ਕੈਲੰਡਰ ਵਿਗਿਆਨ ਤੋਂ ਕੋਰੇ ਵਿਦਵਾਨਾਂ ਕਾਰਨ ਦਿਨੋ ਦਿਨ ਉਲਝ ਰਿਹਾ ਹੈ ਕੈਲੰਡਰ ਵਿਵਾਦ
ਕਿਰਪਾਲ ਸਿੰਘ ਬਠਿੰਡਾ 98554-80797
ਦੁਨੀਆਂ ਦੇ ਲੋਕਾਂ ਨੂੰ ਇਹ ਵੇਖ/ਸੁਣ ਕੇ ਕਿੰਨੀ ਹੈਰਾਨੀ ਹੁੰਦੀ ਹੋਵੇਗੀ ਕਿ ਇੱਕੋ ਇੱਕ ਅਕਾਲ ਪੁਰਖ ਅਤੇ ਸ਼ਬਦ ਗੁਰੂ ਨੂੰ ਮੰਨਣ ਦਾ ਦਾਅਵਾ ਕਰਨ ਵਾਲੀ ਸਿੱਖ ਕੌਮ ਪਿਛਲੇ ਦੋ ਦਹਾਕਿਆਂ ਦੇ ਵੱਧ ਸਮੇਂ ਤੋਂ ਆਪਣੇ ਗੁਰੂ ਸਾਹਿਬਾਨ ਦੇ ਗੁਰ ਪੁਰਬ ਨਿਸ਼ਚਿਤ ਕਰਨ ਪਿੱਛੇ ਮਗ਼ਜ਼ ਖਪਾਈ ਕਰ ਰਹੀ ਹੈ; ਨਾਨਕਸ਼ਾਹੀ ਕੈਲੰਡਰ ਦੇ ਪੱਖੀ ਅਤੇ ਵਿਰੋਧੀ, ਦੋਵੇਂ ਹੀ ਧਿਰਾਂ ਆਪਣੇ ਤੌਰ ’ਤੇ ਕੌਮ ਦਾ ਲੱਖਾਂ ਰੁਪਏ ਅਤੇ ਸਮਾਂ ਇਸ ਕੈਲੰਡਰ ਵਿਸ਼ੇ ’ਤੇ ਆਪਣੇ ਆਪਣੇ ਸੈਮੀਨਾਰ ਕਰਵਾਉਣ, ਕਿਤਾਬਾਂ/ਕਿਤਾਬਚੇ ਅਤੇ ਕੈਲੰਡਰ ਛਪਵਾ ਕੇ ਮੁਫ਼ਤ ਵੰਡਣ ਵਿੱਚ ਅਜਾਈਂ ਗਵਾ ਰਹੀਆਂ ਹਨ ਜਿਹੜਾ ਕਿ ਕੌਮ ਦੇ ਹੋਰ ਉਸਾਰੂ ਪ੍ਰੋਜੈਕਟਾਂ ’ਤੇ ਖ਼ਰਚ ਕੇ ਲਾਹਾ ਖੱਟਿਆ ਜਾ ਸਕਦਾ ਸੀ, ਪਰ ਬਾਵਜੂਦ ਇਸ ਦੇ ਮਸਲਾ ਹੱਲ ਹੋਣ ਦੀ ਬਜਾਏ ਦਿਨੋ ਦਿਨ ਉਲਝ ਰਿਹਾ ਹੈ। ਦੁਨੀਆਂ ਦੇ ਲੋਕ ਇਹ ਵੇਖ ਕੇ ਕੀ ਸੋਚਦੇ ਹੋਣਗੇ ਕਿ ਜਿਸ ਸਮੇਂ ਵਿਗਿਆਨੀ ਮੰਗਲ ਗ੍ਰਿਹ ’ਤੇ ਚੜ੍ਹਨ ਅਤੇ ਗਲੈਕਸੀ ਵਿੱਚ ਹੋਰ ਗ੍ਰਿਹਾਂ ਦੀ ਭਾਲ ਦੀ ਦੌੜ੍ਹ ਵਿੱਚ ਲੱਗੇ ਹੋਏ ਹੋਣ ਉਸ ਸਮੇਂ ਸਿੱਖ ਕੌਮ ਆਪਣੇ ਗੁਰੂ ਸਾਹਿਬਾਨ ਦੇ ਚਾਲੂ ਸਾਲ ਵਿੱਚ ਆਉਣ ਵਾਲੇ ਗੁਰ ਪੁਰਬਾਂ ਦੀਆਂ ਤਾਰੀਕਾਂ ਸਬੰਧੀ ਹੀ ਆਪਸ ਵਿੱਚ ਇੱਕ ਮੱਤ ਨਹੀਂ ਹੋ ਸਕਦੇ ਤਾਂ ਕੀ ਇਹ ਆਪਣੇ ਆਪ ਨੂੰ ਬਿਬੇਕੀ ਤੇ ਨਵੇਂ ਯੁੱਗ ਦੇ ਧਰਮ ਦੇ ਵਾਰਸ ਅਖਵਾਉਣ ਦੇ ਹੱਕਦਾਰ ਹਨ ?
ਅਸਲ ਵਿੱਚ ਕੈਲੰਡਰ ਵਿਵਾਦ ਦਾ ਮੁੱਖ ਕਾਰਨ ਇਹੀ ਹੈ ਕਿ ਕੈਲੰਡਰ ਸਬੰਧੀ ਫ਼ੈਸਲਾ ਲੈਣ ਦੇ ਅਧਿਕਾਰੀ ਉਹ ਲੋਕ ਬਣੇ ਬੈਠੇ ਹਨ ਜਿਨ੍ਹਾਂ ਨੂੰ ਕੈਲੰਡਰ ਸਬੰਧੀ ਜਾਂ ਤਾਂ ਬਿਲਕੁਲ ਹੀ ਕੋਈ ਸੋਝੀ ਨਹੀਂ ਜਾਂ ਥੋੜ੍ਹੀ ਬਹੁਤ ਸੂਝ ਹੈ ਪਰ ਉਹ ਆਪਣੀ ਤੁੱਛ ਬੁੱਧੀ ਨੂੰ ਹੀ ਸਰਬੋਤਮ ਸਮਝ ਕੇ ਉਸ ਦੇ ਸਹਾਰੇ ਅੰਤਰਾਸ਼ਟਰੀ ਪੱਧਰ ਦੇ ਕੈਲੰਡਰ ਵਿਗਿਆਨੀ ਸਿੱਖ ਸ: ਪਾਲ ਸਿੰਘ ਪੁਰੇਵਾਲ ਨੂੰ ਕੈਲੰਡਰ ਵਿਗਿਆਨ ਤੋਂ ਕੋਰਾ ਕਾਮਰੇਡ ਕਹਿ ਕੇ ਭੰਡ ਰਹੇ ਹਨ।
‘ਨੀਮ ਹਕੀਮ, ਖ਼ਤਰਾ-ਏ-ਜਾਣ’ ਦੀ ਕਹਾਵਤ ਵਾਂਗ ਝਗੜੇ ਦਾ ਮੂਲ ਕਾਰਨ ਇਹ ਅਰਧ ਸਿੱਖਿਅਤ ਕੈਲੰਡਰ ਵਿਗਿਆਨੀ ਹੀ ਹਨ ਕਿਉਂਕਿ ਜਿਨ੍ਹਾਂ ਲੋਕਾਂ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਉਨ੍ਹਾਂ ਨੂੰ ਕੁਝ ਸਮਝਾਇਆ ਜਾ ਸਕਦਾ ਹੈ ਪਰ ਘੱਟ ਸੂਝ ਵਾਲੇ ਜਿਹੜੇ ਲੋਕ ਆਪਣੇ ਆਪ ਨੂੰ ਹੀ ਸਭ ਤੋਂ ਸਿਆਣੇ ਮਨੁੱਖ ਸਮਝ ਬੈਠਣ ਉਨ੍ਹਾਂ ਨੂੰ ਕਿਸੇ ਬੰਦੇ ਲਈ ਤਾਂ ਕੀ ਗੁਰੂ ਲਈ ਵੀ ਸਮਝਾਉਣਾ ਔਖਾ ਹੋ ਜਾਂਦਾ ਹੈ।
ਘੱਟ ਸੋਝੀ ਵਾਲੇ ਲੋਕ ਹਨ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਸਿਆਸਤਦਾਨ ਅਤੇ ਤਖ਼ਤਾਂ ’ਤੇ ਬੈਠਾਏ ਹੋਏ ਉਨ੍ਹਾਂ ਵੱਲੋਂ ਨਿਯੁਕਤ ਕੀਤੇ ਹੋਏ ਜਥੇਦਾਰ; ਜਿਹੜੇ ਫ਼ੈਸਲੇ ਲੈਣ ਦੇ ਅਧਿਕਾਰੀ ਹਨ। ਅੱਧ ਪਚੱਧੀ ਸੂਝ ਵਾਲੇ ਹਨ ‘ਕਰਨਲ ਸੁਰਜੀਤ ਸਿੰਘ ਨਿਸ਼ਾਨ, ਡਾ: ਅਨੁਰਾਗ ਸਿੰਘ ਅਤੇ ਇਨਾਂ ਵਰਗੇ ਇੱਕ ਦੋ ਹੋਰ ਵਿਦਵਾਨ’ ਜਿਹੜੇ ਸਮਝੀ ਬੈਠੇ ਹਨ ਕਿ ਕੈਲੰਡਰ ਵਿਗਿਆਨ ਦਾ ਜਿੰਨਾ ਗਿਆਨ ਉਨ੍ਹਾਂ ਪਾਸ ਹੈ ਓਨਾਂ ਦੁਨੀਆਂ ਦੇ ਹੋਰ ਕਿਸੇ ਵਿਦਵਾਨ ਕੋਲ ਨਹੀਂ; ਘੱਟ ਤੋਂ ਘੱਟ ਕਿਸੇ ਸਿੱਖ ਕੋਲ ਤਾਂ ਬਿਲਕੁਲ ਵੀ ਨਹੀਂ ਹੈ। ਦੂਸਰੀ ਵੱਡੀ ਮੁਸ਼ਕਲ ਇਹ ਹੈ ਕਿ ਜਿਨ੍ਹਾਂ ਨੂੰ ਕੁਝ ਸਮਝਾਇਆ ਜਾ ਸਕਦਾ ਹੈ; ਉਹ ਫ਼ੈਸਲੇ ਲੈਂਦੇ ਹਨ ਇਨ੍ਹਾਂ ਅਰਧ ਸਿੱਖਿਅਤ ਵਿਦਵਾਨਾਂ ਦੀ ਸਾਲਾਹ ਨਾਲ। ਅੰਦਰਲੇ ਭਰੋਸੇਯੋਗ ਵਸੀਲਿਆਂ ਰਾਹੀਂ ਜਾਣਕਾਰੀ ਮਿਲੀ ਹੈ ਕਿ ਜਿਸ ਸਮੇਂ 24 ਨਵੰਬਰ 2017 ਨੂੰ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਪੰਜ ਸਿੰਘ ਸਾਹਿਬਾਨ ਇਹ ਫ਼ੈਸਲਾ ਕਰ ਰਹੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਆਉਣ ਵਾਲਾ ਗੁਰ ਪੁਰਬ ਪੋਹ ਸੁਦੀ 7 / 25 ਦਸੰਬਰ 2017 ਨੂੰ ਮਨਾਇਆ ਜਾਵੇ ਜਾਂ 23 ਪੋਹ / 5 ਜਨਵਰੀ 2018 ਨੂੰ ਤਾਂ ਉਸ ਵੇਲੇ ਗਿਆਨੀ ਇਕਬਾਲ ਸਿੰਘ ਪਟਨੇ ਵਾਲੇ ਨੂੰ ਛੱਡ ਕੇ ਬਾਕੀ ਦੇ ਚਾਰ ਸਿੰਘ ਸਾਹਿਬ 23 ਪੋਹ / 5 ਜਨਵਰੀ ਦੇ ਹੱਕ ਵਿੱਚ ਸਨ ਪਰ ਐਨ ਮੌਕੇ ’ਤੇ ਕਰਨਲ ਸੁਰਜੀਤ ਸਿੰਘ ਨਿਸ਼ਾਨ ਆਪਣੀ ਪੁਸਤਕ ‘ਗੁਰ ਪੁਰਬ ਦਰਪਣ’ ਲੈ ਕੇ ਪੰਜਾਂ ਦੀ ਮੀਟਿੰਗ ਵਿੱਚ ਸ਼ਾਮਲ ਹੋ ਗਿਆ, ਜਿਸ ਨੇ ਆਪਣੀ ਪੁਸਤਕ ਦੀ ਇੱਕ-ਇੱਕ ਕਾਪੀ ਪੰਜਾਂ ਨੂੰ ਦੇ ਦਿੱਤੀ ਤੇ ਉਨ੍ਹਾਂ ਨੂੰ ਇਹ ਵਹਿਮ ਪਾਉਣ ਵਿੱਚ ਸਫਲ ਹੋ ਗਿਆ ਕਿ ਪੁਰੇਵਾਲ ਦੇ ਨਾਨਕਸ਼ਾਹੀ ਕੈਲੰਡਰ ਦੀਆਂ ਸਾਰੀਆਂ ਤਰੀਕਾਂ ਵਿੱਚ 4 ਤੋਂ 8 ਦਿਨਾਂ ਦੀ ਗ਼ਲਤੀ ਹੈ ਜਦੋਂ ਕਿ ਉਸ ਦੀ ਕਿਤਾਬ ਵਿੱਚ ਦਿੱਤੀਆਂ ਤਰੀਖਾਂ 100% ਸ਼ੁੱਧ ਹਨ। ਕੈਲੰਡਰ ਵਿਗਿਆਨ ਤੋਂ ਕੋਰੇ ਪੰਜਾਂ ਨੇ ਉਸ ਦੀ ਰਾਇ ਮੰਨ ਲਈ ਅਤੇ ਫ਼ੈਸਲਾ 25 ਦਸੰਬਰ ਦੇ ਹੱਕ ਵਿੱਚ ਸੁਣਾ ਦਿੱਤਾ। ਜਿੱਥੇ ਉਮੀਦ ਬੱਝੀ ਸੀ ਕਿ ਨਾਨਕਸ਼ਾਹੀ ਸੰਮਤ 550 ਦਾ ਕੈਲੰਡਰ ਜਾਰੀ ਕਰਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਅਤੇ ਪੰਜ ਸਿੰਘ ਸਾਹਿਬਾਨ ਆਪਣੀ ਭੁੱਲ ਸੁਧਾਰਨ ਲਈ ਦੋਵਾਂ ਧਿਰਾਂ ਦੇ ਵਿਦਵਾਨਾਂ ਦੀ ਸਾਂਝੀ ਮੀਟਿੰਗ ਸੱਦ ਕੇ ਹਮੇਸ਼ਾਂ ਲਈ ਇਸ ਵਿਵਾਦ ਨੂੰ ਹੱਲ ਕਰਨ ਵੱਲ ਕਦਮ ਪੁੱਟ ਸਕਦੇ ਹਨ; ਉਹ 3 ਮਾਰਚ 2018 ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੰਮਤ 550 ਦਾ ਕੈਲੰਡਰ ਰੀਲੀਜ਼ ਕਰ ਕੇ ਇਸ ਵਿਵਾਦ ਨੂੰ ਪਹਿਲਾਂ ਨਾਲੋਂ ਵੀ ਵੱਧ ਗੁੱਝਲਦਾਰ ਕਰ ਦਿੱਤਾ ਹੈ; ਕਿਉਂਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਨੂੰ ਕਰਨਲ ਨਿਸ਼ਾਨ ਦੀ ਪੁਸਤਕ ਵਿੱਚ ਦਿੱਤੀਆਂ ਤਰੀਖਾਂ ਨਾਲ ਮਿਲਾ ਕੇ ਵੇਖਿਆ ਗਿਆ ਤਾਂ ਉਸ ਵਿੱਚ 4 ਤਰੀਖਾਂ ਤਾਂ ਮੇਰੇ ਵਰਗੇ ਸਧਾਰਨ ਬੰਦੇ ਦੇ ਵੀ ਧਿਆਨ ਵਿੱਚ ਆ ਗਈਆਂ ਕਿ ਉਨ੍ਹਾਂ ਵਿੱਚ 1 ਤੋਂ 29 ਦਿਨਾਂ ਦਾ ਫ਼ਰਕ ਹੈ; ਜਿਨ੍ਹਾਂ ਦਾ ਵੇਰਵਾ ਇਸ ਦਿੱਤੇ ਗਏ ਚਾਰਟ ਵਿੱਚ ਵੇਖਿਆ ਜਾ ਸਕਦਾ ਹੈ। ਮਿਲਾਣ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੈਲੰਡਰ ਅਤੇ ਕਰਨਲ ਨਿਸ਼ਾਨ ਦੀ ਪੁਸਤਕ ਦਾ ਪੰਨਾ ਨੰ: 85 ਦੀ ਫੋਟੋ ਕਾਪੀ ਨਾਲ ਦਿੱਤੀ ਹੋਈ ਹੈ :
ਜੇਕਰ ਸ: ਪਾਲ ਸਿੰਘ ਪੁਰੇਵਾਲ ਵਰਗੇ ਵਿਦਵਾਨ ਨੇ ਇਸ ਕੈਲੰਡਰ ਨੂੰ ਪਰਖਣਾ ਹੋਵੇ ਤਾਂ ਉਹ ਅਨੇਕਾਂ ਹੋਰ ਗ਼ਲਤੀਆਂ ਇਸ ਕੈਲੰਡਰ ਵਿੱਚ ਲੱਭ ਕੇ ਵਿਖਾ ਸਕਦੇ ਹਨ ਕਿਉਂਕਿ ਪਿਛਲੇ ਸਾਲ ਅਮਰੀਕਾ ਵਿਖੇ ਮਿਤੀ 15 ਜੁਲਾਈ 2017 ਵਿਚ ਹੋਏ ਇੱਕ ਸੈਮੀਨਾਰ ਦੌਰਾਨ ਉਨ੍ਹਾਂ ਦਾਅਵਾ ਕੀਤਾ ਸੀ ਕਿ ਕਰਨਲ ਸੁਰਜੀਤ ਸਿੰਘ ਨਿਸ਼ਾਨ ਦੇ ‘ਗੁਰ ਪੁਰਬ ਦਰਪਣ’ ਵਿੱਚ 30% ਤਰੀਖਾਂ ਗ਼ਲਤ ਹਨ ਅਤੇ 70% ਤਰੀਖਾਂ ਸਹੀ ਹਨ। ਉਨ੍ਹਾਂ ਨਾਲ ਹੀ ਦਾਅਵਾ ਕੀਤਾ ਕਿ ਜੇ ਉਹ 30% ਗ਼ਲਤ ਤਰੀਖਾਂ ਨੂੰ ਸਹੀ ਸਿੱਧ ਕਰਦੇ ਹਨ ਤਾਂ ਉਨ੍ਹਾਂ ਦੀਆਂ 100% ਤਰੀਖਾਂ ਹੀ ਗ਼ਲਤ ਹਨ। ਉਨ੍ਹਾਂ ਇਹ ਵੀ ਚੁਣੌਤੀ ਦਿੱਤੀ ਸੀ ਕਿ ਜੇ ਕਰਨਲ ਨਿਸ਼ਾਨ ਅੰਤਰਾਸ਼ਟਰੀ ਕੈਲੰਡਰ ਵਿਗਿਆਨੀਆਂ ਕੋਲ ਆਪਣੀਆਂ 100% ਤਰੀਖਾਂ ਸਹੀ ਸਿੱਧ ਕਰ ਦੇਣ ਤਾਂ ਉਹ (ਸ: ਪੁਰੇਵਾਲ) ਕਰਨਲ ਨਿਸ਼ਾਨ ਨੂੰ 5 ਲੱਖ ਡਾਲਰ ਇਨਾਮ ਵਜੋਂ ਦੇਣਗੇ।
ਹੁਣ ਜਿਨ੍ਹਾਂ ਨੀਮ ਹਕੀਮਾਂ ਦੇ ਨਾਮ ਇਸ ਲੇਖ ਵਿੱਚ ਲਿਖੇ ਹਨ ਉਨ੍ਹਾਂ ਤਾਂ ਕੁਝ ਸਮਝਣਾ ਨਹੀਂ ਪਰ ਸਮੁੱਚੀ ਸਿੱਖ ਕੌਮ ਦਾ ਇਹ ਫ਼ਰਜ ਜ਼ਰੂਰ ਬਣਦਾ ਹੈ ਕਿ ਕਰਨਲ ਨਿਸ਼ਾਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਕੈਲੰਡਰ ਜਾਰੀ ਕਰਨ ਵਾਲਿਆਂ ਨੂੰ ਇਹ ਸਵਾਲ ਪੁੱਛਣ ਕਿ ਕਰਨਲ ਨਿਸ਼ਾਨ ਵੱਲੋਂ ‘ਗੁਰ ਪੁਰਬ ਦਰਪਣ’ ਵਿੱਚ ਦਿੱਤੀਆਂ ਤਰੀਖਾਂ ਗ਼ਲਤ ਹਨ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਕੈਲੰਡਰ ਵਿੱਚ ਕਿਉਂਕਿ ਵੱਖ ਵੱਖ ਹੋਣ ਕਰ ਕੇ ਦੋਵਾਂ ਦੀਆਂ ਤਰੀਖਾਂ ਤਾਂ ਠੀਕ ਹੋ ਨਹੀਂ ਸਕਦੀਆਂ, ਇਨ੍ਹਾਂ ਦੋਵਾਂ ਵਿੱਚੋਂ ਕਿਸੇ ਇੱਕ ਦੀਆਂ ਤਰੀਖਾਂ ਤਾਂ ਗ਼ਲਤ ਜ਼ਰੂਰ ਹੋਣਗੀਆਂ ਹੀ। ਹੁਣ ਅੰਤਰ ਰਾਸ਼ਟਰੀ ਵਿਦਵਾਨਾਂ ਕੋਲ ਜਾਣ ਦੀ ਵੀ ਲੋੜ ਨਹੀਂ ਰਹੇਗੀ ਕਿਉਂਕਿ ਫ਼ੈਸਲਾ ਸ਼੍ਰੋਮਣੀ ਕਮੇਟੀ/ਜਥੇਦਾਰ ਅਤੇ ਉਨ੍ਹਾਂ ਦੇ ਮੁੱਖ ਸਲਾਹਕਾਰ ਕਰਨਲ ਸੁਰਜੀਤ ਹੀ ਕਰ ਸਕਦੇ ਹਨ ਕਿ ਉਨ੍ਹਾਂ ਦੋਵਾਂ ਵਿੱਚੋਂ ਸਹੀ ਕੌਣ ਹੈ। ਇਹ ਸਵਾਲ ਵੀ ਪੁੱਛਣ ਕਿ ਜੇ ਕਰਨਲ ਨਿਸ਼ਾਨ ਦੀਆਂ ਤਰੀਖਾਂ ਗ਼ਲਤ ਹਨ ਤਾਂ ਉਹ ਅਜਿਹੇ ਨੀਮ ਹਮੀਮਾਂ ਦੀਆਂ ਸਲਾਹਾਂ ਮੰਨ ਕੇ ਸਮੁੱਚੀ ਸਿੱਖ ਕੌਮ ਨੂੰ ਗੁਰ ਪੁਰਬਾਂ ਸਬੰਧੀ ਹਮੇਸ਼ਾਂ ਹੀ ਦੁਬਿਧਾ ਵਿੱਚ ਕਿਉਂ ਫਸਾਈ ਰੱਖਣਾ ਚਾਹੁੰਦੇ ਹਨ ? ਅਤੇ ਜੇ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਤਰੀਖਾਂ ਗ਼ਲਤ ਹਨ ਤਾਂ ਕਰਨਲ ਨਿਸ਼ਾਨ ਅਤੇ ਡਾ: ਅਨੁਰਾਗ ਸਿੰਘ ਵਰਗੇ ਵਿਦਵਾਨ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਦੀ ਉਸ ਢੰਗ ਨਾਲ ਵਿਰੋਧਤਾ ਕਿਉਂ ਨਹੀਂ ਕਰਦੇ ਜਿਸ ਢੰਗ ਨਾਲ 2003 ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਕਰਦੇ ਆ ਰਹੇ ਹਨ ?
ਇਸ ਲੇਖ ਵਿੱਚ ਜਿਹੜੇ ਵਿਦਵਾਨਾਂ ਦੇ ਨਾਮ ਲਿਖ ਕੇ ਟਿੱਪਣੀ ਕੀਤੀ ਹੈ ਅਤੇ ਸ਼੍ਰੋਮਣੀ ਕਮੇਟੀ/ਸਿੰਘ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣਾ ਪੱਖ ਰੱਖਣ ਲਈ ਲੇਖ ਭੇਜਣ ਤਾਂ ਜੋ ਉਸਾਰੂ ਵਿਚਾਰ ਚਰਚਾ ਰਾਹੀਂ ਵਿਵਾਦ ਹੱਲ ਕਰਨ ਦੀ ਉਮੀਦ ਵਿੱਚ ਉਸ ਨੂੰ ਵੀ ਇਥੇ ਯੋਗ ਥਾਂ ਦਿੱਤੀ ਜਾਵੇਗੀ ਬਸ਼ਰਤੇ ਕਿ ਉਹ ਆਪਣੇ ਜਵਾਬੀ ਲੇਖ ਵਿੱਚ ਇਸ ਸਵਾਲ ਦਾ ਜਵਾਬ ਵੀ ਦੇਣ ਕਿ ਕਰਨਲ ਨਿਸ਼ਾਨ ਦੇ “ਗੁਰ ਪੁਰਬ ਦਰਪਣ” ਅਤੇ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿਚਲੀਆਂ ਤਰੀਕਾਂ ਵਿੱਚੋ ਕਿਹੜੀਆਂ ਗ਼ਲਤ ਹਨ ਅਤੇ ਉਨ੍ਹਾਂ ਗਲਤੀਆਂ ਦਾ ਕੀ ਕਾਰਨ ਹੈ ?
ਗਿਆਨੀ ਅਵਤਾਰ ਸਿੰਘ