ਸਰਲ ਗੁਰਬਾਣੀ ਵਿਆਕਰਣ – ਭਾਗ 11
(ਤਤਸਮ ਇਸਤਰੀ ਲਿੰਗ ਸ਼ਬਦ –ਉਕਾਰਾਂਤ, ਇਕਾਰਾਂਤ ਤੇ ਵਿਸ਼ੇਸ਼ਣ)
– ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ।
‘ਮੰਮੀ ਜੀ ! ਮੰਮੀ ਜੀ ! ! 20 ਰੁਪਏ ਦੇਣਾ। ਬਾਹਰ ਇਕ ਗਰੀਬ ਆਦਮੀ ਨੂੰ ਦੇਣੇ ਨੇ।’ ਮਿਹਰ ਸਿੰਘ ਕੁਲਫ਼ੀ ਖਾਂਦਿਆਂ ਘਰ ਅੰਦਰ ਦਾਖਲ ਹੋ ਕੇ ਬੋਲਿਆ।
‘ਕੀ ਗੱਲ ਹੈ ਪੁੱਤਰ ? ਕਿਹੜਾ ਗਰੀਬ ?’ ਮਾਂ ਨੇ ਰਸੋਈ ਵਿਚੋਂ ਬਾਹਰ ਆਉਂਦਿਆਂ ਪੁੱਛਿਆ।
‘ਉਹ ਵਿਚਾਰਾ ਬਾਹਰ ਧੁੱਪ ਵਿਚ ਕੁਲਫ਼ੀਆਂ ਵੇਚ ਰਿਹਾ ਹੈ।’ ਮਿਹਰ ਸਿੰਘ ਦੀ ਇੰਨੀ ਗੱਲ ਸੁਣਦਿਆਂ ਸਾਰੇ ਖਿੜ-ਖਿੜਾ ਕੇ ਹੱਸ ਪਏ।
‘ਗਿਆਨੀ ਜੀ, ਮੈਂ ਅੱਜ ਇਸਤਰੀ ਲਿੰਗ ਸ਼ਬਦਾਂ ’ਤੇ ਵੀਚਾਰ ਕਰ ਰਿਹਾ ਹਾਂ। ਸਾਡੀ ਬੋਲੀ ਵਿਚ ਬਹੁਤ ਸਾਰੀਆਂ ਹੋਰ ਬੋਲੀਆਂ ਦੇ ਸ਼ਬਦ ਰਲੇ ਹੋਏ ਹਨ, ਜਿਨ੍ਹਾਂ ਬਾਰੇ ਅਸੀਂ ਕਦੀ ਸੋਚਿਆ ਵੀ ਨਹੀਂ ਹੁੰਦਾ। ਹੁਣੇ ਮਿਹਰ ਨੇ ‘ਕੁਲਫ਼ੀ’ ਸ਼ਬਦ ਵਰਤਿਆ ਹੈ, ਇਹ ਅਰਬ ਦੇਸ਼ ਦੀ ਬੋਲੀ ਦਾ ਸ਼ਬਦ ਹੈ। ਇਸ ਨੂੰ ਅਸੀਂ ਤਤਸਮ ਸ਼ਬਦ ਕਹਿੰਦੇ ਹਾਂ।’ ਸੁਖਦੀਪ ਸਿੰਘ ਨੇ ‘ਕੁਲਫ਼ੀ’ ਸ਼ਬਦ ਤੋਂ ਅੱਜ ਦੀ ਵਿਆਕਰਣਿਕ ਵੀਚਾਰ ਸ਼ੁਰੂ ਕੀਤੀ।
‘ਮੈਨੂੰ ਪਤਾ ਹੈ ਵੀਰ ਜੀ, ਹਰ ਬੋਲੀ ਦੇ ਸ਼ਬਦ ਭੰਡਾਰ ਵਿਚ ਤਿੰਨ ਤਰ੍ਹਾਂ ਦੇ ਸ਼ਬਦ ਹੁੰਦੇ ਨੇ। ਮੌਲਿਕ ਸ਼ਬਦ, ਤਦਭਵ ਸ਼ਬਦ ਤੇ ਤਤਸਮ ਸ਼ਬਦ।’ ਕੁਲਫ਼ੀ ਖਾਂਦਿਆਂ ਮਿਹਰ ਸਿੰਘ ਨੇ ਵਿਚੇ ਹੀ ਗੱਲ ਸ਼ੁਰੂ ਕਰ ਦਿੱਤੀ।
‘ਵਾਹ ਮੇਰੇ ਪੁੱਤਰ ! ਤੈਨੂੰ ਤਾਂ ਸਭ ਕੁੱਝ ਪਤਾ ਹੈ। ਇਹ ਸ਼ਬਦਾਂ ਦਾ ਕੀ ਅਰਥ ਹੁੰਦਾ ਹੈ ?’ ਮਾਂ ਨੇ ਬੜੇ ਮਾਣ ਨਾਲ ਪੁੱਛਿਆ।
‘ਮੰਮੀ ਜੀ, ਇਹ ਤਾਂ ਬਹੁਤ ਸੌਖਾ ਹੈ।
ਮੌਲਿਕ ਸ਼ਬਦ, ਉਹ ਹੁੰਦੇ ਹਨ, ਜਿਹੜੇ ਆਪਣੀ ਹੀ (ਦੇਸੀ) ਬੋਲੀ ਦੇ ਸ਼ਬਦ ਹੁੰਦੇ ਨੇ, ਜਿਵੇਂ: ਲੱਸੀ, ਕੰਧ, ਕੇਹਰ, ਗੋਂਗਲੂ, ਭੁਕਾਨਾ ਵਗੈਰਾ।
ਤਦਭਵ ਸ਼ਬਦ ਉਹ ਹੁੰਦੇ ਹਨ, ਜਿਹੜੇ ਕਿਸੇ ਹੋਰ ਬੋਲੀ ਤੋਂ ਬਦਲ ਕੇ ਬਣਾਏ ਜਾਂਦੇ ਨੇ, ਜਿਵੇਂ: ਸੂਰਯ ਤੋਂ ਸੂਰਜ, ਘ੍ਰਿਤ ਤੋਂ ਘਿਉ, ਸਨਾਨ ਤੋਂ ਇਸ਼ਨਾਨ, ਦੁਗਧ ਤੋਂ ਦੁੱਧ, ਯੋਗੀ ਤੋਂ ਜੋਗੀ ਵਗੈਰਾ।
ਤਤਸਮ ਸ਼ਬਦ ਉਹ ਹੁੰਦੇ ਹਨ, ਜਿਹੜੇ ਕਿਸੇ ਹੋਰ ਬੋਲੀ ਦੇ ਮੌਲਿਕ ਸ਼ਬਦ ਹੋਣ ਅਤੇ ਬਿਨਾਂ ਰੂਪ ਬਦਲੇ, ਇੰਨ-ਬਿੰਨ ਵਰਤੇ ਜਾਣ, ਜਿਵੇਂ: ਕੁਲਫ਼ੀ।’ ਮਿਹਰ ਸਿੰਘ ਦੇ ਮੂੰਹੋਂ ਕੁਲਫ਼ੀ ਦਾ ਨਾਮ ਸੁਣਦਿਆਂ ਹੀ ਫਿਰ ਹਾਸਾ ਮੱਚ ਗਿਆ।
‘ਤਤਸਮ ਸ਼ਬਦ ਤਾਂ ਮੈਂ ਦੱਸ ਦਿੰਦਾ ਹਾਂ ਮਿਹਰ ! ਜਿਹੜੇ ਸਾਡੀ ਆਮ ਬੋਲ-ਚਾਲ ਦਾ ਹਿੱਸਾ ਬਣ ਚੁੱਕੇ ਨੇ, ਜਿਵੇਂ:
ਇੰਗਲਿਸ਼ ਦੇ ਸ਼ਬਦ: ਪੈੱਨ, ਪੈਨਸਿਲ, ਕਾਲਜ, ਡਾਕਟਰ, ਰੇਡੀਉ, ਟੈਲੀਵਿਜ਼ਨ, ਪੋਸਟ, ਟਿਕਟ, ਸਾਈਕਲ, ਮਸ਼ੀਨ, ਡਾਟਾ, ਕੰਪਿਊਟਰ, ਰੇਲ, ਸਟੇਸ਼ਨ, ਇੰਟਰਨੈੱਟ, ਪ੍ਰਿੰਟਰ ਵਗੈਰਾ।
ਫ਼ਾਰਸੀ ਦੇ ਸ਼ਬਦ: ਚਸ਼ਮਾ, ਚਾਪਲੂਸ, ਆਦਮੀ, ਜਮੀਂਦਾਰ, ਦੁਕਾਨ, ਨਮਕ, ਹੁਕਮ, ਦਰਬਾਰ, ਸਾਬੁਣ, ਬਰਫ਼, ਰੁਮਾਲ, ਅਨਾਰ, ਅੰਦਰ, ਨਮੂਨਾ, ਕੀਮਤ, ਬੀਮਾਰ ਵਗੈਰਾ।
ਅਰਬੀ ਦੇ ਸ਼ਬਦ: ਕਨੂੰਨ, ਕਲਮ, ਗਰੀਬ, ਅਮੀਰ, ਕੈਦੀ, ਔਰਤ, ਕਤਲ, ਫ਼ਕੀਰ, ਔਲਾਦ, ਰਿਸ਼ਵਤ, ਮਾਲਿਕ, ਕਬੀਰ ਵਗੈਰਾ।
ਪੁਰਤਗਾਲੀ ਦੇ ਸ਼ਬਦ: ਤੌਲੀਆ, ਸਾਬੁਣ, ਕਮੀਜ਼, ਗਮਲਾ, ਅਚਾਰ, ਕਾਰਤੂਸ, ਤਿਜੌਰੀ, ਚਾਬੀ, ਫੀਤਾ, ਤੰਬਾਕੂ, ਕਾਫੀ ਵਗੈਰਾ।
ਫਰਾਂਸੀਸੀ ਦੇ ਸ਼ਬਦ: ਪੁਲਿਸ, ਕਾਰਟੂਨ, ਇੰਜੀਨੀਅਰ, ਕਰਫਿਊ, ਬਿਗੁਲ ਵਗੈਰਾ।
ਤੁਰਕੀ ਦੇ ਸ਼ਬਦ: ਕੈਂਚੀ, ਚਾਕੂ, ਤੋਪ, ਬਾਰੂਦ, ਲਾਸ਼, ਦਰੋਗਾ, ਬਹਾਦੁਰ ਵਗੈਰਾ।
ਯੂਨਾਨੀ ਦੇ ਸ਼ਬਦ: ਟੈਲੀਫ਼ੋਨ, ਟੈਲੀਗ੍ਰਾਫ਼, ਐਟਮ, ਡੈਲਟਾ ਵਗੈਰਾ।
ਚੀਨੀ ਦੇ ਸ਼ਬਦ: ਚਾਹ, ਲੀਚੀ, ਪਟਾਖਾ ਵਗੈਰਾ।
ਇੱਥੋਂ ਤੱਕ ਕਿ ਗੁਰਬਾਣੀ ਵਿਚ ਵੀ ਪੰਜਾਬੀ, ਲਹਿੰਦੀ ਪੰਜਾਬੀ, ਸਿੰਧੀ, ਅਰਬੀ, ਫ਼ਾਰਸੀ, ਪੂਰਬੀ ਹਿੰਦੀ, ਪੱਛਮੀ ਹਿੰਦੀ, ਸਧੂਕੜੀ, ਹਰਿਆਣਵੀ, ਗੁਜਰਾਤੀ, ਮਰਾਠੀ, ਸੰਸਕ੍ਰਿਤ, ਪੂਰਬੀ ਅਪਭ੍ਰੰਸ਼, ਪਾਲੀ, ਪ੍ਰਾਕ੍ਰਿਤ ਆਦਿ ਅਨੇਕਾਂ ਬੋਲੀਆਂ ਦੇ ਸ਼ਬਦ ਵਰਤੇ ਗਏ ਹਨ।’ ਸੁਖਦੀਪ ਸਿੰਘ ਨੇ ਕਿੰਨੇ ਹੀ ਤਤਸਮ ਸ਼ਬਦ ਇਕੋ-ਸਾਹੇ ਗਿਣਾ ਦਿੱਤੇ।
‘ਵੀਰ ਜੀ, ਮੈਂ ਤੁਹਾਨੂੰ ਮੰਨ ਜਾਵਾਂ ਜੇ ਇਹ ਦੱਸ ਦਿਉ ਕਿ ‘ਰਿਕਸ਼ਾ’ ਕਿਸ ਦੇਸ਼ ਦੀ ਬੋਲੀ ਦਾ ਸ਼ਬਦ ਹੈ।’ ਮਿਹਰ ਸਿੰਘ ਨੇ ਸ਼ਰਾਰਤੀ ਅੰਦਾਜ਼ ਵਿਚ ਚੁਟਕੀ ਲੈਂਦਿਆਂ ਕਿਹਾ।
‘ਜਪਾਨ ਦਾ।’ ਮਾਂ ਨੇ ਇਕੋ-ਦਮ ਜਵਾਬ ਦਿੱਤਾ।
‘ਮੰਮੀ ਜੀ, ਤੁਸੀਂ ਕਿਉਂ ਦੱਸਿਆ। ਵੀਰੇ ਤੋਂ ਪੁੱਛਣਾ ਸੀ।’ ਮਿਹਰ ਸਿੰਘ ਨੇ ਮੂੰਹ ਜਿਹਾ ਬਣਾ ਕੇ ਨਰਾਜ਼ ਹੁੰਦਿਆਂ ਕਿਹਾ।
‘ਚਲੋ ਠੀਕ ਹੈ ਜੀ, ਮੰਨ ਲੈਂਦਾ ਹਾਂ ਕਿ ਮੈਨੂੰ ਨਹੀਂ ਪਤਾ ਸੀ, ਪਰ ਮੇਰੇ ਨਿੱਕੇ ਜਿਹੇ ਪ੍ਰੋਫੈਸਰ ਨੂੰ ਪਤਾ ਸੀ।’ ਸੁਖਦੀਪ ਸਿੰਘ ਨੇ ਮਿਹਰ ਸਿੰਘ ਨੂੰ ਪਿਆਰ ਨਾਲ ਪਲੋਸਦਿਆਂ ਕਿਹਾ।
‘ਮੈਨੂੰ ਪਤਾ ਸੀ ਕਿ ਵੀਰੇ ਨੂੰ ਨਹੀਂ ਪਤਾ।’ ਇੰਨੇ ਵਿਚ ਹੀ ਮਿਹਰ ਸਿੰਘ ਖੁਸ਼ ਹੋ ਗਿਆ।
‘ਗਿਆਨੀ ਜੀ, ਮੈਨੂੰ ਅੱਜ ਇਕ ਹੋਰ ਮਜ਼ੇਦਾਰ ਗੱਲ ਪਤਾ ਚੱਲੀ ਹੈ ਕਿ ਇਸਤਰੀ ਆਪਣੇ ਪੇਕੇ ਘਰ ਤੋਂ ਮਿਲੇ ਹੋਏ ਸੰਸਕਾਰ, ਆਪਣੇ ਸਹੁਰੇ ਘਰ ਵਿਚ, ਨਾਲ ਹੀ ਲੈ ਕੇ ਆਉਂਦੀ ਹੈ।’ ਸੁਖਦੀਪ ਸਿੰਘ ਨੇ ਬੜੀ ਗੰਭੀਰਤਾ ਨਾਲ ਇਹ ਗੱਲ ਕਹੀ।
‘ਬਿਲਕੁੱਲ ਬੇਟੇ, ਬੱਚੀ ਨੂੰ ਆਪਣੇ ਪੇਕਿਉਂ ਸਹੁਰੇ ਘਰ, ਦਾਜ ਵਿਚ ਘਰੇਲੂ ਵਸਤਾਂ ਲਿਜਾਣ ਦੀ ਬਜਾਇ, ਸ਼ੁੱਭ ਗੁਣ ਲਿਜਾਣੇ ਚਾਹੀਦੇ ਹਨ। ਇਸੇ ਲਈ ਧੰਨ ਗੁਰੂ ਰਾਮਦਾਸ ਸਾਹਿਬ ਜੀ ਫ਼ੁਰਮਾਉਂਦੇ ਹਨ ਕਿ ਹੇ ਮੇਰੇ ਬਾਬੁਲ ! ਮੈਨੂੰ ਉਹ ਇੱਜ਼ਤ ਰੂਪੀ ਕੱਪੜੇ ਦਿਉ, ਜਿਸ ਨਾਲ ਮੇਰੀ ਪ੍ਰਭੂ ਦੇ ਘਰ ਵਿਚ ਸ਼ੋਭਾ ਬਣ ਜਾਏ।
ਹਰਿ ਪ੍ਰਭੁ ਮੇਰੇ ਬਾਬੁਲਾ ! ਹਰਿ ਦੇਵਹੁ ਦਾਨੁ ਮੈ ਦਾਜੋ॥
ਹਰਿ ਕਪੜੋ ਹਰਿ ਸੋਭਾ ਦੇਵਹੁ; ਜਿਤੁ ਸਵਰੈ ਮੇਰਾ ਕਾਜੋ॥
ਪਰ ਬੇਟਾ ਜੀ, ਤੁਹਾਨੂੰ ਅੱਜ ਕਿਵੇਂ ਪਤਾ ਚੱਲਿਆ ?’ ਮੈਂ ਸੁਖਦੀਪ ਸਿੰਘ ਤੋਂ ਪੁੱਛਿਆ।
‘ਗਿਆਨੀ ਜੀ, ਮੰਮੀ ਜੀ ਨੇ ਮੈਨੂੰ ਗੁਰਬਾਣੀ ਵਿਚੋਂ ਇਸਤਰੀ ਨਾਵਾਂ ਦੇ ਅਕਾਰਾਂਤ (ਆਖਰੀ ਅੱਖਰ ਮੁਕਤਾ) ਤੋਂ ਇਲਾਵਾ ਇਸਤਰੀ ਲਿੰਗ ਨਾਵਾਂ ਦੇ ਹੋਰ ਵੀ ਨੇਮਾਂ ਦੇ ਪ੍ਰਮਾਣ ਲਿਖਣ ਦਾ ਹੋਮਵਰਕ ਦਿੱਤਾ ਹੋਇਆ ਹੈ। ਉਨ੍ਹਾਂ ਨੇਮਾਂ ਦੇ ਪ੍ਰਮਾਣ ਲਿਖਦਿਆਂ ਮੈਨੂੰ ਇਕ ਕੀਮਤੀ ਗੱਲ ਸਮਝ ਪਈ।
ਬਾਹਰਲੀਆਂ ਬੋਲੀਆਂ ਵਿਚੋਂ ਕੁੱਝ ਐਸੇ ਇਸਤਰੀ ਲਿੰਗ ਨਾਂਵ ਗੁਰਬਾਣੀ ਵਿਚ ਆਏੇ ਹਨ, ਜਿਨ੍ਹਾਂ ਦਾ ਮੂਲ ਰੂਪ ਉਨ੍ਹਾਂ ਦੀ ਆਪਣੀ ਪੁਰਾਣੀ ਬੋਲੀ ਦਾ ਹੀ ਰਿਹਾ, ਜਿਸ ਵਿਚ ਉਨ੍ਹਾਂ ਦਾ ਜਨਮ ਹੋਇਆ ਸੀ। ਮਤਲਬ ਜਿਵੇਂ ਕੋਈ ਇਸਤਰੀ ਪੇਕੇ ਘਰੋਂ ਆਪਣੇ ਸੰਸਕਾਰ ਨਾਲ ਹੀ ਲੈ ਕੇ ਆਉਂਦੀ ਹੈ, ਇਸੇ ਤਰ੍ਹਾਂ ਇਸਤਰੀ ਲਿੰਗ ਨਾਂਵ ਵੀ, ਆਪਣੀ ਜਨਮ ਦੇਣ ਵਾਲੀ ਬੋਲੀ ਵਿਚੋਂ, ਆਪਣਾ ਮੂਲ ਸਰੂਪ ਨਾਲ ਹੀ ਲੈ ਕੇ ਗੁਰਬਾਣੀ ਵਿਚ ਆਏ ਹਨ। ਉਦਾਹਰਣ ਵਜੋਂ ਅਸੀਂ ਗੁਰਬਾਣੀ ਵਿਚ ਹੋਰ ਬੋਲੀਆਂ ਵਿਚੋਂ ਆਏ ਇਸਤਰੀ ਲਿੰਗ ਨਾਂਵਾਂ ਦੀ ਮੌਲਿਕ ਔਂਕੜ ਦੇਖ ਸਕਦੇ ਹਾਂ, ਜਿਵੇਂ:
ਰੇਣੁ, ਰੇਨੁ, ਸਾਸੁ, ਲਾਜੁ, ਧੇਨੁ, ਅੰਸੁ, ਹਿੰਙੁ, ਕਫੁ, ਕਲਤੁ, ਖਾਕੁ, ਖਾਂਡੁ, ਖੜੁ, ਚਿੰਜੁ, ਛਾਰੁ, ਜਿੰਦੁ, ਜਰੁ, ਤੰਤੁ, ਦਭੁ, ਦਰਦੁ, ਧੇਣੁ, ਧਾਤੁ, ਫੇਨੁ, ਬਸਤੁ, ਬਿਖੁ, ਬੇਨੁ, ਬਿੰਦੁ, ਭਸੁ, ਮਸੁ, ਮਲੁ, ਰਤੁ, ਰਕਤੁ, ਰੇਤੁ, ਲਾਜੁ, ਵਾਉ, ਵਿਸੁ, ਵੰਸੁ, ਵਾਸੁ, ਵਸਤੁ, ਵਥੁ ਆਦਿਕ। ਇਨ੍ਹਾਂ ਤਤਸਮ ਇਸਤਰੀ ਲਿੰਗ ਨਾਂਵਾਂ ਨੂੰ ਦੇਖ ਕੇ ਇਹ ਭੁਲੇਖਾ ਨਹੀਂ ਲੱਗਣਾ ਚਾਹੀਦਾ ਕਿ ਇਹ ਪੁਲਿੰਗ ਇਕ ਵਚਨ ਨਾਂਵ ਹਨ।’ ਸੁਖਦੀਪ ਸਿੰਘ ਨੇ ਵਿਸਥਾਰ ਨਾਲ ਦੱਸਿਆ।
‘ਵੀਰ ਜੀ, ਮੈਂ ਗੁਰਬਾਣੀ ਵਿਚੋਂ ਪ੍ਰਮਾਣ ਸੁਣਾਵਾਂ ?’ ਮਿਹਰ ਸਿੰਘ ਨੇ ਆਪਣੇ ਵੱਡੇ ਵੀਰ ਸੁਖਦੀਪ ਸਿੰਘ ਤੋਂ ਪੁੱਛਿਆ।
‘ਕਿਉਂ ਨਹੀਂ, ਮੇਰੇ ਨਿੱਕੇ ਪ੍ਰੋ: ਸਾਹਿਬ ਜੀ ! ਜ਼ਰੂਰ ਕੀਮਤੀ ਗਿਆਨ ਬਖਸ਼ੋ ਜੀ।’ ਸੁਖਦੀਪ ਸਿੰਘ ਨੇ ਇਸ ਤਰ੍ਹਾਂ ਪਿਆਰ ਨਾਲ ਜਵਾਬ ਦਿੱਤਾ ਕਿ ਮਿਹਰ ਸਿੰਘ ਥੋੜਾ ਸ਼ਰਮਾ ਜਿਹਾ ਗਿਆ।
‘ਮੈਨੂੰ ਪਤਾ ਹੈ ਵੀਰ ਜੀ, ਤੁਸੀਂ ਮੇਰੇ ਨਾਲ ਮਜ਼ਾਕ ਕਰਦੇ ਓਪਰ ਮੈਂ ਪ੍ਰਮਾਣ ਸੁਣਾ ਸਕਦਾ ਹਾਂ।
ਅਨਦਿਨੁ ਮੂਸਾ ਲਾਜੁ ਟੁਕਾਈ॥
ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ॥
ਗੁਰ ਕੀ ਰੇਣੁ ਨਿਤ ਮਜਨ ਕਰਉ॥
ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ॥
ਤੈਸੀ ਵਸਤੁ ਵਿਸਾਹੀਐ; ਜੈਸੀ ਨਿਬਹੈ ਨਾਲਿ॥
ਇਨ੍ਹਾਂ ਤੁਕਾਂ ਵਿਚ ਲਾਜੁ (ਰੱਸੀ), ਬਿਖੁ (ਜ਼ਹਰ), ਰੇਣੁ (ਧੂੜ), ਧੇਨੁ (ਗਾਂ) ਤੇ ਵਸਤੁ (ਚੀਜ਼) ਇਸਤਰੀ ਲਿੰਗ ਤਤਸਮ ਸ਼ਬਦ ਨੇ, ਜਿਹੜੇ ਆਪਣੀ ਮੌਲਿਕ ਔਂਕੜ ਨਾਲ ਹੀ ਲੈ ਕੇ ਆਏ ਹਨ।’ ਮਿਹਰ ਸਿੰਘ ਨੇ ਬੜੇ ਵਿਸ਼ਵਾਸ ਨਾਲ ਗੁਰਬਾਣੀ ਵਿਚੋਂ ਪ੍ਰਮਾਣ ਸੁਣਾਏ।
‘ਪੁੱਤਰ ਮਿਹਰ, ਤੁਹਾਨੂੰ ਤਾਂ ਪਤਾ ਹੀ ਹੈ ਕਿ ਪੁਲਿੰਗ ਇਕ ਵਚਨ ਨਾਂਵਾਂ ਦੇ ਆਖਰੀ ਅੱਖਰ ਨੂੰ ਵੀ ਔਂਕੜ ਆਉਂਦੀ ਹੈ। ਇਹ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਇਹ ਸ਼ਬਦ ਇਸਤਰੀ ਲਿੰਗ ਹੀ ਹਨ ?’ ਮੈਂ ਬੜੇ ਪਿਆਰ ਨਾਲ ਮਿਹਰ ਸਿੰਘ ਤੋਂ ਪੁੱਛਿਆ।
‘ਹਮਮਮ ! ਦੇਖੋ ਗਿਆਨੀ ਜੀ, ਲਾਜੁ (ਰੱਸੀ) ਨਾਲ ਇਸਤਰੀ ਲਿੰਗ ਕਿਰਿਆ ‘ਟੁਕਾਈ’ ਆਈ ਹੈ, ਜੇ ਪੁਲਿੰਗ ਨਾਉਂ ਹੁੰਦਾ ਤਾਂ ਟੁਕਾਇਆ ਆਉਣਾ ਸੀ ਨਾ ? ਇਸੇ ਤਰ੍ਹਾਂ ‘ਬਿਖੁ’ ਨਾਲ ‘ਖਾਟੀ’ ਆਇਆ ਹੈ, ਖਾਟਾ ਨਹੀਂ। ‘ਗੁਰ ਕੀ ਰੇਣੁ’ ਆਇਆ ਹੈ, ਗੁਰ ਕਾ ਰੇਣੁ ਨਹੀਂ। ਧੇਨੁ ਦੁਧੈ ਤੇ ‘ਬਾਹਰੀ’ ਆਇਆ ਹੈ, ਬਾਹਰਾ ਨਹੀਂ ਤੇ ‘ਤੈਸੀ ਵਸਤੁ’ ਆਇਆ ਹੈ, ਤੈਸਾ ਵਸਤੁ ਨਹੀਂ। ਇਸ ਤੋਂ ਸਾਫ਼ ਪਤਾ ਲਗਦਾ ਹੈ ਕਿ ਇਹ ਸਾਰੇ ਸ਼ਬਦ ਇਸਤਰੀ ਲਿੰਗ ਹਨ। ਇਹ ਆਪਣੇ ਆਖਰੀ ਅੱਖਰ ਨਾਲ ਆਪਣੀ ਮੌਲਿਕ ਔਂਕੜ ਲੈ ਕੇ ਆਏ ਹਨ, ਇਸ ਲਈ ਇਹ ਤਤਸਮ ਇਸਤਰੀ ਲਿੰਗ ਸ਼ਬਦ ਹਨ।’ ਮਿਹਰ ਸਿੰਘ ਨੇ ਸਪਸ਼ਟ ਕੀਤਾ।
‘ਪੁਲਿੰਗ ਨਾਉਂ ਅਤੇ ਤਤਸਮ ਇਸਤਰੀ ਲਿੰਗ ਨਾਉਂ ਦੀ ਲੱਗੀ ਹੋਈ ਆਖਰੀ ਔਂਕੜ ਵਿਚ ਕੀ ਫਰਕ ਹੈ ?’ ਮੈਂ ਪੁੱਛਿਆ।
‘ਪੁਲਿੰਗ ਨਾਉਂ ਦੀ ਆਖਰੀ ਅੱਖਰ ਨੂੰ ਲੱਗੀ ਹੋਈ ਔਂਕੜ ਇਕ ਵਚਨ ਦੀ ਲਖਾਇਕ ਹੈ ਤੇ ਬਹੁ ਵਚਨ, ਸੰਬੋਧਨ ਜਾਂ ਸਬੰਧਕ ਦੇ ਆਉਣ ’ਤੇ ਪੁਲਿੰਗ ਦੀ ਆਖਰੀ ਅੱਖਰ ਦੀ ਔਂਕੜ ਲੱਥ ਜਾਂਦੀ ਐ। ਤਤਸਮ ਇਸਤਰੀ ਲਿੰਗ ਨਾਉਂ ਦੀ ਲੱਗੀ ਆਖਰੀ ਔਂਕੜ ਬਹੁ ਵਚਨ, ਸੰਬੋਧਨ ਜਾਂ ਸਬੰਧਕ ਦੇ ਆਉਣ ’ਤੇ ਵੀ ਲੱਗੀ ਰਹਿੰਦੀ ਹੈ, ਜਿਵੇਂ:
ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮਿ ਡਰਉ ਰੇ॥
ਬਿਖੁ ਕਾ ਕੀਰਾ ਬਿਖੁ ਮਹਿ ਰਾਤਾ ਬਿਖੁ ਹੀ ਮਾਹਿ ਪਚਾਵਣਿਆ॥
ਤਤਸਮ ਇਸਤਰੀ ਲਿੰਗ ‘ਸਾਸੁ’ ਨਾਲ ਸਬੰਧਕ ‘ਕੀ’ ਆਉਣ ’ਤੇ ਵੀ ‘ਸਾਸੁ’ ਦੇ ਆਖਰੀ ਅੱਖਰ ਦੀ ਔਂਕੜ ਕਾਇਮ ਹੈ। ਤਤਸਮ ਇਸਤਰੀ ਲਿੰਗ ‘ਬਿਖੁ’ ਨਾਲ ਸਬੰਧਕ ‘ਕਾ’, ‘ਮਹਿ’ ਤੇ ਅਵਿੱਯੇ ‘ਹੀ’ ਆਉਣ ’ਤੇ ਵੀ ‘ਬਿਖੁ’ ਦੇ ਆਖਰੀ ਅੱਖਰ ਦੀ ਔਂਕੜ ਕਾਇਮ ਹੈ।’ ਸੁਖਦੀਪ ਸਿੰਘ ਨੇ ਗੁਰਬਾਣੀ ਵਿਆਕਰਣ ਦੇ ਔਖੇ ਨੇਮ ਨੂੰ ਸੌਖਿਆਂ ਹੀ ਸਮਝਾ ਦਿੱਤਾ।
‘ਪੁੱਤਰ ਜੀ, ਤੁਹਾਨੂੰ ਪਤਾ ਹੈ ਕਿ ਇਸਤਰੀ ਲਿੰਗ ਨਾਂਵਾਂ ਦੇ ਹੋਰ ਵੀ ਨੇਮ ਹੁੰਦੇ ਹਨ।’ ਮਾਂ ਨੇ ਸੁਖਦੀਪ ਸਿੰਘ ਨੂੰ ਸਵਾਲ ਕੀਤਾ।
‘ਹਾਂ ਜੀ ਮੰਮੀ ਜੀ, ਗੁਰਬਾਣੀ ਵਿਚ ਕਈ ਵਾਰ ਇਸਤਰੀ ਲਿੰਗ ਨਾਂਵ ਇਕਾਰਾਂਤ (ਆਖਰੀ ਅੱਖਰ ਸਿਹਾਰੀ) ਨਾਲ ਵੀ ਆਉਂਦੇ ਹਨ। ਅਸਲ ਵਿਚ ਉਹ ਵੀ ਤਤਸਮ ਇਸਤਰੀ ਲਿੰਗ ਸ਼ਬਦ ਹੁੰਦੇ ਹਨ, ਜਿਵੇਂ:
ਪਰਦੇਸਨਿ, ਬਨਜਾਰਨਿ, ਫੁਰਮਾਇਸਿ, ਉਸਤਤਿ, ਉਤਪਤਿ, ਸਲਾਮਤਿ, ਸਉਕਨਿ, ਹਕੀਕਤਿ, ਹਟਤਾਰਿ, ਕੁਦਰਤਿ, ਕਰਾਮਾਤਿ, ਜਰੂਰਤਿ, ਬਰਾਬਰਿ, ਮਸਲਤਿ, ਭੰਡਾਰਣਿ, ਅਹਰਣਿ, ਸੁਹਾਗਣਿ, ਦੁਹਚਾਰਣਿ, ਕਲਾਲਨਿ, ਬੈਰਾਗਨਿ, ਕਰਤੂਤਿ, ਪੜੋਸਨਿ, ਭਸਮੜਿ, ਅਕਲਿ, ਇਲਤਿ, ਸੰਗਤਿ, ਸਮਾਧਿ, ਸਿਫਤਿ, ਸਾਬਾਸਿ, ਸਾਬਤਿ, ਕਿਰਤਿ, ਤਪਤਿ, ਭਗਤਿ, ਸੁਰਤਿ, ਦ੍ਰਿਸਟਿ, ਨਦਰਿ, ਮਸੀਤਿ, ਧਰਤਿ, ਲਬਧਿ, ਖਬਰਿ, ਪ੍ਰਭਾਤਿ, ਜੁਗਤਿ, ਸਾਪਨਿ, ਗੀਹਨਿ, ਸਰਣਿ, ਤ੍ਰਿਪਤਿ, ਬਿਭੂਤਿ, ਸ੍ਰਿਸਟਿ, ਤੇਜਨਿ, ਕਾਮਣਿ, ਤਰੁਣਿ, ਬੈਰਨਿ, ਮੂਰਤਿ, ਮਾਲਨਿ, ਸਾਹਨਿ, ਤੇਜਨਿ, ਸੁਚਿ, ਕੀਟਿ, ਜੂਠਿ, ਕੰਠਿ, ਖੈਰਿ, ਜਾਤਿ, ਦਾਤਿ, ਰੈਣਿ, ਭੂਮਿ, ਬੇਲਿ, ਵੇਲਿ, ਪਾਲਿ, ਭੀਤਿ, ਡੋਰਿ, ਰੁਤਿ, ਵਾਰਿ, ਵਾੜਿ, ਰਿਧਿ, ਸਿਧਿ, ਨਿਧਿ, ਮਤਿ, ਧੁਨਿ, ਭੂਮਿ, ਪ੍ਰੀਤਿ, ਰੀਤਿ, ਛੋਤਿ, ਨਾਰਿ ਆਦਿਕ। ਇਨ੍ਹਾਂ ਤਤਸਮ ਇਸਤਰੀ ਲਿੰਗ ਨਾਂਵਾਂ ਨੂੰ ਦੇਖ ਕੇ ਇਹ ਭੁਲੇਖਾ ਨਹੀਂ ਲੱਗਣਾ ਚਾਹੀਦਾ ਕਿ ਇਹ ਪੁਲਿੰਗ ਨਾਂਵਾਂ ਦੇ ਆਖਰੀ ਅੱਖਰ ਨੂੰ ਲੱਗੀ ਹੋਈ ਸਿਹਾਰੀ ਹੈ।’ ਸੁਖਦੀਪ ਸਿੰਘ ਨੇ ਬਹੁਤ ਸਾਰੇ ਤਤਸਮ ਇਸਤਰੀ ਲਿੰਗ ਨਾਂਵਾਂ ਦੀ ਜਾਣਕਾਰੀ ਦਿੰਦਿਆਂ ਕਿਹਾ।
‘ਵੀਰ ਜੀ, ਇਹਦੇ ਵਿਚੋਂ ਵੀ ਮੈਂ ਕੁੱਝ ਪ੍ਰਮਾਣ ਸੁਣਾਵਾਂਗਾ।
ਮੈ ਬਨਜਾਰਨਿ ਰਾਮ ਕੀ॥
ਅਪਨੀ ਕੁਦਰਤਿ ਜਾਣੈ ਆਪਿ॥
ਰੈਣਿ ਗਈ ਫਿਰਿ ਹੋਇ ਪਰਭਾਤਿ॥
ਸਚੀ ਤੇਰੀ ਸਿਫਤਿ ਸਚੀ ਸਾਲਾਹ॥
ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ॥
ਇਨ੍ਹਾਂ ਤੁਕਾਂ ਵਿਚ ‘ਬਨਜਾਰਨਿ, ਕੁਦਰਤਿ, ਰੈਣਿ, ਪਰਭਾਤਿ, ਸਿਫਤਿ, ਉਸਤਤਿ ਤੇ ਰਾਤਿ’ ਤਤਸਮ ਇਸਤਰੀ ਲਿੰਗ ਸ਼ਬਦ ਨੇ, ਜਿਹੜੇ ਆਪਣੀ ਮੌਲਿਕ ਸਿਹਾਰੀ ਨਾਲ ਹੀ ਲੈ ਕੇ ਆਏ ਹਨ।’ ਮਿਹਰ ਸਿੰਘ ਨੇ ਇਸ ਵਾਰ ਫਿਰ ਗੁਰਬਾਣੀ ਵਿਚੋਂ ਢੁੱਕਵੇਂ ਪ੍ਰਮਾਣ ਸੁਣਾਏ।
‘ਮਿਹਰ, ਤੈਨੂੰ ਪਤਾ ਹੈ ਕਿ ਕਈ ਵਾਰੀ ਕੁੱਝ ਵਿਸ਼ੇਸ਼ਣੀ ਪਦ ਵੀ ਇਸਤਰੀ ਲਿੰਗ ਨਾਂਵ ਰੂਪ ਵਿਚ ਵਰਤੇ ਜਾਂਦੇ ਹਨ, ਉਨ੍ਹਾਂ ਸ਼ਬਦਾਂ ਦੇ ਵੀ ਅਖੀਰਲੇ ਅੱਖਰ ਨੂੰ ਸਿਹਾਰੀ ਲੱਗ ਜਾਂਦੀ ਹੈ, ਜਿਵੇਂ:
ਸੁੰਦਰਿ, ਸੁਜਾਣਿ, ਚਤੁਰਿ, ਚੰਚਲਿ, ਬੇਪੀਰਿ, ਅਨਾਥਿ, ਸੁਘਰਿ, ਸੁਘੜਿ, ਸਰੂਪਿ, ਸੁਜਾਨਿ, ਸੇਵਕਿ, ਕਰੂਪਿ, ਕੁਜਾਤਿ, ਬਚਿਤ੍ਰਿ, ਸੀਲਵੰਤਿ, ਨਿਰਗੁਣਿ, ਨਿਰਗੁਨਿ, ਪਰਧਾਨਿ, ਰੂਪਵੰਤਿ, ਬਿਚਖਨਿ, ਸੀਲਵੰਤਿ, ਵਡਭਾਗਣਿ, ਅਚਾਰਵੰਤਿ ਆਦਿਕ। ਉਦਾਹਰਣ ਦੇ ਤੌਰ ’ਤੇ:
ਮੋਹਨੀ ਮਹਾ ਬਚਿਤ੍ਰਿ ਚੰਚਲਿ ਅਨਿਕ ਭਾਵ ਦਿਖਾਵਏ॥
ਪਹਿਲੀ ਕਰੂਪਿ ਕੁਜਾਤਿ ਕੁਲਖਨੀ ਸਾਹੁਰੈ ਪੇਈਐ ਬੁਰੀ॥
ਅਬ ਕੀ ਸਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ॥
ਰੂਪਵੰਤਿ ਸਾ ਸੁਘੜਿ ਬਿਚਖਣਿ ਜੋ ਧਨ ਕੰਤ ਪਿਆਰੀ ਜੀਉ॥
ਨਿਰਗੁਨਿ ਨਿਮਾਣੀ ਅਨਾਥਿ ਬਿਨਵੈ; ਮਿਲਹੁ ਪ੍ਰਭ ਕਿਰਪਾ ਨਿਧੇ॥
ਇਨ੍ਹਾਂ ਸਾਰੇ ਪ੍ਰਮਾਣਾਂ ਵਿਚ ਬਚਿਤ੍ਰਿ, ਚੰਚਲਿ, ਕਰੂਪਿ, ਕੁਜਾਤਿ, ਸਰੂਪਿ, ਸੁਜਾਨਿ, ਰੂਪਵੰਤਿ, ਸੁਘੜਿ, ਬਿਚਖਣਿ, ਨਿਰਗੁਨਿ ਤੇ ਅਨਾਥਿ ਵਿਸ਼ੇਸ਼ਣੀ ਪਦ ਇਸਤਰੀ ਲਿੰਗ ਨਾਂਵ ਰੂਪ ਵਿਚ ਵਰਤੇ ਗਏ ਹਨ। ਇਨ੍ਹਾਂ ਵੱਲ ਦੇਖ ਕੇ ਵੀ ਇਹ ਭੁਲੇਖਾ ਨਹੀਂ ਲੱਗਣਾ ਚਾਹੀਦਾ ਕਿ ਇਹ ਪੁਲਿੰਗ ਨਾਂਵਾਂ ਦੇ ਆਖਰੀ ਅੱਖਰ ਨੂੰ ਲੱਗੀ ਹੋਈ ਸਿਹਾਰੀ ਹੈ।’ ਸੁਖਦੀਪ ਸਿੰਘ ਨੇ ਇਕਾਰਾਂਤ ਇਸਤਰੀ ਲਿੰਗ ਵਿਸ਼ੇਸ਼ਣੀ ਪਦਾਂ ਸਬੰਧੀ ਵਿਸ਼ੇਸ਼ ਨੇਮ ਦੱਸਦਿਆਂ ਕਿਹਾ :
‘ਮੈਨੂੰ ਇਹ ਪਤਾ ਹੈ ਕਿ ਹੁਣ ਮਿਹਰ ਵੀ ਇਨ੍ਹਾਂ ਨਾਂਵਾਂ ਦੇ ਪ੍ਰਮਾਣ ਸੁਣਾਏਗਾ।’ ਮੈਂ ਮੁਸਕਰਾਉਂਦਿਆਂ ਮਿਹਰ ਸਿੰਘ ਵੱਲ ਦੇਖ ਕੇ ਕਿਹਾ।
‘ਅੱਛਾ ਗਿਆਨੀ ਜੀ, ਹੁਣ ਤੁਸੀਂ ਜਾਣੀ-ਜਾਣ, ਅੰਤਰਜਾਮੀ ਬਾਬਾ ਜੀ ਬਣ ਗਏ ਓ।’ ਮਿਹਰ ਸਿੰਘ ਨੇ ਮੁਸਕੜੀਂ ਹਸਦਿਆਂ ਕਿਹਾ।
‘ਅੰਤਰਜਾਮੀ ਤਾਂ ਨਹੀਂ ਪਰ ਪੁੱਤਰ ਜੀ, ਮੈਨੂੰ ਤੁਹਾਡੇ ਲੱਛਣਾਂ ਦਾ ਪਤਾ ਹੈ। ਕਿਸੇ ਗੱਲ ’ਚੋਂ ਤੁਸੀਂ ਪਿੱਛੇ ਕਿਵੇਂ ਰਹਿ ਸਕਦੇ ਓ। ਜਵਾਬ ਭਾਵੇਂ ਗਲਤ ਈ ਹੋਵੇ ਪਰ ਕੌਨਫੀਡੈਂਸ ਪੂਰਾ ਹੈ।’ ਮੈਂ ਜਾਣ-ਬੁੱਝ ਕੇ ਮਿਹਰ ਸਿੰਘ ਨੂੰ ਛੇੜਦਿਆਂ ਕਿਹਾ।
‘ਐਸੀ ਵੀ ਗੱਲ ਨਹੀਂ ਗਿਆਨੀ ਜੀ। ਮੈਂ ਬਿਲਕੁਲ ਠੀਕ ਪ੍ਰਮਾਣ ਦਿਆਂਗਾ।
ਸੋ ਸੇਵਕਿ ਰਾਮ ਪਿਆਰੀ॥
ਤੂੰ ਸਤਵੰਤੀ ਤੂੰ ਪਰਧਾਨਿ॥
ਅਤਿ ਸੁੰਦਰਿ ਬਿਚਖਨਿ ਤੂੰ॥
ਸੁਨਿ ਅੰਧਲੀ ਲੋਈ ਬੇਪੀਰਿ॥
ਅਚਾਰਵੰਤਿ ਸਾਈ ਪਰਧਾਨੇ॥
ਸਾ ਗੁਣਵੰਤੀ ਸਾ ਵਡਭਾਗਣਿ॥
ਪੁਤ੍ਰਵੰਤੀ ਸੀਲਵੰਤਿ ਸੋਹਾਗਣਿ॥
ਧਨ ਕਛੂ ਨ ਸਮਝੈ ਚੰਚਲਿ ਕਾਚੇ॥
ਸੋਹਨੀ ਸਰੂਪਿ ਸੁਜਾਣਿ ਬਿਚਖਨਿ॥
ਸੁੰਦਰਿ ਸੁਜਾਣਿ ਚਤੁਰਿ ਬੇਤੀ ਸਾਸ ਬਿਨੁ ਜੈਸੇ ਤਨਾ॥
ਅਜੇ ਤਾਂ ਮੈਂ ਹੋਰ ਵੀ ਬਹੁਤ ਸਾਰੇ ਪ੍ਰਮਾਣ ਲਿਖੇ ਹੋਏ ਨੇ।’ ਮਿਹਰ ਸਿੰਘ ਨੇ ਆਪਣੀ ਗੁਰਬਾਣੀ ਵਿਆਕਰਣ ਵਾਲੀ ਡਾਇਰੀ ਵਿਚੋਂ ਪ੍ਰਮਾਣ ਪੜ੍ਹ ਕੇ ਸੁਣਾਉਂਦਿਆਂ ਕਿਹਾ।
‘ਓ ਭਾਈ, ਇਹ ਇੰਨੇ ਸਾਰੇ ਕਿਹੜੇ ਪ੍ਰਮਾਣ ਸੁਣਾ ਦਿੱਤੇ ਨੇ ?’ ਮੈਂ ਹੈਰਾਨ ਹੋ ਕੇ ਮਿਹਰ ਸਿੰਘ ਨੂੰ ਪੁੱਛਿਆ।
‘ਗਿਆਨੀ ਜੀ, ਇਨ੍ਹਾਂ ਸਾਰੇ ਪ੍ਰਮਾਣਾਂ ਵਿਚ ਸੇਵਕਿ, ਪਰਧਾਨਿ, ਸੁੰਦਰਿ, ਬਿਚਖਨਿ, ਬੇਪੀਰਿ, ਅਚਾਰਵੰਤਿ, ਵਡਭਾਗਣਿ, ਸੀਲਵੰਤਿ, ਸੋਹਾਗਣਿ, ਚੰਚਲਿ, ਸਰੂਪਿ, ਸੁਜਾਣਿ, ਬਿਚਖਨਿ, ਸੁੰਦਰਿ, ਸੁਜਾਣਿ ਤੇ ਚਤੁਰਿ ਵਿਸ਼ੇਸ਼ਣੀ ਪਦ ਇਸਤਰੀ ਲਿੰਗ ਵਾਲੇ ਨਾਂਵ ਰੂਪ ਵਿਚ ਵਰਤੇ ਗਏ ਹਨ।’ ਮਿਹਰ ਸਿੰਘ ਨੇ ਬੜੇ ਸਰਲ ਤਰੀਕੇ ਨਾਲ ਸਮਝਾ ਦਿੱਤਾ।
‘ਵਾਹ ਭਈ ਵਾਹ ! ਮੰਨ ਗਏ ਨਿੱਕੇ ਪ੍ਰੋਫ਼ੈਸਰ ਜੀ ਨੂੰ। ਲਗਦੈ, ਤੈਨੂੰ ਗੁਰਬਾਣੀ ਦੀ ਸਾਰੀ ਵਿਆਕਰਣ ਆ ਗਈ ਐ।’ ਸੁਖਦੀਪ ਸਿੰਘ ਨੇ ਖੁਸ਼ ਹੁੰਦਿਆਂ ਕਿਹਾ।
‘ਨਹੀਂ ਵੀਰ ਜੀ, ਸਾਰੀ ਵਿਆਕਰਣ ਨਹੀਂ ਆਈ। ਇਕ ਸਵਾਲ ਅਜੇ ਵੀ ਮੇਰੇ ਮਨ ਵਿਚ ਚੱਲ ਰਿਹਾ ਹੈ। ਜੇ ਕਿਸੇ ਨਾਉਂ ਦੇ ਅਖੀਰਲੇ ਅੱਖਰ ਨੂੰ ਔਂਕੜ ਜਾਂ ਸਿਹਾਰੀ ਆ ਜਾਏ ਤਾਂ ਕਿਵੇਂ ਪਤਾ ਲੱਗੇਗਾ ਕਿ ਉਹ ਪੁਲਿੰਗ ਹੈ ਜਾਂ ਤਤਸਮ ਇਸਤਰੀ ਲਿੰਗ ?’ ਮਿਹਰ ਸਿੰਘ ਨੇ ਸਿਰ ਖੁਰਕਦਿਆਂ ਪੁੱਛਿਆ।
‘ਓ ਮੇਰੇ ਭੋਲੂਆ ਜਿਹਾ ! ਇਹ ਤਾਂ ਉਹ ਗੱਲ ਹੋਈ ਕਿ ਹਾਥੀ ਲੰਘ ਗਿਆ ਪਰ ਪੂਛ ਅਟਕ ਗਈ। ਗੁਰਬਾਣੀ ਵਿਆਕਰਣ ਦੇ ਇੰਨੇ ਵੱਡੇ-ਵੱਡੇ ਨੇਮ ਸਮਝ ਗਿਆ ਹੈਂ ਤੇ ਇਕ ਛੋਟੀ ਜਿਹੀ ਗੱਲ ’ਤੇ ਅਟਕ ਗਿਐਂ ? ਤੈਨੂੰ ਪਹਿਲਾਂ ਸਮਝਾਇਆ ਤਾਂ ਸੀ (ਦੇਖੋ: ਸਰਲ ਗੁਰਬਾਣੀ ਵਿਆਕਰਣ – ਭਾਗ ਦੂਜਾ) ਕਿ ਜਿਸ ਨਾਉਂ ਦੇ ਅੱਗੇ ‘ਮੇਰਾ’ ਜਾਂ ‘ਚੰਗਾ’ ਸ਼ਬਦ ਲੱਗ ਸਕੇ, ਉਹ ਪੁਲਿੰਗ ਹੈ ਤੇ ਜਿਸ ਨਾਉਂ ਅੱਗੇ ‘ਮੇਰੀ’ ਜਾਂ ‘ਚੰਗੀ’ ਸ਼ਬਦ ਲੱਗ ਸਕੇ, ਉਹ ਇਸਤਰੀ ਲਿੰਗ ਹੈ, ਭਾਵੇਂ ਉਹ ਆਮ ਇਸਤਰੀ ਲਿੰਗ ਹੋਵੇ, ਭਾਵੇਂ ਤਤਸਮ ਇਸਤਰੀ ਲਿੰਗ।’ ਸੁਖਦੀਪ ਸਿੰਘ ਨੇ ਮਿਹਰ ਸਿੰਘ ਦੇ ਸਿਰ ’ਤੇ ਪਿਆਰ ਭਰੀ ਪਟੋਕੀ ਮਾਰਦਿਆਂ ਕਿਹਾ।
‘ਚਲੋ ਬੱਚਿਓ ! ਅੱਜ ਮੈਂ ਤੁਹਾਨੂੰ ਸਿਰਫ 7 ਸ਼ਬਦਾਂ ਦਾ ਹੋਮਵਰਕ ਦੇ ਰਿਹਾ ਹਾਂ।
ਕਾਮਣੁ, ਕਾਮਣ, ਕਾਮਣਿ, ਤਰਣੁ, ਤਰਣ, ਤਰੁਣਿ, ਤਰੁਣ।
ਇਨ੍ਹਾਂ ਵਿਚੋਂ 6 ਸ਼ਬਦਾਂ ਦੇ ਗੁਰਬਾਣੀ ਵਿਚੋਂ ਪ੍ਰਮਾਣ ਅਤੇ ਉਨ੍ਹਾਂ ਦੇ ਅਰਥ ਲਿਖ ਕੇ ਦਿਖਾਉ।’ ਮੈਂ ਇਨ੍ਹਾਂ ਬੱਚਿਆਂ ਨੂੰ ਹੋਮਵਰਕ ਦਿੰਦਿਆਂ ਸੋਚ ਰਿਹਾ ਸਾਂ ਕਿ ਸਾਡੀ ਕੌਮ ਵਿਚ ਉਹ ਦਿਨ ਕਦੋਂ ਆਵੇਗਾ, ਜਦੋਂ ਹਰ ਇਕ ਗੁਰਸਿੱਖ ਬੱਚਾ ਗੁਰਬਾਣੀ ਵਿਆਕਰਣਿਕ ਨੇਮਾਂ ਅਨੁਸਾਰ ਅਰਥ-ਭਾਵ ਨੂੰ ਸਮਝ ਕੇ ਸਚੀ ਬਾਣੀ ਨੂੰ ਆਪਣੇ ਜੀਵਨ ਵਿਚ ਧਾਰਨ ਕਰੇਗਾ। ਉਸ ਦਿਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਬਚਨ ‘ਵਾਹੁ ਵਾਹੁ ਬਾਣੀ ਸਤਿ ਹੈ; ਗੁਰਮੁਖਿ ਬੂਝੈ ਕੋਇ॥’ ਦਾ ਗਿਆਨ ਹਰ ਗੁਰਸਿੱਖ ਦੇ ਘਰ ਵਿਚ ਪਰਗਟ ਹੋ ਜਾਵੇਗਾ।