ਯੋਗ ਥਾਵਾਂ ‘ਤੇ ਵਿਸਰਾਮ ਅਤੇ ਉਚਾਰਨ ਸੇਧਾਂ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਥਿਆ/ਸ਼ਬਦਾਰਥ ਪੋਥੀਆਂ ਦੀ ਛਪਾਈ ਸਬੰਧੀ।

0
304

ਯੋਗ ਥਾਵਾਂ ‘ਤੇ ਵਿਸਰਾਮ ਅਤੇ ਉਚਾਰਨ ਸੇਧਾਂ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਥਿਆ/ਸ਼ਬਦਾਰਥ ਪੋਥੀਆਂ ਦੀ ਛਪਾਈ ਸਬੰਧੀ।

ਸੇਵਾ ਵਿਖੇ,

              ਸਤਿਕਾਰਯੋਗ ਸ: ਜਤਿੰਦਰ ਸਿੰਘ ਜੀ ਆਸਟ੍ਰੇਲੀਆ

              ਚੇਅਰਮੈਨ ਸਿੱਖਸ ਹੈਲਪਿੰਗ ਸਿੱਖਸ

ਵਿਸ਼ਾ :     ਯੋਗ ਥਾਵਾਂ ‘ਤੇ ਵਿਸਰਾਮ ਅਤੇ ਉਚਾਰਨ ਸੇਧਾਂ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਥਿਆ/ਸ਼ਬਦਾਰਥ ਪੋਥੀਆਂ ਦੀ ਛਪਾਈ ਸਬੰਧੀ।

              ਸਤਿਕਾਰਯੋਗ ਸਰਦਾਰ ਸਾਹਿਬ ਜੀ ਆਪ ਜੀ ਵੱਲੋਂ ਚਲਾਈ ਜਾ ਰਹੀ ਸਹਿਜਪਾਠ ਲਹਿਰ ਅਤੇ ਇਸ ਲਹਿਰ ਰਾਹੀਂ ਗੁਰੂ ਗ੍ਰੰਥ ਜੀ ਦੇ ਚਰਨੀਂ ਲੱਗਣ ਵਾਲਿਆਂ ਨੂੰ ਭੇਟਾ ਰਹਿਤ ਸ਼ਬਦਾਰਥ ਪੋਥੀਆਂ ਮੁਹਈਆ ਕਰਵਾਉਣ ਦੀ ਮੁਹਿੰਮ ਅਤਿ ਸ਼ਾਲਾਘਾਯੋਗ ਹੈ ਇਸ ਲਈ ਆਪ ਜੀ ਵੱਲੋਂ ਕੀਤੇ ਜਾ ਰਹੇ ਇਸ ਉੱਦਮ ਦੀ ਸ਼ਾਲਾਘਾ ਅਤੇ ਆਪ ਜੀ ਦਾ ਧੰਨਵਾਦ ਕਰਦਾ ਹਾਂ।

       ਇਸ ਦੇ ਨਾਲ ਹੀ ਆਪ ਜੀ ਨੂੰ ਸਨਿਮਰ ਬੇਨਤੀ ਕਰਦਾ ਹਾਂ ਕਿ ਸ਼ੁੱਧ ਪਾਠ ਸਿਖਾਉਣ ਲਈ ਕੌਮ ਕੋਲ ਨਾ ਤਾਂ ਇਤਨੇ ਯੋਗ ਵਿਦਵਾਨ ਹਨ ਅਤੇ ਨਾ ਹੀ ਸ਼ੁੱਧ ਪਾਠ ਸਿੱਖਣ ਦੀ ਇੱਛਾ ਰੱਖਣ ਵਾਲੇ ਕਿਰਤੀ ਜਗਿਆਸੂਆਂ ਕੋਲ ਇਤਨਾ ਸਮਾਂ ਹੈ ਕਿ ਉਹ ਕਿਸੇ ਯੋਗ ਵਿਦਵਾਨ ਪਾਸੋਂ ਸੰਥਿਆ ਲੈਣ ਲਈ ਸਮਾਂ ਕੱਢ ਸਕਣ। ਸੋ ਇਸ ਸਮੱਸਿਆ ਨੂੰ ਕਿਸੇ ਹੱਦ ਤੱਕ ਹੱਲ ਕਰਨ ਲਈ ਆਪ ਜੀ ਨੂੰ ਸੁਝਾਉ ਦੇਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਆਪ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ (ਰੋਪੜ) ਰਾਹੀਂ ਨਿਤਨੇਮ ਅਤੇ ਸੁਖਮਨੀ ਸਾਹਿਬ ਦੇ ਗੁਟਕੇ ਛਪਵਾ ਕੇ ਭੇਟਾ ਰਹਿਤ ਵੰਡ ਰਹੇ ਹੋ, ਜਿਨ੍ਹਾਂ ਵਿੱਚ ਆਮ ਆਦਮੀ ਦੀ ਸਮਝ ਵਿੱਚ ਆਉਣ ਵਾਲੇ ਸ਼ੱਧ ਪਾਠ ਕਰਨ ਦੀ ਸਹੂਲਤ ਦੇਣ ਲਈ ਯੋਗ ਥਾਵਾਂ ‘ਤੇ ਵਿਸਰਾਮਾਂ ਦਾ ਸੰਕੇਤ ਦੇਣ ਲਈ ਵੱਧ ਸਪੇਸ ਅਤੇ ਹੇਠ ਫੁੱਟ ਨੋਟ ਰਾਹੀਂ ਉਚਾਰਨ ਸੇਧਾਂ ਸਹਿਤ ਗੁਟਕੇ ਛਾਪੇ ਜਾ ਰਹੇ ਹਨ ਉਸੇ ਤਰ੍ਹਾਂ ਦੋ ਭਾਗਾਂ ਵਿੱਚ ਸੰਥਿਆ ਪੋਥੀਆਂ ਜਾਂ ਛੇ ਭਾਗਾਂ ਵਿੱਚ ਸੰਥਿਆ ਕਮ ਸ਼ਬਦਾਰਥ ਪੋਥੀਆਂ ਛਪਵਾਈਆਂ ਜਾਣ। ਅਜੇਹੀਆਂ ਪੋਥੀਆਂ ਦੇ ਨਮੂਨੇ ਵਜੋਂ ਦੋ ਦੋ ਪੰਨੇ ਆਪ ਜੀ ਨੂੰ ਭੇਜੇ ਜਾ ਰਹੇ ਹਨ। ਇਸ ਤਰ੍ਹਾਂ ਦੀਆਂ ਪੋਥੀਆਂ ਤੋਂ ਪਾਠ ਸਿੱਖਣ ਵਿੱਚ ਬਹੁਤ ਆਸਾਨੀ ਹੋ ਜਾਵੇਗੀ।

    ਇਸ ਤਰ੍ਹਾਂ ਦੀ ਬੇਨਤੀ ਮੈਂ ਬਹੁਤ ਸਾਲ ਪਹਿਲਾਂ ਕਈ ਵਾਰ ਸ਼੍ਰੋਮਣੀ ਕਮੇਟੀ ਨੂੰ ਵੀ ਕਰ ਚੁੱਕਾ ਹਾਂ। ਉਸ ਸਮੇਂ ਦੇ ਪ੍ਰਧਾਨਾਂ ਵੱਲੋਂ ਦੋ ਚਿੱਠੀਆਂ ਰਾਹੀਂ ਦਿੱਤਾ ਗਿਆ ਜਵਾਬ ਤਾਂ ਉਤਸ਼ਾਹ ਜਨਕ ਸੀ (ਆਪ ਜੀ ਦੀ ਜਾਣਕਾਰੀ ਲਈ ਫੋਟੋ ਕਾਪੀਆਂ ਅਟੈਚ ਕੀਤੀਆਂ ਜਾ ਰਹੀਆਂ ਹਨ) ਪਰ ਹਾਲੀ ਤੱਕ ਕਾਰਵਾਈ ਕੋਈ ਨਹੀਂ ਹੋਈ ਅਤੇ ਨਾ ਹੀ ਅੱਗੇ ਤੋਂ ਹੋਣ ਦੀ ਕੋਈ ਸੰਭਾਵਨਾ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਦੀ ਹਾਲਤ ਉਸ ਸਮੇਂ ਨਾਲੋਂ ਵੀ ਬਹੁਤ ਜਿਆਦਾ ਨਿੱਘਰ ਚੁੱਕੀ ਹੈ। ਹੁਣ ਆਸ ਦੀ ਕਿਰਣ ਸਿਰਫ ਤੁਹਾਡੇ ਤੋਂ ਹੀ ਜਾਪਦੀ ਹੈ ਕਿਉਂਕਿ ਤੁਸੀ ਸਹਿਜਪਾਠ ਲਹਿਰ ਚਲਾਉਣ ਲਈ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਸ਼ਬਦਾਰਥ ਪੋਥੀਆਂ ਛਪਵਾ ਰਹੇ ਹੋ। ਛਪਵਾਈ ਲਈ ਤੁਸੀਂ ਸਾਹਿਬਜ਼ਾਦਾ ਗੁਰਮਤਿ ਮਿਸ਼ਨਰੀ ਕਾਲਜ ਦੇ ਯੋਗ ਵਿਦਵਾਨਾਂ ਤੋਂ ਇਲਾਵਾ ਗਿਆਨੀ ਜਗਤਾਰ ਸਿੰਘ ਜਾਚਕ, ਹਰਜਿੰਦਰ ਸਿੰਘ ਘੜਸਾਣਾ ਅਤੇ ਪ੍ਰੀਤਮ ਸਿੰਘ (ਕਰਨਾਲ) ਆਦਿਕ ਦੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਹ ਕੰਮ ਕਾਫੀ ਕਠਿਨ ਹੈ ਪਰ ਤੁਹਾਡੇ ਵਰਗੇ ਉਤਸ਼ਾਹੀ ਅਤੇ ਸੇਵਾ ਦੇ ਪੁੰਜ ਗੁਰਸਿਖਾਂ ਲਈ ਅਸੰਭਵ ਨਹੀਂ ਹੈ ਇਸ ਲਈ ਸਨਿਮਰ ਬੇਨਤੀ ਹੈ ਕਿ ਇਸ ਵੱਲ ਧਿਆਨ ਦੇ ਕੇ ਇਸ ਪ੍ਰੋਜੈਕਟ ਦੀ ਪੂਰਤੀ ਲਈ ਕਾਰਜ ਅਰੰਭਿਆ ਜਾਵੇ ਜੀ। ਅਕਾਲ ਪੁਰਖ਼ ਅਤੇ ਗੁਰੂ ਦੀ ਬਖ਼ਸ਼ਿਸ਼ ਦੁਆਰਾ ਜਰੂਰ ਸਫਲਤਾ ਮਿਲੇਗੀ। 

     ਧੰਨਵਾਦ ਸਹਿਤ

     ਗੁਰੂ ਪੰਥ ਦਾ ਦਾਸ  ਕਿਰਪਾਲ ਸਿੰਘ ਬਠਿੰਡਾ +91 9855480797

<kirpalsinghbathinda@gmail.com>