ਐ ਮੇਰੇ ਸੋਹਣੇ ਪੁੱਤ ਭਰਾਵੋ। ਸਿਰ ਸੋਹਣੀ ਦਸਤਾਰ ਜਾਵੋ।
ਗਿਆਨੀ ਅੰਮ੍ਰਿਤਪਾਲ ਸਿੰਘ, ਲੁਧਿਆਣੇ ਵਾਲੇ।
ਅੱਜ ਕੁੱਝ ਯੋਰਪੀਨ ਦੇਸ਼ਾਂ ਵਿੱਚ ਸਿੱਖਾਂ ਦੀਆਂ ਦਸਤਾਰਾਂ ’ਤੇ ਪਾਬੰਦੀ ਲਗਾਈ ਜਾ ਰਹੀ ਹੈ। ਕੁੱਝ ਦੇਸ਼ਾਂ ਵਿੱਚ ਸਿੱਖਾਂ ਨੇ ਆਪਣੀ ਦਸਤਾਰ ਦੀ ਅਹਿਮੀਅਤ ਸਰਕਾਰਾਂ ਨੂੰ ਦੱਸੀ ਅਤੇ ਆਪਣੇ ਧਾਰਮਿਕ ਹੱਕਾਂ ਦੀ ਰਖਵਾਲੀ ਕੀਤੀ ਹੈ। ਭਵਿੱਖ ਵਿੱਚ ਅਜਿਹੀਆਂ ਦਸਤਾਰ ਪਾਬੰਦੀ ਦੀਆਂ ਘਟਨਾਵਾਂ ਸਿਰਫ਼ ਯੂਰੋਪ ਤੱਕ ਸੀਮਤ ਨਹੀਂ ਰਹਿਣਗੀਆਂ ਸਗੋਂ ਹੋਰ ਦੇਸ਼ਾਂ ਵਿੱਚ ਵੀ ਹੋ ਸਕਦੀਆਂ ਹਨ। ਇਸ ਲਈ ਸਾਨੂੰ ਅੱਜ ਤੋਂ ਹੀ ਦੂਰ ਦੀ ਸੋਚ ਕੇ ਚੱਲਣਾ ਪਵੇਗਾ ਅਤੇ ਆਪਣੀ ਕੌਮ ਦੇ ਭਵਿੱਖ ਦੀ ਨਵੀਂ ਰੂਪ-ਰੇਖਾ ਤਿਆਰ ਕਰਨੀ ਪਵੇਗੀ।
ਅਜੇ ਵੀ ਕਈ ਦੇਸ਼ਾਂ ਵਿੱਚ ਸਿੱਖਾਂ ਵੱਲੋਂ ਮੁਜ਼ਾਹਰੇ ਕੀਤੇ ਜਾ ਰਹੇ ਹਨ, ਸਰਕਾਰਾਂ ਨੂੰ ਮੈਮੋਰੰਡਮ ਦਿੱਤੇ ਜਾ ਰਹੇ ਹਨ। ਕਿਉਂ ? ਕਾਰਨ ਇਹ ਕਿ ਵਿਦੇਸ਼ੀ ਸਰਕਾਰਾਂ ਨੂੰ ਆਪਣੀ ਦਸਤਾਰ ਦੀ ਅਹਿਮੀਅਤ ਦੱਸੀ ਜਾਵੇ ਤਾਂ ਕਿ ਉਹ ਸਿੱਖ ਦੀ ਦਸਤਾਰ ’ਤੇ ਪਾਬੰਦੀ ਨਾ ਲਗਾਉਣ, ਪਰ ਮੈਂ ਕਈ ਵਾਰ ਸੋਚਦਾ ਹਾਂ ਕਿ ਜੇ ਕਿਤੇ ਵਿਦੇਸ਼ੀ ਸਰਕਾਰਾਂ ਸਿੱਖ ਨੌਜਵਾਨਾਂ ਦਾ ਸਰਵੇ ਕਰਨ ਲੱਗ ਜਾਣ ਤਾਂ ਅਸੀਂ ਕਿਤੇ ਵੀ ਮੂੰਹ ਲੁਕਾਉਣ ਜੋਗੇ ਨਹੀਂ ਰਹਾਂਗੇ ? ਵਿਦੇਸ਼ੀ ਸਰਕਾਰਾਂ ਇਹ ਕਹਿਣਗੀਆਂ ਕਿ ਤੁਸੀਂ ਕਿਹੜੇ ਮੂੰਹ ਨਾਲ ਸਾਡੇ ਤੋਂ ਦਸਤਾਰ ਦਾ ਹੱਕ ਮੰਗ ਰਹੇ ਹੋ ? ਤੁਹਾਡੇ ਬੱਚੇ ਤਾਂ ਦਸਤਾਰਾਂ ਸਜਾਉਣ ਨੂੰ ਤਿਆਰ ਹੀ ਨਹੀਂ ? ਤੁਸੀਂ ਆਪਣੇ ਬੱਚਿਆਂ ਨੂੰ ਤਾਂ ਦਸਤਾਰਾਂ ਦਿੱਤੀਆਂ ਹੀ ਨਹੀਂ, ਨਾ ਹੀ ਦਸਤਾਰਾਂ ਦੀ ਅਹਿਮੀਅਤ ਦੱਸੀ ਹੈ ? ਉਹ ਤਾਂ ਕੇਸ ਵੀ ਕਤਲ ਕਰਾਈ ਬੈਠੇ ਹਨ। ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਤਾਂ ਦਸਤਾਰਾਂ ਦੀ ਅਹਿਮੀਅਤ ਦੱਸੋ, ਫਿਰ ਸਾਨੂੰ ਆਪਣੀ ਦਸਤਾਰ ਦੀ ਅਹਿਮੀਅਤ ਦੱਸਣਾ। ਯਾਦ ਰੱਖਿਓ ! ਉਸ ਸਮੇਂ ਸ਼ਰਮਿੰਦਗੀ ਤੋਂ ਬਿਨਾਂ ਸਾਡੇ ਕੋਲ ਇਸ ਗੱਲ ਦਾ ਹੋਰ ਕੋਈ ਜਵਾਬ ਨਹੀਂ ਹੋਣਾ।
ਸਿਆਣਿਆਂ ਦਾ ਕਥਨ ਹੈ ਕਿ ਕਿਸੇ ਘਰ ਦੇ ਭਾਗ; ਘਰ ਦੀ ਡਿਉਢੀ (ਮੁੱਖ ਦਰਵਾਜ਼ਾ) ਤੋਂ ਪਛਾਣੇ ਜਾਂਦੇ ਹਨ। ਲੋਕ ਆਪਣੀ ਦੌਲਤ ਦੀ ਨੁਮਾਇਸ਼ ਨਹੀਂ ਕਰਦੇ ਬਲਕਿ ਤਿਜੌਰੀ ਵਿੱਚ ਜਾਂ ਬੈਂਕ ਵਿੱਚ ਸੰਭਾਲ ਕੇ ਰੱਖਦੇ ਹਨ। ਅਮੀਰੀ ਜ਼ਾਹਰ ਕਰਨ ਲਈ ਘਰ ਦੇ ਦਰਵਾਜ਼ੇ ਖ਼ੂਬਸੂਰਤ ਤੇ ਮਜ਼ਬੂਤ ਬਣਾਏ ਜਾਂਦੇ ਹਨ। ਜਿਸ ਘਰ ਦਾ ਦਰਵਾਜ਼ਾ ਕਮਜ਼ੋਰ ਤੇ ਟੁੱਟਿਆ ਹੋਇਆ ਹੋਵੇ ਤਾਂ ਇਹ ਸਮਝਿਆ ਜਾਂਦਾ ਹੈ ਕਿ ਘਰ ਵਿੱਚ ਕੋਈ ਕੀਮਤੀ ਚੀਜ਼ ਨਹੀਂ ਹੈ। ਜੇ ਘਰ ਦਾ ਦਰਵਾਜ਼ਾ ਖ਼ੂਬਸੂਰਤ ਤੇ ਮਜ਼ਬੂਤ ਹੋਵੇ ਤਾਂ ਇਹ ਜ਼ਾਹਰ ਕਰਦਾ ਹੈ ਕਿ ਇਸ ਘਰ ਵਿੱਚ ਕੋਈ ਕੀਮਤੀ ਚੀਜ਼ ਹੈ। ਘਰ ਦੇ ਭਾਗ; ਘਰ ਦੇ ਦਰਵਾਜ਼ੇ ਤੋਂ ਪਛਾਣੇ ਜਾਂਦੇ ਹਨ ‘‘ਮੰਦਰਿ ਭਾਗੁ ਸੋਭ ਦੁਆਰੈ; ਅਨਹਤ ਰੁਣੁ ਝੁਣੁ ਲਾਏ ॥ ਕਹੁ ਨਾਨਕ ! ਸਦਾ ਰੰਗੁ ਮਾਣੇ; ਗ੍ਰਿਹ ਪ੍ਰਿਅ ਥੀਤੇ ਸਦ ਥਾਏ ॥’’ (ਮਹਲਾ ੫/੫੩੩)
ਇਸੇ ਤਰ੍ਹਾਂ ਸਿੱਖੀ ਰੂਪੀ ਘਰ ਦਾ ਦਰਵਾਜ਼ਾ ਸਿੱਖ ਦਾ ਚਿਹਰਾ ਹੈ। ਜੇ ਕਿਸੇ ਸਿੱਖ ਦੇ ਸਿਰ ’ਤੇ ਦਸਤਾਰ ਨਹੀਂ ਹੈ, ਸਿਰ ’ਤੇ ਕੇਸ ਨਹੀਂ ਹਨ, ਦਾਹੜਾ ਤੇ ਮੁਛਹਿਰੇ ਕਤਲ ਕੀਤੇ ਹੋਏ ਹਨ ਤਾਂ ਸਮਝੋ ਕਿ ਘਰ ਦਾ ਦਰਵਾਜ਼ਾ ਤਿੜਕਿਆ ਹੋਇਆ ਤੇ ਕਮਜ਼ੋਰ ਹੈ। ਹੁਣ ਇਸ ਘਰ ਵਿੱਚ ਸਿੱਖੀ ਦੀ ਦੌਲਤ ਨਹੀਂ ਰਹੀ। ਕੇਸਗੜ੍ਹ ਦੇ ਦਰਵਾਜ਼ੇ ਵਿੱਚ ਆਈ ਹੋਈ ਤਰੇੜ ਹੀ ਦੱਸ ਦਿੰਦੀ ਹੈ ਕਿ ਸਿੱਖੀ ਦਾ ਕਿਲ੍ਹਾ ਮਜ਼ਬੂਤ ਨਹੀਂ ਰਿਹਾ, ਕਮਜ਼ੋਰ ਹੋ ਗਿਆ ਹੈ। ਜੇ ਕਿਸੇ ਸਿੱਖ ਦੇ ਚਿਹਰੇ ਦਾ ਦਰਵਾਜ਼ਾ ਸਾਬਤ ਤੇ ਖ਼ੂਬਸੂਰਤ ਨਜ਼ਰ ਆਏ ਤਾਂ ਲੋਕ ਸਮਝਦੇ ਹਨ ਕਿ ਇਸ ਦੇ ਜੀਵਨ ਵਿੱਚ ਘਰ ਵਿੱਚ ਜ਼ਰੂਰ ਸਿੱਖੀ ਦਾ ਖ਼ਜ਼ਾਨਾ ਹੋਵੇਗਾ। ਕੇਸ ਅਤੇ ਦਸਤਾਰ ਸਿੱਖੀ ਦੀ ਦੌਲਤ ਹੋਣ ਦੀ ਪਹਿਲੀ ਨਿਸ਼ਾਨੀ ਹੈ, ਪਰ ਇਸ ਦੇ ਨਾਲ ਹੀ ਇਹ ਵੀ ਯਾਦ ਰੱਖੋ ਕਿ ਜੇ ਦਰਵਾਜ਼ਾ ਸਾਬਤ ਹੈ ਤਾਂ ਅੰਦਰ ਸਿੱਖੀ ਦੀ ਦੌਲਤ ਹੋਣੀ ਵੀ ਬਹੁਤ ਜ਼ਰੂਰੀ ਹੈ।
ਕਦੀ ਨਾਦਿਰ ਸ਼ਾਹ ਨੇ ਹੰਕਾਰ ਵਿੱਚ ਭਰ ਕੇ ਜ਼ਕਰੀਆ ਖਾਨ ਨੂੰ ਕਿਹਾ ਸੀ ਕਿ ਮੈਂ ਭਾਰਤ ਦਾ ਬਾਦਸ਼ਾਹ ਹਾਂ। ਮੇਰੇ ਵਿੱਚ ਇੰਨੀ ਤਾਕਤ ਹੈ ਕਿ ਮੈਂ ਇਹਨਾਂ ਸਿੱਖਾਂ ਨੂੰ ਦਬਾ ਲਵਾਂਗਾ। ਜ਼ਕਰੀਆ ਖਾਨ ਕਹਿਣ ਲੱਗਾ ਕਿ ਰਹਿਣ ਦੇ ਨਾਦਿਰ ਸ਼ਾਹ। ਤੂੰ ਇੱਕ ਬਾਦਸ਼ਾਹ ਹੈਂ, ਇਹ ਸਿੱਖ ਸਾਰੇ ਹੀ ਬਾਦਸ਼ਾਹ ਨੇ। ਨਾਦਿਰ ਸ਼ਾਹ ਬੜਾ ਹੈਰਾਨ ਹੋਇਆ। ਕਹਿਣ ਲੱਗਾ ਕਿ ਜੇ ਸਿੱਖ ਬਾਦਸ਼ਾਹ ਨੇ ਤਾਂ ਇਹਨਾਂ ਦੇ ਵੱਡੇ-ਵੱਡੇ ਮਹਿਲ ਹੋਣਗੇ। ਇਹਨਾਂ ਕੋਲ ਵਧੀਆ ਘੋੜੇ ਤੇ ਆਧੁਨਿਕ ਹਥਿਆਰ ਹੋਣਗੇ। ਇਹ ਸਿੱਖ ਤਾਂ ਕੀਮਤੀ ਰੇਸ਼ਮੀ ਬਸਤਰ ਪਹਿਨਦੇ ਹੋਣਗੇ। ਇਹਨਾਂ ਦੀਆਂ ਖੁਰਾਕਾਂ ਬਹੁਤ ਵਧੀਆ ਹੋਣਗੀਆਂ। ਇਹ ਤਾਂ ਘਿਉ-ਬਦਾਮ ਖਾਂਦੇ ਹੋਣਗੇ।
ਜ਼ਕਰੀਆ ਖਾਨ ਕਹਿਣ ਲੱਗਾ ਕਿ ਨਹੀਂ। ਇਹ ਮਹਿਲਾਂ ਵਿੱਚ ਨਹੀਂ ਰਹਿੰਦੇ ਸਗੋਂ ਜੰਗਲ਼ਾਂ ਤੇ ਪਹਾੜਾਂ ਵਿੱਚ ਰਹਿੰਦੇ ਹਨ। ਇਹਨਾਂ ਕੋਲ ਵਧੀਆ ਨਸਲ ਦੇ ਘੋੜੇ ਤੇ ਆਧੁਨਿਕ ਹਥਿਆਰ ਵੀ ਨਹੀਂ ਹਨ ਸਗੋਂ ਇਹ ਲੋਕ ਕਮਜ਼ੋਰ ਖੱਚਰਾਂ ਤੇ ਬੈਠ ਕੇ ਸਿਰਫ਼ ਆਪਣੀਆਂ ਕਿਰਪਾਨਾਂ ਨਾਲ ਹੀ ਸਾਡੇ ਨਾਲ ਲੜੀ ਜਾਂਦੇ ਹਨ। ਇਹ ਰੇਸ਼ਮੀ ਬਸਤਰ ਨਹੀਂ ਪਹਿਨਦੇ ਸਗੋਂ ਸਰੀਰ ’ਤੇ ਇਕ ਚਾਦਰ ਤੇ ਕਛਹਿਰੇ ਨਾਲ ਹੀ ਸਰਦੀ-ਗਰਮੀ ਲੰਘਾ ਲੈਂਦੇ ਹਨ।
ਨਾਦਿਰ ਹੋਰ ਹੈਰਾਨ ਹੋ ਕੇ ਕਹਿਣ ਲੱਗਾ ਕਿ ਜੇ ਇਹ ਲੋਕ ਇੰਨੇ ਗਰੀਬ ਤੇ ਇੰਨੀਆਂ ਮੁਸ਼ਕਲਾਂ ਵਿੱਚ ਘਿਰੇ ਹੋਏ ਮੁਸੀਬਤਾਂ ਦੇ ਮਾਰੇ ਹਨ ਤਾਂ ਫਿਰ ਇਹ ਆਪਣੇ ਆਪ ਨੂੰ ਬਾਦਸ਼ਾਹ ਕਿਉਂ ਅਖਵਾਉਂਦੇ ਹਨ ?
ਜ਼ਕਰੀਆ ਖਾਨ ਕਹਿਣ ਲੱਗਾ ਕਿ ਐ ਨਾਦਿਰ ਸ਼ਾਹ ! ਧਿਆਨ ਨਾਲ ਸੁਣ। ਇਹ ਮੁਸ਼ਕਲਾਂ ਤੋਂ ਘਬਰਾਉਂਦੇ ਨਹੀਂ ਹਨ ਸਗੋਂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਜਦੋਂ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ, ਇਸ਼ਨਾਨ ਕਰਕੇ ਨਿੱਤਨੇਮ ਦਾ ਪਾਠ ਕਰਦਾ ਹੈ। ਫਿਰ ਇੱਕ-ਇੱਕ ਲੜ ਸੋਹਣਾ ਚਿਣ-ਚਿਣ ਕੇ ਦਸਤਾਰ ਸਜਾਉਂਦਾ ਹੈ ਤੇ ਆਪਣਾ ਰੋਅਬਦਾਰ ਸਰੂਪ ਵੇਖ ਕੇ ਆਖਦਾ ਹੈ ਕਿ ਬਾਦਸ਼ਾਹ ਨੇ ਸਿਰ ’ਤੇ ਤਾਜ ਸਜਾ ਲਿਆ ਹੈ। ਇਹਨਾਂ ਦੇ ਸਿਰ ਦੀ ਦਸਤਾਰ ਇਹਨਾਂ ਦੇ ਸਿਰ ਦਾ ਤਾਜ ਹੈ। ਸਿਰ ’ਤੇ ਦਸਤਾਰ ਸਜਾ ਕੇ ਇਹ ਆਪਣੇ ਆਪ ਨੂੰ ਬਾਦਸ਼ਾਹ ਤੋਂ ਘੱਟ ਨਹੀਂ ਸਮਝਦੇ। ਐ ਨਾਦਿਰ ਸ਼ਾਹ ! ਤੂੰ ਤਾਂ ਇਕ ਬਾਦਸ਼ਾਹ ਹੈਂ, ਇਹ ਸਿਰ ’ਤੇ ਦਸਤਾਰ ਸਜਾਉਣ ਵਾਲੇ ਸਾਰੇ ਹੀ ਬਾਦਸ਼ਾਹ ਨੇ।
ਨਾਦਿਰ ਸ਼ਾਹ ਨੇ ਬੜੇ ਵਿਸ਼ਵਾਸ ਨਾਲ ਕਿਹਾ ਕਿ ਜੇ ਇਹ ਗੱਲ ਹੈ ਤਾਂ ਇਕ ਸਮਾਂ ਐਸਾ ਆਵੇਗਾ ਕਿ ਇਹ ਦਸਤਾਰ ਸਜਾਉਣ ਵਾਲੇ ਕਦੀ ਇਸ ਦੇਸ ’ਤੇ ਰਾਜ ਕਰਨਗੇ।
ਸੱਚ ਮੁਚ ! ਕਲਗੀਧਰ ਪਾਤਸ਼ਾਹ ਜੀ ਨੇ ਸਿੱਖ ਨੂੰ ਦਸਤਾਰ ਦੀ ਦਾਤ ਬਖ਼ਸ਼ਸ਼ ਕਰਕੇ ਬਾਦਸ਼ਾਹੀ ਬਖ਼ਸ਼ੀ ਹੈ। ਸਿੱਖ ਨੂੰ ਹੁਕਮ ਹੈ ਕਿ ਸਿੱਖ ਦੋਨੋਂ ਵਕਤ ਕੰਘਾ ਕਰਕੇ, ਇੱਕ-ਇੱਕ ਲੜ ਚੁਣ ਕੇ ਸੋਹਣੀ ਦਸਤਾਰ ਸਜਾਏ ਅਤੇ ਨਾਲ ਹੀ ਹਰ ਵਕਤ ਇਸ ਦੀ ਸੰਭਾਲ ਵੀ ਕਰੇ। ਸਾਡੇ ਰਹਿਤਨਾਮਿਆਂ ਵਿੱਚ ਇਸ ਤਰ੍ਹਾਂ ਦੇ ਅਨੇਕ ਬਚਨ ਮਿਲਦੇ ਹਨ। ਜਿਵੇਂ ਭਾਈ ਨੰਦ ਲਾਲ ਜੀ ਦੀ ਬਾਣੀ ਵਿੱਚ ਇਕ ਬਚਨ ਹੈ ‘‘ਕੰਘਾ ਦੋਨੋ ਵਕਤ ਕਰ, ਪਾਗ ਚੁਨੈ ਕਰ ਬਾਂਧਈ। ਦਾਤਨ ਨੀਤ ਕਰੇਇ, ਨਾ ਦੁਖ ਪਾਵੇ ਲਾਲ ਜੀ।’’ ਇਕ ਹੋਰ ਰਹਿਤਨਾਮੇ ਦਾ ਕਥਨ ਹੈ ‘ਦੁਇ ਵੇਲੇ ਬੰਧਯੋ ਦਸਤਾਰੰ। ਆਠ ਪਹਰ ਰਖਯੋ ਸੰਭਾਰੰ।’
ਭਗਤ ਨਾਮਦੇਵ ਜੀ ਦਾ ਬਚਨ ਯਾਦ ਆ ਜਾਂਦਾ ਹੈ ਕਿ ਅਕਾਲ ਪੁਰਖ ਨੇ ਵੀ ਸੀਸ ’ਤੇ ਦਸਤਾਰ ਸਜਾਈ ਹੋਈ ਹੈ। ਨਿਰੀ ਦਸਤਾਰ ਹੀ ਨਹੀਂ ਬਲਕਿ ਉਸ ਦੀ ਦਸਤਾਰ ਖ਼ੂਬਸੂਰਤ ਵੀ ਹੈ। ਐ ਮੇਰੇ ਪ੍ਰਭੂ ! ਤੇਰੇ ਸੀਸ ’ਤੇ ਸਜੀ ਹੋਈ ਦਸਤਾਰ ਬਹੁਤ ਹੀ ਖ਼ੂਬਸੂਰਤ ਹੈ ਤੇ ਤੇਰੇ ਬੋਲ ਵੀ ਬਹੁਤ ਮਿੱਠੇ ਹਨ ‘‘ਖੂਬੁ ਤੇਰੀ ਪਗਰੀ; ਮੀਠੇ ਤੇਰੇ ਬੋਲ ॥’’ (ਭਗਤ ਨਾਮਦੇਵ/੭੨੭)
ਸਿੱਖ ਵੀ ਜਦੋਂ ਆਪਣੇ ਸੀਸ ’ਤੇ ਖ਼ੂਬਸੂਰਤ ਦਸਤਾਰ ਸਜਾਉਂਦਾ ਹੈ ਤਾਂ ਅਤਿ ਸੁੰਦਰ, ਮਨ ਨੂੰ ਮੋਹ ਲੈਣ ਵਾਲੇ ਰੱਬ ਦਾ ਹੀ ਰੂਪ ਨਜ਼ਰ ਆਉਂਦਾ ਹੈ। ਕਿਸੇ ਨੌਜਵਾਨ ਵੀਰ ਨੇ ਬੜੀ ਖ਼ੂਬਸੂਰਤ ਇਹ ਗੱਲ ਕਹੀ ਕਿ ‘ਸਵੇਰੇ ਉੱਠ ਕੇ ਤਿਆਰ ਹੁੰਦਿਆਂ ਪਹਿਲਾਂ ਮੈਂ ਆਪਣੀ ਦਸਤਾਰ ਸਜਾਉਂਦਾ ਹਾਂ, ਫਿਰ ਦਸਤਾਰ ਮੈਨੂੰ ਸਾਰਾ ਦਿਨ ਸਜਾ ਕੇ ਰੱਖਦੀ ਹੈ।’ ਇਸ ਲਈ ਅੱਜ ਸਭ ਤੋਂ ਪਹਿਲਾਂ ਗੁਰਸਿੱਖ ਮਾਤਾ-ਪਿਤਾ, ਫਿਰ ਸਾਰੀਆਂ ਸਿੱਖ ਸੰਸਥਾਵਾਂ, ਗੁਰਦੁਆਰਿਆਂ, ਪ੍ਰਬੰਧਕਾਂ ਤੇ ਪ੍ਰਚਾਰਕਾਂ ਦਾ ਫ਼ਰਜ਼ ਬਣਦਾ ਹੈ ਕਿ ਨੌਜਵਾਨਾਂ ਤੇ ਬੱਚਿਆਂ ਨੂੰ ਅਕਾਲ ਪੁਰਖ ਦੀ ਦਾਤ ਕੇਸਾਂ ਦੀ ਅਤੇ ਦਸਤਾਰ ਦੀ ਅਹਿਮੀਅਤ ਦੱਸ ਕੇ ਆਪਣਾ ਕੌਮੀ ਫ਼ਰਜ਼ ਪੂਰਾ ਕੀਤਾ ਜਾਵੇ।
ਇਸ ਕੌਮੀ ਫ਼ਰਜ਼ ਨੂੰ ਨਿਭਾਉਣ ਲਈ ਮਾਤਾ-ਪਿਤਾ ਵੱਲੋਂ ਬਚਪਨ ਤੋਂ ਹੀ ਬੱਚਿਆਂ ਨੂੰ ਕੇਸਾਂ ਅਤੇ ਦਸਤਾਰ ਦੀ ਮਹੱਤਤਾ ਸੰਬੰਧੀ ਸੁਚੇਤ ਕਰ ਦੇਣਾ ਚਾਹੀਦਾ ਹੈ। ਛੋਟੇ-ਛੋਟੇ ਪਟਕੇ ਬੰਨਣ ਦੇ ਰੁਝਾਨ ਨੂੰ ਖਤਮ ਕਰ ਦਸਤਾਰ ਸਜਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਸਿੱਖ ਸੰਸਥਾਵਾਂ ਨੂੰ ਇਸ ਕਾਰਜ ਲਈ ਯੋਗ ਉਪਰਾਲੇ ਕਰਨੇ ਚਾਹੀਦੇ ਹਨ, ਜਿਹਨਾਂ ਵਿੱਚ ਕੇਸਾਂ ਅਤੇ ਦਸਤਾਰ ਦੀ ਮਹੱਤਤਾ ਬਾਰੇ ਲਿਟਰੇਚਰ ਛਪਵਾ ਕੇ ਵੰਡਣਾ ਚਾਹੀਦਾ ਹੈ। ਘਰ-ਘਰ ਜਾ ਕੇ ਬੱਚਿਆਂ ਦੇ ਸ਼ੰਕਿਆਂ ਦੇ ਜਵਾਬ ਦੇਣੇ ਚਾਹੀਦੇ ਹਨ। ਰੋਜ਼ਾਨਾ ਦਸਤਾਰ ਸਜਾਉਣ ਵਾਲਿਆਂ ਨੂੰ ਢੁੱਕਵੇਂ ਇਨਾਮ ਦੇ ਕੇ ਹੋਰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਤਾਂ ਜੋ ਹੋਰ ਬੱਚੇ ਵੀ ਆਕਰਸ਼ਿਤ ਹੋ ਸਕਣ।
ਗੁਰਦੁਆਰਿਆਂ ਵਿੱਚ ਕੇਸਾਂ ਅਤੇ ਦਸਤਾਰ ਦੀ ਅਹਿਮੀਅਤ ਸੰਬੰਧੀ ਗੁਰਮਤਿ ਕੈਂਪ ਲੱਗਣੇ ਚਾਹੀਦੇ ਹਨ। ਸਕੂਲ, ਕਾਲਜ ਤੋਂ ਛੁੱਟੀ ਵਾਲੇ ਦਿਨ ਆਕਰਸ਼ਕ ਤਰੀਕਿਆਂ ਨਾਲ ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰਬਾਣੀ ਅਤੇ ਇਤਿਹਾਸ ਦੀ ਵੀਚਾਰ ਦ੍ਰਿੜ੍ਹ ਕਰਾਉਣੀ ਚਾਹੀਦੀ ਹੈ। ਕੇਸਾਂ ਦੀ ਸੰਭਾਲ ਦੇ ਅਤੇ ਦਸਤਾਰ ਸਜਾਉਣ ਦੇ ਯੋਗ ਤਰੀਕੇ ਸਮਝਾਉਣੇ ਚਾਹੀਦੇ ਹਨ।
ਜੇ ਹਰ ਇਕ ਗੁਰਸਿੱਖ ਆਪਣਾ ਕੌਮ ਪ੍ਰਤੀ ਫ਼ਰਜ਼ ਨਿਭਾਉਣਾ ਸ਼ੁਰੂ ਕਰ ਦੇਵੇ ਤਾਂ ਉਹ ਦਿਨ ਦੂਰ ਨਹੀਂ, ਜਦੋਂ ਗੁਰੂ ਨਾਨਕ ਦੀ ਸਿੱਖੀ ਘਰ-ਘਰ ਪਹੁੰਚ ਜਾਵੇਗੀ। ਭਾਈ ਗੁਰਦਾਸ ਜੀ ਦੇ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦਾ ਇਕ ਸੁਫਨਾ ਹੈ ਕਿ ਹਰ ਘਰ ਧਰਮ ਦਾ ਘਰ ਬਣ ਜਾਏ। ਹਰ ਘਰ ਵਿੱਚ ਅਕਾਲ ਪੁਰਖ ਦੀ ਸਿਫ਼ਤ ਗਾਈ ਜਾਵੇ। ਫਿਰ ਇਹ ਸੁਫਨਾ ਵੀ ਪੂਰਾ ਹੋ ਜਾਵੇਗਾ ‘‘ਘਰਿ ਘਰਿ ਅੰਦਰਿ ਧਰਮਸਾਲ; ਹੋਵੈ ਕੀਰਤਨੁ ਸਦਾ ਵਿਸੋਆ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੭)