ਸਾਕਾ ਨਨਕਾਣਾ ਸਾਹਿਬ

0
731

ਸਾਕਾ ਨਨਕਾਣਾ ਸਾਹਿਬ

ਵਿਦਿਆਰਥੀ ਸੁਰਿੰਦਰ ਸਿੰਘ (ਸ੍ਰੀ ਮੁਕਤਸਰ ਸਾਹਿਬ), ਬੈਚ 2012-2015 (ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ, ਰੋਪੜ)

ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਹਨ। ਨਨਕਾਣਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ। ਇਸ ਕਰ ਕੇ ਇਸ ਦਾ ਨਾਮ ਤਲਵੰਡੀ ਤੋਂ ਨਨਕਾਣਾ ਸਾਹਿਬ ਪ੍ਰਸਿੱਧ ਹੋ ਗਿਆ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬਾਕੀ ਗੁਰੂ ਸਾਹਿਬਾਨ ਨੇ ਜਿੱਥੇ ਵੀ ਆਪਣੇ ਪਾਵਨ ਚਰਨ ਪਾਏ, ਉੱਥੇ ਸੰਗਤਾਂ ਨੇ ਉਹਨਾਂ ਦੀ ਯਾਦ ਵਿੱਚ ਧਰਮਸ਼ਾਲਾਂ ਕਾਇਮ ਕੀਤੀਆਂ ਜੋ ਬਾਅਦ ਵਿੱਚ ਗੁਰਦੁਆਰੇ ਅਖਵਾਏ। ਇਸ ਕਰ ਕੇ ਸਾਰੇ ਇਤਿਹਾਸਿਕ ਅਤੇ ਸਿੰਘ ਸਭਾ ਗੁਰਦੁਆਰਿਆਂ ਵਿੱਚ ਨਨਕਾਣਾ ਸਾਹਿਬ ਦੀ ਅਹਿਮ ਥਾਂ ਹੈ। ਇਹ ਸਥਾਨ ਸਾਨੂੰ ਹਮੇਸ਼ਾਂ ਗੁਰੂ ਸਾਹਿਬ ਜੀ ਦੀ ਯਾਦ ਦਿਵਾਉਂਦਾ ਰਹੇਗਾ।

ਫਰਵਰੀ 1921 ਵਿੱਚ ਇਸੇ ਪਾਵਨ ਸਥਾਨ ’ਤੇ ਇਕ ਦਰਦਨਾਕ ਘਟਨਾ ਵਾਪਰੀ, ਜਿਸ ਨੂੰ ਇਤਿਹਾਸ ਵਿੱਚ ਨਨਕਾਣਾ ਸਾਹਿਬ ਦਾ ਸਾਕਾ ਕਿਹਾ ਜਾਂਦਾ ਹੈ। ਇਹ ਘਟਨਾ ਧਾਰਮਿਕ ਸਥਾਨ ਦੇ ਪੁਜਾਰੀਆਂ ਵੱਲੋਂ ਹੀ ਧਰਮ ਸਥਾਨ ਦੇ ਅੰਦਰ ਆਏ ਸਿੱਖਾਂ ’ਤੇ ਕਾਤਲਾਨਾ ਹਮਲਾ ਕਰਨ ਨਾਲ਼ ਵਾਪਰੀ ਤੇ ਅਣਮਨੁੱਖੀ ਤਸੀਹੇ ਦੇ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਇਸ ਕਰ ਕੇ ਇਸ ਨੂੰ ਇਤਿਹਾਸ ਵਿੱਚ ‘ਸਾਕਾ’ ਕਰ ਕੇ ਬਿਆਨ ਕੀਤਾ ਗਿਆ ਹੈ। ਇਹ ਸਾਕਾ ਕਿਉਂ ਵਾਪਰਿਆ ? ਇਸ ਦੇ ਪਿੱਛੇ ਕੀ ਕਾਰਨ ਸਨ ? ਇਸ ਬਾਰੇ ਹੀ ਹੇਠਾਂ ਚਾਨਣ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ :

ਗੁਰੂ ਨਾਨਕ ਪਾਤਿਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਿੱਖ ਧਰਮ ਦੇ ਪ੍ਰਚਾਰ ਲਈ ਸੈਂਟਰ ਕਾਇਮ ਕੀਤੇ ਗਏ। ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਥਾਵਾਂ ਉੱਤੇ ਗੁਰੂ ਸਾਹਿਬਾਨ ਵੱਲੋਂ ਧਰਮਸ਼ਾਲਾਵਾਂ ਸਥਾਪਿਤ ਕੀਤੀਆਂ ਗਈਆਂ। ਗੁਰੂ ਸਾਹਿਬਾਨ ਵੱਲੋਂ ਇਹਨਾਂ ਧਰਮਸ਼ਾਲਾਂ ਜਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਉੱਚੇ-ਸੁੱਚੇ ਜੀਵਨ ਵਾਲੇ ਤੇ ਸਿੱਖੀ ਵਿੱਚ ਪੂਰੇ ਗੁਰਸਿੱਖਾਂ ਦੀ ਸੇਵਾ ਲਗਾਈ ਜਾਂਦੀ ਸੀ। ਉਹ ਬਿਨਾਂ ਕਿਸੇ ਲੋਭ-ਲਾਲਚ ਦੇ ਨਿਸ਼ਕਾਮ ਇਹ ਸੇਵਾ ਕਰਿਆ ਕਰਦੇ ਸਨ। ਇਹਨਾਂ ਵਿੱਚੋਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ ਜੀ, ਆਦਿ ਦੇ ਨਾਂ ਵਰਣਨ ਯੋਗ ਹਨ।  ਗੁਰਦੁਆਰੇ ਗੁਰਮਤ ਪ੍ਰਚਾਰ ਦੇ ਸੋਮੇ ਹੋਣ ਕਰ ਕੇ ਹਰ ਪੱਖ ਤੋਂ ਕੌਮ ਦੀ ਅਗਵਾਈ ਕਰਦੇ ਰਹਿੰਦੇ ਹਨ ਤੇ ਇਸੇ ਕਾਰਨ ਵੱਖ-ਵੱਖ ਸਮੇਂ ਵਿਰੋਧੀਆਂ ਵੱਲੋਂ ਇਹਨਾਂ ਗੁਰਦੁਆਰਿਆਂ ਨਾਲੋਂ ਸਿੱਖਾਂ ਨੂੰ ਤੋੜਨ ਦਾ ਯਤਨ ਕੀਤਾ ਜਾਂਦਾ ਰਿਹਾ ਹੈ।  ਗੁਰੂ ਸਾਹਿਬਾਨ ਜੀ ਦੌਰਾਨ ਤਾਂ ਇਹਨਾਂ ਗੁਰਦੁਆਰਿਆਂ ਦਾ ਪ੍ਰਬੰਧ ਠੀਕ ਢੰਗ ਨਾਲ ਚੱਲਦਾ ਰਿਹਾ ਪਰ ਉਸ ਸਮੇਂ ਤੋਂ ਬਾਅਦ ਸਿੱਖ ਕੌਮ ਨੂੰ ਸਮੇਂ ਦੀ ਹਕੂਮਤ ਨਾਲ ਟੱਕਰ ਅਤੇ ਗੁਰਦੁਆਰਾ ਦੇ ਪ੍ਰਬੰਧ ਨੂੰ ਨਿਰੰਤਰ ਸੰਭਾਲਣਾ ਮੁਸ਼ਕਲ ਹੁੰਦਾ ਗਿਆ।   ਸਰਕਾਰਾਂ ਛਲ ਕਪਟ ਨਾਲ ਕੁਝ ਸਿੱਖ ਚਿਹਰਿਆਂ ਨੂੰ ਮਹੰਤ ਬਣਾ ਕੇ ਜੁਝਾਰੂ ਸਿੱਖਾਂ ਨਾਲ ਲੜਾਉਂਦੀਆਂ ਅਤੇ ਗੁਰਮਤ ਸਿਧਾਂਤ ’ਚ ਮਿਲਾਵਟ ਕਰ ਇਸ ਨੂੰ ਗੰਧਲਾ ਕਰਨ ਦਾ ਯਤਨ ਵੀ ਕਰਦੀਆਂ ਰਹੀਆਂ ਸਨ।

ਆਪਣੀ ਹੋਂਦ ਨੂੰ ਬਚਾਉਣ ਅਤੇ ਸਿਧਾਤਾਂ ਦੀ ਰੱਖਿਆ ਲਈ ਕੌਮ ਨੂੰ ਮੁਸ਼ਕਿਲ ਦੌਰ ਵਿੱਚੋਂ ਗੁਜ਼ਰਨਾ ਪਿਆ। ਮੀਰ ਮੰਨੂੰ, ਜ਼ਕਰੀਆ ਖਾਨ, ਯਾਹੀਆ ਖਾਨ, ਅਬਦਾਲੀ ਆਦਿ ਜਿਹੇ ਹੁਕਮਰਾਨਾਂ ਨੇ ਸਿੱਖਾਂ ਨੂੰ ਮਿਟਾਉਣ ਲਈ ਪੂਰੀ ਵਾਹ ਲਾ ਦਿੱਤੀ। ਸਿੱਖ ਧਰਮ ਨੂੰ ਕਾਨੂੰਨ ਦੇ ਵਿਰੁਧ ਕਰਾਰ ਦਿੱਤਾ ਗਿਆ। ਸਿੰਘਾਂ ਦਾ ਕਤਲੇਆਮ ਹੋਣ ਲੱਗਾ। ਅਜਿਹੇ ਔਖੇ ਦੌਰ ਵਿੱਚ ਸਿੱਖਾਂ ਦੁਆਰਾ ਪਿੰਡਾਂ, ਨਗਰਾਂ ਵਿੱਚ ਰਹਿਣਾ ਔਖਾ ਹੋ ਗਿਆ। ਉਹਨਾਂ ਨੂੰ ਆਪਣੇ ਪਾਵਨ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੋਂ ਵਾਂਝੇ ਹੋਣਾ ਪਿਆ।

ਅਜਿਹੇ ਸਮੇਂ ਉਹਨਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਉਦਾਸੀ, ਨਿਰਮਲੇ ਸਾਧੂਆਂ ਅਤੇ ਸਹਿਜਧਾਰੀ ਸਿੱਖਾਂ ਨੇ ਕੀਤੀ। ਨਿਰਮਲੇ ਅਤੇ ਉਦਾਸੀਆਂ ਦੇ ਸ਼ਸਤ੍ਰਧਾਰੀ ਨਾ ਹੋਣ ਕਰ ਕੇ ਮੁਗਲ ਹਕੂਮਤ ਇਹਨਾਂ ਨੂੰ ਆਪਣੇ ਲਈ ਖ਼ਤਰਾ ਨਹੀਂ ਮੰਨਦੀ ਸੀ ਤੇ ਇਨ੍ਹਾਂ ਵਿੱਚ ਆਪਣੇ ਬੰਦੇ (ਚਾਪਲੂਸ) ਵੀ ਵਾੜ ਦਿੰਦੀ ਸੀ।

ਇਹ ਉਦਾਸੀ, ਨਿਰਮਲੇ ਤੇ ਹੋਰ ਸਹਿਜਧਾਰੀ ਸਿੱਖ ਜਿੱਥੇ ਸਿੱਖੀ ਦਾ ਪਰਚਾਰ ਕਰਦੇ ਸਨ ਉੱਥੇ ਹਿੰਦੂ ਧਰਮ ਦੀ ਰਹਿਣੀ ਦਾ ਪ੍ਰਭਾਵ ਵੀ ਇਹਨਾਂ ਉੱਤੇ ਸਿੱਧੇ ਜਾਂ ਅਸਿੱਧੇ ਤਰੀਕੇ ਪੈਂਦਾ ਰਿਹਾ ਸੀ। ਇਸ ਕਰ ਕੇ ਸਮਾਂ ਬੀਤਣ ਦੇ ਨਾਲ-ਨਾਲ ਇਹਨਾਂ ਸਾਧੂਆਂ ਨੇ ਗੁਰਦੁਆਰਿਆਂ ਅੰਦਰ ਹਿੰਦੂ ਧਰਮ ਦੀਆਂ ਰੀਤਾਂ-ਰਿਵਾਜਾਂ ਅਨੁਸਾਰ ਪੂਜਾ ਪਾਠ ਕਰਨੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਗੁਰਦੁਆਰਿਆਂ ਦੀ ਸਿਧਾਂਤਕ ਮਰਿਆਦਾ ਅਤੇ ਪ੍ਰਬੰਧ, ਹਿੰਦੂ ਰੰਗਤ ਵਿੱਚ ਰੰਗੇ ਗਏ।

ਸਿੱਖ ਜਦੋ-ਜਹਿਦ ਤੋਂ ਬਾਅਦ ਜਦੋਂ ਪੂਰੇ ਪੰਜਾਬ ਵਿੱਚ ਆਪਣਾ ਰਾਜ ਸਥਾਪਤ ਕਰਨ ਵਿੱਚ ਕਾਮਯਾਬ ਹੋਏ ਤਾਂ ਇਹਨਾਂ ਗੁਰਦੁਅਰਿਆਂ ਦੀਆਂ ਇਮਾਰਤਾਂ, ਸਿਧਾਂਤ ਅਤੇ ਆਮਦਨ ਵੱਲ ਖਾਸ ਧਿਆਨ ਦਿੱਤਾ ਗਿਆ। ਮਿਸਲਾਂ ਦੇ ਸਰਦਾਰਾਂ ਅਤੇ ਮਹਾਰਾਜਾ ਰਣਜੀਤ ਸਿੰਘ ਆਦਿ ਨੇ ਗੁਰਦੁਆਰਿਆਂ ਦੇ ਨਾਂ ਜਗੀਰਾਂ ਲਵਾਈਆਂ ਅਤੇ ਬਹੁਤ ਸਾਰੇ ਇਤਿਹਾਸਕ ਗੁਰਦੁਆਰਿਆਂ ਦੀਆਂ ਇਮਾਰਤਾਂ ਬਣਵਾਈਆਂ ਗਈਆਂ।

ਗੁਰਦੁਆਰਾ ਨਨਕਾਣਾ ਸਾਹਿਬ ਦੇ ਨਾਂ ਹੇਠ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੈਂਕੜੇ ਮੁਰੱਬੇ ਜ਼ਮੀਨ ਲੁਆਈ। ਇਹ ਸਿਲਸਿਲਾ ਅੰਗ੍ਰੇਜੀ ਰਾਜ ਸਥਾਪਿਤ ਹੋਣ ਤੱਕ ਚੱਲਦਾ ਰਿਹਾ। ਗੁਰਦੁਆਰਿਆਂ ਨੂੰ ਜਗੀਰਾਂ ਕਾਰਨ ਆਮਦਨ ਵਧਣ ਲੱਗੀ ਤੇ ਗੁਰਦੁਆਰਿਆਂ ਦੀ ਮਾਲੀ ਹਾਲਤ ਵਿੱਚ ਸੁਧਾਰ ਆਇਆ।

ਸਿੱਖ ਰਾਜ ਦੇ ਬਾਵਜੂਦ ਵੀ ਗੁਰਦੁਆਰਿਆਂ ਦੀ ਸਿਧਾਂਤ ਮਰਿਆਦਾ ਵੱਲ ਕੋਈ ਖ਼ਾਸ ਧਿਆਨ ਨਾ ਦਿੱਤਾ ਗਿਆ। ਲੰਮਾ ਸਮਾਂ ਹਿੰਦੂ ਮਰਿਆਦਾ ਦਾ ਪ੍ਰਭਾਵ ਹੋਣ ਕਰ ਕੇ ਲੋਕ ਵੀ ਇਹ ਪ੍ਰਭਾਵ ਗ੍ਰਹਿਣ ਕਰਦੇ ਚਲੇ ਗਏ, ਪਰ ਇੰਨਾ ਜ਼ਰੂਰ ਸੀ ਕਿ ਇਸ ਸਮੇਂ ਮਹੰਤਾਂ, ਪੁਜਾਰੀਆਂ ਨੇ ਸੰਗਤਾਂ ਦਾ ਪ੍ਰਭਾਵ ਕਬੂਲਿਆ ਹੋਇਆ ਸੀ ਤੇ ਉਹ ਸੰਗਤਾਂ ਦੇ ਡਰ-ਭੈ ਥੱਲੇ ਰਹਿ ਰਹੇ ਸਨ ਤੇ ਸੇਵਾ ਵੀ ਕਰ ਰਹੇ ਸਨ।

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 1849 ਈਸਵੀ ਵਿੱਚ ਅੰਗ੍ਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕਰ ਲਿਆ ਤੇ ਸਿੱਖ ਰਾਜ ਦਾ ਅੰਤ ਕਰ ਦਿੱਤਾ। ਅੰਗ੍ਰੇਜ਼ਾਂ ਨੇ ਲੰਮੇ ਸਮੇਂ ਲਈ ਸਿੱਖਾਂ ਨੂੰ ਆਪਣੇ ਅਧੀਨ ਰੱਖਣ ਲਈ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਹੋਰ ਵਿਗਾੜਨਾ ਸ਼ੁਰੂ ਕਰ ਦਿੱਤਾ। ਅੰਗ੍ਰੇਜ਼ ਇਹ ਸਮਝਦੇ ਸਨ ਕਿ ਸਿੱਖਾਂ ਦੀ ਇੱਕਜੁਟਤਾ ਤੇ ਸਾਂਝੀਵਾਲਤਾ ਦੇ ਕੇਂਦਰ ਇਹਨਾਂ ਦੇ ਗੁਰਦੁਆਰੇ ਹੀ ਹਨ। ਗੁਰਦੁਆਰਿਆਂ ਦੀ ਆਮਦਨ ਵਧਣ ਦੇ ਨਾਲ ਕੁਝ ਮਹੰਤਾਂ ਤੇ ਪੁਜਾਰੀਆਂ ਨੇ ਇਸ ਆਮਦਨ ਨੂੰ ਛਕਣਾ ਸ਼ੁਰੂ ਕਰ ਦਿੱਤਾ ਸੀ ਅਤੇ ਹੋਰ ਐਸ਼ ਇਸ਼ਰਤ ਵਿੱਚ ਪੈ ਕੇ ਦੁਰਾਚਾਰੀ ਹੋ ਗਏ ਸਨ। ਅੰਗ੍ਰੇਜ਼ ਇਹਨਾਂ ਮਹੰਤਾਂ ਨੂੰ ਆਪਣੇ ਹਿੱਤਾਂ ਲਈ ਵਰਤਣ ਚਾਹੁੰਦੇ ਸਨ। ਜਦੋਂ ਪੰਜਾਬ ਵਿੱਚ ਜ਼ਮੀਨਾਂ ਦਾ ਸਥਾਈ ਬੰਦੋਬਸਤ ਹੋਇਆ ਤਾਂ ਅੰਗ੍ਰੇਜ਼ਾਂ ਨੇ ਪੱਕੇ ਤੋਰ ’ਤੇ ਜ਼ਮੀਨਾਂ ਮਹੰਤਾਂ ਦੇ ਨਾਮ ਕਰ ਦਿੱਤੀਆਂ ਇਸ ਤਰ੍ਹਾਂ ਮਹੰਤਾਂ ਨੂੰ ਹੋਰ ਹੱਲਾਸ਼ੇਰੀ ਮਿਲ ਗਈ।

ਅੰਗ੍ਰੇਜ਼ ਕਿਸੇ ਵੀ ਹਾਲਤ ਵਿੱਚ ਗੁਰਦੁਆਰਿਆ ਦਾ ਪ੍ਰਬੰਧ ਸਿੱਖਾਂ ਦੀ ਜਾਗਰੂਕ ਸ਼੍ਰੇਣੀ ਦੇ ਹੱਥ ਵਿੱਚ ਨਹੀਂ ਦੇਣਾ ਚਾਹੁੰਦੇ ਸਨ ਕਿਉਂਕਿ ਉਹ ਸਿੱਖਾਂ ਦੇ ਗੁਰਦੁਆਰਿਆਂ ਨੂੰ ਰਾਜ ਅੰਦਰ ਰਾਜ (State Within State) ਸਮਝਦੇ ਸਨ। ਅੰਗ੍ਰੇਜ਼ਾਂ ਨੇ ਮਹੰਤਾਂ ਨੂੰ ਹੱਲਾਸ਼ੇਰੀ ਦੇਣੀ ਸ਼ੁਰੂ ਕਰ ਦਿੱਤੀ। ਅੰਗ੍ਰੇਜ਼ ਉਹਨਾਂ ਮਹੰਤਾਂ ਨੂੰ ਵਰਤ ਕੇ ਆਪਣੇ ਰਾਜਨੀਤਿਕ ਮਸਲੇ ਹੱਲ ਕਰਨਾ ਚਾਹੁੰਦੇ ਸਨ ਤੇ ਉਹਨਾਂ ਨੇ ਅਜਿਹਾ ਕੀਤਾ ਵੀ।

ਗੁਰਦੁਆਰਾ ਤਰਨਤਾਰਨ ਸਾਹਿਬ, ਹਰਿਮੰਦਰ ਸਾਹਿਬ ਆਦਿ ਗੁਰਦੁਆਰੇ ਸਰਕਾਰ ਵੱਲੋਂ ਥਾਪੇ ਸਰਬਰਾਹ ਦੇ ਅਧੀਨ ਹੋ ਗਏ। ਪੁਜਾਰੀਆਂ ਨੇ ਗੁਰਦੁਆਰਿਆਂ ਅੰਦਰ ਰਹਿਤ ਸਿੱਖ ਮਰਿਆਦਾ ਤੋਂ ਉਲਟ ਕੰਮ ਕਰਨੇ ਸ਼ੁਰੂ ਕਰ ਦਿੱਤੇ। ਕਈ ਨੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਵੇਚ ਵੱਟ ਕੇ ਖਾ ਲਈਆਂ ਸਨ। ਗੁਰਦੁਆਰਿਆਂ ਅੰਦਰ ਜਾਤ-ਪਾਤ, ਛੂਤ-ਛਾਤ, ਊਚ-ਨੀਚ ਪ੍ਰਧਾਨ ਹੋ ਗਈ। ਪੁਜਾਰੀ ਨਸ਼ਿਆਂ ਵਿੱਚ ਗ਼ਲਤਾਨ ਰਹਿਣ ਲੱਗੇ । ਹਰਿਮੰਦਰ ਸਾਹਿਬ ਅੰਦਰ ਮੰਨੀਆਂ ਜਾਂਦੀਆਂ ਅਛੂਤ ਜਾਤੀਆਂ ਦੀਆਂ ਅਰਦਾਸਾਂ ਹੋਣੀਆਂ ਬੰਦ ਹੋ ਗਈਆਂ। ਤਰਨਤਾਰਨ ਸਾਹਿਬ ਦੇ ਪੁਜਾਰੀ ਵੀ ਬਦਚਲਨ ਹੋ ਚੁੱਕੇ ਸਨ, ਉਹਨਾਂ ਨੇ ਇਸਤ੍ਰੀਆਂ ਨਾਲ ਨਾਜਾਇਜ਼ ਸੰਬੰਧ ਸਥਾਪਿਤ ਕਰ ਲਏ ਤੇ ਗੁੰਡੇ ਬਦਮਾਸਾਂ ਨੂੰ ਆਪਣੇ ਨਾਲ ਮਿਲਾ ਲਿਆ।  ਸੰਨ 1914 ਵਿੱਚ ਕਾਮਾਗਾਟਾਮਾਰੂ ਜਹਾਜ਼ ਦੀ ਬਜਬਜ ਘਾਟ ਦੀ ਘਟਨਾ ਸੰਬੰਧੀ ਅਕਾਲ ਤਖ਼ਤ ਸਾਹਿਬ ਦੇ ਸਰਕਾਰੀ ਜਥੇਦਾਰ ਨਿਯੁਕਤ ਕੀਤੇ ਗਏ ਅਰੂੜ ਸਿੰਘ ਸਰਬਰਾਹ ਕੋਲੋਂ ਹੁਕਮਨਾਮਾ ਜਾਰੀ ਕਰਵਾਇਆ ਗਿਆ ਕਿ ਘਟਨਾ ਦੌਰਾਨ ਮਰਨ ਵਾਲੇ ਸਿੱਖ ਨਹੀਂ ਸਨ। ਇਸੇ ਤਰ੍ਹਾਂ 1919 ਵਿੱਚ ਜਲਿਆਂ ਵਾਲੇ ਸਾਕੇ ਦੇ ਜ਼ਿੰਮੇਵਾਰ ਜਨਰਲ ਡਾਇਰ ਨੂੰ ਅਕਾਲ ਤਖ਼ਤ ਤੋਂ (ਅਰੂੜ ਸਿੰਘ ਦੁਆਰਾ) ਸਿਰੋਪਾ ਦਿੱਤਾ ਗਿਆ। ਇਹ ਮਹੰਤ ਸਿੱਖ ਸੰਗਤਾਂ ਨਾਲੋਂ ਅੰਗ੍ਰੇਜ਼ਾਂ ਪ੍ਰਤੀ ਜ਼ਿਆਦਾ ਵਫ਼ਾਦਾਰ ਸਨ।

ਗੁਰਦੁਆਰਾ ਨਨਕਾਣਾ ਸਾਹਿਬ ਉਦਾਸੀ ਸਾਧੂਆਂ ਦੇ ਅਧੀਨ ਸੀ, ਪਹਿਲਾਂ ਉਹ ਠੀਕ ਠਾਕ ਸੇਵਾ ਕਰਦੇ ਰਹੇ ਪਰ ਸਮਾਂ ਬੀਤਣ ਨਾਲ ਉਹਨਾਂ ਅੰਦਰ ਵੀ ਕੁਰੀਤੀਆਂ ਆ ਗਈਆਂ।  ਨਨਕਾਣਾ ਸਾਹਿਬ ਦਾ ਮਹੰਤ ਸਾਧੂ ਰਾਮ ਬੜਾ ਸ਼ਰਾਬੀ ਕਬਾਬੀ ਸੀ। ਇਸੇ ਅਯਾਸ਼ੀ ਕਰ ਕੇ ਉਹ ਭਿਆਨਕ ਰੋਗ ਦਾ ਸ਼ਿਕਾਰ ਹੋ ਕੇ ਮਰਿਆ। ਉਸ ਤੋਂ ਬਾਅਦ ਕਿਸ਼ਨ ਦਾਸ ਮਹੰਤ ਨੇ ਆਪਣੇ ਭਤੀਜੇ ਦੇ ਜਨਮ ਦਿਨ ਮੌਕੇ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਅੰਦਰ ਕੰਜਰੀਆਂ ਦਾ ਨਾਚ ਕਰਵਾਇਆ। ਸਾਰੇ ਪੰਥ ਵੱਲੋਂ ਇਸ ਦੀ ਬਹੁਤ ਵਿਰੋਧਤਾ ਹੋਈ। ਇਹ ਵੀ ਲਾਹੌਰ ਅੰਦਰ ਭਿਆਨਕ ਰੋਗ ਨਾਲ ਮਰਿਆ। ਇਸ ਤੋਂ ਬਾਅਦ ਨਰਾਇਣ ਦਾਸ ਮਹੰਤ ਬਣਿਆ। ਇਸ ਨੇ ਸੇਵਾ ਸੰਭਾਲਣ ਮੌਕੇ (ਕੁਝ ਸਿੱਖਾਂ ਦੇ ਦਬਾਅ ਤੇ ਕੁਝ ਦੇ ਵਿਰੋਧ ਨੂੰ ਸ਼ਾਂਤ ਕਰਨ ਲਈ) ਮੈਜਿਸਟਰੇਟ ਦੇ ਸਾਹਮਣੇ ਵਾਅਦਾ ਕੀਤਾ ਸੀ ਕਿ ਮੈਂ ਆਪਣੇ ਤੋਂ ਪਹਿਲਾਂ ਮਹੰਤਾਂ ਵਰਗੇ ਕੰਮ ਨਹੀਂ ਕਰਾਂਗਾ ਪਰ ਇਹ ਉਹਨਾਂ ਦੋਵਾਂ ਨੂੰ ਪਿੱਛੇ ਛੱਡ ਗਿਆ। ਇਸ ਨੇ ਇਕ ਮੁਸਲਮਾਨ ਮਰਾਸਣ ਆਪਣੇ ਘਰ ਰੱਖੀ ਸੀ, ਜਿਸ ਤੋਂ ਦੋ ਪੁੱਤਰ ਵੀ ਜਨਮੇ ਸਨ। ਸੰਨ 1917 ਵਿੱਚ ਇਸ ਨੇ ਜਨਮ ਅਸਥਾਨ ਅੰਦਰ ਕੰਜਰੀਆਂ ਦਾ ਨਾਚ ਫਿਰ ਕਰਵਾਇਆ, ਸਾਰੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਵਿਰੋਧ ਕੀਤਾ। ਅਖ਼ਬਾਰਾਂ ’ਚ ਲਿਖਿਆ ਗਿਆ, ਸਿੰਘ ਸਭਾਵਾਂ ਨੇ ਮਤੇ ਵੀ ਪਾਸ ਕੀਤੇ ਤੇ ਸਰਕਾਰ ਤੋਂ ਮਹੰਤ ਨੂੰ ਹਟਾਉਣ ਲਈ ਬੇਨਤੀ ਕੀਤੀ ਗਈ ਪਰ ਸਰਕਾਰ ਨਾ ਮੰਨੀ।  ਸੰਨ 1918 ਵਿੱਚ ਇਕ ਸਿੰਧੀ ਪਰਿਵਾਰ ਦਰਸ਼ਨਾਂ ਨੂੰ ਨਨਕਾਣਾ ਸਾਹਿਬ ਵਿਖੇ ਆਇਆ ਤਾਂ ਉਸ ਦੀ 13 ਸਾਲ ਦੀ ਧੀ ਦੀ ਪੱਤ ਲੁੱਟੀ ਗਈ।  ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ। ਉਸੇ ਮਹੀਨੇ ਦੀ ਪੂਰਨਮਾਸ਼ੀ ਨੂੰ ਇਲਾਕਾ ਜੜ੍ਹਾਂਵਾਲੇ ਦੀਆਂ 6 ਇਸਤ੍ਰੀਆਂ ਜਨਮ ਸਥਾਨ ਅੰਦਰ ਆਈਆਂ ਤੇ ਉਹਨਾਂ ਦੀ ਵੀ ਪੁਜਾਰੀਆਂ ਨੇ ਪੱਤ ਲੁੱਟੀ।  ਅਜਿਹੇ ਕੁਝ ਹੋਰ ਵੀ ਕਾਰਨ ਸਨ ਜਿਹਨਾਂ ਕਰ ਕੇ ਪੰਥ ਦਰਦੀ ਇਸ ਮਹੰਤ ਕੋਲੋਂ ਗੁਰਦੁਆਰਾ ਆਜ਼ਾਦ ਕਰਵਾਉਣਾ ਚਾਹੁੰਦੇ ਸਨ। ਇਸ ਤੋਂ ਪਹਿਲਾਂ ਸਮਾਜਿਕ ਜਾਗ੍ਰਿਤੀ ਆ ਚੁੱਕੀ ਸੀ, ਜਿਸ ਕਾਰਨ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋ ਚੁੱਕੀ ਸੀ।

ਗੁਰਦੁਆਰਾ ਰਕਾਬ ਗੰਜ ਸਾਹਿਬ (ਦਿੱਲੀ) ਦੀ ਕੰਧ ਦਾ ਮਸਲਾ ਹੱਲ ਹੋ ਚੁੱਕਾ ਸੀ।  ਸਰਬਰਾਹ ਅਰੂੜ ਸਿੰਘ ਨੂੰ ਸਰਬਰਾਹੀ ਤੋਂ ਹਟਾਇਆ ਜਾ ਚੁੱਕਾ ਸੀ। ਅਕਤੂਬਰ 1920 ਨੂੰ ਗੁਰਦੁਆਰਾ ਬਾਬੇ ਕੀ ਬੇਰ (ਸਿਆਲ ਕੋਟ) ਦਾ ਪ੍ਰਬੰਧ ਵੀ ਸਿੱਖਾਂ ਦੇ ਹੱਥਾਂ ਵਿੱਚ ਆ ਚੁੱਕਾ ਸੀ। ਕੌਮ ਦੀ ਅਗਵਾਈ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੰਬਰ 1920 ਨੂੰ ਹੋਂਦ ਵਿੱਚ ਆ ਚੁੱਕੀ ਸੀ। ਹੋਰ ਵੀ ਕਈ ਗੁਰਦੁਆਰਿਆਂ ਦੇ ਮਹੰਤਾਂ ਨੇ ਕਮੇਟੀ ਦੀ ਸਲਾਹ ਅਤੇ ਡਰ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਕੁਝ ਠੀਕ ਕਰ ਲਿਆ ਸੀ।

ਗੁਰਦੁਆਰਾ ਨਨਕਾਣਾ ਸਾਹਿਬ ਦੇ ਸੁਧਾਰ ਲਈ ਅਕਤੂਬਰ 1920 ਨੂੰ ਪਿੰਡ ਧਾਰੋਵਾਲੀ (ਸ਼ੇਖੂਪੁਰਾ) ਵਿੱਚ ਦੀਵਾਨ ਹੋਇਆ। ਦੂਜੇ ਪਾਸੇ ਮਹੰਤ ਨਰਾਇਣ ਦਾਸ ਨੇ ਆਪਣਾ ਸੁਧਾਰ ਕਰਨ ਦੀ ਬਜਾਇ ਸੁਧਾਰਕਾਂ (ਸਿੱਖਾਂ) ਨਾਲ ਟੱਕਰ ਲੈਣ ਦੀ ਤਿਆਰੀ ਕਰ ਲਈ, ਅੰਗ੍ਰੇਜ਼ਾਂ ਵੱਲੋਂ ਉਸ ਨੂੰ ਰੋਕਣ ਦੀ ਬਜਾਇ ਉਸ ਦੀ ਪਿੱਠ ਥਾਪੜੀ ਗਈ। ਇਸ ਕਰ ਕੇ ਜਦੋਂ ਸਿੱਖ ਸੁਧਾਰਕਾਂ ਨੇ ਮਹੰਤ ਕੋਲੋਂ ਗੁਰਦੁਆਰਾ ਆਜ਼ਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਬਦਲੇ ਬਹੁਤ ਜਾਨੀ ਨੁਕਸਾਨ ਵੀ ਉਠਾਉਣਾ ਪਿਆ।  ਜਦੋਂ ਵੀ ਇਸ ਦਰਦਨਾਕ ਖ਼ੂਨੀ ਸਾਕੇ ਦੀ ਗੱਲ ਤੁਰਦੀ ਹੈ ਤਾਂ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਇਹ ਸਨ ਉਹ ਹਾਲਾਤ, ਜਿਨ੍ਹਾਂ ਕਰ ਕੇ ਗੁਰਦੁਆਰਾ ਨਨਕਾਣਾ ਸਾਹਿਬ ਦਾ ਭਿਆਨਕ ਖ਼ੂਨੀ ਸਾਕਾ ਵਾਪਰਿਆ।

ਉਸ ਸਮੇਂ ਨਰਾਇਣ ਦਾਸ ਚੋਟੀ ਦਾ ਬਦਮਾਸ਼ ਮੰਨਿਆ ਜਾਂਦਾ ਸੀ ਕਿਉਂਕਿ ਅੰਗਰੇਜ਼ ਹਕੂਮਤ ਇਸ ਦੀ ਪਿੱਠ ’ਤੇ ਸੀ।  ਮਹੰਤ ਨੇ 6 ਮਾਰਚ 1921 ਨੂੰ ਨਨਕਾਣਾ ਸਾਹਿਬ ਵਿਖੇ ਪੰਥਕ ਆਗੂਆਂ ਨਾਲ ਮੀਟਿੰਗ ਦਾ ਢੋਂਗ ਰਚਿਆ ਪਰ ਦੂਸਰੇ ਪਾਸੇ ਮੀਟਿੰਗ ਸਮੇਂ ਹੀ ਪੰਥਕ ਆਗੂਆਂ ਨੂੰ ਕਤਲ ਕਰਾਉਣ ਦੀ ਸਾਜ਼ਸ਼ ਵੀ ਰਚ ਲਈ ਗਈ, ਤਾਂ ਜੋ ਆਪ ਦੋਸ਼ੀ ਨਾ ਮੰਨਿਆ ਜਾ ਸਕੇ। ਇਸ ਸਾਜ਼ਸ਼ ਦੀ ਖਬਰ ਜਥੇਦਾਰ ਸ. ਕਰਤਾਰ ਸਿੰਘ ਝੱਬਰ ਨੂੰ ਸ. ਵਰਿਆਮ ਸਿੰਘ ਤੋਂ ਮਿਲ ਗਈ।  ਜਥੇਦਾਰ ਝੱਬਰ ਨੇ ਸਿੱਖਾਂ ਨਾਲ ਮਿਲ ਕੇ ਨਿਰਧਾਰਿਤ ਮਿਤੀ ਤੋਂ ਪਹਿਲਾਂ ਹੀ ਜੱਥਿਆਂ ਦੇ ਰੂਪ ਵਿੱਚ ਪੁੱਜ ਕੇ ਗੁਰਦੁਆਰਾ ਨਨਕਾਣਾ ਸਾਹਿਬ ’ਤੇ ਕਬਜ਼ਾ ਕਰਨ ਦਾ ਫੈਸਲਾ ਕੀਤਾ ਤੇ ਸਿੰਘਾਂ ਨੇ ਕੁਝ ਨਵੀਆਂ ਜੱਥੇਬੰਦੀਆਂ ਕਾਇਮ ਕੀਤੀਆਂ।

ਸੈਂਟਰਲ ਮਾਝਾ ਖਾਲਸਾ ਦੀਵਾਨ ਪਹਿਲਾਂ ਬਣ ਚੁੱਕਾ ਸੀ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸ਼ੁਰੂ ਹੋਣ ਨਾਲ ਬਾਰ ਖਾਲਸਾ ਦੀਵਾਨ, ਅਕਾਲੀ ਦਲ, ਖਰਾ ਸੌਦਾ ਬਾਰ, ਮਾਲਵਾ ਦੀਵਾਨ ਆਦਿ ਨਾਮਾਂ ਦੀਆਂ ਕੁਝ ਹੋਰ ਜੱਥੇਬੰਦੀਆਂ ਵੀ ਕਾਇਮ ਹੋ ਚੁੱਕੀਆਂ ਸਨ।  ਉਕਤ ਫੈਸਲਾ ਬਾਕੀ ਪੰਥਕ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਤੋਂ ਗੁਪਤ ਹੀ ਰੱਖਿਆ ਗਿਆ। ਇਸ ਲਈ 21 ਫਰਵਰੀ 1921 ਦੀ ਤਾਰੀਕ ਮੁਕਰਰ ਕੀਤੀ ਗਈ। ਵੱਖੋ ਵੱਖ ਥਾਵਾਂ ਤੋਂ ਕਈ ਜੱਥੇ ਨਨਕਾਣਾ ਸਾਹਿਬ ਪਹੁੰਚਣੇ ਸਨ। ਕਿਸੇ ਤਰ੍ਹਾਂ ਐਨ ਇਕ ਦਿਨ ਪਹਿਲਾਂ ਮਾਸਟਰ ਤਾਰਾ ਸਿੰਘ ਅਤੇ ਤੇਜਾ ਸਿੰਘ ਸਮੁੰਦਰੀ ਆਦਿਕ ਪੰਥਕ ਆਗੂਆਂ ਨੂੰ ਮਹੰਤ ਦੀ ਸਾਜ਼ਸ਼ ਦਾ ਪਤਾ ਲੱਗ ਗਿਆ ਤੇ 20 ਫਰਵਰੀ ਨੂੰ ਹੀ ਇਹ ਪ੍ਰੋਗਰਾਮ ਮੁਲਤਵੀ ਕਰਨ ਵਾਲਾ ਪੰਥਕ ਹੁਕਮ, ਸਰਦਾਰ ਦਲੀਪ ਸਿੰਘ ਅਤੇ ਸਰਦਾਰ ਜਸਵੰਤ ਸਿੰਘ ਝਬਾਲ ਦੀ ਰਾਹੀਂ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਉਸ ਵੇਲੇ ਮਿਲਿਆ ਜਦੋਂ ਉਨ੍ਹਾਂ ਦੇ ਕਈ ਜੱਥੇ ਕੂਚ ਕਰਨ ਲਈ ਤਿਆਰ ਖੜ੍ਹੇ ਸਨ। ਗੁਰੂ ਪੰਥ ਦੇ ਇਸ ਹੁਕਮ ਨੇ ਸਭ ਨੂੰ ਸੋਚਾਂ ਵਿੱਚ ਪਾ ਦਿੱਤਾ। ਕਰਤਾਰ ਸਿੰਘ ਝੱਬਰ ਨੇ ਕਿਹਾ ਕਿ ਜੇਕਰ ਬਾਕੀ ਜੱਥੇ ਮਿਥੇ ਗਏ ਪ੍ਰੋਗਰਾਮ ਅਨੁਸਾਰ ਨਨਕਾਣੇ ਪੁੱਜ ਗਏ ਤਾਂ ਹੋਣ ਵਾਲੇ ਨੁਕਸਾਨ ਦਾ ਜ਼ਿੰਮੇਵਾਰ ਕੋਣ ਹੋਵੇਗਾ?  ਇਸ ’ਤੇ ਸਰਦਾਰ ਦਲੀਪ ਸਿੰਘ ਨੇ ਸਾਰੇ ਜਥਿਆਂ ਨੂੰ ਰੋਕਣ ਦੀ ਜ਼ਿੰਮੇਵਾਰੀ ਆਪਣੇ ਉੱਪਰ ਲਈ ਅਤੇ ਜਥੇਦਾਰ ਝੱਬਰ ਨੇ ਵੀ ਸਾਰਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ।

ਹੁਣ ਸਰਦਾਰ ਦਲੀਪ ਸਿੰਘ ਹੋਰੀਂ ਚਾਰ ਸਿੰਘ ਘੋੜਿਆਂ ਉੱਤੇ ਸਵਾਰ ਹੋ ਕੇ ਨਨਕਾਣਾ ਸਾਹਿਬ ਜਾ ਰਹੇ ਛੋਟੇ-ਛੋਟੇ ਜਥਿਆਂ ਨੂੰ ਪੰਥਕ ਹੁਕਮ ਤਹਿਤ ਵਾਪਸ ਮੋੜਦੇ ਰਹੇ, ਪਰ ਸਰਦਾਰ ਲਛਮਣ ਸਿੰਘ ਧਾਰੋਵਾਲੀ ਦਾ ਜੱਥਾ, ਇਨ੍ਹਾਂ ਨੂੰ ਨਾ ਮਿਲਿਆ। ਅੰਮ੍ਰਿਤ ਵੇਲੇ 4 ਵਜੇ ਦੇ ਕਰੀਬ ਨਨਕਾਣਾ ਸਾਹਿਬ ਦੇ ਲਾਗੇ ਪੁੱਜੇ ਤਾਂ ਇੱਥੇ ਵੀ ਉਹ ਨਾ ਮਿਲੇ । ਸਰਦਾਰ ਦਲੀਪ ਸਿੰਘ ਨੇ ਸੋਚਿਆ ਕਿ ਸ਼ਾਇਦ ਜੱਥੇ ਨੂੰ ਪੰਥ ਦਾ ਸੁਨੇਹਾ ਮਿਲ ਗਿਆ ਹੋਵੇਗਾ ਇਸ ਲਈ ਉਹ ਆਪ ਉੱਥੇ ਨੇੜੇ ਹੀ ਇਕ ਗੁਰਮੁਖ ਸੱਜਣ ਸਰਦਾਰ ਉਤਮ ਸਿੰਘ ਦੇ ਕਾਰਖ਼ਾਨੇ ਚਲੇ ਗਏ ਤੇ ਪੰਥਕ ਚਿੱਠੀ ਭਾਈ ਵਰਿਆਮ ਸਿੰਘ ਦੇ ਹੱਥ ਦੇ ਕੇ ਨਨਕਾਣਾ ਸਾਹਿਬ ਨੂੰ ਆਉਂਦੇ ਰਾਹਾਂ ’ਤੇ ਨਿਗਰਾਨੀ ਰੱਖਣ ਅਤੇ ਜੱਥਾ ਆਉਣ ਦੀ ਸੂਰਤ ਵਿੱਚ ਉਸ ਨੂੰ ਪੰਥ ਦਾ ਹੁਕਮ ਵਿਖਾ ਕੇ ਰੋਕਣ ਲਈ ਭੇਜ ਦਿੱਤਾ।

ਇੱਥੋਂ ਅੱਗੇ ਵਧ ਕੇ ਜੱਥਾ ਜਦੋਂ ਅੱਧਾ ਕੁ ਮੀਲ ’ਤੇ ਭੱਠਿਆਂ ਵਾਲੀ ਜਗ੍ਹਾ ’ਤੇ ਪਹੁੰਚਿਆ ਤਾਂ ਜਥੇਦਾਰ ਲਛਮਣ ਸਿੰਘ ਜੀ ਨੇ ਆਪਣੀ ਸਿੰਘਣੀ ਇੰਦਰ ਕੌਰ ਤੇ ਦੋ ਹੋਰ ਬੀਬੀਆਂ ਨੂੰ ਭਾਈ ਹਾਕਮ ਸਿੰਘ ਨਾਲ ਗੁਰਦੁਆਰਾ ਤੰਬੂ ਸਾਹਿਬ ਵੱਲ ਭੇਜ ਦਿੱਤਾ, ਇਸੇ ਸਮੇਂ ਭਾਈ ਟਹਿਲ ਸਿੰਘ ਨੇ ਆਪਣੀ ਜੇਬ ਵਿੱਚੋਂ 18 ਰੁਪਏ ਬੀਬੀ ਇੰਦਰ ਕੌਰ ਨੂੰ ਦਿੰਦੇ ਹੋਏ ਕਿਹਾ ਕਿ ਤੁਹਾਡੇ ਵਰਗੀਆਂ ਭੈਣਾਂ ਸ਼ਹੀਦੀ ਪਿੱਛੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਵਾ ਦੇਵਣਗੀਆਂ।  ਅਰਦਾਸਾ ਸੋਧ ਕੇ ਜਥਾ ਅੱਗੇ ਵੱਧਣ ਹੀ ਲੱਗਾ ਸੀ, ਵਰਿਆਮ ਸਿੰਘ ਭੋਜੀਆ, ਜੋ ਜੱਥੇ ਦੀ ਭਾਲ ਵਿੱਚ ਸਨ, ਇੱਥੇ ਪੁੱਜ ਗਏ ਤੇ ਭਾਈ ਲਛਮਣ ਸਿੰਘ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਫੈਸਲੇ ਅਨੁਸਾਰ ਸੱਚੇ ਸੋਦੇ ਤੋਂ ਸਿੰਘਾਂ ਦੇ ਦਸਤਖ਼ਤਾਂ ਵਾਲੀ ਚਿੱਠੀ ਦਿੱਤੀ ਤੇ ਹੋਰ ਸਾਰੇ ਜੱਥਿਆਂ ਦੇ ਰੁਕ ਜਾਣ ਦੀ ਖ਼ਬਰ ਸੁਣਾਈ। ਇਸ ਖ਼ਬਰ ਨੇ ਸਿੰਘਾਂ ਨੂੰ ਦੁਚਿੱਤੀ ਵਿੱਚ ਪਾ ਦਿੱਤਾ। ਨਵੇਂ ਪੈਦਾ ਹੋਏ ਹਾਲਾਤ ’ਤੇ ਵਿਚਾਰ ਹੋਣੀ ਸ਼ੁਰੂ ਹੋਈ।  ਸਰਦਾਰ ਭਾਈ ਟਹਿਲ ਸਿੰਘ ਨੇ ਕਿਹਾ ਕਿ ਖਾਲਸਾ ਜੀ ਹੁਣ ਸੋਚਣ ਦਾ ਵੇਲਾ ਨਹੀਂ ਅਸੀਂ ਆਪਣੀਆਂ ਜ਼ਿੰਦਗੀਆਂ ਗੁਰਦੁਆਰੇ ਦੀ ਖ਼ਾਤਰ ਲਗਾ ਦੇਣ ਦਾ ਬਚਨ ਕਰ ਚੁੱਕੇ ਹਾਂ।  ਏਹੋ ਇਰਾਦਾ ਧਾਰ ਕੇ ਘਰਾਂ ਤੋਂ ਤੁਰੇ ਸੀ ਕਿ ਅਸਾਂ ਨਨਕਾਣਾ ਸਾਹਿਬ ਆਜ਼ਾਦ ਕਰਾਉਣਾ ਹੈ ਜਾਂ ਸ਼ਹੀਦ ਹੋਣਾ ਹੈ, ਇਹੋ ਅਰਦਾਸ ਤੁਸੀਂ ਹੁਣੇ ਕੀਤੀ ਹੈ। ਆਪਣੇ ਕੀਤੇ ਬਚਨਾਂ ਤੋਂ ਫਿਰਨਾ ਸੂਰਮਿਆਂ ਦਾ ਕੰਮ ਨਹੀਂ, ਮੈਂ ਵਾਪਸ ਨਹੀਂ ਜਾਵਾਂਗਾ। ਕੋਈ ਮੇਰੇ ਨਾਲ ਤੁਰੇ ਜਾਂ ਨਾ ਤੁਰੇ ਮੈਂ ਸਿੱਧਾ ਗੁਰਦੁਆਰੇ ਅੰਦਰ ਜਾਵਾਂਗਾ। ਇਉਂ ਕਹਿੰਦੇ ਹੋਏ ਭਾਈ ਟਹਿਲ ਸਿੰਘ ਜੀ ਗੁਰਦੁਆਰਾ ਸਾਹਿਬ ਵੱਲ ਤੁਰ ਪਏ। ਚੌਧਰੀ ਪਾਲ ਸਿੰਘ, ਜੋ ਬੁਚਿਆਣੇ ਵੱਲੋਂ ਕਈ ਜਥਿਆਂ ਨੂੰ ਮੋੜਦੇ ਹੋਏ ਠੀਕ ਇਸੇ ਸਮੇਂ ਇੱਥੇ ਪੁੱਜੇ ਸਨ, ਨੇ ਦੌੜ ਕੇ ਭਾਈ ਲਛਮਣ ਸਿੰਘ ਨੂੰ ਜੱਫਾ ਮਾਰ ਕੇ ਰੋਕ ਲੈਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਜੱਥੇਦਾਰ ਜੀ ਨੂੰ ਰੋਕ ਨਾ ਸਕੇ।

ਮਹੰਤ ਨਰੈਣ ਦਾਸ, ਜੋ ਲਾਹੌਰ ਸਨਾਤਨ ਕਾਨਫਰੰਸ ਵਿੱਚ ਜਾਣ ਲਈ 19 ਫਰਵਰੀ ਨੂੰ ਸ਼ਾਮ ਦੀ 3: 44 ਗੱਡੀ ’ਤੇ ਅਸਵਾਰ ਸੀ, ਨੂੰ ਕਿਸੇ ਮੁਸਲਮਾਨ ਔਰਤ ਨੇ ਗੱਡੀ ਚੱਲਣ ਤੋਂ ਪਹਿਲਾਂ ਜਾ ਖ਼ਬਰ ਦਿੱਤੀ ਕਿ ਜਥਾ ਬੁਚਿਆਣੇ ਪੁੱਜ ਗਿਆ ਹੈ, ਇਹ ਸੁਣ ਕੇ ਮਹੰਤ ਅਤੇ ਉਸ ਦੇ ਸਾਥੀ ਗੁਰਦੁਆਰਾ ਜਨਮ ਅਸਥਾਨ ’ਤੇ ਪਹੁੰਚ ਗਏ, ਜਿਨ੍ਹਾਂ ਸਾਰੀ ਰਾਤ ਆਪਣੀ ਤਿਆਰੀ ਕੀਤੀ ਤੇ ਆਪਣੇ ਟੱਬਰ ਦੇ ਬੰਦੇ ਲਾਹੌਰ ਘੱਲ ਦਿੱਤੇ।  ਰੁਪਏ ਪੈਸਾ ਤੇ ਜ਼ਰੂਰੀ ਕਾਗ਼ਜ਼ਾਤ ਵੀ ਲਾਹੌਰ ਭੇਜ ਦਿੱਤੇ।  ਗੁਰਦੁਆਰਾ ਸਾਹਿਬ ਦੇ ਨਜਦੀਕ ਹਥਿਆਰਾਂ ਸਮੇਤ ਦਸ ਨੰਬਰੀਏ ਬਦਮਾਸ਼-ਰਾਂਝਾ ਰਿਹਾਣਾ, ਅਮਲਹੁੰਦੀ ਤੇ ਵਿਸਾਖਾ ਦੀਆਂ ਹਾਜ਼ਰੀਆਂ ਲਵਾਉਣ ਦਾ ਬੰਦੋਬਸਤ ਕਰ ਦਿੱਤਾ ਤਾਂ ਜੋ ਮਹੰਤ ਆਪਣੀ ਪੁਜੀਸ਼ਨ ਸਾਫ਼ ਕਰਨ ਲਈ ਸਫਾਈ ਪੇਸ਼ ਕਰ ਸਕਣ ਕਿ ਜਿਨ੍ਹਾਂ ਨੂੰ ਕਾਤਿਲ ਕਿਹਾ ਜਾ ਰਿਹਾ ਹੈ, ਉਹ ਤਾਂ ਉਸ ਦਿਨ ਨਨਕਾਣਾ ਸਾਹਿਬ ਹੀ ਨਹੀਂ ਸੀ।

ਸਿੱਖ ਜਥੇ ਨੇ ਜਨਮ ਅਸਥਾਨ ਦੇ ਬਾਹਰ ਤਲਾਬ ’ਚ ਇਸ਼ਨਾਨ ਕੀਤਾ ਤੇ 6 ਵਜੇ ਦੇ ਕਰੀਬ ਸਾਰੇ ਸਿੰਘ ਗੁਰਦੁਆਰੇ ਅੰਦਰ ਦਾਖ਼ਲ ਹੋ ਗਏ।  ਮਹੰਤ ਦੇ ਗੁੰਡੇ ਬਰਛੀਆਂ ਤੇ ਹੋਰ ਹਥਿਆਰ ਲੈ ਕੇ ਪਹਿਲਾਂ ਹੀ ਬੈਠੇ ਸਨ। ਅੰਦਰ ਪੁੱਜਦੇ ਸਾਰ ਹੀ ਜੱਥੇਦਾਰ ਲਛਮਣ ਸਿੰਘ ਜੀ ਨੇ ਸਿੰਘਾਂ ਨੂੰ ਡਿਊਟੀਆਂ ਸੌਂਪ ਦਿੱਤੀਆਂ ਤੇ ਆਪ ਗੁਰਦੁਆਰੇ ਦੀ ਚੌਖੰਡੀ (ਪ੍ਰਕਾਸ ਸਥਾਨ) ਅੰਦਰ ਦਾਖ਼ਲ ਹੋ ਗਏ। ਭਾਈ ਸਾਹਿਬ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਅਤੇ ਬਾਕੀ ਸਿੰਘ ਥੱਲੇ ਬੈਠ ਗਏ ਤੇ ‘ਆਸਾ ਕੀ ਵਾਰ’ ਦਾ ਕੀਰਤਨ ਅਰੰਭ ਕਰ ਦਿੱਤਾ ਗਿਆ।

ਮਹੰਤ ਨਰਾਇਣ ਦਾਸ ਆਪਣੇ ਦੱਖਣ ਦੀ ਗੁੱਠ ਵਾਲੇ ਮਕਾਨ ਵਿੱਚੋਂ ਇਸ ਕੌਤਕ ਨੂੰ ਦੇਖ ਰਿਹਾ ਸੀ। ਉਸ ਨੇ ਆਪਣੇ ਆਦਮੀਆਂ ਨੂੰ ਕਾਰਵਾਈ ਕਰਨ ਦਾ ਹੁਕਮ ਦੇ ਦਿੱਤਾ।  ਗੁਰਦੁਆਰੇ ਅੰਦਰ, ਜੋ ਸਾਧੂ ਬੈਠੇ ਸਨ ਉਹ ਹੋਲੀ-ਹੋਲੀ ਖਿਸਕ ਗਏ। ਗੇਟ ਬੰਦ ਕਰ ਦਿੱਤੇ ਗਏ ਅਤੇ ਦੱਖਣ ਦੀ ਬਾਹੀ ਦੇ ਕਮਰਿਆਂ ਉਪਰੋਂ ਗੋਲ਼ੀਆਂ ਚੱਲਣ ਲੱਗ ਪਈਆਂ। ਮਿੰਟਾਂ ਵਿੱਚ ਹੀ ਉਹ ਸਾਰੇ ਸਿੰਘ, ਜੋ ਚੌਖੰਡੀ ਦੇ ਬਾਹਰ ਸਨ, ਗੋਲ਼ੀਆਂ ਨਾਲ ਫੁੰਡ ਦਿੱਤੇ ਗਏ। ਭਾਈ ਟਹਿਲ ਸਿੰਘ ਸਮੇਤ, ਜੋ ਚੌਖੰਡੀ ਦੇ ਪੱਛਮੀ ਦਰਵਾਜ਼ੇ ਰਾਹੀਂ ਅੰਦਰ ਬੈਠੇ, ਸਾਰੇ ਸਿੰਘਾਂ ਨੂੰ ਜ਼ਖ਼ਮੀ ਤੇ ਸ਼ਹੀਦ ਕਰ ਦਿੱਤਾ ਗਿਆ।  ਗੋਲ਼ੀਆਂ ਗੁਰੂ ਗ੍ਰੰਥ ਸਾਹਿਬ ਜੀ ’ਤੇ ਲੱਗ ਕੇ ਸਾਹਮਣੀ ਦੀਵਾਰ ਨਾਲ ਵੱਜਦੀਆਂ ਰਹੀਆਂ। ਸ਼ਹੀਦ ਹੋਏ ਸਿੰਘਾਂ ਦੇ ਖ਼ੂਨ ਦੇ ਪਰਨਾਲ਼ੇ (ਪਨਾਲ਼ੇ) ਚੱਲ ਰਹੇ ਸਨ।

ਗੁਰਦੁਆਰਾ ਸਾਹਿਬ ਅੰਦਰ ਲਗਾਤਾਰ ਗੋਲ਼ੀ ਚੱਲਣ ਦੀ ਆਵਾਜ਼ ਦੂਰ ਤੱਕ ਸੁਣੀ ਜਾ ਰਹੀ ਸੀ।  ਭਾਈ ਦਲੀਪ ਸਿੰਘ, ਵਰਿਆਮ ਸਿੰਘ, ਸ. ਬੂਟਾ ਸਿੰਘ ਅਤੇ ਸ. ਉੱਤਮ ਸਿੰਘ ਨੇ ਕਾਰਖ਼ਾਨੇ ’ਚ ਵੀ ਇਹ ਆਵਾਜ਼ਾਂ ਸੁਣੀਆਂ।  ਭਾਈ ਵਰਿਆਮ ਸਿੰਘ ਹੋਰੀਂ ਭਾਈ ਲਛਮਣ ਸਿੰਘ ਦੇ ਜੱਥੇ ਨੂੰ ਵਾਪਸ ਮੋੜਨ ਵਾਲੀ ਗੱਲ ਭਾਈ ਦਲੀਪ ਸਿੰਘ ਨੂੰ ਦੱਸ ਹੀ ਰਹੇ ਸਨ ਕਿ ਗੋਲ਼ੀ ਚੱਲਣ ਦੀ ਆਵਾਜ਼ ਇਨ੍ਹਾਂ ਦੇ ਕੰਨੀਂ ਪਈ। ਭਾਈ ਦਲੀਪ ਸਿੰਘ ਦੇ ਮਨ ਦੀ ਦਸ਼ਾ ਦੱਸਣੀ ਬਹੁਤ ਕਠਿਨ ਹੋਏਗੀ ਕਿਉਂਕਿ ਉਨ੍ਹਾਂ ਨੇ ਸਿੰਘਾਂ ਨਾਲ ਖਰੇ ਸੌਦੇ ਬਚਨ ਕੀਤਾ ਸੀ ਕਿ ਉਹ ਲਛਮਣ ਸਿੰਘ ਦੇ ਜੱਥੇ ਨੂੰ ਰੋਕਣ ਦੀ ਸੇਵਾ ਨਿਭਾਉਣਗੇ।  ਭਾਈ ਦਲੀਪ ਸਿੰਘ ਸੁਰਖ਼ਰੂ ਹੋਣ ਲਈ ਇਕ ਮੀਲ ਦੀ ਦੂਰੀ ਤੋਂ ਭਾਈ ਵਰਿਆਮ ਸਿੰਘ ਜੀ ਸਮੇਤ ਨੱਸਿਆ।  ਮਹੰਤ ਆਪ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਸਤਿਕਾਰ ਵੀ ਕਰਦਾ ਸੀ।  ਜਦੋਂ ਦੋਵੇਂ ਦਰਸ਼ਨੀ ਦਰਵਾਜ਼ੇ ’ਤੇ ਪਹੁੰਚੇ ਤਾਂ ਮਹੰਤ ਦੀ ਜੁੰਡਲੀ ਦਾ ਸਿੰਘਾਂ ’ਤੇ ਹਮਲਾ ਜਾਰੀ ਸੀ, ਸਿੰਘਾਂ ਨੂੰ ਅੰਨੇਵਾਹ ਮਾਰਿਆ ਜਾ ਰਿਹਾ ਸੀ।  ਭਾਈ ਦਲੀਪ ਸਿੰਘ ਜੀ ਨੇ ਹੱਥ ਜੋੜ ਕੇ ਮਹੰਤ ਨੂੰ ਕਤਲੇਆਮ ਬੰਦ ਕਰਨ ਲਈ ਕਿਹਾ। ਮਹੰਤ ਅੰਨ੍ਹਾ ਹੋਇਆ ਪਿਆ ਸੀ।  ਉਸ ਨੇ ਭਾਈ ਦਲੀਪ ਸਿੰਘ ਨੂੰ ਪਿਸਤੌਲ ਨਾਲ ਗੋਲ਼ੀ ਮਾਰ ਕੇ ਮਾਰ ਦਿੱਤਾ।  ਮਹੰਤ ਦੇ ਬੰਦਿਆਂ ਨੇ ਵਰਿਆਮ ਸਿੰਘ ਦੇ ਦੋ ਟੁਕੜੇ ਕਰ ਦਿੱਤੇ। ਇਨ੍ਹਾਂ ਦੋਵਾਂ ਸਿੰਘਾਂ ਦੇ ਸਰੀਰਾਂ ਨੂੰ ਅਤੇ ਪੰਜ-ਛੇ ਸਿੰਘਾਂ ਨੂੰ ਨਾਲ ਲਗਦੇ ਘੁੰਮਿਆਰਾਂ ਦੀਆਂ ਭੱਠੀਆਂ ਵਿੱਚ ਸੁੱਟ ਦਿੱਤਾ।  ਮਹੰਤ ਖ਼ੁਦ ਕਤਲੇਆਮ ਦੀ ਅਗਵਾਈ ਕਰ ਰਿਹਾ ਸੀ, ਉਸ ਨੇ ਮੂੰਹ ਉੱਤੇ ਚਿੱਟੀ ਚਾਦਰ ਲਪੇਟੀ ਹੋਈ ਸੀ ਤੇ ਘੋੜੇ ਉੱਤੇ ਚੜ੍ਹਿਆ ਕਦੀ ਇੱਧਰ ਕਦੀ ਉੱਧਰ ਜਾ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਕੋਈ ਵੀ ਕੇਸਾਂ ਵਾਲਾ ਸਿੱਖ ਜ਼ਿੰਦਾ ਨਾ ਰਹਿਣ ਦਿਓ।

ਕੁਝ ਸਿੰਘਾਂ ਨੂੰ ਖੇਤਾਂ ਵਿੱਚ ਲਿਜਾ ਕੇ ਸ਼ਹੀਦ ਕਰ ਦਿੱਤਾ ਗਿਆ।  ਇਕ 12 ਸਾਲ ਦਾ ਬੱਚਾ ਚੌਖੰਡੀ ਵਿੱਚ ਇਕ ਖੁੱਲ੍ਹੀ ਅਲਮਾਰੀ ਵਿੱਚ ਲੁਕ ਗਿਆ ਸੀ, ਉਹ ਬਚ ਗਿਆ, ਇਹ ਸ਼ਹੀਦ ਕੇਹਰ ਸਿੰਘ ਦਾ ਪੁੱਤਰ ਸੀ, ਜਿਸ ਵੇਲੇ ਸਾਰੇ ਸਿੰਘ ਸ਼ਹੀਦ ਹੋ ਗਏ ਜਾਂ ਫੱਟੜ ਹੋ ਗਏ ਤਾਂ ਮਹੰਤ ਨੇ ਹੁਕਮ ਦਿੱਤਾ ਕਿ ਚਾਰ ਲੋਥਾਂ ਰਹਿਣ ਦਿਓ, ਬਾਕੀ ਸਾਰੀਆਂ ਤੇਲ ਪਾ ਕੇ ਸਾੜ ਦਿਓ। ਇਨ੍ਹਾਂ ਵਿੱਚੋਂ ਇਕ ਸੀ ਮੰਗਲ ਸਿੰਘ (ਰੰਗਰੇਟਾ) ਜੋ ਭਾਈ ਲਛਮਣ ਸਿੰਘ ਦਾ ਪੁੱਤਰ ਬਣਿਆ ਹੋਇਆ ਸੀ, ਇਕ ਸਾਧੂ ਵੀ ਸੀ, ਜੋ ਬਦਮਾਸ਼ ਦੀ ਗੋਲ਼ੀ ਨਾਲ ਸ਼ਹੀਦ ਹੋ ਗਿਆ ਸੀ। ਇਸ ਤਰ੍ਹਾਂ ਫੱਟੜ ਲੋਥਾਂ ਦੇ ਤਿੰਨ ਚਾਰ ਢੇਰ ਬਣਾਏ ਗਏ ਤੇ ਅੱਗ ਪਾ ਕੇ ਸਾੜ ਦਿੱਤੇ ਗਏ। 

ਭਾਈ ਲਛਮਣ ਸਿੰਘ ਜੀ ਨੂੰ ਜੰਡ ਨਾਲ ਬੰਨ੍ਹ ਕੇ ਸਾੜ ਦਿੱਤਾ ਗਿਆ, ਪਰ ਇੰਨਾ ਕਹਿਰ ਵੀ ਇਸ ਜੱਥੇ ਦੇ ਸ਼ਾਤਮਈ ਪ੍ਰਣ ਨੂੰ ਤੋੜ ਨਾ ਸਕਿਆ। ਇਨ੍ਹਾਂ ਦੀਆਂ ਸ਼ਾਤਮਈ ਸ਼ਹਾਦਤਾਂ ਨੇ ਸਿੱਖਾਂ ਦੇ ਮਨਾਂ ਉੱਤੇ ਇੰਨਾ ਅਸਰ ਪਾਇਆ ਕਿ ਇਸ ਸਾਕੇ ਤੋਂ ਬਾਅਦ ਸਿੱਖਾਂ ਦਾ ਰੋਸ ਅੱਗ ਦੇ ਭਬੂਕੇ ਵਾਂਗ ਭੜਕਿਆ, ਜਿਸ ਨੇ ਦੁਸ਼ਮਣਾਂ ਨੂੰ ਆਪਣੇ ਨਾਪਾਕ ਪੈਰ ਬਾਹਰ ਕੱਢ ਲੈਣ ਲਈ ਮਜਬੂਰ ਕਰ ਦਿੱਤਾ।  ਉਨ੍ਹਾਂ ਗੁਰੂ ਕੇ ਸਿੱਖਾਂ ਦੇ ਡੁੱਲੇ ਲਹੂ ਨੇ ਗੁਰਦੁਆਰਾ ਪ੍ਰਬੰਧ ਵਿੱਚ ਆਏ ਵਿਗਾੜ ਨੂੰ ਧੋ ਦਿੱਤਾ ਅਤੇ ਸਿੱਖ ਪੰਥ ਨੂੰ ਹਮੇਸ਼ਾਂ ਲਈ ਵਿਕਾਊ ਤਾਕਤਾਂ ਤੋਂ ਆਜ਼ਾਦ ਹੋਣ ਦਾ ਢੰਗ ਸਮਝਾ ਦਿੱਤਾ।

ਆਓ, ਗੁਰੂ ਪਿਆਰਿਓ ਇਨ੍ਹਾਂ ਸ਼ਹੀਦਾਂ ਦੀਆਂ ਅਦੁੱਤੀ ਸਹਾਦਤਾਂ ਤੋਂ ਅਗਵਾਈ ਲੈ ਕੇ ਸਿੱਖੀ ਵਿਹੜੇ ’ਚ ਪਈ ਗੰਦਗੀ ਨੂੰ ਸਾਫ਼ ਕਰਨ ਦਾ ਯਤਨ ਕਰੀਏ ਤੇ ਅਜੋਕੇ ਸਿੱਖੀ ਸਰੂਪ ਮਹੰਤਾਂ ਤੋਂ ਸੁਚੇਤ ਰਹੀਏ।