ਸਚੁ ਵਾਪਾਰੁ ਕਰਹੁ ਵਾਪਾਰੀ।।

0
699

ਸਚੁ ਵਾਪਾਰੁ ਕਰਹੁ ਵਾਪਾਰੀ।।

ਪ੍ਰਿੰ. ਬਲਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ (ਰੋਪੜ)

ੴ ਸਤਿਗੁਰ ਪ੍ਰਸਾਦਿ।। 

ਗੁਰਮਤਿ ਵਿਚ ਕਿਰਤ ਤੇ ਕਿਰਤੀ ਮਨੁੱਖ ਨੂੰ ਸਤਿਕਾਰਿਆ ਗਿਆ ਹੈ। ਵੇਹਲੜ ਜਾਂ ਮਖੱਟੂ ਕਿਸਮ ਦੇ ਲੋਕਾਂ ਨੂੰ ਗੁਰਬਾਣੀ ਨੇ ਪ੍ਰਵਾਨ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਜੀ ਨੇ ਸਾਹੰਗ ਰਾਗ ਅੰਦਰ ‘‘ਗਿਆਨ ਵਿਹੂਣਾ, ਗਾਵੈ ਗੀਤ।। ਭੁਖੇ ਮੁਲਾਂ, ਘਰੇ ਮਸੀਤਿ।। ਮਖਟੂ ਹੋਇ ਕੈ, ਕਨ ਪੜਾਏ।। ਫਕਰੁ ਕਰੇ, ਹੋਰ ਜਾਤਿ ਗਵਾਏ।।’’ ਮ:੧/੧੨੪੫।। ਬਚਨਾਂ ਰਾਹੀਂ ਉਨ੍ਹਾਂ ਵੇਹਲੜਾਂ ਨੂੰ ਨਿਜ ਸ੍ਵਾਰਥ ਦੀ ਪੂਰਤੀ ਲਈ ਧਾਰਮਿਕ ਭੇਖੀ ਮੰਨਿਆ ਅਤੇ ‘‘ਗੁਰੁ ਪੀਰੁ ਸਦਾਏ, ਮੰਗਣ ਜਾਇ।। ਤਾ ਕੈ, ਮੂਲਿ ਨ ਲਗੀਐ ਪਾਇ।।’’ ਮ:੧/੧੨੪੫।। ਦਾ ਪਵਿਤ੍ਰ ਉਪਦੇਸ਼ ਦੇ ਕੇ ਉਨ੍ਹਾਂ ਦੀ ਸ਼ਰਨ ਲੈਣ ’ਤੋਂ ਮਨੁੱਖਤਾ ਨੂੰ ਸੁਚੇਤ ਕੀਤਾ ਸਗੋਂ ਇਸ ਦੀ ਬਜਾਇ ‘‘ਘਾਲਿ ਖਾਇ, ਕਿਛੁ ਹਥਹੁ ਦੇਇ ।। ਨਾਨਕ ! ਰਾਹੁ ਪਛਾਣਹਿ ਸੇਇ।।’’ ਮ:੧/੧੨੪੫।। ਦੀ ਮਹਾਨ ਜੀਵਨ ਜਾਂਚ ਸਿਖਾਈ ਤਾਂ ਕਿ ਹਰ ਮਨੁੱਖ ‘‘ਉਦਮੁ ਕਰੇਦਿਆ ਜੀਉ ਤੂੰ, ਕਮਾਵਦਿਆ ਸੁਖ ਭੁੰਚੁ।। ਧਿਆਇਦਿਆ ਤੂੰ ਪ੍ਰਭੂ ਮਿਲੁ, ਨਾਨਕ! ਉਤਰੀ ਚਿੰਤ।।’’ ਮ:੫/੫੨੨।। ਅਨੁਸਾਰ ਅਨੰਦ ਅਤੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਸਕੇ।

ਉੱਚੀ ਨੀਵੀਂ ਕਿਰਤ ਦੇ ਵਿਤਕਰੇ ’ਤੋਂ ਨਿਰਲੇਪ ਹੋ ਕੇ ਵੱਖ ਵੱਖ ਕਿੱਤਿਆਂ ਨਾਲ ਸਬੰਧਤ ਕਿਰਤੀ ਭਗਤਾਂ ਨੂੰ ਆਪਣੇ ਬਰਾਬਰ ਦਾ ਸਥਾਨ ਦਿੱਤਾ ਇਸ ਤਰ੍ਹਾਂ ਕਿਰਤ ਅਤੇ ਕਿਰਤੀ ਨਾਲ ਇਨਸਾਫ਼ ਕਰਨ ਦੀ ਪਿਰਤ ਪਾ ਦਿੱਤੀ।

ਉਧਰ ਘਰ-ਬਾਰ ਨੂੰ ਤਿਆਗ ਚੁੱਕੇ ਲੋਕਾਂ ਦੀ ਵਿਚਾਰਧਾਰ ਸੀ, ਕਿ ‘‘ਹਾਟੀ ਬਾਟੀ ਰਹਹਿ ਨਿਰਾਲੇ, ਰੂਖਿ ਬਿਰਖਿ ਉਦਿਆਨੇ।। ਕੰਦ ਮੂਲੁ ਅਹਾਰੋ ਖਾਈਐ, ਅਉਧੂ ਬੋਲੈ ਗਿਆਨੇ।। ਤੀਰਥਿ ਨਾਈਐ, ਸੁਖੁ ਫਲੁ ਪਾਈਐ, ਮੈਲੁ ਨ ਲਾਗੈ ਕਾਈ।। ਗੋਰਖ ਪੂਤੁ ਲੋਹਾਰੀਪਾ ਬੋਲੈ, ਜੋਗ ਜੁਗਤਿ ਬਿਧਿ ਸਾਈ।।੧।।’’ ਮ:੧/੯੩੯।। ਇਸ ਦੇ ਉੱਤਰ ਵਿੱਚ ਗੁਰਮਤਿ ਦ੍ਰਿੜ੍ਹ ਕਰਾਉਦਿਆਂ ਗੁਰਦੇਵ ਜੀ ਨੇ ‘‘ਹਾਟੀ ਬਾਟੀ ਨੀਦ ਨ ਆਵੈ, ਪਰ ਘਰਿ, ਚਿਤੁ ਨ ਡੁੋਲਾਈ।। ਬਿਨ ਨਾਵੈ, ਮਨੁ ਟੇਕ ਨ ਟਿਕਈ, ਨਾਨਕ! ਭੂਖ ਨ ਜਾਈ।। ਹਾਟੁ ਪਟਣੁ ਘਰੁ ਗੁਰੂ ਦਿਖਾਇਆ, ਸਹਜੇ ਸਚੁ ਵਾਪਾਰੋ।। ਖੰਡਿਤ ਨਿਦ੍ਰਾ, ਅਲਪ ਅਹਾਰੰ, ਨਾਨਕ ! ਤਤੁ ਬੀਚਾਰੋ।।’’ ਮ:੧/੯੩੯।। ਦਾ ਮਹਾਨ ਉਪਦੇਸ਼ ਦੇ ਮਨੁੱਖਤਾ ਨੂੰ ਅਗਿਆਨਤਾ ਦੀ ਨੀਂਦ ’ਤੋਂ ਮੁਕਤ ਕਰ ਦਿੱਤਾ। ਹਿਰਦੇ ਘਰ ਦੇ ਸ਼ਹਿਰ ਵਿਚ ‘‘ਸਹਜੇ ਸਚੁ ਵਾਪਾਰੋ’’ ਨੂੰ ਅਪਣਾ ਕੇ ਸਮਝ ਸਕੇ ਕਿ ਜ਼ਿੰਦਗੀ ਦਾ ਮਕਸਦ ਕਿਸੇ ਵਿਹਲੇ ਸਮੇਂ ’ਤੇ ਨਹੀਂ ਸੁਟ ਦੇਣਾ। ਸ਼ੁਗਲ ਦੀ ਖ਼ਾਤਰ ਨਹੀਂ ਵਰਤਣਾ, ਇਸ ਲਈ ਇਉਂ ਹੀ ਮਿਹਨਤ ਕਰਨੀ ਹੈ ਜਿਵੇਂ ਇਕ ਜ਼ਿਮੀਦਾਰ ਨੇ ਖੇਤੀ ਵਿੱਚ, ਦੁਕਾਨਦਾਰ ਨੇ ਹੱਟੀ ਵਿੱਚ, ਵਾਪਾਰੀ ਨੇ ਵਾਪਾਰ ਵਿੱਚ ਅਤੇ ਇਕ ਮੁਲਾਜ਼ਮ ਨੇ ਮੁਲਾਜ਼ਤ ਵਿੱਚ ਕਰਨੀ।

ਸੋਰਠਿ ਰਾਗ ਅੰਦਰ ‘‘ਮਨੁ ਹਾਲੀ, ਕਿਰਸਾਣੀ ਕਰਣੀ।।’’…, ‘‘ਹਾਣੁ ਹਟੁ ਕਰਿ ਆਰਜਾ।।’’…., ‘‘ਸੁਣਿ ਸਾਸਤ ਸਉਦਾਗਰੀ।।’’…, ਲਾਇ ਚਿਤੁ ਕਰਿ ਚਾਕਰੀ।।’’..ਮ:੧/੫੯੫।। ਰਾਹੀਂ ਇਹ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ਇਨ੍ਹਾਂ ਕਿਰਤਾਂ ਰਾਹੀਂ ਧਨ ਤਾਂ ਕਮਾਇਆ ਜਾਇ ਪਰ ‘‘ਬਾਬਾ! ਮਾਇਆ ਸਾਥਿ ਨ ਹੋਇ।।’’ ਮ:੧/੫੯੫।। ਦੀ ਅਟਲ ਸਚਾਈ ਨੂੰ ਅੱਖੋਂ ਪਰੋਖੇ ਨਾ ਕੀਤਾ ਜਾਏ। ਤਾਂ ਕਿ ‘‘ਨਾਨਕ ! ਵੇਖੈ ਨਦਰਿ ਕਰਿ, ਚੜੈ ਚਵਗਣ ਵੰਨੁ।।’’ ਮ:੧/੫੯੬।। ਭਾਵ ਚੜ੍ਹਦੀ ਕਲਾ ਨਾਲ ਪ੍ਰਭੂ ਨਾਮ ਦੀ ਰੰਗਣ ਵਿਚ ਰੰਗਿਆ ਹੋਇਆ ‘‘ਤਾ ਸੁਖਿ ਲਹਹਿ ਮਹਲੁ।।’’ ਮ:੧/੫੯੬।। ਭਾਵ ਪਰਮਾਤਮਾ ਦੀ ਹਜੂਰੀ ਦਾ ਅਨੰਦ ਮਾਣਿਆ ਜਾ ਸਕੇ।

ਵਾਪਾਰ ਦਾ ਭਾਵ ਹੈ ਕਿਸੇ ਵਸਤੂ ਨੂੰ ਇਕ ਥਾਂ ’ਤੋਂ ਖਰੀਦ ਕੇ ਕਿਸੇ ਦੂਜ਼ੀ ਥਾਂ ’ਤੇ ਵੇਚਣਾ ਅਤੇ ਲਾਭ ਪ੍ਰਾਪਤ ਕਰਨਾ। ਆਮ ਲੋਕਾਂ ਦੀ ਧਾਰਨਾ ਮੁਤਾਬਕ ਸਾਰੀਆਂ ਕਿਰਤਾਂ ਵਿਚੋਂ ਵਾਪਾਰ ਸਭ ’ਤੋਂ ਉਤਮ ਕਿਰਤ ਹੈ, ਰਾਜ ਨੀਤੀ ਪੰਚ ਤੰਤ੍ਰ ਵਿਚ ਲਿਖਿਆ ਹੈ:-‘ਮੰਗਣ ਨੀਚ, ਕਠਿਨ ਕਿਰਸਾਨੀ, ਕਾਰ ਹਥ ਦੀ ਉਞ ਨਿਮਾਣੀ।। ਪਰ ਅਧੀਨ ਹੈ ਸ਼ਾਹ ਬਲੋਟੀ, ਜਾਨਣ ਸਭ ਨੌਕਰੀ ਖੋਟੀ।। ਸਭਨੀ ਗੱਲੀਂ ਵਣਜ ਚੰਗੇਰਾ, ਓਡਾ ਲਾਹਾ ਜੇਡਾ ਜੇਰਾ।।’
ਸਾਹਿਬ ਗੁਰੂ ਨਾਨਕ ਸਾਹਿਬ ਜੀ, ਬਾਕੀ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨਾਂ ਨੇ ਧਰਮ ਨੂੰ, ਕੇਵਲ ਸ੍ਵਰਗ ਨਰਕ ਨਾਲ ਹੀ ਸੰਬੰਧਤ ਨਹੀਂ ਕੀਤਾ ਸਗੋਂ ਜੀਵਨ ਜੀਉਣ ਦਾ ਆਧਾਰ ਬਣਾਇਆ ਤਾਂ ਕਿ ‘‘ਧਰਮ ਸੇਤੀ ਵਾਪਾਰੁ ਨ ਕੀਤੋ, ਕਰਮੁ ਨ ਕੀਤੋ ਮਿਤੁ।। ਕਹੁ ਨਾਨਕ ਤੀਜੈ ਪਹਰੈ ਪ੍ਰਾਣੀ! ਧਨ ਜੋਬਨ ਸਿਉ ਚਿਤੁ।।’’ ਮ:੧/੭੫।। ਦੀ ਖ਼ੁਆਰੀ ਤੋਂ ਮੁਕਤ ਹੋ ਸਕੇ ਅਤੇ ਸਮਝ ਸਕੇ। ‘‘ਵਾਪਾਰੀ ਵਣਜਾਰਿਆ! ਆਏ ਵਜਹੁ ਲਿਖਾਇ।। ਕਾਰ ਕਮਾਵਹਿ ਸਚ ਕੀ, ਲਾਹਾ ਮਿਲੈ ਰਜਾਇ।।’’ ਮ:੧/੫੯।।

ਪਹਿਲੇ ਜਾਮੇ ਵਿੱਚ ਹੀ ਸਾਹਿਬ ਜੀ ਨੇ ਗੁਰਮਤਿ ਦੇ ਮਹਾਨ ਸਿਧਾਂਤਾਂ ਨੂੰ ਮਨੁੱਖਤਾ ਤੱਕ ਪਹੁੰਚਾਣ ਹਿਤ ਲੰਮੇ ਪਰਚਾਰ ਦੋਰੇ ਕੀਤੇ ਉਥੇ ਖੇਤੀ, ਦੁਕਾਨ ਦਾਰੀ ਅਤੇ ਮੋਦੀ ਖ਼ਾਨੇ ਵਿੱਚ ਲਗਭਗ ਤਿੰਨ ਸਾਲ ਸੇਵਾ ਕਰਕੇ ਵਾਪਾਰ ਕਰਨ ਦਾ ਢੰਗ ਤਰੀਕਾ ਵੀ ਦਰਸਾ ਦਿੱਤਾ। ਗ੍ਰਿਹਸਤੀ ਨੇ ਕਿਵੇਂ ਮਾਇਆ ਵਿੱਚ ਨਿਰਲੇਪ ਰਹਿਣਾ ਹੈ। ਇਹ ਆਪਣੇ ਅਮਲੀ ਜੀਵਨ ਰਾਹੀਂ ਪੂਰਨੇ ਪਾ ਦਿੱਤੇ।

ਪਿਤਾ ਮਹਿਤਾ ਕਾਲੂ ਜੀ ਅਤੇ ਸਾਹਿਬਾਂ ਦੀ ਆਪਸੀ ਵਾਰਤਾਲਾਪ ਨੂੰ ਕਵੀ ਸੰਤੋਖ ਸਿੰਘ ਜੀ ਨੇ ਇਨ੍ਹਾਂ ਸ਼ਬਦਾਂ ਵਿੱਚ ਨਾਨਕ ਪ੍ਰਕਾਸ਼ ਗ੍ਰੰਥ ਰਾਹੀਂ ਜਗਤ ਸਾਹਮਣੇ ਪਰਗਟ ਕੀਤਾ।

‘ਦ੍ਵੈ ਘਟਿਕਾ ਜਬ ਬੀਤ ਗਈ, ਤਿਹ ਕਾਲ ਮੈ ਕਾਲੂ ਨੇ ਬਾਣੀ ਅਲਾਈ।। ਬਹੁ ਕਾਲ ਭਯੋ, ਸੁਲਤਾਨ ਪੁਰੇ, ਕ੍ਰਿਤ ਮੋਦੀ ਤੇ ਕੀਨੀ ਹੈ ਕੇਤੀ ਕਮਾਈ।। ਸੁਨਿ ਪੰਕਜ ਲੋਕਨ ਬੈਣ ਭਣੇ, ਬਹੁ ਆਨਿ ਕਮਾਈ ਕਰੀ ਇਹ ਥਾਂਈ।। ਨਹਿ ਹਾਥ ਮੈ ਆਥਿ ਕਰੈ ਥਿਰਤਾ, ਉਤਆਵਤ ਹੈ, ਇਹ ਯੌਂ ਚਲ ਜਾਈ।। ਕਰ ਏਕ ਬਿਰਾਟਕਾ, ਸੰਚਿ ਕਰੀ ਨਹਿ, ਆਮਦ ਔ ਖਰਚੀ ਸਮਤਾਈ।।’ ੩੯।

ਆਪ ਜੀ ਦੀ ਚਰਨ ਛੋਹ ’ਤੋਂ ਭਾਈ ਭਗੀਰਥ, ਭਾਈ ਮਨਸੁਖ, ਸਾਲਸ ਰਾਇ ਜੌਹਰੀ ਅਤੇ ਭਾਈ ਮੂਲਾ ਜੀ ਵਰਗੇ ਵਾਪਾਰੀ ਜੀਵਨ ਵਣਜ ਵਿੱਚ ਵੀ ਲਾਭ ਪ੍ਰਾਪਤ ਕਰ ਗਏ, ਭਾਈ ਸਜਣ ਵਰਗਿਆਂ ਨੂੰ ‘‘ਚਾਕਰੀਆ ਚੰਗਿਆਈਆ, ਅਵਰ ਸਿਆਣਪ ਕਿਤੁ।। ਨਾਨਕ! ਨਾਮੁ ਸਮਾਲਿ ਤੂੰ, ਬਧਾ ਛੁਟਹਿ ਜਿਤੂ।।’’ ਮ:੧/੭੨੯।। ਦਾ ਉਪਦੇਸ਼ ਦੇ ਬੰਧਨ ਮੁਕਤ ਕੀਤਾ।

ਸਾਹਿਬ ਜੀ ਨੇ ਫ਼ੁਰਮਾਇਆ ਕਿ ਦੁਨਿਆਵੀ ਵਾਪਾਰ ਦੇ ਨਾਲ ‘‘ਪ੍ਰਾਣੀ! ਤੂੰ ਆਇਆ ਲਾਹਾ ਲੈਣਿ।।’’ ਮ:੫/੪੩।। ਦਾ ਪਵਿਤ੍ਰ ਸੰਦੇਸ਼ ਨਹੀਂ ਭੁਲਣਾ ‘‘ਗੁਣਾ ਕਾ ਹੋਵੈ ਵਾਸੁਲਾ, ਕਢਿ ਵਾਸੁ ਲਈਜੈ।।’’ ਮ:੧/੭੬੫।। ਦਾ ਵਾਪਾਰ ਕਰਨਾ ਹੈ ਕਿਉਂਕਿ ‘‘ਜੇ ਗੁਣ ਹੋਵਹਿ ਗੰਠੜੀਐ, ਮੇਲੇਗਾ ਸੋਈ।।’’ ਮ:੧/੭੨੯।। ਅਨੁਸਾਰ ਪ੍ਰਭੂ ਦਾ ਮਿਲਾਪ ਮਨੁੱਖ ਨੂੰ ਹੋ ਸਕਦਾ ਹੈ।

ਮਨੁੱਖੀ ਜਿੰਦਗੀ ਦਾ ਫ਼ਰਜ਼ ਦਰਸਾਉਦਿਆਂ ਸਾਹਿਬ ਜੀ ਨੇ ਫ਼ੁਰਮਾਇਆ ਕਿ ਜਿਵੇਂ ਜਗਤ ਅੰਦਰ ਪੈਦਾ ਹੋਇਆ ਹਰ ਮਨੁੱਖ ਧਨਵਾਨ ਹੋਣਾ ਲੋਚਦਾ ਹੈ, ਵਡਿਆਈ ਦੀ ਇੱਛਾ ਰੱਖਦਾ ਹੈ ਉਸੇ ਤਰ੍ਹਾਂ ਆਤਮਿਕ ਨਾਮ ਧਨ ਪ੍ਰਾਪਤ ਕਰ ਕੇ ‘‘ਜਿਨ੍ਰ ਕੈ ਹਿਰਦੈ ਤੂ ਵਸਹਿ, ਤੇ ਨਰ ਗੁਣੀ ਗਹੀਰ।।’’ ਮ:੧/੧੨੮੭।। ਦੀ ਪਦਵੀ ਪ੍ਰਾਪਤ ਕਰਨੀ ਹੈ। ਇਸ ਲਈ ਗੁਰਮਤਿ ਨੇ ਹਰ ਮਨੁੱਖ ਮਾਤ੍ਰ ਨੂੰ ਸੰਸਾਰ ਵਿੱਚ ਆਇਆ ਇਕ ਵਣਜਾਰਾ ਕਰਕੇ ਲਿਖਿਆ ਹੈ ਜਿਵੇਂ ਫ਼ੁਰਮਾਨ ਹੈ:-

‘‘ਵਣਜੁ ਕਰਹੁ ਵਣਜਾਰਿਹੋ ! ਵਖਰੁ ਲੇਹੁ ਸਮਾਲਿ ।। ਤੈਸੀ ਵਸਤੁ ਵਿਸਾਹੀਐ, ਜੈਸੀ ਨਿਬਹੈ ਨਾਲਿ।। ਅਗੈ ਸਾਹੁ ਸੁਜਾਣ ਹੈ, ਲੈਸੀ ਵਸਤੁ ਸਮਾਲਿ।।’’ ਮ:੧/੨੨।।
‘‘ਭਾਈ ਰੇ! ਰਾਮ ਕਹਹੁ ਚਿਤੁ ਲਾਇ।। ਹਰਿ ਜਸੁ ਵਖਰੁ ਲੈ ਚਲਹੁ, ਸਹੁ ਦੇਖੈ ਪਤੀਆਏ।।’’ ਮ:੧/੨੨।।

ਵਣਜ ਕਰਨ ਤੋਂ ਪਹਿਲਾਂ ਇਹ ਵੀਚਾਰ ਜ਼ਰੂਰ ਕਰਨੀ ਬਣਦੀ ਹੈ ਕਿ ‘‘ਜਿਨਾ ਰਾਸਿ ਨ ਸਚੁ ਹੈ, ਕਿਉ ਤਿਨਾ ਸੁਖੁ ਹੋਇ।। ਖੋਟੈ ਵਣਜਿ ਵਣੰਜਿਐ, ਮਨੁ ਤਨੁ ਖੋਟਾ ਹੋਇ।।’’ ਮ:੧/੨੩।। ਜੇ ਸਿਧਾਂਤ ਨੂੰ ਅੱਖੋਂ ਓਹਲੇ ਕਰ ਦਿੱਤਾ ਜਾਏ ਤਾਂ ‘‘ਬੰਧਨ ਸਉਦਾ ਅਣਵੀਚਾਰੀ’’ ਮ:੧/੪੧੬।। ਬਣ ਜਾਂਦਾ ਹੈ ਤਾਂ ਤੇ ਸਾਹਿਬਾਂ ਦਾ ਇਹ ਫ਼ੁਰਮਾਨ ਹਰ ਸਮੇਂ ਯਾਦ ਰੱਖਣ ਜੋਗ ਹੈ ਕਿ ‘‘ਪਹਿਲਾ ਵਸਤੁ ਸਿਞਾਣਿ ਕੈ, ਤਾਂ ਕੀਚੈ ਵਾਪਾਰੁ।।’’ ਮ:੧/੧੪੧੦।।

ਗੁਰਮੁਖਾਂ ਨੇ ਸਤਿਗੁਰਾਂ ਦੇ ਇਨ੍ਹਾਂ ਉਪਦੇਸ਼ਾਂ ਨੂੰ ਕਮਾ ਕੇ ਪ੍ਰਭੂ ਨਾਮ ਨੂੰ ਵਣਜਿਆ ਹੈ ਅਥਵਾ ਗੁਣਾਂ ਦੀ ਪੂੰਜੀ ਵਿੱਚ ਵਾਧਾ ਕੀਤਾ ਹੈ। ਉਹ ਹਰੀ ਨਾਮ ਦੇ ਵਿਆਪਾਰੀ ਹਨ। ਕਬੀਰ ਸਾਹਿਬ ਜੀ ਦਾ ਫ਼ੁਰਮਾਨ ਹੈ:-

‘‘ਕਿਨਹੀ ਬਨਜਿਆ ਕਾਂਸੀ ਤਾਂਬਾ, ਕਿਨਹੀ ਲਉਗ ਸੁਪਾਰੀ।। ਸੰਤਹੁ ਬਨਜਿਆ ਨਾਮੁ ਗੋਬਿੰਦ ਕਾ, ਐਸੀ ਖੇਪ ਹਮਾਰੀ।।੧।। ਹਰਿ ਕੇ ਨਾਮ ਕੇ ਬਿਆਪਾਰੀ।। ਹੀਰਾ ਹਾਥਿ ਚੜਿਆ ਨਿਰਮੋਲਕੁ, ਛੂਟਿ ਗਈ ਸੰਸਾਰੀ।। ਰਹਾਉ।।੧।। ਸਾਚੇ ਲਾਏ ਤਉ ਸਚ ਲਾਗੇ, ਸਾਚੇ ਕੇ ਬਿਉਹਾਰੀ।। ਸਾਚੀ ਬਸਤੁ ਕੇ ਭਾਰੁ ਚਲਾਏ, ਪਹੁਚੇ ਜਾਇ ਭੰਡਾਰੀ।।’’ ੧੧੨੩।।

ਸਤਿਗੁਰ ਨਾਨਕ ਸਾਹਿਬ ਜੀ ਫ਼ੁਰਮਾਂਦੇ ਹਨ ਕਿ ਚੰਦ ਸੂਰਜ ਜਗਤ ਦੇ ਮਾਨੋ ਦੋ ਦੀਵੇ ਹਨ ਚੌਦਾਂ ਲੋਕ ਬਾਜ਼ਾਰ ਹਨ, ਜਿਤਨੇ ਜੀਵਨ ਹਨ ਉਤਨੇ ਹੀ ਮਾਤ ਲੋਕ ਦੇ ਵਾਪਾਰੀ ਹਨ। ਜਦੋਂ ਜਗਤ ਰਚਨਾ ਵਿੱਚ ਹੱਟ ਖੁਲੇ, ਵਾਪਾਰ ਹੋਣ ਲਗ ਪਿਆ, ਜੋ ਵਾਪਾਰੀ ਇਥੇ ਪਹੁੰਚਦਾ ਹੈ ਉਹ ਖੋਟਾ ਖਰਾ ਵਾਪਾਰ ਕਰਕੇ ਚਲਣ ਵਾਲਾ ਬਣਦਾ ਹੈ। ਧਰਮ ਰੂਪ ਦਲਾਲ, ਜੀਵਾਂ ਦੇ ਅਮਲਾਂ (ਭਾਵ ਕਰਮਾਂ) ਅਨੁਸਾਰ ਨਿਸ਼ਾਨ ਪਾਈ ਜਾਂਦਾ ਹੈ। ਗੁਰੂੂ ਜੀ ਫ਼ੁਰਮਾਂਦੇ ਹਨ ਕਿ ਪ੍ਰਭੂ ਦੇ ਹੱਟ ’ਤੇ ਨਾਮ ਰੂਪ ਲਾਭ ਹੀ ਪਰਵਾਣ ਹੈ। ਜਿਹੜੇ ਮਨੁੱਖ ਨਾਮ ਦਾ ਲਾਹਾ ਖੱਟ ਕੇ ਨਿਜ ਘਰ (ਭਾਵ ਨਿਜ ਸਰੂਪ) ਵਿਚ ਆਏ ਉਨਾਂ ਨੂੰ ਵਧਾਈ ਅਤੇ ਸਚ ਨਾਮ ਦੀ ਵਡਿਆਈ ਮਿਲਦੀ ਹੈ। ਫ਼ੁਰਮਾਨ ਹੈ:-

‘‘ਦੁਇ ਦੀਵੇ, ਚਉਦਹ ਹਟਨਾਲੇ।। ਜੇਤੇ ਜੀਅ ਤੇਤੇ ਵਣਜਾਰੇ।। ਖੁਲ੍ਰੇ ਹਟ, ਹੋਆ ਵਾਪਾਰੁ।। ਜੋ ਪਹੁਚੈ, ਸੋ ਚਲਣਹਾਰੁ।। ਧਰਮੁ ਦਲਾਲੁ ਪਾਏ ਨੀਸਾਣੁ।। ਨਾਨਕ! ਨਾਮੁ ਲਾਹਾ ਪਰਵਾਣੁ।। ਘਰਿ ਆਏ ਵਜੀ ਵਾਧਾਈ।। ਸਚ ਨਾਮ ਕੀ ਮਿਲੀ ਵਡਿਆਈ।।’’ ਮ:੩/੭੮੯।।

ਭਾਈ ਗੁਰਦਾਸ ਜੀ ਆਪਣੀ ਰਚਨਾ ਵਿਚ ਵਾਰ ਨੰ.13 ਦੀ ਪਉੜੀ ਨੰ.21 ਰਾਹੀਂ ਵੀ ਦਰਸਾਉਦੇਂ ਹਨ ਕਿ ਸੱਚਾ ਸਉਦਾ ਸੱਚੇ ਪਾਤਿਸ਼ਾਹ ਦੀ ਹੱਟ ’ਤੋਂ ਹੀ ਮਿਲਦਾ ਹੈ। ਕਥਨ ਹੈ:- ‘‘ਸਉਦਾ ਇਕਤੁ ਹਟਿ ਹੈ, ਸਾਹੁ ਸਤਿਗੁਰੁ ਪੂਰਾ।। ਅਉਗੁਣ ਲੈ ਗੁਣ ਵਿਕਣੈ, ਵਚਨੈ ਦਾ ਸੂਰਾ।। ਸਫਲੁ ਕਰੈ ਸਿੰਮਲੁ ਬਿਰਖੁ, ਸੋਵਰਨੁ ਮਨੂਰਾ।। ਵਾਸੁ ਸੁਵਾਸੁ ਨਿਵਾਸੁ ਕਰਿ, ਕਾਉ ਹੰਸੁ ਨ ਊਰਾ।। ਘੁਘੂ ਸੁਝ ਸੁਝਇਦਾ, ਸੰਖ ਮੋਤੀ ਚੂਰਾ।। ਵੇਦ ਕਤੇਬਹੁ ਬਾਹਰਾ, ਗੁਰ ਸਬਦੁ ਹਜੂਰਾ।।’’ (੧੩/੨੧)

ਗੁਰੂ ਅਮਰਦਾਸ ਜੀ ਨੇ ਵੀ ਜੀਵ ਨੂੰ ਆਤਮਿਕ ਜੀਵਨ ਦੀ ਉਨਤੀ ਵਲ ਪ੍ਰੇਰਦਿਆਂ ਉਪਦੇਸ਼ ਕੀਤਾ ‘‘ਹਰਿ ਰਾਸਿ ਮੇਰੀ, ਮਨੁ ਵਣਜਾਰਾ।। ਹਰਿ ਰਾਸਿ ਮੇਰੀ ਮਨੁ ਵਣਜਾਰਾ, ਸਤਿਗੁਰ ਤੇ ਰਾਸਿ ਜਾਣੀ।।’’ ਮ:੩/੯੨੧।।

ਪਰਮਾਤਮਾ ਆਦਰਸ਼ ਗੁਣਾਂ ਦਾ ਪ੍ਰਤੀਕ ਹੈ, ਮਨ ਵਿਚ ਉਨਤੀ ਕਰਨ ਲਈ ਸ਼ਕਤੀ ਹੈ। ਮਨ ਉਨ੍ਹਾਂ ਗੁਣਾਂ ਦਾ ਧਾਰਨੀ ਹੋ ਸਕਦਾ ਹੈ। ਪਰ ਇਹ ਪ੍ਰਾਪਤੀ ਇਕ ਦਿਨ ਵਿੱਚ ਨਹੀਂ ਹੋਣੀ ਬਲਕਿ ਇਕ ਵਾਪਾਰੀ ਦੀ ਤਰ੍ਹਾਂ ਲਗਾਤਾਰ ਯਤਨ ਕਰਨ ਨਾਲ ਹੋਣੀ ਹੈ। ਹਰ ਰੋਜ਼ ਪੜਤਾਲ ਕਰਨੀ ਪੈਣੀ ਹੈ ਕਿ ਅੱਜ ਮੇਰੀ ਆਤਮਿਕ ਤੌਰ ’ਤੇ ਕਿੰਨ੍ਰੀ ਉਨਤੀ ਹੋਈ ਹੈ। ਅੱਜ ਜੀਵਨ ’ਤੋਂ ਕੀ ਲਾਭ ਪ੍ਰਾਪਤ ਹੋਇਆ ਹੈ। ਫ਼ੁਰਮਾਨ ਕੀਤਾ ਹੈ:-‘‘ਹਰਿ ਹਰਿ ਨਿਤ ਜਪਿਹੁ ਜੀਅਹੁ, ਲਾਹਾ ਖਟਿਹੁ ਦਿਹਾੜੀ।।’’ ਮ:੩/੯੨੧।। ਇਸ ਤਰ੍ਹਾਂ ਜਿਨ੍ਹਾਂ ਨੇ ਸਚੇ ਨਾਮ ਦੇ ਵਾਪਾਰ ਨੂੰ ਖਰੀਦਿਆ ਹੈ ਉਨ੍ਹਾਂ ਪਰਥਾਏ ਗੁਰਬਾਣੀ ਨੇ ਇਸ ਤਰ੍ਹਾਂ ਫ਼ੁਰਮਾਇਆ ਹੈ:-‘‘ਇਹੁ ਵਾਪਾਰੁ ਵਿਰਲਾ ਵਾਪਾਰੈ।। ਨਾਨਕ! ਤਾ ਕੈ, ਸਦ ਬਲਿਹਾਰੈ।। ਮ:੫/੨੮੩।।….. ‘‘ਸਤ ਕੈ ਖਟਿਐ, ਦੁਖੁ ਨਹੀ ਪਾਇਆ।।’’ ਮ:੫/੩੭੨।।…… ‘‘ਕਹੁ ਨਾਨਕ! ਕਿਰਪਾ ਕਰੇ, ਜਿਸ ਨੋ ਇਹ ਵਥ ਦੇਇ।। ਜਗ ਮਹਿ ਉਤਮ ਕਾਢੀਅਹਿ, ਵਿਰਲੇ ਕੇਈ ਕੇਇ।।’’ ਮ:੫/੫੧੭।।

‘‘ਕਰ ਮਨ ਮੇਰੇ! ਸਤ ਬਿਉਹਾਰ।।’’ ਦੇ ਪਵਿਤ੍ਰ ਉਪਦੇਸ਼ ਰਾਹੀਂ ਅਜਿਹਾ ਆਤਮਿਕ ਵਣਜ ਕਰਨ ਵਾਲੇ ਜਗਿਆਸੂਆਂ ਨੂੰ ਦੁਨਿਆਵੀ ਰੂਪ ਵਿੱਚ ਵੀ ਚੰਗੇ ਬਿਉਹਾਰ ਦੀ ਸਮਝ ਆ ਗਈ ਜਿਵੇਂ ਪ੍ਰੇਮ ਸੁਮਾਰਗ ਗ੍ਰੰਥ ਵਿੱਚ ਅੰਕਤ ਹੈ ਕਿ: ‘ਕਿਰਤ ਜੋ ਕਰੇ ਧਰਮ ਦੀ ਕਰੇ, ਸਭ ਤੇ ਉਤਮ ਕਿਰਤ ਸਉਦਾਗਰੀ ਹੈ। ਉਸ ਤੇ ਖੇਤੀ ਹੈ। ਬਿਉਹਾਰ ਮੈ ਲੈਣੇ ਦੇਣੇ ਮੈ ਏਕ ਹੀ ਬਾਤ ਕਰੈ, ਦੂਸਰੀ ਨ ਕਰੈ, ਮਿਥਿਆ ਬਿਉਹਾਰ ਨ ਕਰੈ, ਅਰ ਕੋਈ ਕਿਸੀ ਕੋ ਕਸਬ ਕਰਨੇ ਤੇ ਅਬੈ ਨ ਰਖੈ, ਕਸਬ ਕਰਨਾ, ਕਿਆ ਉਤਮ? ਕਿਆ ਮਧਮ? ਕਿਆ ਨੀਚ? ਬਡੀ ਭਗਤੀ ਹੈ, ਇਸ ਬਰਾਬਰ ਔਰ ਭਗਤਿ ਨਾਹੀ, ਜੋ ਕਸਬ ਕਰ ਕੈ ਬੰਦਗੀ ਕਰੈ।।’

ਅਜਿਹੇ ਧਰਮੀ ਮਨੁਖਾਂ ਦੇ ਦੁਨਿਆਵੀ ਵਾਪਾਰ ਦੁਆਰਾ ਕਮਾਇਆ ਧਨ ਅਤੇ ਹੋਰ ਸਾਧਨ ਪਵਿਤ੍ਰ ਹੋ ਜਾਂਦੇ ਹਨ ਜੋ ਖ਼ਲਕਤ ਦੇ ਭਲੇ ਹਿਤ ਵਰਤੀਦੇ ਹਨ। ਸਾਹਿਬਾਂ ਦਾ ਫ਼ੁਰਮਾਨ ਹੈ:-‘‘ਗੁਰਮੁਖਿ ਸਭ ਪਵਿਤੁ ਹੈ, ਧਨੁ ਸੰਪੈ ਮਾਇਆ।। ਹਰਿ ਅਰਥਿ ਜੋ ਖਰਚਦੇ, ਦੇਂਦੇ ਸੁਖੁ ਪਾਇਆ।।’’ ਮ:੪/੧੨੪੬।।
ਮਨੁੱਖ ਨੇ ਜਿਥੇ ਦੁਨੀਆਵੀ ਵਾਪਾਰ ਵਿੱਚ ਉਨਤੀ ਦੀ ਰਾਹ ਵੇਖਣੀ ਹੈ ਉੱਥੇ ਪਰਮਾਤਮਾ ਵੱਲੋਂ ਮੂਲ ਧਨ ਦੀ ਤਰ੍ਹਾਂ ਪ੍ਰਾਪਤ ਹੋਈ ਸੁਆਸਾਂ ਦੀ ਪੂੰਜੀ ਨਾਲ ਨਾਮ ਸਿਮਰਨ ਕਰਦਿਆਂ ਗੁਰਬਾਣੀ ਸਮਝਣ ਸਮਝਾਉਣ ਦਾ ਉਪਰਾਲਾ ਕਰਨਾ ਹੈ। ਗੁਰੂ ਅਰਜਨ ਸਾਹਿਬ ਜੀ ਫ਼ੁਰਮਾਨ ਕਰਦੇ ਹਨ ਕਿ ‘‘ਹਮ ਧਨਵੰਤ ਭਾਗਠ ਸਚ ਨਾਇ।।’’ ਮ:੫/੧੮੫।। ਦੀ ਪ੍ਰਾਪਤੀ ਤਾਂ ਹੋਈ ਹੈ ਜਦੋਂ ਮੈ ‘‘ਪੀਊ ਦਾਦੇ ਕਾ, ਖੋਲਿ ਡਿਠਾ ਖਜਾਨਾ।। ਤਾ, ਮੇਰੈ ਮਨਿ, ਭਇਆ ਨਿਧਾਨਾ।। ਰਤਨ ਲਾਲ, ਜਾ ਕਾ ਕਛੂ ਨ ਮੋਲੁ।। ਭਰੇ ਭੰਡਾਰ ਅਖੂਟ ਅਤੋਲ।। ਖਾਵਹਿ ਖਰਚਹਿ, ਰਲਿ ਮਿਲਿ ਭਾਈ।। ਤੋਟਿ ਨ ਆਵੈ, ਵਧਦੋ ਜਾਈ।।’’ ਮ:੫/੧੮੬।।

ਇਹ ਗੁਰਬਾਣੀ ਦਾ ਖਜ਼ਾਨਾ ਐਨਾ ਅਖੁਟ ਹੈ ਕਿ ‘‘ਤਿਚਰੁ ਮੂਲਿ ਨ ਖੜੀਂਦੋ, ਜਿਚਰੁ ਆਪਿ ਕ੍ਰਿਪਾਲੁ।। ਸਬਦੁ ਅਖੁਟੁ ਬਾਬਾ ਨਾਨਕਾ, ਖਾਹਿ ਖਰਚਿ ਧਨ ਮਾਲ।।’’ ਮ:੫/੧੪੨੬।।

ਜਗਤ ਰਚਨਾ ਵਿਚ ਸਪੁਤ੍ਰ ਹੋਣ ਦਾ ਮਾਣ ਉੱਸੇ ਨੂੰ ਪ੍ਰਾਪਤ ਹੁੰਦਾ ਹੈ ਜੋ ਪਿਤਾ ਵੱਲੋਂ ਦਿੱਤੀ ਪੂੰਜੀ ਨਾਲ ਲਾਭ ਪ੍ਰਾਪਤ ਕਰਦਾ ਹੈ। ਭਾਈ ਗੁਰਦਾਸ ਜੀ ਦੇ ਕਥਨ ਹੈ: ‘‘ਬਨਜ ਬਿਉਹਾਰ ਲਗਿ ਜਾਤ ਹੈ ਬਿਦੇਸਿ ਪ੍ਰਾਨੀ, ਕਹੀਏ ਸਪੂਤ ਲਾਭ ਲਭਤ ਕੈ ਆਨੀਐ।। ਕਬਿੱਤ-੧੧੮/ਭਾਈ ਗੁਰਦਾਸ ਜੀ।
ਮਨੁੱਖ ਵਣਜਾਰੇ ਨੂੰ ਆਤਮਿਕ ਸੂਝ ਦਿੰਦਿਆਂ ਵੀ ਸਾਹਿਬਾਂ ਨੇ ਫ਼ੁਰਮਾਇਆ ਹੈ:-‘‘ਵਣਜੁ ਕਰਹੁ ਮਖਸੂਦੁ ਲੈਹੁ, ਮਤ ਪਛੋਤਾਵਹੁ।।…. ਤਾਂ ਵਾਪਾਰੀ ਜਾਣੀਅਹੁ, ਲਾਹਾ ਲੈ ਜਾਵਹੁ।।’’ ਮ:੧/੪੧੮।।

ਸੋ ਆਉ ਗੁਰਬਾਣੀ ਵਿੱਚੋਂ ਵਾਪਾਰ ਦੇ ਇਸ ਸੰਕਲਪ ਨੂੰ ਸਮਝੀਏ ਤਾਂ ਕਿ ਸਾਹਿਬਾਂ ਦੁਆਰਾ ਦਿੱਤਾ ਪਵਿੱਤ੍ਰ ਉਪਦੇਸ਼ ਸਾਡੇ ਅੰਦਰ ਵਸ ਜਾਏ ਅਤੇ ਅਸੀਂ ਪ੍ਰਭੂ ਜੀ ਦੀ ਦਰਗਾਹ ਵਿੱਚ ਪਰਵਾਨ ਹੋਣ ਵਾਲੀ ਪੂੰਜੀ (ਖੇਪ) ਇੱਕਠੀ ਕਰ ਸਕੀਏ ਤਾਂ ਤੇ ਦ੍ਰਿੜ੍ਹ ਕਰਨਾ ਹੀ ਪਵੇਗਾ: ‘‘ਸਚੁ ਵਾਪਾਰੁ ਕਰਹੁ ਵਾਪਾਰੀ।। ਦਰਗਹ ਨਿਬਹੈ ਖੇਪ ਤੁਮਾਰੀ।।’’ ਮ:੫/੨੯੩।।