ਇਲਾਜ਼ ਪ੍ਰਣਾਲੀ ਦੀ ਕਮੀ ਨੇ ਲਏ ਹੋ ਸਕਦੇ ਹਨ ਕੌਮਾਂਤਰੀ ਰਾਗੀ ਭਾਈ ਨਿਰਮਲ ਸਿੰਘ ਦੇ ਪ੍ਰਾਣ : ਪੰਥਕ ਤਾਲਮੇਲ ਸੰਗਠਨ
( ਕਰੋਨਾ ਵਰਗੀਆਂ ਕਰੋਪੀਆਂ ਤੋਂ ਹਰਾਉਣ ਵਿਚ ‘ਕਰੋਨੀ ਕੈਪਿਟਾਲਿਜ਼ਮ’ ਦਾ ਵੱਡਾ ਹੱਥ )
2 ਅਪ੍ਰੈਲ : ਸਿੱਖ ਸੰਸਥਾਵਾਂ ਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਤੇ ਕੌਮਾਂਤਰੀ ਕੀਰਤਨੀਏ ਦੀ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਹੋਈ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਰੇ ਘਟਨਾਕ੍ਰਮ ਤੋਂ ਪ੍ਰਤੀਤ ਹੁੰਦਾ ਹੈ ਕਿ ਇਲਾਜ਼ ਪ੍ਰਣਾਲੀ ਵਿਚ ਕੋਈ ਕਮੀ ਰਹੀ ਹੋਵੇਗੀ। ਇਹ ਕਮੀ ਸਿਹਤ ਸਬੰਧੀ ਸਹੂਲਤਾਂ, ਸੁਹਿਰਦਤਾ ਅਤੇ ਪ੍ਰਤੀਬੱਧਤਾ ਦੀ ਵੀ ਹੋ ਸਕਦੀ ਹੈ।
ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਵਿਸ਼ਵ ਭਰ ਵਿਚ ਹੋ ਰਹੀਆਂ ਮੌਤਾਂ ਦਾ ਹਰ ਹਿਰਦੇ ਨੂੰ ਦਰਦ ਹੋ ਰਿਹਾ ਹੈ ਅਤੇ ਵਿਸ਼ਵ ਭਰ ਵਿਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਪਰ ਅੱਜ ਚਿੰਤਨ ਕਰਨ ਦੀ ਲੋੜ ਹੈ ਕਿ ਕਰੋਨਾ ਵਰਗੀਆਂ ਕਰੋਪੀਆਂ ਤੋਂ ਹਰਾਉਣ ਵਿਚ ‘ਕਰੋਨੀ ਕੈਪਿਟਾਲਿਜ਼ਮ’ ਦਾ ਵੱਡਾ ਹੱਥ ਹੈ। ਇਸ ਪੂੰਜੀਵਾਦ ਯਾਰਾਨੇ ਨੇ ਸਿਹਤ, ਸਿੱਖਿਆ ਅਤੇ ਖ਼ੁਰਾਕ ਦੀ ਬੁਨਿਆਦੀ ਨੀਂਹ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਹੋਇਆ ਹੈ। ਕੁਦਰਤੀ ਸ੍ਰੋਤਾਂ ਅਤੇ ਵਾਤਾਵਰਨ ਨੂੰ ਪਿਆਰ ਕਰਨ ਦੀ ਥਾਂ ਵਪਾਰ ਬਣਾ ਲਿਆ ਹੈ। ਪੂੰਜੀ ਨੂੰ ਕੇਂਦਰ ਵਿਚ ਰੱਖ ਕੇ ਕੰਮ ਕਰਨ ਦੀ ਫ਼ਿਲਾਸਫ਼ੀ ਨੇ ਮਾਨਵਜਾਤੀ ਸਾਹਮਣੇ ਜੀਵਨ ਅਤੇ ਮੌਤ ਦੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ।
ਇਸ ਸੰਕਟ ਘੜੀ ਸਿਹਤ ਸਹੂਲਤਾਂ ਦੀ ਕਮੀ ਨਜ਼ਰ ਆਉਣੀ ਕੁਦਰਤੀ ਹੈ ਕਿਉਂਕਿ ਭਾਰਤ ਦੀ ਵੀ ਸਭ ਤੋਂ ਕਮਜ਼ੋਰ ਕੜੀ ਦੌਲਤ ਦੀ ਅਸਮਾਨ ਵੰਡ ਹੈ। ਕੇਵਲ ਇਕ ਸੈਂਕੜਾ ਦੇ ਕਰੀਬ ਲੋਕਾਂ ਕੋਲ ਐਨੀ ਕੁ ਦੌਲਤ ਹੈ ਜਿਸ ਨਾਲ ਭਾਰਤ ਦੇ ਸਾਰੇ ਰਾਜਾਂ ਦਾ 85% ਸਿਹਤ ਅਤੇ ਸਿੱਖਿਆ ਦਾ ਖਰਚਾ ਨਿੱਕਲ ਸਕਦਾ ਹੈ। ਬਿਨਾਂ ਸ਼ੱਕ ਜੀ. ਡੀ. ਪੀ. ਵਿਚ ਵਾਧੇ ਨੇ ਉੱਭਰਦੇ ਅਰਥਚਾਰਿਆਂ ਵਿਚ ਮਾਣ ਦਿਵਾਇਆ ਹੋਵੇ ਪਰ ਇਹ ਤੰਦਰੁਸਤ ਅਰਥਸ਼ਾਸਤਰ ਨਹੀਂ ਬਲਕਿ ਬਿਮਾਰ ਅਰਥਸ਼ਾਸਤਰ ਹੈ। ਜੋ ਕਿ ਕਰੋਨਾ ਵਰਗੀ ਕਰੋਪੀਆਂ ਦੀ ਮਾਰ ਤੋਂ ਬਚਾਉਣ ਵਿਚ ਅਸਮਰੱਥ ਹੈ।
ਸੰਗਠਨ ਨੇ ਅਪੀਲ ਕੀਤੀ ਕਿ ਮੌਤ ਦੇ ਤਾਂਡਵ ਨਾਚ ਮੌਕੇ ਜਿੱਥੇ ਵੱਧ ਤੋਂ ਵੱਧ ਸੁਰੱਖਿਅਤ ਮਾਪਦੰਡ ਅਪਣਾਉਣ ਦੀ ਲੋੜ ਹੈ, ਉੱਥੇ ਮੌਤ ਦਾ ਸ਼ਿਕਾਰ ਹੁੰਦੇ ਸਰੀਰਾਂ ਅਤੇ ਪਰਿਵਾਰਾਂ ਨਾਲ ਹਮਦਰਦੀ ਜੁਟਾਉਣੀ ਮਨੁੱਖੀ ਧਰਮ ਹੈ। ਅੰਤਮ ਸਸਕਾਰ ਮੌਕਿਆਂ ’ਤੇ ਨਫ਼ਰਤ ਵਾਲੀ ਪਹੁੰਚ ਦੀ ਥਾਂ ਸਸਕਾਰ ਲਈ ਯੋਗ ਢੰਗਾਂ ਬਾਰੇ ਰਾਏ ਦੇਣੀ ਬਣਦੀ ਹੈ ਅਤੇ ਯੋਗਦਾਨ ਬਣਦਾ ਹੈ।