ਅਰਦਾਸ ਤੇ ਯਕੀਨ ਨਹੀਂ !

0
307

ਅਰਦਾਸ ਤੇ ਯਕੀਨ ਨਹੀਂ  ! 

            – ਗੁਰਪ੍ਰੀਤ ਸਿੰਘ ( U.S.A )

‘‘ਵੀਰ ਜੀ  ! ਤੁਹਾਨੂੰ ਅੱਜ ਕੀ ਹੋ ਗਿਆ ਸੀ ? ਤੁਸੀਂ ਅਰਦਾਸ ਵਿੱਚ ਖੜ੍ਹੇ ਹੀ ਹੱਸ ਪਏ ? ਬਾਕੀ ਸੰਗਤ ਕੀ ਸੋਚਦੀ ਹੋਵੇਗੀ ? ਤੁਸੀਂ ਠੀਕ ਤਾਂ ਹੋ ?’’

ਆਓ, ਸੱਥ ਵਿੱਚ ਚੱਲਦੇ ਹਾਂ ਛੋਟੇ ਵੀਰ  !  ਫਿਰ ਜੋ ਮਰਜ਼ੀ ਪੁੱਛ ਲੈਣਾ।

‘‘ਹੈਂ ! …. ਸੱਥ ਤਾਂ ਪਿੰਡ ਵਿੱਚ ਹੁੰਦੀ ਸੀ, ਇਹ ਤਾਂ ਗੁਰਦੁਆਰਾ ਹੈ ?’’

ਮੇਰੀ ਮੁਰਾਦ ਲੰਗਰ ਹਾਲ ਤੋਂ ਹੈ।  ਅਜੋਕੇ ਲੰਗਰ ਹਾਲ, ਸੱਥ ਦਾ ਰੂਪ ਹੀ ਤਾਂ ਧਾਰਨ ਕਰ ਚੁੱਕੇ ਹਨ।

‘‘ਵੀਰ ਜੀ  !  ਮੈਨੂੰ ਲੱਗਦਾ ਹੈ ਕਿ ਤੁਸੀਂ ਗੁਸਤਾਖ਼ੀ ਕਰ ਰਹੇ ਹੋ । ਤੁਹਾਨੂੰ ਲੰਗਰ ਬਾਰੇ ਸਤਿਕਾਰ ਨਾਲ ਬੋਲਣਾ ਚਾਹੀਦਾ ਹੈ।’’

ਓਹ ਨਹੀਂ ਨਿੱਕੇ ਵੀਰ  !  ਤੂੰ ਸ਼ਾਇਦ ਗ਼ਲਤ ਸਮਝ ਗਿਆ। ਲੰਗਰ ਦੀ ਰਵਾਇਤ ਤਾਂ ਸਾਡੇ ਧਰਮ ਦੀ ਇੱਕ ਨਿਵੇਕਲੀ ਸ਼ਾਨ ਹੈ। ਇਸ ਸੰਕਲਪ ਦਾ ਉਦੇਸ਼ ਨਾ ਕੇਵਲ ਸੰਗਤ ਦੀ ਭੋਜਨ ਕਰਨ ਦੀ ਬੁਨਿਆਦੀ ਲੋੜ ਨੂੰ ਪੂਰਾ ਕਰਨਾ ਸੀ ਬਲਕਿ ਮਨੁੱਖ ਮਾਤਰ ਨੂੰ ਊਚ ਨੀਚ ਅਥਵਾ ਜਾਤ – ਪਾਤ ਅਤੇ ਜਾਤ-ਗੋਤ ਦੇ ਕੋਹੜ ਤੋਂ ਮੁਕਤ ਹੋਣ ਦੀ ਪ੍ਰੇਰਣਾ ਦੇਣਾ ਵੀ ਸੀ।  ਗੁਰੂ ਅਮਰਦਾਸ ਜੀ ਵੇਲ਼ੇ ਜਾਤ ਅਭਿਮਾਨੀਆਂ ਨੇ ਬੜਾ ਜੋਰ ਲਾਇਆ ਸੀ ਕਿ ਜੇ ਹੋਰ ਨਹੀਂ ਤਾਂ ਲੰਗਰ ਵਿੱਚ ਵੱਖੋ – ਵੱਖਰੀਆਂ ਪੰਗਤਾਂ ਹੀ ਲਵਾ ਲਈਆਂ ਜਾਣ ਪਰ ਗੁਰੂ ਪਾਤਸ਼ਾਹ ਜੀ ਦੀ ਦ੍ਰਿੜ੍ਹਤਾ ਅੱਗੇ ਕਿਸੇ ਦੀ ਕੋਈ ਪੇਸ਼ ਨਹੀਂ ਗਈ।  ਅੱਜ ਵੀ ਜਾਤ ਅਭਿਮਾਨੀ ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਦੇ ਹਨ ਪਰ ਗੁਰੂ ਸਾਹਿਬ ਜੀ ਦਾ ਹੁਕਮ ਮੰਨਣ ਤੋਂ ਇਨਕਾਰੀ ਹੋ ਕੇ ਆਪਣੇ ਨਾਮ ਮਗਰ ਲੱਗੀਆਂ ਪੂਛਾਂ ਲਾਹੁਣ ਲਈ ਰਾਜ਼ੀ ਨਹੀਂ ਹੁੰਦੇ। ਗੁਰੂ ਸਾਹਿਬ ਜੀ ਅਜਿਹੇ ਦੋਗਲਿਆਂ ਨੂੰ ਤਾੜਨਾ ਕਰਦੇ ਵਚਨ ਕਰਦੇ ਹਨ :

ਜਾਤਿ ਕਾ ਗਰਬੁ; ਨ ਕਰਿ ਮੂਰਖ ਗਵਾਰਾ ॥  ਇਸੁ ਗਰਬ ਤੇ ਚਲਹਿ; ਬਹੁਤੁ ਵਿਕਾਰਾ ॥ (ਮਹਲਾ ੩/੧੧੨੮)

ਜੇ ਅੰਦਰੋਂ ਖੋਟੇ ਹੀ ਰਹਿਣਾ ਹੈ ਤਾਂ ਨਿਰਾ ਸਿਰ ਨਿਵਾਉਣਾ ਇੱਕ ਪਾਖੰਡ ਤੋਂ ਵੱਧ ਕੁਝ ਵੀ ਨਹੀਂ:

ਸੀਸਿ ਨਿਵਾਇਐ, ਕਿਆ ਥੀਐ  ?  ਜਾ ਰਿਦੈ ਕੁਸੁਧੇ ਜਾਹਿ ॥ (ਮਹਲਾ ੧/੪੭੦)

ਗੁਰੂ ਨਾਨਕ ਜੀ ਨੇ ਤਾਂ ਬਿਖੜੇ ਪੈਂਡੇ ਗਾਹੇ, ਦੂਰ-ਦੁਰਾਡੇ ਉਦਾਸੀਆਂ ਕਰ ਕੇ ਗੁਰ ਸ਼ਬਦ ਰਾਹੀਂ ਸੱਚ ਪ੍ਰਗਟ ਕੀਤਾ ਪਰ ਸਾਨੂੰ ਤਾਂ ਬੈਠੇ- ਬਿਠਾਇਆਂ ਨੂੰ ਅਨਮੋਲਕ ਖ਼ਜ਼ਾਨਾ ਮਿਲ ਰਿਹਾ ਹੈ, ਇਸ ਦੇ ਬਾਵਜੂਦ ਸਕੱਤਰ ਵੀਰ ਹੋਰਾਂ ਨੂੰ ਵਾਰ-ਵਾਰ ਕੂਕਣਾ ਪੈਂਦਾ ਹੈ ਕਿ ਕ੍ਰਿਪਾ ਕਰੋ- ਲੰਗਰ ਛੱਕ ਲਿਆ ਹੈ ਤਾਂ ਦੀਵਾਨ ਹਾਲ ਵਿੱਚ ਪਧਾਰੋ ਜੀ  !

ਤੂੰ ਆਪ ਹੀ ਦੇਖ ਲਿਆ ਨਾ ਕਿ ਦੀਵਾਨ ਹਾਲ ਅੰਦਰ ਉਹੀ ਗਿਣੇ- ਚੁਣੇ ਢਾਈ ਟੋਟਰੂ ਸਨ ਤੇ ਹੁਣ ਵੇਖ !  ਉਹ ਸਾਹਮਣੇ ਲੰਗਰ ਹਾਲ ਵੱਲ, ਲੰਗਰ ਛਕ ਕੇ ਵੀ ਕਿੰਨੀ ਮਸਤੀ ’ਚ ਇੱਥੇ ਹੀ ਡਟੇ ਹੋਏ ਨੇ ਅਤੇ ਹਾਸਾ ਠੱਠਾ ਕਰ ਕੇ ਚਿਹਰੇ ਕਿਵੇਂ ਦਮਕਾ (ਚਮਕ) ਰਹੇ ਹਨ। ਫਿਰ ਹੁਣ ਦੱਸ, ਅਜਿਹੇ ਲੰਗਰ ਹਾਲ ਵੇਖ ਕੇ ਸੱਥ ਦਾ ਭੁਲੇਖਾ ਪੈਂਦਾ ਕਿ ਨਹੀਂ  ?

‘‘ਹੂੰ……..ਵੀਰ ਜੀ  ! ਤੁਹਾਡੀ ਗੱਲ ਸਹੀ ਜਾਪਦੀ ਹੈ, ਪਰ ਤੁਸੀਂ ਇਹ ਤਾਂ ਦੱਸਿਆ ਹੀ ਨਹੀਂ ਕਿ ਤੁਹਾਨੂੰ ਅਰਦਾਸ ਵਿੱਚ ਕਿਹੜੀ ਗੱਲ ਤੋਂ ਹਾਸਾ ਆਇਆ ਸੀ ?’’

ਤਾਂ ਧਿਆਨ ਨਾਲ ਮੁੱਖ ਵਜ਼ੀਰ ਦੁਆਰਾ ਕੀਤੀ ਅਰਦਾਸ ਦੇ ਬੋਲ ਦੁਬਾਰਾ ਸੁਣੋ (ਅੱਜ ਤੋਂ ਪੰਜ ਸਾਲ ਪਹਿਲਾਂ ਫਲਾਣੇ ਪਰਿਵਾਰ ਦੇ ਬਜ਼ੁਰਗ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਆਤਮਾ ਨੂੰ ਸ਼ਾਂਤੀ, ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣਾ ਅਤੇ ਪਰਿਵਾਰ ਨੂੰ ਇਸੇ ਤਰ੍ਹਾਂ ਆਪਣੇ ਬਜ਼ੁਰਗਾਂ ਦੇ ਦਿਹਾੜੇ ਮਨਾਉਣ ਦਾ ਉਤਸ਼ਾਹ ਬਖ਼ਸ਼ਦੇ ਰਹਿਣਾ, ਜੀ  !)

‘‘ਵੀਰ ਜੀ  !  ਸਾਰੇ ਅਜਿਹੀ ਅਰਦਾਸ ਹੀ ਤਾਂ ਕਰਦੇ ਹਨ, ਇਸ ਵਿੱਚ ਭਲਾ ਹੱਸਣ ਵਾਲੀ ਕਿਹੜੀ ਗੱਲ ਹੋਈ ?’’

ਹੱਸਣ ਵਾਲੀ ਭਾਵੇਂ ਕੋਈ ਗੱਲ ਨਾ ਹੋਵੇ ਪਰ ਵਿਚਾਰਨ ਵਾਲੀ ਜ਼ਰੂਰ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਬਰਸੀਆਂ ਮਨਾਉਣਾ ਗੁਰਮਤਿ ਅਨੁਸਾਰੀ ਨਹੀਂ ਹੈ। ਦੂਜੀ ਗੱਲ, ਅਰਦਾਸ ਵਿੱਚ ਗੁਰੂ ਦੇ ਇਹ ਵਜ਼ੀਰ, ਭਵਿੱਖ ’ਚ ਵੀ ਆਪਣੇ ਵਪਾਰ ਨੂੰ ਪੱਕਾ ਕਰਨ ਦਾ ਉਪਰਾਲਾ ਕਰਦੇ ਨਜ਼ਰ ਆਉਦੇ ਹਨ, ਪਰ ਸਭ ਤੋਂ ਅਹਿਮ ਤੇ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਪਿਛਲੇ ਪੰਜਾਂ ਸਾਲਾਂ ਤੋਂ ਹਰ ਸਾਲ ਹੀ, ਉਸ ਵਿਛੜੀ ਆਤਮਾ ਨੂੰ ਆਪਣੇ ਚਰਨਾਂ ’ਚ ਨਿਵਾਸ ਤੇ ਸ਼ਾਂਤੀ ਬਖ਼ਸ਼ਣ ਦੀ ਅਰਦਾਸ ਕੀਤੀ ਜਾਂਦੀ ਹੈ।

ਕੀ ਵਾਕਿਆ ਹੀ ਉਹ ਆਤਮਾ ਹਾਲੇ ਵੀ ਭਟਕੀ ਹੋਈ ਹੈ ? ਫਿਰ ਤਾਂ ਵਿਛੜੀ ਆਤਮਾ ਨਮਿਤ ਕਰਾਏ ਅਖੰਡ ਪਾਠ ਦਾ ਵੀ ਕੋਈ ਫ਼ਾਇਦਾ ਨਾ ਹੋਇਆ ਜਾਪਦਾ ਜਾਂ ਇਸ ਦਾ ਸਿੱਧਾ ਮਤਲਬ ਤਾਂ ਇਹ ਨਿਕਲਦਾ ਹੈ ਕਿ ਸਾਨੂੰ ਆਪਣੀ ਕੀਤੀ ਹੋਈ ਅਰਦਾਸ ’ਤੇ ਯਕੀਨ ਨਹੀਂ ਰਿਹਾ ਹੈ !

ਗੁਰੂ ਦੇ ਚਰਨਾਂ ’ਚ ਨਿਵਾਸ ਭਾਵ ਸ਼ਬਦ ਗੁਰੂ ਦੀ ਟੇਕ ਅਤੇ ਪ੍ਰਭੂ ਦੀ ਸਿਫ਼ਤ – ਸਲਾਹ, ਇਸ ਤਨ ਦੇ ਭਸਮ ਦੀ ਢੇਰੀ ਹੋਣ ਤੋਂ ਬਾਅਦ ਸੰਭਵ ਹੀ ਨਹੀਂ ਹੈ। ਗੁਰੂ ਦੇ ਚਰਨਾਂ ’ਚ ਨਿਵਾਸ ਕਰਨ ਦਾ ਆਚਰਨ (ਸੁਭਾਅ) ਸਵਾਸਾਂ ਦੀ ਪੂੰਜੀ ਰਹਿੰਦੇ ਹੀ ਵਿਕਸਿਤ ਕਰਨਾ ਹੁੰਦਾ ਹੈ।

ਸਾਸ ਸਾਸ ਤੇਰੇ ਗੁਣ ਗਾਵਾ; ਓਟ ਨਾਨਕ  ! ਗੁਰ ਚਰਣਾ ਜੀਉ ॥ (ਮਹਲਾ ੫/੧੦੦)

ਜਿਉ ਜਿਉ ਭਗਤਿ ਕਬੀਰ ਕੀ; ਤਿਉ ਤਿਉ ਰਾਮ ਨਿਵਾਸ ॥ (ਭਗਤ ਕਬੀਰ/੧੩੭੨)

ਛੋਟੇ ਵੀਰ ਦੇ ਚਿਹਰੇ ’ਤੇ ਵੀ ਹੁਣ ਮੁਸਕਾਨ ਦਿੱਖ ਰਹੀ ਸੀ, ਸ਼ਾਇਦ ਗੱਲ ਉਸ ਦੀ ਪਕੜ ਵਿੱਚ ਆ ਚੁੱਕੀ ਸੀ।