ਬੰਦ-ਬੰਦ ਕਟਵਾਉਣ ਵਾਲੇ ਸਿਦਕੀ ਯੋਧੇ ‘ਸ਼ਹੀਦ ਭਾਈ ਮਨੀ ਸਿੰਘ ਜੀ’
-ਇਕਵਾਕ ਸਿੰਘ ਪੱਟੀ ਮੈਨੇਜਿੰਗ ਡਾਇਰੈਕਟਰ, ਸੁਰ-ਸਾਂਝ ਗੁਰਮਤਿ ਸੰਗੀਤ ਅਕੈਡਮੀ, ਜੋਧ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਮੋ. 98150-24920
ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ। ਸਿੱਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ। ਸਿੱਖ ਕੌਮ ਨੇ ਉਹ ਮਰਜੀਵੜੇ ਪੈਦਾ ਕੀਤੇ ਜਿਹਨਾਂ ਨੇ ਕੇਵਲ ਆਪਣੇ ਤੱਕ ਹੀ ਨਹੀਂ ਸ਼ਹੀਦੀ ਪ੍ਰਾਪਤ ਕੀਤੀ ਸਗੋਂ ਉਹਨਾਂ ਦਾ ਪੂਰਾ ਪਰਵਾਰ ਵੀ ਸ਼ਹਾਦਤਾਂ ਪੀਣ ਵਾਲਾ ਸੀ। ਜਿਸ ਦੀ ਮਿਸਾਲ ਸੰਸਾਰ ਭਰ ਦੇ ਇਤਿਹਾਸ ਵਿੱਚ ਲੱਭਣੀ ਮੁਸ਼ਕਲ ਹੈ। ਸਿੱਖੀ ਨੂੰ ਨੇਸਤੋਨਾਬੂਦ ਕਰਨ ਲਈ ਸਮੇਂ ਦੇ ਹਾਕਮਾਂ ਨੇ ਅਨੇਕਾਂ ਕੋਝੀਆਂ ਚਾਲਾਂ ਚੱਲੀਆਂ, ਅਨੇਕਾਂ ਤਰ੍ਹਾਂ ਦੇ ਆਮਾਣਵੀ ਤਸੀਹੇ ਗੁਰੂ ਦੇ ਸਿੱਖਾਂ ਨੂੰ ਦਿੱਤੇ ਗਏ, ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ, ‘ਗੁਰੂ’ ਸ਼ਬਦ ਨੂੰ ‘ਗੁੜ’ ਕਹਿਣ ਦਾ ਹੁਕਮ ਤੱਕ ਦਿੱਤਾ ਗਿਆ, ਪਰ ਧੰਨ ਸੀ, ਉਸ ਸਮੇਂ ਦੀ ਸਿੱਖੀ, ਸਿੱਖੀ ਸਿੱਦਕ ਅਤੇ ਗੁਰੂ ਦੇ ਸਿੱਖ, ਜਿਨ੍ਹਾਂ ਨੇ ਸਿਰ-ਧੜ ਦੀ ਬਾਜ਼ੀ ਲਗਾਉਂਦਿਆਂ ਆਪਾ ਤਾਂ ਕੁਰਬਾਣ ਕਰ ਲਿਆ ਪਰ ਜ਼ਾਲਮਾਂ ਦਾ ਹੁਕਮ ਮੰਨ ਕੇ ਗੁਰਮਤਿ ਦੇ ਅਸੂਲਾਂ ਨਾਲ ਸਮਝੌਤਾ ਨਾ ਕੀਤਾ ਅਤੇ ਸ਼ਹਾਦਤਾਂ ਦਾ ਜਾਮ ਹੱਸਦੇ-ਹੱਸਦੇ ਪੀ ਗਏ। ਐਸੇ ਹੀ ਮਹਾਨ ਸ਼ਹੀਦਾਂ ਵਿੱਚੋਂ ਸਨ ‘ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ’।
ਭਾਈ ਮਨੀ ਸਿੰਘ ਜੀ ਦੀ ਜਨਮ ਮਿਤੀ ਬਾਰੇ ਵਿਦਵਾਨਾਂ ਵਿੱਚ ਕਾਫ਼ੀ ਮਤਭੇਦ ਪਾਏ ਜਾ ਰਹੇ ਹਨ। ਸੇਵਾ ਸਿੰਘ ਜੀ ਦੀ ਲਿਖਤ ਸ਼ਹੀਦ ਬਿਲਾਸ ਦੇ ਅਨੁਸਾਰ ਭਾਈ ਮਨੀ ਸਿੰਘ ਜੀ ਦਾ ਜਨਮ 10 ਮਾਰਚ 1644 ਈ: (1 ਚੇਤ, ਸੁਦੀ ਦੁਆਦਸ਼ੀ, ਐਤਵਾਰ, ਸੰਮਤ 1701) ਨੂੰ ਪਿੰਡ ਅਲੀਪੁਰ, ਜ਼ਿਲ੍ਹਾ ਮੁਜੱਫਰਗੜ੍ਹ, ਪੱਛਮੀ ਪਾਕਿਸਤਾਨ ਵਿੱਚ ਭਾਈ ਮਾਈਦਾਸ ਦੇ ਗ੍ਰਹਿ ਵਿਖੇ ਮਾਤਾ ਮਧਰੀ ਬਾਈ ਦੀ ਕੁਖੋਂ ਹੋਇਆ। ਆਪ ਜੀ ਦੇ ਦਾਦਾ ਭਾਈ ਬਲੂ ਰਾਇ ਜੀ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਨ 1634 ਨੂੰ ਤੁਰਕਾਂ ਨਾਲ ਜੰਗ ਕਰਦੇ ਅੰਮ੍ਰਿਤਸਰ ਵਿਖੇ ਸ਼ਹੀਦੀ ਪ੍ਰਾਪਤ ਕਰ ਗਏ ਸਨ। ਭਾਈ ਮਨੀ ਸਿੰਘ ਜੀ ਦੇ 12 ਭਰਾਵਾਂ ਵਿੱਚੋਂ ਅਮਰ ਚੰਦ ਨੂੰ ਛੱਡ ਕੇ (ਕਿਉਂਕਿ ਉਹ ਛੋਟੀ ਉਮਰ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ।) 11 ਭਰਾਵਾਂ ਨੇ ਸਿੱਖੀ ਸਿਧਾਂਤਾਂ ਦੀ ਖ਼ਾਤਰ ਸ਼ਹਾਦਤਾਂ ਪ੍ਰਾਪਤ ਕੀਤੀਆਂ। ਇੱਥੇ ਹੀ ਬੱਸ ਨਹੀਂ ਸਿੱਖੀ ਦੀ ਖਾਤਰ ਆਪ ਜੀ ਦੇ 10 ਸਪੁੱਤਰਾਂ ਵਿੱਚੋਂ ਵੀ 7 ਪੁੱਤਰਾਂ ਨੇ ਸ਼ਹਾਦਤਾਂ ਦਾ ਜਾਮ ਪੀਂਦਿਆਂ ਇਸ ਗੁਰੂ ਵਾਕ ਨੂੰ ਸੱਚ ਕਰ ਵਿਖਾਇਆ, ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ, ਸਿਰੁ ਦੀਜੈ ਕਾਣਿ ਨ ਕੀਜੈ॥’’ (ਮ 1/1412)
ਇਹ ਹੈ ਸਿੱਖ ਇਤਿਹਾਸ ਦੀਆਂ ਅਦੁੱਤੀ ਅਤੇ ਲਾ-ਮਿਸਾਲ ਸ਼ਹਾਦਤਾਂ ਵਿੱਚੋਂ ਇੱਕ ਜਿਸ ਵਿੱਚ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਸ਼ਹੀਦ, 11 ਭਰਾ ਸ਼ਹੀਦ, 7 ਪੁੱਤਰ ਸ਼ਹੀਦ। ਇਹੀ ਕਾਰਨ ਹੈ ਕਿ ਅੱਜ ਇੱਕ ਸਾਬਤ ਸੂਰਤ ਦਸਤਾਰਧਾਰੀ ਸਿੱਖ ਦਾ ਸਿਰ ਫ਼ਖਰ ਨਾਲ ਉੱਚਾ ਰਹਿੰਦਾ ਹੈ ਅਤੇ ਆਪਣੇ ਆਪ ਵਿੱਚ ਮਾਣ ਮਹਿਸੂਸ ਕਰਦਾ ਹੋਇਆ, ਇਹਨਾਂ ਮਹਾਨ ਸ਼ਹਾਦਤਾਂ ਦੇ ਅੱਗੇ ਸਿਰ ਝੁਕਾਉਂਦਾ ਹੈ। ਭਾਈ ਮਨੀ ਸਿੰਘ ਜੀ ਇੱਕ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਦੀ ਜੀਵਣ ਜੁਗਤ ਤੋਂ ਸਾਨੂੰ ਸਿਰਫ਼ ਇੱਕ ਸੁਚੱਜੇ, ਉਸਾਰੂ ਜੀਵਣ ਦੀ ਹੀ ਸੇਧ ਨਹੀਂ ਮਿਲਦੀ, ਸਗੋਂ ਧਰਮ, ਕੌਮ, ਸਿਧਾਂਤਾਂ, ਗੁਰੂ ਸਾਹਿਬਾਨ ਦੁਆਰਾ ਪ੍ਰਾਪਤ ਹੋਈ ਸਿੱਖੀ ਖਾਤਰ ਸੁਚੱਜੇ ਮਰਨ ਦਾ ਢੰਗ ਵੀ ਦੱਸਦੀ ਹੈ। ਆਪ ਜੀ ਨੇ ਗੁਰੂ ਹਰਰਾਇ ਸਾਹਿਬ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ। ਆਪ ਜੀ ਦਾ ਪਹਿਲਾ ਨਾਮ ਮਨੀਆ ਸੀ, ਜੋ ਅੰਮ੍ਰਿਤ ਦੀ ਪਵਿੱਤਰ ਦਾਤ ਪ੍ਰਾਪਤ ਕਰਨ ਤੋਂ ਬਾਅਦ ਭਾਈ ਮਨੀ ਸਿੰਘ ਜੀ ਦੇ ਰੂਪ ਵਿੱਚ ਬਦਲਿਆ। ਦਸਮੇਸ਼ ਪਿਤਾ ਜੀ ਨੇ ਆਪ ਜੀ ਨੂੰ ਦੀਵਾਨ ਦੀ ਉਪਾਧੀ ਬਖਸ਼ਸ਼ ਕੀਤੀ। ਜਦ ਸਤਿਗੁਰੂ ਜੀ ਨੇ ਆਪ ਜੀ ਨੂੰ ਸ੍ਰੀ ਹਰਮੰਦਿਰ ਸਾਹਿਬ ਜੀ ਦੀ ਸੇਵਾ ਸੰਭਾਲ ਲਈ ਅੰਮ੍ਰਿਤਸਰ ਭੇਜਿਆ ਤਾਂ ਆਪ ਜੀ ਨੇ ਸੱਭ ਤੋਂ ਪਹਿਲਾਂ ਉੱਥੇ ਚੱਲਦੀ ਸੋਢੀਆਂ ਦੀ ਮਰਯਾਦਾ ਬੰਦ ਕਰਵਾ ਕੇ ਗੁਰੂ ਮਰਯਾਦਾ ਆਰੰਭ ਕਰਵਾਈ। ਆਪ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਤੀਸਰੇ ਗ੍ਰੰਥੀ ਸਿੰਘ ਸਨ। ਪਹਿਲੇ ਬਾਬਾ ਬੁੱਢਾ ਜੀ, ਦੂਜੇ ਭਾਈ ਗੁਰਦਾਸ ਜੀ ਅਤੇ ਤੀਸਰੇ ਆਪ ਜੀ ਸਨ।
ਜਦੋਂ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੀ ਬਾ-ਕਮਾਲ ਸ਼ਹਾਦਤ ਤੋਂ ਬਾਅਦ ਕੌਮ ਦੋ ਹਿੱਸਿਆਂ ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਵਿੱਚ ਵੰਡੀ ਗਈ ਕਿਉਂਕਿ ਸ਼ਰਧਾ ਵੱਸ ਕੁੱਝ ਸਿੰਘਾਂ ਨੇ ਬਾਬਾ ਬੰਦਾ ਸਿੰਘ ਜੀ ਨੂੰ ਗਿਆਰਵਾਂ ਗੁਰੂ ਮੰਨਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਆਪ ਨੂੰ ਬੰਦਈ ਖ਼ਾਲਸਾ ਕਹਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਲਹਿਰ ਦਾ ਮੁੱਖ ਆਗੂ ਭਾਈ ਅਮਰ ਸਿੰਘ ਮਹੰਤ ਖੇਮਕਰਨੀਆਂ ਸੀ। ਇਹ ਇੱਕ ਦੂਜੇ ਨੂੰ ਮਿਲਣ ਸਮੇਂ ਫ਼ਤਹਿ ਦਰਸ਼ਨ ਬੁਲਾਉਂਦੇ ਸਨ। ਦੂਜੇ ਪਾਸੇ ਤੱਤ ਖ਼ਾਲਸੇ ਵਾਲੇ ਸੀ, ਜੋ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਸਨ ਅਤੇ ਗੁਰ ਫ਼ਤਹਿ ਦੀ ਸਾਂਝ ਹੀ ਪਾਉਂਦੇ ਸਨ। ਦੋਵੇਂ ਧਿਰਾਂ ਆਪਣੇ ਆਪ ਨੂੰ ਗੁਰਦੁਆਰਾ ਪ੍ਰਬੰਧ ਸੰਭਾਲਣ ਲਈ ਦਾਅਵੇਦਾਰ ਬਣ ਚੁੱਕੀਆਂ ਸਨ। ਹਕੂਮਤ ਵੀ ਸਮਝਦੀ ਸੀ ਕਿ ਹੁਣ ਸਿੰਘ ਆਪਸ ਵਿੱਚ ਲੜ ਮਰਨਗੇ ਅਤੇ ਸਾਡੀ ਚਿੰਤਾ ਮੁਕ ਜਾਵੇਗੀ। ਜਦ ਅੰਦਰ ਖਾਤੇ ਚੱਲ ਰਹੇ ਇਸ ਝਗੜੇ ਦੀ ਸੂਹ ਮਾਤਾ ਸੁੰਦਰ ਕੌਰ ਜੀ ਨੂੰ ਦਿੱਲੀ ਵਿਖੇ ਲੱਗੀ ਤਾਂ ਉਹਨਾਂ ਨੇ ਭਾਈ ਮਨੀ ਸਿੰਘ ਜੀ ਨੂੰ ਇਸ ਝਗੜੇ ਦੀ ਸਦੀਵੀਂ ਹੱਲ ਲੱਭਣ ਦੀ ਸੇਵਾ ਸੌਂਪੀ। ਭਾਈ ਮਨੀ ਸਿੰਘ ਜੀ ਨੇ ਦੋਵੇਂ ਧਿਰਾਂ ਨੂੰ ਹਰਿ ਕੀ ਪਉੜੀ ਸੱਦਾ ਭੇਜਿਆ ਤਾਂ ਕਿ ਕੋਈ ਯੋਗ ਫੈਂਸਲਾ ਕੀਤਾ ਜਾ ਸਕੇ। ਭਾਈ ਮਨੀ ਸਿੰਘ ਜੀ ਨੇ ਇੱਕ ਪਰਚੀ ’ਤੇ ਬੰਦਈ ਖਾਲਸੇ ਦਾ ਨਾਅਰਾ ਫ਼ਤਹਿ ਦਰਸ਼ਨ ਅਤੇ ਦੂਜੀ ਪਰਚੀ ’ਤੇ ‘ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।’ ਲਿਖ ਕੇ ਅੰਮ੍ਰਿਤ ਸਰੋਵਰ ਵਿੱਚ ਸੁੱਟ ਦਿੱਤੀਆਂ ਅਤੇ ਫੈਂਸਲਾ ਕੀਤਾ ਕਿ ਜਿਸ ਦੀ ਪਰਚੀ ਪਹਿਲਾਂ ਤਰ ਕੇ ਉੱਪਰ ਆਵੇਗੀ, ਉਹੀ ਗੁਰਦੁਆਰਿਆਂ ਦੀ ਸੰਭਾਲ ਦਾ ਆਗੂ ਮੰਨ ਲਿਆ ਜਾਵੇਗਾ।
‘‘ਕਾਰਣੁ ਕਰਤੇ ਵਸਿ ਹੈ; ਜਿਨਿ ਕਲ ਰਖੀ ਧਾਰਿ ॥’’ (ਮ: ੨/੧੪੮) ਦੇ ਮਹਾਂਵਾਕ ਅਨੁਸਾਰ ਰੱਬ ਵੱਲੋਂ ਹੀ ‘ਵਾਹਿਗੁਰੂ ਜੀ ਕੀ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।’ ਵਾਲੀ ਪਰਚੀ ਪਹਿਲਾਂ ਤਰ ਕੇ ਉੱਪਰ ਆ ਗਈ। ਜੈਕਾਰੇ ਛੱਡੇ ਗਏ ਅਤੇ ਭਾਈ ਜੀ ਦੀ ਸਿਆਣਪ ਦੀ ਬਦੌਲਤ ਭਰਾਵਾਂ ਹੱਥੋਂ ਭਰਾਵਾਂ ਦਾ ਖ਼ੂਨ ਡੁਲਣੋ ਬਚ ਗਿਆ। ਇਹ ਸੀ ਭਾਈ ਮਨੀ ਸਿੰਘ ਜੀ ਵਰਗੇ ਕੌਮ ਦੇ ਆਗੂਆਂ ਦੀ ਸਿੱਖ ਕੌਮ ਨੂੰ ਇੱਕ ਮੁੱਠ ਕਰਨ ਅਤੇ ਕੌਮ ਵਿੱਚ ਏਕਤਾ ਪੈਦਾ ਕਰਨ ਲਈ ਕੀਤੀ ਗਈ ਯੋਗ ਅਗਵਾਈ।
ਭਾਈ ਮਨੀ ਸਿੰਘ ਜੀ ਨੇ ਅਕਾਲ ਤਖ਼ਤ (ਅੰਮ੍ਰਿਤਸਰ) ਵਿਖੇ ਦੀਵਾਲੀ ਦੇ ਮੌਕੇ ਸਰਬੱਤ ਖ਼ਾਲਸਾ ਸੱਦਣ ਦਾ ਮਨ ਬਣਾਇਆ ਤਾਂ ਕਿ ਕੌਮ ਦੇ ਉਸਾਰੂ ਹਿਤਾਂ ਲਈ ਸੋਚਦਿਆਂ ਕੁੱਝ ਨਵੇਂ ਉਪਰਾਲੇ ਸਾਂਝੇ ਰੂਪ ਵਿੱਚ ਕੀਤੇ ਜਾ ਸਕਣ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਠੋਸ ਪ੍ਰੋਗਰਾਮ ਉਲੀਕਿਆ ਜਾ ਸਕੇ। ਇਸ ਲਈ ਆਪ ਜੀ ਨੇ ਇਸ ਸਬੰਧੀ ਸਮੇਂ ਦੇ ਹਾਕਮ ਜ਼ਕਰੀਆ ਖ਼ਾਨ ਨਾਲ ਗੱਲਬਾਤ ਕੀਤੀ ਅਤੇ ਦੀਵਾਲੀ ਮੌਕੇ ਮੇਲਾ ਲਗਾਉਣ ਦੀ ਇਜਾਜ਼ਤ ਮੰਗੀ। ਜ਼ਕਰੀਆ ਖ਼ਾਨ ਨੇ ਇਜਾਜ਼ਤ ਦਿੰਦਿਆਂ ਮੇਲੇ ਦੇ ਬਦਲੇ ਵਿੱਚ 10 ਹਜ਼ਾਰ ਟਕੇ (ਰੁਪਏ) ਮੇਲੇ ਦਾ ਟੈਕਸ ਮੰਗਿਆ ਅਤੇ 10 ਦਿਨਾਂ ਤੱਕ ਮੇਲਾ ਲਗਾਉਣ ਦੀ ਇਜਾਜ਼ਤ ਮਿਲ ਗਈ।
ਭਾਈ ਮਨੀ ਸਿੰਘ ਜੀ ਨੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਰਬੱਤ ਖ਼ਾਲਸਾ ਦੀ ਇਕੱਤਰਤਾ ਬਾਰੇ ਦੁਰ-ਦੁਰਾਡੇ ਵਸਦੇ ਸਿੱਖਾਂ ਨੂੰ ਸੁਨੇਹੇ ਭੇਜ ਦਿੱਤੇ। ਦੂਸਰੇ ਪਾਸੇ ਜ਼ਕਰੀਆ ਖ਼ਾਨ ਦੇ ਮਨ ਵਿੱਚ ਮੈਲ ਆ ਗਈ ਅਤੇ ਆਪਣੀ ਔਕਾਤ ’ਚ ਆਉਂਦਿਆ ਉਸ ਨੇ ਵਿਓਂਤ ਬਣਾਈ ਕਿ ਕਿਉਂ ਨਾ ਦੀਵਾਲੀ ਦੀ ਰਾਤ ਇਕੱਠੇ ਹੋਏ ਸਾਰੇ ਸਿੱਖਾਂ ਨੂੰ ਤੋਪਾਂ ਨਾਲ ਉੱਡਾ ਦਿੱਤਾ ਜਾਵੇ। ਸੋ ਸੂਬੇਦਾਰ ਦੀ ਗੰਦੀ ਸੋਚ ਵਿੱਚ ਉਪਜੀ ਇਹ ਵਿਓਂਤ ਤਿਆਰ ਹੋ ਚੁੱਕੀ ਸੀ ਅਤੇ ਇਧਰ ਭਾਈ ਮਨੀ ਸਿੰਘ ਜੀ ਤੇ ਸਿੰਘਾਂ ਨੂੰ ਸੂਬੇ ਦੀ ਇਸ ਸਾਜ਼ਸ ਦਾ ਪਤਾ ਲੱਗ ਗਿਆ। ਭਾਈ ਮਨੀ ਸਿੰਘ ਜੀ ਨੇ ਤੁਰੰਤ ਇਕੱਠ ਲਈ ਇਕੱਠੇ ਹੋਣ ਵਾਲੇ ਗੁਰਸਿੱਖਾਂ ਨੂੰ ਮੁੜ ਸੁਨੇਹੇ ਭੇਜੇ ਅਤੇ ਸੂਬੇ ਦੀ ਨੀਅਤ ਤੋਂ ਜਾਣੂ ਕਰਵਾ ਦਿੱਤਾ, ਪਰ ਫਿਰ ਵੀ ਦੂਰ-ਦੁਰਾਡੇ ਵਸਦੇ ਸਿੱਖਾਂ ਨੂੰ ਸੁਨੇਹਾ ਨਾ ਪੁੱਜਣ ਕਰ ਕੇ ਉਹ ਦੀਵਾਲੀ ’ਤੇ ਗੁਰ ਅਸਥਾਨ ਦੇ ਦਰਸ਼ਨਾਂ ਨੂੰ ਆ ਵੀ ਗਏ ਅਤੇ ਚਾਲ ਅਨੁਸਾਰ ਜ਼ਕਰੀਆਂ ਖ਼ਾਨ ਨੇ ਲਖਪਤ ਰਾਇ ਦੇ ਰਾਹੀਂ ਇਕੱਠੇ ਹੋਏ ਸਿੰਘਾਂ ’ਤੇ ਹੱਲਾ ਬੋਲ ਦਿੱਤਾ। ਦੀਵਾਨ ਨਾ ਲੱਗ ਸਕਿਆ। ਬੇਅਤ ਸਿੱਖ ਸ਼ਹੀਦੀਆਂ ਪ੍ਰਾਪਤ ਕਰ ਗਏ। ਭਾਈ ਮਨੀ ਸਿੰਘ ਜੀ ਨੇ ਇਸ ਗੱਲ ਦਾ ਜ਼ਕਰੀਆ ਖ਼ਾਨ ਪਾਸ ਰੋਸ ਮਨਾਇਆ ਅਤੇ ਇਸ ਕਾਰੇ ਦੀ ਸਖ਼ਤ ਨਿਖੇਧੀ ਕੀਤੀ, ਪਰ ਇਸ ਦੇ ਉਲਟ ਜ਼ਕਰੀਆ ਖ਼ਾਨ ਨੇ 10,000 ਟਕੇ ਰਕਮ ਦੀ ਵੀ ਮੰਗ ਕੀਤੀ। ਭਾਈ ਜੀ ਨੇ ਕਿਹਾ ਜਦੋਂ ਇਕੱਠ ਹੀ ਨਹੀਂ ਹੋਇਆ ਤਾਂ ਰੁਪਏ ਕਾਹਦੇ ? ਤਾਂ ਇਸ ਦੇ ਇਵਜ਼ ਵਜੋਂ ਭਾਈ ਜੀ ਨੂੰ ਗਰਿਫ਼ਤਾਰ ਕਰ ਲਿਆ ਗਿਆ ਅਤੇ ਜ਼ਬਰੀਂ ਧਰਮ ਬਦਲਣ ਨੂੰ ਕਿਹਾ ਕਿ ਸਿੱਖੀ ਛੱਡ ਕੇ ਮੁਸਲਮਾਨ ਬਣ ਜਾਹ।
ਇਸ ਸਮੇਂ ਭਾਈ ਸਾਹਿਬ ਜੀ ਦੇ ਉਮਰ 90ਵਿਆਂ ਦੇ ਲਗਭਗ ਪੁੱਜ ਚੁੱਕੀ ਹੋਈ ਸੀ। ਆਪ ਜੀ ਦੇ ਸਾਹਮਣੇ ਅਨੇਕਾਂ ਸਿੱਖਾਂ ਨੂੰ ਸਖ਼ਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤਾਂ ਕਿ ਆਪ ਜੀ ਦਾ ਮਨ ਬਦਲਿਆ ਜਾ ਸਕੇ, ਪਰ ਐਸਾ ਕੁੱਝ ਵੀ ਨਾ ਹੋ ਸਕਿਆ। ਇਸ ਮੌਕੇ ਆਪ ਜੀ ਨੂੰ ਨਖਾਸ ਚੌਂਕ ਲਾਹੋਰ ਵਿਖੇ ਸਾਰੀ ਖ਼ਲਕਤ ਦੇ ਸਾਹਮਣੇ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਫ਼ਤਵਾ ਸੁਣਾ ਦਿੱਤਾ ਗਿਆ। ਕਮਾਲ ਦੀ ਗੱਲ ਸੀ ਭਾਈ ਮਨੀ ਸਿੰਘ ਜੀ ਵਿੱਚ, ਉਹਨਾਂ ਦੇ ਜੋਸ਼ ਵਿੱਚ, ਉਹਨਾਂ ਦੇ ਸਿੱਖੀ ਸਿਦਕ ਵਿੱਚ। ਕਹਿੰਦੇ ਨੇ ਜਦ ਆਪ ਜੀ ਨੂੰ ਸ਼ਹੀਦ ਕੀਤਾ ਜਾਣ ਲੱਗਿਆ ਤਾਂ ਕਾਜ਼ੀ ਨੇ ਇੱਕ ਵਾਰ ਫਿਰ ਅਸਫਲ ਕੋਸ਼ਿਸ਼ ਕੀਤੀ ਕਿ ਕਿਸੇ ਵੀ ਤਰੀਕੇ ਭਾਈ ਮਨੀ ਸਿੰਘ ਨੂੰ ਡੋਲਾਇਆ ਜਾ ਸਕੇ। ਕਾਜ਼ੀ ਕਹਿਣ ਲੱਗਾ ਕਿ ਮੈਂ ਸੁਣਿਆ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਹੈਂ ਤੇ ਗੁਰਬਾਣੀ ਦੀ ਹਰ ਗੱਲ ਨੂੰ ਵੀ ਸਤਿ ਸਤਿ ਕਰ ਕੇ ਮੰਨਦਾ ਹੈ ਤਾਂ ਕੀ ਤੈਨੂੰ ਗੁਰਬਾਣੀ ਦਾ ਇਹ ਹੁਕਮ ਭੁੱਲ ਗਿਆ ਕਿ ਤੇਰਾ ਗੁਰੂ ਤਾਂ ਕਹਿੰਦਾ ਹੈ, ‘‘ਕਬੀਰ ! ਮਾਨਸ ਜਨਮੁ ਦੁਲੰਭੁ ਹੈ; ਹੋਇ ਨ ਬਾਰੈ ਬਾਰ ॥ ਜਿਉ, ਬਨ ਫਲ ਪਾਕੇ ਭੁਇ ਗਿਰਹਿ; ਬਹੁਰਿ ਨ ਲਾਗਹਿ ਡਾਰ ॥’’ (ਭਗਤ ਕਬੀਰ/੧੩੬੬)
ਭਾਈ ਸਾਹਿਬ ਜੀ ਨੇ ਜਵਾਬ ਦਿੱਤਾ ਕਿ ਕਾਜ਼ੀ ਸਾਹਿਬ ! ਮੈਨੂੰ ਪਤਾ ਹੈ ਕਿ ਮੇਰਾ ਗੁਰੂ ਮੈਨੂੰ ਕੀ ਕਹਿੰਦਾ ਹੈ। ਮੇਰੇ ਗੁਰੂ ਦਾ ਫ਼ੁਰਮਾਨ ਹੈ:
ਜੀਵਿ ਜੀਵਿ ਮੁਏ; ਮੁਏ ਜੀਵੇ॥ ਕੇਤਿਆ ਕੇ ਬਾਪ, ਕੇਤਿਆ ਕੇ ਬੇਟੇ; ਕੇਤੇ ਗੁਰ, ਚੇਲੇ ਹੂਏ॥
ਆਗੈ ਪਾਛੈ ਗਨਤ ਨ ਆਵੈ; ਕਿਆ ਜਾਤੀ ? ਕਿਆ ਹੁਣਿ ਹੂਏ ?॥ (ਮ 1/1238) ਮੈਨੂੰ ਪਤਾ ਹੈ ਕਿ ਦੁਬਾਰਾ ਮੈਨੂੰ ਇੱਕ ਜਨਮ ਹੋਰ ਮਿਲ ਜਾਵੇ, ਪਰ ਇਸ ਦਾ ਪੱਕਾ ਪਤਾ ਨਹੀਂ ਕਿ ਅਗਲੇ ਜਨਮ ਵਿੱਚ ਮੈਨੂੰ ਗੁਰੂ ਦੀ ਪਿਆਰੀ ਸਿੱਖੀ ਨਸੀਬ ਹੋਵੇ ਕਿ ਨਾ। ਇਸ ਲਈ ਤੁਸੀਂ ਆਪਣਾ ਕੰਮ ਕਰੋ।
ਜੱਲਾਦ ਨੇ ਭਾਈ ਸਾਹਿਬ ਜੀ ਦੇ ਗੁੱਟ ਦਾ ਨਿਸ਼ਾਨਾ ਬਣਾ ਕੇ ਗੰਡਾਸਾ ਉਤਾਂਹ ਨੂੰ ਚੁੱਕਿਆ ਤਾਂ ਭਾਈ ਜੀ ਨੇ ਰੋਕ ਦਿੱਤਾ। ਕਹਿਣ ਲੱਗੇ, ਤੈਨੂੰ ਬੰਦ-ਬੰਦ ਕੱਟਣ ਦਾ ਹੁਕਮ ਹੋਇਆ ਅਤੇ ਤੂੰ ਗੁੱਟ ਦਾ ਨਿਸਾਨਾ ਸਾਧ ਲਿਆ ਹੈ ਤੂੰ ਆਪਣੇ ਹੁਕਮ ਦੀ ਤਾਮੀਲ ਚੰਗੀ ਤਰ੍ਹਾਂ ਕਰ। ਜਿਸ ਤਰ੍ਹਾਂ ਮੈਂ ਆਪਣੇ ਗੁਰੂ ਦੇ ਹੁਕਮ ਦੀ ਤਾਮੀਲ ਕਰ ਰਿਹਾ ਹਾਂ। ਕੋਲ ਖੜ੍ਹਾ ਕਾਜ਼ੀ ਫਿਰ ਬੋਲਿਆ, ਬਾਈ ਸਾਹਿਬ ! ਗੱਲਾਂ ਕਰਨੀਆਂ ਸੌਖੀਆਂ ਨੇ, ਜਦ ਬੰਦ-ਬੰਦ ਕੱਟਿਆ ਜਾਣ ਲੱਗਾ ਤਾਂ ਆਪੇ ਹੀ ਸਿੱਖੀ ਛੱਡ ਦਿਓਂਗੇ, ਪਰ ਐਸਾ ਕੁੱਝ ਵੀ ਨਾ ਹੋਇਆ ਅਤੇ ਭਾਈ ਮਨੀ ਸਿੰਘ ਜੀ ਗੁਰੂ ਸਿਧਾਂਤਾਂ, ਸਿੱਖੀ ਸਿਦਕ ਅਤੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾ ਗਏ।
ਭਾਈ ਸਾਹਿਬ ਦੀ ਸ਼ਹਾਦਤ ਅੱਜ ਵੀ ਸਾਡੇ ਅੰਦਰ ਗੌਰਵ ਮਹਿਸੂਸ ਕਰਵਾਉਂਦੀ ਹੈ ਜਿਹਨਾਂ ਨੇ ਸਿੱਖੀ ਸਿਧਾਂਤਾਂ ਦੀ ਖਾਤਰ ਆਪਾ ਕੁਰਬਾਨ ਕਰ ਦਿੱਤਾ ਸੀ ਪਰ ਐ ਨੌਜਵਾਨ ਵੀਰੋ ! ਭੈਣੋ ! ਅੱਜ ਤੁਸੀਂ ਆਪਣੀ ਹਾਲਤ ਕੀ ਬਣਾ ਲਈ ਹੈ ? ਮੁੰਡਿਆਂ ਦੇ ਸਿਰ ’ਤੇ ਕੇਸ ਨਹੀਂ, ਮੂੰਹ ਉੱਤੇ ਦਾਹੜੀਆਂ ਨਹੀਂ, ਕੰਨਾਂ ਵਿੱਚ ਮੁੰਦਰਾ ਪੁਆ ਲਈਆਂ, ਆ ਕੀ ਹਾਲਤ ਬਣਾ ਛੱਡੀ ਜੇ ਵੀਰਿਓ ? ਕੀ ਤੁਹਾਨੂੰ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦੀ ਕੋਈ ਕਦਰ ਨਹੀਂ, ਕੀ ਕਦੇ ਬਾਬਾ ਬੰਦਾ ਸਿੰਘ ਬਹਾਦਰ, ਸੁਬੇਗ ਸਿੰਘ, ਸਾਹਬਾਜ਼ ਸਿੰਘ, ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ, ਸ਼ਹੀਦ ਭਾਈ ਤਾਰੂ ਸਿੰਘ, ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਬਿਲਕੁਲ ਤੁਹਾਡੇ ਮਨ ਵਿੱਚ ਕਦੇ ਨਹੀਂ ਆਈ ? ਜੇ ਹਾਂ ਤਾਂ ਕਿਉਂ ਸਿੱਖੀ ਤੋਂ ਬਾਗ਼ੀ ਹੋ ਗਏ ਜੇ ? ਕੌਮ ਦਾ ਭਵਿੱਖ ਨੌਜਵਾਨਾਂ ਦੇ ਹੱਥਾਂ ਵਿੱਚ ਹੁੰਦਾ ਹੈ। ਜੇ ਨੌਜਵਾਨ ਹੀ ਅਜਿਹੇ ਹੋਣਗੇ ਜੋ ਗੁਰੂ ਤੋਂ ਬੇਮੁੱਖ ਹੋ ਚੁੱਕੇ ਹੋਣ ਤਾਂ ਕੌਮ ਦਾ ਕੀ ਬਣੇਗਾ ? ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਨੂੰ ਆਪਣੇ ਸਪੁੱਤਰ ਕਿਹਾ ਸੀ ਅੱਜ ਉਹਨਾਂ ਪੁੱਤਰਾਂ ਦਾ ਖ਼ੂਨ ਚਿੱਟਾ ਕਿਵੇਂ ਹੋ ਗਿਆ ? ਬੱਸ ਇੱਕੋ ਹੀ ਬਨੇਤੀ ਹੈ ਨੌਜਵਾਨੋ ! ਅੱਜ ਕੌਮ ਬੜੇ ਨਾਜ਼ਕ ਦੌਰ ਵਿੱਚੋਂ ਗੁਜ਼ਰ ਰਹੀ ਹੈ। ਕਿਤੇ ਨਕਲੀ ਗੁਰੂ ਬਣ ਰਹੇ ਨੇ, ਕੋਈ ਗੁਰੂ ਸਾਹਿਬਾਨ ਦੀ ਬਰਾਬਰੀ ਕਰ ਰਿਹਾ ਹੈ, ਕੋਈ ਨਵੇਂ ਨਵੇਂ ਗ੍ਰੰਥਾਂ ਨੂੰ ਸ਼ਬਦ ਗੁਰੂ ਦੀ ਬਰਾਬਰੀ ਦਿਵਾਉਣ ਲਈ ਉਤਾਵਲਾ ਹੈ, ਕੋਈ ਨਕਲੀ ਹਰਿਮੰਦਰ ਸਾਹਿਬ ਬਣਾ ਰਿਹਾ ਹੈ ? ਇਸੇ ਤਰ੍ਹਾਂ ਕਿੰਨੇ ਹੈਂ ਜੋ ਸਿੱਖੀ ਨੂੰ ਨੁਕਸਾਨ ਪਹੁੰਚਾ ਰਹੇ ਹਨ ਅਤੇ ਤੁਸੀਂ ਵੀ ਘੱਟ ਨਹੀਂ ਕਰ ਰਹੇ। ਆਓ, ਰਲ਼ ਮਿਲ ਕੇ ਪੰਥ ਦਾ ਹਿੱਸਾ ਬਣੀਏ ਤੇ ਸਿੱਖੀ ਨੂੰ ਸਵਾਰੀਏ।
ਉੱਠ ਪੰਥ ਖ਼ਾਲਸਾ ਹੋਸ਼ ਮੇਂ ਆ ! ਔਰ ਨਬਜ਼ ਪਹਿਚਾਣ ਜ਼ਮਾਨੇ ਕੀ।