ਬ੍ਰਾਹਮਣਵਾਦ ਵਕਤੀ ਤੌਰ ’ਤੇ ਥੋਪਿਆ ਜਾ ਸਕਦਾ ਹੈ।
ਲਗੇਗੀ ਆਗ ਤੋ ਆਏਂਗੇ ਘਰ ਕਈ ਜ਼ਦ ਮੇ, ਯਹਾਂ ਕੋਈ ਸਿਰਫ਼ ਹਮਾਰਾ ਮਕਾਨ ਥੋੜੀ ਹੈ।
ਹਮਾਰੇ ਮੂੰਹ ਸੇ ਜੋ ਨਿਕਲੇ ਵਹੀ ਸਦਾਕਤ ਹੈ, ਹਮਾਰੇ ਮੂੰਹ ਮੇ ਤੁਮਹਾਰੀ ਜ਼ੁਬਾਨ ਥੋੜੀ ਹੈ।
ਜੋ ਆਜ ਸਾਹਿਬੇ-ਮਸਨਦ (ਸੱਤਾਧਾਰੀ) ਹੈ, ਕਲ ਨਹੀ ਹੋਂਗੇ, ਕਿਰਾਏਦਾਰ ਹੈਂ, ਜ਼ਾਤੀ ਮਕਾਨ ਥੋੜੀ ਹੈ।
ਭਰੋਸੇਵਾਨ ਸਿੱਖ ਅੱਜ ਬੇਸ਼ੱਕ ਵਕਤ ਦਾ ਤਕਾਜ਼ਾ ਸਮਝ ਕੇ ਚੁੱਪ ਹਨ, ਕਿਉਂਕਿ ਉਹ ਭਰਾ ਮਾਰੂ ਜੰਗ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਸੁਚੇਤ ਹਨ ਅਤੇ ਯੋਗ ਸਮੇਂ ਦਾ ਇੰਤਜਾਰ ਕਰ ਰਹੇ ਹਨ। ਯਾਦ ਰੱਖਣਾ ਚਾਹੀਦਾ ਹੈ ਕਿ ਗੁਰੂ ਦੇ ਬਾਣੇ ਸਜਾ ਕੇ ਜਿੰਨੇ ਮਰਜ਼ੀ ਘੁਸਪੈਠ ਦੇ ਯਤਨ ਕਰ ਲਓ, ਸਿੱਖ ਦਾ ਗੁਰੂ ਗ੍ਰੰਥ ਸਾਹਿਬ ’ਤੇ ਭਰੋਸਾ ਅਤੇ ਅਕੀਦਾ ਅਤੁੱਟ ਹੈ, ਇਹ ਕਦਾਚਿਤ ਨਹੀਂ ਬਦਲਿਆ ਜਾ ਸਕਦਾ। ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਹਨ ਤੇ ਸਾਡੇ ਮਾਤਾ ਸਾਹਿਬ ਕੌਰ ਜੀ ਹਨ ਅਤੇ ਅਸੀਂ ਆਨੰਦਪੁਰ ਸਾਹਿਬ ਦੇ ਵਾਸੀ ਹਾਂ ‘ਸਿੰਘ ਹਮਾਰਾ ਨਾਂਉ, ਅਨੰਦਪੁਰ ਹਮਾਰਾ ਗਾਂਉ’।
ਜੇ ਕੋਈ ਆਪਣੇ ਆਪ ਨੂੰ ਰਾਮਚੰਦਰ, ਵਿਸ਼ਨੂੰ, ਆਦਿ ਦੇ ਵੰਸ਼ਜ ਸਮਝ ਕੇ ਵੀ ਸਿੱਖ ਅਖਵਾ ਰਿਹਾ ਹੈ ਤਾਂ ‘ਹਮ ਕੋ ਹਮਾਰਾ ਮੁਬਾਰਕ, ਤੁਮ ਕੋ ਤੁਮਾਰਾ ਮੁਬਾਰਕ।’