ਕੇਲ-ਬੇਸ਼ਕੀਮਤੀ ਪੱਤਾ

0
420

ਕੇਲਬੇਸ਼ਕੀਮਤੀ ਪੱਤਾ

ਡਾ. ਹਰਸ਼ਿੰਦਰ ਕੌਰ, ਐਮ. ਡੀ.,ਬੱਚਿਆਂ ਦੀ ਮਾਹਰ (ਪਟਿਆਲਾ)-0175-2216783

ਕੇਲ ਦਾ ਕੋਈ ਪੰਜਾਬੀ ਨਾਂ ਹਾਲੇ ਤੱਕ ਰੱਖਿਆ ਨਹੀਂ ਗਿਆ ਕਿਉਂਕਿ ਪਹਿਲਾਂ ਪੰਜਾਬ ਵਿੱਚ ਇਹ ਬੀਜਿਆ ਨਹੀਂ ਜਾਂਦਾ ਸੀ। ਮੂਲੀ, ਸਰ੍ਹੋਂ ਤੇ ਪੱਤਾ ਗੋਭੀ ਦੇ ਮਿਸ਼ਰਨ ਵਰਗਾ ਕੇਲ ਪੱਤਾ; ਐਨੇ ਕਮਾਲ ਦੇ ਗੁਣਕਾਰੀ ਤੱਤ ਲੁਕਾਈ ਬੈਠਾ ਹੈ ਕਿ ਹੁਣ ਪੂਰੀ ਦੁਨੀਆ ਵਿੱਚ ਚੋਟੀ ਦੇ ਲਾਜਵਾਬ 11 ਖਾਣਿਆਂ ਵਿੱਚ ਇਸ ਦਾ ਨਾਂ ਸ਼ੁਮਾਰ ਹੈ। ਇੱਕ ਨਹੀਂ, ਅਨੇਕ ਖੋਜਾਂ ਵਿੱਚ ਦਿਲ ਅਤੇ ਕੈਂਸਰ ਦੇ ਮਰੀਜ਼ਾਂ ਲਈ ਬਿਹਤਰੀਨ ਦਵਾਈ ਸਾਬਤ ਹੋ ਚੁੱਕੇ ਹਲਕੇ ਅਤੇ ਗੂੜ੍ਹੇ ਹਰੇ ਰੰਗ ਦੇ ਗੁਣਕਾਰੀ ਪੱਤੇ ਹੁਣ ਸਰੀਰ ਦੇ ਕਈ ਅੰਗਾਂ ਦੇ ਕੰਮਕਾਰ ਨੂੰ ਸਹੀ ਰੱਖਣ ਵਿੱਚ ਵੀ ਸਹਾਈ ਸਾਬਤ ਹੋ ਰਹੇ ਹਨ।

ਹਾਲੇ ਤੱਕ ਦੇ ਮਿਲੇ ਇਤਿਹਾਸਕ ਤੱਥਾਂ ਅਨੁਸਾਰ ਰੋਮ ’ਚ ਪਹਿਲੀ ਵਾਰ ਕਿਸੇ ਮਨੁੱਖ ਨੇ ਇਨ੍ਹਾਂ ਪੱਤਿਆਂ ਨੂੰ ਚੱਖਿਆ ਤੇ ਉਸ ਨੂੰ ਏਨੇ ਫ਼ਾਇਦੇ ਦਿਸੇ ਕਿ ਉਸ ਨੇ ਆਪ ਬੀਜਣ ਦਾ ਫ਼ੈਸਲਾ ਕਰ ਲਿਆ। ਬਸ ਫਿਰ ਕੀ ਸੀ ! ਹਰ ਘਰ ਵਿੱਚ ਕੇਲ ਪੱਤਿਆਂ ਦੀਆਂ ਕਿਆਰੀਆਂ ਤਿਆਰ ਹੋ ਗਈਆਂ।

ਪੁਰਾਣੇ ਸਮਿਆਂ ਵਿੱਚ ਸੋਮ ਰਸ ਪੀਣ ਤੋਂ ਬਾਅਦ ਚੜ੍ਹੇ ਨਸ਼ੇ ਨੂੰ ਲਾਹੁਣ ਲਈ ਕੇਲ ਪੱਤਿਆਂ ਨੂੰ ਉਬਾਲ ਕੇ ਉਸ ਦਾ ਪਾਣੀ ਪੀ ਲਿਆ ਜਾਂਦਾ ਸੀ। ਜੇ ਰੋਮਨ ਵਿੱਚ ਲਿਖੇ ਪੁਰਾਣੇ ਪਤਰੇ ਪੜ੍ਹੇ ਜਾਣ ਤਾਂ ਲਿਖਿਆ ਮਿਲਦਾ ਹੈ ਕਿ ‘ਬਰਾਸਿਕਾ’ ਸਿਹਤਮੰਦ ਖ਼ੁਰਾਕ ਹੈ। ਬਰਾਸਿਕਾ ਵਿੱਚ ਸ਼ਲਗਮ, ਪੱਤਗੋਭੀ ਅਤੇ ਕੇਲ ਸ਼ਾਮਲ ਕੀਤੇ ਗਏ ਸਨ। ਹਲਕੇ ਜਾਮਨੀ ਤੋਂ ਲੈ ਕੇ ਹਲਕੇ ਹਰੇ ਰੰਗ ਦੇ ਖਿਲਰੀ ਪੱਤ ਗੋਭੀ ਵਾਂਗ, ਪਰ ਸਿਰਿਆਂ ਤੋਂ ਘੁੰਘਰਾਲੇ ਕੇਲ ਪੱਤੇ ਕੁਦਰਤ ਦੀ ਕੀਤੀ ਕਾਰੀਗਰੀ ਦੀ ਖ਼ੁਬੂਸੂਰਤ ਮਿਸਾਲ ਹਨ। ਇਸੇ ਲਈ ਅਨੇਕ ਲੋਕ ਇਨ੍ਹਾਂ ਨੂੰ ਬਾਗ਼ ਵਿੱਚ ਜਾਂ ਗਮਲਿਆਂ ’ਚ ਘਰ ਦੀ ਖ਼ੂਬਸੂਰਤੀ ਵਧਾਉਣ ਲਈ ਵੀ ਲਾ ਲੈਂਦੇ ਹਨ।

ਈਸਾ ਮਸੀਹ ਤੋਂ 2000 ਸਾਲ ਪਹਿਲਾਂ ਤੋਂ ਹੀ ਕੇਲ ਪੱਤੇ ਉਗਾਏ ਜਾਣ ਲੱਗ ਪਏ ਸਨ। ਯੂਰਪ ਵਿੱਚ ਤੇਹਰਵੀਂ ਸਦੀ ’ਚ ਕੇਲ ਨੂੰ ‘ਸਿਰਲੱਥ ਗੋਭੀ’ ਵਜੋਂ ਜਾਣਿਆ ਜਾਂਦਾ ਸੀ ਕਿਉਂਕਿ ਪੱਤੇ ਤਾਂ ਪੱਤਗੋਭੀ ਨਾਲ ਰਲਦੇ ਸਨ, ਪਰ ਗੋਭੀ ਵਾਂਗ ਗੰਢ ਕੋਈ ਨਹੀਂ ਹੁੰਦੀ ਸੀ।

ਰੂਸੀ ਕੇਲ ਤਾਂ ਏਨੀ ਖ਼ੂਬਸੂਰਤ ਹੁੰਦੀ ਹੈ; ਜਿਵੇਂ ਕਿਸੇ ਮੁਟਿਆਰ ਦੇ ਹਵਾ ਦੇ ਬੁੱਲੇ ਨਾਲ ਘੁੰਘਰਾਲੇ ਵਾਲ ਖਿਲਰ ਗਏ ਹੋਣ। ਉੱਨੀਵੀਂ ਸਦੀ ਵਿੱਚ ਰੂਸ ਤੋਂ ਕੇਲ ਪੱਤੇ ਅਮਰੀਕਾ ਅਤੇ ਕਨੇਡਾ ਵਿਖੇ ਲਿਜਾਏ ਗਏ ਸਨ।

‘ਡੇਵਿਡ ਫੇਅਰਚਾਈਲਡ’, ਜੋ ਵਨਸਪਤੀ ਦਾ ਡਾਕਟਰ ਸੀ, ਨੂੰ ਪੱਤਗੋਭੀ ਜਾਂ ਕੇਲ ਉੱਕਾ ਹੀ ਖਾਣੇ ਪਸੰਦ ਨਹੀਂ ਸੀ। ਖੋਜਾਂ ਦੌਰਾਨ ਉਸ ਨੂੰ ਪਤਾ ਲੱਗਿਆ ਕਿ ਕੇਲ ਪੱਤੇ ਧਰਤੀ ਹੇਠਲਾ ਵਾਧੂ ਲੂਣ ਖਿੱਚ ਲੈਂਦੇ ਹਨ ਤੇ ਧਰਤੀ ਉਪਜਾਊ ਬਣਾ ਦਿੰਦੇ ਹਨ। ਸੌਖੇ ਉੱਗ ਜਾਣ ਵਾਲੇ ਇਨ੍ਹਾਂ ਪੱਤਿਆਂ ਨੂੰ ਕਰੋਸ਼ੀਆ ਤੋਂ ਅਮਰੀਕਾ ਲਿਆ ਕੇ ਬਹੁਤ ਵੱਡੀ ਪੱਧਰ ’ਤੇ ਉਗਾਉਣ ’ਚ ਡੇਵਿਡ ਦਾ ਹੀ ਹੱਥ ਹੈ।

ਅਮਰੀਕਨ ਉਦੋਂ ਤੱਕ ਇਨ੍ਹਾਂ ਪੱਤਿਆਂ ਨੂੰ ਖ਼ੂਬਸੂਰਤੀ ਵਜੋਂ ਹੀ ਉਗਾਉਂਦੇ ਤੇ ਵਰਤਦੇ ਰਹੇ ਜਦ ਤਕ ਸੰਨ 1990 ਵਿੱਚ ਇਸ ਵਿਚਲੇ ਕੁਦਰਤੀ ਗੁਣਾਂ ਦੇ ਖਜ਼ਾਨੇ ਬਾਰੇ ਪਤਾ ਨਾ ਲੱਗਿਆ। ਬਸ ਫਿਰ ਕੀ ਸੀ ! ਧੜਾਧੜ ਇਸ ਦੀ ਵਰਤੋਂ ਹਰ ਰੋਜ਼ ਦੇ ਖਾਣਿਆਂ ’ਚ ਹੋਣ ਲੱਗ ਪਈ। ਵਿਸ਼ਵ ਜੰਗ ਦੂਜੀ ਵਿੱਚ ਇੰਗਲੈਂਡ ’ਚ ਫ਼ੌਜੀਆਂ ਦੀ ਸਿਹਤ ਠੀਕ ਰੱਖਣ ਅਤੇ ਖ਼ੁਰਾਕ ਦੀ ਕਮੀ ਨਾਲ ਜੂਝਣ ਲਈ ਕੇਲ ਪੱਤੇ ਹੀ ਖਾਣ ਲਈ ਦਿੱਤੇ ਜਾਂਦੇ ਰਹੇ ਸਨ।

ਗਰਮੀ ਸਰਦੀ ਦੇ ਮੌਸਮ ਨੂੰ ਜਰਨ ਲਈ ਕੇਲ ਪੱਤੇ ਤਕੜੇ ਹਨ। ਕੁਦਰਤ ਨੇ ਮਨਫ਼ੀ 15 ਡਿਗਰੀ ਸੈਲਸੀਅਸ ਤੱਕ ਦੀ ਬਰਫੀਲੀ ਠੰਡ ਵਿੱਚ ਵੀ ਕੇਲ ਪੱਤਿਆਂ ਨੂੰ ਸੁਰੱਖਿਅਤ ਰਹਿਣ ਦੀ ਜਾਚ ਸਿਖਾਈ ਹੋਈ ਹੈ। ਸਗੋਂ ਬਰਫ਼ ਪੈਣ ਤੋਂ ਬਾਅਦ ਕੇਲ ਪੱਤਿਆਂ ਦਾ ਨਿਖ਼ਾਰ ਦੁੱਗਣਾ ਹੋ ਜਾਂਦਾ ਹੈ ਤੇ ਇਹ ਖਾਣ ਵਿੱਚ ਵੀ ਹੋਰ ਮਿੱਠੇ ਹੋ ਜਾਂਦੇ ਹਨ। ਇਨ੍ਹਾਂ ਦਾ ਰੰਗ ਵੀ ਹੋਰ ਗੂੜਾ ਜਾਮਨੀ ਤੇ ਭੂਰਾ ਹੋ ਜਾਂਦਾ ਹੈ।

ਹਲਕਾ ਜਿਹਾ ਰੰਗ ਦਾ ਹੇਰ ਫੇਰ ਹੀ ਕੇਲ ਪੱਤਿਆਂ ਨੂੰ ਢੇਰ ਸਾਰੇ ਵੱਖੋ-ਵੱਖ ਨਾਂ ਦੇ ਦਿੰਦਾ ਹੈ। ਕੋਈ ਘੁੰਘਰਾਲੇ ਪੱਤੇ, ਕਾਲੀ ਗੋਭੀ, ਲੈਸੀਨਾਟੋ, ਡਾਇਨਾਸੋਰ ਕੇਲ, ਟਸਕਨ ਕੇਲ, ਕਵੋਲੋ ਨੀਰੋ (ਇਟਲੀ ਵਿੱਚ), ਸਕਾਟ ਕੇਲ, ਨੀਲੀ ਘੁੰਘਰਾਲੀ ਕੇਲ, ਚਿੱਟੀ ਰੂਸੀ ਕੇਲ, ਲਾਲ ਰੂਸੀ ਕੇਲ ਤੇ ਕੋਈ ਸਖ਼ਤ ਜਾਨ ਕੇਲ ਦੇ ਨਾਂ ਨਾਲ ਕੇਲ ਨੂੰ ਜਾਣਦੇ ਹਨ।

ਕਈ ਥਾਈਂ ਤਾਂ ਕੇਲ ਪੱਤੇ ਵਧੀਆ ਤੋਂ ਵਧੀਆ ਫੁੱਲ ਦੀ ਖ਼ੂਬਸੂਰਤੀ ਨੂੰ ਵੀ ਮਾਤ ਪਾਉਂਦੇ ਹਨ। ਬਾਹਰੋਂ ਹਰੇ ਤੇ ਅੰਦਰੋਂ ਹਲਕੇ ਗੁਲਾਬੀ, ਲਾਲ, ਜਾਮਨੀ ਜਾਂ ਚਿੱਟੇ ਗੋਲੇ ਮਨ ਮੋਹ ਲੈਂਦੇ ਹਨ। ਇਸ ਕਿਸਮ ਦੀ ਕੇਲ ਨੂੰ ‘ਮੋਰ ਕੇਲ’, ਕਾਮੋਨ ਕੋਰਲ ਰਾਣੀ, ਕੋਰਲ ਰਾਜਾ ਆਦਿ ਵੀ ਕਿਹਾ ਜਾਂਦਾ ਹੈ। ਇਹ ਜਿੰਨੀ ਖਾਣ ਲਈ ਫ਼ਾਇਦੇਮੰਦ ਵਜੋਂ ਵਰਤੀ ਜਾ ਰਹੀ ਹੈ, ਓਨੀ ਹੀ ਵਿਆਹਾਂ ’ਚ ਸਜਾਵਟ ਲਈ ਵਰਤੀ ਜਾਂਦੀ ਹੈ।

ਰੱਤਾ ਝਾਤ ਮਾਰੀਏ ਕਿ ਰੱਬ ਨੇ ਵਿਹਲੇ ਵੇਲੇ ਬਹਿ ਕੇ ਕੇਲ ਪੱਤਿਆਂ ਵਿੱਚ ਭਰਿਆ ਕੀ ਹੈ ?

ਸੌ ਗ੍ਰਾਮ ਤਾਜ਼ੇ ਪੱਤਿਆਂ ਵਿੱਚ :-

–  49 ਕੈਲਰੀਆਂ

–  2.3 ਗ੍ਰਾਮ ਮਿੱਠਾ

–  3.6 ਗ੍ਰਾਮ ਫਾਈਬਰ

–  0.9 ਗ੍ਰਾਮ ਥਿੰਦਾ

–  4.3 ਗ੍ਰਾਮ ਪ੍ਰੋਟੀਨ

–  ਵਿਟਾਮਿਨ ਏ

–  ਵਿਟਾਮਿਨ ਬੀ ਇੱਕ, ਦੋ, ਤਿੰਨ, ਪੰਜ, ਛੇ

–  ਫੋਲੇਟ

–  ਕੋਲੀਨ

–  ਵਿਟਾਮਿਨ ਸੀ (120 ਮਿਲੀਗ੍ਰਾਮ)

–  ਵਿਟਾਮਿਨ ਕੇ (390 ਮਾਈਕਰੋਗ੍ਰਾਮ)

–  ਵਿਟਾਮਿਨ ਈ

–  150 ਮਿਲੀਗ੍ਰਾਮ ਕੈਲਸ਼ੀਅਮ

–  ਲੋਹ ਕਣ

–  ਮੈਗਨੀਸ਼ੀਅਮ

–  ਮੈਂਗਨੀਜ਼

–  ਫੌਸਫੋਰਸ, ਪੋਟਾਸ਼ੀਅਮ, ਸੀਲੀਨੀਅਮ

–  ਸੋਡੀਅਮ, ਜ਼ਿੰਕ

–  84 ਗ੍ਰਾਮ ਪਾਣੀ

ਜੇ ਕੇਲ ਪੱਤਿਆਂ ਨੂੰ ਜ਼ਿਆਦਾ ਉਬਾਲ ਲਿਆ ਜਾਵੇ ਜਾਂ ਰਿੰਨ੍ਹ ਲਿਆ ਜਾਵੇ ਤਾਂ ਏਨੇ ਸਾਰੇ ਤੱਤਾਂ ਵਿੱਚੋਂ ਕਾਫ਼ੀ ਬਾਹਰ ਨਿਕਲ ਜਾਂਦੇ ਹਨ, ਪਰ ਭਾਫ਼ ਜਾਂ ਮਾਈਕਰੋਵੇਵ ਵਿੱਚ ਬਣਾਉਣ ਨਾਲ ਕਾਫ਼ੀ ਤੱਤ ਬਚ ਜਾਂਦੇ ਹਨ।

ਇਨ੍ਹਾਂ ਤੋਂ ਇਲਾਵਾ ਕੈਰੋਟੀਨਾਇਡ, ਲਿਊਟੀਨ ਤੇ ਜ਼ੀਜ਼ੈਂਥੀਨ ਵੀ ਭਰੇ ਪਏ ਹਨ। ਕੇਲ ਪੱਤਿਆਂ ਵਿਚਲਾ ਗਲੂਕੋਰਾਫੈਨਿਨ ਹੀ ਮਨੁੱਖੀ ਖੋਜ ਦਾ ਆਧਾਰ ਬਣ ਕੇ ਇਸ ਨੂੰ ਗੁਣਾਂ ਦੀ ਖਾਣ ਬਣਾ ਰਿਹਾ ਹੈ। ਪੌਲੀਫੀਨੋਲ ਵੀ ਕੇਲ ’ਚ ਕਾਫ਼ੀ ਮਾਤਰਾ ਵਿੱਚ ਹਨ। ਕੇਲ ਵਿਚਲਾ ਓਗਜ਼ੈਲਿਕ ਏਸਿਡ ਨੁਕਸਾਨ ਕਰ ਸਕਦਾ ਹੈ ਪਰ ਮਾਈਕਰੋਵੇਵ ਵਿੱਚ ਬਣਾਉਣ ਨਾਲ ਉਸ ਦੀ ਮਾਤਰਾ ਘੱਟ ਹੋ ਜਾਂਦੀ ਹੈ।

ਸਕਾਟਲੈਂਡ ਦੀ ਇੱਕ ਮਜ਼ੇਦਾਰ ਕਹਾਣੀ ਕੇਲ ਪੱਤਿਆਂ ਬਾਰੇ ਮਸ਼ਹੂਰ ਹੈ। ਕਿਲਮੌਰ ਵਿੱਚ ਖ਼ੂਬਸੂਰਤ ਕੇਲ ਪੱਤਿਆਂ ਦੀ ਭਰਮਾਰ ਸੀ। ਨਾਲ ਦੇ ਪਿੰਡ ਵਾਲਿਆਂ ਨੇ ਇਸ ਦੀ ਖ਼ੂਬਸੂਰਤੀ ਉੱਤੇ ਮੋਹਿਤ ਹੁੰਦਿਆਂ ਬਹੁਤ ਸਾਰੇ ਪੈਸੇ ਦੇ ਕੇ ਪੱਤੇ ਖ਼ਰੀਦਣੇ ਚਾਹੇ।

ਕਿਲਮੌਰ ਵਾਲਿਆਂ ਨੇ ਚੁਸਤੀ ਵਰਤਦਿਆਂ ਪੈਸੇ ਲੈ ਲਏ ਪਰ ਕੋਲਿਆਂ ਦੀ ਹਲਕੀ ਅੱਗ ਉੱਤੇ ਰੱਤਾ ਰੱਤਾ ਭੁੰਨ ਕੇ ਪੱਤੇ ਵੇਚ ਦਿੱਤੇ ਤਾਂ ਜੋ ਇੱਕ ਵਾਰ ਭਾਵੇਂ ਉਹ ਵਰਤ ਲੈਣ ਪਰ ਇਹ ਪੱਤੇ ਕਦੇ ਦੂਜੀ ਥਾਂ ਪੁੰਗਰਨ ਨਾ ਅਤੇ ਪਿੰਡ ਵਾਲੇ ਹਮੇਸ਼ਾ ਵਾਸਤੇ ਪੱਤੇ ਖ਼ਰੀਦਣ ਉਨ੍ਹਾਂ ਕੋਲ ਹੀ ਆਉਂਦੇ ਰਹਿਣ !

ਫ਼ਾਇਦੇ :-

  1. ਸ਼ੱਕਰ ਰੋਗੀ :- ਅਮਰੀਕਨ ਡਾਇਆਬੀਟੀਜ਼ ਐਸੋਸੀਏਸ਼ਨ ਨੇ ਤਾਂ ਐਲਾਨ ਕਰ ਦਿੱਤਾ ਹੈ ਕਿ ਜੇ ਸ਼ੱਕਰ ਰੋਗ ਤੋਂ ਬਚਣਾ ਹੈ ਤਾਂ ਕੇਲ ਪੱਤਾ ਰੁਜ਼ਾਨਾ ਖਾ ਲੈਣਾ ਚਾਹੀਦਾ ਹੈ। ਇਸ ਵਿਚਲੇ ਵਿਟਾਮਿਨ, ਮਿਨਰਲ ਕਣ, ਫਾਈਬਰ ਅਤੇ ਐਂਟੀਆਕਸੀਡੈਂਟ ਸ਼ੱਕਰ ਰੋਗੀਆਂ ਲਈ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਚੁੱਕੇ ਹਨ। ਸੰਨ 2018 ਵਿੱਚ ਹੋਈ ਖੋਜ ਅਨੁਸਾਰ ਜਿਹੜੇ ਬੰਦੇ ਜ਼ਿਆਦਾ ਫਾਈਬਰ ਵਾਲੀ ਖ਼ੁਰਾਕ ਖਾਂਦੇ ਸੀ, ਉਨ੍ਹਾਂ ਦੇ ਲਹੂ ’ਚ ਸ਼ੱਕਰ ਦੀ ਮਾਤਰਾ ਕਾਬੂ ਵਿੱਚ ਰਹਿੰਦੀ ਹੈ।

ਸਰੀਰ ਅੰਦਰ ਵਧੀ ਸ਼ੱਕਰ ਦੀ ਮਾਤਰਾ ਨਾਲ ਫਰੀ ਰੈਡੀਕਲ ਅੰਸ਼ ਨਿਕਲ ਪੈਂਦੇ ਹਨ, ਜੋ ਸਾਰੇ ਅੰਗਾਂ ਦਾ ਨੁਕਸਾਨ ਕਰ ਸਕਦੇ ਹਨ। ਇਨ੍ਹਾਂ ਤੋਂ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਕੁਦਰਤੀ ਵਿਟਾਮਿਨ ਸੀ ਅਤੇ ਐਲਫਾ ਲਿਨੋਲਿਨਿਕ ਏਸਿਡ ਵਧੀਆ ਸਾਬਤ ਹੋ ਚੁੱਕੇ ਹਨ, ਜੋ ਕੇਲ ’ਚ ਭਰੇ ਪਏ ਹਨ।

  1. ਦਿਲ ਦੇ ਰੋਗ :- ਦਿਲ ਨੂੰ ਸਿਹਤਮੰਦ ਰੱਖਣ ਲਈ ਜੋ ਅੰਸ਼ ਚਾਹੀਦੇ ਹਨ, ਉਹ ਸਾਰੇ ਕੇਲ ਪੱਤਿਆਂ ਵਿੱਚ ਹਨ।

ਅਮਰੀਕਨ ਹਾਰਟ ਐਸੋਸੀਏਸ਼ਨ ਅਨੁਸਾਰ ਦਿਲ ਵਾਸਤੇ ਪੋਟਾਸ਼ੀਅਮ ਵੱਧ ਤੇ ਲੂਣ ਘੱਟ ਠੀਕ ਰਹਿੰਦਾ ਹੈ ਕਿਉਂਕਿ ਬਲੱਡ ਪ੍ਰੈੱਸ਼ਰ ਕਾਬੂ ’ਚ ਰਹਿੰਦਾ ਹੈ। ਇਕ ਕੱਪ ਭੁੰਨੇ ਕੇਲ ਵਿੱਚ ਰੋਜ਼ ਦੇ ਲੋੜੀਂਦੇ ਪੋਟਾਸ਼ੀਅਮ ਦਾ 3.6 ਫੀਸਦੀ ਹਿੱਸਾ ਪਹੁੰਚ ਜਾਂਦਾ ਹੈ।

ਸੰਨ 2016 ਦੀ ਕੋਕਰੇਨ ਖੋਜ ਵਿੱਚ ਵੀ ਵੱਧ ਫਾਈਬਰ ਨਾਲ ਕੋਲੈਸਟਰੋਲ ਦਾ ਘਟਣਾ ਜੋੜਿਆ ਗਿਆ ਹੈ। ਇੰਜ ਬਲੱਡ ਪ੍ਰੈੱਸ਼ਰ ਵੀ ਕਾਬੂ ਵਿੱਚ ਰਹਿੰਦਾ ਹੈ। ਇਸੇ ਲਈ ਕੇਲ ਸਹਾਈ ਸਾਬਤ ਹੋ ਰਿਹਾ ਹੈ।

  1. ਕੈਂਸਰ :- ਜਦੋਂ ਮੀਟ-ਚਿਕਨ ਤੇਜ਼ ਅੱਗ ਉੱਤੇ ਗਰਿੱਲ ਕਰ ਕੇ ਪਕਾਇਆ ਜਾਵੇ ਤਾਂ ਉਸ ਵਿੱਚੋਂ ‘ਹੈਟਰੋਸਾਈਕਲਿਕ ਅਮੀਨ’ ਅੰਸ਼ ਨਿਕਲ ਪੈਂਦੇ ਹਨ, ਜੋ ਲਗਾਤਾਰ ਖਾਂਦੇ ਰਹਿਣ ਨਾਲ ਕੈਂਸਰ ਦਾ ਕਾਰਨ ਬਣਦੇ ਹਨ। ਕੇਲ ਵਿਚਲਾ ਕਲੋਰੋਫਿਲ; ਸਰੀਰ ਹਜ਼ਮ ਨਹੀਂ ਕਰ ਸਕਦਾ ਪਰ ਉਹ ਇਨ੍ਹਾਂ ਮਾੜੇ ਅੰਸ਼ਾਂ ਨੂੰ ਆਪਣੇ ਨਾਲ ਮਿਲਾ ਕੇ ਸਰੀਰ ਅੰਦਰ ਨੁਕਸਾਨ ਕਰਨ ਤੋਂ ਪਹਿਲਾਂ ਹੀ ਬਾਹਰ ਕੱਢ ਦਿੰਦਾ ਹੈ।

ਵਿਟਾਮਿਨ ਸੀ, ਬੀਟਾ ਕੈਰੋਟੀਨ, ਸੀਲੀਨੀਅਮ ਤੇ ਹੋਰ ਕੇਲ ਵਿਚਲੇ ਐਂਟੀਆਕਸੀਡੈਂਟ ਕੈਂਸਰ ਵਾਲੇ ਸੈੱਲਾਂ ਨੂੰ ਵਧਣ ਤੋਂ ਰੋਕਦੇ ਹਨ। ਕੇਲ ਵਿਚਲਾ ਫਾਈਬਰ ਵੀ ਅੰਤੜੀਆਂ ਦੇ ਕੈਂਸਰ (ਕੋਲੋਰੈਕਟਲ) ਤੋਂ ਬਚਾਅ ਕਰਦਾ ਹੈ (ਸੰਨ 2015 ਵਿੱਚ ਛਪੀ ਖੋਜ)।

  1. ਹੱਡੀਆਂ ਲਈ :- ਕੇਲ ਵਿਚਲੇ ਕੈਲਸ਼ੀਅਮ ਤੇ ਫਾਸਫੋਰਸ ਹੱਡੀਆਂ ਤਕੜੀਆਂ ਕਰਨ ’ਚ ਮਦਦ ਕਰਦੇ ਹਨ। ਵਿਟਾਮਿਨ ਕੇ; ਹੱਡੀਆਂ ਟੁੱਟਣ ਤੋਂ ਬਚਾਅ ਕਰਦਾ ਹੈ ਤੇ ਲਹੂ ਵਗਣ ਤੋਂ ਵੀ ਰੋਕਦਾ ਹੈ।

ਹੁਣ ਧਿਆਨ ਕਰੋ ਕਿ ਭੁੰਨੇ ਕੇਲ ਦੇ ਪੱਤਿਆਂ ਦਾ ਇੱਕ ਕੱਪ ਰੋਜ਼ ਦੇ ਲੋੜੀਂਦੇ ਵਿਟਾਮਿਨ ਕੇ ਤੋਂ ਪੰਜ ਗੁਣਾ ਵੱਧ ਹਿੱਸਾ ਸਰੀਰ ਅੰਦਰ ਪਹੁੰਚਾ ਦਿੰਦਾ ਹੈ, ਕੈਲਸ਼ੀਅਮ ਦਾ 18 ਫੀਸਦੀ ਤੇ ਫਾਸਫੋਰਸ ਦਾ ਸੱਤ ਫੀਸਦੀ ਹਿੱਸਾ !

  1. ਹਾਜ਼ਮਾ :- ਕੇਲ ਵਿਚਲਾ ਫਾਈਬਰ ਤੇ ਪਾਣੀ ਦਾ ਮਿਸ਼ਰਣ ਜਿੱਥੇ ਕਬਜ਼ ਹੋਣ ਤੋਂ ਰੋਕਦਾ ਹੈ, ਉੱਥੇ ਹਾਜ਼ਮਾ ਵੀ ਸਹੀ ਕਰ ਦਿੰਦਾ ਹੈ।
  2. ਚਮੜੀ ਤੇ ਵਾਲ :- ਬੀਟਾ ਕੈਰੋਟੀਨ ਸਰੀਰ ਅੰਦਰ ਵਿਟਾਮਿਨ ਏ ਵਿੱਚ ਤਬਦੀਲ ਹੋ ਕੇ ਵਾਲ ਤੇ ਚਮੜੀ ਨੂੰ ਸਿਹਤਮੰਦ ਰੱਖਦੇ ਹਨ। ਕੇਲ ਵਿਚਲਾ ਵਿਟਾਮਿਨ ਸੀ ਚਮੜੀ ਵਿਚਲੇ ਕੋਲਾਜਨ ਨੂੰ ਮਜ਼ਬੂਤ ਕਰ ਕੇ ਚਮੜੀ ਦੀ ਲਚਕ ਬਰਕਰਾਰ ਰੱਖਦਾ ਹੈ।

ਇੱਕ ਕੌਲੀ ਭੁੰਨਿਆ ਕੇਲ ਰੁਜ਼ਾਨਾ ਦੀ ਲੋੜੀਂਦੀ ਵਿਟਾਮਿਨ ਏ ਦਾ 20 ਫੀਸਦੀ ਹਿੱਸਾ ਤੇ ਵਿਟਾਮਿਨ ਸੀ ਦਾ 23 ਫੀਸਦੀ ਹਿੱਸਾ ਪੂਰਾ ਕਰ ਦਿੰਦਾ ਹੈ।

  1. ਅੱਖਾਂ ਲਈ :-ਕੇਲ ਵਿਚਲੇ ਲਿਊਟੀਨ ਅਤੇ ਜ਼ੀਜ਼ੈਂਥੀਨ ਤਕੜੇ ਐਂਟੀਆਕਸੀਡੈਂਟ ਹਨ, ਜੋ ਵਧਦੀ ਉਮਰ ਨਾਲ ਅੱਖ ਅੰਦਰਲੀ ਪਰਤ ਦਾ ਸੁੰਗੜਨਾ ਰੋਕ ਦਿੰਦੇ ਹਨ ਤੇ ਅੰਨ੍ਹੇ ਹੋਣ ਤੋਂ ਬਚਾ ਦਿੰਦੇ ਹਨ। ਵਿਟਾਮਿਨ ਸੀ, ਈ, ਬੀਟਾ ਕੈਰੋਟੀਨ ਤੇ ਜ਼ਿੰਕ ਵੀ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਵਧੀਆ ਰੋਲ ਅਦਾ ਕਰਦੇ ਹਨ। ਇਹ ਸਾਰੇ ਹੀ ਸਹੀ ਮਾਤਰਾ ’ਚ ਕੇਲ ਵਿੱਚ ਹਨ।

ਕਿਵੇਂ ਖਾਈਏ :-

–  ਕੱਚੇ ਸਲਾਦ ਵਿੱਚ ਪੱਤੇ

–  ਹਲਕਾ ਉਬਾਲ ਕੇ

–  ਭੁੰਨ ਕੇ

–  ਸੂਪ ਵਿੱਚ

–  ਬਰੈੱਡ ਵਿੱਚ ਲਾ ਕੇ/ਬਰਗਰ ਆਦਿ।

–  ਥੋਮ, ਪਿਆਜ਼ ਤੇ ਕੇਲ ਦੇ ਪੱਤੇ ਤੇਜ਼ ਅੱਗ ਉੱਤੇ ਹਲਕਾ ਭੁੰਨ ਕੇ ਓਲਿਵ ਤੇਲ ਪਾ ਕੇ ਖਾਧੇ ਜਾ ਸਕਦੇ ਹਨ ਜਾਂ ਹਲਕਾ ਉਬਾਲ ਕੇ, ਪਾਣੀ ਰੋੜ੍ਹ ਕੇ, ਬਾਕੀ ਪੱਤਿਆਂ ਵਿੱਚ ਸੋਇਆ ਚਟਨੀ ਪਾ ਕੇ ਖਾਧੇ ਜਾ ਸਕਦੇ ਹਨ।

–  ਕੇਲ ਪੱਤਿਆਂ ਦੇ ਚਿੱਪਸ ਵੀ ਬਣਾਏ ਜਾ ਸਕਦੇ ਹਨ। ਮਸਾਲੇ ਪਾ ਕੇ ਓਵਨ ਵਿੱਚ 20 ਮਿੰਟ ਪਕਾਏ ਜਾ ਸਕਦੇ ਹਨ। ਜ਼ਿਆਦਾਤਰ ਡਾਇਨਾਸੌਰ ਕੇਲ ਦੇ ਹੀ ਚਿੱਪਸ ਬਣਾਏ ਜਾਂਦੇ ਹਨ ਕਿਉਂਕਿ ਇਸ ਦੇ ਪੱਤੇ ਵੱਡੇ ਹੁੰਦੇ ਹਨ।

–  ਕਿਸੇ ਵੀ ਤਰ੍ਹਾਂ ਦੇ ਫਲਾਂ ਦੇ ਰਸ ਵਿੱਚ ਪਾਏ ਜਾ ਸਕਦੇ ਹਨ ਜਾਂ ਸਮੂਦੀ ਬਣਾਈ ਜਾ ਸਕਦੀ ਹੈ।

–  ਤਾਜ਼ੇ ਛੋਟੇ ਪੱਤੇ ਕੌੜੇ ਨਹੀਂ ਹੁੰਦੇ ਤੇ ਉਨ੍ਹਾਂ ਵਿੱਚ ਫਾਈਬਰ ਵੀ ਵੱਧ ਹੁੰਦਾ ਹੈ।

–  ਲਾਲ ਰੂਸੀ ਕੇਲ ਕਾਫ਼ੀ ਮਿੱਠੀ ਹੁੰਦੀ ਹੈ ਤੇ ਕੱਚੀ ਹੀ ਜ਼ਿਆਦਾਤਰ ਸਲਾਦ ਵਿੱਚ ਖਾਧੀ ਜਾਂਦੀ ਹੈ।

ਖ਼ਤਰੇ :-1.  ਕੇਲ ਵਿੱਚ ਅੱਜ ਕੱਲ੍ਹ ਏਨਾ ਕੀਟਨਾਸ਼ਕ ਸਪਰੇਅ ਕੀਤਾ ਜਾਂਦਾ ਹੈ ਕਿ ਬਿਨਾਂ ਚੰਗੀ ਤਰ੍ਹਾਂ ਧੋਤਿਆਂ ਖਾਣ ਨਾਲ ਇਨ੍ਹਾਂ ਵਿਚਲਾ ਜ਼ਹਿਰ ਸਰੀਰ ਅੰਦਰ ਪਹੁੰਚ ਕੇ ਕਹਿਰ ਢਾਅ ਸਕਦਾ ਹੈ।

  1. ਜਿਹੜੇ ਮਰੀਜ਼ ਬੀਟਾ ਬਲੌਕਰ ਦਵਾਈ ਖਾ ਰਹੇ ਹੋਣ, ਉਨ੍ਹਾਂ ਨੂੰ ਕੇਲ ਪੱਤੇ ਘੱਟ ਖਾਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਵਿੱਚ ਪੋਟਾਸ਼ੀਅਮ ਕਾਫ਼ੀ ਵੱਧ ਹੁੰਦਾ ਹੈ।
  2. ਗੁਰਦੇ ਦੀ ਬੀਮਾਰੀ ਵਾਲੇ ਮਰੀਜ਼ਾਂ ਲਈ ਵੀ ਵੱਧ ਪੋਟਾਸ਼ੀਅਮ ਹਾਨੀਕਾਰਕ ਹੋ ਸਕਦੀ ਹੈ।
  3. ਵਾਰਫੈਰਿਨ ਦਵਾਈ ਲੈ ਰਹੇ ਮਰੀਜ਼ਾਂ ਨੂੰ ਵੀ ਕੇਲ ਪੱਤੇ ਜ਼ਿਆਦਾ ਨਹੀਂ ਖਾਣੇ ਚਾਹੀਦੇ ਕਿਉਂਕਿ ਕੇਲ ਲਹੂ ਜਮਾਉਣ ਵਿੱਚ ਮਦਦ ਕਰਦੀ ਹੈ ਜਦਕਿ ਵਾਰਫੈਰਿਨ ਲਹੂ ਜੰਮਣ ਤੋਂ ਰੋਕਦੀ ਹੈ।

ਸਾਰ :- ਕੁਦਰਤ ਵਿੱਚ ਏਨੀਆਂ ਬੇਸ਼ਕਮੀਤੀ ਚੀਜ਼ਾਂ ਲੁਕੀਆਂ ਪਈਆਂ ਹਨ, ਜਿਨ੍ਹਾਂ ਬਾਰੇ ਹਾਲੇ ਖੋਜਾਂ ਹੋਈਆਂ ਹੀ ਨਹੀਂ ਜਾਂ ਖੋਜਾਂ ਜਾਰੀ ਹਨ। ਇਹ ਪੱਕਾ ਹੈ ਕਿ ਸਿਹਤਮੰਦ ਰਹਿਣ ਲਈ ਅਤੇ ਬੀਮਾਰੀਆਂ ਤੋਂ ਬਚਣ ਲਈ ਕੁਦਰਤ ਦੇ ਨੇੜੇ ਹੋਣਾ ਜ਼ਰੂਰੀ ਹੈ ਤੇ ਕੁਦਰਤ ਨੂੰ ਸੰਭਾਲਣ ਦੀ ਲੋੜ ਹੈ। ਹਵਾ, ਪਾਣੀ, ਧਰਤੀ, ਹਰ ਚੀਜ਼ ਨੂੰ ਸੰਭਾਲ ਕੇ ਪਲੀਤ ਹੋਣ ਤੋਂ ਬਚਾ ਲਈਏ ਤਾਂ ਕੇਲ ਵਰਗੀਆਂ ਅਨੇਕ ਹੋਰ ਕੁਦਰਤੀ ਸੁਗ਼ਾਤਾਂ ਸਾਨੂੰ ਲੰਮੀ ਉਮਰ ਦੇਣ ਲਈ ਤਿਆਰ ਬੈਠੀਆਂ ਹਨ।