ਜਥੇਦਾਰਾਂ ਤੋਂ ਕਾਰਵਾਈ ਦੀ ਮੰਗ ਕਰਨ ਦੀ ਥਾਂ ਸਿੱਖ ਖ਼ੁਦ ਕਾਰਵਾਈ ਕਰਨ ਦੀ ਜਾਚ ਸਿੱਖਣ
ਕਿਰਪਾਲ ਸਿੰਘ (ਬਠਿੰਡਾ)-0164-2210797
ਪੰਥ ਦੀ ਨੁਮਾਇੰਦਾ ਜਥੇਬੰਦੀ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਖਾਸ ਕਰਕੇ ਬਾਦਲ ਪਰਿਵਾਰ ਨੇ ਕੁਝ ਵੋਟਾਂ ਦੀ ਖਾਤਰ ਸਿੱਖ ਸਿਧਾਂਤਾਂ ਅਤੇ ਪੰਥਕ ਰਵਾਇਤਾਂ ਦਾ ਜੋ ਘਾਣ ਕੀਤਾ ਹੈ ਇਹ ਅੱਜ ਤੱਕ ਹੋਰ ਕੋਈ ਮਨੁੱਖ ਨਹੀਂ ਕਰ ਸਕਿਆ। ਸ਼ਬਦ ਗੁਰੂ ਦੇ ਸਿੱਧੇ ਵਿਰੋਧ ਵਿੱਚ ਖੜ੍ਹਨ ਵਾਲੇ ਦੇਹਧਾਰੀ ਗੁਰੂ ਡੰਮ ਡੇਰਿਆਂ ਜਿਵੇਂ ਕਿ ਸੱਚਾ ਸੌਦਾ (ਡੇਰਾ ਸਿਰਸਾ), ਦਿਵਿਆਯੋਤੀ ਡੇਰਾ (ਨੂਰਮਹਿਲ), ਰਾਧਾ ਸਵਾਮੀ (ਡੇਰਾ ਬਿਆਸ), ਨਾਮਧਾਰੀ (ਡੇਰਾ ਭੈਣੀ), ਨਿਰੰਕਾਰੀਆਂ, ਭਨਿਆਰਿਆਂ ਤੋਂ ਇਲਾਵਾ ਸਿੱਖ ਰਹਿਤ ਮਰਯਾਦਾ ਦੇ ਸਿੱਧੇ ਵਿਰੋਧ ਅਤੇ ਸ਼ਬਦ ਗੁਰੂ ਦੇ ਅਸਿੱਧੇ ਰੂਪ ਵਿੱਚ ਵਿਰੋਧੀ ਆਪਣੀਆਂ ਗੱਦੀਆਂ ਚਲਾ ਰਹੇ ਸਿੱਖ ਡੇਰੇਦਾਰਾਂ ਦੇ ਪੈਰੋਕਾਰਾਂ ਦੀਆਂ ਵੋਟਾਂ ਦੇ ਲਾਲਚ ਅਧੀਨ ਇਨ੍ਹਾਂ ਡੇਰਿਆਂ ਨੂੰ ਪੰਜਾਬ ’ਚ ਵੱਡੀਆਂ ਸਹੂਲਤਾਂ ਦੇ ਕੇ ਪ੍ਰਫੁਲਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਡੇਰੇਦਾਰਾਂ ਵੱਲੋਂ ਪੰਥਕ ਰਵਾਇਤਾਂ ਨੂੰ ਢਾਹ ਲਾਈ ਜਾਣ ਸਦਕਾ ਇਨ੍ਹਾਂ ਵਿੱਚੋਂ ਕਈ ਡੇਰੇਦਾਰਾਂ ਜਿਵੇਂ ਕਿ ਨਿਰੰਕਾਰੀਆਂ, ਪਿਆਰਾ ਭਨਿਆਰਾ, ਨੂਰਮਹਿਲੀਏ ਅਤੇ ਸੱਚਾ ਸੌਦਾ ਡੇਰਾ ਸਿਰਸਾ ਦੇ ਪੈਰੋਕਾਰਾਂ ਨਾਲ ਕਈ ਵਾਰ ਸਿੱਖਾਂ ਦਾ ਖੂਨੀ ਟਾਕਰਾ ਹੋ ਚੁੱਕਿਆ ਹੈ ਜਿਸ ਵਿੱਚ ਅਨੇਕਾਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਸੰਨ 1978 ਦੇ ਨਿਰੰਕਾਰੀ ਕਾਂਡ ਪਿੱਛੋਂ ਤਾਂ ਡੇਢ ਦਹਾਕੇ ਤੱਕ (ਜਿਸ ਨੂੰ ਕਾਲਾ ਦੌਰ ਜਾਂ ਅੱਤਵਾਦ ਤੇ ਵੱਖਵਾਦ ਦਾ ਸਮਾਂ ਕਿਹਾ ਜਾਂਦਾ ਹੈ) ਐਸੀ ਖ਼ੂਨੀ ਹਨੇਰੀ ਝੁਲੀ ਜਿਸ ਵਿੱਚ ਇੱਕ ਦੋ ਨਹੀਂ ਬਲਕਿ ਇੱਕ ਲੱਖ ਤੋਂ ਵੱਧ ਜਾਨਾਂ ਅਜਾਈਂ ਗਈਆਂ ਤੇ ਅਰਬਾਂ ਦੀ ਜਾਇਦਾਦ ਤੇ ਹੋਰ ਮਾਲੀ ਨੁਕਸਾਨ ਵੀ ਹੋਇਆ; ਜਿਸ ਦੇ ਜਖ਼ਮ ਸਿੱਖ ਕੌਮ ਦੇ ਪਿੰਡੇ ਉੱਤੇ ਸਦੀਆਂ ਤੱਕ ਰਿਸਦੇ ਰਹਿਣਗੇ। ਪੀੜਤਾਂ ਵਿੱਚ ਬਹੁਗਿਣਤੀ ਸਿੱਖਾਂ ਦੀ ਸੀ ਅਤੇ ਉਲਟਾ ਸਿੱਖਾਂ ਨੂੰ ਹੀ ਅੱਤਵਾਦੀ ਦੱਸ ਕੇ ਬਦਨਾਮ ਕੀਤਾ ਗਿਆ ਤੇ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਹੋਰਨਾਂ ਸਿਆਸੀ ਪਾਰਟੀਆਂ ਨੇ ਤਾਂ ਕੁਝ ਵੋਟਾਂ ਦੇ ਲਾਲਚ ਅਧੀਨ ਡੇਰਿਆਂ ਨਾਲ ਸਾਂਝ ਪਾਉਣੀ ਹੀ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਪੰਥ ਦੇ ਨਾਮ ’ਤੇ ਵੋਟਾਂ ਮੰਗਣ ਵਾਲੇ ਬਾਦਲ ਦਲ ਦੇ ਆਗੂ ਹੋਰਨਾਂ ਸਾਰੀਆਂ ਪਾਰਟੀਆਂ ਦੇ ਆਗੂਆਂ ਨਾਲੋਂ ਵੀ ਅੱਗੇ ਹੋ ਕੇ ਉਨ੍ਹਾਂ ਡੇਰੇਦਾਰਾਂ ਦੇ ਚਰਨੀ ਲੱਗ ਕੇ ਡੇਰਾਵਾਦ ਨੂੰ ਵਡਾਵਾ ਦੇਂਦੇ ਰਹੇ ਅਤੇ ਦੇ ਰਹੇ ਹਨ।
ਜਦੋਂ ਕਦੀ ਇਨ੍ਹਾਂ ਡੇਰੇਦਾਰਾਂ ਨਾਲ ਟਕਰਾ ਵਧਦਾ ਹੈ ਉਸ ਸਮੇਂ ਤਾਂ ਜਥੇਦਾਰਾਂ ਰਾਹੀਂ ਅਕਾਲ ਤਖ਼ਤ ਤੋਂ ਇਨ੍ਹਾਂ ਡੇਰਿਆਂ ਵਿਰੁੱਧ ਹੁਕਮਨਾਮਾ ਜਾਰੀ ਕਰਵਾ ਕੇ ਇਨ੍ਹਾਂ ਦੇ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਬਾਈਕਾਟ ਦਾ ਸਿੱਖਾਂ ਲਈ ਆਦੇਸ਼ ਚਾੜ੍ਹ ਦਿੱਤਾ ਜਾਂਦਾ ਹੈ। ਇਨ੍ਹਾਂ ਹੁਕਮਨਾਮਿਆਂ ਨੂੰ ਲਾਗੂ ਕਰਨ ਲਈ ਅਨੇਕਾਂ ਸਿੱਖਾਂ ਜਾਨਾਂ ਗੁਆ ਬੈਠਦੇ ਹਨ ਤੇ ਕਈ ਜੇਲ੍ਹਾਂ ਵਿੱਚ ਨਰਕ ਭੋਗਦੇ ਹਨ ਪਰ ਜਦੋਂ ਉਨ੍ਹਾਂ ਡੇਰੇਦਾਰਾਂ ਦੀਆਂ ਵੋਟਾਂ ਦੀ ਲੋੜ ਪਵੇ ਤਾਂ ਕਦੀ ਤਾਂ ਸਾਰੀਆਂ ਰਵਾਇਤਾਂ ਤੇ ਮਰਿਆਦਾਵਾਂ ਨੂੰ ਛਿੱਕੇ ਟੰਗ ਕੇ ਉਨ੍ਹਾਂ ਵਿੱਰੁਧ ਜਾਰੀ ਹੋਏ ਹੁਕਮਨਾਮੇ ਵਾਪਸ ਲੈਣ ਲਈ ਅਕਾਲ ਤਖ਼ਤ ਦੇ ਜਥੇਦਾਰਾਂ ਦੀ ਦੁਰਵਰਤੋਂ ਕਰਦੇ ਹਨ ਅਤੇ ਕਦੀ ਇਨ੍ਹਾਂ ਹੁਕਮਨਾਮਿਆਂ ਨੂੰ ਅੱਖੋਂ ਪਰੋਖੇ ਕਰਕੇ ਪੰਥ ਦੋਖੀ ਉਨ੍ਹਾਂ ਡੇਰੇਦਾਰਾਂ ਦੇ ਪੈਰੀਂ ਜਾ ਪੈਂਦੇ ਹਨ। ਜਿਵੇਂ ਕਿ 2007 ਨੂੰ ਸੱਚਾ ਸੌਦਾ ਡੇਰਾ ਸਿਰਸਾ ਦਾ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਬਾਈਕਾਟ ਕਰਨ ਦਾ ਹੁਕਮਨਾਮਾ ਜਾਰੀ ਕੀਤਾ, 24 ਸਤੰਬਰ 2015 ਨੂੰ ਜਥੇਦਾਰਾਂ ਨੇ ਸਾਰੀਆਂ ਪੰਥਕ ਰਵਾਇਤਾਂ ਤੇ ਨਿਯਮਾਂ ਦੀ ਉਲੰਘਣਾ ਕਰਕੇ ਇਹ ਹੁਕਮਨਾਮਾ ਵਾਪਸ ਲੈ ਲਿਆ। ਜਦੋਂ ਜਥੇਦਾਰਾਂ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਨੂੰ ਸਿੱਖ ਸੰਗਤਾਂ ਦੇ ਭਾਰੀ ਵਿਰੋਧ ਅਤੇ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਤਾਂ ਇਹ ਮੁਆਫੀ ਵਾਲਾ ਹੁਕਮਨਾਮਾ 16 ਅਕਤੂਬਰ 2015 ਨੂੰ ਵਾਪਸ ਲੈ ਲਿਆ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਤੰਬਰ/ਅਕਤੂਬਰ 2015 ਵਿੱਚ ਸਿੱਖ ਸੰਗਤਾਂ ਵੱਲੋਂ ਪ੍ਰਗਟ ਕੀਤੇ ਭਾਰੀ ਰੋਸ ਦੇ ਬਾਵਜੂਦ ਉਕਤ ਹੁਕਨਾਮਿਆਂ ਨੂੰ ਅੱਖੋਂ ਪ੍ਰੋਖੇ ਕਰਕੇ 28 ਜਨਵਰੀ 2017 ਨੂੰ ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਜੀਤਮਹਿੰਦਰ ਸਿੰਘ ਸਿੱਧੂ, ਬਲਰਾਜ ਸਿੰਘ ਭੂੰਦੜ ਸਮੇਤ ਵਿਧਾਨ ਸਭਾ ਚੋਣਾਂ 2017 ਲਈ ਅਨੇਕਾਂ ਅਕਾਲੀ ਉਮੀਦਵਾਰਾਂ ਨੇ ਸਿਰਸਾ ਡੇਰਾ ਮੁਖੀ ਦੀ ਸ਼ਰਨ ਵਿੱਚ ਪਹੁੰਚ ਕੇ ਵੋਟਾਂ ਦੀ ਭੀਖ ਮੰਗੀ ਤੇ 1 ਫਰਵਰੀ ਨੂੰ ਡੇਰੇ ਦੇ ਸਿਆਸੀ ਵਿੰਗ ਤੋਂ ਸਮੁੱਚੇ ਅਕਾਲੀ-ਭਾਜਪਾ ਉਮੀਦਵਾਰਾਂ ਲਈ ਮਦਦ ਲੈਣ ਵਿੱਚ ਸਫਲਤਾ ਹਾਸਲ ਕਰ ਲਈ। ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਉਸੇ ਦਿਨ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਕਾਲੀ ਆਗੂਆਂ ਵਿਰੁੱਧ ਕਾਰਵਾਈ ਕਰਨ ਲਈ ਚਿੱਠੀ ਲਿਖੇ ਜਾਣ ਦੇ ਬਾਵਜੂਦ ਇਨ੍ਹਾਂ ਜਥੇਦਾਰਾਂ, ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਚੁੱਪ ਵੱਟੀ ਰੱਖੀ ਪਰ 4 ਫਰਵਰੀ ਨੂੰ ਵੋਟਾਂ ਪੈ ਜਾਣ ਉਪ੍ਰੰਤ ਇਹ ਸਾਰੇ ਹੁਕਮਨਾਮੇ ਦੀ ਉਲੰਘਣਾ ਕਰਨ ਦੇ ਦੋਸ਼ੀ ਅਕਾਲੀ ਆਗੂਆਂ ਵਿਰੁੱਧ ਕਾਰਵਾਈ ਕਰਨ ਦੇ ਹਾਸੋਹੀਣੇ ਬਿਆਨ ਦੇਣ ਲੱਗ ਪਏੇ ਹਨ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਬੜੀ ਫੁਰਤੀ ਨਾਲ ਜਾਂਚ ਲਈ ਤਿੰਨ ਕਮੇਟੀ ਮੈਂਬਰੀ ਬਣਾ ਦਿੱਤੀ ਹੈ।
ਸਿੱਖ ਸੰਗਤਾਂ ਹੁਣ ਇਨ੍ਹਾਂ ਜਥੇਦਾਰਾਂ ਅਤੇ ਅਕਾਲੀ ਦਲ ਦੇ ਆਗੂਆਂ ਦੀ ਕੁਟਲਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਅਕਾਲ ਤਖ਼ਤ ਦਾ ਹਊਆ ਸਿਰਫ ਬਾਦਲ ਵਿਰੋਧੀ ਸਿੱਖਾਂ ਲਈ ਹੈ ਜਦੋਂ ਕਿ ਬਾਦਲ ਦਲ ਲਈ ਇਹ ਇਕ ਖਿਲ੍ਹਾਉਣਾ ਹੀ ਹੈ। ਇਸੇ ਲਈ ਤਾਂ ਆਪਣੇ ਸੁਆਰਥ ਲਈ ਜਦੋਂ ਦਿਲ ਕਰੇ ਹੁਕਮਨਾਮੇ ਦੀਆਂ ਧੱਜੀਆਂ ਵੀ ਉਡਾ ਦਿੰਦੇ ਹਨ ਤੇ ਫਿਰ ਲੋਕਾਂ ਦੀਆਂ ਨਜ਼ਰਾਂ ਵਿੱਚ ਦੁੱਧ ਧੋਤੇ ਬਣਨ ਲਈ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਤਨਖ਼ਾਹ ਲਵਾਉਣ ਦਾ ਡਰਾਮਾ ਵੀ ਕਰ ਲੈਂਦੇ ਹਨ। ਇਨਾਂ ਦੀ ਹਾਲਤ ਬਿਲਕੁਲ ਉਨ੍ਹਾਂ ਕਰਮਕਾਂਡੀਆਂ ਵਾਲੀ ਹੈ ਜਿਨ੍ਹਾਂ ਪ੍ਰਤੀ ਗੁਰੂ ਸਾਹਿਬ ਜੀ ਨੇ ਬਚਨ ਉਚਾਰੇ ਹਨ: ‘‘ਪਾਪ ਕਰਹਿ, ਪੰਚਾਂ ਕੇ ਬਸਿ ਰੇ ॥ ਤੀਰਥਿ ਨਾਇ; ਕਹਹਿ ਸਭਿ ਉਤਰੇ ॥ ਬਹੁਰਿ ਕਮਾਵਹਿ, ਹੋਇ ਨਿਸੰਕ ॥ ਜਮ ਪੁਰਿ ਬਾਂਧਿ ਖਰੇ ਕਾਲੰਕ ॥’’ (ਪ੍ਰਭਾਤੀ ਮ: 5/ 1348) ਜਿਵੇਂ ਕਿ ਸਿਕੰਦਰ ਸਿੰਘ ਮਲੂਕਾ ਤਾਂ ਕੁਝ ਦਿਨ ਪਹਿਲਾਂ ਹੀ ਅਰਦਾਸ ਦੇ ਮਾਮਲੇ ਵਿੱਚ ਤਨਖਾਹ ਲਵਾ ਕੇ ਸੁਰਖੁਰੂ ਹੋਣ ਉਪ੍ਰੰਤ ਤੁਰੰਤ ਹੀ ਹੁਕਮਨਾਮੇ ਦੀ ਉਲੰਘਣਾ ਕਰਕੇ ਫਿਰ ਗਲ ਵਿੱਚ ਪੱਲਾ ਪਾ ਕੇ ਤਨਖਾਹ ਲਵਾਉਣ ਲਈ ਪੇਸ਼ ਹੋਣ ਦਾ ਡਰਾਮਾ ਕਰਨ ਲਈ ਤਿਆਰ ਹੈ। ਜੇ ਇਨ੍ਹਾਂ ਜਥੇਦਾਰਾਂ ਅਤੇ ਅਕਾਲੀ ਆਗੂਆਂ ਦੇ ਦਿਲਾਂ ਵਿੱਚ ਅਕਾਲ ਤਖ਼ਤ ਦਾ ਭੋਰਾ ਭਰ ਵੀ ਅਦਬ ਸਤਿਕਾਰ ਤੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਹੁੰਦੀ ਤਾਂ ਸਤੰਬਰ 2015 ਵਿੱਚ ਸਿਰਸਾ ਡੇਰਾ ਨੂੰ ਮੁਆਫੀ ਵਾਲਾ ਹੁਕਮਨਾਮਾ ਵਾਪਸ ਲੈਣ ਉਪ੍ਰੰਤ ਨਾ ਤਾਂ ਕਦੀ ਅਕਾਲੀ ਆਗੂ ਕੁਝ ਵੋਟਾਂ ਦੀ ਖਾਤਰ ਸਿਰਸਾ ਡੇਰਾ ਮੁਖੀ ਦੀ ਸ਼ਰਨ ਵਿੱਚ ਜਾਂਦੇ ਅਤੇ ਨਾ ਹੀ ਅਕਾਲੀ ਲੀਡਰਾਂ ਵੱਲੋਂ ਕੀਤੀ ਗਈ ਉਲੰਘਣਾਂ ਵੇਖ ਸੁਣ ਕੇ ਜਥੇਦਾਰ ਸਾਹਿਬ 28 ਜਨਵਰੀ ਤੋਂ 4 ਫਰਵਰੀ ਤੱਕ ਤਕ ਪੂਰਾ ਇੱਕ ਹਫਤਾ ਅੱਖਾਂ ਮੀਟ ਕੇ ਰੱਖਦੇ।
ਇਨ੍ਹਾਂ ਦੀਆਂ ਹਰਕਤਾਂ ਨੂੰ ਵੇਖ ਕੇ ਪੰਜਾਬ ਦੇ ਸਿੱਖ ਤਾਂ ਤਕਰੀਬਨ ਜਾਗ ਚੁੱਕੇ ਹਨ ਇਸ ਕਾਰਨ 4 ਫਰਵਰੀ ਨੂੰ ਪਈਆਂ ਵੋਟਾਂ ਦੇ ਰੁਝਾਨ ਤੋਂ ਪਤਾ ਲਗਦਾ ਹੈ ਕਿ ਅਕਾਲੀ ਦਲ ਨੂੰ ਸਿੱਖਾਂ ਦੀ ਵੋਟਾਂ ਨਾਮਾਤਰ ਹੀ ਪਈਆਂ ਹਨ; ਅਕਾਲੀ ਦਲ ਨੂੰ ਜੋ ਵੋਟਾਂ ਪਈਆਂ ਹਨ ਉਨ੍ਹਾਂ ’ਚੋਂ ਵੱਡਾ ਹਿੱਸਾ ਡੇਰੇਦਾਰਾਂ ਦੇ ਪੈਰੋਕਾਰਾਂ ਜਾਂ ਭਾਜਪਾ ਨਾਲ ਗੱਠਜੋੜ ਹੋਣ ਕਰਕੇ ਕੁਝ ਹਿੰਦੂ ਭਾਈਚਾਰੇ ਦੀਆਂ ਵੋਟਾਂ ਹੋਣਗੀਆਂ। ਪੰਜਾਬ ਵਿੱਚ ਬਾਦਲ ਦਲ ਦੇ ਮੁੱਖ ਆਗੂਆਂ ਵੱਲੋਂ ਸਿੱਖੀ ਸਿਧਾਂਤਾਂ ਤੇ ਪੰਥਕ ਰਵਾਇਤਾਂ ਨੂੰ ਪਿੱਠ ਦੇਣ ਸਦਕਾ ਇਨ੍ਹਾਂ ਦੀ ਜੋ ਦੁਰਗਤੀ ਇਨ੍ਹਾਂ ਚੋਣਾਂ ਵਿੱਚ ਹੋਵੇਗੀ ਸ਼ਾਇਦ ਇਤਿਹਾਸ ਵਿੱਚ ਪਹਿਲਾਂ ਕਦੀ ਵੀ ਨਾ ਹੋਈ ਹੋਵੇ ਕਿਉਂਕਿ 11 ਮਾਰਚ ਨੂੰ ਚੋਣ ਨਤੀਜਿਆਂ ਵਿੱਚ ਅਕਾਲੀ ਦਲ ਸੀਟਾਂ ਅਤੇ ਵੋਟ ਪ੍ਰਤੀਸ਼ਤ ਪੱਖੋਂ ਤੀਜੇ ਨੰਬਰ ’ਤੇ ਆਉਣ ਦੀਆਂ ਬਹੁਤੀਆਂ ਸੰਭਾਵਨਾਵਾਂ ਹਨ। ਇਨ੍ਹਾਂ ਸੰਭਾਵਨਾਵਾਂ ਨੂੰ ਵੇਖਦਿਆਂ ਹੀ ਅਕਾਲੀ ਦਲ ਨੂੰ ਡਰ ਹੈ ਕਿ ਮਤਾਂ 26 ਫਰਵਰੀ ਨੂੰ ਦਿੱਲੀ ਕਮੇਟੀ ਦੀਆਂ ਹੋਣ ਜਾ ਰਹੀਆਂ ਚੋਣਾਂ ਵਿੱਚ ਪੰਜਾਬ ਵਾਲਾ ਹਾਲ ਨਾ ਹੋ ਜਾਏ। ਇਹੋ ਕਾਰਨ ਹੈ ਕਿ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਸੰਭਾਵੀ ਨੁਕਸਾਨ ਘਟਾਉਣ ਦੇ ਉਪਰਾਲੇ ਵਜੋਂ 4 ਫਰਵਰੀ ਪਿੱਛੋਂ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਸਮੇਤ ਸਾਰੇ ਜਥੇਦਾਰ ਹੁਕਮਨਾਮੇ ਦੀ ਉਲੰਘਣਾ ਕਰਨ ਦੇ ਦੋਸ਼ੀ ਅਕਾਲੀ ਆਗੂਆਂ ਵਿਰੁੱਧ ਕਾਰਵਾਈ ਕਰਨ ਦੀ ਡਰਾਮੇਬਾਜ਼ੀ ’ਤੇ ਉਤਰ ਆਏ ਹਨ। ਪਰ ਸਿੱਖ ਸੰਗਤਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਅਖੌਤੀ ਅਕਾਲੀ ਆਗੂ ਅਕਾਲ ਤਖ਼ਤ ਨੂੰ ਟਿੱਚ ਕਰਕੇ ਜਾਣਦੇ ਹਨ ਜੇ ਡਰ ਹੈ ਤਾਂ ਕੇਵਲ ਵੋਟਾਂ ਦਾ। ਇਸ ਲਈ ਇਨ੍ਹਾਂ ਨੂੰ ਸਿੱਧੇ ਰਸਤੇ ਪਾਉਣ ਲਈ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਚਾਹੀਦਾ ਹੈ ਕਿ ਜਥੇਦਾਰਾਂ ਤੋਂ ਕਾਰਵਾਈ ਦੀ ਮੰਗ ਕਰਨ ਦੀ ਥਾਂ ਉਹ ਖੁਦ ਕਾਰਵਾਈ ਕਰਨ ਦੀ ਜਾਚ ਸਿੱਖਣ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵੀ ਬਾਦਲ ਦਲ ਨੂੰ ਸਿੱਖ ਭਾਵਨਾਵਾਂ ਦੀ ਪਛਾਣ ਕਰਵਾ ਦੇਣ। ਬਾਦਲ ਦਲ ਵੱਲੋਂ ਸਿੱਖ ਸਿਧਾਂਤਾ ਅਤੇ ਅਕਾਲ ਤਖ਼ਤ ਦੇ ਰੁਤਬੇ ਨੂੰ ਮਿੱਟੀ ਘੱਟੇ ਰਲਾਉਣ ਦੀ ਆਦਤ ਤੋਂ ਦੁਖੀ ਬਾਦਲ ਵਿਰੋਧੀ ਦਲਾਂ ਜਿਵੇਂ ਕਿ ਸਰਨਾ ਦਲ, ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦਾ ਗਰੁੱਪ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਪੰਥ ਪ੍ਰੀਤ ਸਿੰਘ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਦੀ ਅਗਵਾਈ ਵਾਲਾ ਮਿਸ਼ਨਰੀ ਗਰੁੱਪ, ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦਾ ਗਰੁੱਪ ਅਤੇ ਅਵਤਾਰ ਸਿੰਘ ਦੀ ਅਗਵਾਈ ਹੇਠ ਨਵਾਂ ਬਣਿਆ ਅਕਾਲੀ ਦਲ ਪੰਥ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਮੱਤਭੇਦਾਂ ਨੂੰ ਭੁਲਾ ਕੇ ਆਪਸੀ ਤਾਲਮੇਲ ਨਾਲ ਚੋਣਾਂ ਲੜਨ ਤਾਂ ਕਿ ਅਕਾਲ ਤਖ਼ਤ ਨੂੰ ਖਿਲ੍ਹਾਉਣਾ ਸਮਝਣ ਵਾਲੇ ਬਾਦਲ ਦਲੀਆਂ ਤੋਂ ਦਿੱਲੀ ਕਮੇਟੀ ਅਜ਼ਾਦ ਕਰਵਾਈ ਜਾ ਸਕੀ ਜੋ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਅਜ਼ਾਦ ਕਰਵਾਉਣ ਦਾ ਮੁੱਢ ਬੰਨ੍ਹੇਗੀ।