ਸਿਦਕੀ ਸਿੱਖ ਸ਼ਹੀਦ ‘ਭਾਈ ਤਾਰੂ ਸਿੰਘ ਜੀ’

0
750

ਸਿਦਕੀ ਸਿੱਖ ਸ਼ਹੀਦ ‘ਭਾਈ ਤਾਰੂ ਸਿੰਘ ਜੀ’

ਗਿਆਨੀ ਜਗਤਾਰ ਸਿੰਘ ਜਾਚਕ (ਨਿਊਯਾਰਕ)

ਇਤਿਹਾਸਕਾਰ ਵਿਦਵਾਨ ਗੁਰਸਿੱਖ ਸੱਜਣਾ ਨੇ ਹੁਣ ਤੱਕ ਦੇ ਸਿੱਖ ਇਤਿਹਾਸ ਨੂੰ 10 ਭਾਗਾਂ ਵਿੱਚ ਵੰਡਿਆ ਹੈ। ਸਿੱਖੀ ਦੇ ਮੋਢੀ ਸ੍ਰੀ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੱਕ (1469-1606 ਈ.) ਦੇ ਕਾਲ ਨੂੰ ਗੁਰਬਾਣੀ ਯੁੱਗ।  ਛੇਵੇਂ ਪਾਤਸ਼ਾਹ ਤੋਂ ਦਸਮ ਗੁਰੂ ਤੱਕ (1606-1708 ਈ.) ਕੁਰਬਾਨੀ ਯੁੱਗ। ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰ ਸਿੱਖ ਸ਼ਹੀਦੀਆਂ ਤੋਂ ਛੋਟੇ ਘੱਲੂਘਾਰੇ ਤੱਕ (1708-1748 ਈ.) ਪਰੀਖਿਆ ਯੁੱਗ।  ਸਿੱਖ ਮਿਸਲਾਂ ਦੀ ਬਣਤਰ ਅਤੇ ਅਬਦਾਲੀ ਵੱਲੋਂ ਵਰਤਾਏ ਵੱਡੇ ਘੱਲੂਘਾਰੇ ਤੋਂ ਲਾਹੌਰ ਦੇ ਕਬਜ਼ੇ ਤੱਕ (1748 ਤੋਂ 1765 ਈ.) ਚੜ੍ਹਦੀ ਕਲਾ ਯੁੱਗ।  ਸੰਨ 1765 ਤੋਂ 1799 ਤੱਕ ਸਰਦਾਰੀ ਯੁੱਗ।  ਸੰਨ 1799-1849 ਤੱਕ ਦੇ ਮਹਾਰਾਜਾ ਰਣਜੀਤ ਸਿੰਘ ਰਾਜ ’ਚੋਂ 1764 ਤੋਂ 1948 ਤੱਕ ਫੂਲਕਿਆਂ ਦੇ ਰਾਜ ਘਰਾਣੇ ਤੇ ਹੋਰ ਸਿੱਖ ਰਿਆਸਤਾਂ ਦੇ ਕਾਲ ਨੂੰ ਰਾਜ-ਭਾਗ ਯੁੱਗ।  ਸੰਨ 1849-1910 ਤੱਕ ਦੇ ਨਿਰੰਕਾਰੀ, ਨਾਮਧਾਰੀ ਤੇ ਸਿੰਘ ਸਭਾ ਲਹਿਰ ਦੇ ਕਾਲ ਨੂੰ ਪੁਨਰ-ਜਾਗ੍ਰਤੀ ਯੁੱਗ। ਸੰਨ 1910 ਤੋਂ 1925 ਤੱਕ ਗਦਰ ਪਾਰਟੀ ਤੇ ਅਕਾਲੀ ਲਹਿਰ ਦੇ ਕਾਲ ਨੂੰ ਇਨਕਲਾਬੀ ਯੁੱਗ। ਸੰਨ 1925 ਤੋਂ 1984 ਤੱਕ ਸਵਰਾਜ ਯੁੱਗ ਅਤੇ 1984 ਤੋਂ ਹੁਣ ਤੱਕ ਨੂੰ ਪੁਨਰ-ਅਜ਼ਾਦੀ ਸੰਘਰਸ਼ ਯੁੱਗ।

ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਪਰੀਖਿਆ ਯੁੱਗ (1708-1748) ਦੇ ਉਹ ਸੂਰਬੀਰ ਤੇ ਸਿਦਕੀ ਸਿੱਖ ਹੋਏ ਹਨ, ਜਿਨ੍ਹਾਂ ਨੂੰ ਕਿਰਤ ਕਰਨ, ਵੰਡ ਕੇ ਛਕਣ ਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਦੇ ਉੱਤਮ ਨਮੂਨੇ ਵਜੋਂ ਪਹਿਚਾਣਿਆ ਜਾਂਦਾ ਹੈ।  ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ (1716) ਪਿੱਛੋਂ ਲਾਹੌਰ ਦੇ ਸੂਬੇਦਾਰ ਜ਼ਕਰੀਆਂ ਖ਼ਾਂ ਵੇਲੇ ਦਾ ਇਹ ਉਹ ਯੁੱਗ ਸੀ, ਜਦੋਂ ਅਜ਼ਾਦੀ ਦੇ ਪ੍ਰਵਾਨੇ ਸਿੱਖ ਸੂਰਮੇ ਸਮੇਂ ਦੀ ਜ਼ਾਲਮ ਹਕੂਮਤ ਨਾਲ ਟੱਕਰ ਲੈਂਦੇ ਹੋਏ ਜੰਗਲਾਂ ਵਿੱਚ ਭਟਕ ਰਹੇ ਸਨ। ਕਿਸੇ ਵੱਲੋਂ ਇਨ੍ਹਾਂ ਦੀ ਸਹਾਇਤਾ ਕਰਨੀ ਸਰਕਾਰੀ ਕਰੋਪੀ ਦਾ ਸ਼ਿਕਾਰ ਹੋਣਾ ਸੀ।  ਮੱਸੇ ਰੰਘੜ ਨੂੰ ਸੋਧਣ ਵਾਲੇ ਸ਼ਹੀਦ ਭਾਈ ਮਹਿਤਾਬ ਸਿੰਘ ਮੀਰਾਂਕੋਟ ਦੇ ਪੋਤਰੇ ਅਤੇ ਜਥੇਦਾਰ ਸ਼ਾਮ ਸਿੰਘ ਕ੍ਰੋੜੀ ਮਿਸਲ ਦੇ ਦੋਹਤਰੇ ਭਾਈ ਰਤਨ ਸਿੰਘ ਭੰਗੂ ਆਪਣੀ ਕ੍ਰਿਤ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ :

ਜੋ ਸਿੰਘਨ ਕੌ ਕੋਊ ਲੁਕਾਵੈ। ਸੋ ਵਹਿ ਅਪਣੀ ਜਾਨ ਗੁਵਾਵੈ।

ਆਏ ਸਿੰਘ, ਬਤਾਵੈ ਨਾਂਹੀ। ਵੈ ਭੀ ਆਪਣੀ ਜਿੰਦ ਗੁਵਾਹੀ।

ਜੋ ਸਿੰਘਨ ਕੋ ਦੇਵੈ ਨਾਜ। ਮੁਸਲਮਾਨ ਕਰੈਂ, ਤਿਸ ਕਾਜ। (ਪੰਨਾ 269/ਐਡੀਸ਼ਨ 1993), ਪਰ ਅਜਿਹੇ ਭਿਆਨਕ ਵੇਲੇ ਵੀ ਬਹੁਤ ਸਾਰੇ ਐਸੇ ਵੀ ਕਿਰਤੀ ਸਿੱਖ ਪਰਿਵਾਰ ਸਨ, ਜਿਹੜੇ ਬੇਘਰ ਹੋਏ ਸੰਘਰਸ਼ੀ ਸਿੰਘ ਜੋਧਿਆਂ ਨੂੰ ਲੁਕ-ਛਿਪ ਕੇ ਰਸਦ ਪਾਣੀ ਤੇ ਕੱਪੜੇ ਵਗੈਰਾ ਪਹੁੰਚਾਂਦੇ ਭਾਵੇਂ ਕਿ ਆਪ ਉਨ੍ਹਾਂ ਨੂੰ ਨੰਗੇ ਤੇ ਭੁੱਖੇ ਵੀ ਕਿਉਂ ਨਾ ਰਹਿਣਾ ਪੈਂਦਾ।  ਐਸਾ ਸੀ ਗੁਰਸਿੱਖਾਂ ਅੰਦਰ ਪੰਥਕ ਪਿਆਰ ਤੇ ਜਜ਼ਬਾ। ਭਾਈ ਸਾਹਿਬ ਨੇ ਲਿਖਿਆ ਹੈ:

ਐਸੇ ਐਸੇ ਸਿੰਘ ਜਗ ਮਾਂਹੀ। ਸਿੰਘ ਛਕਾਇ ਪੀਐਂ ਨਿਜ ਖਾਹੀਂ।

ਆਪ ਸਹੈਂ ਵੈ ਨੰਗ ਅਰ ਭੁੱਖ। ਦੇਖ ਸਕੈਂ ਨਹਿਂ ਸਿੰਘਨ ਦੁੱਖ।

ਆਪ ਗੁਜ਼ਾਰੈਂ ਅਗਨੀ ਨਾਲ। ਸਿੰਘਨ ਘੱਲੈਂ ਪੁਸ਼ਕ ਸਿਵਾਲ।

ਬਾਣ ਬੱਟ ਕਈ ਕਰੈਂ ਮਜ਼ੂਰੀ। ਭੇਜੈਂ ਸਿੰਘਨ ਪਾਸ ਜ਼ਰੂਰੀ। (ਪੰਨਾ 269)

ਐਸੇ ਪੰਥ-ਦਰਦੀ ਤੇ ਪੰਥ ਸੇਵਕ ਗੁਰਸਿੱਖ ਪਰਿਵਾਰਾਂ ਵਿੱਚੋਂ ਇੱਕ ਸਨ ‘ਭਾਈ ਸਾਹਿਬ ਭਾਈ ਤਾਰੂ ਸਿੰਘ ਜੀ’ ਤੇ ਉਨ੍ਹਾਂ ਦੀ ਮਾਤਾ ਅਤੇ ਭੈਣ, ਜੋ ਅਜੋਕੇ ਪੰਜਾਬ ਮੁਤਾਬਕ ਜ਼ਿਲ੍ਹਾ ਤਰਨਤਾਰਨ ਅਤੇ ਤਹਿਸੀਲ ਪੱਟੀ ਦੇ ਭਿੱਖੀਵਿੰਡ ਕਸਬੇ ਨੇੜਲੇ ਪਿੰਡ ਪੂਹਲਾ ਦੇ ਵਸਨੀਕ ਸਨ।  ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੇਅਦਬੀ ਕਰਨ ਵਾਲੇ ਚੌਧਰੀ ਮੱਸੇ ਰੰਗੜ ਦੇ ਕਤਲ ਹੋਣ ਪਿੱਛੋਂ ਜ਼ਕਰੀਆਂ ਖ਼ਾਂ ਸੜ ਬਲ਼ਿਆ ਅਤੇ ਕ੍ਰੋਧਿਤ ਹੋਏ ਨੇ ਇਲਾਕੇ ਦੇ ਚੌਧਰੀਆਂ ਨੂੰ ਤਾੜਨਾ ਕੀਤੀ ਕਿ ਜਿਹੜਾ ਵੀ ਸਿੱਖ ਪਰਿਵਾਰ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵਰਗੇ ਬਾਗ਼ੀ ਲੋਕਾਂ ਦੀ ਸਹਾਇਤਾ ਕਰਦਾ ਹੈ, ਉਸ ਦੀ ਸੂਚਨਾ ਦਿਓ ਤੇ ਇਨਾਮ ਪਾਵੋ।  ਐਸੇ ਗਦਾਰ ਚੌਧਰੀਆਂ ਵਿੱਚੋਂ ਇੱਕ ਸੀ ਸ੍ਰੀ ਗੁਰੂ ਅਮਰਦਾਸ ਜੀ ਦੇ ਮੰਜੀਦਾਰ ਪ੍ਰਚਾਰਕ ਸਿੱਖ ਭਾਈ ਹੰਦਾਲ ਦੇ ਉਪਨਾਮ ’ਤੇ ਚਲਾਈ ਨਿਰੰਜਨੀ ਸੰਪਰਦਾ ਦਾ ਮਹੰਤ ‘ਹਰਿਭਗਤ’।  ਇਸੇ ਲਈ ਇਹ ਨੀਚ ਹਰਿਭਗਤ ਨਿਰੰਜਨੀ ਨਾਂ ਨਾਲ ਜਾਣਿਆ ਜਾਂਦਾ ਸੀ, ਜਿਸ ਨੇ ਸਿੰਘਾਂ ਦੇ ਵਿਰੁਧ ਲਾਹੌਰ ਦੇ ਜ਼ਾਲਮ ਹਾਕਮਾਂ ਦੀ ਅਯੋਗ ਸਹਾਇਤਾ ਕੀਤੀ ਤੇ ਸਿੰਘਾਂ ਦਾ ਘਾਣ ਕਰਵਾਇਆ। ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਇਸ ਪ੍ਰਕਾਰ ਦੇ 95% ਸੰਪਰਦਾਈ ਡੇਰੇ ਹੁਣ ਵੀ ਸੱਤਾਧਾਰੀ ਪੰਥ ਵਿਰੋਧੀ ਸ਼ਕਤੀਆਂ ਦੇ ਹੱਥ-ਠੋਕੇ ਬਣੇ ਹੋਏ ਹਨ ਤਾਂ ਕਿ ਉਨ੍ਹਾਂ ਦੇ ਅਪਰਾਧੀ ਠੱਗ ਵਾੜੇ ਪੁਲੀਸ ਦੀ ਮਾਰ ਤੋਂ ਸੁਰੱਖਿਅਤ ਰਹਿ ਸਕਣ।  ਸਰਕਾਰੀ ਸਿਫ਼ਾਰਸ਼ਾਂ ਕਰਾਉਣ ਦੇ ਚੱਕਰ ਵਿੱਚ ਆਲੇ-ਦੁਆਲੇ ਦੇ ਲੋਕ ਚੇਲਿਆਂ ਦੇ ਰੂਪ ਵਿੱਚ ਉਨ੍ਹਾਂ ਦੀ ਦੁਕਾਨਦਾਰੀ ਚਲਾਈ ਰੱਖਣ।

ਇਸ ਨੀਚ ਟਾਊਟ ਨੇ ਜ਼ਕਰੀਆ ਖ਼ਾਂ ਕੋਲ ਭਾਈ ਤਾਰੂ ਸਿੰਘ ਬਾਰੇ ਚੁਗ਼ਲੀ ਕਰਦਿਆਂ ਜੋ ਹੇਠ ਲਿਖੀ ਰਿਪੋਰਟ ਲਿਖਵਾਈ, ਉਸ ਤੋਂ ਭਾਈ ਤਾਰੂ ਸਿੰਘ ਜੀ ਦੇ ਪਰਿਵਾਰ ਅੰਦਰਲੇ ਸਿੱਖੀ ਸਿਦਕ, ਗੁਰੂ ਪ੍ਰਤੀਤ, ਸ਼ਬਦ-ਕੀਰਤਨ ਦੇ ਪਿਆਰ ਤੇ ਪੰਥਕ ਦਰਦ ਦੀ ਝਲਕ ਡੁੱਲ-ਡੁੱਲ ਪੈਂਦੀ ਹੈ; ਜੋ ਸਮੁੱਚੇ ਸਿੱਖ ਜਗਤ ਲਈ ਇੱਕ ਰੌਸ਼ਨ ਮੁਨਾਰਾ ਹੈ।  ਇਹ ਪੜ੍ਹ ਕੇ ਲੋੜ ਹੈ ਉਨ੍ਹਾਂ ਪਰਿਵਾਰਾਂ ਨੂੰ ਵੀ ਸਵੈ-ਪੜਚੋਲ ਕਰਨ ਦੀ, ਜਿਹੜੇ ਗੁਰਸਿੱਖ ਅਖਵਾਉਂਦੇ ਹੋਏ ਵੀ ਜੋਤਸ਼ੀਆਂ, ਪੀਰਾਂ ਦੀਆਂ ਕਬਰਾਂ ਅਤੇ ਮੜੀਆਂ ਮਸਾਣਾਂ ਅਤੇ ਦੇਵੀ-ਦੇਵਤਿਆਂ ਦੇ ਪੂਜਾਰੀ ਬਣੇ ਬੈਠੇ ਹਨ।  ਰਿਪੋਰਟ ਕੁਝ ਇਉਂ ਸੀ :

ਹੈ ਉਸ ਕੇ ਇੱਕ ਭੈਣ ਅਰ ਮਾਈ ॥ ਪੀਸ ਕੂਟ ਵੇ ਕਰੈਂ ਕਮਾਈ॥

ਆਪ ਖਾਇ ਵਹਿ ਰੁੱਖੀ ਮਿੱਸੀ ॥ ਮੋਟਾ ਪਹਿਰ ਆਪ ਰਹਿ ਲਿੱਸੀ॥

ਜੋਊ ਬਚੇ ਸੋ ਸਿੰਘਨ ਦੇਵੈ ॥  ਉਇ ਬਿਨ ਸਿੰਘਨ ਔਰ ਨ ਸੇਵੈ॥

ਬਾਂਗ ਸਲਾਤ ਸੁਨ ਮੂੰਦੇ ਕਾਨ। ਰੋਟ ਸ਼ੀਰਨੀ ਪੀਰ ਨਾ ਖਾਨ।

ਸ਼ਬਦ ਚੌਂਕੀ ਗੁਰ ਅਪਨੇ ਕੀ ਕਰੇ। ਸੋ ਮਰਨੇ ਤੇ ਨੈਕ ਨ ਡਰੇ।

ਗੰਗਾ ਜਮਨਾ ਨਿਕਟ ਨ ਜਾਵੈ। ਪਰ ਆਪਨੇ ਕੀ ਛਪੜੀ ਨ੍ਹਾਵੈ।

ਜਗਨ ਨਾਥ ਕੋ ਟੁੰਡਾ ਆਖੈ। ਰਾਮ ਕਿਸ਼ਨ ਕੋ ਜਾਪ ਨਾ ਭਾਖੈ। (ਪ੍ਰਚੀਨ ਪੰਥ ਪ੍ਰਕਾਸ਼/ਪੰਨਾ 270)

ਇਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਕਿਰਤ ਕਰ ਕੇ ਵੰਡ ਛਕਦੇ। ਉਹ ਗੁਰਬਾਣੀ ਦੇ ਸਿਧਾਂਤ ‘‘ਘਾਲਿ ਖਾਇ ਕਿਛੁ ਹਥਹੁ ਦੇਇ   ਨਾਨਕ ਰਾਹੁ ਪਛਾਣਹਿ ਸੇਇ ’’ (ਮਹਲਾ /੧੨੪੫) ਦੇ ਧਾਰਨੀ ਸਨ।

ਇਸ 25 ਸਾਲਾ ਪੰਥ-ਸੇਵਕ ਤੇ ਪੰਥ-ਦਰਦੀ ਨੌਜਵਾਨ ਦੇ ਉੱਚੇ ਆਚਰਨ ਕਾਰਨ ਇਲਾਕੇ ਦਾ ਕੇਵਲ ਸਿੱਖ ਭਾਈਚਾਰਾ ਹੀ ਨਹੀਂ, ਸਗੋਂ ਸਾਰੇ ਹਿੰਦੂ ਤੇ ਮੁਸਲਮਾਨ ਵੀ ਉਨ੍ਹਾਂ ਦਾ ਸਤਿਕਾਰ ਕਰਦੇ ਸਨ। ਇਹ ਹੈ ਸਿੱਖੀ ਆਚਰਨ ਦਾ ਸਿਖਰ। ਸਪਸ਼ਟ ਹੈ ਕਿ ਪੰਥਕ ਰਹਿਣੀ ਰਹਿੰਦੇ ਹੋਏ ਵੀ ਅਸੀਂ ਸਮਾਜਿਕ ਖੇਤਰ ਦੇ ਅਨਮੱਤੀ ਲੋਕਾਂ ਦੀ ਹਮਦਰਦੀ ਤੇ ਪਿਆਰ ਦੇ ਪਾਤਰ ਬਣੇ ਰਹਿ ਸਕਦੇ ਹਾਂ।  ਮਾਨਸਿਕ ਤੌਰ ’ਤੇ ਕਮਜ਼ੋਰ ਰਾਜਨੀਤਕ ਆਗੂਆਂ ਵਾਂਗ ਜ਼ਰੂਰੀ ਨਹੀਂ ਕਿ ਵੋਟਾਂ ਦੀ ਖ਼ਾਤਰ ਆਪਣਾ ਈਮਾਨ ਵੇਚਣਾ ਪਵੇ। ਭਾਈ ਸਾਹਿਬ ਦੇ ਪਰਉਪਕਾਰੀ ਤੇ ਸਮਦ੍ਰਿਸ਼ਟ ਵਰਤਾਰੇ ਦਾ ਹੀ ਸਿੱਟਾ ਸੀ ਕਿ ਜਦੋਂ ਅਹਿਦੀਏ ਅਤੇ ਉਨ੍ਹਾਂ ਦੇ ਸਾਥੀ ਸਿਪਾਹੀ ਇਨ੍ਹਾਂ ਨੂੰ ਪਿੰਡੋਂ ਗ੍ਰਿਫ਼ਤਾਰ ਕਰ ਕੇ ਲਾਹੌਰ ਨੂੰ ਲੈ ਕੇ ਜਾ ਰਹੇ ਸਨ ਤਾਂ ਇਲਾਕੇ ਦੇ ਲੋਕ ਉਨ੍ਹਾਂ ਦੇ ਦਰਸ਼ਨ ਕਰਨ ਨੂੰ ਤਰਸਣ ਲੱਗੇ। ਇਸ ਲਈ ਉਨ੍ਹਾਂ ਨੇ ਇੱਕ ਮੋਟੀ ਰਕਮ ਇਕੱਠੀ ਕਰ ਕੇ ਅਹਿਦੀਆਂ ਨੂੰ ਦਿੱਤੀ ਅਤੇ ਬਦਲੇ ਵਿੱਚ ਭਾਈ ਸਾਹਿਬ ਜੀ ਦੀ ਮਾਤਾ ਤੇ ਭੈਣ ਨੂੰ ਛੁਡਵਾਇਆ। ਲੋਕ ਕਹਿ ਰਹੇ ਸਨ ਸਿੱਖ ਛਡਾਵਨ ਹੈ ਬਡ ਧਰਮ ਗਊ ਬ੍ਰਹਮਨ ਤੇ ਸੌ ਗੁਨੋਂ ਕਰਮ

ਭੜਾਣੇ ਪਿੰਡ ਦੇ ਸਿੱਖਾਂ ਨੇ ਆਪਣੇ ਪਰਿਵਾਰਾਂ ਦੇ ਕਤਲ ਤੇ ਉਜਾੜੇ ਦੀ ਪ੍ਰਵਾਹ ਨਾ ਕਰਦਿਆਂ ਅਹਿਦੀਆਂ ਨੂੰ ਮਾਰ ਕੇ ਭਾਈ ਸਾਹਿਬ ਨੂੰ ਛੁਡਾਉਣ ਦੀ ਗੁਪਤ ਸਕੀਮ ਬਣਾਈ, ਪਰ ਭਾਈ ਤਾਰੂ ਸਿੰਘ ਜੀ ਨੇ ਉਨ੍ਹਾਂ ਨੂੰ ਸਨੇਹਾ ਭੇਜਿਆ ਕਿ ਉਹ ਐਸਾ ਨਾ ਕਰਨ:

ਦੋਹਰਾ -ਸਿੱਖਨ ਕਾਰਨ ਸਤਿਗੁਰੂ ਦੀਨੇ ਸੀਸ ਲਗਾਏ। 

ਸੋ ਸਿੱਖ ਹਮ ਉਸ ਗੁਰੂ ਕੇ, ਕਿਮ ਰਾਖੇਂ ਸੀਸ ਬਚਾਏ।

ਮਰਨ ਸਭਨ ਕੇ ਸੀਸ ਪਰ, ਸੁਫਲ ਮਰਨ ਹੈ ਤਾਹਿਂ।

ਧਰਮ ਨਿਭੈ, ਸਿੱਖੀ ਨਿਭੈ, ਸਿਰ ਜ਼ੁਲਮ ਬਿਰੁਧ ਲਗ ਜਾਹਿਂ।

ਆਖ਼ਿਰ 26 ਜੂਨ 1745 ਦੇ ਦਿਹਾੜੇ 25 ਸਾਲ ਦੇ ਇਸ ਨੌਜਵਾਨ ਸਿੰਘ ਨੂੰ ਲਾਹੌਰ ਵਿਖੇ ਜ਼ਕਰੀਏ ਦੀ ਕਚਿਹਰੀ ’ਚ ਪੇਸ਼ ਕੀਤਾ ਗਿਆ।  ਹਰਿਭਗਤ ਨਿਰੰਜਨੀਏ ਦੀ ਦਿੱਤੀ ਸੂਹ ਮੁਤਾਬਕ ਭਾਈ ਸਾਹਿਬ ’ਤੇ ਕਾਜ਼ੀ ਨੇ ਦੋ ਦੋਸ਼ ਲਾਏ। ਇੱਕ ਸੀ ਬਾਗ਼ੀ ਸਿੰਘਾਂ ਦੀ ਸਹਾਇਤਾ ਕਰਨਾ ਅਤੇ ਦੂਜਾ ਸੀ ਪੱਟੀ ਦੇ ਫ਼ੌਜਦਾਰ ਨੂੰ ਮਾਰਨ ਦਾ, ਜਿਸ ਨੇ ਧੱਕੇ ਨਾਲ ਉਥੋਂ ਦੇ ਮਾਛੀ ਰਹੀਮ ਬਖ਼ਸ਼ ਦੀ ਲੜਕੀ ਧੱਕੇ ਨਾਲ ਆਪਣੇ ਘਰ ਬਿਠਾ ਲਈ ਸੀ।

ਭਾਈ ਸਾਹਿਬ ਨੇ ਗੱਜ ਕੇ ਫ਼ਤਹਿ ਬੁਲਾਈ ਤੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾਉਂਦਿਆਂ ਇਹ ਸਭ ਖ਼ੁਸ਼ੀ ਖ਼ੁਸ਼ੀ ਪ੍ਰਵਾਨ ਕੀਤਾ ਤੇ ਆਖਿਆ ਕਿ ਇਹ ਮੇਰਾ ਧਰਮ ਹੈ।  ਨਵਾਬ ਅੰਦਰੋਂ ਜਲ਼-ਬਲ਼ ਕੇ ਕੋਲ਼ਾ ਹੋ ਗਿਆ, ਪਰ ਬਾਹਰੋਂ ਹਿਤਕਾਰੀ ਹੋਣ ਦਾ ਡਰਾਮਾ ਕਰਦਿਆਂ ਉਸ ਨੇ ਭਾਈ ਸਾਹਿਬ ਨੂੰ ਆਖਿਆ ਕਿ ਕੇਸ ਕਤਲ ਕਰਵਾ ਕੇ ਅਤੇ ਇਸਲਾਮ ਕਬੂਲ ਕਰ ਕੇ ਅਜੇ ਵੀ ਤੂੰ ਆਪਣੀ ਜਾਨ ਬਚਾ ਸਕਦਾ ਹੈਂ।  ਸਾਰੇ ਸੰਸਾਰਕ ਸੁੱਖ ਭੋਗ ਸਕਦਾ ਹੈਂ। ਪ੍ਰਾਚੀਨ ਪੰਥ ਪ੍ਰਕਾਸ਼ ਦੇ ਕਰਤਾ ਲਿਖਦੇ ਹਨ ਫਿਰ ਨਵਾਬ ਐਸੀ ਕਹੀ, ਜਿੰਦ ਚਹੈਂ ਤਾਂ ਆਵਹੁ ਦੀਨ ਔਰ ਜੁ ਚਾਹੈਂ ਮਾਂਗ ਸੋ, ਧਨ ਅਰ ਮੁਲਖ ਜ਼ਮੀਨ ਭਾਈ ਸਾਹਿਬ ਦਾ ਉਤਰ ਸੀ ਤੂੰ ਜੇ ਹਮ ਪੈ ਹੈਂ ਮਿਹਰਬਾਨ ਆਖ, ਕੇਸੀਂ ਸਾਸੀਂ ਹਮੇਂ, ਨਾ ਹੋਹੁ ਮੁਸਲਮਾਨ

ਇਹ ਸੁਣ ਕੇ ਨਵਾਬ ਹੋਰ ਕ੍ਰੋਧਿਤ ਹੋਇਆ ਤੇ ਬੋਲਿਆ ਫਿਰ ਤਾਂ ਤੇਰਾ ਖੋਪਰ ਉਤਾਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਨਵਾਬ ਦੇ ਇਸ਼ਾਰੇ ’ਤੇ ਕਾਜ਼ੀ ਨੇ ਕੇਸਾਂ ਸਮੇਤ ਖੋਪਰੀ ਉਤਾਰਨ ਦੀ ਸਖ਼ਤ ਸਜ਼ਾ ਸੁਣਾਈ।  ਭਾਈ ਸਾਹਿਬ ਨੇ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਅਕਾਸ਼ ਗੁੰਜਾ ਦਿੱਤਾ। ਫਿਰ ਦੇਰ ਨਾ ਲੱਗੀ। ਕਸਾਈ ਮੋਚੀ ਨੇ ਤਿੱਖੀ ਰੰਬੀ ਨਾਲ ਮੱਥੇ ਤੋਂ ਗਿੱਚੀ ਤੱਕ ਦੇ ਕੇਸਾਂ ਸਮੇਤ ਖੋਪਰੀ ਉਤਾਰ ਦਿੱਤੀ।  ਪ੍ਰਚੀਨ ਪੰਥ ਪ੍ਰਕਾਸ਼ ਦਾ ਕਰਤਾ ਲਿਖਦਾ ਹੈ :

ਦੋਹਰਾ : ਪੈਨੀ ਥੀ ਰੰਬੀ ਕਰੀ, ਧਰ ਮਥ੍ਯੋਂ ਦਈ ਦਬਾਇ।

ਮੱਥੇ ਤੇ ਕੰਨਾਂ ਤਈਂ, ਗਿਚੀਓਂ ਦਈ ਪੁਟਾਇ।

ਚੋਪਈ : ਸਿੰਘ ਜੀ ਮੁਖ ਤੇ ਸੀ ਨਾ ਕਰੀ।

ਧੰਨ ਧੰਨ ਗੁਰੂ ਮੁਖ ਕਹਣੀ ਸਰੀ।

ਲੋਕ ਸਿਆਣੇ ਐਸੇ ਕਹੈਂ।  ਪਾਤਸ਼ਾਹੀ ਅਬ ਇਨਕੀ ਨਾ ਰਹੈਂ। (ਅਲੀ-ਉਦ-ਦੀਨ ਦੇ ਇਬਰਤ ਨਾਮੇ, ਸਫਾ 211) ਅਤੇ ਖੁਸ਼ਵਕਤ ਰਾਇ ਦੀ ਤਵਾਰੀਖ਼ (ਸਫਾ 72 ਦੇ ਹਵਾਲੇ ਨਾਲ ਡਾ. ਦਿਲਗੀਰ ਨੇ ਸਿੱਖ ਤਵਾਰੀਖ਼ ਦੇ ਦੂਜੇ ਹਿੱਸੇ ਵਿੱਚ ਲਿਖਿਆ ਹੈ ਕਿ 25 ਜੂਨ 1745 ਦੇ ਦਿਨ ਰੰਬੀ ਨਾਲ ਭਾਈ ਤਾਰੂ ਸਿੰਘ ਦੀ ਖੋਪਰੀ ਲਾਹੀ ਤੇ ਉਹ ਪਹਿਲੀ ਜੁਲਾਈ ਨੂੰ ਸ਼ਹੀਦ ਹੋਏ। ਮੱਸੇ ਰੰਘੜ ਨੂੰ ਸੋਧਣ ਵਾਲੇ ਗ੍ਰਿਫ਼ਤਾਰ ਭਾਈ ਮਹਿਤਾਬ ਸਿੰਘ ਨੂੰ ਵੀ ਇਸ ਦਿਨ ਹੀ ਸ਼ਹੀਦ ਕੀਤਾ ਗਿਆ ਸੀ।  ਖ਼ਾਫ਼ੀ ਖਾਂ ਲਿਖਦਾ ਹੈ ਕਿ ਭਾਈ ਸਾਹਿਬ ਜੀ ਦੀ ਖੱਲ ਲਾਹ ਕੇ ਖਾਈ ਵਿੱਚ ਸੁੱਟ ਦਿੱਤੀ ਤਾਂ ਕਿ ਗਿੱਦੜ ਕੁੱਤੇ ਖਾ ਜਾਣ, ਪਰ ਸਿੰਘ ਉਸ ਦਸ਼ਾ ਵਿੱਚ ਬਾਣੀ ਪੜ੍ਹਦਾ ਰਿਹਾ।  ਜ਼ਕਰੀਆਂ ਖ਼ਾਂ ਨੇ ਇਹ ਆਖ਼ਰੀ ਸਿੱਖ ਕਤਲ ਕੀਤੇ ਸਨ ਕਿਉਂਕਿ ਰੱਬ ਦੀ ਕਰਨੀ ਐਸੀ ਵਾਪਰੀ ਕਿ ਖੋਪਰੀ ਲਾਹੁਣ ਦਾ ਹੁਕਮ ਦੇਣ ਵਾਲਾ ਜ਼ਾਲਮ ਜ਼ਕਰੀਆ ਖ਼ਾਂ ਵੀ ਪਿਸ਼ਾਬ ਦਾ ਬੰਨ੍ਹ ਪੈਣ ਕਾਰਨ ਉਸੇ ਦਿਨ ਹੀ ਪਾਣੀਓਂ ਕੱਢੀ ਮੱਛੀ ਵਾਂਗ ਤੜਪ-ਤੜਪ ਕੇ ਮਰਿਆ।

ਪ੍ਰੰਪਰਾਗਤ ਇਤਿਹਾਸ ਵਿੱਚ ਐਸੀ ਵੀ ਚਰਚਾ ਹੈ ਕਿ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰਨ ਪਿੱਛੋਂ ਰੱਬੀ ਰਜ਼ਾ ਵਿੱਚ ਜਦੋਂ ਜ਼ਕਰੀਆਂ ਖ਼ਾਂ ਦਾ ਪਿਸ਼ਾਬ ਬੰਦ ਹੋ ਗਿਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਮੈਂ ਸਿੰਘਾਂ ਨੂੰ ਬੇਅੰਤ ਤਸੀਹੇ ਦਿੱਤੇ ਹਨ, ਇਹ ਸਭ ਉਸੇ ਦਾ ਫਲ਼ ਹੈ। ਭਾਈ ਸ਼ੁਬੇਗ ਸਿੰਘ ਕੋਤਵਾਲ ਨੂੰ ਖ਼ਾਲਸੇ ਦੀ ਭੇਟ ਲਈ ਪੰਜ ਹਜ਼ਾਰ ਰੁਪਈਆ ਦੇ ਕੇ ਕਾਹਨੂਵਾਣ ਦੇ ਛੰਭ ਵੱਲ ਭੇਜਿਆ ਗਿਆ। ਸਿੰਘਾਂ ਆਖਿਆ ਭਾਈ ਸਾਹਿਬ ਦੀ ਚਰਨ-ਦਾਸੀ  (ਜੁੱਤੀ) ਤੁਰਕ ਦੇ ਸਿਰ ਨੂੰ ਲਾਈ ਜਾਵੇ ਤਾਂ ਉਸ ਦਾ ਪਿਸ਼ਾਬ ਖੁੱਲ੍ਹ ਸਕਦਾ ਹੈ।  ਇਉਂ 1 ਜੁਲਾਈ 1745 ਨੂੰ ਸਿੰਘਾਂ ਦਾ ਦੋਖੀ ਜੁੱਤੀਆਂ ਖਾਂਦਾ ਮਰ ਗਿਆ ਤੇ ਉਸੇ ਦਿਨ ਭਾਈ ਸਾਹਿਬ ਨੇ ਵੀ ਆਪਣਾ ਜ਼ਖ਼ਮੀ ਚੋਲਾ ਤਿਆਗ ਦਿੱਤਾ।

ਅਤਿਅੰਤ ਲੋੜ ਹੈ ਐਸੀਆਂ ਸ਼ਹੀਦੀ ਸਾਖੀਆਂ, ਗੁਰਸਿੱਖ ਪਰਿਵਾਰਾਂ ਦੇ ਉਨ੍ਹਾਂ ਨੌਜਵਾਨਾਂ ਨੂੰ ਪਿਆਰ ਸਹਿਤ ਸੁਣਾਉਣ ਤੇ ਸਮਝਾਉਣ ਦੀ, ਜਿਹੜੇ ਸਿਰ ਮੂੰਹ ਮੁਨਾ ਕੇ ਸਿੱਖੀ ਤੋਂ ਭਗੌੜੇ ਹੋ ਰਹੇ ਹਨ।  ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਵਾਲੇ ਸਿੰਘਾਂ ਦੀਆਂ ਅਜਿਹੀਆਂ ਸ਼ਹਾਦਤੀ ਤੇ ਸਿਦਕੀ ਸਾਖੀਆਂ ਦੀ ਰੌਸ਼ਨੀ ਵਿੱਚ ਉਨ੍ਹਾਂ ਸਿਆਣਿਆਂ ਨੂੰ ਵੀ ਸੋਚਣ ਦੀ ਲੋੜ ਹੈ, ਜਿਹੜੇ ਬੁੱਧੀ ਮੰਡਲਾਂ ਦੀ ਕੈਦ ਵਿੱਚ ਵਿਚਰਦੇ ਹੋਏ ਕਹਿ ਰਹੇ ਹਨ ਕਿ ਕੇਸਾਂ ’ਤੇ ਦਸਤਾਰ ਵਾਲੀ ਸਿੱਖੀ ਦਾ ਭਵਿੱਖ ਉੱਜਲਾ ਨਹੀਂ ਅਤੇ ਪ੍ਰਚਾਰਕਾਂ ਦਾ ਇਹ ਕਹਿਣਾ ਗ਼ਲਤ ਹੈ ਕਿ ਕੇਸ ਗੁਰੂ ਦੀ ਮੋਹਰ ਹਨ।