ਰਾਮਦਾਸ ਸਰੋਵਰਿ ਨਾਤੇ ॥

0
1361

ਰਾਮਦਾਸ ਸਰੋਵਰਿ ਨਾਤੇ ॥ 

ਕੁਝ ਦਿਨਾਂ ਤੋਂ ‘‘ਰਾਮਦਾਸ ਸਰੋਵਰਿ ਨਾਤੇ ॥’’ ਤੁਕ ਨੂੰ ਆਧਾਰ ਬਣਾ ਕੇ ਵਾਦ-ਵਿਵਾਦ ਚੱਲ ਰਿਹਾ ਹੈ। ਵੈਸੇ ਸਿੱਖਾਂ ’ਚ ਕਈ ਵਿਸ਼ੇ ਵਿਵਾਦਿਤ ਹਨ ਪਰ ਇਤਨੇ ਗੰਭੀਰ ਮਤਭੇਦ ਵੇਖਣ ਨੂੰ ਨਹੀਂ ਮਿਲੇ, ਜਿਸ ਬਾਰੇ ਦਰਬਾਰ ਸਾਹਿਬ (ਅੰਮ੍ਰਿਰਤਸਰ) ਤੋਂ ਚੱਲ ਰਹੇ ਮੁੱਖ ਵਾਕ ਦੇ ਪ੍ਰਸੰਗ ਤੋਂ ਦੂਰ ਜਾ ਕੇ ਇਸ ਚਰਚਾ ਨੂੰ ਤਰਜੀਹ ਦਿੱਤੀ ਗਈ ਹੋਵੇ।  ਅਜਿਹਾ ਜਾਪਦਾ ਹੈ ਕਿ ‘‘ਰਾਮਦਾਸ ਸਰੋਵਰਿ ਨਾਤੇ ॥’’ ਤੁਕ ਦੇ ਅਰਥਾਂ ਨੂੰ ਵਿਚਾਰਨਾ, ਮਕਸਦ ਨਹੀਂ ਬਲਕਿ ਆਪਣੀ ਪ੍ਰਭੁਤਾ ਨੂੰ ਬਚਾਏ ਰੱਖਣਾ ਹੀ ਇੱਕ ਮਾਤਰ ਟੀਚਾ ਹੈ। ਇਸ ਹਥਲੇ ਲੇਖ ਰਾਹੀਂ ਗੁਰਬਾਣੀ ’ਚ ਦਰਜ ‘ਤੀਰਥ’ ਤੇ ‘ਸਰੋਵਰਿ’ ਸ਼ਬਦਾਂ ਦੇ ਬਹੁ ਪੱਖੀ ਅਰਥਾਂ ਨੂੰ ਵਿਚਾਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਵੈਸੇ ਤਾਂ ਗੁਰਬਾਣੀ ’ਚ ‘ਤੀਰਥ’ ਸ਼ਬਦ ਬਣਤਰ 8 ਪ੍ਰਕਾਰ (ਤੀਰਥ-115 ਵਾਰ, ਤੀਰਥਿ-42 ਵਾਰ, ਤੀਰਥੁ-25 ਵਾਰ, ਤੀਰਥਹ- 1 ਵਾਰ, ਤੀਰਥਾ- 2 ਵਾਰ, ਤੀਰਥਾਂ- 2 ਵਾਰ, ਤੀਰਥਾਏ- 1 ਵਾਰ ਤੇ ਤੀਰਥੀ- 2 ਵਾਰ) ਦਰਜ ਹੈ ਪਰ ‘ਤੀਰਥੁ’(ਅੰਤ ਔਂਕੜ) ਹੀ ਗੁਰਮਤਿ ਅਨੁਸਾਰੀ ਤੀਰਥ ਦੇ ਭਾਵਾਰਥਾਂ ਨੂੰ ਕਾਫ਼ੀ ਸਪਸ਼ਟ ਕਰ ਦਿੰਦਾ ਹੈ; ਜਿਵੇਂ ਕਿ

ਗੁਰੁ ਸਰੁ ਸਾਗਰੁ ਬੋਹਿਥੋ; ਗੁਰੁ ‘ਤੀਰਥੁ’ ਦਰੀਆਉ ॥ (ਮ: ੧/੧੭)

ਸਤਿਗੁਰੁ ਮਨ ਕਾਮਨਾ ‘ਤੀਰਥੁ’ ਹੈ; ਜਿਸ ਨੋ ਦੇਇ ਬੁਝਾਇ ॥ (ਮ: ੩/੨੬)

ਗੁਰੁ ‘ਤੀਰਥੁ’ ਗੁਰੁ ਪਾਰਜਾਤੁ; ਗੁਰੁ ਮਨਸਾ ਪੂਰਣਹਾਰੁ ॥ (ਮ: ੫/੫੨)

ਗੁਰਦੇਵ ‘ਤੀਰਥੁ’ ਅੰਮ੍ਰਿਤ ਸਰੋਵਰੁ; ਗੁਰ ਗਿਆਨ ਮਜਨੁ ਅਪਰੰਪਰਾ ॥ (ਮ: ੫/੨੫੦) ਆਦਿ।

ਗੁਰਬਾਣੀ; ਮਨੁੱਖਾ ਸਰੀਰਕ ਬੁਨਿਆਦ ਨੂੰ ਦੋ ਭਾਗਾਂ ’ਚ ਵੰਡ ਕੇ ਬਿਆਨ ਕਰਦੀ ਹੈ:

(ੳ) . ਸਥੂਲ ਸਰੀਰ (ਛੁਹਣਯੋਗ, ਵੱਡਾ, ਅਸਥਾਈ, ਆਕਾਰ ਰੂਪ)।

(ਅ). ਸੂਖਮ ਸਰੀਰ (ਅਦ੍ਰਿਸ਼, ਆਤਮਾ, ਰੂਹ, ਅਬਿਨਾਸ਼ੀ ਸ਼ਕਤੀ, ਜੋਤ)।

ਮਨੁੱਖਾ ਸਰੀਰ ਦੇ ਇਨ੍ਹਾਂ ਦੋਵੇਂ ਭਾਗਾਂ ਦਾ ਪੈਂਡਾ (ਰਸਤਾ, ਮੰਜ਼ਲ) ਅਲੱਗ-ਅਲੱਗ ਹੈ; ਜਿਵੇਂ ਕਿ ਸਥੂਲ ਸਰੀਰ ਦੀ ਬਣਤਰ ਪੰਜ ਤੱਤਾਂ (ਅੱਗ, ਪਾਣੀ, ਹਵਾ, ਮਿੱਟੀ ਤੇ ਸਪੇਸ ਭਾਵ ਅਕਾਸ਼) ਦੁਆਰਾ ਬਣੀ ਹੋਣ ਕਾਰਨ ਪੰਜ ਤੱਤਾਂ ’ਚ ਲੀਨਤਾ ਹੀ ਇਸ ਦੀ ਮੰਜ਼ਲ ਹੈ। ਬਾਬਾ ਫਰੀਦ ਜੀ ਦੇ ਵਚਨ ਹਨ ਕਿ ਗੋਰ (ਕਬਰ), ਸਥੂਲ ਸਰੀਰ ਨੂੰ ਆਵਾਜ਼ ਮਾਰਦੀ ਹੋਈ ਆਪਣੇ ਅਸਲ ਘਰ ਮਿੱਟੀ (ਮੌਤ, ਪੰਜ ਤੱਤਾਂ) ਦੀ ਯਾਦ ਕਰਵਾਉਂਦੀ ਹੈ, ਜਿਸ ਨੂੰ ਇਹ ਭੁੱਲ ਚੁੱਕਾ ਹੈ: ‘‘ਫਰੀਦਾ ! ਗੋਰ ਨਿਮਾਣੀ ਸਡੁ ਕਰੇ; ਨਿਘਰਿਆ ! ਘਰਿ ਆਉ ॥ ਸਰਪਰ ਮੈਥੈ ਆਵਣਾ; ਮਰਣਹੁ ਨਾ ਡਰਿਆਹੁ ॥’’ (ਬਾਬਾ ਫਰੀਦ/੧੩੮੨) ਪਦ ਅਰਥ: ਸਡੁ – ਅਵਾਜ਼, ਸਰਪਰ ਮੈਥੈ ਆਵਣਾ – ਮੇਰੇ ਪਾਸ ਜ਼ਰੂਰ ਆਉਣਾ ਪਵੇਗਾ। ਜਦਕਿ ਗੁਰੂ ਅਮਰਦਾਸ ਜੀ; ‘‘ਜਿਨਿ ਸਮੁੰਦੁ ਵਿਰੋਲਿਆ; ਕਰਿ ਮੇਰੁ ਮਧਾਣੁ ॥’’ (ਬਲਵੰਡ ਤੇ ਸਤਾ ਜੀ/੯੬੮) ਭਾਵ ਉਨ੍ਹਾਂ ਨੇ ਸਥੂਲ ਸਰੀਰ ਨੂੰ ਸੁਮੇਰ ਪਰਬਤ (ਉੱਚੀ ਸੁਰਤ) ਰੂਪ ਮਧਾਣੀ ਬਣਾ ਕੇ ਰਿੜਕਿਆ ਤੇ ਵਚਨ ਕੀਤੇ: ‘‘ਜਨਮ ਜਨਮ ਕੀ ਇਸੁ ‘ਮਨ’ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥’’ (ਮ: ੩/੬੫੧) ਪਦ ਅਰਥ: ਮਨ- ਸੂਖਮ ਸਰੀਰ। ਇਸ ਮਲ਼ੀਨ ਪਰਤ (ਧੁੰਦਲੇਪਣ) ਨੂੰ ਪਹਿਚਾਣ ਕੇ ‘‘ਮਨ ! ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ ॥’’ (ਮ: ੩/੪੪੧) ਦਾ ਵਾਸਤਾ ਪਾਇਆ। ਸੋ, ‘‘ਜੋਤੀ ਮਹਿ; ਜੋਤਿ ਰਲਿ ਜਾਇਆ ॥’’ (ਮ: ੫/੮੮੫) ਸੂਖਮ ਸਰੀਰ ਦੀ ਮੰਜ਼ਲ ਹੈ, ਨਾ ਕਿ ‘ਸਥੂਲ ਸਰੀਰ’ ਵਾਙ ਕਬਰ ਸਥਾਨ; ਜਿਵੇਂ ਕਿ ਇਸਲਾਮ ਮੰਨਦਾ ਹੈ: ‘‘ਗੋਰਾਂ ਸੇ ਨਿਮਾਣੀਆ; ਬਹਸਨਿ ਰੂਹਾਂ ਮਲਿ ॥’’ (ਬਾਬਾ ਫਰੀਦ/੧੩੮੩) ਪਦ ਅਰਥ: ਰੂਹਾਂ- ਸੂਖਮ ਸਰੀਰ, ਮਲਿ- ਮੱਲ ਕੇ।

ਗੁਰੂ ਨਾਨਕ ਸਾਹਿਬ ਜੀ ਤੀਰਥ ਇਸ਼ਨਾਨ (ਸਥੂਲ ਸਰੀਰ ਦੀ ਪਵਿੱਤਰਤਾ) ਅਤੇ ‘ਅੰਤਰਗਤਿ ਤੀਰਥਿ’ (ਸੂਖਮ ਸਰੀਰ ਦੀ ਪਵਿੱਤਰਤਾ) ਦੇ ਫ਼ਰਕ ਨੂੰ ਸਪਸ਼ਟ ਕਰਦੇ ਹੋਏ ਸਮਝਾਉਂਦੇ ਹਨ ਕਿ ਹਰੀ ਨਾਮ ਜਪ ਕੇ ਬਣੀ ਸੂਖਮ ਸਰੀਰ ਦੀ ਬਨਾਵਟ ਮੁਤਾਬਕ ਪ੍ਰਭੂ ਜੀ ਪ੍ਰਸੰਨ ਹੋ ਕੇ ਨਸੀਬ ਲਿਖਦੇ ਹਨ, ਨਾ ਕਿ ਸਥੂਲ ਸਰੀਰ ਦੀ ਪਵਿੱਤਰਤਾ ਮੁਤਾਬਕ: ‘‘ਨ ਭੀਜੈ; ਤੀਰਥਿ+ਭਵਿਐ ਨੰਗਿ ॥ ਨ ਭੀਜੈ; ਦਾਤਂੀ ਕੀਤੈ ਪੁੰਨਿ ॥ ….. (ਕਿਉਂਕਿ) ਲੇਖਾ ਲਿਖੀਐ; ਮਨ ਕੈ ਭਾਇ ॥ ਨਾਨਕ ! ਭੀਜੈ ਸਾਚੈ ਨਾਇ ॥’’ (ਮ: ੧/੧੨੩੭) ਪਦ ਅਰਥ: ਨ ਭੀਜੈ- ਰੱਬ ਨਾ ਪ੍ਰਸੰਨ ਹੁੰਦਾ, ਨੰਗਿ- ਨੰਗੇ ਹੋ ਕੇ, ਦਾਤਂੀ ਕੀਤੈ ਪੁੰਨਿ- ਪੁੰਨ-ਦਾਨ ਕੀਤਿਆਂ, ਮਨ ਕੈ ਭਾਇ- ਸੂਖਮ ਸਰੀਰ ਦੀ ਬਣਤਰ ਮੁਤਾਬਕ, ਨਾਇ ਨਾਮ ਦੀ ਰਾਹੀਂ।

(ਨੋਟ: ਉਕਤ ਕੀਤੀ ਗਈ ਵਿਚਾਰ ਉਪਰੰਤ ਦੋ ਹੋਰ ਨੁਕਤੇ ਵੀ ਧਿਆਨ ਮੰਗਦੇ ਹਨ ਤਾਂ ਜੋ ਸਥੂਲ ਸਰੀਰ (ਸ਼ਮਸ਼ਾਨ ਘਾਟ ਤੱਕ ਦੇ ਨਜਦੀਕ ਸਫ਼ਰ) ਦੇ ਮੁਕਾਬਲੇ ਸੂਖਮ ਸਰੀਰ ਦਾ ਸਫ਼ਰ ਭਾਵ ਮੰਜ਼ਲ (ਦੂਰ, ‘‘ਫਰੀਦਾ ਗਲੀਏ ਚਿਕੜੁ, ‘ਦੂਰਿ ਘਰੁ’; ਨਾਲਿ ਪਿਆਰੇ ਨੇਹੁ ॥’’ ੧੩੭੯) ਨੂੰ ਦਿੱਤੀ ਗਈ ਵਿਸ਼ੇਸ਼ਤਾ ਦਾ ਕਾਰਨ ਲੱਭ ਸਕੀਏ :

(ੳ). ਸੂਖਮ ਸਰੀਰ ਤੇ ਸਥੂਲ ਸਰੀਰ ਦੋਵੇਂ ਹੀ ਗੁਰਬਾਣੀ ਲਿਖਤ ਮੁਤਾਬਕ ਪੁਲਿੰਗ ਹਨ ਪਰ ਜਦ ਅਕਾਲ ਪੁਰਖ (ਪੁਲਿੰਗ) ਨਾਲ਼ ਸੂਖਮ ਸਰੀਰ ਨੂੰ ਤੁਲਨਾਤਮਿਕ ਵਿਚਾਰਿਆ ਜਾਏ ਤਾਂ ਮਰਦ (ਪੁਲਿੰਗ) ਤੇ ਔਰਤ (ਇਸਤ੍ਰੀ ਲਿੰਗ) ਭਾਵ ਦੋਵੇਂ ਲਿੰਗਾਂ ’ਚ ‘ਸੂਖਮ ਸਰੀਰ’ (ਆਤਮਾ ਭਾਵ ਜੋਤ) ਦਾ ਨਿਵਾਸ ਹੋਣ ਕਾਰਨ ‘ਸੂਖਮ ਸਰੀਰ’ ਨੂੰ ਹਮੇਸ਼ਾਂ ਇਸਤ੍ਰੀ ਲਿੰਗ ਮੰਨਿਆ ਜਾਂਦਾ ਹੈ; ਜਿਵੇਂ ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ॥ (ਮ: ੩/੫੯੧) ਪਦ ਅਰਥ: ਪੁਰਖੁ- ਅਕਾਲ ਪੁਰਖ (ਪੁਲਿੰਗ), ਸਗਲੀ ਨਾਰਿ ਸਬਾਈ- ਸਾਰੀ ਜੋਤ, ਸੂਖਮ ਸਰੀਰ (ਇਸਤ੍ਰੀ ਲਿੰਗ)।

ਇਸੇ ਕਾਰਨ ਗੁਰਬਾਣੀ ’ਚ ‘ਸਾਧਨ, ਕਾਮਣਿ ਜਾਂ ਕਾਮਨਿ, ਸੁਲਖਣੀ ਜਾਂ ਸੁਲਖਨੀ, ਕੁਲਖਣੀ ਜਾਂ ਕੁਲਖਨੀ’ ਆਦਿ ਇਸਤ੍ਰੀ ਲਿੰਗ ਸ਼ਬਦ ਕੇਵਲ ਔਰਤ ਜਾਤੀ (ਸਥੂਲ ਸਰੀਰ) ਲਈ ਨਹੀਂ ਬਲਕਿ ਮਰਦ (ਸਥੂਲ ਸਰੀਰ) ਲਈ ਵੀ ਬਰਾਬਰ ਮਤਲਬ ਰੱਖਦੇ ਹਨ।

(ਅ). ਗੁਰਮਤਿ ’ਚ ਸਥੂਲ ਸਰੀਰ ਦੀ ਬੁਨਿਆਦ ਦੇ ਮੁਕਾਬਲੇ ਸੂਖਮ ਸਰੀਰ (ਰੂਹਾਨੀਅਤ) ਦੀ ਨੀਂਹ ਨੂੰ ਮਹੱਤਵ ਦਿੱਤਾ ਜਾਂਦਾ ਹੈ; ਜਿਵੇਂ ਕਿ ਗੁਰੂ ਅਮਰਦਾਸ ਜੀ; ਗੁਰੂ ਨਾਨਕ ਸਾਹਿਬ ਜੀ ਤੋਂ ਸਰੀਰਕ ਉਮਰ (ਸਥੂਲ ਸਰੀਰ) ’ਚ 10 ਸਾਲ ਛੋਟੇ ਤੇ ਗੁਰੂ ਅੰਗਦ ਸਾਹਿਬ ਜੀ ਤੋਂ 25 ਸਾਲ ਵੱਡੇ ਸਨ ਪਰ ਰੂਹਾਨੀਅਤ (ਸੂਖਮ ਸਰੀਰ) ਸਫ਼ਰ ’ਚ ਗੁਰੂ ਅੰਗਦ ਸਾਹਿਬ ਜੀ ਤੋਂ ਪਿਛੇ (ਛੋਟੇ) ਹੋਣ ਕਾਰਨ ਬਾਬਾ ਸੱਤਾ/ਬਲਵੰਡ ਜੀ ਨੇ ਉਨ੍ਹਾਂ ਨੂੰ ਦਾਦੇ (ਗੁਰੂ ਨਾਨਕ) ਤੇ ਪਿਤਾ (ਗੁਰੂ ਅੰਗਦ) ਦੇ ਮੁਕਾਬਲੇ ਪੋਤਾ (ਗੁਰੂ ਅਮਰਦਾਸ) ਬਿਆਨ ਕੀਤਾ: ‘‘ਪਿਯੂ ਦਾਦੇ ਜੇਵਿਹਾ; ਪੋਤਾ ਪਰਵਾਣੁ ॥’’ (ਬਲਵੰਡ ਸਤਾ/੯੬੮) ਪਦ ਅਰਥ: ਜੇਵਿਹਾ- ਵਰਗਾ (ਸੂਖਮ ਸਰੀਰ)।

ਉਕਤ ਦਲੀਲ ਦਾ ਮਤਲਬ ਇਹੀ ਹੈ ਕਿ ਗੁਰਮਤਿ ਦਾ ਸੰਬੰਧ ਸੂਖਮ ਸਰੀਰ (ਆਤਮਾ, ਮਨ, ਜੀਵਾਤਮਾ) ਨਾਲ਼ ਹੈ, ਨਾ ਕਿ ਤੀਰਥਾਂ ਰਾਹੀਂ ਪਵਿੱਤਰ ਕੀਤੇ ਜਾ ਰਹੇ ਸਥੂਲ ਸਰੀਰ ਨਾਲ਼। ‘ਸਥੂਲ ਸਰੀਰ’ ਬਾਰੇ ਤਾਂ ਗੁਰਮਤਿ ਨੇ ਬੜੀ ਸਪਸ਼ਟ ਵਿਆਖਿਆ ਕੀਤੀ ਹੈ; ਜਿਵੇਂ

‘‘ਹਾਡ ਜਲੇ; ਜੈਸੇ ਲਕਰੀ ਕਾ ਤੂਲਾ ॥ ਕੇਸ ਜਲੇ; ਜੈਸੇ ਘਾਸ ਕਾ ਪੂਲਾ ॥ (ਭਗਤ ਕਬੀਰ/੮੭੦) ਪਦ ਅਰਥ: ਤੂਲਾ-ਗੱਠਾ।

ਹਾਡ ਮਾਸ ਨਾੜਂੀ ਕੋ ਪਿੰਜਰੁ, ਪੰਖੀ ਬਸੈ ਬਿਚਾਰਾ ॥ (ਭਗਤ ਰਵਿਦਾਸ/੬੫੯) ਪਦ ਅਰਥ: ਪਿੰਜਰੁ-ਸਥੂਲ ਸਰੀਰ, ਪੰਖੀ- ਸੂਖਮ ਸਰੀਰ। ਆਦਿ।

ਤੀਰਥ ਇਸ਼ਨਾਨ ਬਣਿਆ ਕਿਵੇਂ ?: ਗੁਰੂ ਨਾਨਕ ਸਾਹਿਬ ਜੀ ਦੇ ਵਚਨਾਂ ਮੁਤਾਬਕ 68 ਤੀਰਥ, ਦੇਵੀ-ਦੇਵਤਿਆਂ ਦੇ ਪੁਰਬ (ਇਤਿਹਾਸਿਕ ਦਿਹਾੜੇ) ਮਨਾਉਣ ਲਈ ਬਣਾਏ ਗਏ ਕਿਉਂਕਿ ਸੰਗਤਾਂ ਦੇ ਇਕੱਠ (ਸਥੂਲ ਸਰੀਰ) ਲਈ ਪਾਣੀ ਦੇ ਸਰੋਤ ਜ਼ਰੂਰੀ ਸਨ, ਇਸ ਸੰਗਤੀ ਇਕੱਤਰਤਾ ’ਚ ਸੂਖਮ ਸਰੀਰ ਦੀ ਖ਼ੁਰਾਕ ਕਥਾ ਵਾਰਤਾ ਹੁੰਦੀ ਸੀ: ‘‘ਅਠਸਠਿ ਤੀਰਥ ਦੇਵੀ ਥਾਪੇ; ਪੁਰਬੀ ਲਗੈ ਬਾਣੀ ॥ (ਮ: ੧/੧੫੦) ਪਦ ਅਰਥ: ਪੁਰਬੀ ਲਗੈ ਬਾਣੀ- ਜਿੱਥੇ ਪੁਰਬ ਮਨਾਏ ਜਾਂਦੇ ਤੇ ‘ਬਾਣੀ’ ਭਾਵ ਕਥਾ ਹੁੰਦੀ ਸੀ। ਅਜਿਹੀ ਹੀ ਪੰਥਕ ਇਕੱਤਰਤਾ, ਜਿੱਥੇ ਪਾਣੀ ਦੀ ਸੁਵਿਧਾ ਹੋਵੇ, ਨੂੰ ਮੁੱਖ ਰੱਖਦਿਆਂ ਸਿੱਖ ਇਤਿਹਾਸ ’ਚ ਦੀਵਾਲੀ ਤੇ ਵਿਸਾਖੀ ਨੂੰ ਸੰਗਤਾਂ ਦਰਬਾਰ ਸਾਹਿਬ (ਅੰਮ੍ਰਿਤਸਰ) ਇਕੱਤਰ ਹੁੰਦੀਆਂ ਰਹੀਆਂ ਹਨ, ਜਿੱਥੇ ਜਿੱਥੇ ਜਾਤ-ਪਾਤ ਦੇ ਭਿੰਨ-ਭੇਦ ਨੂੰ ਦੂਰ ਕਰਨ ਦੇ ਨਾਲ਼-ਨਾਲ਼ ਪਾਣੀ ਦੀ ਕਮੀ ਨੂੰ ਵੀ ਦੂਰ ਕਰਨ ਲਈ ‘ਸਰੋਵਰ’ ਬਣਾਇਆ ਗਿਆ।

(ਨੋਟ: ਉਕਤ ਵਿਚਾਰ ਮੁਤਾਬਕ 68 ਹਿੰਦੂ ਤੀਰਥ ਤੇ ਸਿੱਖ ਇਤਿਹਾਸਿਕ ਸਰੋਵਰਾਂ ਦੀ ਹੋਂਦ ਦਾ ਕਾਰਨ ਸੰਗਤਾਂ ਲਈ ਪਾਣੀ ਉਪਲਬਧ ਕਰਵਾਉਣਾ ਹੈ, ਜੋ ਕਿ ਅਤਿ ਜ਼ਰੂਰੀ ਹੈ; ਜਿਵੇਂ ‘‘ਨਾਇ ਨਿਵਾਜਾ, ਨਾਤੈ ਪੂਜਾ; ਨਾਵਨਿ ਸਦਾ ਸੁਜਾਣੀ ॥’’ (ਮ: ੧/੧੫੦) ਪਦ ਅਰਥ: ਨਾਇ ਨਿਵਾਜਾ – ਨ੍ਹਾਇ ਕੇ ਨਮਾਜ਼ ਪੜੀਦੀ, ਸੁਜਾਣੀ-ਸਮਝਦਾਰ ਲੋਕ।

ਧਿਆਨ ਰਹੇ ਕਿ ਹਿੰਦੂ ਤੀਰਥਾਂ ਅਤੇ ਗੁਰੂ ਘਰਾਂ ’ਚ ਹੋਣ ਵਾਲ਼ੀ ਕਥਾ-ਵਾਰਤਾ ਦੇ ਵਿਸ਼ਿਆਂ ’ਚ ਬਹੁਤ ਹੀ ਬੁਨਿਆਦੀ ਅੰਤਰ ਹੈ, ਜਿਸ ਦਾ ਵਰਣਨ ਕਰਨਾ, ਇਸ ਲੇਖ ਦਾ ਭਾਗ ਨਹੀਂ।

ਗੁਰਬਾਣੀ; ਮਨੁੱਖੀ ਮਾਨਸਿਕਤਾ ਉੱਤੇ ਪ੍ਰਭਾਵ ਪਾਉਣ ਵਾਲ਼ੀਆਂ ਸ਼ਖ਼ਸੀਅਤਾਂ, ਜੋ ਕਿ ਇਸ ਸੰਸਾਰ ਤੋਂ ਕੂਚ ਕਰ ਚੁੱਕੀਆਂ ਹਨ, ਉਨ੍ਹਾਂ ਦੇ ਅਸਤਿਤਵ (ਵਜੂਦ) ਤੇ ਆਚਰਨ ਬਾਰੇ ਕੋਈ ਫ਼ੈਸਲਾ ਨਹੀਂ ਦਿੰਦੀ ਬਲਕਿ ਉਨ੍ਹਾਂ ਦੁਆਰਾ ਪੈ ਰਹੇ ਸਮਾਜਿਕ ਪ੍ਰਭਾਵ ਨੂੰ ਸਕਾਰਾਤਮਕ ਤਰੀਕੇ ਨਾਲ਼ ਖ਼ਤਮ ਕਰਦੀ ਹੈ, ਜਿਸ ਦੀ ਇੱਕ ਮਿਸਾਲ ਹੈ: ‘‘ਗਾਵਹਿ ਈਸਰੁ ਬਰਮਾ ਦੇਵੀ; ਸੋਹਨਿ ਸਦਾ ਸਵਾਰੇ ॥…. ਗਾਵਹਿ ਇੰਦ ਇਦਾਸਣਿ ਬੈਠੇ; ਦੇਵਤਿਆ ਦਰਿ, ਨਾਲੇ ॥’’ (ਜਪੁ) ਭਾਵ ਹੇ ਪ੍ਰਭੂ ! ਤੈਨੂੰ ਤਮਾਮ ਉਹ ਸ਼ਖ਼ਸੀਅਤਾਂ ਵੀ ਗਾਉਂਦੀਆਂ ਹਨ, ਜਿਨ੍ਹਾਂ ਦੇ ਪ੍ਰਭਾਵ ਨੂੰ ਸਮਾਜ ਨੇ ਵਿਸ਼ੇਸ਼ ਮਹੱਤਵ ਦਿੱਤਾ।)

ਉਕਤ ਦ੍ਰਿਸ਼ਟਾਂਤ ਵਾਙ ਹੀ ਗੁਰੂ ਨਾਨਕ ਸਾਹਿਬ ਜੀ ਦੇ ਵਚਨ ਹਨ ਕਿ ਸੂਖਮ ਸਰੀਰ ਦੀ ਖ਼ੁਰਾਕ (ਕਥਾ-ਵਾਰਤਾ ਜਾਂ ਰੱਬੀ ਮਿਲਾਪ) ਕਰਨ ਲਈ ਦੇਵਤਿਆਂ (ਸਥੂਲ ਸਰੀਰਾਂ) ਨੇ ਵੀ ਭੁੱਖਾਂ-ਤ੍ਰੇਹਾਂ ਕੱਟੀਆਂ ਤੇ ਤੀਰਥ ਗਮਨ ਕੀਤੇ: ‘‘ਦੇਵਤਿਆ ਦਰਸਨ ਕੈ ਤਾਈ; ਦੂਖ ਭੂਖ ਤੀਰਥ ਕੀਏ ॥’’ (ਮ: ੧/੩੫੮) ਪਦ ਅਰਥ: ਤਾਈ – ਵਾਸਤੇ। ਪਰ ਇਨ੍ਹਾਂ ਪੁਰਬਾਂ ’ਚ ਹੌਲ਼ੀ- ਹੌਲ਼ੀ ਕਥਾ ਵਾਰਤਾ (ਸੂਖਮ ਖ਼ੁਰਾਕ) ਅਲੋਪ ਹੁੰਦੀ ਗਈ, ਜਿਸ ਦੀ ਜਗ੍ਹਾ ਸਥੂਲ ਸਰੀਰ ਦੀ ਪਵਿੱਤਰਤਾ ਦੇ ਵਹਿਮ ਨੇ ਲੈ ਲਈ। ਗੁਰੂ ਅਮਰਦਾਸ ਜੀ ਨੇ ਇਸ ਭਰਮ ਨੂੰ ਤੋੜਨ ਲਈ ਵਚਨ ਕੀਤਾ ਕਿ ‘ਜਤੁ ਸੰਜਮ ਤੀਰਥ’ ਆਦਿ ਕਰਮ, ਕਲਿਯੁਗ ’ਚ ਸਫਲ ਨਹੀਂ ਹਨ ਬਲਕਿ ਪਿਛਲੇ (ਸਤਿਯੁਗ, ਤ੍ਰੇਤਾ, ਦੁਆਪਰ) ਨਾਲ਼ ਸੰਬੰਧਿਤ ਰੀਤਾਂ-ਰਸਮਾ ਸੀ ਕਿਉਂਕਿ ਗੁਰੂ ਘਰ ਦੀ ਮਰਯਾਦਾ ਹੈ ਕਿ ਲਕੀਰ ਮਿਟਾਉਣੀ ਨਹੀਂ ਬਲਕਿ ਉਸ ਦੇ ਮੁਕਾਬਲੇ ਵੱਡੀ ਖਿੱਚਣੀ ਹੈ: ‘‘ਜਤੁ ਸੰਜਮ ਤੀਰਥ, ਓਨਾ ਜੁਗਾ ਕਾ ਧਰਮੁ ਹੈ; ਕਲਿ ਮਹਿ ਕੀਰਤਿ ਹਰਿ ਨਾਮਾ ॥’’ (ਮ: ੩/੭੯੭)

ਉਕਤ ਕਰਮਕਾਂਡ ਨੂੰ ਧਿਆਨ ਨਾਲ਼ ਵੇਖਦਿਆਂ ਭਗਤ ਕਬੀਰ ਜੀ ਬੜੀ ਹੀ ਮਹੱਤਵਪੂਰਨ ਦਲੀਲ ਰੱਖਦੇ ਹਨ ਕਿ ‘‘ਝਗਰਾ ਏਕੁ, ਨਿਬੇਰਹੁ ਰਾਮ ! ॥ ਜਉ ਤੁਮ, ਅਪਨੇ ਜਨ ਸੌ ਕਾਮੁ ॥੧॥ ਰਹਾਉ ॥ ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ ? ॥ ਰਾਮੁ ਬਡਾ ਕੈ ਰਾਮਹਿ ਜਾਨਿਆ ? ॥੧॥ ਬ੍ਰਹਮਾ ਬਡਾ ਕਿ ਜਾਸੁ ਉਪਾਇਆ ? ॥ ਬੇਦੁ ਬਡਾ ਕਿ ਜਹਾਂ ਤੇ ਆਇਆ ? ॥੨॥ ਕਹਿ ਕਬੀਰ ਹਉ ਭਇਆ ਉਦਾਸੁ ॥ ‘ਤੀਰਥੁ’ ਬਡਾ ਕਿ ਹਰਿ ਕਾ ਦਾਸੁ ? ॥੩॥’’ (੩੩੧) ਪਦ ਅਰਥ: ਸੌ- ਨਾਲ਼,ਰਾਮਹਿ ਜਾਨਿਆ- ਜਿਸ ਨੇ ਰਾਮ ਨੂੰ ਜਾਣ ਲਿਆ। ਇਸ ਸ਼ਬਦ ’ਚ ‘ਰਾਮ’ (ਸਰਵ ਵਿਆਪਕ) ਨੂੰ ਸੰਬੋਧਨ ਕਰਦਿਆਂ ਦੋ ਵਿਸ਼ੇ ਤੁਲਨਾਤਮਿਕ ਪੱਖੋਂ ਲਏ ਗਏ; ਜਿਵੇਂ ਕਿ ‘ਮਨ ਵੱਡਾ ਹੈ ਜਾਂ ਜਿਸ ਨਾਲ਼ ਇਸ ਦਾ ਸੰਬੰਧ ਜੁੜਿਆ (ਕਿਉਂਕਿ ਸੰਬੰਧ ਆਪਣੇ ਤੋਂ ਛੋਟੇ ਨਾਲ਼ ਘੱਟ ਹੀ ਜੁੜਦਾ ਹੈ), ਦਰਸ਼ਥ ਪੁੱਤਰ ਰਾਮ ਵੱਡਾ ਹੈ ਜਾਂ ਜਿਸ ਨੇ ਸਰਬ ਵਿਆਪਕ ਰਾਮ ਨੂੰ ਜਾਣ ਲਿਆ (ਕਿਉਂਕਿ ‘‘ਕਬੀਰ ! ਰਾਮੈ ਰਾਮ ਕਹੁ; ਕਹਿਬੇ ਮਾਹਿ ਬਿਬੇਕ ॥ ਏਕੁ ਅਨੇਕਹਿ ਮਿਲਿ ਗਇਆ; ਏਕ ਸਮਾਨਾ ਏਕ ॥’’ ੧੩੭੪)ਪਦ ਅਰਥ: ਏਕੁ ਅਨੇਕਹਿ ਮਿਲਿ ਗਇਆ- ਇੱਕ ਰਾਮ ਸਰਬ ਵਿਆਪਕ, ਏਕ ਸਮਾਨਾ ਏਕ- ਇੱਕ ਰਾਮ ਕੇਵਲ ਦਸ਼ਰਥ ਪੁੱਤਰ। ਬ੍ਰਹਮਾ ਵੱਡਾ ਹੈ ਜਾਂ ਜਿਸ ਨੇ ਉਸ ਨੂੰ ਪੈਦਾ ਕੀਤਾ ਉਹ ਵੱਡਾ ਹੈ, ਵੇਦ (ਗਿਆਨ) ਵੱਡਾ ਹੈ ਜਾਂ ਜਿੱਥੋਂ ਗਿਆਨ ਆਇਆ ਉਹ ਵੱਡਾ ਹੈ।, ਤੀਰਥ ਵੱਡਾ ਹੈ ਜਾਂ ਉੱਥੇ ਜਾਣ ਵਾਲ਼ਾ ਤੀਰਥ ਯਾਤ੍ਰੀ (ਰੱਬੀ ਭਗਤ) ਵੱਡਾ ਹੈ ?

ਉਕਤ ਤਮਾਮ ਸਵਾਲਾਂ ਦੇ ਜਵਾਬ ਹਨ ਕਿ ਜੋ ਤੁਲਨਾਤਮਿਕ ਪੱਖੋਂ ਪਹਿਲਾਂ ਦਰਜ ਕੀਤੇ ਗਏ ਉਹ ਛੋਟੇ ਹਨ ਤੇ ਜੋ ਬਾਅਦ ’ਚ ਦਰਜ ਕੀਤੇ ਉਹ ਤਮਾਮ ਵੱਡੇ ਹਨ; ਤਾਂ ਤੇ ‘ਤੀਰਥ’ ਨਾਲ਼ੋਂ ‘ਤੀਰਥ ਯਾਤ੍ਰੀ’ ਵੱਡਾ ਹੈ ਕਿਉਂਕਿ ਉਸ ਦਾ ਟੀਚਾ ਕਥਾ-ਵਾਰਤਾ (ਸੂਖਮ ਸਰੀਰ ਦੀ ਪਵਿੱਤਰਤਾ) ਹੈ, ਨਾ ਕਿ ‘ਤੀਰਥ’ (ਸਥੂਲ ਸਰੀਰ ਦੀ ਪਵਿੱਤਰਤਾ ਦਾ ਸਰੋਤ)।

ਪੂਰੇ ਸ਼ਬਦ ਦੇ ਤੱਤ-ਸਾਰ ਵਾਲ਼ੀ ਤੁਕ ‘‘ਜਉ ਤੁਮ, ਅਪਨੇ ਜਨ ਸੌ ਕਾਮੁ ॥੧॥ ਰਹਾਉ ॥’’ ਦਾ ਮਤਲਬ ਹੈ ਕਿ (ਹੇ ਰਾਮ!) ਜੇ ਤੈਨੂੰ ਆਪਣੇ ਸੇਵਕ ਨਾਲ਼ ਸੰਬੰਧ ਹੈ ਭਾਵ ਆਪਣੇ ਚਰਨਾਂ ਨਾਲ਼ ਜੋੜਨਾ ਹੈ। ਧਿਆਨ ਰਹੇ ਕਿ ਰੱਬੀ ਚਰਨਾਂ ਨਾਲ਼ ‘ਸੂਖਮ ਸਰੀਰ’ ਜੁੜਦਾ ਹੈ, ਨਾ ਕਿ ‘ਸਥੂਲ ਸਰੀਰ’। ‘ਸਥੂਲ ਸਰੀਰ’ ਗੁਰੂ ਦੇ ਨੇੜੇ ਰਹੇ ਜਾਂ ਦੂਰ, ਮਹੱਤਵ ਬਰਾਬਰ ਮਿਲਦਾ ਹੈ; ਜਿਵੇਂ ਕਿ ‘‘ਗੁਰ ਸਭਾ ਏਵ ਨ ਪਾਈਐ; ਨਾ ਨੇੜੈ, ਨਾ ਦੂਰਿ ॥ ਨਾਨਕ ! ਸਤਿਗੁਰੁ ਤਾਂ ਮਿਲੈ; ਜਾ ਮਨੁ ਰਹੈ ਹਦੂਰਿ ॥’’ (ਮ: ੩/੮੪) ਪਦ ਅਰਥ: ਦੂਰਿ- ਗੁਰੂ ਤੋਂ ਸਥੂਲ ਸਰੀਰ ਕਰਕੇ ਦੂਰ ਬੈਠਿਆਂ, ਮਨੁ- ਸੂਖਮ ਸਰੀਰ, ਹਦੂਰਿ- ਨੇੜੇ। ਇਹੀ ਕਬੀਰ ਜੀ ਦਾ ‘‘ਝਗਰਾ ਏਕੁ, ਨਿਬੇਰਹੁ ਰਾਮ ! ॥’’ ਸਵਾਲ ਸੀ।

ਗੁਰੂ ਰਾਮਦਾਸ ਜੀ ਇਸ ਵਿਸ਼ੇ ਨੂੰ ਇਉਂ ਖੋਲ੍ਹਦੇ ਹਨ: ‘‘ਜਿਤਨੇ ਤੀਰਥ ਦੇਵੀ ਥਾਪੇ; ਸਭਿ ਤਿਤਨੇ ਲੋਚਹਿ, ਧੂਰਿ ਸਾਧੂ ਕੀ ਤਾਈ ॥’’ (ਮ: ੪/੧੨੬੩) ਪਦ ਅਰਥ: ਧੂਰਿ ਸਾਧੂ ਕੀ ਤਾਈ- ਭਗਤ ਦੀ ਚਰਨ-ਧੂੜ ਨੂੰ। ਭਾਵ ‘ਤੀਰਥ’ ਦੀ ਮਹੱਤਤਾ ‘ਭਗਤਾਂ’ ਕਰਕੇ ਹੈ, ਨਾ ਕਿ ਭਗਤਾਂ (ਸੂਖਮ ਪਵਿੱਤਰਤਾ) ਦੀ ਮਹੱਤਤਾ ‘ਤੀਰਥ’ (ਸਥੂਲ ਸਰੀਰ ਦੀ ਪਵਿੱਤਰਤਾ ਦੋ ਸਰੋਤ) ਕਾਰਨ, ਕਿਉਂਕਿ ‘‘ਸਚੁ ਤਾਂ ਪਰੁ ਜਾਣੀਐ; ਜਾ, ‘ਆਤਮ-ਤੀਰਥਿ’ ਕਰੇ ਨਿਵਾਸੁ ॥’’ (ਮ: ੧/੪੬੮) ਪਦ ਅਰਥ: ‘ਆਤਮ-ਤੀਰਥਿ’- ਸੂਖਮ ਸਰੀਰ ਉੱਤੇ।

ਹਿੰਦੂ ਤੀਰਥ ਇਸ਼ਨਾਨ ਕਰਨ ਬਾਬਤ ਕੁਝ ਇਛਾਵਾਂ ਸਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:

(1). ਮਨ ਦੀ ਇੱਛਾ ਹੈ ਕਿ ਤੀਰਥਾਂ (ਸਥੂਲ ਸਰੀਰ ਨੂੰ ਪਵਿੱਤਰ ਕਰਨ ਵਾਲ਼ੀ ਜਗ੍ਹਾ) ਉੱਤੇ ਜਾ ਕੇ ਮਰਾਂ: ਮਨ ਕਾਮਨਾ ‘ਤੀਰਥ’ ਦੇਹ ਛੁਟੈ ॥ (ਗਉੜੀ ਸੁਖਮਨੀ /ਮ: ੫/੨੬੫)

(2). ਸੁਰਗ ਦੀ ਪ੍ਰਾਪਤੀ ਲਈ ਸਥੂਲ ਸਰੀਰ ਪਵਿੱਤਰ ਕਰਨਾ, ਜ਼ਰੂਰੀ ਦੱਸਿਆ ਗਿਆ: ਅੰਤਰਿ ਮੈਲੁ, ਜੇ ‘ਤੀਰਥ’ ਨਾਵੈ; ਤਿਸੁ ਬੈਕੁੰਠ ਨ ਜਾਨਾਂ ॥ (ਭਗਤ ਕਬੀਰ/੪੮੪)

(3). ਸਥੂਲ ਸਰੀਰ ਦੀ ਪਵਿੱਤਰਤਾ ਨਾਲ਼ ਦੁਬਿਧਾ ਦਾ ਨਾਸ਼ ਹੋਵੇਗਾ, ਕਿਹਾ ਗਿਆ: ਤਟ ‘ਤੀਰਥ’ ਸਭ ਧਰਤੀ ਭ੍ਰਮਿਓ; ਦੁਬਿਧਾ ਛੁਟਕੈ ਨਾਹੀ ॥ (ਮ: ੫/੬੪੧)

(4). ਮਨ ਕਾਬੂ ਕਰਨ ਲਈ ਸਥੂਲ ਸਰੀਰ ਪਵਿੱਤਰ ਕਰਨਾ ਤੇ ਵਰਤ ਰੱਖੇ ਜਾ ਰਹੇ ਸੀ: ‘ਤੀਰਥ’ ਕਰੈ, ਬ੍ਰਤ ਫੁਨਿ ਰਾਖੈ; ਨਹ ਮਨੂਆ ਬਸਿ ਜਾ ਕੋ ॥ (ਮ: ੯/੮੩੧) ਪਦ ਅਰਥ: ਫੁਨਿ-ਭੀ।

(5). ਸੂਖਮ ਸਰੀਰ ਦੀ ਮੈਲ਼, ਸਥੂਲ ਸਰੀਰ ਦੀ ਪਵਿੱਤਰ ਕਰਨ ਨਾਲ਼ ਉਤਾਰੀ ਜਾ ਰਹੀ ਸੀ: ‘ਤੀਰਥ’ ਨਾਇ, ਨ ਉਤਰਸਿ ਮੈਲੁ ॥ (ਮ: ੫/੮੯੦)

(6). ਪਾਪ ਕਰਹਿ ਪੰਚਾਂ ਕੇ ਬਸਿ ਰੇ ॥ ਤੀਰਥਿ ਨਾਇ; ਕਹਹਿ ਸਭਿ ਉਤਰੇ ॥ (ਮ: ੫/੧੩੪੮) ਪਦ ਅਰਥ: ਨਾਇ- ਨ੍ਹਾ ਕੇ, ਆਦਿ।

ਅਗਿਆਨਤਾਵੱਸ ਜਾਂ ਮਜਬੂਰੀ ’ਚ ਲੋਕਾਈ ਨੇ ਅਨੇਕਾਂ ਕਸ਼ਟਦਾਇਕ ਕਰਮ ਕਰਨੇ ਵੀ ਪ੍ਰਵਾਨ ਕਰ ਲਏ ਸਨ; ਜਿਵੇਂ

(ੳ). ਬਾਨਾਰਸੀ ਤਪੁ ਕਰੈ, ਉਲਟਿ ‘ਤੀਰਥ’ ਮਰੈ; ਅਗਨਿ ਦਹੈ, ਕਾਇਆ ਕਲਪੁ ਕੀਜੈ ॥ (ਭਗਤ ਨਾਮਦੇਵ/੯੭੩) ਪਦ ਅਰਥ: ਅਗਨਿ ਦਹੈ- ਅੱਗ ਵਿੱਚ ਸਥੂਲ ਸਰੀਰ ਸੜੇ, ਕਲਪੁ-ਇਲਾਜ।

(ਅ). ਅਸੁਮੇਧ ਜਗੁ ਕੀਜੈ, ਸੋਨਾ ਗਰਭ ਦਾਨੁ ਦੀਜੈ; ਰਾਮ ਨਾਮ ਸਰਿ ਤਊ ਨ ਪੂਜੈ ॥ (ਭਗਤ ਨਾਮਦੇਵ/੯੭੩) ਪਦ ਅਰਥ: ਸਰਿ- ਬਰਾਬਰ।

(ੲ). ਭਸਮ ਲਗਾਇ ‘ਤੀਰਥ’ ਬਹੁ ਭ੍ਰਮਤੇ; ਸੂਖਮ ਦੇਹ, ਬੰਧਹਿ ਬਹੁ ਜਟੂਆ ॥ (ਮ: ੫/੧੩੮੯) ਪਦ ਅਰਥ: ਲਗਾਇ- ਲਗਾ ਕੇ, ਸੂਖਮ ਦੇਹ- ਕਮਜ਼ੋਰ ਹੋਇਆ ਸਰੀਰ, ਜਟੂਆ-ਜਟਾਂਧਾਰੀ ਹੋ ਕੇ, ਆਦਿ।

ਉਕਤ ਆਸਥਾ (ਅੰਧਵਿਸ਼ਵਾਸ) ਨਾਲ਼ ਇੱਛਾ ਦੀ ਪੂਰਤੀ ਹੋਣੀ ਤਾਂ ਦੂਰ ਰਹੀ ਬਲਕਿ ਇਸ ਖ਼ੱਜਲ-ਖ਼ੁਆਰੀ (ਭੱਜ-ਨੱਠ) ਦਾ ਵਰਣਨ; ਗੁਰਬਾਣੀ ਨੇ ਇਉਂ ਕੀਤਾ:

‘ਤੀਰਥ’ ਨਾਤਾ ਕਿਆ ਕਰੇ ? ਮਨ ਮਹਿ ਮੈਲੁ ਗੁਮਾਨੁ ॥ (ਮ: ੧/੬੧) ਪਦ ਅਰਥ: ਨਾਤਾ- ਨ੍ਹਾਤਾ। ਭਾਵ ਸੂਖਮ ਸਰੀਰ ਦੀ ਮੈਲ਼, ਸਥੂਲ ਸਰੀਰ ਨੂੰ ਪਵਿੱਤਰ ਕੀਤਿਆਂ ਨਹੀਂ ਉਤਰਦੀ।

ਅਠਸਠਿ ‘ਤੀਰਥ’ ਜੇ ਨਾਵਹਿ; ਉਤਰੈ ਨਾਹੀ ਮੈਲੁ ॥ (ਮ: ੧/੪੭੩)

ਸਚੇ ਮੈਲੁ ਨ ਲਗਈ; ਮਲੁ ਲਾਗੈ ਦੂਜੈ ਭਾਇ ॥ ਧੋਤੀ ਮੂਲਿ ਨ ਉਤਰੈ; ਜੇ ਅਠਸਠਿ ‘ਤੀਰਥ’ ਨਾਇ ॥ (ਮ: ੩/੮੭) ਪਦ ਅਰਥ: ਜੇ- ਭਾਵੇਂ। ਭਾਵ ਸੱਚੇ ਤੋਂ ਦੂਰੀ ਬਣਾ ਕੇ ਹੋਰ ਨਾਲ਼ ਪਾਇਆ ਪਿਆਰ ਹੀ ਸੂਖਮ ਸਰੀਰ ਦੀ ਮੈਲ਼ ਦਾ ਕਾਰਨ ਹੈ। ਦੁਬਾਰਾ ਸੱਚੇ ਨਾਲ਼ ਜੁੜ ਕੇ ਮੈਲ਼ ਉਤਰੇਗੀ, ਪਰ ਜੁੜੇਗਾ ‘ਸੂਖਮ ਸਰੀਰ’, ਨਾ ਕਿ ‘ਸਥੂਲ ਸਰੀਰ’।

(ਨੋਟ: ‘ਸੂਖਮ ਸਰੀਰ’ ਦਾ ਪਿਆਰ ਰੂਹਾਨੀਅਤ ਨਾਲ਼ ਸੰਬੰਧਿਤ ਹੈ ਜਦਕਿ ‘ਸਥੂਲ ਸਰੀਰ’ ਦਾ ਪਿਆਰ ਕਮਾਦਿਕ ਪੂਰਤੀ ਹੈ।)

ਅਨੇਕ ‘ਤੀਰਥ’ ਜੇ ਜਤਨ ਕਰੈ; ਤਾ ਅੰਤਰ ਕੀ ਹਉਮੈ ਕਦੇ ਨ ਜਾਇ ॥ (ਮ: ੩/੪੯੧) ਪਦ ਅਰਥ: ਅੰਤਰ-ਸੂਖਮ ਸਰੀਰ।

ਮਨ ਕਾਮਨਾ ‘ਤੀਰਥ’ ਜਾਇ ਬਸਿਓ; ਸਿਰਿ ਕਰਵਤ ਧਰਾਏ ॥ ਮਨ ਕੀ ਮੈਲੁ ਨ ਉਤਰੈ ਇਹ ਬਿਧਿ; ਜੇ ਲਖ ਜਤਨ ਕਰਾਏ ॥ (ਮ: ੫/੬੪੨) ਪਦ ਅਰਥ: ਸਿਰਿ ਕਰਵਤ-ਸਥੂਲ ਸਰੀਰ ਦੇ ਸਿਰ ਉੱਤੇ ਆਰਾ, ਮਨ-ਸੂਖਮ ਸਰੀਰ, ਜੇ- ਬੇਸ਼ੱਕ।

ਕਹਾ ਭਇਓ ‘ਤੀਰਥ’ ਬ੍ਰਤ ਕੀਏ ? ਰਾਮ ਸਰਨਿ ਨਹੀ ਆਵੈ ॥ (ਮ: ੯/੮੩੦) ਪਦ ਅਰਥ: ਕਹਾ ਭਇਓ- ਕੀ ਹੋਇਆ?

ਨਾਵਨ ਕਉ ‘ਤੀਰਥ’ ਘਨੇ ਮਨ ਬਉਰਾ ਰੇ ! ਪੂਜਨ ਕਉ ਬਹੁ ਦੇਵ ॥ ਕਹੁ ਕਬੀਰ ਛੂਟਨੁ ਨਹੀ, ਮਨ ਬਉਰਾ ਰੇ! ਛੂਟਨੁ ਹਰਿ ਕੀ ਸੇਵ ॥ (ਭਗਤ ਕਬੀਰ/੩੩੬)

ਏਕਾਦਸੀ ਬ੍ਰਤੁ ਰਹੈ; ਕਾਹੇ ਕਉ ‘ਤੀਰਥ’ ਜਾੲਂੀ ? ॥ (ਭਗਤ ਨਾਮਦੇਵ/੭੧੮) ਆਦਿ।

(ਨੋਟ: ਧਿਆਨ ਰਹੇ ਕਿ ਉਕਤ ਅਪ੍ਰਵਾਨ ਕੀਤੇ ਜਾ ਰਹੇ ਤਮਾਮ ‘ਤੀਰਥ’ (ਸਥੂਲ ਸਰੀਰ ਨੂੰ ਪਵਿੱਤਰ ਕਰਨ ਵਾਲ਼ੀਆਂ ਥਾਵਾਂ) ਦੀ ਲਿਖਤ ਬਣਤਰ ਅੰਤ ਮੁਕਤਾ (ਬਹੁ ਵਚਨ) ਹੈ, ਨਾ ਕਿ ਗੁਰਮਤਿ ਅਨੁਸਾਰੀ ‘ਤੀਰਥੁ’ ਅੰਤ ਔਂਕੜ, ਇੱਕ ਵਚਨ।)

ਮਨੁੱਖਾ ਜੀਵਨ ਬਸਰ ਕਰਦਿਆਂ ਆਸਥਾ ਲਈ ਲਗਾਏ ਗਏ ਸਮੇਂ ਦਾ ਲਾਭ ਤਾਂ ਹੈ ਜੇਕਰ ਕੀਤੀ ਗਈ ਕਮਾਈ ਆਖ਼ਰ ਮਦਦਗਾਰ ਬਣੇ, ਪਰ ਉਕਤ ਤਮਾਮ ਕਰਮਕਾਂਡਾਂ ਦੇ ਨਿਹਫਲ਼ ਨੂੰ ਗੁਰਬਾਣੀ ਇਉਂ ਬਿਆਨ ਕਰਦੀ ਹੈ:

ਜਪੁ ਤਪੁ ਸੰਜਮੁ ਸਾਧੀਐ; ਤੀਰਥਿ ਕੀਚੈ ਵਾਸੁ ॥ ਪੁੰਨ ਦਾਨ ਚੰਗਿਆਈਆ; ਬਿਨੁ ਸਾਚੇ ਕਿਆ ਤਾਸੁ ॥ ਜੇਹਾ ਰਾਧੇ, ਤੇਹਾ ਲੁਣੈ; ਬਿਨੁ ਗੁਣ, ਜਨਮੁ ਵਿਣਾਸੁ ॥ (ਮ: ੧/੫੬) ਪਦ ਅਰਥ: ਤੀਰਥਿ- ਤੀਰਥ ਉੱਤੇ, ਕਿਆ ਤਾਸੁ- ਕੀ ਉਸ ਦਾ ਲਾਭ ?, ਰਾਧੇ- ਬੀਜੇ, ਤੇਹਾ ਲੁਣੈ- ਵੈਸਾ ਹੀ ਵੱਢਦਾ, ਵਿਣਾਸੁ- ਅਜਾਈਂ ਗਿਆ।

ਤੀਰਥਿ ਨਾਇ ਅਰੁ ਧਰਨੀ ਭ੍ਰਮਤਾ; ਆਗੈ ਠਉਰ ਨ ਪਾਵੈ ॥ (ਮ: ੫/੨੧੬) ਪਦ ਅਰਥ: ਧਰਨੀ- ਧਰਤੀ ਉਤੇ।

ਤੀਰਥਿ ਜਾਉ, ਤ ਹਉ ਹਉ ਕਰਤੇ ॥ ਪੰਡਿਤ ਪੂਛਉ; ਤ ਮਾਇਆ ਰਾਤੇ ॥ (ਮ: ੫/੩੮੫)

ਲਉਕੀ ਅਠਸਠਿ ਤੀਰਥ ਨ੍ਾਈ ॥ ਕਉਰਾਪਨੁ ਤਊ ਨ ਜਾਈ ॥ (ਭਗਤ ਕਬੀਰ/੬੫੬)

ਬਗਾ ਬਗੇ ਕਪੜੇ; ਤੀਰਥ ਮੰਝਿ ਵਸੰਨਿ੍ ॥ ਘੁਟਿ ਘੁਟਿ ਜੀਆ ਖਾਵਣੇ; ਬਗੇ ਨਾ ਕਹੀਅਨਿ੍ ॥ (ਮ: ੧/੭੨੯) ਪਦ ਅਰਥ: ਮੰਝਿ- ਵਿੱਚ ਜਾਂ ਉੱਤੇ, ਘੁਟਿ ਘੁਟਿ- ਤਸੀਹੇ ਦੇ ਦੇ ਕੇ, ਬਗੇ- ਆਦਰਸ਼ ਜੀਵਨ, ਆਦਿ। ਇਸ ਲਈ ਗੁਰੂ ਅਰਜਨ ਸਾਹਿਬ ਜੀ ਨੇ ਬਿਲਕੁਲ ਸਪਸ਼ਟ ਕਰ ਦਿੱਤਾ:

ਹਜ ਕਾਬੈ ਜਾਉ ਨ ‘ਤੀਰਥ’ ਪੂਜਾ ॥ ਏਕੋ ਸੇਵੀ; ਅਵਰੁ ਨ ਦੂਜਾ ॥ (ਮ: ੫/੧੧੩੬)

ਕੋਈ ਨਾਵੈ ਤੀਰਥਿ; ਕੋਈ ਹਜ ਜਾਇ ॥ ਕੋਈ ਕਰੈ ਪੂਜਾ; ਕੋਈ ਸਿਰੁ ਨਿਵਾਇ ॥.. ਕਹੁ ਨਾਨਕ! ਜਿਨਿ ਹੁਕਮੁ ਪਛਾਤਾ ॥ ਪ੍ਰਭ ਸਾਹਿਬ ਕਾ, ਤਿਨਿ ਭੇਦੁ ਜਾਤਾ ॥ (ਮ: ੫/੮੮੫) ਪਦ ਅਰਥ: ਤਿਨਿ ਭੇਦੁ ਜਾਤਾ- ਉਸ ਨੇ ਰਾਜ ਸਮਝਿਆ ਭਾਵ ਅਨੁਭਵ ਕੀਤਾ, ਆਦਿ।

ਗੁਰਮਤਿ ਨੇ ਹਮੇਸ਼ਾਂ ਪ੍ਰਚਲਿਤ ਰੀਤਾਂ ਦਾ ਬਦਲ ਲੱਭਿਆ ਹੈ; ਜਿਵੇਂ ਕਿ ‘ਹੋਲੀ’ ਦਾ ਬਦਲ ‘ਹੋਲਾ ਮਹੱਲਾ’, ਇਸੇ ਤਰ੍ਹਾਂ ਗੁਰਮਤਿ ਮੁਤਾਬਕ ਅਸਲ ‘ਤੀਰਥੁ’ (ਸੂਖਮ ਸਰੀਰ ਦੀ ਪਵਿੱਤਰਤਾ); ਹਰੀ ਦਾ ਨਾਮ ਜਪਣਾ, ਗੁਰੂ ਦੇ ਵਚਨ ਮੰਨਣੇ, ਸੰਗਤੀ ਵਿਚਾਰ-ਵਟਾਂਦਰਾ ਹੈ, ਜਿਸ ਵਿੱਚ ਉਕਤ ਤਮਾਮ ਤੀਰਥਾਂ (ਸਥੂਲ ਸਰੀਰ ਨੂੰ ਪਵਿੱਤਰ ਕਰਨ ਦੇ ਯਤਨਾਂ) ਦਾ ਪੁੰਨ (ਲਾਭ, ਅਗਰ ਕੋਈ ਹੈ, ਤਾਂ) ਆ ਜਾਂਦਾ ਹੈ। ਹੇਠਾਂ ਦਿੱਤੀਆਂ ਤਮਾਮ ਤੁਕਾਂ ਇਸ ਵਿਚਾਰ ਦੀ ਪੁਸ਼ਟੀ ਕਰਦੀਆਂ ਹਨ। ਧਿਆਨ ਰਹੇ ਕਿ ਇਨ੍ਹਾਂ ਸਭ ਤੁਕਾਂ ’ਚ ਦਰਜ ‘ਤੀਰਥ’ ਸ਼ਬਦ ਗੁਰਮਤਿ ਅਨੁਸਾਰੀ ਨਾ ਹੋਣ ਕਾਰਨ ਅੰਤ ਮੁਕਤਾ (ਬਹੁ ਵਚਨ) ਹੈ:

ਕਰਿ ਸੰਗਤਿ ਤੂ ਸਾਧ ਕੀ; ਅਠਸਠਿ ‘ਤੀਰਥ’ ਨਾਉ ॥ (ਮ: ੫/੪੭) ਪਦ ਅਰਥ: ਸਾਧ- ਗੁਰੂ (ਤਾਂ ਜੋ), ਨਾਉ- ਨ੍ਹਾਉ।

ਖਿਨੁ ਪਲੁ ਹਰਿ ਨਾਮੁ ਮਨਿ ਵਸੈ; ਸਭ ਅਠਸਠਿ ‘ਤੀਰਥ’ ਨਾਇ ॥ (ਮ: ੩/੮੭) ਪਦ ਅਰਥ: ਨਾਇ- ਨ੍ਹਾਇ।

ਅਠਿਸਠਿ ‘ਤੀਰਥ’ ਗੁਰ ਕੀ ਚਰਣੀ; ਪੂਜੈ ਸਦਾ, ਵਿਸੇਖੁ ॥ (ਮ: ੧/੧੪੭) ਪਦ ਅਰਥ: ਪੂਜੈ ਸਦਾ, ਵਿਸੇਖੁ- (ਇਸ ਲਈ ਗੁਰੂ ਚਰਨ) ਸਦਾ ਵਿਸ਼ੇਸ਼ ‘ਤੀਰਥੁ’ ਜਾਣ ਕੇ ਪੂਜਦਾ ਹੈ।

ਪ੍ਰਭ ਕੈ ਸਿਮਰਨਿ; ‘ਤੀਰਥ’ ਇਸਨਾਨੀ ॥ (ਮ: ੫/੨੬੨) ਪਦ ਅਰਥ: ਇਸਨਾਨੀ- ਇਸ਼ਨਾਨ ਹੋ ਗਏ।

ਅਠਸਠਿ ‘ਤੀਰਥ’ ਤਿਸੁ ਸੰਗਿ ਰਹਹਿ; ਜਿਨ, ਹਰਿ ਹਿਰਦੈ ਰਹਿਆ ਸਮਾਇ ॥ (ਮ: ੩/੪੯੧)

ਅਠਸਠਿ ‘ਤੀਰਥ’ ਨਾਮੁ ਪ੍ਰਭ; ਜਿਸੁ ਨਾਨਕ ਮਸਤਕਿ ਭਾਗ ॥ (ਮ: ੫/੫੧੮) ਪਦ ਅਰਥ: ਨਾਮੁ ਪ੍ਰਭ- ਪ੍ਰਭੂ ਦਾ ਨਾਮ ਹੀ, ਜਿਸੁ ਮਸਤਕਿ ਭਾਗ- (ਪਰ ਮਿਲਦਾ ਉਸ ਨੂੰ) ਜਿਸ ਦੇ ਮੱਥੇ ਉੱਤੇ ਨਸੀਬ।

ਅਠਸਠਿ ‘ਤੀਰਥ’ ਮਜਨੁ ਕੀਨੋ; ਸਾਧੂ ਧੂਰੀ ਨਾਤਾ ॥ (ਮ: ੫/੫੩੨) ਪਦ ਅਰਥ: ਸਾਧੂ ਧੂਰੀ ਨਾਤਾ- ਜਦ ਗੁਰੂ ਚਰਨੀਂ ਲੱਗ ਕੇ ਸੂਖਮ ਸਰੀਰ ਨੂੰ ਇਸ਼ਨਾਨ ਕਰਵਾਇਆ।

ਅਠਸਠਿ ‘ਤੀਰਥ’; ਜਹ ਸਾਧ ਪਗ ਧਰਹਿ ॥ (ਮ: ੫/੮੯੦) ਪਦ ਅਰਥ: ਜਹ ਸਾਧ ਪਗ ਧਰਹਿ- ਜਿੱਥੇ ਗੁਰ ਪਿਆਰੇ ਚਰਨ ਪਾਉਂਦੇ ਹਨ।

ਅਠਸਠਿ ‘ਤੀਰਥ’ ਹਰਿ ਨਾਮੁ ਹੈ; ਕਿਲਵਿਖ ਕਾਟਣਹਾਰਾ ॥ (ਮ: ੧/੧੦੦੯)

ਨਾਨਕ ! ਮਾਘਿ, ਮਹਾ ਰਸੁ ਹਰਿ ਜਪਿ; ਅਠਸਠਿ ਤੀਰਥ ਨਾਤਾ ॥੧੫॥ (ਤੁਖਾਰੀ ਬਾਰਹਮਾਹਾ /ਮ: ੧/੧੧੦੯) ਪਦ ਅਰਥ: ਮਾਘਿ- ਮੱਘਰ ਮਹੀਨੇ ਵਿੱਚ, ਜਪਿ- ਜਪ ਕੇ, ਨਾਤਾ- ਨ੍ਹਾਤਾ, ਆਦਿ।

ਗੁਰੂ ਨਾਨਕ ਸਾਹਿਬ ਜੀ ਨੇ ‘‘ਸਾਧ ਭਲੇ ਅਣਨਾਤਿਆ.. ॥’’ (ਮ: ੧/੭੮੯) ਵਾਲ਼ਾ ਸੰਕੇਤ ਵੀ ਦਿੱਤਾ ਸੀ, ਜਿਸ ਉੱਤੇ ਪਹਿਰਾ ਦਿੰਦਿਆਂ ਕਾਫ਼ੀ ਸਮਾਂ ਤੀਰਥ ਭਰਮਣ ਕਰਨ ਵਾਲ਼ੇ ਗੁਰੂ ਅਮਰਦਾਸ ਜੀ ਨੇ ਤੱਤ-ਸਾਰ ਕੱਢਿਆ ਕਿ: ‘‘ਮਨਿ ਮੈਲੈ, ਸਭੁ ਕਿਛੁ ਮੈਲਾ; ਤਨਿ ਧੋਤੈ, ਮਨੁ ਹਛਾ ਨ ਹੋਇ ॥’’ (ਮ: ੩/੫੫੮) ਇਸੇ ਨਿਯਮ ਦੇ ਅਨੁਕੂਲ ਉਕਤ ਤਮਾਮ ਤੁਕਾਂ ’ਚ ਬੇਸ਼ੱਕ ਹਿੰਦੂ ‘ਤੀਰਥ’ (ਸਥੂਲ ਸਰੀਰ ਦੀ ਪਵਿੱਤਰਤਾ) ਦੇ ਮੁਕਾਬਲੇ ਗੁਰਮਤਿ ਅਨੁਸਾਰੀ ‘ਤੀਰਥੁ’ (ਨਾਮ ਜਪਣਾ, ਗੁਰੂ ਵਚਨ ਮੰਨਣੇ, ਸੰਗਤੀ ਵਿਚਾਰ-ਵਟਾਂਦਰਾ) ਨੂੰ ਸਰਬੋਤਮ ਮੰਨਿਆ ਗਿਆ ਹੈ ਪਰ ਗੁਰਬਾਣੀ ਇਸ ਤੋਂ ਵੀ ਅਗਾਂਹ ਵਧ ਕੇ ‘ਆਤਮ ਮੰਥਨ’ ਨੂੰ ਹੀ ਅਸਲ ‘ਤੀਰਥੁ’ (ਸੂਖਮ ਸਰੀਰ ਦੀ ਪਵਿੱਤਰਤਾ) ਮੰਨਦੀ ਹੈ; ਜਿਵੇਂ

(ਨੋਟ: ਧਿਆਨ ਰਹੇ ਕਿ ਹੇਠਲੀਆਂ ਤਮਾਮ ਤੁਕਾਂ ’ਚ ‘ਤੀਰਥ’ (ਅੰਤ ਮੁਕਤਾ, ਬਹੁ ਵਚਨ) ਭਾਵ ਅਪ੍ਰਵਾਨ ਕੀਤਾ ਹੋਇਆ ਦਰਜ ਨਹੀਂ ਹੈ।)

ਸੁਣਿਆ, ਮੰਨਿਆ; ਮਨਿ ਕੀਤਾ ਭਾਉ ॥ ‘ਅੰਤਰਗਤਿ-ਤੀਰਥਿ’ ਮਲਿ ਨਾਉ ॥ (ਜਪੁ) ਪਦ ਅਰਥ: ਮਨਿ-ਮਨ ਵਿੱਚ, ਭਾਉ- ਪ੍ਰੇਮ, ‘ਅੰਤਰਗਤਿ-ਤੀਰਥਿ’- ਸੂਖਮ ਸਰੀਰ ਉੱਤੇ, ਮਲਿ- ਰਗੜ-ਰਗੜ ਕੇ, ਨਾਉ- ਨ੍ਹਾਉ।

ਸਚੁ ਤਾਂ ਪਰੁ ਜਾਣੀਐ; ਜਾ, ‘ਆਤਮ-ਤੀਰਥਿ’ ਕਰੇ ਨਿਵਾਸੁ ॥ (ਮ: ੧/੪੬੮)

‘ਅੰਤਰਿ-ਤੀਰਥੁ’ ਗਿਆਨੁ ਹੈ; ਸਤਿਗੁਰਿ ਦੀਆ ਬੁਝਾਇ ॥ (ਮ: ੩/੫੮੭) ਪਦ ਅਰਥ: ਸਤਿਗੁਰਿ ਦੀਆ ਬੁਝਾਇ- ਗੁਰੂ ਨੇ ਸਮਝਾ ਦਿੱਤਾ।

ਤੀਰਥੁ ਸਬਦ ਬੀਚਾਰੁ; ਅੰਤਰਿ ਗਿਆਨੁ ਹੈ ॥ (ਮ: ੧/੬੮੭)

ਅਠਸਠਿ ‘ਤੀਰਥ’ ਗੁਰ ਸਬਦਿ ਦਿਖਾਏ; ਤਿਤੁ+ਨਾਤੈ ਮਲੁ ਜਾਏ ॥ (ਮ: ੩/੭੫੩) ਪਦ ਅਰਥ: ਗੁਰ ਸਬਦਿ ਦਿਖਾਏ- ਗੁਰੂ ਉਪਦੇਸ਼ ਨੇ, ਅੰਦਰ ਹੀ ਵਿਖਾ ਦਿੱਤੇ, ਤਿਤੁ+ਨਾਤੈ- ਓਥੇ ਇਸ਼ਨਾਨ ਕਰਨ ਨਾਲ਼।

(ਅੰਦਰ ਵਸਦੇ) ਸਚੁ ਤੀਰਥਿ ਨਾਵਹੁ; ਹਰਿ ਗੁਣ ਗਾਵਹੁ ॥ (ਮ: ੧/੧੦੩੦)

ਮਾਘਿ, ਪੁਨੀਤ ਭਈ; ‘ਤੀਰਥੁ ਅੰਤਰਿ’ ਜਾਨਿਆ ॥ (ਤੁਖਾਰੀ ਬਾਰਹਮਾਹਾ /ਮ: ੧/੧੧੦੯) ਪਦ ਅਰਥ: ਪੁਨੀਤ ਭਈ- ਪਵਿੱਤਰ ਹੋਈ।

ਮੈਲੁ ਗਈ, ਮਨੁ ਨਿਰਮਲੁ ਹੋਆ; ‘ਅੰਮ੍ਰਿਤ ਸਰਿ ਤੀਰਥਿ’ ਨਾਇ ॥ (ਮ: ੩/੫੮੭) ਭਾਵ ਅਮਰ ਕਰ ਦੇਣ ਵਾਲ਼ੇ ਰੱਬੀ ਨਾਮ ਤੇ ਗੁਰੂ ਸ਼ਬਦ ਤੀਰਥ ਉੱਤੇ ਆਤਮ ਮੰਥਨ ਕਰਨ ਨਾਲ਼ ਸੂਖਮ ਸਰੀਰ ਨਿਰਮਲ ਹੋ ਗਿਆ ਤੇ ਮੈਲ਼ (ਧੁੰਦਲਾਪਣ) ਹਟ ਗਿਆ।

ਹਰਿ ਸਰਿ ਤੀਰਥਿ ਜਾਣਿ; ਮਨੂਆ ਨਾਇਆ ॥ (ਮ: ੧/੧੨੮੬) ਭਾਵ ਅਸਲ ‘ਤੀਰਥੁ’ ਪਰਖ ਕੇ ਹਰੀ ਗੁਣ ਰੂਪ ਸਰੋਵਰ (ਅੰਦਰਲੇ ਤੀਰਥਿ) ਉੱਤੇ ਸੂਖਮ ਸਰੀਰ ਨੇ ਇਸ਼ਨਾਨ ਕੀਤਾ, ਆਦਿ।

(ਨੋਟ: ਇੱਕ ਤੁਕ ’ਚ ਭਗਤ ਨਾਮਦੇਵ ਜੀ ਨੇ ਵੀ ‘ਆਤਮ ਮੰਥਨ’ ਬਨਾਮ ‘ਹਿੰਦੂ ਤੀਰਥ’ ਦਰਜ ਕੀਤਾ, ਜਿਸ ਕਾਰਨ ‘ਤੀਰਥ’ (ਅੰਤ ਮੁਕਤਾ) ਦਰਜ ਕਰਨਾ ਪਿਆ: ਅਠਸਠਿ ‘ਤੀਰਥ’ ਗੁਰੂ ਦਿਖਾਏ; ਘਟ ਹੀ ਭੀਤਰਿ ਨ੍ਾਉਗੋ ॥ ਭਗਤ ਨਾਮਦੇਵ/੯੭੩)

ਉਕਤ ਤਮਾਮ ਵਿਚਾਰ ਦੌਰਾਨ ਆਇਆ ਗੁਰਮਤਿ ਅਨੁਸਾਰੀ ‘ਤੀਰਥੁ’ ਸ਼ਬਦ, ਜ਼ਿਆਦਾਤਰ ਅੰਤ ਔਂਕੜ (ਇੱਕ ਵਚਨ) ਹੈ, ਤਾਂ ਤੇ ਇਸ ਦੇ ਅਰਥ ਵੀ ਇੱਕ ਵਚਨ ਹੀ ਦਰੁਸਤ ਹੋਣਗੇ; ਜਿਵੇਂ ਕਿ: ‘ਗੁਰੂ ਸ਼ਬਦ ਸੰਗ੍ਰਹਿ, ਭੰਡਾਰ, ਸਮੁੰਦਰ, ਸਰੋਵਰ, ਗਿਆਨ’ ਆਦਿ; ਜਿਵੇਂ

ਗੁਰੁ ‘ਸਰੁ+ਸਾਗਰੁ’ ਬੋਹਿਥੋ; ਗੁਰੁ ‘ਤੀਰਥੁ+ਦਰੀਆਉ’ ॥ (ਮ: ੧/੧੭) (ਨੋਟ: ‘ਸਰੁ, ਸਾਗਰੁ ਤੇ ਦਰੀਆਉ’ ਦਾ ਅਰਥ ਸਰੋਵਰ ਹੈ।)

ਗੁਰਦੇਵ ‘ਤੀਰਥੁ+ਅੰਮ੍ਰਿਤ+ਸਰੋਵਰੁ’; ਗੁਰ ਗਿਆਨ ਮਜਨੁ ਅਪਰੰਪਰਾ ॥ (ਮ: ੫/੨੫੦)

ਸਚਾ ਤੀਰਥੁ, ਜਿਤੁ ‘ਸਤਿ+ਸਰਿ’ ਨਾਵਣੁ; ਗੁਰਮੁਖਿ ਆਪਿ ਬੁਝਾਏ ॥ (ਮ: ੩/੭੫੩) ਪਦ ਅਰਥ: ਜਿਤੁ ‘ਸਤਿ+ਸਰਿ’- ਜਿਸ ਸਤਿ ਰੂਪ ਸਰੋਵਰ ਵਿੱਚ, ਨਾਵਣੁ- ਸੂਖਮ ਸਰੀਰ ਦਾ ਇਸ਼ਨਾਨ, ਗੁਰਮੁਖਿ ਆਪਿ ਬੁਝਾਏ- ਗੁਰੂ ਰਾਹੀਂ, ਪ੍ਰਭੂ ਸੁਮੱਤ ਬਖ਼ਸ਼ਦਾ।

ਤੀਰਥੁ ਹਮਰਾ; ਹਰਿ ਕੋ ਨਾਮੁ ॥ (ਮ: ੫/੧੧੪੨) ਪਦ ਅਰਥ: ਤੀਰਥੁ ਨਾਮੁ- ਅੰਮ੍ਰਿਤ+ਸਰੋਵਰੁ।

ਗੁਰ ਸਮਾਨਿ; ਤੀਰਥੁ ਨਹੀ ਕੋਇ ॥ (ਮ: ੧/੧੩੨੮) ਪਦ ਅਰਥ: ਤੀਰਥੁ- ਅੰਮ੍ਰਿਤ+ਸਰੋਵਰੁ।

ਨਿਰਮਲੁ ਨ੍ਾਵਣੁ ਨਾਨਕਾ ! ਗੁਰੁ ‘ਤੀਰਥੁ+ਦਰੀਆਉ’ ॥੧੦॥ (ਸਲੋਕ ਵਾਰਾਂ ਤੇ ਵਧੀਕ /ਮ: ੧/੧੪੧੧), ਆਦਿ।

ਜਦ ਗੁਰੂ ਅਮਰਦਾਸ ਜੀ ਨੇ ਹਿੰਦੂ ਤੀਰਥਾਂ (ਸਥੂਲ ਸਰੀਰ ਪਵਿੱਤਰਤਾ ਕੇਂਦਰ) ਦਾ ਚੱਕਰ ਲਗਾ ਕੇ (ਅੰਮ੍ਰਿਤ+ਸਰੋਵਰੁ) ਲਈ ਭਟਕ ਰਹੀ ਲੁਕਾਈ ਨੂੰ ‘ਤੀਰਥੁ’ (ਸੂਖਮ ਸਰੀਰ ਦੀ ਪਵਿੱਤਰਤਾ) ਦਾ ਅਸਲ ਮਤਲਬ ਸਮਝਾਇਆ ਤਾਂ ਗੁਰੂ ਰਾਮਦਾਸ ਜੀ ਨੇ ਉਸ ਨੂੰ ਆਪਣੀ ਬਾਣੀ ’ਚ ਦਰਜ ਕਰ ਲਿਆ: ‘‘ਤੀਰਥ ਉਦਮੁ ਸਤਿਗੁਰੂ ਕੀਆ; ਸਭ ਲੋਕ ਉਧਰਣ ਅਰਥਾ ॥’’ (ਮ: ੪/੧੧੧੬) ਪਦ ਅਰਥ: ਸਤਿਗੁਰੂ ਕੀਆ – ਗੁਰੂ ਅਮਰਦਾਸ ਜੀ ਨੇ ਕੀਤਾ, ਸਭ ਲੋਕ ਉਧਰਣ ਅਰਥਾ- ਸਭ ਲੋਕਾਂ ਨੂੰ ਉਧਾਰਨ ਲਈ।

ਉਕਤ ਤਮਾਮ ਵਿਚਾਰ ਦਾ ਸਾਰ (ਨਿਚੋੜ) ਇਹੀ ਮਿਲਦਾ ਹੈ ਕਿ ‘‘ਜਲ ਕੈ ਮਜਨਿ ਜੇ ਗਤਿ ਹੋਵੈ; ਨਿਤ ਨਿਤ ਮੇਂਡੁਕ ਨਾਵਹਿ ॥ ਜੈਸੇ ਮੇਂਡੁਕ, ਤੈਸੇ ਓਇ ਨਰ; ਫਿਰਿ ਫਿਰਿ ਜੋਨੀ ਆਵਹਿ ॥’’ (ਭਗਤ ਕਬੀਰ/੪੮੪) ਪਦ ਅਰਥ: ਮਜਨਿ- ਸਥੂਲ ਸਰੀਰ ਦੇ ਇਸ਼ਨਾਨ ਨਾਲ਼, ਗਤਿ- ਮੁਕਤੀ, ਮੇਂਡੁਕ – ਡੱਡੂ, ਓਇ ਨਰ- ਉਹ ਤੀਰਥ ਯਾਤ੍ਰੀ (ਮੁਕਤੀ ਵਿਹੂਣੇ)।

ਭਗਤ ਨਾਮਦੇਵ ਜੀ ਇੱਕ ਨਿਵੇਕਲੀ ਉਦਾਹਰਨ ਦਿੰਦੇ ਹੋਏ ਸਮਝਾਉਂਦੇ ਹਨ ਕਿ ਪਹਿਲ ਦੇ ਅਧਾਰ ’ਤੇ (ਪਸ਼ੂਆਂ ਵਾਙ) ਸਥੂਲ ਸਰੀਰ ਦੀ ਪਵਿੱਤਰਤਾ ਜਲਦੀ ਕਰਨ ਦੇ ਚੱਕ੍ਰ ’ਚ ਭਾਰੀ ਤਾਦਾਦ ਲੋਕ ਨਦੀਆਂ ’ਚ ਵੜ ਕੇ ਜਲ-ਜੀਵਾਂ ਨੂੰ ਡਰਾਉਂਦੇ ਹਨ, ਪਰ ਇਹ ਪਾਪ ਮੈਂ ਨਹੀਂ ਕਰ ਸਕਦਾ: ‘‘ਤੀਰਥ ਦੇਖਿ ਨ ਜਲ ਮਹਿ ਪੈਸਉ; ਜੀਅ ਜੰਤ ਨ ਸਤਾਵਉਗੋ ॥’’ (ਭਗਤ ਨਾਮਦੇਵ/੯੭੩)

ਸੂਖਮ ਸਰੀਰ ਦੀ ਪਵਿੱਤਰਤਾ ਦੇ ਮੁਕਾਬਲੇ ਸਥੂਲ ਸਰੀਰ ਦੀ ਪਵਿੱਤਰਤਾ ਕਰਨੀ, ਬਹੁਤ ਹੀ ਸਰਲ ਤੇ ਸੁਖਾਲਾ ਸਾਧਨ ਹੈ, ਜੋ ਮਨੁੱਖ ਨੂੰ ਜਲਦੀ ਪ੍ਰਭਾਵਤ ਕਰ ਲੈਂਦਾ ਹੈ ਕਿਉਂਕਿ ਨਿੱਗਰ ਵਿਚਾਰਧਾਰਾ ਤੋਂ ਸੱਖਣਾ ਜੀਵਨ, ਬਦਲਾਅ ਕਰਨ ’ਚ ਅਸਮਰਥ ਹੋਣ ਕਾਰਨ ਪਾਣੀ ਵਾਙ ਹਮੇਸ਼ਾਂ ਨੀਵੇਪਣ ਨੂੰ ਡਿੱਗਦਾ ਹੈ। ਇਸ ਮਨੁੱਖਾ ਕਮਜ਼ੋਰੀ ਕਾਰਨ ਬੇਸ਼ੱਕ ਗੁਰਮਤਿ (ਉੱਚੀ ਸੁਰਤ) ਨੂੰ ਮਨਮਤ (ਹੇਠਾਂ) ਵੱਲ ਹੀ ਕਿਉਂ ਨਾ ਖਿੱਚਣਾ ਪਏ। ਅਜਿਹਾ ਹੀ ਗੁਰਮਤਿ ਵਿਹੂਣਾ ਪ੍ਰਚਾਰ ਕੀਤਾ ਜਾ ਰਿਹਾ ਹੈ।

ਗੁਰੂ ਅਰਜਨ ਸਾਹਿਬ ਜੀ ਨੇ ‘ਰਾਮਦਾਸ ਸਰੋਵਰਿ ਨਾਤੇ ॥’ ਤੁਕ, 2 ਸ਼ਬਦਾਂ ’ਚ ਪੰਨਾ ੬੨੪-੬੨੫ ਉੱਤੇ ਦਰਜ ਕੀਤੀ ਹੈ ਤੇ ‘ਰਾਮਦਾਸ+ਸਰੋਵਰਿ’ (ਸੰਯੁਕਤ ਸ਼ਬਦ) ਕਈ ਮਹਾਂ ਪੁਰਸ਼ਾਂ ਨੂੰ ਅੰਮ੍ਰਿਤਸਰ ਸਰੋਵਰ ਦੀ ਮਹਾਨਤਾ ਪ੍ਰਥਾਇ ਦਰਜ ਕੀਤੇ ਹੋਏ ਮਹਿਸੂਸ ਹੁੰਦੇ ਹਨ। ਇਸ ਸੋਚ ਦੇ ਵਿਪਰੀਤ ਬੋਲਣਾ ਉਨ੍ਹਾਂ ਲਈ ਦਰਬਾਰ ਸਾਹਿਬ ਦਾ ਅਪਮਾਨ ਕਰਨਾ ਹੈ। ਇਨ੍ਹਾਂ ਦੋਵੇਂ ਸ਼ਬਦਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ’ਚ ‘ਰਹਾਉ’ (ਸ਼ਬਦ ਦਾ ਤੱਤ-ਸਾਰ) ਤੁਕਾਂ ਵੀ ਮੌਜੂਦ ਹਨ, ਜੋ ਗੁਰਬਾਣੀ ਲਿਖਤ ਮੁਤਾਬਕ ਵਿਸ਼ੇ ਨੂੰ ਸਪਸ਼ਟ ਕਰਨ ’ਚ ਮਦਦਗਾਰ ਬਣਦੀਆਂ ਹਨ। ਇਸ ਲਈ ‘ਰਹਾਉ’ ਤੁਕ ਤੋਂ ਹੀ ਸ਼ਬਦ ਵਿਚਾਰ ਅਰੰਭ ਕਰਨੀ ਲਾਭਕਾਰੀ ਹੋਵੇਗੀ, ਜੋ ਇਸ ਪ੍ਰਕਾਰ ਹੈ:

(ੳ). (ਪਹਿਲਾ ਸ਼ਬਦ) ਗੁਰ ਕੇ ਚਰਨ ਕਵਲ; ਰਿਦ ਧਾਰੇ ॥ ਬਿਘਨੁ ਨ ਲਾਗੈ ਤਿਲ ਕਾ ਕੋਈ; ਕਾਰਜ ਸਗਲ ਸਵਾਰੇ ॥੧॥ ਰਹਾਉ ॥ ਭਾਵ ਗੁਰੂ ਦੇ ਸੁੰਦਰ (ਪ੍ਰਭਾਵਤ ਕਰਨ ਵਾਲ਼ੇ) ਚਰਨ (ਵਚਨ) ਹਿਰਦੇ ’ਚ ਧਾਰਨ ਕਰਨ ਉਪਰੰਤ ਜੀਵਨ ’ਚ ਤਿਲ ਮਾਤ੍ਰ ਵੀ ਰੁਕਾਵਟ ਨਹੀਂ ਆਉਂਦੀ ਤੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ।

ਇਸ ਸ਼ਬਦ ’ਚ 4 ਬੰਦ ਹਨ, ਜਿਨ੍ਹਾਂ ਰਾਹੀਂ ਉਕਤ ਵਿਸ਼ੇ (ਰਹਾਉ) ਨੂੰ ਵਿਸਥਾਰ ਦਿੱਤਾ ਗਿਆ ਹੈ; ਜਿਵੇਂ ਕਿ

(ਬੰਦ ਨੰਬਰ 1). ਗੁਰਿ ਪੂਰੈ; ਕੀਤੀ ਪੂਰੀ ॥ ਪ੍ਰਭੁ, ਰਵਿ ਰਹਿਆ ਭਰਪੂਰੀ ॥ ਖੇਮ ਕੁਸਲ ਭਇਆ ਇਸਨਾਨਾ ॥ ਪਾਰਬ੍ਰਹਮ ਵਿਟਹੁ ਕੁਰਬਾਨਾ ॥੧॥ ਭਾਵ ਪੂਰਨ (ਅਭੁੱਲ) ਗੁਰੂ ਨੇ ਸਫਲਤਾ ਬਖ਼ਸ਼ੀ (ਜਿਸ ਨਾਲ਼) ਸਰਬ ਵਿਆਪਕ ਪ੍ਰਭੂ ਮਹਿਸੂਸ ਹੋਇਆ। ਮੈਂ ਅਜਿਹੇ ਪਾਰਬ੍ਰਹਮ ਤੋਂ ਸਦਕੇ ਹਾਂ ਜਿਸ ਨੂੰ ਅਨੁਭਵ ਕੀਤਿਆਂ (ਭਾਵ ਗੁਰੂ ਸ਼ਬਦ-ਸਰੋਵਰ ’ਚ ਸੂਖਮ) ਇਸ਼ਨਾਨ ਕਰਨ ਨਾਲ਼ ਮੇਰਾ ਸੂਖਮ ਸਰੀਰ ਅਨੰਦਿਤ ਹੋ ਗਿਆ, ਪਵਿੱਤਰ ਹੋ ਗਿਆ।

(ਬੰਦ ਨੰਬਰ 2). ਮਿਲਿ ਸਾਧੂ; ਦੁਰਮਤਿ ਖੋਏ ॥ ਪਤਿਤ, ਪੁਨੀਤ ਸਭ ਹੋਏ ॥ ਰਾਮ ਦਾਸਿ ਸਰੋਵਰ ਨਾਤੇ ॥ ਸਭ ਲਾਥੇ ਪਾਪ, ਕਮਾਤੇ ॥੨॥

ਭਾਵ ਗੁਰੂ ਨੂੰ ਮਿਲ ਕੇ ਸਾਰੇ ਵਿਕਾਰੀ ਸੂਖਮ ਸਰੀਰ (ਜਨਮ ਜਨਮ ਕੀ ਇਸੁ ‘ਮਨ’ (ਸੂਖਮ ਸਰੀਰ) ਕਉ ਮਲੁ ਲਾਗੀ) ਵੀ ਪਵਿੱਤਰ ਹੋ ਗਏ ਕਿਉਂਕਿ ਭੈੜੀ ਮਤ ਦੂਰ ਹੋ ਗਈ। ਰਾਮ ਦੇ (ਅਜਿਹੇ) ਦਾਸਾਂ ਦੇ ਸਰੋਵਰ (ਸੰਗਤ) ਵਿੱਚ ਸੂਖਮ ਸਰੀਰ ਨੂੰ ਇਸ਼ਨਾਨ ਕਰਵਾਉਣ ਨਾਲ਼ ਕਮਾਏ ਗਏ (ਕਈ ਜਨਮਾਂ ਦੇ) ਸਾਰੇ ਮਾਨਸਿਕ ਪਾਪ ਲਹਿ ਗਏ ਕਿਉਂਕਿ ‘‘ਭਰੀਐ ਮਤਿ; ਪਾਪਾ ਕੈ ਸੰਗਿ ॥ ਓਹੁ ਧੋਪੈ; ਨਾਵੈ ਕੈ ਰੰਗਿ ॥’’ (ਜਪੁ)

(ਨੋਟ: ਉਕਤ ਤੁਕ ‘‘ਰਾਮਦਾਸਿ ਸਰੋਵਰ ਨਾਤੇ॥’’ ਲਿਖਤ ਨੂੰ ਅਗਰ ‘‘ਰਾਮਦਾਸ ਸਰੋਵਰਿ ਨਾਤੇ॥’’ ਦਰੁਸਤ ਨਾ ਕੀਤਾ ਗਿਆ ਤਾਂ ‘ਰਾਮਦਾਸ ਵਿੱਚ ਸਰੋਵਰ ਨਾਤੇ’ ਅਰਥ ਬਣਦੇ ਹਨ, ਜੋ ਦਰੁਸਤ ਨਹੀਂ, ਇਸ ਲਈ ਅਗਲੇ ਸ਼ਬਦ ’ਚ ਦਰਜ‘‘ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ; ਕਮਾਤੇ ॥’’ ਮੁਤਾਬਕ ਇਸ ਤੁਕ ਨੂੰ ਵੀ ਦਰੁਸਤ ਕਰਨਾ ਜ਼ਰੂਰੀ ਹੈ।)

(ਬੰਦ ਨੰਬਰ 3). ਗੁਨ ਗੋਬਿੰਦ ਨਿਤ ਗਾਈਐ ॥ ਸਾਧਸੰਗਿ ਮਿਲਿ ਧਿਆਈਐ ॥ ਮਨ ਬਾਂਛਤ ਫਲ ਪਾਏ ॥ ਗੁਰੁ ਪੂਰਾ; ਰਿਦੈ ਧਿਆਏ ॥੩॥ ਭਾਵ ਗੁਰੂ ਸੰਗਤ ਵਿੱਚ ਮਿਲ ਕੇ ਨਿਤ ਗੋਵਿੰਦ ਦੇ ਗੁਣ ਗਾਉਣੇ ਚਾਹੀਦੇ ਹਨ, ਯਾਦ ਕਰਨੇ ਚਾਹੀਦੇ ਹਨ। ਜੋ ਮਨੁੱਖ, ਪੂਰਨ ਗੁਰੂ (ਦੇ ਵਚਨਾਂ) ਨੂੰ ਹਿਰਦੇ ’ਚ ਯਾਦ ਕਰਦਾ ਹੈ ਉਹ ਮਨ ਇੱਛਾ ਮੁਤਾਬਕ ਲਾਭ ਪ੍ਰਾਪਤ ਕਰਦਾ ਹੈ।

(ਬੰਦ ਨੰਬਰ 4). ਗੁਰ ਗੋਪਾਲ ਆਨੰਦਾ ॥ ਜਪਿ ਜਪਿ ਜੀਵੈ; ਪਰਮਾਨੰਦਾ ॥ ਜਨ ਨਾਨਕ ! ਨਾਮੁ ਧਿਆਇਆ ॥ ਪ੍ਰਭ ਅਪਨਾ ਬਿਰਦੁ ਰਖਾਇਆ ॥੪॥ ਭਾਵ ਸਰਬੋਤਮ ਅਨੰਦ ਸਰੂਪ, ਸ੍ਰਿਸ਼ਟੀ ਦਾ ਪਾਲ਼ਨਹਾਰ ਮਾਲਕ ਬੜਾ ਵੱਡਾ ਹੈ, ਉਸ ਨੂੰ ਧਿਆਇ ਕੇ, ਉਸ ਦਾ ਨਾਮ ਜਪ-ਜਪ ਕੇ ਸੂਖਮ ਸਰੀਰ ਪ੍ਰਫੁਲਿਤ (ਨਿਰਮਲ) ਹੁੰਦਾ ਹੈ ਤੇ ਪ੍ਰਭੂ ਵੀ ਆਪਣਾ ਮੁੱਢਲਾ ਸੁਭਾਅ (ਭਗਤਾਂ ਦੀ ਰੱਖਿਆ ਕਰਨਾ) ਨਿਭਾਉਂਦਾ ਹੈ।

(ਅ). (ਦੂਜਾ ਸ਼ਬਦ) ਸਭਿ ਕੁਸਲ ਖੇਮ; ਪ੍ਰਭਿ ਧਾਰੇ ॥ ਸਹੀ ਸਲਾਮਤਿ ਸਭਿ ਥੋਕ ਉਬਾਰੇ; ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥ ਪਦ ਅਰਥ: ਪ੍ਰਭਿ ਧਾਰੇ- ਪ੍ਰਭੂ ਨੇ ਪੈਦਾ ਕੀਤੇ, ਭਾਵ ਗੁਰੂ ਸ਼ਬਦ ਦੀ ਵਿਚਾਰ ਕਰਨ ਨਾਲ਼ ਅੰਦਰੂਨੀ ਗੁਣ (ਸਤ, ਸੰਤੋਖ, ਦਇਆ, ਧਰਮ, ਧੀਰਜ ਇਤਿਆਦਿਕ) ਵਿਕਾਰਾਂ ਦੇ ਢਹੇ ਚੜ੍ਹਨ ਤੋਂ ਬਚ ਗਏ ਤੇ ਪ੍ਰਭੂ ਨੇ ਭਗਤਾਂ ਦੇ ਹਿਰਦੇ (ਸੁਖਮ ਸਰੀਰ) ਵਿੱਚ ਤਮਾਮ ਸੁੱਖ-ਅਨੰਦ ਪੈਦਾ ਕਰ ਦਿੱਤੇ।

(ਨੋਟ: ਸੂਖਮ ਸਰੀਰ ਜਾਂ ਰੱਬੀ ਜੋਤ ਉੱਤੇ ਚੜ੍ਹਿਆ ਧੁੰਦਲਾਪਣ (ਅੰਤਹਿਕਰਣ) ਹੀ ਵਿਕਾਰ ਹੈ, ਜੋ ਅੰਦਰੂਨੀ ਜੋਤ ਰੂਪ ਪ੍ਰਕਾਸ਼ ਨੂੰ ਮਾਨਸਿਕ ਜਾਗਰੂਕਤਾ (ਬਿਬੇਕ) ’ਚ ਤਬਦੀਲ ਨਹੀਂ ਹੋਣ ਦਿੰਦਾ। ਇਸ ਲਈ ਜਦ ਗੁਰਬਾਣੀ ’ਚ ਇਹ ਸੰਕੇਤ ਮਿਲੇ ਕਿ ਅੰਦਰੂਨੀ ਗੁਣ (ਭਾਵ ਉਹ ਗੁਣ ਜੋ ਰੱਬ ’ਚ ਹਨ ਕਿਉਂਕਿ ਜੋਤ, ਉਸ ਦਾ ਭਾਗ ਹੈ) ਵਿਕਾਰਾਂ ਦੇ ਢਹੇ ਚੜ੍ਹਨ ਤੋਂ ਬਚ ਗਏ ਤਾਂ ਇਸ ਦਾ ਮਤਲਬ ਅੰਤਹਿਕਰਣ (ਸੁਰਤਿ, ਮਤਿ, ਮਨੁ, ਬੁਧਿ) ਦੀ ਘਾੜਤ ਉਪਰੰਤ ਮਿਲੀ ਬਿਬੇਕਤਾ ਹੈ ਤੇ ਸੁੱਖ-ਅਨੰਦ ਦਾ ਸੰਗ੍ਰਹਿ ਹੈ।)

ਇਸ ਸ਼ਬਦ ਦੇ ਕੇਵਲ 2 ਹੀ ਬੰਦ ਹਨ, ਜਿਨ੍ਹਾਂ ਰਾਹੀਂ ਉਕਤ ‘ਰਹਾਉ’ ਵਿਸ਼ੇ ਨੂੰ ਵਿਸਥਾਰ ਦਿੱਤਾ ਗਿਆ ਹੈ; ਜਿਵੇਂ ਕਿ

(ਬੰਦ ਨੰਬਰ 1). ਰਾਮ ਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ; ਕਮਾਤੇ ॥ ਨਿਰਮਲ ਹੋਏ; ਕਰਿ ਇਸਨਾਨਾ ॥ ਗੁਰਿ ਪੂਰੈ, ਕੀਨੇ ਦਾਨਾ ॥੧॥ ਭਾਵ ਜਿਨ੍ਹਾਂ ਉੱਤੇ ਪੂਰੇ ਗੁਰੂ ਨੇ ਮਿਹਰ ਕੀਤੀ, ਉਨ੍ਹਾਂ ਨੇ ਰਾਮ ਦੇ ਦਾਸਾਂ ਦੇ ਸਰੋਵਰ (ਸੰਗਤ) ਵਿੱਚ ਸੂਖਮ ਇਸ਼ਨਾਨ ਕੀਤਾ ਭਾਵ ਵਿਚਾਰ-ਵਟਾਂਦਰਾ ਰੂਪ ਖ਼ੁਰਾਕ ਖਾਧੀ। ਅਜਿਹਾ ਸੂਖਮ ਇਸ਼ਨਾਨ ਕਰਕੇ ਮਨ (ਸੂਖਮ ਸਰੀਰ) ਨਿਰਮਲ ਹੋ ਗਏ, ਜਿਸ ਨਾਲ਼ ਪਹਿਲਾਂ ਤੋਂ ਕਮਾਏ (ਇਕੱਠੇ ਕੀਤੇ) ਸਾਰੇ ਔਗੁਣ ਲਹਿ ਗਏ।

(ਬੰਦ ਨੰਬਰ 2). ਸਾਧਸੰਗਿ ਮਲੁ ਲਾਥੀ ॥ ਪਾਰਬ੍ਰਹਮੁ ਭਇਓ ਸਾਥੀ ॥ ਨਾਨਕ ! ਨਾਮੁ ਧਿਆਇਆ ॥ ਆਦਿ ਪੁਰਖ ਪ੍ਰਭੁ; ਪਾਇਆ ॥੨॥ ਭਾਵ ਵਿਕਾਰ ਰੂਪ ਮੈਲ਼ ਗੁਰੂ ਦੀ ਸੰਗਤ ਰਾਹੀਂ ਉਤਰੀ, ਜਿੱਥੇ ਪਾਰਬ੍ਰਹਮ ਮਦਦਗਾਰ ਬਣਿਆ (ਕਿਉਂਕਿ ‘‘ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ…. ॥’’ ਮ: ੪/੧੩੧੪) ਹੇ ਨਾਨਕ ! ਜਿਸ ਨੇ ਸੰਗਤ ਰਾਹੀਂ ਰੱਬ ਨੂੰ ਯਾਦ ਕੀਤਾ, ਉਸ ਨੇ ਅਕਾਲ ਪੁਰਖ ਨੂੰ ਪ੍ਰਾਪਤ ਕਰ ਲਿਆ।

ਉਕਤ ਦੋਵੇਂ ਸ਼ਬਦਾਂ ’ਚ ਦਰਜ ‘ਰਹਾਉ’ ਬੰਦ ਇਸ ਪ੍ਰਕਾਰ ਹਨ:

(ੳ). ਗੁਰ ਕੇ ਚਰਨ ਕਵਲ; ਰਿਦ ਧਾਰੇ ॥ ਬਿਘਨੁ ਨ ਲਾਗੈ ਤਿਲ ਕਾ ਕੋਈ; ਕਾਰਜ ਸਗਲ ਸਵਾਰੇ ॥੧॥ ਰਹਾਉ ॥ (ਮ: ੫/੬੨੪)

(ਅ). ਸਭਿ ਕੁਸਲ ਖੇਮ; ਪ੍ਰਭਿ ਧਾਰੇ ॥ ਸਹੀ ਸਲਾਮਤਿ ਸਭਿ ਥੋਕ ਉਬਾਰੇ; ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥ (ਮ: ੫/੬੨੫)

ਉਕਤ ਦੋਵੇਂ (ਰਹਾਉ) ਤੁਕਾਂ ’ਚ ਗੁਰੂ ਦੇ ਸ਼ਬਦ (ਚਰਨ, ਵਚਨਾਂ) ਦਾ ਜ਼ਿਕਰ ਦਰਜ ਹੈ। ਵਿਸ਼ੇ ਦਾ ਵਿਸਥਾਰ ਕਰਦਿਆਂ ਮਤਾਂ ਕਿਤੇ ‘‘ਰਾਮਦਾਸ ਸਰੋਵਰਿ ਨਾਤੇ ॥’’ ਤੁਕਾਂ ਰਾਹੀਂ ਭੁਲੇਖਾ ਪੈ ਜਾਏ, ਇਸ ਲਈ ਜਿਸ ਬੰਦ ’ਚ ‘ਰਾਮ ਦਾਸ ਸਰੋਵਰਿ’(ਸੰਯੁਕਤ ਸ਼ਬਦ) ਦਰਜ ਹਨ, ਉਸ ਤੋਂ ਅਗਲੇ ਬੰਦ ’ਚ ਆਦਿ-ਅੰਤਿ ਦੇ ਜਾਨਣਹਾਰ ਗੁਰੂ ਅਰਜਨ ਸਾਹਿਬ ਜੀ ਨੇ ‘ਸਾਧਸੰਗਿ’ ਦਾ ਜ਼ਿਕਰ ਕਰਨਾ ਲਾਜ਼ਮੀ ਸਮਝਿਆ; ਜਿਵੇਂ ਕਿ ਪਹਿਲੇ ਸ਼ਬਦ ਦੇ ਦੂਜੇ ਬੰਦ ’ਚ ‘‘ਰਾਮ ਦਾਸਿ ਸਰੋਵਰ ਨਾਤੇ ॥ ਸਭ ਲਾਥੇ ਪਾਪ, ਕਮਾਤੇ ॥੨॥’’ ਦਰਜ ਹੋਣ ਕਾਰਨ ਅਗਲੇ (ਤੀਸਰੇ) ਹੀ ਬੰਦ ’ਚ ‘‘ਸਾਧਸੰਗਿ ਮਿਲਿ ਧਿਆਈਐ ॥ ਮਨ ਬਾਂਛਤ ਫਲ ਪਾਏ ॥..॥੩॥’’ ਸਪਸ਼ਟ ਕੀਤਾ ਗਿਆ, ਇਸੇ ਤਰ੍ਹਾਂ ਦੂਸਰੇ ਸ਼ਬਦ ਦੇ ਪਹਿਲੇ ਬੰਦ ’ਚ ‘‘ਰਾਮ ਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ; ਕਮਾਤੇ ॥…. ॥੧॥ ਦਰਜ ਹੋਣ ਕਾਰਨ ਅਗਲੇ (ਦੂਸਰੇ) ਹੀ ਬੰਦ ’ਚ ‘‘ਸਾਧਸੰਗਿ ਮਲੁ ਲਾਥੀ ॥ ਪਾਰਬ੍ਰਹਮੁ ਭਇਓ ਸਾਥੀ ॥….. ॥੨॥ ’’ ਰਾਹੀਂ ਸਪਸ਼ਟ ਕੀਤਾ ਗਿਆ ਕਿ ਵਿਸ਼ਾ ਸੂਖਮ ਸਰੀਰ ਹੈ, ਨਾ ਕਿ ਸਥੂਲ ਸਰੀਰ।

ਉਕਤ ਦੋਵੇਂ ਸ਼ਬਦਾਂ ’ਚ ਗੁਰੂ ਰਾਮਦਾਸ ਜੀ ਦੁਆਰਾ ਖੁਦਾਈ ਕਰਵਾਏ ਗਏ ਸਰੋਵਰ (ਦਰਬਾਰ ਸਾਹਿਬ, ਅੰਮ੍ਰਿਤਸਰ) ਦੇ ਤੀਰਥ ਇਸ਼ਨਾਨ ਦਾ ਜ਼ਿਕਰ ਤੱਕ ਨਹੀਂ ਹੈ, ਪਰ ਜਿਨ੍ਹਾਂ ਨੇ ਗੁਰਬਾਣੀ ਤੋਂ ਸੇਧ ਲੈਣ ਦੀ ਬਜਾਏ ਆਪਣੇ ਮਹਾਂ ਪੁਰਸ਼ਾਂ ਦੇ ਵਚਨਾਂ ਨੂੰ ‘ਸਤਿ ਬਚਨ’ ਕਹਿ ਕੇ ਸਵੀਕਾਰਿਆ ਹੋਵੇ, ਉਨ੍ਹਾਂ ਦੀ ਗੁਰ ਸ਼ਬਦ ਵਿਚਾਰ ਰਾਹੀਂ ਤਸੱਲੀ ਕਰਵਾਉਣਾ ਮੁਸ਼ਕਲ ਹੈ ਕਿਉਂਕਿ ਅਜਿਹੇ ਜੀਵਨ ‘‘ਤੀਰਥਿ ਭਰਮੈ, ਰੋਗੁ ਨ ਛੂਟਸਿ; ਪੜਿਆ ਬਾਦੁ ਬਿਬਾਦੁ ਭਇਆ ॥’’ (ਮ: ੧/੧੧੫੩) ਵਚਨਾਂ ਮੁਤਾਬਕ ਜੀਵਨ ਬਸਰ ਕਰਦੇ ਹੁੰਦੇ ਹਨ।

ਗੁਰਮਤਿ ਅਤੇ ਇਨ੍ਹਾਂ ਮਹਾਂ ਪੁਰਸ਼ਾਂ ਦੇ ਵਚਨਾਂ ’ਚ ਟਕਰਾਅ ਕੇਵਲ ਉਕਤ ਸ਼ਬਦਾਂ ਤੱਕ ਹੀ ਸੀਮਤ ਨਹੀਂ। ਕੁਝ ਕੁ ਨੁਕਤੇ ਇਹ ਵੀ ਵਿਚਾਰਨਯੋਗ ਹਨ:

(1). ‘ਸੂਖਮ ਸਰੀਰ’ ਦੇ ਮੁਕਾਬਲੇ ‘ਸਥੂਲ ਸਰੀਰ ਦੀ ਪਵਿੱਤਰਤਾ’ ਨੂੰ ਸਰਬੋਤਮ ਮੰਨਣ ਕਾਰਨ ਇਨ੍ਹਾਂ ਮਹਾਂ ਪੁਰਸ਼ਾਂ ਨੇ ‘‘ਜਿਉ ਜੋਰੂ ਸਿਰਨਾਵਣੀ; ਆਵੈ ਵਾਰੋ ਵਾਰ ॥’’ (ਮ: ੧/੪੭੨) ਪਾਵਨ ਵਚਨ ਦੇ ਗ਼ਲਤ ਅਰਥ ਕੱਢ ਕੇ ਔਰਤ ਜਾਤੀ ਨੂੰ ਅਪਵਿੱਤਰ ਮੰਨ ਲਿਆ ਤੇ ਅੰਮ੍ਰਿਤ ਸੰਚਾਰ ਲਈ ਪੰਜ ਪਿਆਰਿਆਂ ’ਚ ਸ਼ਾਮਲ ਕਰਨਾ, ਵਰਜਿਤ (ਮਨ੍ਹਾ) ਐਲਾਨਿਆ ਗਿਆ।

(2). ‘‘ਰਾਮਦਾਸ ਸਰੋਵਰਿ ਨਾਤੇ ॥’’ ਤੁਕ ਦਾ ਮਤਲਬ ‘ਸਥੂਲ ਸਰੀਰ’ ਨਾਲ਼ ਜੋੜਨ ਵਾਲ਼ੀ ਜ਼ਿੱਦ ਨੇ ਹੀ ‘‘ਸੋਚੈ ਸੋਚਿ ਨ ਹੋਵਈ; ਜੇ, ਸੋਚੀ ਲਖ ਵਾਰ ॥’’ (ਜਪੁ) ਤੁਕ ਦੇ ਅਰਥਾਂ ਰਾਹੀਂ ਹਿੰਦੂ ਤੀਰਥਾਂ ਦਾ ਖੰਡਨ ਕਰਨਾ, ਪ੍ਰਵਾਨ ਨਹੀਂ ਕੀਤਾ।

ਅਜਿਹੇ ਕਈ ਵਿਸ਼ੇ ਹਨ, ਜਿੱਥੇ ਇਹ ਮਹਾਂ ਪੁਰਸ਼, ਗੁਰੂ ਦੀ ਬਜਾਏ ਬ੍ਰਾਹਮਣ ਦੇ ਨਜਦੀਕ ਖੜ੍ਹਾ ਹੋਣਾ ਪਸੰਦ ਕਰਦੇ ਹਨ; ਜਿਵੇਂ ਕਿ

(3). ਹਿੰਦੂਆਂ ਦੁਆਰਾ ਨਿਰਧਾਰਿਤ ਕੀਤੀ ਗਈ ਕਾਲਪਨਿਕ ਨਗਰੀ ਸੁਰਗ ਨੂੰ ਇਨ੍ਹਾਂ ਮਹਾਂ ਪੁਰਸ਼ਾਂ ਨੇ ਰੱਦ ਨਹੀਂ ਕੀਤਾ ਬਲਕਿ ਉਸ ਨੂੰ ਨਵੇਂ ਅਰਥ (ਸ਼ਹੀਦ ਨਗਰੀ) ਦਿੱਤੇ ਗਏ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਸਮੇਤ ਬੈਠੀ ਸਿੱਖ ਸ਼ਹੀਦ ਸੈਨਾ ਅਭਿਆਸ ਕਰਦੀ ਹੈ ਤਾਂ ਜੋ ਖਾਲਿਸਤਾਨ ਬਣਾਉਣ ਲਈ ਸਾਡੀ ਮਦਦ ਕਰਨ (ਦੁਰਗਾ ਦੇਵੀ ਵਾਙ) ਧਰਤੀ ’ਤੇ ਜ਼ਰੂਰ ਆਵੇਗੀ ਜਦਕਿ ਗੁਰਬਾਣੀ ਕਿਸੇ ਵੀ ਕਾਲਪਨਿਕ ਨਗਰੀ ਨੂੰ ਨਹੀਂ ਮੰਨਦੀ: ‘‘ਨਾ ਜਾਨਾ, ਬੈਕੁੰਠ ਕਹਾ ਹੀ ? ॥ ਜਾਨੁ ਜਾਨੁ ਸਭਿ ਕਹਹਿ; ਤਹਾ ਹੀ ॥੧॥ ਰਹਾਉ ॥’’ (ਭਗਤ ਕਬੀਰ/੩੨੫)

ਕਹੇ ਜਾਂਦੇ ਮਹਾਂ ਪੁਰਸ਼ ਸੋਚ ਮੁਤਾਬਕ ਤਾਂ ਸਾਰੇ ਸਿੱਖ ਸ਼ਹੀਦ ‘‘ਸੂਰਜ ਕਿਰਣਿ ਮਿਲੇ; ਜਲ ਕਾ ਜਲੁ ਹੂਆ ਰਾਮ ॥’’ (ਮ: ੫/੮੪੬) ਵਚਨਾਂ ਮੁਤਾਬਕ ‘‘ਪਵਨੈ ਮਹਿ, ਪਵਨੁ ਸਮਾਇਆ ॥ ਜੋਤੀ ਮਹਿ, ਜੋਤਿ ਰਲਿ ਜਾਇਆ ॥’’ (ਮ: ੫/੮੮੫) ਪਦ ਪ੍ਰਾਪਤ ਨਹੀਂ ਕਰ ਸਕੇ ਭਾਵ ਹੁਣ ਤੱਕ ਵੀ ਅਕਾਲ ਪੁਰਖ ’ਚ ਲੀਨ ਨਹੀਂ ਹੋਏ। ਇਹੀ ਸੋਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪੂਰਵਲੇ ਜਨਮ ’ਚ ਕਿਸੇ ‘ਸ਼ਹੀਦ ਨਗਰੀ’ ’ਚ ਬੈਠੇ ਤਪੱਸਿਆ ਕਰਦੇ ਹੋਏ, ਵਿਖਾਉਂਦੀ ਹੈ।

(4). ਨਾਨਕਸ਼ਾਹੀ ਕੈਲੰਡਰ ਦੀ ਬਜਾਏ ਬਿਕ੍ਰਮੀ ਕੈਲੰਡਰ ਨੂੰ ਤਰਜੀਹ ਦੇਣਾ ਬ੍ਰਾਹਮਣੀ ਪਿਆਰ ਦਾ ਨਤੀਜਾ ਹੈ, ਆਦਿ।

ਸੋ, ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ..॥’’ (ਮ: ੫/੬੧੧) ਵਾਲ਼ੇ ਸਿੱਖ ਪਰਵਾਰ ਨੂੰ ਅਜੋਕੇ ਸੰਤ ਲਿਬਾਸ ਨੇ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲ਼ਿਆਂ ਨਾਲ਼ ਇਨ੍ਹਾਂ ਮਹਾਂ ਪੁਰਸ਼ਾਂ ਦੇ ਵਿਵਾਦ ਦਾ ਮੂਲ ਕਾਰਨ ਇਹ ਹੈ ਕਿ ਢੱਡਰੀਆਂ ਵਾਲ਼ੇ ਨੇ ਇਨ੍ਹਾਂ ਦੇ ‘ਸਤਿ ਬਚਨ’ ਦਾ ਬੋਝ ਢੋਣ ਦੀ ਬਜਾਏ ਸਿੱਧਾ ਗੁਰਮਤਿ ਨੂੰ ਮਹੱਤਵ ਦੇਣਾ ਸ਼ੁਰੂ ਕਰ ਦਿੱਤਾ ਹੈ, ਉਹ ਵੀ ਸੰਤ ਲਿਬਾਸ ’ਚ, ਜੋ ਇਨ੍ਹਾਂ ਮਹਾਂ ਪੁਰਸ਼ਾਂ ਨੂੰ ਪ੍ਰਵਾਨ ਨਹੀਂ।

ਦੂਸਰਾ ਵੱਡਾ ਕਾਰਨ ਇਹ ਹੈ ਕਿ ਢੱਡਰੀਆਂ ਵਾਲ਼ੇ ਨੇ ਗੁਰੂ ਘਰ ਦੀ ਇਹ ਮਰਯਾਦਾ ਕਿ ਇਸ ਧਰਤੀ ਤੋਂ ਕੂਚ ਕਰ ਚੁੱਕੇ ਮਹਾਂ ਪੁਰਸ਼ਾਂ (ਬਾਬਾ ਅਤਰ ਸਿੰਘ, ਬਾਬਾ ਈਸਰ ਸਿੰਘ, ਬਾਬਾ ਨੰਦ ਸਿੰਘ ਆਦਿ) ਨੂੰ ਸਕਾਰਾਤਮਿਕ ਰੱਖ ਕੇ ਵਰਤਮਾਨ ਸੰਤ ਲਿਬਾਸ (ਸੋਚ) ਨੂੰ ਚਨੌਤੀ ਦਿੱਤੀ ਹੈ, ਜਿਸ ਕਾਰਨ ਪੂਰਵਲੇ ਸੰਤਾਂ ਦੇ ਅਨੁਯਾਈ ਢੱਡਰੀਆਂ ਵਾਲ਼ੇ ਪਾਸ ਜਾ ਰਹੇ ਹਨ, ਇਸ ਲਈ ਇਨ੍ਹਾਂ ਦੀ ਬੇਚੈਨੀ ਵਧਣਾ, ਸੁਭਾਵਕ ਹੈ।

ਢੱਡਰੀਆਂ ਵਾਲ਼ੇ ਨੇ ਸਰੋਵਰ (ਦਰਬਾਰ ਸਾਹਿਬ) ਦਾ ਅਪਮਾਨ ਕਰ ਦਿੱਤਾ, ਇਹ ਇਲਜ਼ਾਮ ਤਾਂ ਉਕਤ ਈਰਖਾ ’ਚੋਂ ਨਿਕਲੀ ਹੋਈ ਬਹੁਤ ਹੀ ਛੋਟੀ ਚੰਗਿਆੜੀ ਹੈ। ਸੰਗਤਾਂ ਨੂੰ ਜਜ਼ਬਾਤੀ ਬਣਾ ਕੇ ਆਪਣੇ ਵਿਰੋਧੀਆਂ ਉੱਤੇ ਹਮਲਾ ਕਰਵਾਉਣਾ, ਇਨ੍ਹਾਂ ਨੇ ਸਿਆਸੀ ਲੀਡਰਾਂ ਪਾਸੋਂ ਸਿੱਖਿਆ ਹੈ ਕਿਉਂਕਿ ਸਰਕਾਰਾਂ ਕਿਸੇ ਵੀ ਸਮੁਦਾਇ ’ਚ ਏਕਤਾ ਨਹੀਂ ਚਾਹੁੰਦੀਆਂ। ਪੰਜਾਬ ’ਚ ਸਰਗਰਮ ਤਮਾਮ ਜਥੇਬੰਦੀਆਂ ’ਚ ਪਾਈ ਹੋਈ ਫੁੱਟ, ਸਰਕਾਰ ਦੀ ਕੂਟਨੀਤੀ ਦਾ ਹਿੱਸਾ ਹੈ।

ਕਰੋੜਾਂ ਰੁਪਏ ਦੀ ‘ਸਿੱਖ ਰਹਿਤ ਮਰਯਾਦਾ’ ਛਪਵਾ ਕੇ ਫਰੀ ਵੰਡਣ ਵਾਲ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਰਹਿਤ ਮਰਯਾਦਾ ਨੂੰ ਨਾ ਮੰਨਣ ਵਾਲ਼ੇ ਸੰਤ ਸਮਾਜ ਨੂੰ ਦਰਬਾਰ ਸਾਹਿਬ ਦੇ ਸਾਮ੍ਹਣੇ ਸ਼ਹੀਦੀ ਸਮਾਰਕ ਬਣਾਉਣ ਦੀ ਇਜਾਜ਼ਤ ਦੇ ਕੇ ਇਨ੍ਹਾਂ ਦੀ ਓਥੇ ਟੋਕਰੀ ਰਖਵਾਈ ਤੇ ਹੁਣ ਇਹੀ ਕਾਰਜ ਅਗਾਂਹ ਵਧਾਉਣ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀੜਾ ਉਠਾਇਆ ਹੈ, ਜਿਸ ਲਈ ਪਹਿਲਾ ਕੰਮ ‘ਦਸਮ ਗ੍ਰੰਥ’ ਦੀ ਕਥਾ ਕਰਵਾ ਕੇ ਸੰਗਤਾਂ ਦਾ ਰੁਝਾਨ ਇਨ੍ਹਾਂ ਵੱਲ ਝੁਕਾਉਣਾ ਹੈ ਤਾਂ ਜੋ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਬੇਅਦਬੀ ਸਮੇਂ ਸੰਗਤਾਂ ’ਚ ਹੋਈ ਇਨ੍ਹਾਂ ਦੀ ਦੁਰਦਸ਼ਾ ਨੂੰ ਮੁੜ ਬਹਾਲ ਕੀਤਾ ਜਾ ਸਕੇ ਅਤੇ ਦਿੱਲੀ ਕਮੇਟੀ ਨੇ ਨਵਰਾਤ੍ਰਿਆਂ ’ਚ ‘ਚੰਡੀ ਦੀ ਵਾਰ’ (ਦੁਰਗਾ ਵਾਰ) ਦੀ ਕਥਾ ਕਰਵਾ ਕੇ ਸਿੱਧ ਕਰ ਦਿੱਤਾ ਕਿ ਅਸੀਂ ਬ੍ਰਾਹਮਣੀ ਸੋਚ ਅਧੀਨ ਵਿਚਰ ਰਹੇ ਹਾਂ।

ਗੁਰਦੁਆਰਾ ਮੰਜੀ ਹਾਲ (ਦਰਬਾਰ ਸਾਹਿਬ) ਤੇ ਗੁਰਦੁਆਰਾ ਬੰਗਲਾ ਸਾਹਿਬ (ਦਿੱਲੀ) ਤੋਂ ਹੁੰਦੀ ਕਥਾ ’ਚ ਵਿਰੋਧੀਆਂ ’ਤੇ ਹਮਲੇ ਕਰਨਾ, ਗੁਰੂ ਸ਼ਬਦ (ਵਾਕ) ਦੀ ਵਿਆਖਿਆ ਦਾ ਨਿਰਾਦਰ (ਦੁਰਪ੍ਰਯੋਗ) ਹੈ, ਜੋ ਸਰੋਵਰ (ਦਰਬਾਰ ਸਾਹਿਬ, ਅੰਮ੍ਰਿਤਸਰ) ਦੇ ਅਪਮਾਨ ਤੋਂ ਕਿਤੇ ਵਧ ਕੇ ਹੈ। ਚੰਡੀ ਦੀ ਵਾਰ ਰਾਹੀਂ ਵੀਰ ਰਸ ਭਰਨ ਵਾਲ਼ਿਆਂ ਨੇ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਬੇਅਦਬੀ ਬਾਰੇ ਕਦੇ ਦੋ ਸ਼ਬਦ ਨਹੀਂ ਬੋਲੇ, ਜਿਸ ਕਾਰਨ ਸੰਗਤਾਂ ਵੱਲੋਂ ਇਨ੍ਹਾਂ ਸਾਮ੍ਹਣੇ ਚੂੜੀਆਂ ਸੁੱਟੀਆਂ ਗਈਆਂ ਸਨ। ਅਗਰ ਅਪਮਾਨ ‘ਦਸਮ ਗ੍ਰੰਥ’ ਦਾ ਹੋਇਆ ਹੁੰਦਾ ਤਾਂ ਕੀ ਖਾਮੋਸ਼ੀ ਇਸ ਤਰ੍ਹਾਂ ਹੀ ਹੁੰਦੀ ? ਜੇਕਰ ਇਹ ਪੰਥ ਹਿਤੈਸ਼ੀ ਹਨ ਤਾਂ ਦੋਸ਼ੀਆਂ ਨੂੰ ਸਜ਼ਾ ਦਿਲਵਾਉਣ ਲਈ ਸਰਕਾਰ ਉੱਤੇ ਦਬਾਅ ਬਣਾਉਣਾ ਚਾਹੀਦਾ ਹੈ।

‘ਗੁਰੂ ਗ੍ਰੰਥ ਸਾਹਿਬ’ ਨੂੰ ਬ੍ਰਹਮ ਗਿਆਨ ਦੱਸ ਕੇ ਸ਼ਬਦ ਵਿਚਾਰ ਤੋਂ ਵਾਂਝੇ ਕਰਨਾ ਤੇ ‘ਦਸਮ ਗ੍ਰੰਥ’ ਨੂੰ ‘ਜੀਵਨ ਜਾਚ’ ਐਲਾਨ ਕਰਨਾ, ਗੁਰਬਾਣੀ (ਗੁਰੂ) ਨਾਲੋਂ ਸਿੱਖਾਂ ਨੂੰ ਦੂਰ ਕਰਕੇ ‘ਦਸਮ ਗ੍ਰੰਥ’ ਨਾਲ ਜੋੜਨ ਦੀ ਸਾਜ਼ਸ਼ ਲਗਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਕਿਸੇ ਇੱਕ ਜਥੇਬੰਦੀ ਨੂੰ ਕੋਈ ਵੀ ਸੇਵਾ ਦੇਣਾ ਸਿਆਸੀ ਲਾਭ ਲੈਣ ਦੀ ਭਾਵਨਾ ਨੂੰ ਪ੍ਰਗਟ ਕਰਦਾ ਹੈ।