ਮਨੁੱਖੀ ਅਧਿਕਾਰਾਂ ਦਾ ਹਨਨ ਕਰ ਰਹੀਆਂ ਸਰਕਾਰਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਕਰਵਾਉਣਾ ਸ਼ੋਭਦਾ ਨਹੀਂ
ਸ੍ਰੋਮਣੀ ਕਮੇਟੀ ਗੁਰਪੁਰਬ ਅਤੇ ਸ਼ਹੀਦੀ ਸਮਾਗਮ ਅੱਗੇ ਪਿੱਛੇ ਹੋਣ ਦੀ ਸਮੱਸਿਆ ਹੱਲ ਕਰੇ : ਭਾਈ ਪੰਥਪ੍ਰੀਤ ਸਿੰਘ ਖ਼ਾਲਸਾ
ਸੰਗਤ ਮੰਡੀ/ਬਠਿੰਡਾ, 7 ਦਸੰਬਰ (ਕਿਰਪਾਲ ਸਿੰਘ ਬਠਿੰਡਾ) : ਗੁਰਮਤਿ ਸੇਵਾ ਲਹਿਰ ਭਾਈ ਬਖ਼ਤੌਰ (ਬਠਿੰਡਾ) ਵੱਲੋਂ ਸੰਗਤ ਕੈਂਚੀਆਂ ਵਿਖੇ ਹਰ ਸਾਲ ਦੀ ਤਰ੍ਹਾਂ ਕੀਤੇ ਗਏ ਸਾਲਾਨਾ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸੰਬੋਧਤ ਹੁੰਦੇ ਕਿਹਾ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ

ਸਮੇਤ ਸਾਰੇ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਕਿਉਂਕਿ ਇਹ ਵੀ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਹਿੱਸਾ ਹੈ। ਇੱਕ ਪਾਸੇ ਤਾਂ ਸਰਕਾਰ ਬਿਲਕਿਸ ਬਾਨੋ ਕੇਸ ਦੇ ਬਲਾਤਕਾਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ 7 ਜੀਆਂ ਦੇ ਕਾਤਲ ਦੋਸ਼ੀਆਂ ਨੂੰ ਸਜਾ ਪੂਰੀ ਹੋਣ ਤੋਂ ਪਹਿਲਾਂ ਹੀ ਸਜਾ ਮਾਫ਼ ਕਰ ਰਿਹਾਅ ਕਰ ਦਿੰਦੀ ਹੈ; ਬਲਾਤਕਰ ਅਤੇ ਕਤਲਾਂ ਦੇ ਦੋਸ਼ ਅਧੀਨ ਸਜਾ ਭੁਗਤ ਰਹੇ ਸੌਦਾ ਸਾਧ ਰਾਮ ਰਹੀਮ ਨੂੰ ਸਾਲ ’ਚ 3 ਵਾਰ ਤਿੰਨ-ਤਿੰਨ ਮਹੀਨਿਆਂ ਦੀ ਪੈਰੋਲ ’ਤੇ ਛੁੱਟੀ ਭੇਜ ਦਿੱਤਾ ਜਾਂਦਾ ਹੈ, ਦੂਸਰੇ ਪਾਸੇ ਭਾਈ ਬਲਵੰਤ ਸਿੰਘ ਰਾਜੋਆਣਾ ਜੋ ਤਕਰੀਬਨ 30 ਸਾਲ ਤੋਂ ਜੇਲ੍ਹਾਂ ’ਚ ਬੰਦ ਹੈ, ਉਸ ਨੂੰ ਆਪਣੇ ਪਿਤਾ ਦੇ ਭੋਗ ਸਮਾਗਮ ’ਚ ਸ਼ਾਮਲ ਹੋਣ ਲਈ ਨਿਗਰਾਨੀ ਹੇਠ ਕੇਵਲ 4 ਘੰਟਿਆਂ ਦੀ ਪੈਰੋਲ ਮਿਲਦੀ ਹੈ। ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਰਧ ਅਤੇ ਬਿਮਾਰ ਮਾਤਾ ਨੂੰ ਮਿਲਣ ਲਈ ਅੱਜ ਤੱਕ ਇੱਕ ਵੀ ਦਿਨ ਦੀ ਪੈਰੋਲ ਨਹੀਂ ਦਿੱਤੀ ਗਈ। ਭਾਈ ਦਵਿੰਦਰ ਸਿੰਘ ਭੁੱਲਰ ਜੋ ਜੇਲ੍ਹ ’ਚ ਦਿੱਤੇ ਜਾ ਰਹੇ ਮਾਨਸਿਕ ਤਸੀਹਿਆਂ ਕਾਰਨ ਆਪਣਾ ਮਾਨਸਿਕ ਸਤੁੰਲਨ ਗੁਆ ਚੁੱਕੇ ਹਨ ਉਨ੍ਹਾਂ ਨੂੰ ਸਜਾ ਪੂਰੀ ਹੋਣ ਉਪ੍ਰੰਤ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ। ਜੇ ਇਨ੍ਹਾਂ ਸਿੰਘਾਂ ਦੇ ਮਨੁੱਖੀ ਅਧਿਕਾਰਾਂ ਦੀ ਕਦਰ ਨਹੀਂ ਕੀਤੀ ਜਾ ਰਹੀ ਤਾਂ ਹੋਰਨਾਂ ਧਰਮਾਂ ਪੈਰੋਕਾਰਾਂ ਦੇ ਮਨੁੱਖੀ ਅਧਿਕਾਰਾਂ ਲਈ ਸ਼ਹੀਦੀ ਦੇਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਤਾਬਦੀ ਸ਼ਹੀਦੀ ਸਮਾਗਮਾਂ ਨੂੰ ਸਰਕਾਰੀ ਪੱਧਰ ’ਤੇ ਮਨਾਉਣ ਦਾ ਕੀ ਅਰਥ ਰਹਿ ਜਾਂਦਾ ਹੈ? ਧਰਮ ਦੇ ਆਧਾਰ ’ਤੇ ਕਿਸੇ ਨੂੰ ਸਜਾ ਵਿੱਚ ਛੋਟ ਦੇਣਾ ਅਤੇ ਕਿਸੇ ਧਰਮ ਦੇ ਲੋਕਾਂ ਨੂੰ ਸਜਾਵਾਂ ਪੂਰੀਆਂ ਹੋਣ ’ਤੇ ਵੀ ਰਿਹਾਅ ਨਾ ਕਰਨਾ ਔਰੰਗਜ਼ੇਬੀ ਸੋਚ ਹੈ; ਇਸ ਸੋਚ ਦੀਆਂ ਧਾਰਨੀ ਸਰਕਾਰਾਂ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮਾਗਮ ਕਰਵਾਉਣਾ ਕੇਵਲ ਲੋਕ ਵਿਖਾਵਾ ਹੈ।
ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਇਸ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪਹਿਲਾਂ ੨੩ ਪੋਹ/6 ਜਨਵਰੀ 2025 ਨੂੰ ਆਇਆ ਅਤੇ ਹੁਣ ਦੂਸਰੀ ਵਾਰ ੧੩ ਪੋਹ/27 ਦਸੰਬਰ 2025 ਨੂੰ ਆ ਰਿਹਾ ਹੈ ਜਿਸ ਦਿਨ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ। ਨਾਨਕਸ਼ਾਹੀ ਕੈਲੰਡਰ ਰੱਦ ਕਰਨ ਵਾਲੀ ਸ੍ਰੋਮਣੀ ਕਮੇਟੀ ਨੂੰ ਸਵਾਲ ਕੀਤਾ ਕਿ ਜੇ ਖ਼ਾਲਸਾ ਸਾਜਨਾ ਦਿਵਸ ਹਰ ਸਾਲ ਸੰਗਰਾਂਦ ਦੇ ਹਿਸਾਬ ੧ ਵੈਸਾਖ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ੮ ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਰ ਸਾਲ ੧੩ ਪੋਹ ਨੂੰ ਮਨਾਇਆ ਜਾ ਰਿਹਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ੨੩ ਪੋਹ ਨੂੰ ਮਨਾਉਣ ਨਾਲ ਕਿਹੜੇ ਸਿੱਖ ਸਿਧਾਂਤ ਦੀ ਉਲੰਘਣਾ ਹੋ ਜਾਵੇਗੀ। ਜੇ ਇਸੇ ਸਾਲ ਪਹਿਲਾਂ ਪ੍ਰਕਾਸ਼ ਪੁਰਬ ੨੩ ਪੋਹ/6 ਜਨਵਰੀ 2025 ਨੂੰ ਮਨਾਉਣ ਨਾਲ ਸਿੱਖੀ ਦਾ ਕੋਈ ਨੁਕਸਾਨ ਨਹੀਂ ਹੋਇਆ ਤਾਂ ਹਰ ਸਾਲ ਨਾਨਕਸ਼ਾਹੀ ੨੩ ਪੋਹ 5 ਜਨਵਰੀ ਨੂੰ ਮਨਾਏ ਜਾਣ ਨਾਲ ਕਿਹੜੇ ਸਿਧਾਂਤ ਦੀ ਉਲੰਘਣਾਂ ਹੋ ਜਾਵੇਗੀ। ਬਿਕ੍ਰਮੀ ਕੈਲੰਡਰ ’ਚ ਵੈਸਾਖੀ ਵੀ ਤਾਂ ਕਦੀ 13 ਅਤੇ ਕਦੀ 14 ਅਪ੍ਰੈਲ ਨੂੰ ਆ ਹੀ ਜਾਂਦੀ ਹੈ। ਸ੍ਰੋਮਣੀ ਕਮੇਟੀ ਤਿੱਥਾਂ ਵਾਰਾਂ ਦੀ ਵੀਚਾਰ ਛੱਡ ਕੇ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਕੇ ਇਸ ਸਮੱਸਿਆ ਦਾ ਪੱਕੇ ਤੌਰ ’ਤੇ ਹੱਲ ਕਰੇ।
ਜਿੱਥੇ ਪਹਿਲੀਆਂ ਸਰਕਾਰਾਂ ਨੇ ਬੇਅਦਬੀ ਅਤੇ ਬਰਗਾੜੀ ਕਾਂਡ ਦਾ ਕੋਈ ਇਨਸਾਫ਼ ਨਹੀਂ ਦਿੱਤਾ ਉੱਥੇ 24 ਘੰਟੇ ’ਚ ਇਨਸਾਫ਼ ਦੇਣ ਦਾ ਵਾਅਦਾ ਕਰਕੇ ਸਤਾ ’ਚ ਆਈ ਆਪ ਸਰਕਾਰ ਵੀ ਇਨਸਾਫ਼ ਦੇਣ ’ਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਬਰਗਾੜੀ ਕਾਂਢ ਦੇ ਦੋਸ਼ੀ ਤੇ ਸਾਜਿਸ਼ਕਾਰ ਹਰਸ਼ ਧੂਰੀ ਅਤੇ ਸੰਦੀਪ ਬਰੇਟਾ ਨੂੰ ਸਰਕਾਰ ਅੱਜ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੀ; ਨਾ ਮੌੜ ਬੰਬ ਕਾਂਡ ਦੇ ਦੋਸ਼ੀ ਅੱਜ ਤੱਕ ਗ੍ਰਿਫ਼ਤਾਰ ਕੀਤੇ ਹਨ। ਆਮ ਆਦਮੀ ਹੋਣ ਅਤੇ ਵੀਆਈਪੀ ਕਲਚਰ ਤੇ ਨਸ਼ੇ ਖਤਮ ਕਰਨ ਦੇ ਵਾਅਦਿਆਂ ਨਾਲ ਆਈ ਸਰਕਾਰ ਨੂੰ ਉਨ੍ਹਾਂ ਵੱਲੋਂ ਕੀਤੇ ਵਾਅਦਿਆਂ ਦਾ ਚੇਤਾ ਕਰਾਉਂਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਨਸ਼ੇ ਪਹਿਲਾਂ ਨਾਲੋਂ ਵਧੇ ਹਨ, ਕਾਨੂੰਨ ਵਿਵਸਥਾ ਦੀ ਇਤਨਾ ਮਾੜਾ ਹਾਲ ਹੈ ਕਿ ਹਰ ਰੋਜ ਦਿਨ ਦਿਹਾੜੇ ਕਤਲ ਹੋ ਰਹੇ ਹਨ ਜਿਨ੍ਹਾਂ ਨੂੰ ਰੋਕਣ ਦੀ ਬਜਾਏ ਆਪਣੀ ਅਤੇ ਦਿੱਲੀ ਵਾਲਿਆਂ ਦੀ ਸੁਰੱਖਿਆ ਲਗਭਗ ਦੁਗਣੀ ਕਰ ਲਈ ਹੈ ਪਰ ਆਮ ਲੋਕਾਂ ਦੀ ਜਾਨ ਮਾਲ ਦੀ ਕੋਈ ਸੁਰੱਖਿਆ ਨਹੀਂ ਹੈ। ਭਾਈ ਸਾਹਿਬ ਨੇ ਮੰਗ ਕੀਤੀ ਕਿ ਬੇਅਦਬੀ ਕਾਂਡ ਅਤੇ ਮੌੜ ਬੰਬ ਕਾਂਡ ਦੇ ਭਗੌੜਿਆਂ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਸੂਬੇ ਦੀ ਕਾਨੂੰਨ ਵਿਵਸਥਾ ਨੂੰ ਸੁਧਾਰਿਆ ਜਾਵੇ
ਇਸ ਸਮੇਂ ਹਰ ਸਾਲ ਦੀ ਤਰ੍ਹਾਂ ਖੂਨ ਦਾਨ ਕੈਂਪ ਵੀ ਲਾਇਆ ਗਿਆ ਜਿਸ ’ਚ ਅਨੇਕਾਂ ਵਿਅਕਤੀਆਂ ਨੇ ਖੂਨਦਾਨ ਕੀਤਾ।
ਭਾਈ ਪੰਥਪ੍ਰੀਤ ਸਿੰਘ ਤੋਂ ਇਲਾਵਾ ਗੁਰਮਤਿ ਸੇਵਾ ਲਹਿਰ ਨਾਲ ਜੁੜੇ ਸਿੱਖ ਪ੍ਰਚਾਰਕ ਭਾਈ ਸਤਿਨਾਮ ਸਿੰਘ ਚੰਦੜ, ਬੀਬੀ ਗਗਨਦੀਪ ਕੌਰ, ਡਾ: ਹਰਦੀਪ ਸਿੰਘ ਖਿਆਲੀਵਾਲਾ, ਭਾਈ ਰਘਬੀਰ ਸਿੰਘ ਖਿਆਲੀਵਾਲਾ, ਭਾਈ ਕੁਲਵਿੰਦਰ ਸਿੰਘ ਬੀਬੀਵਾਲਾ, ਢਾਡੀ ਜਥਾ ਭਾਈ ਗੁਰਭਾਗ ਸਿੰਘ ਮਰੂੜ, ਮੱਖਣ ਸਿੰਘ ਰੌਂਤਾ, ਭਾਈ ਪਰਗਟ ਸਿੰਘ ਮੁੱਦਕੀ, ਆਦਿਕ ਹੋਰ ਪ੍ਰਚਾਰਕਾਂ ਨੇ ਵੀ ਸੰਬੋਧਨ ਕੀਤਾ। ਭਾਈ ਪਰਗਟ ਸਿੰਘ ਮੁੱਦਕੀ ਵਾਲਿਆਂ ਨੇ ਸਮਾਗਮ ਦੀ ਸਮੁੱਚੀ ਕਾਰਵਾਈ ਨੂੰ ਆਪਣੀਆਂ ਵੈੱਬਸਾਈਟਾਂ ਰਾਹੀਂ ਲਾਈਵ ਟੈਲੀਕਾਸਟ ਕੀਤਾ।










