ਸਰਬਤ ਖਾਲਸਾ (10 ਨਵੰਬਰ 2016) ਦਾ ਵਿਸ਼ਲੇਸ਼ਣ

0
352

ਸਰਬਤ ਖਾਲਸਾ (10 ਨਵੰਬਰ 2016) ਦਾ ਵਿਸ਼ਲੇਸ਼ਣ

ਕਿਰਪਾਲ ਸਿੰਘ (ਬਠਿੰਡਾ)-98554-80797

ਪਿਛਲੇ ਸਾਲ ਤਰਨ ਤਾਰਨ ਦੇ ਨਜ਼ਦੀਕ ਪਿੰਡ ਚੱਬਾ ਵਿਖੇ ਸਰਬਤ ਖਾਲਸਾ-2015 ਕਰਵਾਉਣ ਵਾਲੇ ਪ੍ਰਬੰਧਕਾਂ ਨੇ ਇਸ ਸਾਲ ਫਿਰ 10 ਨਵੰਬਰ 2016 ਨੂੰ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਸਰਬਤ ਖ਼ਾਲਸੇ ਦਾ ਇਕੱਠ ਬੁਲਾਉਣ ਦਾ ਐਲਾਨ ਕੀਤਾ ਹੋਇਆ ਹੈ। ਇਸ ਸਾਲ ਦਾ ਸਰਬਤ ਖਾਲਸਾ ਪਿਛਲੇ ਸਾਲ ਦੇ ਸਰਬਤ ਖਾਲਸਾ ਨਾਲੋਂ ਵੀ ਵੱਧ ਵਿਵਾਦਾਂ ਦੇ ਘੇਰੇ ਵਿੱਚ ਹੈ।ਇਸ ਕਾਰਨ ਬਹੁਤ ਸਾਰੇ ਪੰਥ ਦਾ ਦਰਦ ਰੱਖਣ ਵਾਲੇ ਵੀਰ ਅਕਸਰ ਹੀ ਫੋਨ ਕਰਕੇ ਪੁੱਛਦੇ ਰਹਿੰਦੇ ਹਨ ਕਿ ਇਸ ਸਾਲ ਦੇ ਸਰਬਤ ਖਾਲਸਾ ਦੀ ਹੋਣੀ ਕੀ ਹੋਵੇਗੀ  ? ਕੀ ਇਸ ਵਿੱਚੋਂ ਪੰਥ ਦੇ ਭਲੇ ਲਈ ਕੋਈ ਆਸ ਦੀ ਕਿਰਨ ਵਿਖਾਈ ਦੇਵੇਗੀ ਜਾਂ ਪਿਛਲੇ ਸਾਲ ਵਾਲਾ ਹੀ ਹਸ਼ਰ ਹੋਵੇਗਾ ? ਇਸ ਸਬੰਧੀ ਸੇਧ ਦਿੰਦਾ ਕੋਈ ਲੇਖ ਲਿਖਣ ਦੀ ਪ੍ਰੇਰਣਾ ਵੀ ਕਈ ਸੁਹਿਰਦ ਵੀਰਾਂ ਵੱਲੋਂ ਆਉਂਦੀ ਰਹਿੰਦੀ ਹੈ। ਪਰ ਕਾਫੀ ਸਮੇਂ ਤੋਂ ਕੁਝ ਲਿਖਣ ਨੂੰ ਮੇਰਾ ਦਿਲ ਇਸ ਕਾਰਨ ਨਹੀਂ ਸੀ ਕਰਦਾ ਕਿਉਂਕਿ ਆਮ ਤੌਰ ’ਤੇ ਇਕ ਲੇਖਕ ਦੀ ਲੇਖਣੀ ਵਿੱਚ ਪਿਛਲੇ ਤਜ਼ਰਬਿਆਂ ਦੇ ਅਧਾਰ ’ਤੇ ਬਣਾਈ ਰਾਇ ਹੀ ਹੋ ਸਕਦੀ ਹੈ ਪਰ ਕਈ ਵਾਰ ਅਕਾਲ ਪੁਰਖ ਦੀ ਐਸੀ ਕਲਾ ਵੀ ਵਰਤਦੀ ਹੈ ਜਿਸ ਸਦਕਾ ਪਿਛਲੇ ਨਤੀਜਿਆਂ ਤੋਂ ਕੁਝ ਵੱਖਰਾ ਵੀ ਵਾਪਰ ਸਕਦਾ ਹੈ। ਇਸ ਕਾਰਨ ਪਿਛਲੇ ਤਜ਼ਰਬਿਆਂ ਦੇ ਅਧਾਰ ’ਤੇ ਬਣਾਈ ਸੋਚ ਮੁਤਾਬਕ ਲਿਖਣਾ ਕਈ ਵਾਰ ਸਮੇਂ ਤੋਂ ਪਹਿਲਾਂ ਲਿਖੀ ਗੱਲ ਵੀ ਸਿੱਧ ਹੋ ਸਕਦੀ ਹੈ। ਦਿਲ ਵਿੱਚ ਸਿੱਖੀ ਜ਼ਜਬਾ ਤੇ ਦਰਦ ਰੱਖਣ ਵਾਲੇ ਮੇਰੇ ਇੱਕ ਪੁਰਾਣੇ ਦੋਸਤ ਜੋ ਅਕਸਰ ਹੀ ਪੰਥ ਦੀ ਹੋਣੀ ਸਬੰਧੀ ਚਿੰਤਨ ਅਤੇ ਚਿੰਤਾ ਦੋਵੇਂ ਹੀ ਕਰਦੇ ਰਹਿੰਦੇ ਹਨ ਅਤੇ ਸਰਬਤ ਖਾਲਸਾ ਦੇ ਸਮਰਥਕ ਵੀ ਹਨ; ਨੇ ਬੀਤੀ ਰਾਤ ਫਿਰ ਗੱਲ ਛੇੜਦਿਆਂ ਕਿਹਾ ਕਿ ਤੁਸੀਂ ਸਰਬਤ ਖਾਲਸਾ-2016 ਸਬੰਧੀ ਹਾਲੀ ਤੱਕ ਕੁਝ ਨਹੀਂ ਲਿਖਿਆ; ਤੁਹਾਨੂੰ ਜਰੂਰ ਕੁਝ ਨਾ ਕੁਝ ਲਿਖਣਾ ਚਾਹੀਦਾ ਹੈ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਇਸ ਸਰਬਤ ਖਾਲਸਾ ਵਿੱਚੋਂ ਕੁਝ ਪ੍ਰਾਪਤੀ ਹੁੰਦੀ ਨਜ਼ਰ ਨਹੀਂ ਆ ਰਹੀ। ਮੈਂ ਸਮਝਦਾ ਹਾਂ ਕਿ ਆਪਣੇ ਖਿਆਲਾਂ ਅਨੁਸਾਰ ਲਿਖਿਆ ਜਾਣਾ ਸ਼ਾਇਦ ਤੁਹਾਡੇ ਵਰਗੇ ਦੋਸਤਾਂ ਨੂੰ ਪਸੰਦ ਨਾ ਆਵੇ ਇਸ ਕਾਰਨ ਕੁਝ ਨਾ ਲਿਖਣਾ ਹੀ ਬਿਹਤਰ ਸਮਝ ਰਿਹਾ ਹਾਂ। ਉਸ ਦੋਸਤ ਨੇ ਪੁੱਛਿਆ ਕਿ ਕੁਝ ਪ੍ਰਾਪਤੀ ਨਾ ਹੋਣ ਸਬੰਧੀ ਤੁਹਾਡੀ ਬਣੀ ਧਾਰਣਾਂ ਪਿੱਛੇ ਕਾਰਨ ਕੀ ਹਨ ? ਅਤੇ ਤੁਹਾਡੇ ਖਿਆਲ ਅਨੁਸਾਰ ਸਰਬਤ ਖਾਲਸਾ ਦੀ ਸਫਲਤਾ ਲਈ ਕਿਹੜੇ ਜਰੂਰੀ ਨੁਕਤੇ ਹਨ ਜਿਨ੍ਹਾਂ ’ਤੇ ਵੀਚਾਰ ਕਰਨਾ ਜਰੂਰੀ ਹੈ ; ਇਨ੍ਹਾਂ ਨੁਕਤਿਆਂ ਨੂੰ ਵਿਰੋਧ ਦੇ ਰੂਪ ਵਿੱਚ ਨਹੀਂ ਬਲਕਿ ਸੁਝਾਉ ਦੇ ਰੂਪ ਵਿੱਚ ਹੀ ਕੁਝ ਲਿਖਣਾ ਚਾਹੀਦਾ ਹੈ। ਇਸ ਸੁਝਾਅ ਅਤੇ ਪਿਛਲੇ ਸਾਲ ਦੇ ਸਰਬਤ ਖਾਲਸਾ ਦੀਆਂ ਤਿਆਰੀਆਂ ਜਾਂ ਉਸ ਉਪਰੰਤ ਵਾਪਰੀਆਂ ਘਟਨਾਵਾਂ ਨੂੰ ਤਾਜਾ ਕਰਦਿਆਂ ਆਪਣੇ ਵੀਚਾਰਾਂ ਨੂੰ ਕੁਝ ਇਸ ਤਰ੍ਹਾਂ ਪਾਠਕਾਂ ਸਾਮ੍ਹਣੇ ਰੱਖਣ ਦਾ ਯਤਨ ਕਰ ਰਿਹਾ ਹਾਂ:- 

(1). ‘ਖਾਲਸਾ ਪੰਥ’ ਇਸ ਸਮੇਂ ਕੁਝ ਆਗੂਆਂ ਦੇ ਨਿੱਜ ਸੁਆਰਥਾਂ (ਰਾਜਨੀਤਕ ਅਤੇ ਧਾਰਮਿਕ ਵਖਰੇਵਿਆਂ) ਕਾਰਨ ਬੇਅੰਤ ਧੜਿਆਂ ਵਿੱਚ ਵੰਡਿਆ ਹੋਇਆ ਹੈ। ਜਦ ਤੱਕ ਇਹ ਸਾਰੇ ਧੜੇ (ਮੁਖੀਆਂ ਸਮੇਤ) ਆਪਣੇ ਤਮਾਮ ਨਿਜੀ ਸੁਆਰਥਾਂ ਦਾ ਤਿਆਗ ਕਰਕੇ ਪੰਥਕ ਹਿੱਤਾਂ ਨੂੰ ਮੁੱਖ ਰੱਖਦਿਆਂ ਕੁਝ ਕਰ ਗੁਜਰਨ ਦੇ ਇਰਾਦੇ ਨਾਲ ਏਕਤਾ ਨਹੀਂ ਕਰਦੇ ਉਤਨਾਂ ਚਿਰ ਨਾ ਤਾਂ ਕੋਈ ਐਸੀ ਇਕੱਤ੍ਰਤਾ ਹੋ ਸਕਦੀ ਹੈ ਜਿਸ ਨੂੰ ਸਰਬਤ ਖਾਲਸਾ ਦਾ ਨਾਮ ਦਿੱਤਾ ਜਾ ਸਕੇ ਅਤੇ ਨਾ ਹੀ ਇੱਕ ਜਾਂ ਦੋ ਧੜਿਆਂ ਦੇ ਮੁਖੀਆਂ ਵੱਲੋਂ ਇਕੱਤਰ ਕੀਤੀ ਗਈ ਵੱਡੀ ਤੋਂ ਵੱਡੀ ਭੀੜ ਨੂੰ ਸਰਬਤ ਖਾਲਸੇ ਦਾ ਨਾਮ ਦੇ ਕੇ ਉਸ ਵੱਲੋਂ ਪਾਸ ਕੀਤੇ ਮਤਿਆਂ ਦੀ ਕੋਈ ਅਹਿਮੀਅਤ ਰਹਿ ਜਾਂਦੀ ਕਿਉਂਕਿ ਇੱਕ ਧੜੇ ਦੀ ਭੀੜ ਦੁਆਰਾ ਮਤਿਆਂ ਦੇ ਰੂਪ ਵਿੱਚ ਪਾਸ ਕਰਵਾਈ ਆਪਣੀ ਨਿਜ ਭਾਵਨਾ ਨੂੰ ਜਦ ਤੱਕ ਸਮੂਹਿਕ ਪੰਥ ਪ੍ਰਵਾਨ ਨਾ ਕਰੇ ਤਾਂ ਇਸ ਦਾ ਲਾਭ ਘੱਟ ਤੇ ਨੁਕਸਾਨ ਵੱਧ ਹੁੰਦਾ ਹੈ। ਇਸ ਦੀ ਇਕ ਮਿਸਾਲ ਹੈ: 10 ਨਵੰਬਰ 2015 ਬੁਲਾਇਆ ਗਿਆ ‘ਸਰਬਤ ਖਾਲਸਾ’, ਜਿਸ ਵਿੱਚ ਪਾਸ ਕੀਤੇ ਗਏ ਮਤਿਆਂ ਦਾ ਹਸ਼ਰ ਸਾਡੇ ਸਾਹਮਣੇ ਹੈ। ਆਪਣੀਆਂ ਅਨੇਕਾਂ ਵੱਡੀਆਂ ਗਲਤੀਆਂ ਕਾਰਨ ਜਿਸ ਬਾਦਲ ਦਲ/ ਸਰਕਾਰ ਦੇ ਆਗੂ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਤੋਂ ਅ-ਸਮਰਥ ਹੋ ਜਾਣ ਕਾਰਨ ਆਪਣੇ ਘਰਾਂ ਤੋਂ ਬਾਹਰ ਨਿਕਲਣ ਦੇ ਕਾਬਲ ਨਹੀਂ ਸਨ ਰਹੇ; ਉਨ੍ਹਾਂ ਨੂੰ ਸਰਬਤ ਖਾਲਸਾ ਦੇ ਦੱਸੇ ਜਾ ਰਹੇ 5 ਲੱਖ ਸਿੱਖਾਂ ਦੇ ਇਕੱਠ ਵੱਲੋਂ ਪਾਸ ਕੀਤੇ ਮਤਿਆਂ ਨੇ ਐਸਾ ਬਲ ਬਖ਼ਸ਼ਿਆ ਕਿ ਉਹ ਗੱਡੀਆਂ ’ਤੇ ‘Proud to be Akali; ਸਾਨੂੰ ਅਕਾਲੀ ਹੋਣ ਦਾ ਮਾਨ ਹੈ’ ਦੇ ਪੋਸਟਰ ਲਾ ਕੇ ਸ਼ਰੇਆਮ ਦਨਦਨਾ ਰਹੇ ਹਨ ਤੇ ਸਰਬਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਸਮੇਤ ਮੁੱਖ ਆਗੂਆਂ ’ਤੇ ਦੇਸ਼ ਧ੍ਰੋਹੀ ਦਾ ਕੇਸ ਦਰਜ ਕਰਕੇ ਜੇਲ੍ਹਾਂ ਵਿੱਚ ਸੁੱਟ ਦਿੱਤੇ। ਪੰਜ ਲੱਖ ਲੋਕਾਂ ਦੀ ਹਮਾਇਤ ਹਾਸਲ ਕਰਨ ਦਾ ਦਾਅਵਾ ਕਰਨ ਵਾਲੇ ਆਗੂ ਆਪਣੇ ਜਥੇਦਾਰਾਂ ਦੀ ਰਿਹਾਈ ਲਈ ਸਰਕਾਰ ਉੱਤੇ ਦਬਾਅ ਬਣਾਉਣ ਖਾਤਰ ਪੰਜ ਸੌ (500) ਦਾ ਇਕੱਠ ਵੀ ਨਹੀਂ ਕਰ ਸਕੇ। ਕਾਰਨ ਇੱਕੋ ਸੀ ਕਿ ਉਸ ਇਕੱਠ ਵਿੱਚ ਸਿਧਾਂਤਕ ਏਕਤਾ ਨਾ ਦੀ ਕੋਈ ਚੀਜ ਨਹੀਂ ਸੀ; ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀਆਂ ਤਾਜ਼ਾ ਵਾਪਰੀਆਂ ਘਟਨਾਵਾਂ ਦੇ ਰੋਸ ਵਜੋਂ ਸਿੱਖਾਂ ਵਿੱਚ ਉੱਠੇ ਉਭਾਰ ਦਾ ਸਿਆਸੀ ਲਾਹਾ ਲੈਣ ਦੇ ਮਕਸਦ ਨਾਲ ਕੁਝ ਧਿਰਾਂ ਉਸ ਇਕੱਠ ਵਿੱਚ ਵੱਡੇ ਪੱਧਰ ’ਤੇ ਸ਼ਾਮਲ ਹੋਈਆਂ ਸਨ ਪਰ ਇੱਕ ਦੂਸਰੇ ’ਤੇ ਵਿਸ਼ਵਾਸ਼ ਕਰਨ ਨੂੰ ਕੋਈ ਵੀ ਧਿਰ ਦਿਲੋਂ ਤਿਆਰ ਨਹੀਂ ਸੀ। 

ਸਰਬਤ ਖਾਲਸਾ ਦੇ ਮੁਖ ਪ੍ਰਬੰਧਕ ਹਨ: ਸ਼੍ਰੋ.ਅ.ਦ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਨਵੇਂ ਬਣੇ ਯੂਨਾਇਟਡ ਅਕਾਲੀ ਦਲ ਦੇ ਕਰਤਾ ਧਰਤਾ ਭਾਈ ਮੋਹਕਮ ਸਿੰਘ ਤੇ ਗੁਰਦੀਪ ਸਿੰਘ ਬਠਿੰਡਾ। ਸੰਨ 1991 ਤੋਂ ਲੈ ਕੇ ਅੱਜ ਤੱਕ ਸ: ਮਾਨ ਅਤੇ ਗੁਰਦੀਪ ਸਿੰਘ ਬਠਿੰਡਾ ਦੀ ਸ਼ਮੂਲੀਅਤ ਵਾਲੇ ਰੋਡੇ ਗਰੁੱਪ ਨੇ ਵਿਧਾਨ ਸਭਾ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਅਨੇਕਾਂ ਵਾਰ ਚੋਣ ਸਮਝੌਤੇ ਅਤੇ ਸਿਆਸੀ ਗੱਠਜੋੜ ਕੀਤੇ ਪਰ ਹਰ ਵਾਰ ਲਾਹਾ ਲੈਣ ਤੋਂ ਪਹਿਲਾਂ ਹੀ ਸਖ਼ਸ਼ੀਅਤਾਂ ਦੇ ਟਕਰਾ ਅਤੇ ਇੱਕ ਦੂਸਰੇ ’ਤੇ ਬੇਵਿਸ਼ਵਾਸ਼ੀ ਕਾਰਨ ਸਮਝੌਤੇ ਤੜੱਕ ਕਰ ਕੇ ਤੁੱਟਦੇ ਰਹੇ। ਜਿਨ੍ਹਾਂ ਚੋਣਾਂ ਲਈ ਇਨ੍ਹਾਂ ਨੇ ਬਾਦਲ ਦੇ ਵਿਰੁੱਧ ਗੱਠਜੋੜ ਬਣਾ ਕੇ ਚੋਣ ਲੜਨ ਦਾ ਅਹਿਦ ਲਿਆ ਹੁੰਦਾ ਸੀ ਉਨ੍ਹਾਂ ਹੀ ਚੋਣਾਂ ਵਿੱਚ ਆਪਸੀ ਵਿਰੋਧ ਇਸ ਕਦਰ ਕਰਦੇ ਰਹੇ ਹਨ ਜਿਸ ਨਾਲ ਬਾਦਲ ਦਲ ਨੂੰ ਸਿੱਧੇ-ਅਸਿੱਧੇ ਤੌਰ ’ਤੇ ਲਾਹਾ ਮਿਲਦਾ ਰਿਹਾ। ਲੋਕਾਂ ਦੀ ਧਾਰਨਾ ਬਣ ਚੁੱਕੀ ਹੈ ਕਿ ਬਾਦਲ ਦਲ ਦੇ ਕਬਜ਼ੇ ਵਿੱਚ ਸਾਰੀਆਂ ਪੰਥਕ ਸੰਸਥਾਵਾਂ ਲਿਆ ਕੇ ਪੰਥ ਦਾ ਬੇਅੰਤ ਨੁਕਸਾਨ ਕਰਵਾਉਣ ਵਾਲੇ ਸ: ਮਾਨ ਅਤੇ ਰੋਡੇ ਗਰੁੱਪ ਹਨ, ਜਿਹੜੇ ਹਮੇਸ਼ਾਂ ਪੰਥਕ ਸਫਾਂ ਵਿੱਚ ਏਕਤਾ ਹੋਣ ਦੇ ਰਾਹ ਵਿੱਚ ਰੋੜਾ ਬਣੇ ਰਹੇ । ਭਾਵੇਂ ਸ: ਮਾਨ ਨੇ ਹੁਣ ਤੱਕ ਜ਼ਾਹਰਾ ਤੌਰ ’ਤੇ ਨਾ ਹੀ ਅਕਾਲੀ ਦਲ ਬਾਦਲ ਅਤੇ ਨਾ ਹੀ ਕਾਂਗਰਸ ਨਾਲ ਕਦੀ ਸਾਂਝ ਰੱਖੀ ਹੈ ਪਰ ਰੋਡੇ-ਗੁਰਦੀਪ ਸਿੰਘ ਦਾ ਵਿਵਹਾਰ ਤਾਂ ਸਭ ਦੇ ਸਾਹਮਣੇ ਹੈ। ਕਦੀ ਇਹ ਸ: ਰਵੀਇੰਦਰ ਸਿੰਘ ਦੀ ਪ੍ਰਧਾਨਗੀ ਹੇਠ ਅਕਾਲੀ ਦਲ (1920) ਬਣਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਹਮਾਇਤ ਵਿੱਚ ਕੰਮ ਕਰ ਕੇ ਨਿੱਜੀ ਲਾਭ ਪ੍ਰਾਪਤ ਕਰਦੇ ਰਹੇ ਅਤੇ ਕਦੀ ਰਵੀਇੰਦਰ ਸਿੰਘ ਤੋਂ ਵੱਖ ਹੋ ਕੇ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਦਾ ਕਤਲ ਕੀਤਾ ਗਿਆ। ਭਿੰਡਰਾਂਵਾਲੇ ਦੀ ਸੋਚ ਦਾ ਕਤਲ ਕਰਨ ਦੇ ਇਵਜ਼ ਵਜੋਂ ਗੁਰਦੀਪ ਸਿੰਘ ਨੇ ਤਾਂ ਹੈਲਥ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਦੇ ਅਹੁੱਦੇ ਦਾ ਅਨੰਦ ਮਾਣਿਆ ਅਤੇ ਭਾਈ ਜਸਵੀਰ ਰੋਡੇ ਹਾਲੇ ਵੀ ਅਕਾਲ ਤਖ਼ਤ ਦਾ ਜਥੇਦਾਰ ਬਣਨ ਦੀ ਲਾਲਸਾ ਅਧੀਨ ਬਾਦਲ ਦੇ ਤਲਬੇ ਚੱਟ ਰਿਹਾ ਹੈ। ਸਿਆਸੀ ਗੋਟੀਆਂ ਖੇਡਣ ’ਚ ਮਾਹਰ ਸ: ਬਾਦਲ ਵੀ ਕਿਸੇ ਨੂੰ ਸਿਆਸੀ ਚੋਗ਼ਾ ਉਤਨੀ ਦੇਰ ਹੀ ਪਾਉਂਦੇ ਹਨ ਜਦ ਤੱਕ ਅਗਲੇ ਦੀ ਝੋਲ਼ੀ ਵਿੱਚ ਦਾਣੇ ਹੋਣ। ਇਸ ਨੀਤੀ ਅਧੀਨ ਜਦੋਂ ਸ: ਗੁਰਦੀਪ ਸਿੰਘ ਨੂੰ ਅਹੁੱਦੇ ਤੋਂ ਵੱਖ ਹੋਣਾ ਪਿਆ ਤਾਂ ਆਪਣੀ ਕੀਮਤ ਵਧਾਉਣ ਲਈ ਭਾਈ ਰੋਡੇ ਨੂੰ ਛੱਡ ਕੇ ਭਾਈ ਮੋਹਕਮ ਸਿੰਘ ਨਾਲ ਮਿਲ ਕੇ ਯੂਨਾਇਟਡ ਅਕਾਲੀ ਦਲ ਬਣਾ ਕੇ ਮੁੜ ਸ: ਸਿਮਰਨਜੀਤ ਸਿੰਘ ਮਾਨ ਨਾਲ ਗੱਠਜੋੜ ਕਰਕੇ ਸਰਬਤ ਖ਼ਾਲਸੇ ਦੇ ਆਗੂ ਬਣ ਬੈਠੇ। ਇਨ੍ਹਾਂ ਦਾ ਇਹ ਗੱਠਜੋੜ ਕਿਤਨੀ ਦੇਰ ਚਲਦਾ ਹੈ ਇਹ ਦੋਵੇਂ ਧਿਰਾਂ ਹੀ ਜਾਨਣ ਜਾਂ ਅਕਾਲ ਪੁਰਖ ਹੀ ਜਾਣਦਾ ਹੈ। ਇਹੋ ਕਾਰਨ ਹੈ ਕਿ ਬਹੁਤੀਆਂ ਪੰਥਕ ਧਿਰਾਂ ਇਨ੍ਹਾਂ ’ਤੇ ਵਿਸ਼ਵਾਸ਼ ਕਰਨ ਲਈ ਤਿਆਰ ਨਹੀਂ ਹਨ ਜਿਸ ਕਾਰਨ ਨਾ ਤਾਂ ਉਨ੍ਹਾਂ ਨੇ ਇਨ੍ਹਾਂ ਆਗੂਆਂ ਦੀ ਅਗਵਾਈ ਹੇਠ ਹੋਏ ਪਿਛਲੇ ਸਰਬਤ ਖਾਲਸਾ ਵਿੱਚ ਸ਼ਮੂਲੀਅਤ ਕੀਤੀ ਸੀ ਅਤੇ ਨਾ ਹੀ ਹੁਣ ਵਾਲੇ ਸਰਬਤ ਖਾਲਸਾ ਵਿੱਚ ਸ਼ਮੂਲੀਅਤ ਕਰਨ ਲਈ ਤਿਆਰ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਲੋਕ ਜਾਣੇ ਅਣਜਾਣੇ ਐਸੀ ਖੇਡ ਖੇਡਦੇ ਹਨ ਜਿਸ ਨਾਲ ਉਲਟਾ ਬਾਦਲ ਨੂੰ ਹੀ ਲਾਭ ਪਹੁੰਚਾ ਜਾਂਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਬਾਦਲ ਸਰਕਾਰ ਵੱਲੋਂ ਸਰਬਤ ਖਾਲਸਾ ਦੇ ਆਗੂਆਂ ਅਤੇ ਇਸ ਦੇ ਜਥੇਦਾਰਾਂ ਨੂੰ ਕਦੀ ਫੜ ਕੇ ਜੇਲ੍ਹ ਵਿੱਚ ਸੁੱਟਣਾਂ ਤੇ ਕਦੀ ਉਨ੍ਹਾਂ ਨੂੰ ਛੱਡ ਦੇਣ ਦਾ ਰਾਜ਼ ਇਹੋ ਹੈ ਕਿ ਬਾਦਲ ਦਲ ਚਾਹੁੰਦਾ ਹੈ ਕਿ ਆਮ ਸਿੱਖਾਂ ਵਿੱਚ ਇਹ ਵੀਚਾਰ ਬਣਿਆ ਰਹੇ ਕਿ ਇਹ ਪੰਥ ਲਈ ਸਰਕਾਰ ਨਾਲ ਲੜ ਰਹੇ ਹਨ; ਜਿਸ ਕਾਰਨ ਇਨ੍ਹਾਂ ਦੀ ਪੰਥਕ ਹਲਕਿਆਂ ਵਿੱਚ ਪਛਾਣ ਬਣੀ ਰਹੀ ਤੇ ਸਮਾਂ ਆਉਣ ’ਤੇ ਬਾਦਲ ਵਿਰੋਧੀ ਵੋਟ ਵੰਡਣ ਦੇ ਕਾਬਲ ਹੋ ਕੇ ਅਸਿੱਧੇ ਰੂਪ ਵਿੱਚ ਬਾਦਲ ਦਲ ਨੂੰ ਫਾਇਦਾ ਪਹੁੰਚਾਉਂਦੇ ਰਹਿਣ।

(2). ਪਿਛਲੇ ਸਾਲ ਹੋਏ ਸਰਬਤ ਖਾਲਸਾ ਦੇ ਪ੍ਰਬੰਧਕਾਂ ਨੇ ਸਵ: ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਅਕਾਲ ਤਖ਼ਤ ਦਾ ਜਥੇਦਾਰ, ਭਾਈ ਧਿਆਨ ਸਿੰਘ ਮੰਡ ਨੂੰ ਭਾਈ ਹਵਾਰਾ ਦੀ ਗੈਰ ਹਾਜਰੀ ਵਿੱਚ ਕਾਰਜਕਾਰੀ ਜਥੇਦਾਰ; ਭਾਈ ਅਮਰੀਕ ਸਿੰਘ ਅਜਨਾਲਾ ਨੂੰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਹਾਜਰ ਸੰਗਤਾਂ ਦੇ ਜੈਕਾਰਿਆਂ ਨਾਲ ਪ੍ਰਵਾਨਗੀ ਸਿਰਫ ਭਾਈ ਹਵਾਰਾ ਦੇ ਨਾਮ ਨੂੰ ਹੀ ਮਿਲੀ ਅਤੇ ਜਿਉਂ ਹੀ ਦੂਸਰੇ ਜਥੇਦਾਰਾਂ ਦੇ ਨਾਮ ਲੈਣੇ ਸ਼ੁਰੂ ਕੀਤੇ ਤਾਂ ਸੰਗਤਾਂ ਵਿੱਚ ਘੁਸਰ-ਮੁਸਰ ਹੋਣੀ ਸ਼ੁਰੂ ਹੋ ਗਈ ਸੀ ਅਤੇ ਇੱਕ ਦੋ ਜਥੇਦਾਰਾਂ ਦੇ ਨਾਮ ’ਤੇ ਤਾਂ ਵਿਰੋਧ ਦੀ ਅਵਾਜ਼ ਵੀ ਸੁਣਾਈ ਦਿੱਤੀ, ਜਿਸ ਨੂੰ ਸਟੇਜ ਪ੍ਰਬੰਧਕਾਂ ਵੱਲੋਂ ਅਣਸੁਣੀ ਕਰ ਕੇ ਆਪ ਹੀ ਜੈਕਾਰੇ ਛੱਡ ਕੇ ਜਥੇਦਾਰ ਐਲਾਨ ਦਿੱਤੇ ਗਏ। ਭਾਈ ਹਵਾਰਾ ਨੂੰ ਛੱਡ ਕੇ ਬਾਕੀ ਦੇ ਤਿੰਨੇ ਹੀ ਜਥੇਦਾਰ ਇੱਕ ਹੀ ਦਮਦਮੀ ਟਕਸਾਲ ਦੇ ਵਿਦਿਆਰਥੀ/ਸਮਰਥਕ ਹੋੋਣ ਕਾਰਨ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਨੂੰ ਮੰਨਣ ਤੋਂ ਇਨਕਾਰੀ ਹਨ ਇਸ ਲਈ ਇਨ੍ਹਾਂ ਨੂੰ ਸਰਬ ਪ੍ਰਵਾਨਤ ਜਥੇਦਾਰ ਕਹਿਣਾ ਕਿਸੇ ਦੇ ਸੰਘੋਂ ਥੱਲੇ ਨਹੀਂ ਉਤਰਦਾ। ਆਮ ਸਿੱਖਾਂ ਨੇ ਇਹ ਸ਼ਰੇਆਮ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੇ ਸ਼੍ਰੋਮਣੀ ਕਮੇਟੀ ਵੱਲੋਂ ਨਾਮਜ਼ਦ ਜਥੇਦਾਰ ਬਾਦਲ ਦੀ ਜੇਬ ’ਚੋਂ ਨਿਕਲੇ ਹਨ ਤਾਂ ਸਰਬਤ ਖਾਲਸਾ ਵੱਲੋਂ ਨਿਯੁਕਤ ਕੀਤੇ ਜਥੇਦਾਰ ਮਾਨ-ਗੁਰਦੀਪ, ਮੋਹਕਮ ਦੀ ਜੇਬ ’ਚੋਂ ਨਿਕਲੇ ਹਨ। ਇਸ ਲਈ ਦੋਵੇਂ ਧਿਰਾਂ ਦੇ ਜਥੇਦਾਰਾਂ ਕੋਲੋਂ ਪੰਥ ਦੇ ਭਲੇ ਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ। ਉਸ ਸਮੇਂ ਹੀ ਇਹ ਅਵਾਜ਼ ਉਠਣੀ ਸ਼ੁਰੂ ਹੋ ਗਈ ਸੀ ਕਿ ਭਾਈ ਹਵਾਰਾ ਦੇ ਨਾਮ ਦੀ ਤਾਂ ਸਿਰਫ ਵਰਤੋਂ ਹੀ ਕੀਤੀ ਗਈ ਹੈ ਉਨ੍ਹਾਂ ਦੇ ਜੇਲ੍ਹ ਵਿੱਚ ਹੋਣ ਕਰਕੇ ਮਨਮਾਨੀਆਂ ਤਾਂ ਇਨ੍ਹਾਂ ਨੇ ਆਪਣੀਆਂ ਹੀ ਕਰਨੀਆਂ ਹਨ। ਇਹ ਗੱਲ ਉਸ ਸਮੇਂ ਜਗ ਜ਼ਾਹਰ ਹੋ ਗਈ ਜਦੋਂ ਭਾਈ ਹਵਾਰਾ ਜੀ ਨੇ ਸਰਬਤ ਖਾਲਸਾ (2015) ਨਾਲ ਅਸਹਿਮਤ ਜਥੇਬੰਦੀਆਂ ਦਾ ਵਿਸ਼ਵਾਸ ਜਿੱਤਣ ਲਈ ਜੇਲ੍ਹ ਵਿੱਚੋਂ ਆਪਣੇ ਵਕੀਲ ਰਾਹੀਂ ਇਹ ਲਿਖਤੀ ਬਿਆਨ ਜਾਰੀ ਕੀਤਾ ਕਿ ਮੌਜੂਦਾ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ’ਤੇ ਕੋਈ ਕਿੰਤੂ ਪ੍ਰੰਤੂ ਨਾ ਕੀਤੀ ਜਾਵੇ। ਇਸ ਪੰਥ ਹਿਤਕਾਰੀ ਐਲਾਨ ਨੂੰ ਬਾਕੀ ਦੇ ਤਿੰਨੇ ਜਥੇਦਾਰਾਂ ਨੇ ਤੁਰੰਤ ਇਕ ਮੀਟਿੰਗ ਕਰਕੇ ਇਸ ਅਧਾਰ ’ਤੇ ਰੱਦ ਕਰ ਦਿੱਤਾ ਕਿ ਭਾਈ ਹਵਾਰਾ ਨੇ ਇਹ ਬਿਆਨ ਬਾਕੀ ਦੇ ਜਥੇਦਾਰਾਂ ਨਾਲ ਸਲਾਹ ਮਸ਼ਵਰਾ ਕੀਤੇ ਤੋਂ ਬਗੈਰ ਜਾਰੀ ਕੀਤਾ ਹੈ ਇਸ ਲਈ ਇਹ ਮੰਨਣਯੋਗ ਨਹੀਂ। ਭਾਈ ਹਵਾਰਾ ਨੇ ਦੂਸਰੀ ਵਾਰ ਫਿਰ ਸਲਾਹ ਦਿੱਤੀ ਕਿ ਸਰਬਤ ਖਾਲਸਾ ਸ਼੍ਰੋਮਣੀ ਕਮੇਟੀ ਵੱਲੋਂ ਹਟਾਏ ਗਏ ਪੰਜ ਪਿਆਰਿਆਂ ਦੀ ਸਰਪ੍ਰਸਤੀ ਹੇਠ ਹੋਵੇ; ਉਨ੍ਹਾਂ ਦੀ ਅਗਵਾਈ ਹੇਠ ਇਕ ਕਮੇਟੀ ਬਣਾਈ ਜਾਵੇ ਜਿਹੜੀ ਸਰਬਤ ਖਾਲਸਾ ਸੱਦਣ ਅਤੇ ਉਸ ਵਿੱਚ ਫੈਸਲੇ ਲੈਣ ਦਾ ਵਿਧੀ ਵਿਧਾਨ ਤਿਆਰ ਕਰੇ। ਜਿਹੜੀਆਂ ਧਿਰਾਂ 2015 ਵਾਲੇ ਸਰਬਤ ਖ਼ਾਲਸੇ ਵਿੱਚ ਸ਼ਾਮਲ ਨਹੀਂ ਹੋਈਆਂ ਸਨ, ਉਨ੍ਹਾਂ ਦੀ ਸ਼ਮੂਲੀਅਤ ਕਰਾਉਣ ਲਈ ਕਮੇਟੀ ਨਿਜੀ ਤੌਰ ’ਤੇ ਮਿਲ ਕੇ ਗਿਲੇ ਸ਼ਿਕਵੇ ਦੂਰ ਕਰੇ ਤੇ ਉਨ੍ਹਾਂ ਦੇ ਸੁਝਾਵਾਂ ’ਤੇ ਵੀਚਾਰ ਕਰਨ ਦਾ ਵਿਸ਼ਵਾਸ਼ ਦਿਵਾ ਕੇ ਸ਼ਾਮਲ ਹੋਣ ਦੀ ਪ੍ਰੇਰਣਾ ਕਰੇ। ਜਿਹੜੀਆਂ ਜਥੇਬੰਦੀਆਂ ਨੇ 2015 ਵਾਲੇ ਸਰਬਤ ਖਾਲਸਾ ਤੋਂ ਦੂਰੀ ਬਣਾ ਕੇ ਰੱਖੀ ਸੀ; ਭਾਈ ਹਵਾਰਾ ਦੇ ਇਸ ਫੈਸਲੇ ਨਾਲ ਸਹਿਮਤੀ ਪ੍ਰਗਟ ਕਰਦਿਆਂ; ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਹੁਣ ਸ਼ਾਮਲ ਹੋਣ ਦੀ ਹਾਮੀ ਵੀ ਭਰ ਦਿੱਤੀ ਸੀ ਪਰ ਸਰਬਤ ਖਾਲਸਾ ਦੇ ਪ੍ਰਬੰਧਕਾਂ ਅਤੇ ਉਨ੍ਹਾਂ ਵੱਲੋਂ ਨਿਯੁਕਤ ਕੀਤੇ ਜਥੇਦਾਰਾਂ ਨੇ ਭਾਈ ਹਵਾਰਾ ਦੀ ਇਸ ਰਾਇ ਨੂੰ ਵੀ ਇਸ ਅਧਾਰ ’ਤੇ ਰੱਦ ਕਰ ਦਿੱਤਾ ਕਿ ਪੰਜ ਪਿਆਰਿਆਂ ਨੇ ਨਾ ਹੀ ਸਰਬਤ ਖਾਲਸਾ-2015 ਵੱਲੋਂ ਨਿਯੁਕਤ ਕੀਤੇ ਜਥੇਦਾਰਾਂ ਨੂੰ ਮਾਨਤਾ ਦਿੱਤੀ ਹੈ ਅਤੇ ਨਾ ਹੀ ਇਸ ਵਿੱਚ ਪਾਸ ਕੀਤੇ ਮਤਿਆਂ ਨਾਲ ਸਹਿਮਤੀ ਪ੍ਰਗਟ ਕੀਤੀ, ਇਸ ਲਈ ਜਦ ਤੱਕ ਉਹ ਪਾਸ ਕੀਤੇ ਮਤਿਆਂ ਨਾਲ ਸਹਿਮਤੀ ਅਤੇ ਨਿਯੁਕਤ ਕੀਤੇ ਜਥੇਦਾਰਾਂ ਨੂੰ ਪ੍ਰਵਾਨ ਨਹੀਂ ਕਰਦੇ ਉਤਨੀ ਦੇਰ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਹੋ ਸਕਦੀ। ਭਾਈ ਹਵਾਰਾ ਜੀ ਵੱਲੋਂ ਦਿੱਤੇ ਗਏ ਉਕਤ ਦੋਵੇਂ ਸੁਝਾਅ ਹੀ ਜਿਹੜੇ ਪ੍ਰਬੰਧਕ ਤੇ ਕਾਰਜਕਾਰੀ ਜਥੇਦਾਰ ਨਹੀਂ ਮੰਨਦੇ, ਜਿਨ੍ਹਾਂ ਨੇ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਹੈ ਤਾਂ ਇਹ ਕਿਸੇ ਹੋਰ ਦਾ ਸੁਝਾਅ ਕੀ ਮੰਨਣਗੇ ? ਹੁਣ ਜਿਹੜੀਆਂ ਜਥੇਬੰਦੀਆਂ ਬਿਨਾਂ ਕਿਸੇ ਵਿਧੀ ਵਿਧਾਨ ਤੋਂ ਸੱਦੇ ਗਏ ਸਰਬਤ ਖਾਲਸਾ (2015) ਵਿੱਚ ਪਹਿਲਾਂ ਸ਼ਾਮਲ ਨਹੀਂ ਹੋਈਆਂ ਸਨ, ਉਹ ਇੱਕ ਸਾਲ ਬਾਅਦ ਆਪਣੇ ਹੀ ਫੈਸਲੇ ਦੇ ਉਲਟ ਉਨ੍ਹਾਂ ਆਗੂਆਂ ਦੀ ਸਿਰਮੌਰਤਾ ਨੂੰ ਕਿਵੇਂ ਪ੍ਰਵਾਨ ਕਰਨਗੀਆਂ, ਜਿਨ੍ਹਾਂ ਦੇ ਪਿਛਲੇ ਕਾਫ਼ੀ ਤਜਰਬਿਆਂ (ਜਿਵੇਂ ਕਿ ਹਰ ਦਲ ਨਾਲ ਸਿਆਸੀ ਗਠਜੋੜ ਤੇ ਵਿਛੋੜ) ਤੋਂ ਅਸਹਿਮਤ ਧਿਰਾਂ ਵਾਕਫ਼ ਵੀ ਹਨ।

ਪਿਛਲੇ ਦਿਨਾਂ ਵਿੱਚ ਇੱਕ ਖ਼ਬਰ ਛਪੀ ਸੀ ਕਿ ਦੋ ਸੁਹਿਰਦ ਵਿਚੋਲਿਆਂ ਦੇ ਯਤਨਾਂ ਸਦਕਾ ਪੰਜ ਪਿਆਰਿਆਂ ਅਤੇ ਤਿੰਨ ਮੁਤਬਾਜੀ ਜਥੇਦਾਰਾਂ ਦੀ ਆਪਸੀ ਏਕਤਾ ਹੋ ਗਈ ਹੈ। ਕਿੰਨਾਂ ਸ਼ਰਤਾਂ ਅਤੇ ਅਸੂਲਾਂ ’ਤੇ ਏਕਤਾ ਹੋਈ ਹੈ ਇਸ ਨੂੰ ਹਾਲੇ ਤੱਕ ਗੁਪਤ ਰੱਖਿਆ ਗਿਆ ਹੈ। ਜਦ ਤੱਕ ਏਕਤਾ ਲਈ ਤਹਿ ਕੀਤੇ ਅਸੂਲ ਜਨਤਕ ਨਹੀਂ ਹੋਣਗੇ ਉਤਨੀ ਦੇਰ ਇਸ ਏਕਤਾ ਸੰਬੰਧੀ ਵੀ ਕੁਝ ਨਹੀਂ ਕਿਹਾ ਜਾ ਸਕਦਾ ਅਤੇ ਇਨ੍ਹਾਂ 8 ਬੰਦਿਆਂ ਦੀ ਏਕਤਾ ਸਮੁਚੇ ਪੰਥ ਦੀ ਏਕਤ ਕਰਵਾ ਸਕਦੀ ਹੈ ? ਇਸ ਸਵਾਲ ਦਾ ਜਵਾਬ ਮਿਲਨਾ ਵੀ ਬਾਕੀ ਹੈ।

(3). ਗੁਰਬਾਣੀ ਦੇ ਪਾਵਨ ਵਾਕ: ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ! ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ; ਗੁਰਮੁਖਿ, ਬੈਸਹੁ ਸਫਾ ਵਿਛਾਇ ॥’’ (ਬਸੰਤੁ ਮ: ੫/ ਅੰਕ ੧੧੮੫) ਮੁਤਾਬਕ ਆਪਣੀ ਵਿਛਾਈ ਹੋਈ ਸਫਾ ’ਤੇ ਬੈਠਣ ਦੀਆਂ ਦਲੀਲਾਂ ਤਾਂ ਹਰ ਕੋਈ ਦਿੰਦਾ ਰਹਿੰਦਾ ਹੈ ਪਰ ਇਹ ਉਦਾਹਰਨ ਦੇਣ ਵਾਲਾ ਨਾ ਆਪ ਕਿਸੇ ਵੱਲੋਂ ਵਿਛਾਈ ਸਫਾ ’ਤੇ ਬੈਠਣ ਲਈ ਖ਼ੁਦ ਤਿਆਰ ਹੈ ਅਤੇ ਨਾ ਹੀ ਦੂਸਰੇ ਦੀ ਗੁਰਮਤਿ ਅਨੁਸਾਰ ਕਹੀ ਹੋਈ ਕਿਸੇ ਗੱਲ ਨੂੰ ਸੁਣਨ ਸਮਝਣ ਲਈ ਤਿਆਰ ਹੈ। ਹੁਣ ਤੱਕ ਜਿੰਨੀਆਂ ਵੀ ਜਥੇਬੰਦੀਆਂ ਸਰਬਤ ਖਾਲਸਾ ਦਾ ਸਮਰਥਨ ਕਰ ਰਹੀਆਂ ਹਨ ਜਾਂ ਸਮਰਥਨ ਕੀਤੇ ਜਾਣ ਦੀ ਸੰਭਾਵਨਾ ਹੈ ਉਹ ਤਕਰੀਬਨ ਸਾਰੀਆਂ ਹੀ ਦਮਦਮੀ ਟਕਸਾਲ ਜਾਂ ਡੇਰਾਵਾਦੀ ਸੋਚ ਦੀ ਬੀ ਟੀਮ ਹੈ। ਅਖੰਡ ਕੀਰਤਨੀ ਸੋਚ ਤੇ ਮਿਸ਼ਨਰੀ ਸੋਚ ਇਸ (ਸਰਬਤ ਖਾਲਸਾ-2016) ਤੋਂ ਦੂਰ ਹੀ ਰਹੇਗੀ, ਅਜਿਹੀ ਸੁਭਾਵਨਾ ਨਿਸ਼ਚਿਤ ਹੈ ਕਿਉਂਕਿ ਮਿਸ਼ਨਰੀ ਪ੍ਰਚਾਰਕਾਂ ਨੂੰ ਇਹ ਡੇਰਾਵਾਦੀ ਸੋਚ ਦੀ ਬੀ ਟੀਮ ਪੰਥ ਦਾ ਹਿੱਸਾ ਮੰਨਣਾ ਤਾਂ ਦੂਰ, ਪੰਥ ਦੋਖੀਆਂ ਦਾ ਖਿਤਾਬ ਦੇਣ ਤੋਂ ਵੀ ਗੁਰੇਜ ਨਹੀਂ ਕਰਦੇ ਜਦ ਕਿ ਮਿਸ਼ਨਰੀ ਸੋਚ ‘ਗੁਰੂ ਗ੍ਰੰਥ ਸਾਹਿਬ’ ਜੀ ਵਿੱਚ ਦਰਜ ਵੀਚਾਰਧਾਰਾ ਦੇ ਬਹੁਤ ਨਜਦੀਕ ਹਨ ਤੇ ਡੇਰਾਵਾਦੀ ਸੋਚ, ਇਸ ਵੀਚਾਰਧਾਰਾ ਤੋਂ ਬਹੁਤ ਹੀ ਦੂਰ ਹੈ। ਜਿਹੜੇ ਡੇਰਾਵਾਦੀ ਸੋਚ ਵਾਲੇ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਵੀਚਾਰਧਾਰਾ ਤੋਂ ਸੇਧ ਲੈਣ ਦੀ ਬਜਾਏ ਆਪਣੇ ਡੇਰਿਆਂ ਦੁਆਰਾ ਮੰਨੇ ਜਾ ਰਹੇ ਮਹਾਂ ਪੁਰਖਾਂ ਦੀਆਂ ਸੁਣੀਆਂ ਸੁਣਾਈਆਂ ਗੁਰਮਤਿ ਵਿਰੋਧੀ ਸਾਖੀਆਂ ਤੋਂ ਵੱਧ ਪ੍ਰਭਾਵਤ ਹੋਣ, ਉਨ੍ਹਾਂ ਲਈ ਮਿਸ਼ਨਰੀ ਸੋਚ ਦੇ ਪ੍ਰਚਾਰਕ ਸਭ ਤੋਂ ਵੱਡੇ ਪੰਥ ਦੁਸ਼ਮਣ ਹੀ ਨਜ਼ਰ ਆਉਣਗੇ, ਇਸ ਸੋਚ ਨੂੰ ਖਤਮ ਕਰਨਾ ਹੀ ਇਨ੍ਹਾਂ ਲਈ ਵੱਡੀ ਪੰਥਕ ਸੇਵਾ ਹੈ। ਧੁੰਮਾ ਬਿ੍ਰਗੇਡ ਵੱਲੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ’ਤੇ ਕਾਤਲਾਨਾ ਹਮਲਾ ਅਤੇ ਉਨ੍ਹਾਂ ਵੱਲੋਂ ਗੁਰਬਾਣੀ ਵਿੱਚੋਂ ਅਨੇਕਾਂ ਪ੍ਰਮਾਣ ਦੇ ਕੇ ਗੁਰਮਤਿ ਅਨੁਸਾਰੀ ਕਹੀਆਂ ਗੱਲਾਂ ਨੂੰ ਜਿਸ ਤਰ੍ਹਾਂ ਤਰੋੜ ਮਰੋੜ ਕੇ ਪੇਸ਼ ਕਰਕੇ ਅਨਭੋਲ ਸੰਗਤਾਂ ਨੂੰ ਗੁਮਰਾਹ ਕਰ ਕੇ ਉਨ੍ਹਾਂ ਵਿਰੁੱਧ ਭੜਕਾਉਣ ਦਾ ਸਿਲਸਿਲਾ ਜਾਰੀ ਹੈ ਇਸ ਨਾਲ ਕੋਈ ਸੰਭਾਵਨਾ ਨਹੀਂ ਦਿਸਦੀ ਕਿ ਨੇੜਲੇ ਭਵਿੱਖ ਵਿੱਚ ਇਹ ਦੋਵੇਂ ਧਿਰਾਂ ਮਿਲ ਸਕਣ। ਸਰਬਤ ਖਾਲਸਾ ਵੱਲੋਂ ਨਿਯੁਕਤ ਕੀਤੇ ਜਥੇਦਾਰਾਂ ਨੇ ਵੀ ਇਨ੍ਹਾਂ ਦੋ ਵੀਚਾਰਧਾਰਾਵਾਂ ਵਾਲੇ ਸਿੱਖਾਂ ਨੂੰ ਇੱਕ ਪਲੇਟਫਾਰਮ ’ਤੇ ਲਿਆਉਣ ਦਾ ਯਤਨ ਤਾਂ ਕੀ ਕਰਨਾ ਸੀ ਸਗੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਪਰ ਧੁੰਮਾ ਬਿ੍ਰਗੇਡ ਵੱਲੋਂ ਕੀਤੇ ਕਾਤਲਾਨਾ ਹਮਲੇ ਉਪਰੰਤ ਟਕਸਾਲੀਆਂ ਦੇ ਇਕ ਧੜੇ ਦੀ ਇੱਕ ਸਟੇਜ ਤੋਂ ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਭਾਈ ਢੱਡਰੀਆਂ ਵਾਲੇ ਵਿਰੁੱਧ ਨਿੰਦਣਯੋਗ ਘਟੀਆ ਸ਼ਬਦਾਵਲੀ ਤਾਂ ਵਰਤੀ ਹੀ ਗਈ ਸਗੋਂ ਕਾਤਲਾਂ ਨੂੰ ਮਿਸ਼ਨਰੀ ਵੀਚਾਰਧਾਰਾ ਵਾਲੇ ਪ੍ਰਚਾਰਕਾਂ ਵਿਰੁਧ ਉਕਸਾਉਣ ਲਈ ਇਹ ਸਲਾਹ ਦੇਣਾ ਕਿ ਢੱਡਰੀਆਂ ਵਾਲਾ ਤਾਂ ਗਊ ਹੈ ਜੇ ਮਾਰਨਾ ਹੀ ਹੈ ਤਾਂ ਪਹਿਲਾਂ ਪੰਥਪ੍ਰੀਤ ਤੇ ਧੂੰਦੇ ਨੂੰ ਮਾਰਨਾ ਚਾਹੀਦਾ ਹੈ। ਕੀ ‘‘ਸਭੁ ਕੋ ਮੀਤੁ ਹਮ ਆਪਨ ਕੀਨਾ ; ਹਮ ਸਭਨਾ ਕੇ ਸਾਜਨ ॥’’ (ਧਨਾਸਰੀ ਮ: ੫/ ਅੰਕ ੬੭੧) ਅਤੇ ‘‘ਨਾ ਕੋ ਬੈਰੀ, ਨਹੀ ਬਿਗਾਨਾ ; ਸਗਲ ਸੰਗਿ ਹਮ ਕਉ ਬਨਿ ਆਈ ॥’’ (ਕਾਨੜਾ ਮ: ੫/ ਅੰਕ ੧੨੯੯) ਆਦਿ ਗੁਰਮਤਿ ਸਿਧਾਂਤ ਦੇ ਅਨੁਯਾਈ ਸਿੱਖਾਂ ਦਾ ਸਰਬ ਪ੍ਰਵਾਨਤ ਜਥੇਦਾਰ ਉਕਤ ਅਤਿ ਨਿੰਦਣਯੋਗ ਸੁਝਾਉ ਦੇਣ ਵਾਲਾ ਭਾਈ ਅਮਰੀਕ ਸਿੰਘ ਵਰਗਾ ਕੋਈ ਵਿਅਕਤੀ ਹੋ ਸਕਦਾ ਹੈ ? ਹੈਰਾਨੀ ਹੁੰਦੀ ਹੈ ਜਦੋਂ ਸਰਬਤ ਖਾਲਸਾ ਬੁਲਾਉਣ ਦੇ ਨਾ ਕਿਸੇ ਹਮਾਇਤੀ ਪ੍ਰਬੰਧਕਾਂ ਅਤੇ ਨਾ ਹੀ ਇਸ ਵੱਲੋਂ ਨਿਯੁਕਤ ਕੀਤੇ ਕਿਸੇ ਜਥੇਦਾਰ ਵੱਲੋਂ ਭਾਈ ਅਮਰੀਕ ਸਿੰਘ ਦੇ ਇਸ ਘਟੀਆ ਬਿਆਨ ਨਾਲੋਂ ਆਪਣਾ ਨਾਤਾ ਤੋੜਿਆ ਹੋਵੇ ਜਾਂ ਇਸ ਦੀ ਨਿੰਦਾ ਕੀਤੀ ਗਈ ਹੋਵੇ। ਹੁਣ ਵੀ ਜਦ ਇੱਕ ਪਾਸੇ ਗੁਰਦੀਪ ਸਿੰਘ, ਭਾਈ ਢੱਡਰੀਆਂ ਵਾਲੇ ਨੂੰ ਮਿਲ ਕੇ (ਸਰਬਤ ਖਾਲਸਾ 2016 ਲਈ) ਸੱਦਾ ਦੇਣ ਦੀ ਗੱਲ ਕਰ ਰਿਹਾ ਹੁੰਦਾ ਹੈ ਤਾਂ ਉਸੇ ਸਮੇਂ ਅਮਰੀਕ ਸਿੰਘ ਦਾ ਬਿਆਨ ਆ ਜਾਂਦਾ ਹੈ ਕਿ ਢੱਡਰੀਆਂ ਵਾਲਾ ਏਜੰਸੀਆਂ ਦਾ ਬੰਦਾ ਹੈ। ਤਾਂ ਦੱਸੋ ਇਨ੍ਹਾਂ ਦੂਹਰੇ ਮਿਆਰਾਂ ਵਾਲੇ ਆਗੂਆਂ ’ਤੇ ਕੋਈ ਕਿਵੇਂ ਯਕੀਨ ਕਰੇ, ਜੋ ਸਿਆਸੀ ਇੱਛਾਵਾਂ ਪਾਲ ਰਹੇ ਹਨ। ਇਨ੍ਹਾਂ ਆਗੂਆਂ ਵੱਲੋਂ ਵਿਛਾਈ ਸਫਾ ’ਤੇ ਬੈਠਣ ਲਈ ਕੋਈ ਤਿਆਰ ਕਿਉਂ ਹੋਵੇ ? 

ਸੋ, ਉਕਤ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਕੋ ਨਤੀਜੇ ’ਤੇ ਪੁਜਿਆ ਜਾ ਸਕਦਾ ਹੈ ਕਿ 2016 ਵਾਲੇ ਸਰਬਤ ਖ਼ਾਲਸੇ ਦਾ ਹਸ਼ਰ 2015 ਨਾਲੋਂ ਚੰਗਾ ਹੋਣ ਦੇ ਕਾਰਨ ਬਹੁਤ ਹੀ ਘੱਟ ਹਨ ਜਦੋਂ ਕਿ ਉਸ ਤੋਂ ਮਾੜਾ ਹਸ਼ਰ ਹੋਣ ਦੇ ਕਈ ਕਾਰਨ ਹਨ।

ਵਰਤਮਾਨ ਦੇ ਜ਼ਮੀਨੀ ਹਾਲਾਤਾਂ ਨੂੰ ਵੇਖਦਿਆਂ ਇਹ ਕਹਿਣਾ ਵੀ ਦਰੁਸਤ ਹੋਵੇਗਾ ਕਿ ਇੱਕ ਦਿਨ ਸਿੱਖ ਕੌਮ ਨੂੰ ਗੁਰਬਾਣੀ ਦੇ ਪਾਵਨ ਵਾਕ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ! ਦੁਬਿਧਾ ਦੂਰਿ ਕਰਹੁ ਲਿਵ ਲਾਇ ॥’’ ਉੱਤੇ ਪਹਿਰਾ ਦੇਣ ਲਈ ਆਪਣੇ ਨਿਜ ਸੁਆਰਥਾਂ ਨੂੰ ਅਲੱਗ ਕਰਕੇ ਇਕੱਤਰ ਹੋ ਕੇ ਜ਼ਰੂਰ ਬੈਠਣਾ ਪਵੇਗਾ। ਇਸ ਵਿੱਚ ਕੀਤੀ ਗਈ ਦੇਰੀ ਸਿੱਖ ਕੌਮ ਲਈ ਨੁਕਸਾਨਦੇਹ ਹੋਵੇਗੀ। ਇਸ ਲਈ ਪੰਥਕ ਲੋੜਾਂ ਪੂਰੀਆਂ ਕਰਨ ਲਈ ਸਰਬਤ ਖਾਲਸਾ ਦੀ ਸਫਲਤਾ ਲਈ ਕੀ ਕੀਤਾ ਜਾਵੇ ? ਇਸ ਲਈ ਮੇਰਾ ਇੱਕੋ ਸੁਝਾਅ ਹੈ ਕਿ ਸਿੱਖਾਂ ਦਾ ਇੱਕੋ ਵਾਹਦ ‘ਗੁਰੂ ਗ੍ਰੰਥ ਸਾਹਿਬ’ ਹੈ; ਇਸ ਸਬੰਧੀ ਕਿਸੇ ਵੀ ਸਿੱਖ ਦੀਆਂ ਦੋ ਰਾਵਾਂ ਨਹੀਂ ਹਨ। ਇਸ ਖ਼ਿਆਲ ਸਬੰਧੀ ਵੀ ਕਿਸੇ ਦੀਆਂ ਦੋ ਰਾਵਾਂ ਨਹੀਂ ਕਿ ਸਾਡਾ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਜੀ, ਧਾਰਮਿਕ ਮਾਤਾ: ਮਾਤਾ ਸਾਹਿਬ ਕੌਰ ਜੀ, ਜਨਮ ਕੇਸਗੜ੍ਹ ਸਾਹਿਬ ਤੇ ਵਾਸੀ ਅਨੰਦਪੁਰ ਦੇ ਹਾਂ। ਜੇ ਵਖਰੇਵਾਂ ਹੈ ਤਾਂ ਕੇਵਲ ਸਿੱਖ ਰਹਿਤ ਮਰਯਾਦਾ ਜਾਂ ਨਾਨਕਸ਼ਾਹੀ ਕੈਲੰਡਰ ਦਾ ਹੈ।

ਸੋ, ਸਭ ਤੋਂ ਪਹਿਲਾਂ ਪੰਥ ਪ੍ਰਵਾਨਤ ਅਤੇ ਅਕਾਲ ਤਖ਼ਤ ਤੋਂ ਜਾਰੀ ਕੀਤੀ ਗਈ ਸਿੱਖ ਰਹਿਤ ਮਰਿਆਦਾ ਤੇ ਨਾਨਕਸ਼ਾਹੀ ਕੈਲੰਡਰ ਨੂੰ ਸਮੁਚੀਆਂ ਧਿਰਾਂ ਮਾਨਤਾ ਦੇਣ ਤਾਂ ਜੋ ਸਾਡੀਆਂ ਦੂਰੀਆਂ, ਨਜਦੀਕੀਆਂ ’ਚ ਤਬਦੀਲ ਹੋ ਜਾਣ, ਜਿਸ ਉਪਰੰਤ ਪੰਥਕ ਏਕਤਾ ਆਪਣੇ ਆਪ ਹੋ ਜਾਵੇਗੀ।

ਸਿੱਖ ਰਹਿਤ ਮਰਿਆਦਾ ਤੇ ਨਾਨਕਸ਼ਾਹੀ ਕੈਲੰਡਰ; ਅਜੋਕੀ ਮਿਸ਼ਨਰੀ ਪ੍ਰਚਾਰਕ ਸ਼੍ਰੇਣੀ (ਭਾਈ ਢੱਡਰੀਆਂ ਵਾਲਾ, ਭਾਈ ਪੰਥਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ ਧੂੰਦਾ ਅਤੇ ਮਿਸ਼ਨਰੀ ਕਾਲਜਾਂ) ਨੇ ਨਹੀਂ ਬਣਾਏ। ਇਹ ਤਾਂ ਸਗੋਂ ਪੰਥਕ ਏਕਤਾ ਨੂੰ ਕਿਸੇ ਮੁਕਾਮ ’ਤੇ ਪਹੁੰਚਾਉਣ ਲਈ ਹੀ ਇਨ੍ਹਾਂ ਪੰਥਕ ਦਸਤਾਵੇਜਾਂ ’ਤੇ ਪਹਿਰਾ ਦੇਣ ਲਈ ਬਚਨਵੱਧ ਹਨ। ਇੱਥੋਂ ਤੱਕ ਕਿ ਕੁਝ ਸਮਾਂ ਪਹਿਲਾਂ ਪ੍ਰੋ: ਦਰਸ਼ਨ ਸਿੰਘ ਵੀ ਇਨ੍ਹਾਂ ਦੋਵਾਂ ਪੰਥਕ ਫੈਸਲਿਆਂ ’ਤੇ ਦਿ੍ਰੜ੍ਹਤਾ ਨਾਲ ਪਹਿਰਾ ਦੇਣ ਦੇ ਹੱਕ ਵਿੱਚ ਰਿਹਾ ਹੈ, ਜੋ ਇਨ੍ਹਾਂ ਡੇਰਾਵਾਦੀਆਂ ਦੀਆਂ ਭਰਾ ਮਾਰੂ ਨੀਤੀਆਂ ਦਾ ਸਤਾਇਆ ਹੋਇਆ ਹੁਣ ਬਿਲਕੁਲ ਹੀ ਬਗਾਵਤ ਕਰਨ ਦੇ ਰਾਹ ਪੈਣ ਲਈ ਮਜ਼ਬੂਰ ਹੋ ਗਿਆ, ਜਿਸ ਵਿੱਚ ਉਨ੍ਹਾਂ ਦੇ ਤਰਕ ਹਨ ਕਿ ਜੋ ਕੁਝ ਸਿੱਖ ਲਈ ਜਰੂਰੀ ਸੀ ਉਹ ਗੁਰੂ ਸਾਹਿਬ ਜੀ ਨੇ ਖ਼ੁਦ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਦਰਜ ਕਰ ਕੇ ਉਨ੍ਹਾਂ ਨੂੰ ਗੁਰਿਆਈ ਦੀ ਗੱਦੀ ’ਤੇ ਬਿਰਾਜਮਾਨ ਕਰ ਦਿੱਤਾ। ਸਿੱਖ ਰਹਿਤ ਮਰਿਆਦਾ ਦੇ ਅਧਾਰ ’ਤੇ ਕਿਸੇ ਵੀ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ’ਚੋਂ ਬਾਹਰ ਦੀ ਕੋਈ ਰਚਨਾ ਪੜ੍ਹਨ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਹਾਂ ਆਪਣੀ ਜਾਣਕਾਰੀ ਲਈ ਉਹ ਕਿਸੇ ਵੀ ਧਰਮ ਗ੍ਰੰਥ ਜਾਂ ਪੁਸਤਕ ਨੂੰ ਪੜ੍ਹਨ ਲਈ ਆਜ਼ਾਦ ਜ਼ਰੂਰ ਹਨ। 

ਸੋ, ਅਜਿਹੀ ਸਥਿਤੀ ਮੁੜ ਪੈਦਾ ਕਰਕੇ ਪੰਥ ਵਿੱਚ ਦੁਫੇੜ ਪਾਉਣ ਤੋਂ ਬਚਣ ਲਈ ਇੱਕੋ ਇੱਕੋ ਤਰੀਕਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਕਾਇਮ ਰੱਖਣ ਅਤੇ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਤੇ ਨਾਨਕਸ਼ਾਹੀ ਕੈਲੰਡਰ ’ਤੇ ਪਹਿਰਾ ਦੇਣ ਲਈ ਦਿ੍ਰੜ੍ਹ ਹੋਣ ਦਾ ਪ੍ਰਣ ਕਰਨ ਵਾਲੇ ਸਿੱਖ ਹੀ ਪੰਥ ਦਾ ਹਿੱਸਾ ਹੋਣਾ ਪ੍ਰਵਾਨ ਕੀਤਾ ਜਾਵੇ। ਬਹੁਤੀ ਭੀੜ ਇਕੱਠੀ ਕਰਨ ਦੀ ਥਾਂ ਅਜਿਹਾ ਪ੍ਰਣ ਪੱਤਰ ਭਰਨ ਵਾਲੇ ਸਿੱਖਾਂ ਅਤੇ ਜਥੇਬੰਦੀਆਂ ਦੇ ਨੁਮਾਇੰਦੇ ਵਿਦਵਾਨ ਸੱਜਨ ਹੀ ਕਿਸੇ ਬੰਦ ਕਮਰੇ ਵਿੱਚ ਸਰਬਤ ਖਾਲਸਾ ਦੇ ਰੂਪ ’ਚ ਮੀਟਿੰਗਾਂ ਕਰਨ। ਉਨ੍ਹਾਂ ਨੂੰ ਮੀਟਿੰਗ ਵਿੱਚੋਂ ਬਾਹਰ ਉਸ ਸਮੇਂ ਹੀ ਆਉਣ ਦਿੱਤਾ ਜਾਵੇ ਜਦ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਸਰਬਸੰਮਤੀ ਵਾਲੇ ਕਿਸੇ ਫੈਸਲੇ ’ਤੇ ਨਹੀਂ ਪਹੁੰਚਦੇ। ਇਸ ਤਰ੍ਹਾਂ ਸਰਬਸੰਮਤੀ ਵਾਲੇ ਫੈਸਲਿਆਂ ਨੂੰ ਉਨ੍ਹਾਂ ਵਿੱਚੋਂ ਮੌਕੇ ’ਤੇ ਚੁਣਿਆ ਗਿਆ ਕੋਈ ਇੱਕ ਆਗੂ ਪੜ੍ਹ ਕੇ ਸੁਣਾ ਦੇਵੇ ਜਿਸ ਨੂੰ ਸਰਬਤ ਖਾਲਸਾ ਦਾ ਫੈਸਲਾ ਜਾਣ ਕੇ ਸਾਰੇ ਸਿੱਖ ਮੰਨਣ ਲਈ ਪਾਬੰਦ ਹੋਣ। ਜੇ ਲੋੜ ਸਮਝੀ ਜਾਵੇ ਤਾਂ ਇਸੇ ਢੰਗ ਨਾਲ ਸਿੱਖ ਰਹਿਤ ਮਰਯਾਦਾ ਅਤੇ ਨਾਨਕਸ਼ਾਹੀ ਕੈਲੰਡਰ ਵਿੱਚ ਵੀ ਕੋਈ ਸੋਧ ਕੀਤੀ ਜਾ ਸਕਦੀ ਹੈ। ਪਰ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਐਸੇ ਫੈਸਲੇ ਕੇਵਲ ਗੁਰਮਤਿ ਦੇ ਫ਼ਿਲਾਸਫ਼ਰ ਜਾਂ ਕੈਲੰਡਰ ਵਿਗਿਆਨ ਦੀ ਸੂਝ ਰੱਖਣ ਵਾਲੇ ਵਿਦਵਾਨ ਸੱਜਣ ਹੀ ਕਰਨ ਦੇ ਅਧਿਕਾਰੀ ਹੋਣੇ ਚਾਹੀਦੇ ਹਨ। ਕੋਈ ਪੰਜਾਂ ਦਾ ਸਮੂਹ ਜਾਂ ਕੋਈ ਬਹੁਤਾ ਵੱਡਾ ਇਕੱਠ, ਜਿਸ ਰਾਹੀਂ ਸਭ ਦੇ ਉਸਾਰੂ ਸੁਝਾਅ ਲੈਣੇ ਹੀ ਅਸੰਭਵ ਹੋਣ, ਵਾਲੇ ਮਹੌਲ ’ਚ ਕੋਈ ਨਤੀਜਾ ਨਿਕਲਣਾ ਮੁਸਕਲ ਹੈ। ਇਨ੍ਹਾਂ ਇਕੱਠਾਂ ’ਚ ਤਾਂ ਸਿਰਫ ਸਟੇਜ ਤੋਂ ਕਾਹਲੀ ਵਿੱਚ ਪੜ੍ਹੇ ਗਏ ਮਤੇ (ਜਿਨ੍ਹਾਂ ਦੀ ਪੂਰੀ ਸ਼ਬਦਾਵਲੀ ਵੀ ਕਿਸੇ ਨੂੰ ਸਮਝ ਨਾ ਆਉਂਦੀ ਹੋਵੇ ਪਰ ਫਿਰ ਵੀ ਉਹ ਕੇਵਲ) ਜੈਕਾਰੇ ਛੱਡ ਕੇ ਪ੍ਰਵਾਨਗੀ ਦੇਣ ਲਈ ਹੀ ਉਲੀਕੇ ਜਾ ਸਕਦੇ ਹਨ, ਜਿਸ ਦਾ ਗੁਰਮਤਿ ਤੇ ਪੰਥਕ ਏਕਤਾ ਨਾਲ ਕੋਈ ਸੰਬੰਧ (ਲੈਣ-ਦੇਣ) ਨਹੀਂ ਹੁੰਦਾ ਕਿਉਕਿ ਇਹ ਨਿਰੋਲ ਸਿਆਸੀ ਸਟੰਟ ਹੁੰਦਾ ਹੈ, ਜੋ ਵਕਤੀ ਤੌਰ ’ਤੇ ਕਿਸੇ ਇੱਕ ਧੜੇ ਦੀ ਹੀ ਅਗਵਾਈ ਕਰਦਾ ਹੈ।