ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ

0
604

ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ

ਕਿਰਪਾਲ ਸਿੰਘ (ਬਠਿੰਡਾ)- 88378-13661

ਸਿੱਖ ਇਤਿਹਾਸ ਵਿੱਚ ਕਈ ਸੂਰਮੇ, ਯੋਧੇ ਪੈਦਾ ਹੋਏ ਹਨ, ਜਿਨ੍ਹਾਂ ਨੇ ਕੌਮ ਤੇ ਅਣਖ ਖ਼ਾਤਰ ਆਪਾ ਵਾਰਨ ਤੋਂ ਪੈਰ ਪਿਛਾਂਹ ਨਹੀਂ ਕੀਤੇ ਸਨ। ਜ਼ੁਲਮ ਦਾ ਬਹਾਦਰੀ ਨਾਲ ਟਾਕਰਾ ਕਰਨ ਵਾਲੇ ਅਜਿਹੇ ਹੀ ਇੱਕ ਮਹਾਨ ਸ਼ਹੀਦ ਹਨ ‘ਬਾਬਾ ਗੁਰਬਖ਼ਸ਼ ਸਿੰਘ ਜੀ’, ਜਿਨ੍ਹਾਂ ਦਾ ਜਨਮ ੧੦ ਅਪਰੈਲ ੧੬੮੮ ਨੂੰ ਪਿਤਾ ਦਸੌਂਧਾ ਸਿੰਘ ਤੇ ਮਾਤਾ ਲੱਛਮੀ ਜੀ ਦੇ ਗ੍ਰਹਿ ਪਿੰਡ ਲੀਲ੍ਹ, ਸਬ ਤਹਿਸੀਲ ਖੇਮਕਰਨ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਸੰਨ ੧੬੯੩ ’ਚ ਆਪ ਸ੍ਰੀ ਆਨੰਦਪੁਰ ਸਾਹਿਬ ਚਲੇ ਗਏ। ਸੰਨ ੧੬੯੯ ਦੀ ਵਿਸਾਖੀ ਨੂੰ ਆਪ ਨੇ ਪੰਜਾਂ ਪੰਆਰਿਆਂ ਪਾਸੋਂ ਅੰਮ੍ਰਿਤ ਛੱਕਿਆ, ਜਿਸ ਵਿੱਚ ਭਾਈ ਮਨੀ ਸਿੰਘ ਜੀ ਵੀ ਸ਼ਾਮਲ ਸਨ, ਇਸ ਉਪਰੰਤ ਆਪ ਬਾਬਾ ਦੀਪ ਸਿੰਘ ਦੀ ਸ਼ਹੀਦੀ ਮਿਸਲ ਵਿੱਚ ਸ਼ਾਮਲ ਹੋ ਗਏ। ਇੱਥੇ ਹੀ ਉਨ੍ਹਾਂ ਨੇ ਸ਼ਸਤਰ ਵਿੱਦਿਆ ’ਚ ਨਿਪੁੰਨਤਾ ਹਾਸਲ ਕੀਤੀ। ਅਬਦਾਲੀ ਨੇ ਨਵੰਬਰ ੧੭੫੬ ਈ: ਵਿੱਚ ਪੰਜਾਬ ਉੱਤੇ ਚੌਥੀ ਵਾਰ ਹਮਲਾ ਕੀਤਾ। ਇਸ ਸਮੇਂ ਪੰਜਾਬ ’ਚ ਸਿੱਖਾਂ ਦੀ ਸ਼ਕਤੀ ਕਾਫ਼ੀ ਵਧ ਚੁੱਕੀ ਸੀ। ਅਬਦਾਲੀ ਨੇ ਦਿੱਲੀ ਤੋਂ ਵਾਪਸੀ ਸਮੇਂ ਸਿੱਖਾਂ ਨਾਲ ਨਜਿੱਠਣ ਦਾ ਫ਼ੈਸਲਾ ਕੀਤਾ। ਅਹਿਮਦ ਸ਼ਾਹ ਅਬਦਾਲੀ ਜਨਵਰੀ ੧੭੫੭ ਈ: ਨੂੰ ਦਿੱਲੀ ਪਹੁੰਚਿਆ ਅਤੇ ਉੱਥੇ ਭਾਰੀ ਲੁੱਟਮਾਰ ਕੀਤੀ।  ਮਥੁਰਾ ਤੇ ਬ੍ਰਿੰਦਾਬਨ ਵੀ ਲੁੱਟਿਆ ਗਿਆ। ਪੰਜਾਬ ਪਹੁੰਚਣ ’ਤੇ ਉਸ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ। ਅਬਦਾਲੀ ਨੇ ਕਰਤਾਰਪੁਰ ਅਤੇ ਅੰਮ੍ਰਿਤਸਰ ਦੇ ਸਰੋਵਰਾਂ ਨੂੰ ਗੰਦਗੀ ਨਾਲ ਭਰਵਾ ਦਿੱਤਾ।  ਜਦੋਂ ਇਹ ਖ਼ਬਰ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਬਾਬਾ ਦੀਪ ਸਿੰਘ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਆਪਣੇ ਖੰਡੇ ਨਾਲ ਲਕੀਰ ਖਿੱਚ ਕੇ ਆਪਣੇ ਜਥੇ ਦੇ ਸਿੰਘਾਂ ਨੂੰ ਵੰਗਾਰ ਪਾਈ ਕਿ ਜਿਸ ਨੂੰ ਦਰਬਾਰ ਸਾਹਿਬ ਦੀ ਪਵਿੱਤਰਤਾ ਬਹਾਲ ਕਰਵਾਉਣ ਲਈ ਸ਼ਹੀਦੀਆਂ ਪਾਉਣੀਆਂ ਹਨ, ਉਹ ਲਕੀਰ ਦੇ ਇਸ ਪਾਸੇ ਲੰਘ ਅਉਣ। ਸ਼ਹੀਦੀਆਂ ਪਾਉਣ ਤੋਂ ਸਿੰਘ ਕਦੋਂ ਭੱਜਣ ਵਾਲੇ ਸਨ, ਇਸ ਲਈ ਸਾਰੇ ਹੀ ਸਿੰਘ ਬਾਬਾ ਜੀ ਵੱਲ ਆ ਗਏ । ਅਰਦਾਸ ਕਰ ਕੇ ਅਤੇ ਜੈਕਾਰੇ ਬੁਲਾਉਂਦੇ ਹੋਏ ਜਥੇ ਨੇ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਅੰਮ੍ਰਿਤਸਰ ਵੱਲ ਕੂਚ ਕਰ ਦਿੱਤਾ। ਅੰਮ੍ਰਿਤਸਰ ਦੇ ਨੇੜੇ ਸਿੱਖਾਂ ਅਤੇ ਅਫ਼ਗਾਨਾਂ ਵਿੱਚ ਬੜੀ ਘਮਸਾਨ ਦੀ ਲੜਾਈ ਹੋਈ। ਇਸ ਲੜਾਈ ਵਿੱਚ ਬਾਬਾ ਦੀਪ ਸਿੰਘ ਜ਼ਖ਼ਮੀ ਹੋ ਗਏ, ਪਰ ਉਹ ਬਹਾਦਰੀ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਰਹੇ। 30 ਕੱਤਕ/ ੧੧ ਨਵੰਬਰ (ਜੋ ਹੁਣ ਨਾਨਕਸ਼ਾਹੀ ਕੈਲੰਡਰ ਅਨੁਸਾਰ 13 ਨਵੰਬਰ ਬਣਦਾ ਹੈ) ੧੭੫੭ ਈ: ਨੂੰ ਬਾਬਾ ਦੀਪ ਸਿੰਘ ਜੀ ਸ਼ਹੀਦ ਹੋ ਗਏ। ਬਾਬਾ ਦੀਪ ਸਿੰਘ ਜੀ ਦੀ ਇਸ ਲਾਸਾਨੀ ਸ਼ਹੀਦੀ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਭਰ ਦਿੱਤਾ । ਬਾਬਾ ਗੁਰਬਖ਼ਸ਼ ਸਿੰਘ ਦੇ ਸ਼ਬਦਾਂ ਵਿੱਚ, ‘ਬਾਬਾ ਦੀਪ ਸਿੰਘ ਅਤੇ ਉਸ ਦੇ ਸਾਥੀਆਂ ਦੀ ਸ਼ਹੀਦੀ ਨੇ ਸਾਰੀ ਸਿੱਖ ਕੌਮ ਨੂੰ ਝੰਜੋੜ ਦਿੱਤਾ ਹੈ।’ ਉਨ੍ਹਾਂ ਨੇ ਇਸ ਦਾ ਬਦਲਾ ਲੈਣ ਦੀ ਸਹੁੰ ਖਾਧੀ।  ਬਾਬਾ ਦੀਪ ਸਿੰਘ ਦੀ ਸ਼ਹੀਦੀ ਮਗਰੋਂ ਬਾਬਾ ਗੁਰਬਖ਼ਸ਼ ਸਿੰਘ ਨੇ ਆਪਣਾ ਜਥਾ ਬਣਾ ਕੇ ਉਸ ਦਾ ਟਿਕਾਣਾ ਅੰਮ੍ਰਿਤਸਰ  ਵਿਖੇ ਕਰ ਲਿਆ ਤਾਂ ਜੋ ਦਰਬਾਰ ਸਾਹਿਬ ਦੀ ਸੇਵਾ ਸੰਭਾਲ਼ ਕਰਨਾ ਆਸਾਨ ਰਹੇ। ਇਸ ਤੋਂ ਪਹਿਲਾਂ ਸ਼ਹੀਦ ਮਿਸਲ ਦਾ ਹੈੱਡਕੁਆਰਟਰ ਤਲਵੰਡੀ ਸਾਬੋ ਵਿਖੇ ਸੀ।

੧੭੬੪ ’ਚ ਅਹਿਮਦ ਸ਼ਾਹ ਅਬਦਾਲੀ ਨੇ ਸਤਵਾਂ ਹਮਲਾ ਕੀਤਾ ਅਤੇ ਆਪਣੀ ੩੦,੦੦੦ ਫ਼ੌਜ ਸਣੇ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕਰ ਦਿੱਤਾ। ਇੱਧਰ ਬਾਬਾ ਗੁਰਬਖ਼ਸ਼ ਸਿੰਘ ਦੀ ਅਗਵਾਈ ਹੇਠ ਸਿਰਫ਼ 30 ਸਿੰਘ ਦਰਬਾਰ ਸਾਹਿਬ ਦੀ ਰਖਵਾਲੀ ਲਈ ਤਾਇਨਾਤ ਸਨ। ਸਭ ਸਿੰਘਾਂ ਦੇ ਸੁਝਾਅ ਸਨ ਕਿ ਦਰਬਾਰ ਸਾਹਿਬ ਨੂੰ ਛੱਡ ਕੇ ਜਾਣ ਦੀ ਬਜਾਇ ਅਹਿਮਦ ਸ਼ਾਹ ਦੀ ਫ਼ੌਜ ਦਾ ਟਾਕਰਾ ਕੀਤਾ ਜਾਵੇ ਭਾਵੇਂ ਕਿ ਸ਼ਹੀਦੀਆਂ ਹੋ ਜਾਣ।

ਸਿੰਘਾਂ ਅੰਦਰ ਦਰਬਾਰ ਸਾਹਿਬ ਦੀ ਹਿਫ਼ਾਜ਼ਤ ਕਰਨ ਵਾਲ਼ੀ ਸੇਵਾ ਸੰਭਾਲ਼ ਨੂੰ ਕਾਇਮ ਰੱਖਣ ਲਈ ਚਾਅ ਠਾਠਾਂ ਮਾਰ ਰਿਹਾ ਸੀ। ਬਾਬਾ ਜੀ ਨੇ ਨਿਤਨੇਮ ਕਰਨ ਉਪਰੰਤ ਆਪਣੀ ਯੁੱਧ ਨੀਤੀ ਨੂੰ ਕਾਮਯਾਬ ਬਣਾਉਣ ਲਈ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸਿੰਘਾਂ ਨੂੰ ਛੋਟੇ-ਛੋਟੇ ਗਰੁਪਾਂ ’ਚ ਵੰਡ ਕੇ ਵਧੇਰੇ ਸਮੇਂ ਤੱਕ ਡਟੇ ਰਹਿਣ ਅਤੇ ਦੁਸ਼ਮਣ ਨੂੰ ਚੰਗਾ ਸਬਕ ਸਿਖਾਉਣ ਲਈ ਇਲਾਕਾ ਵੰਡ ਕਰ ਲਈਅਹਿਮਦ ਸ਼ਾਹ ਸਮਝਦਾ ਸੀ ਕਿ ਉਸ ਦੇ ਆਉਣ ਦੀ ਖ਼ਬਰ ਸੁਣ ਕੇ ਸਿੰਘ ਜੰਗਲਾਂ ਵਿੱਚ ਜਾ ਲੁਕੇ ਹੋਣਗੇ, ਪਰ ਇਨ੍ਹਾਂ ਸਿੰਘਾਂ ਨੂੰ ਆਪਣੇ ਸਾਹਮਣੇ ਵੇਖ ਕੇ ਉਹ ਹੈਰਾਨ ਹੋ ਗਿਆ। ਸਿੰਘਾਂ ਨੇ ਜੈਕਾਰੇ ਛੱਡੇ ਤੇ ਬਾਜ਼ਾਂ ਵਾਂਗ ਫ਼ੌਜ ’ਤੇ ਟੁੱਟ ਪਏ। ਵੇਖਦੇ ਹੀ ਵੇਖਦੇ ਲੋਥਾਂ ਦੇ ਢੇਰ ਲੱਗ ਗਏ। ਹੌਲ਼ੀ-ਹੌਲ਼ੀ ਘਮਸਾਨ ਵਧਣ ਲੱਗਾ। ਸਿੰਘ ਸ਼ਹੀਦੀਆਂ ਪਾ ਰਹੇ ਸਨ ਤੇ ਦਿਨ ਦਾ ਪਹਿਲਾ ਪਹਿਰ ਬੀਤ ਗਿਆ। ਬਾਬਾ ਗੁਰਬਖ਼ਸ਼ ਸਿੰਘ ਨੇ ਆਪਣੇ ਖੰਡੇ ਨਾਲ ਵੈਰੀ ਦੇ ਐਸੇ ਆਹੂ ਲਾਹੇ ਕਿ ਕਿਸੇ ਦੀ ਜੁਰਅਤ ਨਹੀਂ ਪੈ ਰਹੀ ਸੀ ਕਿ ਅੱਗੇ ਵਧ ਕੇ ਮੁਕਾਬਲਾ ਕਰ ਸਕੇ। ਬਾਬਾ ਜੀ ਸ਼ਹੀਦੀ ਲਈ ਤਤਪਰ ਸਨ। ਦੁਰਾਨੀਆਂ ਦੇ ਸਰੀਰ ਸੰਜੋਆਂ ਨਾਲ਼ ਢੱਕੇ ਹੋਏ ਸਨ, ਜਦਕਿ ਸਿੰਘਾਂ ਪਾਸ ਸਰੀਰ ਢੱਕਣ ਲਈ ਪੂਰੇ ਬਸਤਰ ਵੀ ਨਹੀਂ ਸਨ। ਉਨ੍ਹਾਂ ਪਾਸ ਲੰਮੀ ਮਾਰ ਕਰਨ ਵਾਲੇ ਹਥਿਆਰ, ਤੀਰ, ਬੰਦੂਕ ਆਦਿ ਸਨ। ਸਿੰਘਾਂ ਪਾਸ ਕੇਵਲ ਤੇਗ਼ਾਂ ਤੇ ਬਰਛੇ ਹੀ ਸਨ ਪਰ ਸਿੰਘਾਂ ਦੇ ਜੋਸ਼ ਨੇ ਦੁਸ਼ਮਣਾਂ ’ਚ ਭਾਜੜਾ ਪਾ ਦਿੱਤੀਆਂ ।  ਸਿੰਘਾਂ ਦੀ ਰਣਨੀਤੀ ਛੋਟੇ-ਛੋਟੇ ਜਥਿਆਂ ਦੇ ਰੂਪ ’ਚ ਯੁੱਧ ਕਰਦੀ ਰਹੀ, ਜਦ ਕਾਫ਼ੀ ਸਿੰਘ ਸ਼ਹੀਦ ਹੋ ਗਏ ਤਾਂ ਬਾਬਾ ਗੁਰਬਖ਼ਸ਼ ਸਿੰਘ ਆਪ ਤੇਗ਼ਾ ਲੈ ਕੇ ਵੈਰੀ ਦੇ ਸਿਰ ਜਾ ਧਮਕੇ। ਸਰੀਰਾਂ ਨੂੰ ਸੰਜੋਆਂ ਸਹਿਤ ਚੀਰਦੇ ਵੈਰੀ ਦੀਆਂ ਸਫਾਂ (ਕਤਾਰਾਂ) ਵਿਹਲੀਆਂ ਕਰਦੇ ਗਏ। ਦਿਨ ਦੇ ਦੂਜੇ ਪਹਿਰ ਤੱਕ ਵੈਰੀਆਂ ਦੀ ਹਿੰਮਤ ਨਹੀਂ ਪੈ ਰਹੀ ਸੀ ਕਿ ਬਾਬਾ ਜੀ ਦੇ ਸਨਮੁਖ ਹੋ ਸਕਦੇ। ਦੂਰੋਂ ਖੜ੍ਹੇ ਹੋ ਕੇ ਬਾਬਾ ਜੀ ’ਤੇ ਦੁਸ਼ਮਣਾਂ ਵੱਲੋਂ ਤੀਰਾਂ ਤੇ ਗੋਲ਼ੀਆਂ ਚਲਾਈਆਂ ਗਈਆਂ। ਬਾਬੇ ਦੇ ਵਾਰ ਤੋਂ ਬਚਣ ਲਈ ਵੈਰੀ ਢਾਲ ਦਾ ਆਸਰਾ ਲੈਂਦੇ ਸਨ, ਪਰ ਬਾਬਾ ਜੀ ਦੀ ਮਨਸ਼ਾ ‘ਹੁਣ ਮੂੰਹ ਲੁਕਾ ਕੇ ਨਹੀਂ, ਸਨਮੁਖ ਹੋ ਕੇ ਲੜਨਾ ਹੈ’, ਦੀ ਸੀ।  ਗਿਲਜ਼ੇ (ਮਤੀ ਪਠਾਣਾਂ ਦੀ ਇੱਕ ਸ਼ਾਖ) ਹੁਣ ਦੂਰੋਂ ਹੀ ਗੋਲ਼ੀਆਂ ਜਾਂ ਤੀਰਾਂ ਨਾਲ ਲੜ ਰਹੇ ਸਨ, ਨੇੜੇ ਆਉਣ ਦੀ ਜੁਰਅਤ ਨਹੀਂ ਸਨ ਕਰ ਰਹੇ। ਬਾਬਾ ਜੀ ਦਾ ਸਰੀਰ, ਤੀਰਾਂ ਤੇ ਗੋਲ਼ੀਆਂ ਨਾਲ਼ ਬਿਨ੍ਹਿਆ ਗਿਆ। ਅਣਗਿਣਤ ਜ਼ਖ਼ਮ ਅਤੇ ਸਰੀਰ ਵਿੱਚੋਂ ਖ਼ੂਨ ਇਵੇਂ ਚੋ ਰਿਹਾ ਸੀ, ਜਿਵੇਂ ਕੋਹਲੂ ਵਿੱਚੋਂ ਤੇਲ ਜਾਂ ਜਿਵੇਂ ਵੱਡੀ ਮਸਕ ’ਚੋਂ ਛੇਕ ਹੋਣ ’ਤੇ ਚਾਰੇ ਤਰਫ਼ ਪਾਣੀ ਦਾ ਵਹਿਣਾ । ਜਦੋਂ ਕਾਫ਼ੀ ਖ਼ੂਨ ਸਰੀਰ ਵਿੱਚੋਂ ਵਹਿ ਗਿਆ ਤਾਂ ਉਹ ਗੁਰੂ ਸਾਹਿਬ ਅੱਗੇ ਪੰਥ ਦੀ ਚੜ੍ਹਦੀ ਕਲਾ ਲਈ ਬੇਨਤੀ ਕਰ ਕੇ 3 ਦਸੰਬਰ ਨੂੰ ਸ਼ਹੀਦੀ ਪਾ ਗਏ। ‘ਜੰਗਨਾਮੇ’ ਦਾ ਕਰਤਾ ਕਾਜ਼ੀ ਨੂਰ ਮੁਹੰਮਦ ਇਸ ਹਮਲੇ ਦੌਰਾਨ ਅਬਦਾਲੀ ਦੇ ਨਾਲ ਸੀ। ਉਸ ਨੇ ਇਹ ਸਾਰਾ ਯੁੱਧ ਅੱਖੀਂ ਡਿੱਠਾ। ਇਸ ਸਾਕੇ ਬਾਰੇ ਉਹ ਲਿਖਦਾ ਹੈ, ‘‘ਜਦ ਬਾਦਸ਼ਾਹ ਅਤੇ ਸ਼ਾਹੀ ਲਸਕਰ; (ਗੁਰੂ) ਚੱਕ (ਅੰਮ੍ਰਿਤਸਰ) ਪੁੱਜਾ ਤਾਂ ਕੋਈ ਕਾਫ਼ਰ ਉੱਥੇ ਨਜ਼ਰ ਨਾ ਆਇਆ, ਪਰ ਕੁਝ ਥੋੜ੍ਹੇ ਜਿਹੇ ਬੰਦੇ ਗੜ੍ਹੀ (ਬੁੰਗੇ) ਵਿੱਚ ਟਿਕੇ ਹੋਏ ਸਨ, ਜੋ ਆਪਣਾ ਖ਼ੂਨ ਡੋਲ੍ਹਣ ਅਤੇ ਆਪਣੇ-ਆਪ ਨੂੰ ਗੁਰੂ ਤੋਂ ਕੁਰਬਾਨ ਕਰ ਲੈਣ ਲਈ ਤਿਆਰ ਸਨ। ਜਦ ਉਨ੍ਹਾਂ ਨੇ ਬਾਦਸ਼ਾਹ ਅਤੇ ਇਸਲਾਮੀ ਲਸਕਰ ਨੂੰ ਦੇਖਿਆ ਤਾਂ ਉਹ ਸਾਰੇ ਬੁੰਗੇ ਵਿੱਚੋਂ ਨਿਕਲ ਪਏ। ਉਹ ਸਾਰੇ ਗਿਣਤੀ ਵਿੱਚ ਤੀਹ ਸਨ। ਉਹ ਜ਼ੱਰ੍ਹਾ ਭਰ ਵੀ ਡਰੇ ਅਤੇ ਘਬਰਾਏ ਨਹੀਂ। ਉਨ੍ਹਾਂ ਨੂੰ ਨਾ ਕਤਲ ਹੋਣ ਦਾ ਡਰ ਸੀ, ਨਾ ਮੌਤ ਦਾ ਭੈ। ਉਹ ਗ਼ਾਜ਼ੀਆਂ ’ਤੇ ਟੁੱਟ ਕੇ ਪੈ ਗਏ ਅਤੇ ਉਲਝਣ ਵਿੱਚ ਆਪਣਾ ਲਹੂ ਡੋਲ੍ਹ ਗਏ। ਇਸ ਤਰ੍ਹਾਂ ਠੀਕ ਸਾਰੇ ਹੀ (ਸਿੰਘ) ਕਤਲ ਹੋ ਗਏ।’’

ਇਹ ਹੈ ਕਾਜ਼ੀ ਨੂਰ ਮੁਹੰਮਦ ਦਾ ਅੱਖੀਂ ਡਿੱਠਾ ਬਿਆਨ ਕਿ ਕਿਵੇਂ ਕੇਵਲ ਤੀਹ ਸਿੰਘਾਂ ਨੇ ਅਬਦਾਲੀ ਦੀ ਤੀਹ ਹਜ਼ਾਰ ਅਫ਼ਗਾਨੀ ਤੇ ਬਲੋਚ ਫ਼ੌਜ ਦਾ ਮੁਕਾਬਲਾ ਕੀਤਾ ਅਤੇ ਮੌਤ ਤੋਂ ਨਿਡਰ ਹੋ ਕੇ ਗੁਰੂ ਦੇ ਨਾਮ ਪਰ ਆਪਣੀਆਂ ਜਾਨਾਂ ਵਾਰ ਗਏ।

ਸੱਚ ਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਬਾਬਾ ਗੁਰਬਖ਼ਸ਼ ਸਿੰਘ ਜੀ ਦੀ ਯਾਦ ਵਿੱਚ ‘ਸ਼ਹੀਦ ਗੰਜ ਬਾਬਾ ਗੁਰਬਖ਼ਸ਼ ਸਿੰਘ’ ਸਥਾਨ ਸੁਸ਼ੋਭਿਤ ਹੈ।