ਗਾਉਣ ਦਾ ਭਾਵ ਸਾਜਾਂ ਨਾਲ ਰਾਗ ਗਾਉਣਾ ਨਹੀਂ ਬਲਕਿ ਗੁਰਬਾਣੀ ਦੇ ਉਪਦੇਸ਼ਾਂ ਮੁਤਾਬਕ ਪ੍ਰਭੂ ਦੀ ਰਜ਼ਾ ਵਿੱਚ ਚੱਲਣਾ ਹੈ: ਗਿਆਨੀ ਹਰਭਜਨ ਸਿੰਘ
ਬਠਿੰਡਾ (ਕਿਰਪਾਲ ਸਿੰਘ): ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ (ਰੋਪੜ) ਦੇ ਬਠਿੰਡਾ ਸਰਕਲ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਉਲੀਕੇ ਸਾਲਾਨਾ ਗੁਰਮਤਿ ਸਮਾਗਮਾਂ ਦੀ ਲੜੀ ਵਿੱਚ ਬੀਤੀ ਰਾਤ ਭਾਈ ਜੀਤ ਸਿੰਘ ਖੰਡੇਵਾਲਾ ਪਿੰਡ ਬੀਬੀਵਾਲਾ ਦੇ ਘਰ ਹੋਏ ਸਮਾਗਮ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਸਮੇ ਆਏ ਹੁਕਮਨਾਮੇ ‘‘ਬੰਦਨਾ, ਹਰਿ ਬੰਦਨਾ; ਗੁਣ ਗਾਵਹੁ ਗੋਪਾਲ ਰਾਇ॥ ਰਹਾਉ॥’’ ਦੀ ਵਿਆਖਿਆ ਕਰਦਿਆਂ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ (ਰੋਪੜ) ਦੇ ਵਾਈਸ ਪਿ੍ਰੰਸੀਪਲ ਗਿਆਨੀ ਹਰਭਜਨ ਸਿੰਘ ਨੇ ਜਿੱਥੇ ਗੁਰਬਾਣੀ ਵਿੱਚ ਆਏ ਸ਼ਬਦਾਂ ਦਾ ਗੁਰਬਾਣੀ ਵਿਆਕਰਣ ਦੇ ਨਿਯਮਾਂ ਅਤੇ ਅਰਥਾਂ ਨੂੰ ਧਿਆਨ ਵਿੱਚ ਰੱਖ ਕੇ ਸ਼ੁੱਧ ਉਚਾਰਣ ਕਰਨ ਦੀ ਨਰੋਈ ਸੇਧ ਦਿੱਤੀ ਉੱਥੇ ਅੱਖਰੀ ਅਰਥਾਂ ਤੋਂ ਹਟ ਕੇ ਗੁਰਮਤਿ ਫਲਸਫੇ ਅਨੁਸਾਰ ਭਾਵ ਅਰਥਾਂ ਨੂੰ ਵੀ ਬਹੁਤ ਹੀ ਸੋਹਣੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸੰਗਤਾਂ ਅੱਗੇ ਪੇਸ਼ ਕੀਤਾ। ਉਨ੍ਹਾਂ ਕਿਹਾ ਗੁਣ ਗਾਉਣ ਦਾ ਭਾਵ ਸਾਜਾਂ ਨਾਲ ਰਾਗ ਗਾਉਣਾ ਨਹੀਂ ਬਲਕਿ ਗੁਰਬਾਣੀ ਦੇ ਉਪਦੇਸ਼ਾਂ ਮੁਤਾਬਿਕ ਪ੍ਰਭੂ ਦੀ ਰਜ਼ਾ ਵਿੱਚ ਚੱਲਣਾ ਹੈ। ਸੋ-ਦਰੁ ਵਾਲੀ ਪਾਉੜੀ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਥੋਹੜੇ ਸ਼ਬਦ ਜੋੜਾਂ ਦੇ ਫਰਕ ਨਾਲ ਤਿੰਨ ਵਾਰ ਦਰਜ ਹੈ; ਦਾ ਹਵਾਲਾ ਦਿੰਦੇ ਹੋਏ ਗਿਆਨੀ ਹਰਭਜਨ ਸਿੰਘ ਨੇ ਕਿਹਾ ਅਸੀਂ ਪੜ੍ਹਦੇ ਹਾਂ ‘‘ਗਾਵਨਿ ਤੁਧਨੋ ਪਵਣੁ, ਪਾਣੀ, ਬੈਸੰਤਰੁ; ਗਾਵੈ ਰਾਜਾ ਧਰਮੁ, ਦੁਆਰੇ॥’’ ਪਰ ਕਦੀ ਕਿਸੇ ਨੇ ਹਵਾ, ਪਾਣੀ ਅਤੇ ਅੱਗ ਨੂੰ ਗਾਉਂਦੇ ਹੋਏ ਜਾਂ ਕਿਸੇ ਸ਼ਬਦ ਦਾ ਉਚਾਰਣ ਕਰਦੇ ਹੋਏ ਨਹੀਂ ਸੁਣਿਆ ਅਤੇ ਨਾ ਹੀ ਉਹ ਅਜਿਹਾ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਦੇ ਪਾਸ ਕੋਈ ਜਿਹਵਾ ਜਾਂ ਮੂੰਹ ਨਹੀਂ ਹੈ। ਸੋ ਉਨ੍ਹਾਂ ਦੇ ਗਾਉਣ ਤੋਂ ਭਾਵ ਹੈ ਪ੍ਰਭੂ ਦੀ ਰਜ਼ਾ ਵਿੱਚ ਚੱਲਣਾ ਅਤੇ ਨਿਯਮਾਂ ਅਨੁਸਾਰ ਲਗਾਤਰ ਆਪਣੀ ਕਾਰ ਕਰੀ ਜਾਣਾ; ਜਿਸ ਦਾ ਜ਼ਿਕਰ ਆਸਾ ਕੀ ਵਾਰ ਵਿੱਚ ਇਸ ਤਰ੍ਹਾਂ ਕੀਤਾ ਹੈ: ‘‘ਭੈ ਵਿਚਿ ਪਵਣੁ ਵਹੈ ਸਦਵਾਉ॥ ਭੈ ਵਿਚਿ ਚਲਹਿ, ਲਖ ਦਰੀਆਉ॥ ਭੈ ਵਿਚਿ ਅਗਨਿ ਕਢੈ ਵੇਗਾਰਿ॥ ਭੈ ਵਿਚਿ ਧਰਤੀ, ਦਬੀ ਭਾਰਿ॥’’
ਗਿਆਨੀ ਹਰਭਜਨ ਸਿੰਘ ਨੇ ਕਿਹਾ ਮਨੁੱਖ ਮਾਤਰ ਲਈ ਪ੍ਰਭੂ ਦੇ ਗੁਣ ਗਾਉਣ ਅਤੇ ਗੁਰਬਾਣੀ ਗਾਉਣ ਦਾ ਭਾਵ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਇਸ ਪਾਵਨ ਪੰਕਤੀ ‘‘ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ॥’’ ਤੋਂ ਹੋਰ ਸਪੱਸ਼ਟ ਹੋ ਜਾਂਦਾ ਹੈ ਕਿ ਗੁਰਬਾਣੀ ਗਾਉਣ ਤੋਂ ਭਾਵ ਸਿਰਫ ਗਾਉਣਾ ਹੀ ਨਹੀਂ ਬਲਕਿ ਗੁਰਬਾਣੀ ਉਪਦੇਸ਼ਾਂ ਮੁਤਾਬਿਕ ਆਪਣਾ ਜੀਵਨ ਬਿਤਾਉਣਾ ਹੈ। ਜੇ ਸਿਰਫ ਗਾਉਣ ਤੋਂ ਹੀ ਭਾਵ ਹੁੰਦਾ ਤਾਂ ਕੀ ਦਿਨ ਚੜ੍ਹਨ ਤੋਂ ਪਹਿਲਾਂ ਜੋ ਨਾਮ ਸਿਮਰਨ ਕੀਤਾ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਕੀਤਾ, ਆਸਾ ਕੀ ਵਾਰ ਦਾ ਕੀਰਤਨ ਕੀਤਾ ਜਾਂ ਸ੍ਰਵਨ ਕੀਤਾ ਉਹ ਗੁਰਬਾਣੀ ਗਾਉਣਾ ਨਹੀਂ ਹੈ ? ਸੋ ਦਿਨ ਚੜ੍ਹਨ ਤੋਂ ਬਾਅਦ ਵਿਸ਼ੇਸ਼ ਤੌਰ ’ਤੇ ਜੋ ਗੁਰਬਾਣੀ ਗਾਉਣ ਦਾ ਉਪਦੇਸ਼ ਕੀਤਾ ਹੈ ਇਸ ਦਾ ਭਾਵ ਹੈ ਆਪਣੀ ਕਿ੍ਰਤ ਕਾਰ ਕਰਦਿਆਂ ਭਾਵੇਂ ਦੁਕਾਨਦਾਰ ਆਪਣੀ ਦੁਕਾਨ ਵਿੱਚ ਬੈਠਾ ਵਾਪਾਰ ਕਰ ਰਿਹਾ ਹੈ, ਜਾਂ ਕਿਸਾਨ ਆਪਣੇ ਖੇਤਾਂ ਵਿੱਚ ਖੇਤੀ ਕਰਦਾ ਹੈ, ਜਾਂ ਨੌਕਰੀ ਪੇਸ਼ਾ ਲੋਕ ਦਫਤਰਾਂ ਵਿੱਚ ਕੰਮ ਕਰਦੇ ਹਨ ਉਹ ਪਹਿਲਾਂ ਪੜ੍ਹੀ ਗਈ ਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਅਤੇ ਹੋਰ ਕਾਰ ਵਿਹਾਰ ਕਰਨ; ਇਹੀ ਹੈ, ਪ੍ਰਭੂ ਦੇ ਅਸਲੀ ਗੁਣ ਗਾਉਣੇ ਅਤੇ ਗੁਰਬਾਣੀ ਗਾਉਣੀ।
ਅੰਮ੍ਰਿਤ ਵੇਲੇ ਅਤੇ ਰਾਤ ਦੇ ਦੀਵਾਨਾਂ ਵਿੱਚ ਗਿਆਨੀ ਹਰਭਜਨ ਸਿੰਘ ਤੋਂ ਇਲਾਵਾ ਕਥਾ ਵਾਚਕ ਭਾਈ ਹਰਵਿੰਦਰ ਸਿੰਘ, ਭਾਈ ਗੁਰਇੰਦਰਦੀਪ ਸਿੰਘ ਅਤੇ ਭਾਈ ਅਜੈਬ ਸਿੰਘ ਤੇ ਭਾਈ ਤਰਸੇਮ ਸਿੰਘ ਦੇ ਰਾਗੀ ਜੱਥੇ ਬਾਖ਼ੂਬੀ ਸੇਵਾ ਨਿਭਾ ਰਹੇ ਹਨ। 17 ਤੋਂ 25 ਅਪ੍ਰੈਲ ਤੱਕ ਚੱਲ ਰਹੇ ਸਮਾਗਮਾਂ ਦੀ ਲੜੀ ਦਾ ਅੱਜ ਸਵੇਰੇ ਗੁਰਦੁਆਰਾ ਸਾਹਿਬ ਸ਼੍ਰੀ ਕਲਘੀਧਰ, ਹਜੂਰਾ ਕਪੂਰਾ ਕੋਲੋਨੀ ਬਠਿੰਡਾ ਵਿਖੇ ਗਿਆਨੀ ਹਰਭਜਨ ਸਿੰਘ ਦਾ ਆਖਰੀ ਦੀਵਾਨ ਸੀ ਅਤੇ ਰਾਤ ਦੇ ਦੀਵਾਨ ਵਿੱਚ ਪਿ੍ਰੰਸੀਪਲ ਬਲਜੀਤ ਸਿੰਘ ਜੀ ਹਾਜ਼ਰੀ ਭਰਨਗੇ ਜੋ 25 ਅਪ੍ਰੈਲ ਦੇ ਆਖਰੀ ਮੁੱਖ ਸਮਾਗਮ ਤੱਕ ਸੇਵਾ ਨਿਭਾਉਣਗੇ।