ਪੰਜਾਬ ਹਿਤੈਸ਼ੀਓ ! ਪੰਜਾਬ ਇੱਕ ਵਾਰ ਫਿਰ ਨੰਬਰ ਵਨ ਉੱਤੇ !

0
37

ਪੰਜਾਬ ਹਿਤੈਸ਼ੀਓ ! ਪੰਜਾਬ ਇੱਕ ਵਾਰ ਫਿਰ ਨੰਬਰ ਵਨ ਉੱਤੇ !

ਡਾ. ਹਰਸ਼ਿੰਦਰ ਕੌਰ,ਐੱਮ.ਡੀ., 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ 0175-2216783

      ਕੁੱਝ ਖ਼ਬਰਾਂ ਵੱਲ ਝਾਤ ਮਾਰੀਏ :-

  1. ਕੈਂਸਰ ਨੇ ਪੰਜਾਬ ਦੇ ਪਿੰਡਾਂ ਵਿਚ ਮਚਾਈ ਤਬਾਹੀ। ਕਾਰਨ- ਕੀਟਨਾਸ਼ਕ ਸਪਰੇਅ ਵਿਚਲੇ ਕੈਮੀਕਲ !
  2. ਤੱਥ ਸਾਬਤ ਹੋ ਜਾਣ ਉੱਤੇ ਕੀਟਨਾਸ਼ਕ ਸਪਰੇਅ ਗਲਾਫੋਸੇਟ ਉੱਤੇ ਪੰਜਾਬ ਵਿਚ ਪਾਬੰਦੀ ! ਇਸ ਕੀਟਨਾਸ਼ਕ ਸਦਕਾ ਜਿਗਰ ਹੋ ਰਹੇ ਫੇਲ੍ਹ ਅਤੇ ਕੈਂਸਰ ਵਿਚ ਭਾਰੀ ਵਾਧਾ ! (ਟਾਈਮਜ਼ ਆਫ਼ ਇੰਡੀਆ ਵਿਚ ਛਪੀ ਰਿਪੋਰਟ-25 ਅਕਤੂਬਰ 2018)
  3. ਪੰਜਾਬ ਵਿਚ ਕੈਂਸਰ ਫੈਲਾਉਂਦੇ ਕੀਟਨਾਸ਼ਕਾਂ ਵਿਚ ਕੋਈ ਰੋਕ ਨਹੀਂ ! (ਇੰਡੀਅਨ ਐਕਸਪ੍ਰੈਸ ਵਿਚ ਛਪੀ ਰਿਪੋਰਟ)
  4. ਇੰਡੀਆ ਵਾਟਰ ਪੋਰਟਲ ਦੀ 21 ਨਵੰਬਰ 2019 ਦੀ ਰਿਪੋਰਟਪੰਜਾਬ ਦੀ ਧਰਤੀ ਹੁਣ ਜ਼ਹਿਰ ਉਗਲਣ ਲੱਗ ਪਈ ਹੈ। ਪੰਜਾਂ ਦਰਿਆਵਾਂ ਦੀ ਧਰਤੀ ਦੇ ਪਾਣੀ, ਹਵਾ ਅਤੇ ਜ਼ਮੀਨ ਦੇ ਹੇਠਾਂ ਵੀ ਜ਼ਹਿਰੀਲੇ ਕੈਮੀਕਲਾਂ ਦਾ ਭੰਡਾਰ ਜਮ੍ਹਾਂ ਹੋ ਚੁੱਕਿਆ ਹੈ।
  5. ਮਾਲਵਾ ਬਣਿਆਕੀਟਨਾਸ਼ਕ ਸਪਰੇਅ ਦਾ ਭੰਡਾਰਭਾਰਤ ਦੇਕੈਂਸਰ ਕੈਪੀਟਲਵਜੋਂ ਹੋਈ ਪਛਾਣ ! ਪੂਰੇ ਪੰਜਾਬ ਵਿਚ ਵਰਤੇ ਜਾ ਰਹੇ ਕੈਮੀਕਲਾਂ ਦਾ 75 ਫੀਸਦੀ ਹਿੱਸਾ ਸਿਰਫ਼ ਮਾਲਵਾ ਵਿਚ ਹੀ ਵਰਤਿਆ ਜਾ ਰਿਹਾ ਹੈ। ਪਿਛਲੇ 10 ਸਾਲਾਂ ਵਿਚ ਕੈਂਸਰ ਦੇ ਕੇਸਾਂ ਵਿਚ ਤਿੰਨ ਗੁਣਾ ਵਾਧਾ ਰਿਕਾਰਡ ਕੀਤਾ ਗਿਆ। ਏਸੇ ਹੀ ਦੌਰਾਨ ਕੀਤੀਆਂ ਗਈਆਂ 6 ਖੋਜਾਂ ਵਿਚ ਮਾਲਵਾ ਵਿਚਲੇ ਕੀਟਨਾਸ਼ਕਾਂ ਦੇ ਅਸਰ ਹੇਠ ਆਏ ਲੋਕਾਂ ਦੀ ਲਿਆਕਤ ਵਿਚ ਘਾਟਾ ਅਤੇ ਬੱਚੇ ਜੰਮਣ ਦੀ ਸਮਰੱਥਾ ਉੱਤੇ ਵੀ ਕਾਫੀ ਮਾੜਾ ਅਸਰ ਲੱਭਿਆ ਗਿਆ।

ਪੂਰੇ ਮਾਲਵੇ ਵਿਚ ਹੀ ਹਵਾ, ਪਾਣੀ, ਮਿੱਟੀ ਅਤੇ ‘ਫੂਡ-ਚੇਨ’ (ਉਪਜ) ਵਿਚ ਭਾਰੀ ਮਾਤਰਾ ਵਿਚ ਕੀਟਨਾਸ਼ਕਾਂ ਦੇ ਅੰਸ਼ ਲੱਭੇ ਜਾ ਚੁੱਕੇ ਹਨ।

  1. ਮਾਲਵੇ ਦੇ ਦੋ ਪਿੰਡਾਂ-ਅਰਨੇਤੂ (ਜ਼ਿਲ੍ਹਾ ਪਟਿਆਲਾ) ਅਤੇ ਵੱਲੀਪੁਰ (ਜ਼ਿਲ੍ਹਾ ਲੁਧਿਆਣਾ) ਉੱਤੇ ਹੋਈ ਖੋਜ ‘ਐਗਰੀਕਲਚਰਲ ਸਾਈਂਸਿਸ’ ਜਰਨਲ ਵਿਚ ਛਪੀ ਹੈ। ਉਸ ਖੋਜ ਪੱਤਰ ਵਿਚ ‘ਪੈਸਟੀਸਾਈਡ ਇਨ ਐਗਰੀਕਲਚਰਲ ਰਨਔਫ ਅਫੈਕਟਿੰਗ ਵਾਟਰ ਰਿਸੋਰਸਿਸ ਇਨ ਪੰਜਾਬ’ ਅਧੀਨ ਜੋ ਤੱਥ ਛਪੇ, ਉਹ ਹਨ-

*  ਦੋਨਾਂ ਪਿੰਡਾਂ ਦੇ 81 ਫੀਸਦੀ ਲੋਕ ਮੰਨੇ ਕਿ ਉਹ ਲੋੜੋਂ ਵੱਧ ਕੀਟਨਾਸ਼ਕ ਵਰਤ ਰਹੇ ਹਨ।

*  ਕਣਕ ਬੀਜਣ ਲੱਗਿਆਂ ‘ਸੀਜ਼ਨ’ ਦੌਰਾਨ ਹੀ ਤਿੰਨ ਵਾਰ ਕੀਟਨਾਸ਼ਕ ਸਪਰੇਅ ਕੀਤਾ ਜਾਂਦਾ ਹੈ।

*  ਇਨ੍ਹਾਂ ਥਾਂਵਾਂ ਉੱਤੇ ਮੀਂਹ ਨਾਲ ਥੱਲੇ ਲੰਘਦਾ ਧਰਤੀ ਹੇਠਲਾ ਪਾਣੀ ਕੀਟਨਾਸ਼ਕਾਂ ਨਾਲ ਅਤੇ ਫੈਕਟਰੀਆਂ ਦੀ ਗੰਦਗੀ ਸਦਕਾ ਪ੍ਰਦੂਸ਼ਿਤ ਹੋ ਚੁੱਕਿਆ ਹੈ। ਇਸ ਬਾਰੇ ਟੈਸਟ ਕਰਨ ਬਾਅਦ ਸਪਸ਼ਟ ਹੋ ਚੁੱਕਿਆ ਹੈ।

*  ਇਨ੍ਹਾਂ ਥਾਂਵਾਂ ਦੀਆਂ ਸਬਜ਼ੀਆਂ ਵਿਚ ਅਤੇ ਘੱਗਰ ਨੇੜਲੇ ਖੇਤਾਂ ਵਿਚ ਬੀਜੀਆਂ ਦਾਲਾਂ, ਸਬਜ਼ੀਆਂ ਵਿਚ ਕਰੋਮੀਅਮ, ਮੈਂਗਨੀਜ਼, ਨਿੱਕਲ, ਕੌਪਰ, ਸਿੱਕਾ, ਕੈਡਮੀਅਮ ਅਤੇ ਯੂਰੇਨੀਅਮ ਭਾਰੀ ਮਾਤਰਾ ਵਿਚ ਲੱਭੇ, ਜਿਨ੍ਹਾਂ ਨੂੰ ਇਨਸਾਨੀ ਸਰੀਰ ਕਿਸੇ ਵੀ ਹਾਲ ਵਿਚ ਜਰ ਹੀ ਨਹੀਂ ਸਕਦਾ।

*  ਘੱਗਰ ਨਦੀ ਦੇ ਪਾਣੀ ਦੇ ਟੈਸਟ ਕਰਨ ਤੋਂ ਬਾਅਦ ਪਤਾ ਲੱਗਿਆ ਹੈ ਕਿ ਜਿੰਨੇ ਜ਼ਹਿਰੀਲੇ ਤੱਤ ਉਸ ਪਾਣੀ ਵਿਚ ਲੱਭੇ ਹਨ, ਉਹ ਇਨਸਾਨੀ ਸਰੀਰ ਦੇ ਜਰ ਸਕਣ ਦੀ ਹੱਦ ਤੋਂ ਲਗਭਗ 100 ਗੁਣਾ ਵੱਧ ਹਨ। ਇਹ ਜ਼ਹਿਰੀਲੇ ਤੱਤ ਹਨ- ਨਿੱਕਲ, ਕਰੋਮੀਅਮ, ਐਂਟੀਮਨੀ, ਸਟਰੌਂਸ਼ੀਅਮ, ਮੈਂਗਨੀਜ਼, ਜ਼ਿੰਕ, ਟਿਨ, ਸਿੱਕਾ, ਕੈਡਮੀਅਮ, ਟਾਈਟੇਨੀਅਮ ਆਦਿ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਹਾਨੀਕਾਰਕ ਤੱਤ। ਇਨ੍ਹਾਂ ਸਦਕਾ ਜਿਗਰ, ਗੁਰਦੇ, ਦਿਮਾਗ਼, ਦਿਲ ਦੇ ਰੋਗਾਂ ਸਮੇਤ ਕੈਂਸਰ ਵੀ ਭਾਰੀ ਮਾਤਰਾ ਵਿਚ ਹੋ ਰਿਹਾ ਹੈ।

*  ਮਾਲਵੇ ਦੇ ਪਿੰਡਾਂ ਵਿਚ ਲੋਕਾਂ ਦੇ ਚੈੱਕਅੱਪ ਦੌਰਾਨ ਅਨੇਕ ਰੋਗੀ ਲੱਭੇ। ਇਸ ਬੀਮਾਰੀ ਨਾਲ ਪੀੜਤ ਲੋਕ ਲਗਭਗ ਹਰ ਘਰ ਵਿਚ ਸਨ। ਇਨ੍ਹਾਂ ਵਿਚ ਕੈਂਸਰ ਅਤੇ ਹੈਪਾਟਾਈਟਿਸ ਸੀ ਬੀਮਾਰੀ ਦਾ ਭੰਡਾਰ ਸੀ। ਇਨ੍ਹਾਂ ਤੋਂ ਇਲਾਵਾ ਅਨੇਕ ਘਰਾਂ ਵਿਚ ਬੱਚੇ ਵਕਤ ਤੋਂ ਪਹਿਲਾਂ ਜੰਮੇ ਹੋਏ ਸਨ, ਅਨੇਕ ਗਰਭ ਵਿਚ ਹੀ ਮਰ ਚੁੱਕਿਆਂ ਬਾਰੇ ਪਤਾ ਲੱਗਿਆ, ਜੋ ਬਾਕੀ ਪੰਜਾਬ ਨਾਲੋਂ 5 ਗੁਣਾ ਵੱਧ ਗਿਣਤੀ ’ਚ ਸਨ। ਇੰਜ ਹੀ ਜੰਮਦੇ ਸਾਰ ਮਰਨ ਵਾਲੇ ਬੱਚਿਆਂ ਦੀ ਗਿਣਤੀ ਵੀ ਪੰਜ ਗੁਣਾ ਵੱਧ ਮਿਲੀ।

ਅਨੇਕ ਘਰਾਂ ਦੇ ਬੱਚਿਆਂ ਵਿਚ ਯਾਦਦਾਸ਼ਤ ਦੀ ਕਮਜ਼ੋਰੀ ਸੀ, ਅਨੇਕ ਮੰਦਬੁੱਧ ਲੱਭੇ, ਕੁੱਝ ਦੇ ਦੰਦਾਂ ਦੁਆਲੇ ਜਬਾੜੇ ਉੱਤੇ ਨੀਲੀ ਲਕੀਰ ਲੱਭੀ, ਕਈਆਂ ਦੇ ਦੰਦਾਂ ਉੱਤੇ ਦਾਗ਼ ਸਨ ਤੇ ਬਹੁਤ ਸਾਰੇ ਢਿੱਡ ਅਤੇ ਅੰਤੜੀਆਂ ਦੀਆਂ ਤਕਲੀਫ਼ਾਂ ਨਾਲ ਜੂਝ ਰਹੇ ਸਨ। ਜਦੋਂ ਟੈਸਟ ਕੀਤੇ ਗਏ ਤਾਂ ਇਨ੍ਹਾਂ ਬੱਚਿਆਂ ਦੇ ਸਰੀਰਾਂ ਵਿਚ ਵੱਡੀ ਗਿਣਤੀ ਕੀਟਨਾਸ਼ਕ ਅਤੇ ਮਾੜੇ ਕੈਮੀਕਲਾਂ ਦੇ ਅੰਸ਼ ਪਾਏ ਗਏ।

ਸਭ ਤੋਂ ਵੱਧ ਤਕਲੀਫ਼ਦੇਹ ਗੱਲ ਇਹ ਸੀ ਕਿ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਇਹ ਪਤਾ ਨਹੀਂ ਸੀ ਕਿ ਜਿਹੜੀਆਂ ਬੀਮਾਰੀਆਂ ਨਾਲ ਇਹ ਜੂਝਦੇ ਰੋਜ਼ ਹਸਪਤਾਲਾਂ ਦੇ ਗੇੜਿਆਂ ਵਿਚ ਪਏ ਹਨ, ਇਹ ਬੀਮਾਰੀ ਉਨ੍ਹਾਂ ਦੇ ਆਪਣੇ ਹੀ ਵੱਲੋਂ ਵਰਤੇ ਵਾਧੂ ਕੀਟਨਾਸ਼ਕਾਂ ਸਦਕਾ ਹੈ।

ਜਦੋਂ ਕੁੱਝ ਨੇ ਇਹ ਕਿਹਾ ਕਿ ਉਹ ਆਪਣੇ ਲਈ ਬੀਜੀਆਂ ਸਬਜ਼ੀਆਂ ਅਤੇ ਕਣਕ ਉੱਤੇ ਸਪਰੇਅ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਸਮਝਾਇਆ ਗਿਆ ਕਿ ਉੱਪਰਲੀ ਸਪਰੇਅ ਹੀ ਨਹੀਂ, ਇਹ ਤਾਂ ਪਾਣੀ ਰਾਹੀਂ ਧਰਤੀ ਹੇਠ ਪਹੁੰਚ ਕੇ ਹਰ ਫਸਲ ਵਿਚ ਜ਼ਹਿਰ ਭਰ ਰਹੀ ਹੈ ਤਾਂ ਉਹ ਵੀ ਪਰੇਸ਼ਾਨ ਹੋ ਗਏ। ਸਭ ਕੁੱਝ ਜਾਣ ਲੈਣ ਤੋਂ ਬਾਅਦ ਵੀ ਇਨ੍ਹਾਂ ਕਿਸਾਨਾਂ ਨੂੰ ਆਰਗੈਨਿਕ ਖਾਦਾਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਤੇ ਉਹ ਹਾਲੇ ਵੀ ਕੀਟਨਾਸ਼ਕਾਂ ਨੂੰ ਛੱਡਣ ਲਈ ਹਿਚਕਿਚਾ ਰਹੇ ਸਨ।

  1. ਇਨ੍ਹਾਂ ਖ਼ਬਰਾਂ ਤੋਂ ਇਲਾਵਾ ਹੋਰ ਖੋਜ ਪੱਤਰ, ਜੋ ਇਸ ਸੰਬੰਧ ਵਿਚ ਛਪ ਚੁੱਕੇ ਹੋਏ ਹਨ, ਉਹ ਹਨ :-

*  ਸਾਈਲੈਂਟ ਫੀਲਡਜ਼ (2 ਜੂਨ 2015) – ਪੰਜਾਬ ਵਿਚ ਪੈਸਟੀਸਾਈਡ ਦੇ ਕਹਿਰ ਨੇ ਬੱਚਿਆਂ ਨੂੰ ਨਿਗਲਣਾ ਸ਼ੁਰੂ ਕੀਤਾ।

*  ਪੰਜਾਬ ਦੇ 100 ਖੂਹਾਂ ਦੇ ਪਾਣੀ ਨੂੰ ਟੈਸਟ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਵਿਚ ‘ਟੌਕਸਿਕ ਕੌਕਟੇਲ’ ਭਰੀ ਪਈ ਹੈ।

*  ਪੀਣ ਵਾਲੇ ਪਾਣੀ ਦੇ 20 ਫੀਸਦੀ ਖੂਹਾਂ ਵਿਚ ਨਾਈਟਰੇਟ 50 ਮਿਲੀਗ੍ਰਾਮ ਪ੍ਰਤੀ ਲਿਟਰ ਤੋਂ ਕਈ ਗੁਣਾ ਵੱਧ ਸੀ, ਜਿਸ ਸਦਕਾ ਪੰਜਾਬ ਦੇ ਉਨ੍ਹਾਂ ਇਲਾਕਿਆਂ ਦੇ ਬੱਚਿਆਂ ਵਿਚ ‘ਬਲੂ ਬੇਬੀ ਸਿੰਡਰੋਮ’ ਯਾਨੀ ‘‘ਮੈਟਹੀਮੋਗਲੋਬੀਨੀਮੀਆ’’ ਬੀਮਾਰੀ (ਨੀਲਾ ਪੈ ਜਾਣਾ) ਕਾਫੀ ਦਿੱਸਣ ਲੱਗ ਪਈ ਹੈ।

  1. ਆਲ ਇੰਡੀਆ ਇੰਸਟੀਚਿਊਟ ਦਿੱਲੀ ਵਿਚ ਦਾਖਲ ਹੋਏ ਬੱਚਿਆਂ ਦੇ ਸਰੀਰ ਅੰਦਰ ਸਿੱਕੇ, ਨਿਕਲ ਅਤੇ ਆਰਸੈਨਿਕ ਦੇ ਅੰਸ਼ ਮਿਲੇ।

ਸਿਰਫ਼ ਪੰਜਾਬ ਹੀ ਨਹੀਂ, ਆਂਧਰ ਪ੍ਰਦੇਸ ਦੇ ਇਲੂਰੂ ਇਲਾਕੇ ਵਿਚ ਵੀ ਇੱਕੋ ਸਮੇਂ 600 ਲੋਕ ਹਸਪਤਾਲ ਦਾਖਲ ਹੋਏ ਜਿਨ੍ਹਾਂ ਦੇ ਸਰੀਰਾਂ ਅੰਦਰ ਸਬਜ਼ੀਆਂ ਉੱਤੇ ਛਿੜਕੇ ਜਾਣ ਵਾਲੇ ਕੀਟਨਾਸ਼ਕ ਕਾਫੀ ਮਾਤਰਾ ਵਿਚ ਮਿਲੇ। ਏਮਜ਼ ਦੇ ਡਾਕਟਰਾਂ ਨੇ ਖੋਜ ਕਰਕੇ ਦੱਸਿਆ ਕਿ ਕੀਟਨਾਸ਼ਕ; ਪਾਣੀ ਅਤੇ ਖਾਣੇ ਰਾਹੀਂ ਸਰੀਰਾਂ ਅੰਦਰ ਲੰਘ ਰਹੇ ਹਨ।

  1. ਸੰਗਰੂਰ ਦੀ ਜੈਸਮੀਨ ਖ਼ਾਨ ਨੇ ਆਪਣੇ 14 ਮਹੀਨੇ ਦੇ ਬੱਚੇ ਨੂੰ ਕੈਂਸਰ ਦੀ ਬੀਮਾਰੀ ਨਾਲ ਜੂਝਦਿਆਂ ਤਿਲ ਤਿਲ ਮਰਦਿਆਂ ਵੇਖਿਆ। ਪੀ.ਜੀ.ਆਈ. ਚੰਡੀਗੜ੍ਹ ਵਿਖੇ ਜਦੋਂ ਬੱਚੇ ਦੇ ਟੈਸਟ ਹੋਏ ਤਾਂ ਪਤਾ ਲੱਗਿਆ ਕਿ ਪੀਣ ਵਾਲੇ ਪਾਣੀ ਵਿਚ ਰਲੇ ਕੈਮੀਕਲਾਂ ਸਦਕਾ ਇਹ ਬੀਮਾਰੀ ਹੋਈ। ਉਸ ਇਲਾਕੇ ਵਿਚ ਕੀਟਨਾਸ਼ਕਾਂ ਨੇ ਤਬਾਹੀ ਮਚਾਈ ਹੋਈ ਹੈ, ਜਿਸ ਨਾਲ ਅਨੇਕ ਹੋਰ ਬੱਚੇ ਅਤੇ ਨੌਜਵਾਨ ਕੈਂਸਰ ਪੀੜਤ ਹੁੰਦੇ ਜਾ ਰਹੇ ਹਨ। ਇਹ ਗਿਣਤੀ ਹੌਲੀ-ਹੌਲੀ ਵਧਦਿਆਂ ਹੁਣ ਗੱਡੀ ਨੰਬਰ 54703 ਰਾਹੀਂ ਬੀਕਾਨੇਰ ਵੱਲ ਜਾਣ ਵੇਲੇ ਲਗਭਗ 60 ਮਰੀਜ਼ ਕੈਂਸਰ ਦੇ ਇਲਾਜ ਲਈ ਏਸੇ ਥਾਂ ਤੋਂ ਲਿਜਾ ਰਹੀ ਹੈ ! (ਫਸਟ ਪੋਸਟ ਰਿਪੋਰਟ)
  2. ਦਾ ਗਾਰਡੀਅਨਇਕ ਜੁਲਾਈ 2019 ਦੀ ਰਿਪੋਰਟ :-

ਪੰਜਾਬ ਵਿਚ ਪੂਰੇ ਭਾਰਤ ਨਾਲੋਂ ਵੱਧ ਕੈਂਸਰ ਦੇ ਮਰੀਜ਼ ਹਨ ਕਿਉਂਕਿ ਪੰਜਾਬ ਵਿਚ ਸਭ ਤੋਂ ਵੱਧ ਕੈਮੀਕਲ ਫਰਟੀਲਾਈਜ਼ਰ ਵਰਤੇ ਜਾ ਰਹੇ ਹਨ। ਜਿੱਥੇ ਪੂਰੇ ਭਾਰਤ ਵਿਚਲੇ ਅੰਕੜੇ 80 ਕੈਂਸਰ ਦੇ ਮਰੀਜ਼ ਪ੍ਰਤੀ ਇੱਕ ਲੱਖ ਲੋਕ ਹਨ, ਉੱਥੇ ਪੰਜਾਬ ਵਿਚ 90 ਕੈਂਸਰ ਦੇ ਮਰੀਜ਼ ਪ੍ਰਤੀ ਇੱਕ ਲੱਖ ਲੋਕ ਹਨ। ਇਸੇ ਲਈ ਇਹ ਕਹਿਣਾ ਅਤਿ ਕਥਨੀ ਨਹੀਂ ਕਿ ਪੰਜਾਬ ਵਿਚ ਅੰਨ ਨਹੀਂ, ਮੌਤ ਬੀਜੀ ਜਾਣ ਲੱਗ ਪਈ ਹੈ (ਇੰਡੀਅਨ ਸਟੇਟ ਵਿਅਰ ਫਾਰਮਰਜ਼ ਸੋ ਸੀਡਜ਼ ਆਫ ਡੈੱਥ)

  1. ਹਾਰਵੈਸਟ ਔਫ ਕੈਂਸਰ (8 ਫਰਵਰੀ 2021 ਦੀ ਰਿਪੋਰਟ) :-

ਅਬੋਹਰ, ਜੋਧਪੁਰ ਐਕਸਪ੍ਰੈਸ ਹੁਣ ‘ਕੈਂਸਰ ਟਰੇਨ’ ਵਜੋਂ ਜਾਣੀ ਜਾਂਦੀ ਹੈ। ਉਸ ਵਿਚਲੇ 60 ਫੀਸਦੀ ਸਫਰ ਕਰਨ ਵਾਲੇ ਪੰਜਾਬੀ ਹਨ ਜੋ ਬੀਕਾਨੇਰ ਜਾ ਕੇ ਸਸਤਾ ਇਲਾਜ ਕਰਾਉਣ ਲਈ ਮਜਬੂਰ ਹਨ। ਔਸਤਨ ਰੋਜ਼ ਹੁਣ 100 ਕੈਂਸਰ ਦੇ ਮਰੀਜ਼ ਅਤੇ 200 ਮਰੀਜ਼ਾਂ ਦੇ ਨਾਲ ਜਾਣ ਵਾਲੇ ਪੰਜਾਬੀ ਸਫਰ ਕਰ ਰਹੇ ਹਨ। ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ 1.5 ਫੀਸਦੀ ਦੀ ਥਾਂ 20 ਫੀਸਦੀ ਕੀਟਨਾਸ਼ਕ ਵਰਤੇ ਜਾ ਰਹੇ ਹਨ ਜਿਸ ਸਦਕਾ ਭਾਰਤ ਸਰਕਾਰ ਦੀ ਰਿਪੋਰਟ ਅਨੁਸਾਰ ਲਗਭਗ 18 ਨਵੇਂ ਮਰੀਜ਼ ਹਰ ਰੋਜ਼ ਕੈਂਸਰ ਦੇ ਸਾਹਮਣੇ ਆ ਰਹੇ ਹਨ।

ਪੂਰੇ ਪੰਜਾਬ ਦਾ ਕੀਟਨਾਸ਼ਕਾਂ ਦਾ 75 ਫੀਸਦੀ ਹਿੱਸਾ ਸਿਰਫ਼ ਮਾਲਵਾ ਹੀ ਖਪਤ ਕਰ ਰਿਹਾ ਹੈ ਜਿਸ ਸਦਕਾ ਪਾਣੀ, ਹਵਾ ਤੇ ਮਿੱਟੀ ਤਾਂ ਪਲੀਤ ਹੋਏ ਹੀ ਹਨ, ਇੱਥੋਂ ਦੀਆਂ ਮਿਰਚਾਂ, ਮਸਾਲਿਆਂ ਅਤੇ ਸਬਜ਼ੀਆਂ ਵਿਚ ਵੀ ਕੀਟਨਾਸ਼ਕਾਂ ਦੇ ਅੰਸ਼ ਭਰੇ ਪਏ ਲੱਭੇ ਹਨ।

  1. ਭਾਰਤ ਸਰਕਾਰ ਦੀ ਕੀਟਨਾਸ਼ਕਾਂ ਸੰਬੰਧੀ ਵਰਤੋਂ ਦੀ ਰਿਪੋਰਟ :-

*  ਸੰਨ 2009-10 ਤੋਂ 2014-15 ਦੇ ਵਿਚਕਾਰ 5 ਸਾਲਾਂ ਵਿਚ ਕੀਟਨਾਸ਼ਕਾਂ ਦੀ ਵਰਤੋਂ ਵਿਚ 50 ਫੀਸਦੀ ਵਾਧਾ ਹੋਇਆ ਲੱਭਿਆ।

*  ਇਹ ਵਰਤੋਂ ਸਭ ਤੋਂ ਵੱਧ ਮਹਾਰਾਸ਼ਟਰ ਵਿਚ, ਦੂਜੇ ਨੰਬਰ ਉੱਤੇ ਉੱਤਰ ਪ੍ਰਦੇਸ ਵਿਚ ਅਤੇ ਤੀਜੇ ਨੰਬਰ ਉੱਤੇ ਪੰਜਾਬ ਵਿਚ ਕੀਤੀ ਜਾ ਰਹੀ ਲੱਭੀ।

*  ਜੇ ‘ਪਰ ਹੈਕਟੇਅਰ’ ਕੀਟਨਾਸ਼ਕਾਂ ਦੀ ਵਰਤੋਂ ਦਾ ਹਿਸਾਬ ਲਾਇਆ ਜਾਵੇ ਤਾਂ ਪੂਰੇ ਭਾਰਤ ਵਿੱਚੋਂ ਪੰਜਾਬ ਪਹਿਲੇ ਨੰਬਰ ਉੱਤੇ ਪਹੁੰਚ ਚੁੱਕਿਆ ਹੈ। ਦੂਜੇ ਨੰਬਰ ਉੱਤੇ ਹਰਿਆਣਾ ਅਤੇ ਤੀਜੇ ਨੰਬਰ ਉੱਤੇ ਮਹਾਰਾਸ਼ਟਰ ਹੈ।

*  ਕੀਟਨਾਸ਼ਕਾਂ ਸਦਕਾ ਪੰਛੀ, ਮੱਛੀਆਂ, ਕੀਟ-ਪਤੰਗੇ, ਬੂਟੇ ਅਤੇ ਧਰਤੀ ਨੂੰ ਪੌਸ਼ਟਿਕ ਬਣਾਉਣ ਵਾਲੇ ਨਿੱਕੇ ਵਧੀਆ ਕੀਟਾਣੂ ਵੀ ਖ਼ਤਮ ਹੁੰਦੇ ਜਾ ਰਹੇ ਹਨ।

*  ਹਵਾ ਰਾਹੀਂ ਦੂਰ ਦੁਰੇਡੇ ਵਾਲੀਆਂ ਥਾਂਵਾਂ ਵੀ ਕੀਟਨਾਸ਼ਕਾਂ ਦੇ ਪ੍ਰਭਾਵ ਹੇਠ ਆਉਣ ਲੱਗ ਪਈਆਂ ਹਨ।

*  ਧਰਤੀ ਹੇਠਾਂ ਸਿੰਮ ਕੇ ਇਹ ਕੀਟਨਾਸ਼ਕ ਹਰ ਤਰ੍ਹਾਂ ਦੀ ਉਪਜ ਅੰਦਰ ਪਹੁੰਚ ਚੁੱਕੇ ਹੋਏ ਹਨ।

*  ਫੈਕਟਰੀਆਂ ਅਤੇ ਕੀਟਨਾਸ਼ਕਾਂ ਵਿਚਲੇ ਮਾੜੇ ਕੈਮੀਕਲਾਂ ਨੂੰ ਜੇ ਅੱਜ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਜਾਵੇ ਤਾਂ ਸ਼ਾਇਦ ਪੂਰੀ ਧਰਤੀ ਨੂੰ ਤੰਦਰੁਸਤ ਹੋਣ ਵਿਚ ਇਕ ਸਦੀ ਤੱਕ ਲੱਗ ਸਕਦੀ ਹੈ।

  1. ਇੰਡੀਆ ਵਾਟਰ ਪੋਰਟਲ ਦੀ ਰਿਪੋਰਟ :-

ਕੀਟਨਾਸ਼ਕਾਂ ਵਿਚਲੇ ਕੈਮੀਕਲ ਬੱਚਿਆਂ ਦੇ ਸਰੀਰਾਂ ਅੰਦਰ ਕਹਿਰ ਢਾਅ ਰਹੇ ਹਨ। ਮਿੱਟੀ, ਹਵਾ, ਪਾਣੀ ਅਤੇ ਖ਼ੁਰਾਕ ਰਾਹੀਂ ਇਹ ਗੁਰਦੇ, ਜਿਗਰ, ਦਿਲ, ਦਿਮਾਗ਼, ਪੱਠਿਆਂ, ਅੱਖਾਂ ਆਦਿ ਦੇ ਨੁਕਸ ਪੈਦਾ ਕਰਨ ਦੇ ਨਾਲੋ ਨਾਲ ਥਾਇਰਾਇਡ, ਨਸਾਂ ਦੇ ਰੋਗ, ਕੈਂਸਰ ਅਤੇ ਬੱਚੇ ਜੰਮਣ ਦੀ ਸਮਰੱਥਾ ਉੱਤੇ ਵੀ ਡੂੰਘਾ ਅਸਰ ਛੱਡ ਰਹੇ ਹਨ।

ਹਰੀਕੇ ਦੀਆਂ ਮੱਛੀਆਂ ਵਿਚ ਕੀਟਨਾਸ਼ਕ ਅਤੇ ਪਸ਼ੂਆਂ ਵਿਚ ਹੋ ਰਹੇ ਕੈਂਸਰ ਦਾ ਆਧਾਰ ਵੀ ਕੀਟਨਾਸ਼ਕ ਹੀ ਮੰਨੇ ਗਏ ਹਨ। ਪਟਿਆਲਾ, ਹੁਸ਼ਿਆਰਪੁਰ, ਫਰੀਦਕੋਟ, ਲੁਧਿਆਣਾ ਵਿਚ ਪਸ਼ੂਆਂ ਉੱਤੇ ਹੋਈ ਖੋਜ ਰਾਹੀਂ ਜੋ ਸਾਬਤ ਹੋਇਆ ਓਹੀ ਵੈਟਰਨਰੀ ਡਾਕਟਰਾਂ ਵੱਲੋਂ ਦੱਸਿਆ ਗਿਆ ਹੈ।

ਮੌਜੂਦਾ ਹਾਲਾਤ ਕੀ ਹਨ  ?

ਵਿਸ਼ਵ ਪੱਧਰ ਉੱਤੇ ਯੂਨਾਈਟਿਡ ਨੇਸ਼ਨਜ਼ ਵੱਲੋਂ ਖਾਣ ਪੀਣ ਦੀਆਂ ਚੀਜ਼ਾਂ ਵਿਚ ਕੀਟਨਾਸ਼ਕਾਂ ਦੇ ਅੰਸ਼ ਲੱਭਣ ਉੱਤੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ ਅਤੇ ਅਜਿਹੀ ਉਪਜ ਖਰੀਦਣ ਉੱਤੇ ਪੂਰਨ ਰੂਪ ਵਿਚ ਰੋਕ ਲਾਉਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ।

ਕਲੀਨੀਕਲ ਮੈਡੀਕਲ ਥੈਰਾਪਿਊਟਿਕਸ ਜਰਨਲ ਵਿਚ ਪੰਜਾਬ ਦੇ 12 ਸਾਲਾਂ ਤੋਂ ਛੋਟੇ ਬੱਚਿਆਂ ਦੇ ਵਾਲਾਂ ਅਤੇ ਪਿਸ਼ਾਬ ਵਿਚ ਸਿੱਕਾ, ਕੈਡਮੀਅਮ, ਬੇਰੀਅਮ, ਮੈਂਗਨੀਜ਼ ਅਤੇ ਯੂਰੇਨੀਅਮ ਆਦਿ ਲੱਭੇ ਹੋਏ ਤੱਥ ਸਾਂਝੇ ਕੀਤੇ ਹਨ। ਇਨ੍ਹਾਂ ਵਿੱਚੋਂ 98 ਫੀਸਦੀ ਵਿਚ ਮਾੜੇ ਕੈਮੀਕਲਾਂ ਦੀ ਮਾਤਰਾ ਕਈ ਗੁਣਾ ਵੱਧ ਮਿਲੀ ਜੋ ਲੰਮੇ ਸਮੇਂ ਤੋਂ ਅਸਰ ਅਧੀਨ ਆਉਣ ਬਾਰੇ ਦਰਸਾਉਂਦੀ ਸੀ।

ਸਾਰ :- ਇਹ ਸਪਸ਼ਟ ਹੈ ਕਿ ਕੀਟਨਾਸ਼ਕਾਂ ਦੀ ਵਰਤੋਂ ਇਸ ਲਈ ਸ਼ੁਰੂ ਕੀਤੀ ਗਈ ਸੀ ਕਿ ਅੰਦਾਜ਼ਨ ਹਰ ਸਾਲ 42.66 ਮਿਲੀਅਨ ਅਮਰੀਕਨ ਡਾਲਰਾਂ ਜਿੰਨੀ ਫਸਲ ਕੀਟ ਪਤੰਗਿਆਂ ਦੇ ਹਮਲਿਆਂ ਨਾਲ ਖ਼ਤਮ ਹੋ ਜਾਂਦੀ ਸੀ। ਹੁਣ ਇਸ ਦੀ ਬੇਹਿਸਾਬੀ ਵਰਤੋਂ ਵਕਤੀ ਫ਼ਾਇਦੇ ਲਈ ਕਰ ਕੇ ਪੂਰੀ ਅਗਲੀ ਪੁਸ਼ਤ ਦੀ ਨਸਲਕੁਸ਼ੀ ਕਰਨ ਵੱਲ ਨੂੰ ਚਾਲੇ ਪਾਉਂਦੇ ਪੰਜਾਬੀ ਆਪਣੇ ਲਾਇਲਾਜ ਰੋਗਾਂ ਦਾ ਇਲਾਜ ਕਰਵਾਉਂਦੇ ਕਿਸਮਤ ਨੂੰ ਕੋਸਦੇ ਦੁਨੀਆ ਨੂੰ ਅਲਵਿਦਾ ਕਹਿੰਦੇ ਜਾ ਰਹੇ ਹਨ। ਗੁਰਦੇ, ਦਿਲ, ਜਿਗਰ ਦੇ ਰੋਗਾਂ ਨਾਲ ਜੂਝਦੇ ਪੰਜਾਬੀ ਬੱਚੇ ਜਾਂ ਤਾਂ ਸਤਮਾਹੇ ਜੰਮ ਰਹੇ ਹਨ ਜਾਂ ਕੁੱਖ ਅੰਦਰ ਮਰ ਰਹੇ ਹਨ ਜਾਂ ਛੋਟੀ ਉਮਰੇ ਕੈਂਸਰ ਸਹੇੜ ਰਹੇ ਹਨ। ਜਿਹੜੇ ਬਚ ਗਏ, ਉਨ੍ਹਾਂ ਵਿੱਚੋਂ ਬਥੇਰੇ ਅੱਗੋਂ ਬੱਚੇ ਜੰਮਣਯੋਗ ਨਹੀਂ ਰਹਿਣ ਵਾਲੇ !

ਕੀ ਹਾਲੇ ਵੀ ਆਰਗੈਨਿਕ ਜਾਂ ਕੁਦਰਤੀ ਖਾਦਾਂ ਸ਼ੁਰੂ ਕਰਨ ਵਿਚ ਹੋਰ ਦੇਰੀ ਦੀ ਲੋੜ ਹੈ ? ਕੀ ਜਿਹੜੇ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਲੋਕ ਪੰਜਾਬ ਪ੍ਰਤੀ ਪੀੜ ਨੂੰ ਪਾਲਦੇ, ਰੁਖ ਲਾਉਂਦੇ, ਪਲੀਤ ਪਾਣੀ ਸਾਫ਼ ਕਰਦੇ, ਕੁਦਰਤੀ ਖੇਤੀ ਨੂੰ ਤਰਜੀਹ ਦਿੰਦੇ ਅਤੇ ਲੋਕਾਂ ਨੂੰ ਕੈਂਸਰ ਤੋਂ ਬਚਾਉਣ ਦੇ ਯਤਨਾਂ ਵਿਚ ਜੁਟੇ ਹੋਏ ਹਨ, ਪੰਜਾਬ ਦੇ ਅਸਲ ਜੋਧੇ ਨਹੀਂ ਅਖਵਾਉਣੇ ਚਾਹੀਦੇ ? ਇਹੀ ਹਨ ਸਾਡੇ ਅਸਲ ਪੰਜਾਬ ਰਤਨ, ਜੋ ਪੰਜਾਬੀਆਂ ਦੀ ਪੌਦ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ! ਜਾਗੋ ਪੰਜਾਬੀਓ, ਹਾਲੇ ਵੀ ਵੇਲਾ ਹੈ, ਕੀਟਨਾਸ਼ਕਾਂ ਤੋਂ ਤੌਬਾ ਕਰ ਲਈਏ, ਨਹੀਂ ਤਾਂ ਇਹ ਧਰਤੀ, ਮਾਂ ਬਣਨ ਦੀ ਥਾਂ ਡਾਇਣ ਬਣ ਕੇ ਸਾਨੂੰ ਚੱਬ ਜਾਏਗੀ !  ਰੱਬ ਖ਼ੈਰ ਕਰੇ।