ਰਾਖਾ ਏਕੁ ਹਮਾਰਾ ਸੁਆਮੀ

0
341

ਰਾਖਾ ਏਕੁ ਹਮਾਰਾ ਸੁਆਮੀ

ਸੁਖਜੀਤ ਸਿੰਘ, (ਕਥਾਵਾਚਕ, ਕਪੂਰਥਲਾ)-98720-76876, 01822-276876

ਸੰਸਾਰ ਦਾ ਹਰ ਪ੍ਰਾਣੀ ਜਦੋਂ ਤੋਂ ਹੋਂਦ ਵਿੱਚ ਆਇਆ ਹੈ ਉਸ ਨੂੰ ਆਪਣੀ ਰਖਵਾਲੀ ਦੀ ਜਰੂਰਤ ਪੈਦੀ ਹੈ। ਜੀਵ ਜੰਤੂਆਂ ਨੂੰ ਕੇਵਲ ਬਾਹਰੀ ਦੁਸ਼ਮਣਾਂ ਤੋਂ ਹੀ ਖਤਰਾ ਮਹਿਸੂਸ ਹੁੰਦਾ ਹੈ। ਪ੍ਰੰਤੂ 84 ਲੱਖ ਜੂਨਾਂ ਦੇ ਸਰਦਾਰ ਮਨੁੱਖ ਨੂੰ ਜੀਵ ਜੰਤੂਆਂ ਦੇ ਮੁਕਾਬਲੇ ਉਚੇਰੀ ਸਮਝ ਹੋਣ ਕਰਕੇ ਹਰ ਸਮੇਂ ਅੰਦਰਲੇ ਤੇ ਬਾਹਰਲੇ ਦੋਵੇਂ ਤਰ੍ਹਾਂ ਦੇ ਦੁਸ਼ਮਣਾਂ ਤੋਂ ਖਤਰਾ ਭਾਸਦਾ ਹੈ। ਜਿਨਾਂ ਤੋਂ ਰਖਵਾਲੀ ਲਈ ਮਨੁੱਖਾਂ ਨੂੰ ਆਪਣੇ-ਆਪਣੇ ਵਿੱਤ ਅਨੁਸਾਰ ਯਤਨ ਕਰਨੇ ਪੈਂਦੇ ਹਨ। ਯਤਨ ਕਰਦਿਆਂ ਹੋਇਆਂ ਕੋਈ ਵੀ ਮਨੁੱਖ ਆਪਣੀ ਰਖਵਾਲੀ ਪੂਰਨ ਤੌਰ ਤੇ ਕਰਨ ਦਾ ਦਾਅਵਾ ਨਹੀ ਕਰ ਸਕਦਾ। ਮਨੁੱਖ ਨੂੰ “ਰਾਮ ਕੀ ਅੰਸ” ਹੋਣ ਕਰਕੇ ਪੂਰਨ ਰਖਵਾਲੀ ਲਈ ਪ੍ਰਭੂ ਪ੍ਰਮੇਸ਼ਰ ਤੇ ਨਿਰਭਰ ਹੋਣਾ ਪੈਂਦਾ ਹੈ। ਆਪਣੀ ਮੱਤ ਤੇ ਭਰੋਸਾ ਕਰਨ ਵਾਲਾ ਮਨੁੱਖ ਸੋਚਦਾ ਹੈ ਕਿ ਉਹ ਖੁਦ ਆਪਣੀ ਰਖਵਾਲੀ ਕਰਨ ਦੇ ਸਮਰੱਥ ਹੈ। ਪ੍ਰੰਤੂ ਗੁਰਬਾਣੀ ਐਸੇ ਮਨੁੱਖਾਂ ਦੇ ਸਾਹਮਣੇ ਸਵਾਲ ਖੜਾ ਕਰਦੀ ਹੈ, ‘ਹੇ ਮਨੁੱਖ ਜਦੋਂ ਤੂੰ ਮਾਤਾ ਦੇ ਗਰਭ ਵਿੱਚ ਸੀ, ਉਸ ਸਮੇਂ ਤੇਰੀ ਰਖਵਾਲੀ ਕੌਣ ਕਰ ਰਿਹਾ ਸੀ? ਉਸ ਸਮੇਂ ਕੇਵਲ ਪ੍ਰਭੂ ਹੀ ਤੇਰਾ ਰਖਵਾਲਾ ਬਣ ਕੇ ਗਰਭ ਰੂਪੀ ਅਗਨੀ ਵਿੱਚ ਤੇਰੇ ਭੋਜਨ ਦਾ ਪ੍ਰਬੰਧ ਕਰ ਰਿਹਾ ਸੀ, ਹੁਣ ਤੂੰ ਐਸੇ ਮਾਲਕ ਨੂੰ ਕਿਉਂ ਭੁਲਾ ਰਿਹਾ ਹੈ?

ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ, ਸੋ ਕਿਉ ਮਨਹੁ ਵਿਸਾਰੀਐ।।

ਮਨਹੁ ਕਿਉ ਵਿਸਾਰੀਐ ਏਵਡੁ ਦਾਤਾ, ਜਿ ਅਗਨਿ ਮਹਿ ਆਹਾਰ ਪਹੁਚਾਵਏ।। (ਰਾਮਕਲੀ ਮਹਲਾ ੩-੯੨੦)

ਮਾਤਾ ਦੇ ਗਰਭ ਰੂਪੀ ਅਗਨੀ ਵਾਂਗ ਸੰਸਾਰ ਵਿੱਚ ਮਾਇਆ ਰੂਪੀ ਅਗਨੀ ਤੋਂ ਵੀ ਪ੍ਰਭੂ ਸਿਮਰਨ ਹੀ ਰਖਵਾਲੀ ਕਰਨ ਦੇ ਸਮੱਰਥ ਹੈ। ਏਸੇ ਪ੍ਰਥਾਇ ਹੋਰ ਗੁਰਬਾਣੀ ਫੁਰਮਾਣ ਹੈ-

ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹ ਤੁਮ ਰਾਖਨਹਾਰੇ।।

ਪਾਵਕ ਸਾਗਰ ਅਥਾਹ ਲਹਰਿ ਮਹਿ, ਤਾਰਹੁ ਤਾਰਨਹਾਰੇ।।

ਮਾਧੋ ! ਤੂ ਠਾਕਰੁ ਸਿਰਿ ਮੋਰਾ।। ਈਹਾ ਊਹਾ ਤੁਹਾਰੋ ਧੋਰਾ।। (ਸੋਰਠਿ ਮਹਲਾ ੫-੬੧੩)

ਬਹੁਗਿਣਤੀ ਜੀਵਾਂ ਦੇ ਮਨ ਅੰਦਰ ‘ਰਾਖਾ ਏਕੁ ਹਮਾਰਾ ਸੁਆਮੀ` ਦਾ ਭਰੋਸਾ ਨਹੀਂ ਬੱਝਦਾ। ਇਸ ਦਾ ਕੀ ਕਾਰਣ ਹੈ? ਮਨੁੱਖ ਗੁਰੂ ਦੀ ਮੱਤ ਦੇ ਨਾਲੋਂ ਆਪਣੀ ਮਨ ਦੀ ਮੱਤ ਉਪਰ ਵੱਧ ਭਰੋਸਾ ਕਰਦਾ ਹੈ। ਪਰ ਜਦੋਂ ਕਿਸੇ ਮੁਸੀਬਤ ਵਿੱਚ ਫਸਦਾ ਹੈ ਤਾਂ ਆਪਣੇ ਸਭ ਦੁਨਿਆਵੀ ਆਸਰੇ ਪਰਨਿਆਂ ਨੂੰ ਪਰਖ ਕੇ ਵੇਖਦਾ ਹੈ। ਕੋਈ ਵੀ ਬਿਖੜੇ ਸਮੇਂ ਇਸ ਦੀ ਬਹੁੜੀ ਨਹੀ ਕਰਦਾ। ਹਾਰ ਕੇ ਨਿਰਾਸ਼ਤਾ ਵਿੱਚ ਚਲਾ ਜਾਂਦਾ ਹੈ। ਐਸੇ ਸਮੇਂ ਜਦੋਂ ਅਸੀਂ ਗੁਰਬਾਣੀ ਗਿਆਨ ਦੀ ਰੋਸ਼ਨੀ ਵਿਚੋਂ ਹੱਲ ਲੱਭਣ ਦਾ ਯਤਨ ਕਰਦੇ ਹਾਂ ਤਾਂ ਗੁਰੂ ਰਾਮਦਾਸ ਜੀ ਸਾਨੂੰ ਅਗਵਾਈ ਦਿੰਦੇ ਹਨ-

ਕਿਸ ਹੀ ਧੜਾ ਕੀਆ, ਮਿਤ੍ਰ ਸੁਤ ਨਾਲਿ ਭਾਈ।। ਕਿਸ ਹੀ ਧੜਾ ਕੀਆ, ਕੁੜਮ ਸਕੇ ਨਾਲਿ ਜਵਾਈ।।

ਕਿਸ ਹੀ ਧੜਾ ਕੀਆ, ਸਿਕਦਾਰ ਚਉਧਰੀ ਨਾਲਿ ਆਪਣੇ ਸੁਆਈ।। ਹਮਾਰਾ ਧੜਾ, ਹਰਿ ਰਹਿਆ ਸਮਾਈ।। (ਆਸਾ ਮਹਲਾ੪-੩੬੬)

ਪ੍ਰਭੂ ਨਾਲ ਕੀਤਾ ਧੜਾ ਹੀ ਸਭ ਤੋ ਉੱਤਮ ਹੈ ਕਿਉਂਕਿ ਪ੍ਰਭੂ ਆਪਣੇ ਪੈਦਾ ਕੀਤੇ ਜੀਵਾਂ ਦੀ ‘ਤੂੰ ਸਾਝਾ ਸਾਹਿਬ ਬਾਪੁ ਹਮਾਰਾ` (੯੭) ਬਣ ਕੇ ਰਖਵਾਲੀ ਕਰਨ ਲਈ ਹਰ ਸਮੇਂ ਤਿਆਰ ਹੈ। ਘਾਟ ਤਾਂ ਸਾਡੇ ਵਿੱਚ ਹੈ। ਅਸੀਂ ਉਸ ਦੇ ਬੱਚੇ ਬਨਣ ਲਈ ਤਿਆਰ ਨਹੀ ਹੁੰਦੇ, ਜੇਕਰ ਅਸੀਂ ਬੱਚੇ ਬਣ ਕੇ ਪ੍ਰਭੂ ਪਿਤਾ ਦੀ ਸ਼ਰਨ ਵਿੱਚ ਚਲੇ ਜਾਈਏ ਅਤੇ ਉਸ ਉਪਰ ਇਸ ਤਰਾਂ ਭਰੋਸਾ ਪ੍ਰਪੱਕ ਕਰ ਲਈਏ-

ਤੁਮ ਦਾਤੇ ਠਾਕੁਰ ਪ੍ਰਤਿਪਾਲਕ ! ਨਾਇਕ ਖਸਮ ਹਮਾਰੇ।।

ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ, ਹਮ ਬਾਰਿਕ ਤੁਮਰੇ ਧਾਰੇ।। (ਧਨਾਸਰੀ ਮਹਲਾ ੫-੬੭੪)

ਅਥਵਾ

ਅਉਖੀ ਘੜੀ ਨ ਦੇਖਣ ਦੇਈ, ਅਪਨਾ ਬਿਰਦੁ ਸਮਾਲੇ।।

ਹਾਥ ਦੇਇ ਰਾਖੈ ਅਪਨੇ ਕਉ, ਸਾਸਿ ਸਾਸਿ ਪ੍ਰਤਿਪਾਲੈ।। (ਧਨਾਸਰੀ ਮਹਲਾ ੫-੬੮੨)

ਮਨੁੱਖ ਨੂੰ ਬਾਹਰਲੇ ਦਿਖਾਈ ਦਿੰਦੇ ਦੁਸ਼ਮਣਾਂ ਤੋਂ ਆਪਣੀ ਰਖਵਾਲੀ ਕਰਨੀ ਤਾਂ ਸੁਖਾਲੀ ਹੈ। ਪ੍ਰੰਤੂ ਪੰਜ ਵਿਕਾਰਾਂ ਰੂਪੀ ਅੰਦਰਲੇ ਦੁਸ਼ਮਨ, ਜੋ ਦਿਖਾਈ ਨਹੀ ਦਿੰਦੇ, ਬਹੁਤ ਸਤਾਉਂਦੇ ਹਨ। ਇਨ੍ਹਾਂ ਦੁਆਰਾ ਕੀਤੀ ਜਾਂਦੀ ਨਿਤ ਦੀ ਲੁੱਟ-ਮਾਰ ਤੋਂ ਬਚਣ ਲਈ ‘ਕਿਸ ਆਗੈ ਕਰੀ ਪੁਕਾਰ ਜਨਾ` (੧੫੫) ਵਾਲਾ ਸਵਾਲ ਖੜਾ ਹੋ ਜਾਂਦਾ ਹੈ। ਇਸ ਪ੍ਰਸ਼ਨ ਦੇ ਉੱਤਰ ਲਈ ਗੁਰਬਾਣੀ ਸੇਧ ਬਖਸ਼ਿਸ਼ ਕਰਦੀ ਹੈ।” ਵਿਸ਼ੇ ਵਿਕਾਰਾਂ ਦੇ ਸਤਾਏ ਹੋਏ ਮਨੁੱਖ, ਤੇਰੇ ਲਈ ਇਕੋ ਹੀ ਰਸਤਾ ਬਾਕੀ ਬਚਦਾ ਹੈ, ਤੁੰ ਪਰਮ ਪਿਤਾ ਪ੍ਰਮੇਸ਼ਰ ਦੀ ਸ਼ਰਨ ਵਿੱਚ ਚਲਾ ਜਾ, ਉਸ ਤੋਂ ਇਲਾਵਾ ਤੇਰੇ ਪਾਸ ਹੋਰ ਕੋਈ ਵੀ ਰਸਤਾ ਨਹੀ ਹੈ, ਜਿਸ ਤਰਾਂ ਤੇਰੀ ਰਖਵਾਲੀ ਹੋ ਸਕੇ” ਗਉੜੀ ਰਾਗ ਵਿੱਚ ਪੰਚਮ ਪਾਤਸ਼ਾਹ ਫੁਰਮਾਣ ਕਰਦੇ ਹਨ-

ਰਾਖ ਪਿਤਾ ਪ੍ਰਭ ਮੇਰੇ।। ਮੋਹਿ ਨਿਰਗੁਨੁ ਸਭ ਗੁਨ ਤੇਰੇ।। ਪੰਚ ਬਿਖਾਦੀ ਏਕੁ ਗਰੀਬਾ, ਰਾਖਹੁ ਰਾਖਨਹਾਰੇ।।

ਖੇਦ ਕਰਹਿ ਅਰੁ ਬਹੁਤ ਸੰਤਾਵਹਿ, ਆਇਓ ਸਰਨਿ ਤੁਹਾਰੇ।। (ਗਉੜੀ ਮਹਲਾ ੫-੨੦੫)

ਜਦੋਂ ਮਨੁੱਖ ਅਕਾਲ ਪੁਰਖ ਦੀ ਸ਼ਰਨ ਵਿੱਚ ਚਲਾ ਜਾਂਦਾ ਹੈ ਤਾਂ ਪ੍ਰਮੇਸ਼ਰ ਮਨੁੱਖ ਦੇ ਜੀਵਨ ਵਿੱਚ ਹਰ ਸਮੇਂ ਚਲ ਰਹੇ ਵਿਸ਼ੇ ਵਿਕਾਰਾਂ ਰੂਪੀ ਯੁੱਧ ਅਖਾੜੇ ਵਿੱਚ ਗੁਰੂ ਬਖਸ਼ਿਸ਼ ਦੇ ਥਾਪੜੇ ਨਾਲ ਇਨ੍ਹਾਂ ਅੰਦਰੂਨੀ ਦੁਸ਼ਮਣਾਂ ਤੋਂ ਰਖਵਾਲੀ ਕਰਨ ਦੇ ਸਮਰੱਥ ਬਣਾ ਦਿੰਦਾ ਹੈ। ਆਪਣੇ ਸਿੱਖ ਰੂਪੀ ਪਹਿਲਵਾਨ ਨੂੰ ਸਫਲਤਾ ਪ੍ਰਾਪਤ ਕਰਦਾ ਹੋਇਆ ਦੇਖ ਕੇ ਮਾਲਕ ਪ੍ਰਸੰਨ ਹੁੰਦਾ ਹੈ-

ਹਉ ਗੋਸਾਈ ਦਾ ਪਹਿਲਵਾਨੜਾ।। ਮੈ ਗੁਰ ਮਿਲਿ ਉਚ ਦੁਮਾਲੜਾ।। ਸਭ ਹੋਈ ਛਿੰਝ ਇਕਠੀਆ, ਦਯੁ ਬੈਠਾ ਵੇਖੈ ਆਪਿ ਜੀਉ।।

ਵਾਤ ਵਜਨਿ ਟੰਮਕ ਭੇਰੀਆ।। ਮਲ ਲਥੈ, ਲੈਦੇ ਫੇਰੀਆ।। ਨਿਹਤੇ ਪੰਜਿ ਜੁਆਨ ਮੈ, ਗੁਰ ਥਾਪੀ ਦਿਤੀ ਕੰਡਿ ਜੀਉ।। (ਸਿਰੀ ਰਾਗ ਮਹਲਾ ੫-੭੪)

‘ਰਾਖਾ ਏਕੁ ਹਮਾਰਾ ਸੁਆਮੀ` ਵਿਸ਼ੇ ਉਪਰ ਗੁਰਬਾਣੀ ਜਿਥੇ ਸਾਨੂੰ ਆਤਮਿਕ ਅਗਵਾਈ ਦਿੰਦੀ ਹੈ, ਉਸ ਦੇ ਨਾਲ-ਨਾਲ ਪ੍ਰੈਕਟੀਕਲ ਰੂਪ ਵਿੱਚ ਇਤਿਹਾਸਕ ਅਗਵਾਈ ਵੀ ਦਿੰਦੀ ਹੈ ਕਿ ਬਾਹਰਲੇ ਦੁਸ਼ਮਣਾਂ ਤੋਂ ਰਖਵਾਲੀ ਕਰਨ ਦੇ ਪ੍ਰਮੇਸ਼ਰ ਕਿਵੇਂ ਸਮਰੱਥ ਹੈ। ਗੁਰੂ ਅਰਜਨ ਦੇਵ ਜੀ ਨੇ ਸੁਲਹੀ ਖਾਂ ਦੇ ਚੜ੍ਹ ਆਉਣ ਬਾਰੇ ਦੋ ਸ਼ਬਦ ਉਚਾਰਣ ਕੀਤੇ ਹਨ। ਇਹਨਾਂ ਸ਼ਬਦਾਂ ਰਾਹੀਂ ਆਪ ਜੀ ਨੇ ਇਹ ਗੱਲ ਦਰਸਾਈ ਹੈ ਕਿ ਐਸੇ ਸਮੇਂ ਅਕਾਲ ਪੁਰਖ ਦਾ ਆਸਰਾ ਹੀ ਸਭ ਤੋਂ ਵੱਡਾ ਆਸਰਾ ਹੈ। ਜਿਸ ਦੀ ਰੱਖਿਆ ਅਕਾਲ ਪੁਰਖ ਆਪ ਕਰੇ ਉਸ ਦਾ ਵੱਡੇ ਤੋਂ ਵੀ ਵੱਡਾ ਵੈਰੀ ਕੁੱਝ ਵੀ ਨਹੀ ਵਿਗਾੜ ਸਕਦਾ। ਆਸਾ ਰਾਗ ਦੇ ਸ਼ਬਦ ਵਿੱਚ ਇਸ ਇਤਿਹਾਸਕ ਘਟਨਾ ਸਬੰਧੀ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ-

ਪ੍ਰਥਮੈ ਮਤਾ, ਜਿ ਪਤ੍ਰੀ ਚਲਾਵਉ।। ਦੁਤੀਏ ਮਤਾ, ਦੁਇ ਮਾਨੁਖ ਪਹੁਚਾਵਉ।।

ਤ੍ਰਿਤੀਏ ਮਤਾ, ਕਿਛੁ ਕਰਉ ਉਪਾਇਆ।। ਮੈ ਸਭ ਕਿਛੁ ਛੋਡਿ, ਪ੍ਰਭ ! ਤੁਹੀ ਧਿਆਇਆ।। (ਆਸਾ ਮਹਲਾ ੫-੩੭੧)

ਜਦੋਂ ਇਸ ਸਬੰਧੀ ਸਤਿਗੁਰੂ ਜੀ ਨੇ ‘ਤੁਧ ਨੋ ਛੋਡਿ ਜਾਈਐ, ਪ੍ਰਭ ! ਕੈ ਧਰਿ।। ਆਨ ਨ ਬੀਆ ਤੇਰੀ ਸਮਸਰਿ।।” (੩੭੧) ਅਨੁਸਾਰ ਬਾਕੀ ਸਾਰੇ ਹੀਲੇ ਵਸੀਲੇ ਛੱਡ ਕੇ ਕੇਵਲ ਰਖਵਾਲੇ ਪ੍ਰਭੂ ਉਪਰ ‘ਜਿਸ ਕੇ ਸਿਰ ਉਪਰ ਤੂੰ ਸੁਆਮੀ ! ਸੋ ਦੁਖ ਕੈਸਾ ਪਾਵੇ ?” (੭੪੯) ਵਾਲਾ ਪੂਰਨ ਭਰੋਸਾ ਕਰ ਲਿਆ ਤਾਂ ਅਕਾਲ ਪੁਰਖ ਨੇ ਸੁਲਹੀ ਖਾਂ ਤੋਂ ਆਪ ਦੀ ਪੂਰਨ ਤੌਰ ਤੇ ਰਖਵਾਲੀ ਕੀਤੀ। ਇਸ ਘਟਨਾ ਦਾ ਇਤਿਹਾਸਕ ਜ਼ਿਕਰ ਰਾਗ ਬਿਲਾਵਲ ਵਿੱਚ ਇਸ ਤਰਾਂ ਹੈ-

ਸੁਲਹੀ ਤੇ ਨਾਰਾਇਣੁ ਰਾਖੁ।। ਸੁਲਹੀ ਕਾ ਹਾਥੁ ਕਹੀ ਨ ਪਹੁਚੈ, ਸੁਲਹੀ ਹੋਇ ਮੂਆ ਨਾਪਾਕ।। (ਬਿਲਾਵਲ ਮਹਲਾ ੫-੮੨੫)

ਬਸ, ਲੋੜ ਹੈ ਕਿ ਅਸੀਂ ਵੀ ਗੁਰਬਾਣੀ ਅਤੇ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਪ੍ਰਭੂ ਦੇ ਸੇਵਕ ਬਣ ਕੇ ‘ਰਾਖਾ ਏਕੁ ਹਮਾਰਾ ਸੁਆਮੀ` ਤੇ ਭਰੋਸਾ ਰੱਖ ਲਈਏ। ਐਸੇ ਭਰੋਸੇਵਾਨਾਂ ਦਾ ਸੁਆਮੀ ਆਪ ਰਖਵਾਲਾ ਬਣ ਕੇ ਲੋਕ ਪਰਲੋਕ ਸਵਾਰ ਦਿੰਦਾ ਹੈ। ਐਸੇ ਸੇਵਕ ਦੀ ਸਰਵ-ਵਿਆਪਕ ਪ੍ਰਭੂ ਖਸਮ ਨਾਲ ਸਾਂਝ ਬਣ ਜਾਣ ਕਰ ਕੇ ਉਸ ਦਾ ਜੀਵਨ ਸਫਲ ਹੋ ਜਾਂਦਾ ਹੈ। ਉਹ ਆਪਣੇ ਅੰਦਰਲੇ ਅਤੇ ਬਾਹਰਲੇ ਦੁਸ਼ਮਣਾਂ ਉਪਰ ਪੂਰਨ ਜਿੱਤ ਪ੍ਰਾਪਤ ਕਰਕੇ ਸੰਸਾਰ ਵਿਚੋਂ ਜੇਤੂ ਹੋ ਕੇ ਨਿਕਲਦੇ ਹਨ।

ਭਇਓ ਕ੍ਰਿਪਾਲ ਠਾਕੁਰੁ ਸੇਵਕ ਕਉ, ਸਵਰੇ ਹਲਤ ਪਲਾਤਾ।।

ਧੰਨ ਸੇਵਕੁ ਸਫਲੁ ਓਹ ਆਇਆ, ਜਿਨਿ ਨਾਨਕ ਖਸਮ ਪਛਾਤਾ।। (ਮਾਰੂ ਮਹਲਾ ੫-੧੦੦੦)