ਵਿਰਲੇ ਦਰਸ਼ਨ ਪਾਇਆ
ਪੰਜੇ ਤੱਤ ਖ਼ੁਦਾ ਨੇ ਜੋੜੇ, ਸੁੰਦਰ ਬੁੱਤ ਬਣਾਇਆ।
ਆਪਣੀ ਸੱਤਿਆ ਵਿੱਚ ਟਿਕਾ ਕੇ ਜੀਵਨ ਖੇਲ ਰਚਾਇਆ।
ਨੱਕ ਕੰਨ ਹੱਥ ਜੀਭਾ ਦੇ ਕੇ, ਇਹ ਜੱਗ ਕਾਰੇ ਲਾਇਆ।
ਸੁਰਤ ਮੱਤ ਮਨ ਬੁੱਧੀ ਦਿੱਤੀ, ਮਾਇਆ ਸੰਗ ਭਰਮਾਇਆ।
ਰਾਹ ਕੁਰਾਹੇ ਆਪੇ ਪਾ ਕੇ ਹੁਕਮੀਂ ਨੱਥ ਚਲਾਇਆ।
ਇਕਨਾਂ ਨੂੰ ਸਭ ਸੋਝੀ ਬਖ਼ਸ਼ੀ, ਇਕਿ ਆਪੇ ਉਲਝਾਇਆ।
ਇਕਨਾਂ ਉੱਪਰ ਕਰ ਕੇ ਕਿਰਪਾ, ਆਪਣਾ ਘਰ ਦਿਖਲਾਇਆ।
ਖ਼ਾਲਕ ਖ਼ਲਕਤ ਤੂੰ ਹੀ ਤੂੰ ਹੀ, ਆਪੇ ਖਸਮ ਕਹਾਇਆ।
ਨੇੜਿਉਂ ਨੇੜੇ ਨਜ਼ਰ ਨਾ ਆਵੇਂ, ਆਪਣਾ ਆਪ ਛੁਪਾਇਆ।
ਰਹੇ ਅਲੇਪਾ ‘ਸਹਿਜ’ ਅਗੋਚਰ, ਅੰਤ ਕਿਸੇ ਨਾ ਪਾਇਆ।
ਅਰਸ਼ ਪਤਾਲਾਂ ਤੇਰਾ ਜਲਵਾ, ਵਿਰਲੇ ਦਰਸ਼ਨ ਪਾਇਆ।
ਸ. ਹਰਮਿੰਦਰ ਸਿੰਘ ਸਹਿਜ ਹੁਸ਼ਿਆਰਪੁਰ-97819-93037