ਸ਼ਹੀਦ ਭਾਈ ਸੁਬੇਗ ਸਿੰਘ ਜੀ ਤੇ ਭਾਈ ਸ਼ਾਹਬਾਜ਼ ਸਿੰਘ ਜੀ
‘ਸ਼ਹੀਦ’ ਅਰਬੀ ਭਾਸ਼ਾ ਦੇ ਸ਼ਬਦ ‘ਸ਼ਹਾਦਤ’ ਤੋਂ ਬਣਿਆਂ ਹੈ। ਇਸ ਦੇ ਅਰਥ ਹਨ – ‘ਗਵਾਹੀ ਦੇਣਾ, ਸਾਖੀ ਭਰਨਾ’। ਸੋ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਸ਼ਹੀਦ ਉਸ ਨੂੰ ਕਹਿੰਦੇ ਹਨ ਜੋ ਆਪਣੇ ਪ੍ਰਾਣਾਂ ਦੀ ਸ਼ਹਾਦਤ ਦੇ ਕੇ ਅਜੇਹੀ ਨਿਵੇਕਲੀ ਗਵਾਹੀ ਦੇਂਦਾ ਹੈ, ਜਿਸ ਨਾਲ ਕੌਮਾਂ ਦੀ ਰੂਪ-ਰੇਖਾ ਬਣਦੀ ਹੈ। ਸਿੱਖ ਕੌਮ ਵਿੱਚ ਅਜਿਹੇ ਅਣਗਿਣਤ ਹੀ ਸਿਰਲੱਥ, ਸੂਰਬੀਰ, ਅਣਥੱਕ ਤੇ ਬਹਾਦਰ ਜੋਧੇ ਹੋਏ ਹਨ, ਜਿਨ੍ਹਾਂ ਨੇ ਆਪਣੇ ਘਰ-ਪਰਿਵਾਰ ਅਤੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਹੀ, ਆਪਣੀ ਜ਼ਿੰਦਗੀ ਦੀ ਅਹੂਤੀ ਦਿੱਤੀ ਹੈ। ਇਸੇ ਤਰ੍ਹਾਂ ਪਿਉ-ਪੁੱਤਰ ਸਨ – ‘ਭਾਈ ਸੁਬੇਗ ਸਿੰਘ ਜੀ ਅਤੇ ਭਾਈ ਸਾਹਬਾਜ਼ ਸਿੰਘ ਜੀ’।
ਭਾਈ ਸੁਬੇਗ ਸਿੰਘ ਜੀ ਦਾ ਜਨਮ, ਲਾਹੌਰ ਜ਼ਿਲ੍ਹੇ ਦੀ ਚੂਹਣੀਆਂ ਤਹਿਸੀਲ ਦੇ ਪਿੰਡ ਜੰਬਰ ਵਿਖੇ ਹੋਇਆ। ਅੱਜ ਕੱਲ੍ਹ ਜੰਬਰ ਪਿੰਡ, ਪਾਕਿਸਤਾਨ ਦੇ ਪੰਜਾਬ ਰਾਜ ਦੇ ਜ਼ਿਲ੍ਹਾ ਕਸੂਰ ਵਿੱਚ ਹੈ, ਜੋ ਲਾਹੌਰ-ਮੁਲਤਾਨ ਸੜਕ ’ਤੇ ਫੇਰੂ ਤੋਂ ਅੱਗੇ ਛਾਂਗਾ ਮੋੜ ਉੱਤੇ ਅਬਾਦ ਹੈ। ਇਹ ਪਿੰਡ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਹੈ। ਗੁਰੂ ਸਾਹਿਬ ਬਹਿੜਵਾਲ ਤੋਂ ਚੱਲ ਕੇ ਇੱਥੇ ਪਹੁੰਚੇ ਸਨ। ਇੱਥੇ ਗੁਰੂ ਸਾਹਿਬ ਜੀ ਨੇ ਭਾਈ ਕਿਦਾਰਾ, ਭਾਈ ਸਮੱਧੂ, ਭਾਈ ਮਖੰਡਾ, ਭਾਈ ਤੁਲਸਾ, ਭਾਈ ਲਾਲੂ ਆਦਿ ਸਿੱਖਾਂ ਨੂੰ ਗੁਰਸਿੱਖੀ ਦੀ ਦਾਤ ਬਖ਼ਸ਼ੀ ਸੀ। ਪਿੰਡ ਵਿੱਚ ਗੁਰੂ ਜੀ ਦੀ ਆਮਦ ਦੀ ਯਾਦ ਵਿੱਚ ਗੁਰਦੁਆਰਾ ਥੰਮ ਸਾਹਿਬ ਸੁਸ਼ੋਭਿਤ ਹੈ।
ਭਾਈ ਸੁਬੇਗ ਸਿੰਘ ਜੀ ਦਾ ਘਰਾਣਾ ਸਰਕਾਰੀ ਠੇਕੇਦਾਰੀ ਦਾ ਕੰਮ ਕਰਦਾ ਸੀ ਤੇ ਅਰਬੀ ਫ਼ਾਰਸੀ ਭਾਸ਼ਾ ਦੇ ਚੰਗੇ ਵਿਦਵਾਨਾਂ ਵਿੱਚ ਗਿਣੇ ਜਾਂਦੇ ਸਨ। ਸਰਕਾਰ ਵਿੱਚ ਆਪ ਦਾ ਚੰਗਾ ਮਾਨ ਸਨਮਾਨ ਸੀ। ਭਾਈ ਸੁਬੇਗ ਸਿੰਘ ਜੀ ਨੂੰ ਉਨ੍ਹਾਂ ਦੇ ਪਿਤਾ ਜੀ ਨੇ ਚੰਗੀ ਤਾਲੀਮ (ਵਿੱਦਿਆ) ਹਾਸਲ ਕਰਵਾਈ ਸੀ। ਆਪ ਜੀ ਨੇ ਵੀ ਆਪਣੇ ਪੁਰਖਿਆਂ ਵਾਂਗ ਸਰਕਾਰ ਤੋਂ ਠੇਕੇ ਲੈ ਕੇ ਆਪਣਾ ਕੰਮ ਬੜੀ ਹੀ ਮਿਹਨਤ ਅਤੇ ਇਮਾਨਦਾਰੀ ਨਾਲ ਕਰਨਾ ਸ਼ੁਰੂ ਕਰ ਦਿੱਤਾ। ਭਾਈ ਸੁਬੇਗ ਸਿੰਘ ਜੀ ਭਜਨ ਬੰਦਗੀ ਕਰਨ ਵਾਲੇ ਤੇ ਚੰਗੇ ਆਚਰਣ ਵਾਲੇ ਵਿਅਕਤੀ ਸਨ। ਆਪ ਜੀ ਦਾ ਸਿੱਖਾਂ ਦੇ ਮਨਾਂ ਵਿੱਚ ਬਹੁਤ ਆਦਰ ਸੀ। ਭਾਈ ਸੁਬੇਗ ਸਿੰਘ ਜੀ ਦੇ ਘਰ ਭਾਈ ਸ਼ਾਹਬਾਜ਼ ਸਿੰਘ ਜੀ ਨੇ 1728 ਈ: ਨੂੰ ਜਨਮ ਲਿਆ ਤੇ ਜਦ ਉਮਰ ਪੜ੍ਹਨ ਯੋਗ ਹੋਈ ਤਾਂ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਇਕ ਮਦਰੱਸੇ (ਸਕੂਲ) ਵਿੱਚ ਕਾਜ਼ੀ ਕੋਲੋਂ ਫ਼ਾਰਸੀ ਪੜ੍ਹਨ ਲਈ ਭੇਜਿਆ ਜਾਣ ਲੱਗਾ। ਭਾਈ ਸ਼ਾਹਬਾਜ਼ ਸਿੰਘ ਜੀ ਬਹੁਤ ਹੀ ਸੂਝਵਾਨ ਤੇ ਸਿੱਖੀ ’ਚ ਪੂਰੇ ਪਰਪੰਕ ਸਨ। ਆਪ ਜੀ ਨੇ ਸਿੱਖ ਧਰਮ ਅਤੇ ਇਤਿਹਾਸ ਬਾਰੇ ਜਾਣਕਾਰੀ ਆਪਣੇ ਮਾਤਾ ਪਿਤਾ ਜੀ ਪਾਸੋਂ ਪ੍ਰਾਪਤ ਕੀਤੀ।
ਉਹ ਸਮਾਂ ਸੀ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ’ਤੇ ਕਹਿਰਾਂ ਦਾ ਕਸ਼ਟ ਸੀ। ਸਿੱਖਾਂ ’ਤੇ ਹਕੂਮਤ ਦਾ ਕਹਿਰ ਟੁੱਟ ਪਿਆ ਸੀ। ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਨੂੰ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਜਾ ਰਿਹਾ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਕੇ ਉਨ੍ਹਾਂ ਦਾ ਖੁਰਾ-ਖੋਜ ਮਿਟਾਉਣ ਲਈ ਢੰਡੋਰੇ ਪਿੱਟੇ ਜਾ ਰਹੇ ਸਨ। ਸਿੱਖ ਵੀ ਆਪਣੇ ਗੁਰੂਆਂ ’ਤੇ ਪੂਰਾ ਅਕੀਦਾ ਰੱਖਦੇ ਹੋਏ ਗੁਰ ਸਿਧਾਂਤਾਂ ’ਤੇ ਪਹਿਰਾ ਦਿੰਦੇ ਤੇ ਮੌਤ ਦੀ ਪ੍ਰਵਾਹ ਨਾ ਕਰਦੇ ਹੋਏ ਮੁਗ਼ਲਾਂ ਲਈ ਸਿਰਦਰਦੀ ਦਾ ਕਾਰਨ ਰਹੇ।
ਸਮੇਂ-ਸਮੇਂ ਸਿੱਖ ਜੰਗਲ-ਬੇਲਿਆਂ ’ਚੋਂ ਨਿਕਲ ਕੇ ਆਪਣੇ ਗੁਰੂ ਘਰਾਂ ਦੀ ਸਾਂਭ-ਸੰਭਾਲ਼ ਦਾ ਕਾਰਜ ਸੰਭਾਲ਼ਦੇ ਤੇ ਸ਼ਾਹੀ ਫ਼ੌਜਾਂ ’ਤੇ ਹੱਲੇ ਕਰਦੇ ਰਹਿੰਦੇ ਸਨ। ਜ਼ਕਰੀਆ ਖ਼ਾਨ, ਕਾਫ਼ੀ ਸਮੇਂ ਤੋਂ ਪੰਜਾਬ ਵਿੱਚ ਸਿੱਖਾਂ ਨਾਲ ਜੂਝ ਰਿਹਾ ਸੀ ਪਰ ਹਾਲਾਤ ਰੁੱਕਣ ਵਿੱਚ ਨਹੀਂ ਸੀ ਆ ਰਹੇ। ਉਸ ਨੇ ਭਾਵੇਂ ਹਜ਼ਾਰਾਂ ਸਿੱਖ ਮਰਵਾ ਦਿੱਤੇ ਸਨ ਪਰ ਮੁਸਲਮਾਨੀ ਫ਼ੌਜ ਦਾ ਵੀ ਬੇਹੱਦ ਨੁਕਸਾਨ ਹੋ ਚੁੱਕਾ ਸੀ। ਸਿੰਘਾਂ ਦੇ ਇਹਨਾਂ ਹੱਲਿਆਂ ਤੋਂ ਤੰਗ ਆ ਕੇ ਸੰਨ 1733 ਈ: ਵਿੱਚ ਜ਼ਕਰੀਆ ਖ਼ਾਨ ਨੇ ਸਿੱਖਾਂ ਪ੍ਰਤੀ ਸਖ਼ਤੀ ਅਤੇ ਆਪਣੀਆਂ ਮੁਸ਼ਕਲਾਂ ਬਾਰੇ ਲਾਹੌਰ ਤੋਂ ਦਿੱਲੀ ਦੇ ਬਾਦਸ਼ਾਹ ਨੂੰ ਲਿਖ ਕੇ ਭੇਜਿਆ। ਜ਼ਕਰੀਆ ਖ਼ਾਨ ਨੇ ਸੁਝਾਅ ਦਿੱਤਾ ਕਿ ਕਿਉਂ ਨਾ ਸਿੱਖਾਂ ਨੂੰ ਸਤਿਕਾਰ ਵਿਖਾ ਕੇ ਇਸ ਰੇੜਕੇ ਦਾ ਕੋਈ ਉਪਰਾਲਾ ਕੀਤਾ ਜਾਵੇ ਤੇ ਇਸ ਆਸ਼ੇ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਜਗੀਰ ਤੇ ਨਵਾਬੀ ਦਾ ਖ਼ਿਤਾਬ ਦਿੱਤਾ ਜਾਵੇ ਤੇ ਇਸ ਤਰ੍ਹਾਂ ਸੰਭਵ ਹੈ ਕਿ ਸ਼ਾਂਤੀ ਵਾਲਾ ਮਾਹੌਲ ਬਣ ਸਕੇ। ਬਾਦਸ਼ਾਹ ਨੇ ਜ਼ਕਰੀਆਂ ਖ਼ਾਨ ਦੀ ਸਲਾਹ ਮੰਨ ਲਈ।
ਦਿੱਲੀ ਦਰਬਾਰ ਦੀ ਪ੍ਰਵਾਨਗੀ ਉਪਰੰਤ, ਜ਼ਕਰੀਆ ਖ਼ਾਨ ਨੇ ਸਰਦਾਰ ਸੁਬੇਗ ਸਿੰਘ ਜੀ ਨੂੰ ਆਪਣਾ ਦੂਤ ਬਣਾ ਕੇ ਸਿੰਘਾਂ ਕੋਲ ਸ੍ਰੀ ਅੰਮ੍ਰਿਤਸਰ, ਖ਼ਾਲਸੇ ਦੀ ਕਚਹਿਰੀ ਵਿੱਚ ਭੇਜਿਆ ਤਾਂ ਜੋ ਰਾਜ ਵੱਲੋਂ ਨਵਾਬੀ ਤੇ ਜਗੀਰ ਦੀ ਪੇਸ਼ਕਸ਼ ਬਾਰੇ ਗੱਲ ਬਾਤ ਕੀਤੀ ਜਾ ਸਕੇ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਅਧੀਨ ਇਕੱਠੇ ਹੋਏ ਖਾਲਸਾ ਪੰਥ ਨੇ ਇਹ ਸਭ ਕੁਝ ਸਵੀਕਾਰ ਕਰਨ ਤੋਂ ਨਾ ਕਰ ਦਿੱਤੀ। ਬਹੁਤ ਚਿਰ ਵਿਚਾਰਾਂ ਚਲਦੀਆਂ ਰਹੀਆਂ। ਭਾਈ ਸੁਬੇਗ ਸਿੰਘ ਦੇ ਬਹੁਤ ਸਮਝਾਉਣ ’ਤੇ ਸਿੱਖਾਂ ਨੇ ਨਵਾਬੀ ਲੈਣੀ ਕਬੂਲ ਕਰ ਲਈ ਪਰ ਕੋਈ ਵੀ ਸਿੱਖ ਆਪਣੇ ਨਾਂ ’ਤੇ ਨਵਾਬੀ ਲੈਣ ਲਈ ਤਿਆਰ ਨਾ ਹੋਇਆ।
ਅੰਤ ਵਿੱਚ ਸਾਰੇ ਸਿੱਖਾਂ ਨੇ ਮਤਾ ਪਕਾ ਕੇ ਸਰਦਾਰ ਕਪੂਰ ਸਿੰਘ ਫ਼ੈਜੁੱਲਾਪੁਰੀਏ, ਜੋ ਕਿ ਉਸ ਸਮੇਂ ਇੱਕ ਸੇਵਾਦਾਰ ਵਜੋਂ ਸੰਗਤਾਂ ਨੂੰ ਪੱਖਾ ਝੱਲ ਰਹੇ ਸਨ, ਨੂੰ ਨਵਾਬ ਦੀ ਪਦਵੀ ਲੈਣ ਲਈ ਕਿਹਾ। ਪਹਿਲਾਂ ਤਾਂ ਭਾਈ ਕਪੂਰ ਸਿੰਘ ਨੇ ਨਵਾਬੀ ਲੈਣ ਤੋਂ ਅਸਮਰਥਾ ਪ੍ਰਗਟਾਈ ਪਰ ਫਿਰ ਸੰਗਤ ਦਾ ਹੁਕਮ ਮੰਨ ਕੇ ਇਸ ਨੂੰ ਪ੍ਰਵਾਨ ਕਰ ਲਿਆ ਤੇ ਨਾਲ ਹੀ ਬੇਨਤੀ ਕੀਤੀ ਕਿ ਇਸ ਨਵਾਬੀ ਤੇ ਜਗੀਰ ਬਖ਼ਸ਼ੀ ਦੀ ਸਨਦ (ਦਸਤਾਵੇਜ਼), ਪੰਜ ਸਿੱਖਾਂ ਦੇ ਜੋੜਿਆਂ ਵਿੱਚ ਪਹਿਲਾਂ ਰੱਖੀ ਜਾਵੇ। ਸੋ ਇਸੇ ਤਰ੍ਹਾਂ ਹੀ ਹੋਇਆ ਤੇ ਸਰਦਾਰ ਸੁਬੇਗ ਸਿੰਘ ਜੀ, ਇਹ ਸਮਝੌਤਾ ਕਰਵਾਉਣ ਵਿੱਚ ਸਹਾਈ ਹੋਇਆ। ਇਸ ਦੇ ਨਾਲ ਹੀ ਖ਼ਾਲਸੇ ਨੂੰ ਦੀਪਾਲਪੁਰ, ਕੰਗਣਵਾਲ, ਝਬਾਲ ਦੇ ਪਰਗਣਿਆਂ ਦੀ ਜਗੀਰ ਦਿੱਤੀ ਗਈ। ਭਾਈ ਸੁਬੇਗ ਸਿੰਘ ਦੇ ਯਤਨਾਂ ਸਦਕਾ ਕੁਝ ਸਮੇਂ ਲਈ ਪੰਜਾਬ ਦੇ ਮਾਹੌਲ ਵਿੱਚ ਸ਼ਾਂਤੀ ਆ ਗਈ।
ਸੰਨ 1745 ਈ: ਵਿੱਚ ਜ਼ਕਰੀਆਂ ਖ਼ਾਨ ਦੀ ਮੌਤ ਤੋਂ ਬਾਅਦ ਲਾਹੌਰ ਦਾ ਸੂਬੇਦਾਰ ਯਹੀਆਂ ਖ਼ਾਨ ਨੂੰ ਨਿਯੁਕਤ ਕੀਤਾ ਗਿਆ। ਯਹੀਆ ਖ਼ਾਨ ਨੇ ਫੇਰ ਤੋਂ ਸਿੱਖਾਂ ’ਤੇ ਅਤਿਆਚਾਰ ਸ਼ੁਰੂ ਕਰ ਦਿੱਤੇ। ਉਹ ਸ਼ੁਰੂ ਤੋਂ ਹੀ ਭਾਈ ਸੁਬੇਗ ਸਿੰਘ ਜੀ ਨਾਲ ਨਫ਼ਰਤ ਕਰਦਾ ਸੀ। ਉਸ ਨੇ ਭਾਈ ਸੁਬੇਗ ਸਿੰਘ ਜੀ ਵਿਰੁੱਧ ਸ਼ਿਕਾਇਤਾਂ ਸੁਣਨੀਆਂ ਸ਼ੁਰੂ ਕਰ ਦਿੱਤੀਆਂ। ਉਧਰ ਜਿਸ ਮਸਜਿਦ ਵਿੱਚ ਭਾਈ ਸ਼ਾਹਬਾਜ਼ ਸਿੰਘ ਜੀ ਵਿੱਦਿਆ ਹਾਸਲ ਕਰਨ ਲਈ ਜਾਂਦੇ ਸਨ ਉੱਥੇ ਇੱਕ ਦਿਨ ਬਹਿਸ ਦੌਰਾਨ, ਭਾਈ ਸ਼ਾਹਬਾਜ਼ ਸਿੰਘ ਜੀ ਨੇ ਸਿੱਖ ਧਰਮ ਬਾਰੇ ਆਪਣੇ ਵਿਚਾਰ ਪੇਸ਼ ਕਰ ਕੇ ਸਾਰਿਆਂ ਨੂੰ ਆਪਣੀ ਯੋਗਤਾ ਦਾ ਲੋਹਾ ਮੰਨਣ ਲਈ ਮਜਬੂਰ ਕਰ ਦਿੱਤਾ। ਇਸ ਗਿਆਨ ਚਰਚਾ ਵਿੱਚ ਬਹੁਤ ਸਾਰੇ ਵਿਦਵਾਨਾਂ ਨੂੰ ਮੂੰਹ ਦੀ ਖਾਣੀ ਪਈ। ਇਸ ਦੀ ਖ਼ਬਰ ਮੌਲਵੀ ਤੱਕ ਵੀ ਪਹੁੰਚ ਗਈ। ਮੌਲਵੀ ਨੇ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਮੁਸਲਮਾਨ ਬਣਨ ਲਈ ਜ਼ੋਰ ਪਾਇਆ। ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ, ਪਰ ਭਾਈ ਸ਼ਾਹਬਾਜ਼ ਸਿੰਘ ਜੀ ਨੇ ਈਨ ਮੰਨਣੀ ਕਬੂਲ ਨਾ ਕੀਤੀ।
ਮੌਲਵੀ ਨੇ ਸੂਬੇਦਾਰ ਯਹੀਆ ਖ਼ਾਨ ਅੱਗੇ ਸ਼ਿਕਾਇਤ ਕਰ ਦਿੱਤੀ। ਯਹੀਆ ਖ਼ਾਨ ਨੇ ਤਫ਼ਤੀਸ਼ ਕਰਨ ਲਈ ਭਾਈ ਸੁਬੇਗ ਸਿੰਘ ਜੀ ਤੇ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਕਚਹਿਰੀ ਵਿੱਚ ਪੇਸ਼ ਹੋਣ ਦਾ ਹੁਕਮ ਕੀਤਾ। ਸੂਬੇਦਾਰ ਨੇ ਵੀ ਭਾਈ ਸਾਹਿਬ ਨੂੰ ਮੁਸਲਮਾਨ ਧਰਮ ਧਾਰਨ ਕਰਨ ਲਈ ਮਨਾਉਣ ਦੇ ਬਹੁਤ ਯਤਨ ਕੀਤੇ, ਪਰ ਭਾਈ ਸ਼ਾਹਬਾਜ਼ ਸਿੰਘ ਜੀ ਨਾ ਮੰਨੇ। ਦੀਵਾਨ ਲਖਪਤ ਰਾਇ ਨੇ ਯਹੀਆ ਖ਼ਾਨ ਦੇ ਕੰਨ ਭਰ ਦਿੱਤੇ ਕਿ ਭਾਈ ਸੁਬੇਗ ਸਿੰਘ ਇੱਕ ਕੱਟੜ ਸਿੱਖ ਹੈ ਤੇ ਇਸੇ ਨੇ ਬਹਾਨੇ ਨਾਲ ਤੁਹਾਡੇ ਪਿਤਾ (ਜ਼ਕਰੀਆ ਖ਼ਾਨ) ਦੇ ਸਿਰ ’ਤੇ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਮਰਵਾਈਆਂ ਸਨ ਤੇ ਇਸੇ ਅਪਮਾਨ ਨਾਲ ਜ਼ਕਰੀਆ ਖ਼ਾਨ ਮਰਿਆ ਸੀ। ਦੀਵਾਨ ਲਖਪਤ ਰਾਇ ਨੇ ਭਾਈ ਸੁਬੇਗ ਸਿੰਘ ਜੀ ਉੱਤੇ ਸਿੱਖਾਂ ਦੀ ਮਦਦ ਕਰਨ ਦੇ ਦੋਸ਼ ਲਗਾਉਦਿਆਂ, ਹਕੂਮਤ ਦਾ ਦੁਸ਼ਮਣ ਗਰਦਾਨ ਦਿੱਤਾ। ਸੋ, ਭਾਈ ਸੁਬੇਗ ਸਿੰਘ ਜੀ ਨੂੰ ਵੀ ਕੈਦ ਕਰ ਲਿਆ ਗਿਆ।
ਅੰਤ ਭਾਈ ਸੁਬੇਗ ਸਿੰਘ ਜੀ ਅਤੇ ਭਾਈ ਸ਼ਾਹਬਾਜ਼ ਸਿੰਘ ਜੀ (ਦੋਵੇਂ ਪਿਉ-ਪੁੱਤਰਾਂ) ਨੂੰ ਇਸਲਾਮ ਕਬੂਲ ਕਰਵਾਉਣ ਲਈ ਹਰ ਹੀਲਾ-ਵਸੀਲਾ ਵਰਤਿਆ ਗਿਆ ਪਰ ਇਹ ਦੋਵੇਂ ਸੂਰਮੇ ਆਪਣੇ ਧਰਮ ’ਤੇ ਡਟੇ ਰਹੇ। ਹਰ ਤਰ੍ਹਾਂ ਦੇ ਤਸੀਹੇ ਝੱਲਣ ਲਈ ਤਿਆਰ ਹੋ ਗਏ। ਭਾਈ ਸੁਬੇਗ ਸਿੰਘ ਜੀ ਅਤੇ ਭਾਈ ਸ਼ਾਹਬਾਜ਼ ਸਿੰਘ ਜੀ ਨੇ ਹਾਕਮਾਂ ਨੂੰ ਕਿਹਾ ਕਿ ‘‘ਜਿਸ ਤਰ੍ਹਾਂ ਤੁਹਾਨੂੰ ਆਪਣਾ ਧਰਮ ਪਿਆਰਾ ਹੈ, ਉਸੇ ਤਰ੍ਹਾਂ ਸਾਨੂੰ ਵੀ ਆਪਣਾ ਧਰਮ ਪਿਆਰਾ ਹੈ। ਮੌਤ ਦਾ ਸਾਨੂੰ ਕੋਈ ਡਰ ਨਹੀਂ, ਮੌਤ ਨੇ ਤਾਂ ਆਉਣਾ ਹੀ ਆਉਣਾ ਹੈ। ਧਰਮ ਤਬਦੀਲ ਕਰਨ ਨਾਲ ਵੀ ਮੌਤ ਨੇ ਤਾਂ ਨਹੀਂ ਟਲ ਜਾਣਾ ਤਾਂ ਫੇਰ ਆਪਣੀ ਜ਼ਮੀਰ ਨੂੰ ਮਾਰ ਕੇ ਜੀਣਾ ਕਿਸ ਕੰਮ ਦਾ ?’’
ਤਵਾਰੀਖ ‘ਗੁਰੂ ਖਾਲਸਾ’ ਦੇ ਕਰਤਾ ‘ਗਿਆਨੀ ਗਿਆਨ ਸਿੰਘ ਜੀ’ ਲਿਖਦੇ ਹਨ ਕਿ – ਭਾਈ ਸੁਬੇਗ ਸਿੰਘ ਜੀ ਤੇ ਭਾਈ ਸ਼ਾਹਬਾਜ਼ ਸਿੰਘ ਨੂੰ ਚਰਖੜੀਆਂ ’ਤੇ ਚੜਾਉਣ ਤੋਂ ਪਹਿਲਾਂ ਅੰਤਾਂ ਦੇ ਤਸੀਹੇ ਦਿੱਤੇ ਗਏ। ਉਨ੍ਹਾਂ ਨੂੰ ਪੁੱਠਾ ਲਟਕਾਇਆ ਗਿਆ, ਕੋੜੇ ਮਾਰੇ ਗਏ ਅਤੇ ਹੋਰ ਕਈ ਤਰ੍ਹਾਂ ਦੇ ਕਸ਼ਟ ਦਿੱਤੇ ਗਏ। ਯਹੀਆ ਖ਼ਾਨ ਨੇ ਇਨ੍ਹਾਂ ਨੂੰ ਚਰਖੜੀ ’ਤੇ ਚਾੜ੍ਹ ਕੇ ਸ਼ਹੀਦ ਕਰਨ ਦਾ ਫ਼ੁਰਮਾਨ ਕਾਜ਼ੀ ਰਾਹੀਂ ਜਾਰੀ ਕਰਵਾ ਦਿੱਤਾ। ਭਾਈ ਸੁਬੇਗ ਸਿੰਘ ਜੀ ’ਤੇ ਕੋਈ ਸਖ਼ਤੀ ਨਾ ਚਲਦੀ ਦੇਖ ਕੇ ਨਵਾਬ ਨੇ ਭਾਈ ਸੁਬੇਗ ਸਿੰਘ ਜੀ ਨੂੰ ਚਰਖੜੀ ਤੋਂ ਉਤਾਰ ਕੇ ਉਸ ਦੇ ਨੌਜਵਾਨ ਸਪੁੱਤਰ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਪਹਿਲਾਂ ਚਰਖੜੀ ’ਤੇ ਚਾੜ੍ਹ ਕੇ ਤਸੀਹੇ ਦੇਣ ਦਾ ਹੁਕਮ ਦਿੱਤਾ। ਜੱਲਾਦਾਂ ਨੇ ਭਾਈ ਸੁਬੇਗ ਸਿੰਘ ਜੀ ਦੀਆਂ ਅੱਖਾਂ ਦੇ ਸਾਹਮਣੇ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਚਰਖੜੀ ’ਤੇ ਚਾੜ੍ਹ ਕੇ ਘੁਮਾਇਆ। ਇਨ੍ਹਾਂ ਦੋਹਾਂ ਗੁਰਸਿੱਖਾਂ ਨੇ ਅਕਾਲ ਪੁਰਖ ਦੇ ਭਾਣੇ ਅੰਦਰ ਸਿਮਰਨ ਕਰਦਿਆਂ ਸਾਰੇ ਤਸੀਹੇ ਝੱਲੇ।
ਚਰਖੜੀ ਦੀ ਦੋ ਵਾਰ ਦੀ ਮਾਰ ਨਾਲ ਉਨ੍ਹਾਂ ਦਾ ਸਾਰਾ ਸਰੀਰ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਦਾ ਮਾਸ ਜ਼ੰਬੂਰਾਂ ਨਾਲ ਨੋਚਿਆ ਗਿਆ। ਅਜਿਹੇ ਦਰਦਨਾਕ ਤਸੀਹਿਆਂ ਨੂੰ ਦੇਖ ਕੇ ਹਰ ਇਕ ਨੇ ਮੂੰਹ ਵਿੱਚ ਉਂਗਲਾਂ ਪਾਈਆਂ ਹੋਈਆਂ ਸਨ। ਜੱਲਾਦ ਤਸੀਹੇ ਦੇ ਦੇ ਕੇ ਥੱਕ ਚੁੱਕੇ ਸਨ। ਹਾਰ ਕੇ ਭਾਈ ਸ਼ਾਹਬਾਜ਼ ਸਿੰਘ ਨੂੰ ਬੰਦੀ ਖ਼ਾਨੇ ਵਿੱਚ ਭੇਜ ਦਿੱਤਾ ਗਿਆ।
ਫਿਰ ਇਕ ਨਵੀਂ ਚਾਲ ਰਾਹੀਂ ਦੋਵੇਂ ਪਿਉ-ਪੁੱਤਰਾਂ ਨੂੰ ਇੱਕ ਦੂਜੇ ਨਾਲੋਂ ਵੱਖ ਕਰ ਕੇ ਇਹ ਅਫ਼ਵਾਹਾਂ ਉਡਾਈਆ ਗਈਆਂ ਕਿ ਉਨ੍ਹਾਂ ਨੇ ਤਾਂ ਇਸਲਾਮ ਕਬੂਲ ਕਰ ਲਿਆ ਹੈ। ਇੱਕ ਪਾਸੇ ਭਾਈ ਸ਼ਾਹਬਾਜ਼ ਸਿੰਘ ਨੂੰ ਕਿਹਾ ਗਿਆ ਕਿ – ‘ਤੂੰ ਅਜੇ ਬੱਚਾ ਹੈਂ। ਤੇਰੀ ਉਮਰ ਦੁਨੀਆਂ ਦੇਖਣ ਦੀ ਹੈ। ਤੇਰੇ ਪਿਤਾ ਨੇ ਤਾਂ ਆਪਣੀ ਉਮਰ ਹੰਢਾ ਲਈ ਹੈ, ਤੂੰ ਸਿਆਣਾ ਤੇ ਫ਼ਾਰਸੀ ਪੜ੍ਹਿਆ ਹੋਇਆ ਹੈਂ, ਇਸ ਲਈ ਤੈਨੂੰ ਹੱਠ ਛੱਡ ਕੇ ਇਸਲਾਮ ਕਬੂਲ ਕਰ ਲੈਣਾ ਚਾਹੀਦਾ ਹੈ।’
ਦੂਸਰੇ ਪਾਸੇ ਭਾਈ ਸੁਬੇਗ ਸਿੰਘ ਜੀ ’ਤੇ ਜ਼ੋਰ ਪਾਇਆ ਗਿਆ ਕਿ ‘ਇਸਲਾਮ ਕਬੂਲ ਕਰ ਕੇ ਦੁਨੀਆਂ ਵਿੱਚ ਆਪਣੀ ਜੜ੍ਹ ਬਣਾਈ ਰੱਖੇ। ਇਕਲੌਤੇ ਪੁੱਤਰ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਦੁਨੀਆਂ ਵਿੱਚ ਉਨ੍ਹਾਂ ਦੇ ਪਿੱਛੇ ਕੋਈ ਨਾਮ ਲੈਣ ਵਾਲਾ ਵੀ ਨਹੀਂ ਬਚੇਗਾ।’ ਭਾਈ ਸੁਬੇਗ ਸਿੰਘ ਜੀ ਨੇ ਧਰਮ ਬਦਲ ਕੇ ਮਰ-ਮਰ ਕੇ ਜੀਉਂਦੇ ਰਹਿਣ ਨਾਲੋਂ ਅਣਖ ਨਾਲ ਧਰਮ ’ਤੇ ਦ੍ਰਿੜ੍ਹ ਰਹਿੰਦੇ ਹੋਏ ਮਰਨ ਨੂੰ ਤਰਜੀਹ ਦਿੱਤੀ।
‘ਪੰਥ ਪ੍ਰਕਾਸ’ ਅਨੁਸਾਰ –
ਸਿੱਖਨ ਕਾਜ ਸੁ ਗੁਰੂ ਹਮਾਰੇ, ਸੀਸ ਦੀਓ ਨਿਜ ਸਨ ਪਰਵਾਰੇ।
ਚਾਰੇ ਪੁਤਰ ਜਾਨ ਕੁਹਾਏ, ਸੋ ਚੰਡੀ ਕੀ ਭੇਂਟ ਕਰਾਏ।
ਹਮ ਕਾਰਨ ਗੁਰ ਕੁਲਹਿ ਗਵਾਈ, ਹਮ ਕੁਲ ਰਾਖੈਂ, ਕੌਣ ਬਡਾਈ ?
– ਅਰਥਾਤ ਗੁਰੂ ਸਾਹਿਬਾਨ ਨੇ ਸਾਡੇ ਲਈ ਚਾਰੇ ਪੁੱਤਰ ਕੁਰਬਾਨ ਕਰ ਦਿੱਤੇ, ਸਰਬੰਸ ਵਾਰ ਦਿੱਤਾ। ਮੈਂ ਆਪਣੀ ਕੁਲ ਰੱਖਾਂ, ਇਹ ਕਿਹੜੀ ਕੁਲ ਦੀ ਵਡਿਆਈ ਹੈ ?
ਭਾਈ ਸੁਬੇਗ ਸਿੰਘ ਜੀ ਦਾ ਉੱਤਰ ਸੁਣ ਕੇ ਤਸੀਹਿਆਂ ਦਾ ਦੌਰ ਫਿਰ ਤੋਂ ਸ਼ੁਰੂ ਹੋ ਗਿਆ। ਬੁਰੀ ਤਰ੍ਹਾਂ ਮਾਰ-ਕੁੱਟ ਕੀਤੀ ਗਈ। ਭਾਈ ਸ਼ਾਹਬਾਜ਼ ਸਿੰਘ ਦੀ ਉਮਰ ਉਸ ਸਮੇਂ ਕੇਵਲ 18 ਸਾਲ ਦੀ ਸੀ ਜਦੋਂ 25 ਮਾਰਚ 1746 ਨੂੰ ਦੋਵਾਂ ਪਿਉ-ਪੁੱਤਰਾਂ ਨੂੰ ਇਕੱਠਿਆਂ ਬੰਨ੍ਹ ਕੇ ਚਰਖੜੀ ’ਤੇ ਚਾੜ੍ਹ ਕੇ ਘੁਮਾਇਆ ਗਿਆ। ਦੋਹਾਂ ਨੂੰ ਆਖ਼ਰੀ ਦਮ ਤੱਕ ਚਰਖੜੀ ਘੁੰਮਾਉਂਦੇ ਹੋਏ ਇਸਲਾਮ ਕਬੂਲ ਕਰਨ ਲਈ ਕਿਹਾ ਜਾਂਦਾ ਰਿਹਾ। ਗੁਰੂ ਦੇ ਸਿੱਖ ਕਸ਼ਟ ਝੱਲਦੇ ਤੇ ‘ਅਕਾਲ ਅਕਾਲ’ ਕਹਿੰਦੇ ਰਹੇ। ਦੋਵੇਂ ਪਿਉ-ਪੁੱਤਰ ਆਖ਼ਰੀ ਦਮ ਤੱਕ ਇਹੋ ਬੋਲਦੇ ਰਹੇ ਕਿ –
ਸੁਬੇਗ ਸਿੰਘ ਤਬ ਕੁਰਨਸ (ਨਮਸਕਾਰ) ਕਰੀ, ਧੰਨ ਚਰਖੜੀ, ਧੰਨ ਯਹ ਘਰੀ (ਘੜੀ, ਸਮਾਂ)।
ਚਾੜ੍ਹ ਚਰਖੜੀ ਹਮੈਂ ਗਿਰਾਵੋ, ਸੋ ਅਬ ਹਮ ਕੋ ਢੀਲ (ਦੇਰ) ਨਾ ਲਾਵੋ।
ਹਮ ਤੋ ਗੁਰ ਕੇ ਸਿੱਖ ਸਦਾਵੈਂ, ਗੁਰ ਕੇ ਹੇਤ ਪ੍ਰਾਣ ਭਲ (ਭਾਵੇਂ) ਜਾਵੈਂ। (ਪੰਥ ਪ੍ਰਕਾਸ)
ਅੰਤ ਭਾਈ ਸੁਬੇਗ ਸਿੰਘ ਜੀ ਤੇ ਭਾਈ ਸ਼ਾਹਬਾਜ਼ ਸਿੰਘ ਜੀ, ਆਪਣੇ ਵਿਸ਼ਵਾਸ ਨੂੰ ਪਾਲਦੇ, ਗੁਰੂ ਆਸ਼ੇ ’ਤੇ ਖਰੇ ਉਤਰਦਿਆਂ, ਦੁਨਿਆਵੀ ਲਾਲਚਾਂ ਦੀ ਪ੍ਰਵਾਹ ਨਾ ਕਰਦੇ ਹੋਏ, ਸ਼ਹਾਦਤ ਦਾ ਜਾਮ ਪੀ ਗਏ। ਕੌਮ ਅੱਜ ਵੀ ਸਤਿਕਾਰ ਸਹਿਤ ਉਨ੍ਹਾਂ ਦੀ ਦ੍ਰਿੜ੍ਹਤਾ ਤੇ ਦਲੇਰੀ ਨੂੰ ਯਾਦ ਕਰ ਕੇ, ਉਨ੍ਹਾਂ ਦੀ ਕੁਰਬਾਨੀ ਅਤੇ ਘਾਲਣਾ ਅੱਗੇ ਸਿਰ ਨਿਵਾਉਂਦੀ ਹੈ। ਇਨ੍ਹਾਂ ਅਣਖੀ ਸਿੱਖਾਂ ਨੇ ਅਨੇਕਾਂ ਤਸੀਹੇ ਝੱਲਣੇ ਤਾਂ ਕਬੂਲ ਕਰ ਲਏ ਲੇਕਿਨ ਬਹਾਦਰ ਅਤੇ ਨਿਧੜਕ ਪਿਓ-ਪੁੱਤਰ ਦੀ ਇਸ ਜੋੜੀ ਨੇ ਕਿਸੇ ਵੀ ਹਾਲਤ ਵਿੱਚ ਈਨ ਮੰਨਣੀ ਕਬੂਲ ਨਹੀਂ ਕੀਤੀ। ਦੋਵੇਂ ਪਿਉ-ਪੁੱਤਰ ਹੱਸਦੇ-ਹੱਸਦੇ ਅਤੇ ਅਕਾਲ ਪੁਰਖ ਦਾ ਜਾਪ ਕਰਦੇ ਕਰਦੇ ਚਰਖੜੀਆਂ ’ਤੇ ਚੜ੍ਹੇ ਹੋਏ ਵੀ ਇਹੀ ਅਰਦਾਸ ਕਰਦੇ ਰਹੇ ਕਿ ਵਾਹਿਗੁਰੂ ! ਸਾਡਾ ਸਿਦਕ ਨਾ ਡੋਲਣ ਦੇਣਾ। ਗੁਰੂ ਨੇ ਉਨ੍ਹਾਂ ਦੀ ਲਾਜ ਰੱਖਦੇ ਹੋਏ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਦਾ ਸਿਦਕ ਨਾ ਹਾਰਨ ਦਿੱਤਾ। ਉਹ ਅੰਤਮ ਸਾਹਾਂ ਤੱਕ ਮਾਲਕ ਵਿੱਚ ਬਿਰਤੀ ਜੋੜੀ ਸਤਿ ਨਾਮੁ ਦਾ ਸਿਮਰਨ ਕਰਦਿਆਂ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਵਿਰਾਜੇ।
ਅੱਜ ਹਰ ਸਿੱਖ ਦੋਨੋਂ ਵਕਤ ਅਰਦਾਸ ਕਰਦੇ ਸਮੇਂ ਇਹ ਸ਼ਬਦ ਦੁਹਰਾਉਦਾ ਹੈ, – ‘ਜਿਨ੍ਹਾਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਵਾਏ….. ਚਰਖੜੀਆਂ ਤੇ ਚੜ੍ਹੇ’… ! ! ਅਜਿਹੇ ਸਿਰੜੀ ਅਤੇ ਅਟੱਲ ਵਿਸ਼ਵਾਸੀ ਪਿਓ-ਪੁੱਤਰ ਦੀ ਅਨੂਠੀ ਸ਼ਹਾਦਤ ’ਤੇ ਪੂਰੇ ਸਿੱਖ ਜਗਤ ਨੂੰ ਅੰਤਾਂ ਦਾ ਮਾਣ ਹੈ ਅਤੇ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਦੀ ਨੌਜਵਾਨ ਪਨੀਰੀ ਨੂੰ ਵੀ ਇਹ ਬੇਮਿਸਾਲ ਸ਼ਹਾਦਤ ਰਸਤਾ ਦਿਖਾਉਂਦੀ ਰਹੇਗੀ।