ਨਿੰਦਰਾ ਦੋ ਪ੍ਰਕਾਰ ਦੀ
ਪ੍ਰਿੰਸੀਪਲ ਸਤਿਨਾਮ ਸਿੰਘ ਹਮਰਾਜ਼ ਬਿਨ ਹਮਰਾਜ਼ 1186/18 ਸੀ ਚੰਡੀਗੜ੍ਹ
ਸੰਸਾਰ ਵਿੱਚ ਦੋ ਪ੍ਰਕਾਰ ਦੀ ਨਿੰਦਰਾ ਹੈ। ਇੱਕ ਉਹ ਨਿੰਦਰਾ ਹੈ, ਜਿਸ ਵਿੱਚ ਮਨੁੱਖ ਦਾ ਸੁਚੇਤ ਮਨ ਬਾਹਰੀ ਦੁਨੀਆਂ ਤੋਂ ਅਚੇਤ ਹੋ ਜਾਂਦਾ ਹੈ, ਸਉਂ ਜਾਂਦਾ ਹੈ, ਦੁਨਿਆਵੀ ਕੰਮ ਕਾਜ ਤੋਂ ਬੇਖਬਰ ਹੋ ਜਾਂਦਾ ਹੈ। ਵੇਖਣ, ਸੋਚਣ ਅਤੇ ਨਿਰਣਾ ਕਰਨ ਦੀਆਂ ਸ਼ਕਤੀਆਂ ਸਥਿਰ ਭਾਵ ਡੋਰਮੈਂਟ (Dormant) ਹੋ ਆਪਣੀ ਕਿਰਿਆ ਨਹੀਂ ਨਿਭਾਉਂਦੀਆਂ। ਇੱਕ ਤਰ੍ਹਾਂ ਨਾਲ ਇਹ ਬਾਹਰੀ ਇੰਦਰਿਆਂ ਦੀ ਨਿੰਦਰਾ ਹੈ। ਗੁਰਮਤਿ ਅਨੁਸਾਰ ਸਿੱਖ ਨੂੰ ਤਾਕੀਦ ਹੈ ਕਿ ਉਹ ‘ਥੋੜਾ ਖਾਵੇ ਥੋੜਾ ਸਵੇਂ’। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ‘ਅਲੱਪ ਆਹਾਰ ਸੁਲਪ ਸੀ ਨਿੰਦਰਾ’ ਵਾਲਾ ਫੁਰਮਾਣ ਗੁਰਸਿੱਖ ਲਈ ਇੱਕ ਅਟੱਲ ਸੇਧ ਹੈ। ਅੰਮ੍ਰਿਤ ਵੇਲਾ ਉਹ ਸੁਭਾਗਾ ਸਮਾਂ ਹੈ ਜਦੋਂ ਮਨੁੱਖ ਦਾ ਮਨ ਇਕਾਗਰ ਹੋ ਕੇ ਪਰਮਾਤਮਾ ਦੀ ਯਾਦ ਵਿੱਚ ਜੁੜ ਸਕਦਾ ਹੈ। ਜਗਤ ਗੁਰੂ ਬਾਬਾ ਨਾਨਕ ਜੀ ਦੇ ਸਿੱਖ ਨੂੰ ਝਾਲਾਗੇ ਭਾਵ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਤੇ ਫੇਰ ਸਾਰਾ ਦਿਨ ਹੱਥ ਕਾਰ ਤੇ ਚਿੱਤ ਕਰਤਾਰ ਅਨੁਸਾਰੀ ਅਜਪਾ ਜਾਪ ਜਪਣ ਦਾ ਆਦੇਸ਼ ਹੈ। ਗੁਰ ਫੁਰਮਾਣ ਹੈ, ‘ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ’ ਅਥਵਾ ‘‘ਝਾਲਾਘੇ ਉਠਿ ਨਾਮੁ ਜਪਿ, ਨਿਸਿ ਬਾਸੁਰ ਆਰਾਧਿ ॥’’ (ਮ: ੫/੨੫੫) ਤੇ ਫੇਰ ਕੀ ਹੋਵੇਗਾ, ‘‘ਕਾਰ੍ਹਾ ਤੁਝੈ ਨ ਬਿਆਪਈ; ਨਾਨਕ ! ਮਿਟੈ ਉਪਾਧਿ ॥’’ (ਮ: ੫/੨੫੫) ਸਿਮਰਨ ਨਾਲ ਹਰ ਪ੍ਰਕਾਰ ਦੀ ਆਧੀ, ਬਿਆਧੀ ਤੇ ਉਪਾਧੀ ਮਿੱਟ ਜਾਂਦੀ ਹੈ। ਮਨ ਤੇ ਮੁੱਖ ਵਿੱਚ ਸੱਚੇ ਨਾਮ ਦਾ ਵਾਸਾ ਪਾਉਣ ਲਈ ਸਤਿਗੁਰ ਫੁਰਮਾਉਂਦੇ ਹਨ-‘‘ਚਉਥੈ ਪਹਰਿ ਸਬਾਹ ਕੈ, ਸੁਰਤਿਆ ਉਪਜੈ ਚਾਉ ॥ ਤਿਨ੍ਾ ਦਰਿਆਵਾ ਸਿਉ ਦੋਸਤੀ, ਮਨਿ ਮੁਖਿ ਸਚਾ ਨਾਉ॥’’ (ਪੰ. ੧੪੬)
ਭਾਈ ਨੰਦ ਲਾਲ ‘ਗੋਇਆ’ ਅੰਮ੍ਰਿਤ ਵੇਲੇ ਦੇ ਜਾਗਣ ਦੀ ਮਹਤੱਤਾ ਬਿਆਨ ਕਰਦੇ ਹੋਏ ਲਿਖਦੇ ਹਨ ਕਿ ਸਵੇਰ ਦਾ ਜਾਗਣਾ ਹੀ ਪ੍ਰਭੂ-ਭਗਤਾਂ ਦੀ ਜ਼ਿੰਦਗੀ ਹੈ।ਏਸੇ ਕਰਕੇ ਮੈਂ ਗੋਬਿੰਦ ਸ਼ਰਨ ’ਚ ਆਉਣ ਤੋਂ ਬਾਅਦ ਅੰਮ੍ਰਿਤ ਵੇਲੇ ਦਾ ਸੌਣਾ ਆਪਣੇ ਆਪ ਉੱਤੇ ਹਰਾਮ ਕਰ ਦਿੱਤਾ ਹੈ। ਸੁਬਾਹ ਵੇਲੇ ਦੀ ਅਤਿ ਪਿਆਰੀ ਨਿੰਦਰਾ ਦੀ ਪ੍ਰੇਮ ਲੋਰੀ ਨੂੰ ਕੋਈ ਵੱਡਭਾਗਾ ਧਰਮੀ ਸੂਰਾ ਹੀ ਤਿਆਗ ਕੇ, ਇਸ਼ਨਾਨ ਕਰਦਾ ਹੈ ਤੇ ਬਾਣੀ ਪੜਦਾ, ਵੀਚਾਰਦਾ ਅਤੇ ਦਿਨ ਭਰ ਬਾਣੀ ਦੀ ਸੇਧ ਅਨੁਸਾਰੀ ਚਲਣ ਲਈ ਕਮਰ-ਬਸਤਾ ਹੁੰਦਾ ਹੈ। ਆਪ ਜੀ ਦੀ ਸਤਾਰਵੀਂ ਗਜ਼ਲ ਦਾ ਆਖਰੀ ਸ਼ਿਅਰ ਹੈ: ‘ਬੇਦਾਰੀ ਅਸਤ ਜ਼ਿੰਦਗੀ-ਇ ਆਰਫਾਨਿ ਸ਼ੌਕ। ‘ਗੋਇਆ’ ਹਰਾਮ ਕਰਦਮ, ਅਜ਼ ਆਇੰਦਾ ਖ਼ਾਬਿ ਸੁਬਾਹ।’ (ਦੀਵਾਨਿ-ਗੋਇਆ)
ਇਹ ਵੇਲਾ, ਹਰਿ-ਧਨ ਖੱਟਣ ਦਾ ਹੈ। ਜਿਸ ਜੋਤ ਸਰੂਪ ਤੋਂ ਵਿਛੁੜੇ ਹਾਂ ਉਸ ਨਾਲ ਮਿਲਣ ਦਾ ਅਵਸਰ ਹੈ; ਨਾਨਕ ਸੱਚ ਮਾਰਗ ਹੀ ਵਡਿਆਈ ਵੀਚਾਰਨ ਅਤੇ ਸਹੀ ਅਰਥਾਂ ਵਿੱਚ ਗੁਰਸਿੱਖ ਬਣਨ ਦਾ ਮਾਰਗ ਹੈ। ਜੋ ਇਹ ਸੁਭਾਗਾ ਸਮਾਂ ਖੁੰਝਾ ਦਿੰਦੇ ਹਨ ਉਹਨਾਂ ਲਈ ਭਗਤ ਸ਼੍ਰੋਮਣੀ ਫਰੀਦ ਜੀ ਦਾ ਬੜਾ ਸਖਤ ਫੁਰਮਾਣ ਹੈ- ‘‘ਫਰੀਦਾ, ਪਿਛਲ ਰਾਤਿ ਨ ਜਾਗਿਓਹਿ, ਜੀਵਦੜੋ ਮੁਇਓਹਿ॥’’ (ਪੰ. ੧੩੮੩)
ਅੱਧੀ ਰਾਤੀਂ ਚੂਨਾ ਮੰਡੀ ਲਾਹੌਰੋਂ, ਗਰਮਾ ਗਰਮ ਕਰਾਰੀਆਂ ਘੁੰਘਣੀਆਂ ਤਿਆਰ ਕਰ, ਗੁਰ-ਮਾਰਗ ਦੀ ਪਾਂਧੀ ਸੰਗਤ ਨੂੰ ਛਕਾਉਣ ਵਾਲਾ ਬਾਲਕ, ਉਦਮੀਂ ਹੋ ਕੇ ਭਲਕੇ ਪ੍ਰਭਾਤੀ ਉੱਠ, ਇਸ਼ਨਾਨ ਕਰ, ਅੰਮ੍ਰਿਤਸਰ ਨਹਾ, ਹਰਿਨਾਮ ਜਪ, ਜਦ ਗੁਰ ਸਤਿਗੁਰ ਦਾ ਸਿੱਖ ਅਖਵਾਇਆ ਅਤੇ ਨਾਨਕ ਗਦੀ ਦਾ ਚੌਥਾ ਹੱਕਦਾਰ ਬਣਿਆ ਤਾਂ ਆਪਣੀ ਇਸ ਪ੍ਰਾਪਤੀ ਦਾ ਰਾਜ਼ ਕੁਝ ਇੰਝ ਬਿਆਨਿਆ: ‘‘ਹਰਿ ਧਨੁ ਰਤਨੁ ਜਵੇਹਰੁ ਮਾਣਕੁ, ਹਰਿ ਧਨੈ ਨਾਲਿ ਅੰਮ੍ਰਿਤ ਵੇਲੇ ਵਤੈ; ਹਰਿ ਭਗਤੀ ਹਰਿ ਲਿਵ ਲਾਈ ॥ ਹਰਿ ਧਨੁ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ, ਭਗਤ ਖਾਇ ਖਰਚਿ ਰਹੈ, ਨਿਖੁਟੈ ਨਾਹੀ॥’’ (ਪੰ. ੭੩੪) ਤਥਾ ‘‘ਗੁਰ ਸਤਿਗੁਰ ਕਾ ਜੋ ਸਿਖੁ ਅਖਾਏ, ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ, ਇਸਨਾਨ ਕਰੇ ਅੰਮ੍ਰਿਤਸਰਿ ਨਾਵੈ॥’’ (ਪੰ. ੩੦੫)
ਸ਼ਾਤੀ ਦੇ ਪੁੰਜ ਸ਼ਹੀਦਾਂ ਦੇ ਸਿਰਤਾਜ ਦੇ ਹਿਰਦੇ ਸਿੰਘਾਸਨ ਉੱਤੇ ਜਦ ਆਮਦ ਤੇ ਬਾਣੀ ਆਈ ਤਾਂ ਆਪ ਬੇਸਾਖਤਾ ਗਾ ਉੱਠੇ: ‘‘ਭਿੰਨੀ ਰੈਨੜੀਐ ਚਾਮਕਨਿ ਤਾਰੇ॥ਜਾਗਹਿ ਸੰਤ ਜਨਾ, ਮੇਰੇ ਰਾਮ ਪਿਆਰੇ॥’’ (ਪੰ. ੪੫੯) ਤਥਾ ‘‘ਚਿੜੀ ਚੁਹਕੀ ਪਹੁ ਫੁਟੀ, ਵਗਨਿ ਬਹੁਤੁ ਤਰੰਗ ॥ ਅਚਰਜ ਰੂਪ ਸੰਤਨ ਰਚੇ, ਨਾਨਕ ! ਨਾਮਹਿ ਰੰਗ ॥’’ (ਪੰ. ੩੧੯)
ਪਹੁ-ਫੁਟਾਲੇ ਦੀ ਇਕਾਂਤ ਸਮੇਂ ਪੰਛੀਆਂ ਦੇ ਬੋਲ ਸੁਹਾਵਣੇ ਲਗਦੇ ਹਨ। ਕੁਦਰਤ ਚਿੜੀਆਂ ਦੇ ਚੂਹਕਣ ਰਾਹੀਂ ਇਨਸਾਨ ਨੂੰ ਪ੍ਰੇਰਦੀ ਹੈ ਕਿ ਇਹ ਸਮਾਂ ਗਫਲਤ ਦੀ ਨਿੰਦਰਾ ਦਾ ਨਹੀਂ ਬਲਕਿ ਸਤਸੰਗੀਆਂ ਨਾਲ ਸਾਂਝ ਬਣਾ ਆਪਣੇ ਅੰਦਰ ਵਸਦੇ ਪਰਮਾਤਮਾ ਦੀ ਭਾਲ ਦਾ ਹੈ। ਇਹੀ ਵੇਲਾ ਹੈ ਜਦ ਰੱਬੀ ਪਿਆਰ ਦੇ ਤਰੰਗ ਮਨੁੱਖ ਦੇ ਹਿਰਦੇ ਵਿੱਚ ਉੱਠ ਸਕਦੇ ਹਨ।
ਅੰਮ੍ਰਿਤ ਵੇਲੇ ਸਵੱਖਤੇ ਜਾਗਣਾ, ਮਨੁੱਖ ਨੂੰ ਸਿਹਤ-ਮੰਦ, ਸਿਆਣਾ ਤੇ ਧਨਵਾਨ ਬਣਾਉਂਦਾ ਹੈ ਅਤੇ ਅੰਮ੍ਰਿਤ ਵੇਲੇ ਉਹੀ ਜਾਗੇਗਾ ਜੋ ਰਾਤੀਂ ਸਵੱਖਤੇ ਸਵੈਂਗਾ।ਸਿਆਣਿਆਂ ਦਾ ਕਥਨ ਹੈ: Early to bed and early to rise, Makes a man Healthy, Wealthy and Wise.
ਦੂਜੀ ਨੀਂਦ ਉਹ ਹੈ ਜੋ ਸੁਚੇਤ ਮਨ ਆਦਮੀ ਦੇ ਜਾਗਦਿਆਂ ਉਸ ਵਿੱਚ ਆ ਵਾਪਰਦੀ ਹੈ। ਇਹ ਮਾਇਆ ਦੇ ਚਮਤਕਾਰਾਂ ਅਥਵਾ ਮਾਇਆ ਵਿਸਮਾਦ ਦੀ ਨੀਂਦ ਹੈ। ਐਸੀ ਨਿੰਦਰਾ ਵਿੱਚ ਆਦਮੀ ਜਾਗਦਾ ਹੋਇਆ ਵੀ ਅਸਲੀਅਤ ਨੂੰ ਨਹੀਂ ਜਾਣਦਾ ਤੇ ਸਮਝਦਾ। ਇਸ ਦੇ ਨੇਤਰ ਬਜਾਹਿਰ ਦੇਖਦੇ ਹੋਏ ਵੀ ਹਕੀਕਤ ਨੂੰ ਨਹੀਂ ਵੇਖਦੇ। ਕਾਦਰ ਦੀ ਕੁਦਰਤ ਵਿੱਚ ਰੱਬੀ ਜਲਵਾ ਵੇਖਣ ਦੀ ਥਾਂ ਇਹ ਪਰ-ਤਿ੍ਰਆ, ਪਰ-ਧਨ ਤੇ ਪਰਾਇ-ਰੂਪ ਨੂੰ ਮਾੜੀ ਨਜ਼ਰ ਤੇ ਨੀਯਤ ਨਾਲ ਵੇਖਦਾ ਹੈ। ਮਨ ਪਿਛੇ ਇੰਦਰਿਆਂ ਦੀ ਇਸ ਨੀਯਤ ਤੇ ਗਫਲਤ ਦਾ ਗੁਰੂ ਅਰਜਨ ਦੇਵ ਜੀ ਇੰਝ ਬਿਆਨ ਕਰਦੇ ਹਨ: ‘‘ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ ॥ ਸ੍ਰਵਣ ਸੋਏ ਸੁਣਿਨਿੰਦ ਵੀਚਾਰ ॥ ਰਸਨਾ ਸੋਈ ਲੋਭਿ ਮੀਠੈ ਸਾਦਿ ॥ ਮਨੁ ਸੋਇਆ ਮਾਇਆ ਬਿਸਮਾਦਿ ॥ ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ ॥’’ (ਪੰ. ੧੮੨) ਅੱਖਾਂ ਨੂੰ ਮਾੜੀ ਨਜ਼ਰ ਨਾਲ ਵੇਖਣ ਦਾ ਦੋਸ਼ ਵਿਕਾਰ, ਕੰਨਾਂ ਨੂੰ ਪਰਾਈ ਨਿੰਦਿਆ ਸੁਣਨ ਦਾ ਚਸਕਾ, ਜੀਭ; ਰੋਗ ਤੇ ਵਿਕਾਰ ਪੈਦਾ ਕਰਨ ਵਾਲੇ ਸੁਆਦਾਂ ਵਿੱਚ ਰੁੱਝੀ ਹੋਈ ਹੈ ਅਤੇ ਮਨ ਮਾਇਆ ਮੋਹ ਵਿੱਚ ਫਸਿਆ ਹੈ। ਜਿਹੜਾ ਇਸ ਆਪਣੇ ਹਿਰਦੇ ਘਰ ਵਿੱਚ ਇਸ ਨੀਂਦ ਤੋਂ ਸੁਚੇਤ ਰਹਿੰਦਾ ਹੈ ਉਹੀ ਆਪਣੀ ਜੀਵਨ ਪੂੰਜੀ ਨੂੰ ਸਫਲ ਤੇ ਸਾਬਤ ਰੱਖ ਸਕਦਾ ਹੈ। ਨੌਵੇਂ ਗੁਰਦੇਵ ਜਦ ਜਾਗਣ ਤੇ ਗਾਫਲ ਹੋ ਕੇ ਨਾ ਸੌਣ ਦੀ ਗੱਲ ਕਰਦੇ ਹਨ ਤਾਂ ਭਾਵ ਦੋਹਾਂ ਤਰ੍ਹਾਂ ਦੀ ਨਿੰਦਰਾ ਤੋਂ ਜਾਗਣ ਦਾ ਹੈ। ਆਪ ਜੀਫੁਰਮਾਉਂਦੇ ਹਨ: ‘‘ਜਾਗ ਲੇਹੁ ਰੇ ਮਨਾ ! ਜਾਗ ਲੇਹੁ; ਕਹਾ ਗਾਫਲ ਸੋਇਆ ? ॥ ਜੋ ਤਨੁ ਉਪਜਿਆ ਸੰਗ ਹੀਚ ਸੋ ਭੀ ਸੰਗਿ ਨ ਹੋਇਆ॥’’ (ਪੰ. ੭੨੬) ਹੇ ਭਾਈ, ਜਾਗ ਉੱਠ, ਮਾਇਆ ਤੇ ਗਫਲਤ ਦੀ ਨਿੰਦਰਾ ਨੂੰ ਤਿਆਗ! ਵੇਖ, ਜਿਹੜਾ ਸਰੀਰ ਮਨੁੱਖ ਦੇ ਪੈਦਾ ਹੋਣ ਸਮੇਂ ਨਾਲ ਆਉਂਦਾ ਹੈ ਉਹ ਵੀ ਮਰਨ ਸਮੇਂ ਨਾਲ ਨਹੀਂ ਜਾਂਦਾ। ਜਿੰਨ੍ਹਾਂ ਮਾਂ, ਬਾਪ ਬੱਚਿਆਂ ਤੇ ਭਾਈ ਬੰਧੂਆਂ ਲਈ ਤੂੰ ਇਹ ਸਾਰੇ ਮੋਹ ਮਾਇਆ ਦੇ ਪ੍ਰਪੰਚ ਕਰਕੇ ਪਰਾਇਆ ਧਨ ਆਦਿ ਲਿਆਉਂਦਾ ਹੈ, ਜਿੰਦ ਨਿਕਲ ਜਾਣ ਉੱਤੇ, ਉਹ ਹੀ ਤੇਰੇ ਸਰੀਰ ਨੂੰ ਅਗਨੀ ਭੇਟ ਕਰ ਦੇਣਗੇ। ਗੁਰਦੇਵ ਤਾਕੀਦ ਕਰਦੇ ਹਨ: ‘‘ਮਾਤ ਪਿਤਾ ਸੁਤ ਬੰਧ ਜਨ, ਹਿਤੁ ਜਾ ਸਿਉ ਕੀਨਾ ॥ਜੀਉ ਛੂਟਿਓ ਜਬ ਦੇਹ ਤੇ, ਡਾਰਿ ਅਗਨਿ ਮੈ ਦੀਨਾ॥ ਜੀਵਤ ਲਉ ਬਿਉਹਾਰੁ ਹੈ, ਜਗ ਕਉ ਤੁਮ ਜਾਨਉ ॥ ਨਾਨਕ ! ਹਰਿ ਗੁਨ ਗਾਇ ਲੈ, ਸਭ ਸੁਫਨ ਸਮਾਨਉ॥’’ (ਪੰ. ੭੨੬)
ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਦਾ ਅਭਿਆਸ ਕਰਨ ਵਾਲੇ ਸੰਤ ਜਨ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ ਅਤੇ ਉਹਨਾਂ ਨੂੰ ਐਸਾ ‘ਪ੍ਰੇਮ-ਪਟੋਲਾ’ ਮਿਲਦਾ ਹੈ ਜਿਸ ਦੀ ਬਰਕਤ ਨਾਲ ਉਹਨਾਂ ਨੂੰ ਕੁਦਰਤ ਵਿੱਚ ਹਰ ਪਾਸੇ ਪਰਮਾਤਮਾ ਹੀ ਦਿਸਣ ਲਗਦਾ ਹੈ। ਜਿਸ ਮਨੁੱਖ ਨੂੰ ਉਪਰੋਕਤ ਦੋਹਾਂ ਤਰ੍ਹਾਂ ਦੀ ਨਿੰਦਰਾ ਦੀ ਸੋਝੀ ਪੈ ਜਾਵੇ ਉਹ ਇੱਕ ਐਸੀ ਆਤਮਕ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਕੋਈ ਗ਼ਮ ਪੋਹ ਨਹੀਂ ਸਕਦਾ। ਓਥੇ ਕੋਈ ਚਿੰਤਾ ਨਹੀਂ ਵਿਆਪਦੀ, ਓਥੇ ਕੋਈ ਘਬਰਾਹਟ ਜ਼ੋਰ ਨਹੀਂ ਪਾਂਦੀ। ਉਸ ਆਤਮਕ ਅਵਸਥਾ ਨੂੰ ਜੋ ਜੋ ਅਪੜਦੇ ਹਨ ਉਹ ਸਦਾ ਉਸ ਪ੍ਰਭੂ ਚਰਨਨ ਨਾਲ ਜੁੜੇ ਰਹਿੰਦੇ ਹਨ ਤੇ ਲੋਕ ਸੁਖੀ ਪ੍ਰਲੋਕ ਸੁਹੇਲੇ ਹੋ ਜਾਂਦੇ ਹਨ: ‘‘ਬੇਗਮ ਪੁਰਾ, ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ, ਤਿਹਿ ਠਾਉ ॥ ਨਾਂ ਤਸਵੀਸ, ਖਿਰਾਜੁ ਨ ਮਾਲੁ ॥ ਖਉਫੁ ਨ ਖਤਾ, ਨ ਤਰਸੁ ਜਵਾਲੁ ॥’’ (ਭਗਤ ਰਵਿਦਾਸ/੩੪੫)