ਮਾਦਾ ਭਰੂਣ ਹੱਤਿਆ–ਸੰਨ 2021 ਦੀ ਰਿਪੋਰਟ
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,
ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783
ਮੈਨੂੰ ਇਕ ਸਮਾਗਮ ਉੱਤੇ ਬੁਲਾਇਆ ਗਿਆ ਸੀ, ਜਿੱਥੇ ਇਕ ਥ੍ਰੀਵੀਲ੍ਹਰ ਚਲਾਉਣ ਵਾਲੇ ਦੀ ਬੇਟੀ ਦਾ ਸਨਮਾਨ ਹੋਣਾ ਸੀ। ਉਸ ਦੀ ਬੇਟੀ ਜੱਜ ਚੁਣੀ ਗਈ ਸੀ। ਚੁਫ਼ੇਰੇ ਖ਼ੁਸ਼ੀ ਦਾ ਮਾਹੌਲ ਸੀ। ਮੈਨੂੰ ਮੌਕਾ ਮਿਲਿਆ ਉਸ ਦੇ ਪਿਤਾ ਨਾਲ ਗੱਲ ਕਰਨ ਦਾ। ਉਸ ਦੀ ਹਿੰਮਤ ਦੀ ਦਾਦ ਦਿੰਦਿਆਂ ਮੈਂ ਪੁੱਛਿਆ ਕਿ ਉਸ ਨੂੰ ਧੀ ਦੇ ਪਰਵਰਿਸ਼ ਵੇਲੇ ਕਿੰਨੀਆਂ ਕੁ ਔਕੁੜਾਂ ਦਾ ਸਾਹਮਣਾ ਕਰਨਾ ਪਿਆ !
ਜੋ ਉਸ ਦਾ ਜਵਾਬ ਸੀ, ਉਸ ਨੇ ਮੈਨੂੰ ਬਹੁਤ ਕੁੱਝ ਸੋਚਣ ਉੱਤੇ ਮਜਬੂਰ ਕਰ ਦਿੱਤਾ। ਉਸ ਨੇ ਦੱਸਿਆ ‘ਮੈਂ ਹਾਲੇ ਤੱਕ ਇਹ ਗੱਲ ਕਿਸੇ ਨਾਲ ਸਾਂਝੀ ਨਹੀਂ ਕੀਤੀ ਤੇ ਨਾ ਹੀ ਅੱਗੋਂ ਕਰਨ ਵਾਲਾ ਹਾਂ। ਤੁਸੀਂ ਇਸ ਵਿਸ਼ੇ ਉੱਤੇ ਕੰਮ ਕੀਤਾ ਹੈ, ਇਸੇ ਲਈ ਤੁਹਾਨੂੰ ਦੱਸ ਦਿੰਦਾ ਹਾਂ। ਮੇਰੀ ਆਪਣੀ ਕੋਈ ਔਲਾਦ ਨਹੀਂ ਸੀ। ਇਹ ਬੇਟੀ ਮੈਨੂੰ ਝਾੜੀਆਂ ’ਚ ਸੁੱਟੀ ਮਿਲੀ ਸੀ। ਮੈਂ ਸਾਰੀ ਉਮਰ ਇਸ ਨੂੰ ਆਪਣੀ ਸਮਝ ਕੇ ਪਾਲ਼ਦਾ ਰਿਹਾ ਹਾਂ। ਆਪਣਾ ਢਿੱਡ ਕੱਟ ਕੇ ਵੀ ਮੈਂ ਇਸ ਨੂੰ ਪੜ੍ਹਾਉਂਦਾ ਰਿਹਾ ਤਾਂ ਜੋ ਇਹ ਵੱਡੀ ਅਫ਼ਸਰ ਲੱਗ ਸਕੇ। ਮੇਰੀ ਇੱਛਾ ਸੀ ਕਿ ਮੈਂ ਇਸ ਦੇ ਅਸਲ ਮਾਪਿਆਂ ਵੱਲੋਂ ਕੀਤੀ ਗ਼ਲਤੀ ਸੁਧਾਰ ਸਕਾਂ।
ਇਹੋ ਜਿਹੇ ਨੇਕ ਇਨਸਾਨਾਂ ਸਦਕਾ ਹੀ ਔਰਤ ਦਾ ਵਜੂਦ ਹਾਲੇ ਤੱਕ ਕਾਇਮ ਹੈ।
ਰੱਤਾ ਧਿਆਨ ਕਰੀਏ ਸੰਨ 2020 ਵਿਚ ਯੂਨਾਈਟਿਡ ਪੌਪੂਲੇਸ਼ਨ ਫੰਡ ਵੱਲੋਂ ਰੀਲੀਜ਼ ਕੀਤੇ ਅੰਕੜਿਆਂ ਵੱਲ ! ਕੀ ਕਿਸੇ ਨੂੰ ਅੰਦਾਜ਼ਾ ਹੈ ਕਿ ਭਾਰਤ ਦੀ ਪਿਛਲੇ 50 ਸਾਲਾਂ ਦੀ ਕਾਰਗੁਜ਼ਾਰੀ ਅਨੁਸਾਰ ਧੀਆਂ ਮਾਰਨ ਦੀ ਰਿਵਾਇਤ ਵਿਚ ਕਿਸ ਹੱਦ ਤੱਕ ਵਾਧਾ ਹੋਇਆ ਹੈ ?
ਸੰਨ 1970 ਵਿਚ ਇਸ ਧਰਤੀ ਉੱਤੇ 6 ਕਰੋੜ 10 ਲੱਖ ਕੁੜੀਆਂ ਘੱਟ ਲੱਭੀਆਂ ਸਨ। ਇਸ ਦਾ ਮਤਲਬ ਇਹ ਕੱਢਿਆ ਗਿਆ ਕਿ ਸਾਰੀਆਂ ਜੰਮਣ ਤੋਂ ਬਾਅਦ ਮਾਰ ਮੁਕਾ ਦਿੱਤੀਆਂ ਗਈਆਂ ਸਨ। ਸੰਨ 2020 ਦੇ ਅੰਕੜੇ ਹੋਰ ਵੀ ਦਿਲ ਕੰਬਾਊ ਸਨ। ਹੁਣ ਇਹ ਗਿਣਤੀ ਇੱਕ ਅਰਬ 42 ਕਰੋੜ 60 ਲੱਖ ਤੋਂ ਉਤਾਂਹ ਟੱਪ ਚੁੱਕੀ ਹੈ।
ਅਸੀਂ ਭਾਰਤੀ, ਭਾਰਤ ਦੇ ਅੰਦਰ ਹੋਈਏ ਜਾਂ ਬਾਹਰ, ਦੁਨੀਆ ਭਰ ਵਿਚਲੀਆਂ ਔਰਤਾਂ ਦੀ ਘਟਦੀ ਜਾਂਦੀ ਗਿਣਤੀ ਵਿੱਚੋਂ ਲਗਭਗ 46 ਕਰੋੜ ਬੇਟੀਆਂ ਮਾਰਨ ਦੇ ਜ਼ਿੰਮੇਵਾਰ ਮੰਨੇ ਜਾ ਚੁੱਕੇ ਹਾਂ।
ਸੰਨ 2013 ਤੋਂ 2017 ਤੱਕ ਹਰ ਸਾਲ ਚਾਰ ਲੱਖ 60 ਹਜ਼ਾਰ ਬੇਟੀਆਂ ਕੁੱਖ ਵਿਚ ਜਾਂ ਜੰਮਦੇ ਸਾਰ ਭਾਰਤ ਵਿਚ ਮਾਰੀਆਂ ਗਈਆਂ ਤੇ ਸਰਵੇਖਣ ਅਨੁਸਾਰ (ਯੂਨਾਈਟਿਡ ਨੇਸ਼ਨਜ਼ ਵੱਲੋਂ ਸੰਨ 2020 ਵਿਚ ਰੀਲੀਜ਼ ਕੀਤੇ ਗਏ ਅੰਕੜੇ) ਬਾਕੀ ਬੱਚੀਆਂ ਵਿੱਚੋਂ 26.8 ਫੀਸਦੀ ਕੁੜੀਆਂ ਬਲਾਤਕਾਰਾਂ ਤੋਂ ਬਚਾਉਣ ਤੇ ਆਪਣੀ ਮਰਜ਼ੀ ਦਾ ਵਰ ਨਾ ਚੁਣ ਲੈਣ ਦੇ ਡਰੋਂ 18 ਸਾਲ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ ਵਿਆਹ ਦਿੱਤੀਆਂ ਗਈਆਂ।
ਇਸ ਸਰਵੇਖਣ ਵਿਚ ਸਪਸ਼ਟ ਕੀਤਾ ਗਿਆ ਕਿ ਜਿੰਨੇ ਜ਼ਿਆਦਾ ਅਮੀਰ ਘਰਾਣੇ ਸਨ, ਓਨੇ ਹੀ ਵੱਧ ਉਹ ਕੁੜੀਮਾਰ ਸਨ। ਗ਼ਰੀਬ ਲੋਕਾਂ ਵਿਚ ਕੁੜੀਆਂ ਮਾਰਨ ਦਾ ਰੁਝਾਨ ਘੱਟ ਸੀ।
ਭਾਰਤ ਦੇ ਹੋਮ ਅਫੇਅਰਜ਼ ਮੰਤਰਾਲੇ ਨੇ ਸੰਨ 2018 ਵਿਚ ਰਿਪੋਰਟ ਜਾਰੀ ਕੀਤੀ ਸੀ ਕਿ ਸੰਨ 2016 ਤੋਂ 2018 ਤੱਕ ਭਾਰਤ ਵਿੱਚ ਹਰ 1000 ਮੁੰਡਿਆਂ ਪਿੱਛੇ ਸਿਰਫ਼ 899 ਬੇਟੀਆਂ ਜੰਮੀਆਂ। ਇਨ੍ਹਾਂ ਕਤਲਾਂ ਵਿਚ ਮੁੱਖ ਹਿੱਸੇਦਾਰ ਸੂਬੇ ਸਨ ‘ਹਰਿਆਣਾ, ਉੱਤਰਾਖੰਡ, ਦਿੱਲੀ, ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ, ਮਹਾਰਾਸ਼ਟਰ, ਪੰਜਾਬ ਤੇ ਬਿਹਾਰ’।
ਭਾਰਤ ਦੇ ਨੈਸ਼ਨਲ ਫੈਮਿਲੀ ਹੈਲਥ ਸਰਵੇਖਣ, ਜੋ ਸੰਨ 2015-16 ਵਿਚ ਕਰਵਾਇਆ ਗਿਆ, ਅਨੁਸਾਰ 26.8 ਫੀਸਦੀ ਭਾਰਤੀ ਕੁੜੀਆਂ ਦਾ ਵਿਆਹ 18 ਸਾਲ ਤੋਂ ਘੱਟ ਉਮਰ ਵਿਚ ਕੀਤਾ ਜਾ ਰਿਹਾ ਸੀ।
ਬਿਹਾਰ ਤੇ ਬੰਗਾਲ ਵਿਚ ਹਰ ਪੰਜਾਂ ਵਿੱਚੋਂ ਦੋ ਕੁੜੀਆਂ ਦਾ ਵਿਆਹ 10 ਤੋਂ 13 ਸਾਲਾਂ ਦੀ ਉਮਰ ਵਿਚ ਹੀ ਕੀਤਾ ਜਾ ਰਿਹਾ ਹੈ। ਕਿਤੇ ਕਿਤੇ ਤਾਂ 8 ਸਾਲਾਂ ਦੀ ਕੁੜੀ ਹੀ ਵਿਆਹ ਕੇ ਤੋਰ ਦਿੱਤੀ ਜਾਂਦੀ ਹੈ।
ਝਾਰਖੰਡ, ਰਾਜਸਥਾਨ, ਆਂਧਰ ਪ੍ਰਦੇਸ ਤੇ ਮੱਧ ਪ੍ਰਦੇਸ ਵਿਚਲੀ ਰਿਪੋਰਟ ਅਨਸਾਰ ਤਿੰਨਾਂ ਵਿੱਚੋਂ ਇੱਕ ਕੁੜੀ ਦਾ ਵਿਆਹ 13 ਸਾਲਾਂ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ ਕੀਤਾ ਜਾ ਰਿਹਾ ਹੈ।
ਦੁਨੀਆ ਭਰ ਦੇ ਅੰਕੜਿਆਂ ਅਨੁਸਾਰ ਹਰ ਪੰਜਾਂ ਵਿੱਚੋਂ ਇੱਕ ਬੇਟੀ; ਬਾਲ ਵਿਆਹ ਵਿਚ ਨੜ ਦਿੱਤੀ ਜਾਂਦੀ ਹੈ। ਜਦੋਂ ਕਾਰਨ ਲੱਭਣ ਦੀ ਕੋਸ਼ਸ਼ ਕੀਤੀ ਗਈ ਤਾਂ ਪ੍ਰਮੁੱਖ ਕਾਰਨ ਸਰੀਰਕ ਸ਼ੋਸ਼ਣ ਤੋਂ ਬਚਾਉਣਾ ਸੀ। ਬਲਾਤਕਾਰ ਦੇ ਵਧਦੇ ਕੇਸਾਂ ਨੂੰ ਵੇਖਦਿਆਂ ਮਾਪੇ ਆਪਣੀਆਂ ਧੀਆਂ ਨੂੰ ਛੋਟੇ ਹੁੰਦਿਆਂ ਹੀ ਵਿਆਹੁਣ ਉੱਤੇ ਮਜਬੂਰ ਹੋ ਚੁੱਕੇ ਸਨ।
ਬਾਕੀ ਕਾਰਨ :-1. ਗਰੀਬੀ, ਪੜ੍ਹਾਈ ਨਾ ਕਰਵਾ ਸਕਣਾ, ਕੰਮ ਕਾਰ ਦੀ ਘਾਟ ਸਦਕਾ ਬੇਟੀ ਨੂੰ ਭਾਰ ਮੰਨਣਾ।
- ਦਾਜ ਤੋਂ ਬਚਣ ਲਈ ਵਡੇਰੀ ਉਮਰ ਵਾਲੇ ਨਾਲ ਵਿਆਹ ਦੇਣਾ।
- ਬੇਟੀ ਦੀ ਮਰਜ਼ੀ ਨਾਲ ਵਿਆਹ ਹੋਣ ਤੋਂ ਰੋਕਣਾ।
ਨੈਸ਼ਨਲ ਫੈਮਲੀ ਹੈਲਥ ਸਰਵੇਖਣ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸੰਨ 2015-16 ਵਿਚ ਸਭ ਤੋਂ ਵੱਧ ਉਨ੍ਹਾਂ ਨਾਬਾਲਗ ਬੇਟੀਆਂ ਦੇ ਵਿਆਹ ਹੋਏ ਜਿਨ੍ਹਾਂ ਦੇ ਘਰ ਅਤਿ ਦੀ ਗ਼ਰੀਬੀ ਸੀ। ਨਾ ਉਨ੍ਹਾਂ ਬੇਟੀਆਂ ਨੂੰ ਪੜ੍ਹਾਇਆ ਗਿਆ ਸੀ ਤੇ ਨਾ ਹੀ ਘਰ ਖਾਣ ਨੂੰ ਕੁੱਝ ਦਿੱਤਾ ਜਾ ਰਿਹਾ ਸੀ। ਉਨ੍ਹਾਂ ਨੂੰ ਭਾਰ ਤੇ ਪਰਾਇਆ ਧਨ ਮੰਨਦਿਆਂ ਛੇਤੀ ਤੋਰ ਦਿੱਤਾ ਗਿਆ ਸੀ। ਇਨ੍ਹਾਂ ਅੰਕੜਿਆਂ ਤੋਂ ਇਹ ਗੱਲ ਸਾਹਮਣੇ ਆਈ ਕਿ ਜੇ ਬੇਟੀਆਂ ਦੀ ਪੜ੍ਹਾਈ ਸ਼ੁਰੂ ਹੋ ਜਾਏ ਤੇ ਘੱਟੋ-ਘੱਟ ਅੱਠਵੀਂ ਤੱਕ ਲਾਜ਼ਮੀ ਕਰ ਦਿੱਤੀ ਜਾਏ ਤਾਂ ਇਨ੍ਹਾਂ ਵਿੱਚੋਂ ਅੱਧੀਆਂ ਤੋਂ ਵੱਧ 14 ਸਾਲ ਦੀ ਉਮਰ ਜ਼ਰੂਰ ਟੱਪ ਜਾਣਗੀਆਂ।
ਇਹ ਤੱਥ ਇਸ ਲਈ ਬਹੁਤ ਤਕੜੇ ਤਰੀਕੇ ਉਘਾੜੇ ਗਏ ਕਿਉਂਕਿ ਵਿਸ਼ਵ ਪੱਧਰ ਉੱਤੇ ਇਹ ਅੰਕੜੇ ਪਰੇਸ਼ਾਨ ਕਰਨ ਵਾਲੇ ਸਨ :-
- ਜਿਹੜੀਆਂ ਭਾਰਤੀ ਬੇਟੀਆਂ 18 ਸਾਲਾਂ ਤੋਂ ਘੱਟ ਉਮਰ ਵਿਚ ਵਿਆਹੀਆਂ ਗਈਆਂ, ਉਨ੍ਹਾਂ ਵਿੱਚੋਂ 32 ਫੀਸਦੀ ਆਪਣੇ ਪਤੀਆਂ ਹੱਥੋਂ, ਜੋ ਕਿ ਉਮਰ ਵਿਚ ਲਗਭਗ ਦੁਗਣੀ ਵੱਡੀ ਉਮਰ ਦੇ ਸਨ, ਬੇਤਹਾਸ਼ਾ ਮਾਰ ਕੁਟਾਈ ਸਹਿ ਰਹੀਆਂ ਸਨ।
- ਇਹੀ ਅੰਕੜੇ ਸਿਰਫ਼ 17 ਫੀਸਦੀ ਵੇਖੇ ਗਏ ਜਦੋਂ ਬਾਲਗ ਔਰਤਾਂ ਦੇ ਵਿਆਹ ਕੀਤੇ ਗਏ। ਇਹ ਸਰਵੇਖਣ 8000 ਔਰਤਾਂ ਵਿਚ ਅਤੇ ਪੰਜ ਸੂਬਿਆਂ ਵਿਚ ਕੀਤਾ ਗਿਆ ਸੀ ‘ਆਂਧਰ ਪ੍ਰਦੇਸ, ਬਿਹਾਰ, ਝਾਰਖੰਡ, ਮਹਾਰਾਸ਼ਟਰ ਅਤੇ ਰਾਜਸਥਾਨ’।
ਦੱਖਣੀ ਭਾਰਤ ਵਿਚ ਸੰਨ 2015-16 ਵਿਚ ਲਗਾਤਾਰ ਜਾਗਰੂਕਤਾ ਫੈਲਾਉਣ ਤੋਂ ਬਾਅਦ ਸੰਨ 2005-06 ਦੇ ਅੰਕੜਿਆਂ ਨਾਲੋਂ ਬਾਲ ਵਿਆਹਾਂ ਵਿਚ 47 ਫੀਸਦੀ ਘਾਟਾ ਦਿਸਿਆ। ਇਸ ਸਭ ਦੇ ਬਾਵਜੂਦ 2.39 ਲੱਖ ਕੁੜੀਆਂ ਪੰਜ ਸਾਲ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿਚ ਜਾ ਰਹੀਆਂ ਲੱਭੀਆਂ। ਕਾਰਨ- ਕੁੜੀਆਂ ਨੂੰ ਭਾਰ ਮੰਨਣਾ ਤੇ ਪਰਾਈ ਅਮਾਨਤ ਸਮਝ ਕੇ ਇਲਾਜ ਖੁਣੋਂ ਮਰਨ ਲਈ ਛੱਡ ਦੇਣਾ ਤੇ ਕੁਦਰਤੀ ਮੌਤ ਦਾ ਨਾਂ ਦੇ ਦੇਣਾ। ਇਹ ਅੰਕੜੇ ਉੱਤਰ ਪ੍ਰਦੇਸ, ਬਿਹਾਰ, ਰਾਜਸਥਾਨ ਤੇ ਮੱਧ ਪ੍ਰਦੇਸ ਦੇ ਸਨ।
ਆਸਟ੍ਰੀਆ ਦੇ ਅੰਤਰਰਾਸ਼ਟਰੀ ਇੰਸਟੀਚਿਊਟ ਫਾਰ ਐਪਲਾਈਡ ਸਿਸਟਮ ਅਨੈਲਿਸਿਸ ਵੱਲੋਂ ਕੀਤੀ ਖੋਜ ਅਨੁਸਾਰ ਸੰਨ 2015-16 ਵਿਚ 2.39 ਲੱਖ ਬੱਚੀਆਂ ਜੰਮਣ ਤੋਂ ਬਾਅਦ ਤੇ ਇਨ੍ਹਾਂ ਤੋਂ ਕਿਤੇ ਵੱਧ ਜੰਮਣ ਤੋਂ ਪਹਿਲਾਂ ਭਾਰਤ ਵਿਚ ਮਾਰੀਆਂ ਜਾ ਰਹੀਆਂ ਸਨ।
ਖੋਜੀ ਕਰਿਸਟੌਫ ਗਿਲਮੋਟੋ ਅਨੁਸਾਰ ਭਾਰਤ ਵਿਚ ਜੰਮਣ ਤੋਂ ਬਾਅਦ ਮਾਰੀਆਂ ਜਾ ਰਹੀਆਂ ਬੇਟੀਆਂ ਵਿੱਚੋਂ 90 ਫੀਸਦੀ ਨੂੰ ਘੱਟ ਖਾਣਾ ਖਾਣ ਨੂੰ ਦਿੱਤਾ ਜਾਂਦਾ ਹੈ, ਮੁਫ਼ਤ ਟੀਕਾਕਰਨ ਵੀ ਨਹੀਂ ਕਰਵਾਇਆ ਜਾਂਦਾ, ਪੂਰੇ ਕੱਪੜੇ ਵੀ ਪਾਉਣ ਨੂੰ ਨਹੀਂ ਦਿੱਤੇ ਜਾਂਦੇ ਤੇ ਲੋੜੋਂ ਵੱਧ ਕੰਮ ਕਰਵਾ ਕੇ ਇਲਾਜ ਖੁਣੋਂ ਮਰਨ ਲਈ ਛੱਡ ਦਿੱਤਾ ਜਾਂਦਾ ਹੈ। ਇਹ ਤੱਥ ਵੀ ਉੱਤਰ ਪ੍ਰਦੇਸ, ਬਿਹਾਰ, ਰਾਜਸਥਾਨ ਤੇ ਮੱਧ ਪ੍ਰਦੇਸ ਦੇ ਹੀ ਸਨ ਜਿੱਥੇ ਪੂਰੇ ਭਾਰਤ ਵਿਚ ਨਾਬਾਲਗ ਬੇਟੀਆਂ ਦੀਆਂ ਹੋ ਰਹੀਆਂ ਮੌਤਾਂ ਦੇ ਦੋ ਤਿਹਾਈ ਕੇਸ ਲੱਭੇ। ਯੋਗਦਾਨ ਵਜੋਂ ਵੇਖੀਏ ਕਿ ਕਿੰਨੇ ਫੀਸਦੀ ਉੱਥੋਂ ਦੇ ਲੋਕ ਅਜਿਹੀ ਸੋਚ ਰੱਖਦੇ ਸਨ-ਉੱਤਰ ਪ੍ਰਦੇਸ਼ (30.5 ਫੀਸਦੀ), ਬਿਹਾਰ (28.5 ਫੀਸਦੀ), ਰਾਜਸਥਾਨ (22.1 ਫੀਸਦੀ) ਤੇ ਮੱਧ ਪ੍ਰਦੇਸ (25.4 ਫੀਸਦੀ)। ਇਨ੍ਹਾਂ ਵਿੱਚੋਂ 74.6 ਫੀਸਦੀ ਪੇਂਡੂ, ਗਰੀਬ, ਘੱਟ ਪੜ੍ਹੀਆਂ ਲਿਖੀਆਂ ਤੇ ਅਨੇਕ ਬੱਚੇ ਜੰਮ ਚੁੱਕੀਆਂ ਮਾਵਾਂ ਦੀਆਂ ਬੇਟੀਆਂ ਸਨ।
ਨੰਦਿਤਾ ਸਾਈਕਿਆ, ਜੋ ਇਨ੍ਹਾਂ ਪਹਿਲੂਆਂ ਉੱਤੇ ਕੰਮ ਕਰਦੀ ਰਹੀ ਸੀ, ਨੇ ਵੀ ਸਪਸ਼ਟ ਕੀਤਾ ਸੀ ਕਿ ਇਨ੍ਹਾਂ ਸੂਬਿਆਂ ਵਿਚ ਬੇਟੀਆਂ ਦੀ ਬਹੁਤ ਬੇਕਦਰੀ ਕੀਤੀ ਜਾਂਦੀ ਸੀ ਤੇ ਹੁਣ ਤੱਕ ਵੀ ਜਾਰੀ ਹੈ। ਉੱਤਰੀ ਭਾਰਤ ਵਿਚ ਵੀ ਬੇਟੇ ਦੀ ਚਾਹਤ ਨੇ ਬੇਟੀਆਂ ਦੀ ਵੱਡੀ ਘਾਟ ਕਰ ਦਿੱਤੀ ਹੈ ਜੋ ਔਰਤਾਂ ਉੱਤੇ ਵਧਦੇ ਤਸ਼ੱਦਦ ਅਤੇ ਬਲਾਤਕਾਰਾਂ ਦਾ ਕਾਰਨ ਬਣਦਾ ਜਾ ਰਿਹਾ ਹੈ।
ਯੂਨਾਈਟਿਡ ਨੇਸ਼ਨਜ਼ ਅਨੁਸਾਰ ਚੀਨ ਤੋਂ ਬਾਅਦ ਭਾਰਤ ਹੀ ਹੈ, ਜੋ ਕੁੜੀਆਂ ਮਾਰਨ ਵਿਚ ਮੋਹਰੀ ਬਣਦਾ ਜਾ ਰਿਹਾ ਹੈ। ਚੀਨ ਵਿਚ 72 ਕਰੋੜ 30 ਲੱਖ ਕੁੜੀਆਂ ਸੰਨ 2020 ਵਿਚ ਘੱਟ ਲੱਭੀਆਂ ਤੇ ਭਾਰਤ ਵਿਚ 45 ਕਰੋੜ 80 ਲੱਖ। ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਯੂਨਾਈਟਿਡ ਨੇਸ਼ਨਜ਼ ਅਨੁਸਾਰ ਸੰਨ 2013 ਤੋਂ 2017 ਤੱਕ ਹਰ ਸਾਲ ਚਾਰ ਲੱਖ 60 ਹਜ਼ਾਰ ਬੇਟੀਆਂ ਭਾਰਤ ਵਿਚ ਜੰਮਦੇ ਸਾਰ ਮਾਰੀਆਂ ਗਈਆਂ। ਉਸੇ ਰਿਪੋਰਟ ਅਨੁਸਾਰ ਇਨ੍ਹਾਂ ਵਿੱਚੋਂ ਦੋ ਤਿਹਾਈ ਜੰਮਣ ਤੋਂ ਪਹਿਲਾਂ ਤੇ ਇੱਕ ਤਿਹਾਈ ਜੰਮਣ ਤੋਂ ਬਾਅਦ ਮਾਰ ਮੁਕਾਈਆਂ ਗਈਆਂ। ਇਸ ਰਿਪੋਰਟ ਵਿਚ ਅੱਗੇ ਲਿਖਿਆ ਹੈ ਕਿ ਚੀਨ ਅਤੇ ਭਾਰਤ ਨੇ ਮਿਲ ਕੇ ਦੁਨੀਆ ਭਰ ਦੀਆਂ ਮਾਦਾ ਭਰੂਣ ਹੱਤਿਆਵਾਂ ਦਾ 95 ਫੀਸਦੀ ਹਿੱਸਾ ਆਪਣੇ ਸਿਰ ਲਿਆ ਹੋਇਆ ਹੈ। ਇਨ੍ਹਾਂ ਹੱਤਿਆਵਾਂ ਦੀ ਗਿਣਤੀ ਹਰ ਸਾਲ ਇੱਕ ਕਰੋੜ 50 ਲੱਖ ਤੱਕ ਪਹੁੰਚ ਜਾਂਦੀ ਹੈ।
ਲੈਨਸਟ ਰਿਸਾਲੇ ਵਿਚ ਛਪੀ ਰਿਪੋਰਟ ਅਨੁਸਾਰ ਇਨ੍ਹਾਂ ਦੋਨਾਂ ਮੁਲਕਾਂ ਵਿਚ ਜਨਮ ਦਰ ਵੀ ਦੁਨੀਆ ਭਰ ਵਿੱਚੋਂ ਸਭ ਤੋਂ ਵੱਧ ਹੈ। ਨਤੀਜੇ ਵਜੋਂ ਕੁੜੀਆਂ ਦੀ ਦਿਨੋ ਦਿਨ ਘਟਦੀ ਗਿਣਤੀ ਸਦਕਾ ਅਣਵਿਆਹੇ ਮੁੰਡਿਆਂ ਦੀ ਭਰਮਾਰ, ਜੋ ਹੋਰਨਾਂ ਮੁਲਕਾਂ ਵਿੱਚੋਂ ਪਤਨੀਆਂ ਭਾਲਦੇ ਹਨ ਜਾਂ ਜਬਰ ਜ਼ਨਾਹ ਕਰ ਕੇ ਸਰੀਰਕ ਭੁੱਖ ਮਿਟਾਉਂਦੇ ਹਨ।
ਇਸ ਸਾਲ ਭਾਰਤ ਕੁੜੀਆਂ ਦੀ ਮਾਰਨ ਦੀ ਗਿਣਤੀ ਵਿਚ ਮੋਹਰੀ ਹੋ ਗਿਆ ਹੈ ਤੇ ਹੁਣ ਹਰ ਜੰਮਣ ਵਾਲੀਆਂ 9 ਵਿੱਚੋਂ ਇੱਕ ਭਾਰਤੀ ਧੀ ਕੁੱਖ ਵਿਚ ਮਾਰੀ ਜਾਣ ਲੱਗ ਪਈ ਹੈ। ਇਸ ਦਾ ਮਤਲਬ ਹੈ ਹਰ ਹਜ਼ਾਰ ਬੇਟੀਆਂ ਵਿੱਚੋਂ 13.5 ਫੀਸਦੀ ਜਨਮ ਹੀ ਨਹੀਂ ਲੈ ਰਹੀਆਂ।
ਭਾਰਤ ਤੇ ਵੀਅਤਨਾਮ ਵਿਚ ਬੇਟੀਆਂ ਪ੍ਰਤੀ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ। ‘ਪਰਾਇਆ ਧਨ’ ਦੀ ਥਾਂ ‘ਆਪਣਾ ਧਨ’ ਕਹਿਣ ਉੱਤੇ ਜ਼ੋਰ ਪਾਇਆ ਜਾਣ ਲੱਗਾ। ਔਰਤਾਂ ਲਈ ਰੈਜ਼ਰਵੇਸ਼ਨ ਤੇ ਉਨ੍ਹਾਂ ਦੀਆਂ ਹਾਸਲ ਕੀਤੀਆਂ ਸਫਲਤਾਵਾਂ ਉਜਾਗਰ ਕੀਤੀਆਂ ਜਾਣ ਲੱਗ ਪਈਆਂ ਹਨ। ਇੰਜ ਹੀ ਇਕੱਲੀਆਂ ਬੇਟੀਆਂ ਵਾਲੇ ਟੱਬਰ ਲਈ ਵੀ ਮਾਣ ਸਨਮਾਨ ਜਾਂ ਸਰਕਾਰੀ ਸਹੂਲਤਾਂ ਐਲਾਨ ਕੀਤੀਆਂ ਗਈਆਂ ਹਨ। ਮੁਫ਼ਤ ਵਿਦਿਆ, ਕਿਤਾਬਾਂ, ਵਰਦੀਆਂ, ਸਕੂਲੀ ਖਾਣਾ ਆਦਿ ਵਰਗੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ‘ਅਪਨੀ ਬੇਟੀ ਅਪਨਾ ਧਨ’ ਭਾਰਤ ਵਿਚ ਐਲਾਨਿਆ ਗਿਆ ਹੈ। ਇਸ ਸਭ ਦੇ ਬਾਵਜੂਦ ਧੀਆਂ ਦਾ ਕੁੱਖ ਵਿਚ ਮਾਰਿਆ ਜਾਣਾ ਜਾਂ ਜੰਮਣ ਤੋਂ ਬਾਅਦ ਮਾਰਿਆ ਜਾਣਾ ਜਾਰੀ ਹੈ।
ਇਸੇ ਲਈ ਯੂਨਾਈਟਿਡ ਨੇਸ਼ਨਜ਼ ਪਾਪੂਲੇਸ਼ਨ ਫੰਡ ਵੱਲੋਂ ਹੁਣ ਜਾਰੀ ਕੀਤੀ ਚੇਤਾਵਨੀ ਅਨੁਸਾਰ ਗਰੀਬ ਘਰਾਂ ਲਈ ਨੂੰਹਾਂ ਮਿਲਣੀਆਂ ਔਖੀਆਂ ਹੋ ਜਾਣਗੀਆਂ। ਅਮੀਰ ਘਰ ਹੋਰਨਾਂ ਦੀਆਂ ਬੇਟੀਆਂ ਦੇ ਬਾਲ ਵਿਆਹ ਕਰਵਾਉਣ ਉੱਤੇ ਜ਼ੋਰ ਪਾਉਣਗੇ ਜਾਂ ਨੂੰਹਾਂ ਖ਼ਰੀਦ ਲਿਆਉਣਗੇ। ਨਤੀਜੇ ਵਜੋਂ ਸੰਨ 2050 ਤੱਕ 50 ਸਾਲਾ ਅਣਵਿਆਹੇ ਭਾਰਤੀ ਨੌਜਵਾਨਾਂ ਵਿਚ 10 ਫੀਸਦੀ ਹੋਰ ਵਾਧਾ ਹੋ ਜਾਣ ਵਾਲਾ ਹੈ।
ਇਸ ਦਾ ਸਪਸ਼ਟ ਮਤਲਬ ਇਹ ਹੈ ਕਿ ਗਰੀਬ ਘਰਾਂ ਦੇ ਬੇਰੁਜ਼ਗਾਰ ਜਾਂ ਘੱਟ ਕਮਾਈ ਵਾਲੇ ਨੌਜਵਾਨਾਂ ਕੋਲ ਸਰੀਰਕ ਭੁੱਖ ਮਿਟਾਉਣ ਦੇ ਦੋ ਹੀ ਰਾਹ ਬਚਣਗੇ-ਸਮੂਹਕ ਜਬਰਜ਼ਨਾਹ ਜਾਂ ਘਰ ਵਿਚਲੇ ਭਰਾਵਾਂ ਵਿੱਚ ਇੱਕੋ ਭਰਜਾਈ ਵੰਡ ਲਈ ਜਾਵੇ !
ਮੌਜੂਦਾ ਭਿਆਨਕ ਤਰੀਕੇ ਹੋ ਰਹੇ ਜਬਰਜ਼ਨਾਹਾਂ ਵਿਚ ਵਾਧੇ ਦਾ ਇਹੋ ਕਾਰਨ ਮੰਨਦਿਆਂ ਯੂਨਾਈਟਿਡ ਨੇਸ਼ਨਜ਼ ਨੇ ਬੇਟੀਆਂ ਉੱਤੇ ਹੋ ਰਹੇ ਹੋਰ ਵੀ ਅਣਮਨੁੱਖੀ ਵਰਤਾਰਿਆਂ ਨੂੰ ਉਜਾਗਰ ਕੀਤਾ ਹੈ-ਬੇਟੀਆਂ ਦਾ ਖ਼ਤਨਾ, ਉਨ੍ਹਾਂ ਦੀਆਂ ਛਾਤੀਆਂ ਉੱਤੇ ਗਰਮ ਪ੍ਰੈਸ ਫੇਰਨੀ, ਅੰਦਰੂਨੀ ਅੰਗਾਂ ਦੀ ਕੱਟ ਵੱਢ !
ਇਹ ਅਣਮਨੁੱਖੀ ਤਸੀਹੇ ਧੀਆਂ ਨੂੰ ਚੁਫ਼ੇਰੇ ਫਿਰਦੇ ਬਘਿਆੜਾਂ ਤੋਂ ਬਚਾਉਣ ਲਈ ਮਾਪੇ ਹੀ ਕਰਨ ਲੱਗ ਪਏ ਹਨ। ਸੰਨ 2021 ਦੇ ਅੰਤ ਤੱਕ ਅਜਿਹੇ ਅਣਮਨੁੱਖੀ ਵਰਤਾਰਿਆਂ ਦੀ ਭੇਂਟ ਚੜ੍ਹਨ ਵਾਲੀਆਂ ਬੇਟੀਆਂ ਦੀ ਗਿਣਤੀ ਯੂਨਾਈਟਿਡ ਨੇਸ਼ਨਜ਼ ਅਨੁਸਾਰ 41 ਲੱਖ ਪਹੁੰਚੇਗੀ ਤੇ 33,000 ਦੇ ਕਰੀਬ ਬੇਟੀਆਂ ਬਾਲ ਵਿਆਹਾਂ ਵੱਲ ਧੱਕੀਆਂ ਜਾਣਗੀਆਂ ਜਿਨ੍ਹਾਂ ਵਿੱਚੋਂ ਬਥੇਰੀਆਂ ਆਪਣੇ ਤੋਂ ਤਿੰਨ ਗੁਣਾਂ ਵਡੇਰੀ ਉਮਰ ਵਾਲਿਆਂ ਨਾਲ ਨਰਕ ਭੋਗਣ ਉੱਤੇ ਮਜਬੂਰ ਕਰ ਦਿੱਤੀਆਂ ਜਾਣਗੀਆਂ। ਸਭ ਤੋਂ ਭਿਆਨਕ ਅੰਕੜੇ ਇਹ ਦਰਸਾਏ ਗਏ ਹਨ ਕਿ ਕੁੱਖ ਵਿਚ ਮਾਰੇ ਜਾਣ ਵਾਲੀਆਂ ਧੀਆਂ ਦੀ ਗਿਣਤੀ ਇਸ ਸਾਲ 14 ਕਰੋੜ ਪਹੁੰਚੇਗੀ !
ਕੋਵਿਡ ਮਹਾਂਮਾਰੀ ਦੌਰਾਨ ਲਗਭਗ ਇੱਕ ਕਰੋੜ 30 ਲੱਖ ਬੇਟੀਆਂ ਨੌਕਰੀਆਂ ਛੁਟ ਜਾਣ ਅਤੇ ਗਰੀਬੀ ਦੀ ਮਾਰ ਝੱਲਦੀਆਂ ਜਬਰੀ ਵਿਆਹੀਆਂ ਗਈਆਂ ਅਤੇ 20 ਲੱਖ ਦੇ ਕਰੀਬ ਨੂੰ ਜਬਰਜ਼ਨਾਹ ਤੋਂ ਬਚਾਉਣ ਲਈ ਅੰਦਰੂਨੀ ਅੰਗਾਂ ਦੇ ਵੱਢੇ ਜਾਣ ਦੀ ਪੀੜ ਸਹਿਣੀ ਪਈ। ਸਿਰਫ਼ ਇਹੀ ਨਹੀਂ, ਘਰਾਂ ਵਿਚ ਕੈਦ ਬਾਲੜੀਆਂ ਵਿੱਚੋਂ ਵੀ 41 ਤੋਂ 47 ਫੀਸਦੀ ਘਰੇਲੂ ਹਿੰਸਾ ਜਾਂ ਆਪਣਿਆਂ ਵੱਲੋਂ ਜਿਸਮਾਨੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ।
ਸੰਨ 2021 ਜਨਵਰੀ ਵਿਚ ਯੂਨਾਈਟਿਡ ਨੇਸ਼ਨਜ ਪਾਪੂਲੇਸ਼ਨ ਫੰਡ ਵੱਲੋਂ ਜਾਰੀ ਪਰਚੇ ਅਨੁਸਾਰ ਜੇ ਹੁਣ 3.4 ਬਿਲੀਅਨ ਅਮਰੀਕਨ ਡਾਲਰ ਸੰਨ 2030 ਤੱਕ ਸਿਰਫ਼ ਧੀਆਂ ਦੀ ਸਕੂਲੀ ਪੜ੍ਹਾਈ, ਚੰਗੀ ਮਾੜੀ ਛੋਹ ਬਾਰੇ ਦੱਸਣ, ਬੇਟੀਆਂ ਦੀ ਸਰੀਰਕ ਤਾਕਤ ਵਧਾਉਣ ਅਤੇ ਉਨ੍ਹਾਂ ਨੂੰ ਕਮਾਈ ਯੋਗ ਬਣਾਉਣ ਉੱਤੇ ਲਾਏ ਜਾਣ, ਤਾਂ ਹੀ ਆਉਣ ਵਾਲੇ ਸਮੇਂ ਵਿਚ ਬੇਟੀਆਂ ਪ੍ਰਤੀ ਸੋਚ ਵਿਚ ਕੁੱਝ ਤਬਦੀਲੀ ਨਜ਼ਰ ਆ ਸਕਦੀ ਹੈ, ਪਰ ਸਭ ਤੋਂ ਅਹਿਮ ਨੁਕਤਾ ਜੋ ਇਸੇ ਪਰਚੇ ਵਿਚ ਉਜਾਗਰ ਕੀਤਾ ਗਿਆ ਹੈ, ਉਹ ਹੈ-ਪੁੱਤਰਾਂ ਤੇ ਆਦਮੀਆਂ ਨੂੰ ਸਕੂਲਾਂ ਕਾਲਜਾਂ ਵਿਚ ਸਿਰਫ਼ ਆਮਦਨ ਕਮਾਉਣ ਦੇ ਸਾਧਨ ਹੀ ਨਾ ਸਿਖਾਏ ਜਾਣ ਬਲਕਿ ਔਰਤ ਜ਼ਾਤ ਦਾ ਆਦਰ ਕਰਨ ਅਤੇ ਉਸ ਨੂੰ ਬਰਾਬਰੀ ਦਾ ਦਰਜਾ ਦੇਣ ਉੱਤੇ ਜ਼ੋਰ ਪਾਉਣ ਬਾਰੇ ਵੀ ਸਮਝਾਇਆ ਜਾਵੇ।
ਇਸੇ ਦੇ ਨਾਲ ਹੀ ਇੱਕ ਹੋਰ ਬਹੁਤ ਅਹਿਮ ਗੱਲ ਉੱਤੇ ਜ਼ੋਰ ਪਾਇਆ ਗਿਆ ਹੈ-ਘਰੇਲੂ ਹਿੰਸਾ ਉੱਤੇ ਸੰਪੂਰਨ ਰੂਪ ਵਿਚ ਰੋਕ ! ਇੰਜ ਜਿੱਥੇ ਘਰ ਵਿਚਲੇ ਪੁੱਤਰਾਂ ਨੂੰ ਇੱਕ ਉਦਾਹਰਨ ਮਿਲੇਗੀ ਕਿ ਔਰਤਾਂ ਦੀ ਇੱਜ਼ਤ ਕਿਵੇਂ ਕਰਨੀ ਹੁੰਦੀ ਹੈ, ਉੱਥੇ ਪੁੱਤਰਾਂ ਨੂੰ ਘਰੇਲੂ ਕੰਮਾਂ, ਖ਼ਾਸਕਰ ਮਾਂ ਦਾ ਹੱਥ ਵਟਾਉਣਾ ਸਿਖਾਇਆ ਜਾਣਾ ਲਾਜ਼ਮੀ ਕਰ ਦੇਣਾ ਚਾਹੀਦਾ ਹੈ।
ਇਨ੍ਹਾਂ ਸਾਰੇ ਅੰਕੜਿਆਂ, ਖੋਜਾਂ, ਅਗਾਊਂ ਕਰਨ ਵਾਲੇ ਕੰਮਾਂ ਅਤੇ ਨੁਕਤਿਆਂ ਉੱਤੇ ਮੈਂ ਵੇਲੇ ਸਿਰ ਚਾਨਣਾ ਪਾ ਦਿੱਤਾ ਹੈ। ਵੇਖੀਏ ਹੁਣ ਆਉਣ ਵਾਲਾ ਸਮਾਂ ਚੰਗਾ ਹੋਣ ਵਾਲਾ ਹੈ ਜਾਂ ਦਰਿੰਦਗੀ ਕਰਨ ਵਾਲੇ ਰਾਖ਼ਸ਼ਾਂ ਵਿਚ ਵਾਧਾ ਹੋਣ ਵਾਲਾ ਹੈ !