ਅਨੁਰਾਗ ਸਿੰਘ ਨੇ ਆਪਣੇ ਫੇਸ ਬੁੱਕ ਪੇਜ਼ ਦੇ ਲਿੰਕ https://m.facebook.com/story.php?story_fbid=361379842343777&id=106785777803186&sfnsn=wiwspmo ’ਤੇ ਇੱਕ ਪੋਸਟ ਪਾਈ ਹੈ । ਇਸ ਪੋਸਟ ਦਾ ਜਵਾਬ ਉਨ੍ਹਾਂ ਦੀ ਫੇਸ ਬੁੱਕ ’ਤੇ ਹੀ ਪਾਉਣਾ ਸੀ ਪਰ ਉਨ੍ਹਾਂ ਵੱਲੋਂ ਮੈਨੂੰ ਇਸ ਪੋਸਟ ’ਤੇ ਕੁਮੈਂਟ ਕਰਨ ਤੋਂ ਬਲਾਕ ਕੀਤੇ ਜਾਣ ਸਦਕਾ ਨਹੀਂ ਪਾ ਸਕਿਆ ਇਸ ਲਈ ਉਨ੍ਹਾਂ ਦੇ ਗਿਆਤ ਲਈ ਵੈੱਬਸਾਈਟ ’ਤੇ ਪਾ ਰਿਹਾ ਹਾਂ ਜੀ। ਕੋਈ ਵੀਰ ਭੈਣ ਉਨ੍ਹਾਂ ਦੇ ਇਸ ਲਿੰਕ ’ਤੇ ਪਾ ਕੇ ਉਨ੍ਹਾਂ ਦੀ ਜਾਣਕਾਰੀ ’ਚ ਵਾਧਾ ਕਰ ਸਕਦਾ ਹੈ।
ਸ: ਅਨੁਰਾਗ ਸਿੰਘ ਜੀ ਤੁਹਾਡੀ ਇਸ ਪੋਸਟ ਤੋਂ ਤਾਂ ਇਹੀ ਅੰਦਾਜ਼ਾ ਲੱਗ ਰਿਹਾ ਹੈ ਕਿ ਤੁਹਾਡੀ ਖੋਜ ਨਾ ਮਾਤਰ ਹੀ ਹੈ । ਤੁਸੀਂ ਸਿਰਫ ਨਕਲ ਮਾਰ ਕੇ ਹੀ ਲਿਖਦੇ ਪਏ ਹੋ । ਇਸ ਦਾ ਸਬੂਤ ਤੁਸੀਂ ਖ਼ੁਦ ਵੀ ਦਿੱਤਾ ਹੈ ਕਿ 2001 ’ਚ ਤੁਸੀਂ ਪੁਰੇਵਾਲ ਦੀ ਜੰਤਰੀ ਦੇ ਹਵਾਲੇ ਨਾਲ ਆਪਣੀ ਪੁਸਤਕ The Turban & The Sword of The Sikhs : Essence of Sikhism 29 ਮਾਰਚ ਲਿਖੀ ਹੈ। ਉਸ ਤੋਂ ਬਾਅਦ ਜਦੋਂ ਤੁਸੀਂ ਡਾ: ਗੰਡਾ ਸਿੰਘ ਅਤੇ ਹੋਰ ਜੰਤਰੀਆਂ ਵੇਖੀਆਂ ਤਾਂ ਤੁਹਾਨੂੰ ਪਤਾ ਲੱਗਾ ਕਿ 1699 ’ਚ ਦਸਮੇਸ਼ ਪਿਤਾ ਨੇ ਅੰਮ੍ਰਿਤ ਛਕਾ ਕੇ ਖ਼ਾਲਸਾ ਸਾਜਨਾ ਤਾਰੀਖ਼ ਕਿਸੇ ਵਿੱਚ 29 ਮਾਰਚ ਅਤੇ ਕਿਸੇ ’ਚ 30 ਮਾਰਚ ਲਿਖਿਆ ਹੈ; ਤਾਂ ਹੁਣ ਤੁਹਾਨੂੰ ਸਮਝ ਨਹੀਂ ਆ ਰਹੀ ਕਿ ਕਿਹੜੀ ਜੰਤਰੀ ਕਿਹੜੇ ਸਿਧਾਂਤ ਨਾਲ ਲਿਖੀ ਹੈ ਅਤੇ ਇਨ੍ਹਾਂ ’ਚੋ ਕਿਹੜੀ ਤਾਰੀਖ਼ ਠੀਕ ਹੈ ਜਾਂ ਗਲਤ। ਹੁਣ ਤੁਸੀਂ ਆਪਣੀ ਉਕਤ ਪੁਸਤਕ ’ਚ ਲਿਖੀ ਤਾਰੀਖ਼ ਦੀ ਸੁਧਾਈ ਲਈ ਉਸੇ ਸ: ਪੁਰੇਵਾਲ ਨੂੰ ਪੁੱਛ ਰਹੇ ਹੋ, ਜਿਸ ਨੂੰ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਕਾਮਰੇਡ, ਗਲਤੀ ਨਾ ਮੰਨਣ ਵਾਲਾ ਪੱਕਾ ਢੀਠ ਪਹਿਲਵਾਨ, ਬੇਅੰਤੇ ਬੁੱਚੜ ਤੋਂ ਆਪਣੀ ਜੰਤਰੀ ਛਪਵਾ ਕੇ ਇਤਿਹਾਸ ਨੂੰ ਮਿਥਿਹਾਸ ਬਣਾਉਣ ਵਾਲਾ, ਕੈਲੰਡਰ ਵਿਗਿਆਨ ਅਤੇ ਇਤਿਹਾਸ ਤੋਂ ਕੋਰਾ ਗਰਦਾਨ ਕੇ ਭੰਡਦੇ ਆ ਰਹੇ ਹੋ । ਮੇਰਾ ਮੰਨਣੈ ਕਿ ਜਦ ਤੱਕ ਤੁਸੀਂ ਉਨ੍ਹਾਂ ਵਿਰੁੱਧ ਆਪਣੀ ਫੇਸਬੁੱਕ ’ਤੇ ਅਜਿਹੇ ਅਸੱਭਿਅਕ ਸ਼ਬਦ ਲਿਖ ਲਿਖ ਭੜਾਸ ਨਹੀਂ ਕੱਢ ਲੈਂਦੇ ਤਦ ਤੱਕ ਤੁਹਾਨੂੰ ਰੋਟੀ ਹਜ਼ਮ ਨਹੀਂ ਹੁੰਦੀ ਹੋਵੇਗੀ। ਤੁਹਾਡੇ ਫੇਸਬੁੱਕ ਅਕਾਊਂਟ ਦੀ ਲਿਖਤ ਹੋਵੇ, ਕਿਸੇ ਸੈਮੀਨਾਰ ਜਾਂ ਕਾਨਫਰੰਸ ’ਚ ਤੁਹਾਨੂੰ ਬੁਲਾਰੇ ਵਜੋਂ ਬੋਲਣ ਦਾ ਸਮਾਂ ਮਿਲਿਆ ਹੋਵੇ ਤੁਹਾਡਾ ਲੈਕਚਰ ਉਨ੍ਹਾਂ ਚਿਰ ਪੂਰਾ ਨਹੀਂ ਹੁੰਦਾ ਜਦ ਤੱਕ ਸ: ਪੁਰੇਵਾਲ ਅਤੇ ਉਨ੍ਹਾਂ ਦੀ 500 ਸਾਲਾ ਜੰਤਰੀ ਵਿਰੁੱਧ ਬੋਲਿਆ ਨਾ ਗਿਆ ਹੋਵੇ ।
ਅਜਿਹਾ ਜਾਪਦਾ ਹੈ ਕਿ ਤੁਸੀਂ ਨਿਜੀ ਲਾਇਬਰੇਰੀ ’ਚ ਪੁਸਤਕਾਂ ਨਾਲ ਭਰੀਆਂ ਅਲਮਾਰੀਆਂ ਸਾਹਮਣੇ ਬੈਠ ਕੇ ਖਿਚਾਈਆਂ ਫ਼ੋਟੋਜ਼ ਨੂੰ ਆਪਣੀ ਫੇਸ ਬੁੱਕ ’ਤੇ ਅਪਲੋਡ ਕਰ-ਕਰ ਪਾਠਕਾਂ ’ਤੇ ਇਹ ਪ੍ਰਭਾਵ ਹੀ ਪਾਉਣਾ ਚਾਹੁੰਦੇ ਹੋ ਕਿ ਅਨੁਰਾਗ ਸਿੰਘ ਵੱਡੇ ਵਿਦਵਾਨ ਹਨ ਭਾਵੇਂ ਕਿ ਤੁਸੀਂ ਬਹੁਤ ਘੱਟ ਹੀ ਪੜ੍ਹੀਆਂ ਹੋਣ ਕਿਉਂਕਿ ਜੇਕਰ ਪੜ੍ਹਦੇ ਤਾਂ ਸ: ਪਾਲ ਸਿੰਘ ਪੁਰੇਵਾਲ ਜੀ ਦੀ 500 ਸਾਲਾ ਜੰਤਰੀ ਅਤੇ ਕੰਨੂਪਿੱਲੇ ਦੀ ਜੰਤਰੀ ਦੋਵਾਂ ਦੀ ਭੂਮਿਕਾ ਵਿਚਾਰ ਕੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿਹੜੀ ਜੰਤਰੀ ਕਿਹੜੇ ਸਿਧਾਂਤ ਆਧਾਰਿਤ ਹੈ ਅਤੇ ਕੰਨੂਪਿੱਲੇ ਦੀ ਜੰਤਰੀ ’ਚ ਵੀ ਵੈਸਾਖੀ 29 ਮਾਰਚ ਲਿਖੀ ਹੋਣ ਬਾਰੇ ਪਤਾ ਲੱਗ ਜਾਂਦਾ ।
ਆਪਣੀਆਂ ਹੀ ਪੁਸਤਕਾਂ ਨਾ ਪੜ੍ਹਨ ਦਾ ਸਬੂਤ ਤੁਸੀਂ ਪਹਿਲਾਂ ਭੀ ਬੰਦੀਛੋੜ ਦਿਵਸ ਤੋਂ ਦੋ ਦਿਨ ਬਾਅਦ 14 ਨਵੰਬਰ 2004 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਈ ਮੀਟਿੰਗ ’ਚ, ਦੇ ਚੁੱਕੇ ਹੋ ਜਦੋਂ ਓਥੇ ਹਾਜ਼ਰ ਤੁਹਾਡੇ ਹਮਾਇਤੀਆਂ ਨੇ ਸਵਾਲ ਖੜ੍ਹਾ ਕੀਤਾ ਕਿ ਪੁਰੇਵਾਲ ਨੇ ਦਿਵਾਲੀ ਨਾਲੋਂ ਤੋੜ ਕੇ ਬੰਦੀਛੋੜ ਦਿਵਸ ਨਾਮ ਦੇ ਦਿੱਤਾ, ਜਿਸ ਨਾਲ ਹਿੰਦੂ ਸਿੱਖਾਂ ’ਚ ਵਖਰੇਵਾਂ ਪੈ ਗਿਆ ਜਦਕਿ ਇਤਿਹਾਸ ’ਚ ਬੰਦੀਛੋੜ ਦਾ ਨਾਮ ਕਿਧਰੇ ਵੀ ਦਰਜ ਨਹੀਂ । ਇਸ ਦੇ ਜਵਾਬ ’ਚ ਸ: ਪੁਰੇਵਾਲ ਨੇ ਕਿਹਾ “ਗੁਰੂ ਕੀਆਂ ਸਾਖੀਆਂ ਵਿੱਚ ਬੰਦੀਛੋੜ ਲਿਖਿਆ ਹੈ, ਜੋ ਤੁਹਾਨੂੰ ਵਿਖਾ ਦਿੱਤਾ ਜਾਵੇਗਾ” , ਪਰ ਤੁਸੀਂ ਉਸੇ ਸਮੇਂ ਆਪਣੇ ਬੈਗ ’ਚੋਂ ਗੁਰੂ ਕੀਆਂ ਸਾਖੀਆਂ ਕੱਢ ਕੇ ਪੁਰੇਵਾਲ ਦੇ ਸਾਹਮਣੇ ਟੇਬਲ ’ਤੇ ਸੁੱਟਦਿਆਂ ਕਿਹਾ ਵਿਖਾਓ ਇਸ ਵਿੱਚ ਕਿੱਥੇ ਲਿਖਿਆ ? ਸ: ਪੁਰੇਵਾਲ ਨੇ ਝੱਟ ਪਹਿਲੇ ਪੰਨੇ ਫਰੋਲ ਕੇ ਪੜ੍ਹ ਕੇ ਸੁਣਾ ਦਿੱਤਾ ਤਾਂ ਤੁਹਾਨੂੰ ਚੱਲ ਰਹੀ ਮੀਟਿੰਗ ’ਚ ਬਿਨਾਂ ਤੱਥਾਂ ਤੋਂ ਗਲਤ ਪ੍ਰਸ਼ਨ ਪੁੱਛੇ ਜਾਣ ਕਰਕੇ ਸ਼ਰਮਿੰਦਾ ਹੋਣ ਪਿਆ ਸੀ ।
ਦੂਸਰੀ ਮਿਸਾਲ ਇਹ ਪੋਸਟ ਪਾ ਕੇ ਪੇਸ਼ ਕਰ ਦਿੱਤੀ ਜਦੋਂ ਤੁਸੀਂ ਸ: ਪੁਰੇਵਾਲ ਜੀ ਨੂੰ ਪੁੱਛ ਰਹੇ ਹੋ ਕਿ ਤੁਸੀਂ ਆਪਣੀ 500 ਸਾਲਾ ਜੰਤਰੀ ’ਚ ਇਹ ਨਹੀਂ ਦੱਸਿਆ ਕਿ ਡਾ: ਗੰਡਾ ਸਿੰਘ ਵੱਲੋਂ ਦਿੱਤੀ ਤਾਰੀਖ਼ 30 ਮਾਰਚ ਗਲਤ ਕਿਵੇਂ ਹੈ ? ਆਪਣੇ ਆਪ ਨੂੰ ਖੋਜੀ ਇਤਿਹਾਸਕਾਰ ਕਹਾਉਣ ਵਾਲੇ ਸ: ਅਨੁਰਾਗ ਸਿੰਘ ਜੀ, ਜੇ ਜੰਤਰੀਆਂ ਦੀ ਭੂਮਿਕਾ ਪੜ੍ਹ ਕੇ ਵੀ ਤੁਹਾਨੂੰ ਸਮਝ ਨਹੀਂ ਆ ਰਹੀ ਤਾਂ ਇਹ ਸਵਾਲ ਤਾਂ ਤੁਹਾਨੂੰ 2001 ’ਚ ਆਪਣੀ ਪੁਸਤਕ ’ਚ 29 ਮਾਰਚ ਲਿਖੇ ਜਾਣ ਤੋਂ ਪਹਿਲਾਂ ਹੀ ਪੁੱਛਣਾ ਚਾਹੀਦਾ ਸੀ। ਜੇ ਨਹੀਂ ਪੁੱਛਿਆ ਤਾਂ ਕੀ ਤੁਹਾਨੂੰ ਖੋਜੀ ਇਤਿਹਾਸਕਾਰ ਕਹਾਉਣ ਦਾ ਹੱਕ ਹੈ ? ਹੁਣ ਪੁਰੇਵਾਲ ਜੀ ਤੋਂ ਤੁਹਾਡਾ ਪੁੱਛਣਾ ਤਾਂ ਹੀ ਫਬਦੈ ਜੇ ਤੁਸੀਂ ਉਨ੍ਹਾਂ ਵੱਲੋਂ 14 ਸਤੰਬਰ 1752 ਵਾਲੇ ਦਿਨ ਵੀਰਵਾਰ ਲਿਖੇ ਨੂੰ ਸਹੀ ਮੰਨ ਕੇ ਉਨ੍ਹਾਂ ਵਿਰੁੱਧ ਹੁਣ ਤੱਕ ਪਾਈਆਂ ਗਲਤ ਪੋਸਟਾਂ ਤੇ ਟਿੱਪਣੀਆਂ ਸਬੰਧੀ ਉਨ੍ਹਾਂ ਕੋਲੋਂ ਮਾਫ਼ੀ ਮੰਗ ਲੈਂਦੇ ।
ਆਪ ਜੀ ਦੀ ਸਹੂਲਤ ਲਈ ਦੱਸ ਦੇਣਾ ਚਾਹੁੰਦਾ ਹਾਂ ਕਿ ਤੁਹਾਨੂੰ ਜੰਤਰੀਆਂ ਦੀਆਂ ਭੂਮਿਕਾ ਪੜ੍ਹ ਕੇ ਵੀ ਸਮਝ ਨਾ ਲੱਗੇ ਤਾਂ ਪ੍ਰੋ: ਪਿਆਰਾ ਸਿੰਘ ਪਦਮ ਵੱਲੋਂ ਸੰਪਾਦਿਤ ਪੁਸਤਕ “ਗੁਰੂ ਕੀਆਂ ਸਾਖੀਆਂ” ਦਾ ਅੰਗਰੇਜ਼ੀ ਤਰਜ਼ਮਾਂ – ਅਨੁਵਾਦਕ ਸ: ਪ੍ਰਿਤਪਾਲ ਸਿੰਘ ਬਿੰਦਰਾ ਤੁਹਾਡੇ ਪਾਸ ਜਰੂਰ ਹੋਣੀ ਹੈ, ਜੇ ਨਹੀਂ ਤਾਂ ਅੱਜ ਕੱਲ੍ਹ ਬਜ਼ਾਰ ਵਿੱਚੋਂ ਮਿਲ ਸਕਦੀ ਹੈ, ਉਸ ਦੀ ਮੁੱਢਲੀ ਜਾਣਕਾਰੀ (Introduction) ਸ: ਪਾਲ ਸਿੰਘ ਪੁਰੇਵਾਲ ਦੀ ਲਿਖੀ ਹੈ, ਪੜ੍ਹ ਲੈਣਾ ; ਜਿਸ ਵਿੱਚ ਉਨ੍ਹਾਂ ਪੂਰੇ ਵੇਰਵੇ ਸਹਿਤ ਲਿਖਿਆ ਹੈ ਕਿ ਡਾ: ਗੰਡਾ ਸਿੰਘ ਵੱਲੋਂ ਦਿੱਤੀ 30 ਮਾਰਚ ਕਿਵੇਂ ਗਲਤ ਹੈ । ਹੋ ਸਕਦਾ ਹੈ ਤੁਹਾਡੀ ਲਾਇਬਰੇਰੀ ਵਿੱਚ ਭੀ ਹੋਵੇ, ਨਹੀਂ ਤਾਂ ਤੁਹਾਡੇ ਮਿੱਤਰ ਕਰਨਲ ਸੁਰਜੀਤ ਸਿੰਘ ਨਿਸ਼ਾਨ ਪਾਸ ਪੁਸਤਕ ਹੈ The Indian Calendar – Robert Swell & Shankra Balkrishna Dixit. ਉਸ ਵਿੱਚ ਵੀ 29 ਮਾਰਚ ਹੀ ਲਿਖਿਆ ਹੈ । ਜੇ ਫਿਰ ਵੀ ਪਤਾ ਨਾ ਲੱਗੇ ਤਾਂ ਸਾਥੋਂ ਪੁੱਛ ਲੈਣਾ ਇਨ੍ਹਾਂ ਨਾਲ ਸਬੰਧਿਤ ਪੰਨੇ ਤੁਹਾਨੂੰ ਪੜ੍ਹਾ ਦਿੱਤੇ ਜਾਣਗੇ । ਪਰ ਇਹ ਜਰੂਰ ਦੱਸਣ ਦੀ ਖੇਚਲ ਕਰਨੀ ਕਿ ਜੇ ਤਾਰੀਖ਼ਾਂ ਸਬੰਧੀ ਤੁਹਾਡੀ ਤਸੱਲੀ ਕਰਵਾ ਦਿੱਤੀ ਜਾਏ ਤਾਂ ਕੀ ਤੁਸੀਂ ਉਨ੍ਹਾਂ ਦੀ 500 ਸਾਲਾ ਜੰਤਰੀ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਠੀਕ ਮੰਨ ਲਵੋਗੇ ?
ਕਿਰਪਾਲ ਸਿੰਘ ਬਠਿੰਡਾ