ਹਵਾ ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ

0
430

ਹਵਾ ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783

ਹਵਾ ਵਿਚਲਾ ਪ੍ਰਦੂਸ਼ਣ ਕਰੋੜਾਂ ਮੌਤਾਂ ਦਾ ਕਾਰਨ ਬਣਦਾ ਜਾ ਰਿਹਾ ਹੈ। ਵਿਸ਼ਵ ਸਿਹਤ ਸੰਸਥਾ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਹਵਾ ਵਿਚਲਾ ਪ੍ਰਦੂਸ਼ਣ ਨਾ ਸਿਰਫ਼ ਇਨਸਾਨਾਂ ਉੱਤੇ, ਬਲਕਿ ਕੀੜਿਆਂ, ਜਾਨਵਰਾਂ, ਪਾਣੀ, ਧਰਤੀ, ਵਨਸਪਤੀ, ਹਰ ਚੀਜ਼ ਉੱਤੇ ਜਾਨਲੇਵਾ ਅਸਰ ਛੱਡ ਰਿਹਾ ਹੈ।

ਇਰਾਨ ਦੇ ਤਹਿਰਾਨ ਤੇ ਭਾਰਤ ਦੀ ਦਿੱਲੀ ਨੂੰ ਦੁਨੀਆ ਦੀਆਂ ਸਭ ਤੋਂ ਵੱਧ ਪ੍ਰਦੂਸ਼ਿਤ ਥਾਵਾਂ ਮੰਨ ਲੈਣ ਬਾਅਦ ਵਿਸ਼ਵ ਸਿਹਤ ਸੰਸਥਾ ਨੇ ਪ੍ਰਦੂਸ਼ਿਤ ਹਵਾ ਨਾਲ ਹੋ ਰਹੇ ਮਾੜੇ ਅਸਰਾਂ ਬਾਰੇ ਖੋਜ ਕਰਨ ਦਾ ਫ਼ੈਸਲਾ ਕੀਤਾ।

ਇਰਾਨ ਦੀ ਮੈਡੀਕਲ ਯੂਨੀਵਰਸਿਟੀ ਵਿਚਲੇ ਮੈਡੀਕਲ ਤਕਨਾਲੌਜੀ ਰਿਸਰਚ ਸੈਂਟਰ, ਵਿਖੇ ਮੈਡੀਸਨ ਵਿਭਾਗ ਦੇ ਸਪੈਸ਼ਲਿਸਟਾਂ ਵੱਲੋਂ ਖੋਜ ਕਰ ਕੇ ਬਹੁਤ ਸਾਰੇ ਨਵੇਂ ਤੱਥ ਸਾਹਮਣੇ ਲਿਆ ਧਰੇ ਹਨ।

ਸਭ ਤੋਂ ਪਹਿਲਾਂ ਹਵਾ ਵਿਚਲੇ ਕਣ ਜੋ ਪ੍ਰਦੂਸ਼ਣ ਕਹਾਏ ਜਾਂਦੇ ਹਨ, ਉਨ੍ਹਾਂ ਬਾਰੇ ਜਾਣੀਏ : –

  1. ਕਾਰਬਨ ਮੋਨੋਆਕਸਾਈਡ
  2. ਸਲਫਰ ਡਾਈਆਕਸਾਈਡ
  3. ਓਜ਼ੋਨ
  4. ਨਾਈਟਰੋਜਨ ਡਾਈਆਕਸਾਈਡ
  5. ਪ੍ਰਦੂਸ਼ਿਤ ਕਣ

ਇਨ੍ਹਾਂ ਦੀ ਹਵਾ ਵਿਚਲੀ ਮਾਤਰਾ ਦੇ ਹਿਸਾਬ ਨਾਲ ਹਵਾ ਸਹੀ ਜਾਂ ਜ਼ਹਿਰੀਲੀ ਗਿਣੀ ਜਾਂਦੀ ਹੈ। ਇਨ੍ਹਾਂ ਤੋਂ ਇਲਾਵਾ ਹੋਰ ਵੀ ਅਨੇਕ ਜ਼ਹਿਰੀਲੀਆਂ ਗੈਸਾਂ ਤੇ ਕਣ ਹਨ ਜੋ ਵਾਤਾਵਰਨ ਨੂੰ ਗੰਧਲਾ ਕਰ ਰਹੇ ਹਨ।

ਸਿਫ਼ਰ ਤੋਂ ਲੈ ਕੇ 500 ਤਕ ਦੀ ਮਿਣਤੀ ਅਨੁਸਾਰ ਹਵਾ ਨੂੰ ਪ੍ਰਦੂਸ਼ਿਤ ਗਿਣਿਆ ਜਾਂਦਾ ਹੈ ਕਿ ਇਹ ਹਵਾ ਕਿਸੇ ਇਨਸਾਨ ਲਈ, ਜਾਨਵਰ ਲਈ, ਕੀਟਾਣੂਆਂ ਲਈ ਜਾਂ ਬੂਟਿਆਂ ਲਈ ਕਿੰਨੀ ਹਾਨੀਕਾਰਕ ਹੈ  !

ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਲਈ ਇੱਕ ਸਿਗਰਟ ਦਾ ਵੀ ਰੋਲ ਹੁੰਦਾ ਹੈ। ਕੁਦਰਤੀ ਤੌਰ ਉੱਤੇ ਫੱਟਣ ਵਾਲੇ ਜਵਾਲਾਮੁਖੀ, ਗੱਡੀਆਂ, ਮੋਟਰਾਂ, ਹਵਾਈ ਜਹਾਜ਼ਾਂ ਦੇ ਇੰਜਣਾਂ ਤੇ ਫੈਕਟਰੀਆਂ ਵਿੱਚੋਂ ਲਗਾਤਾਰ ਨਿਕਲਦੀ ਗੰਦਗੀ ਸਮੇਤ ਜੰਗਲਾਂ ਨੂੰ ਅੱਗਾਂ ਲੱਗਣੀਆਂ ਵੀ ਇਸ ਦਾ ਕਾਰਨ ਬਣਦੇ ਜਾ ਰਹੇ ਹਨ।

ਪ੍ਰਦੂਸ਼ਿਤ ਹਵਾ ਨਾਲ ਕੀ ਨੁਕਸਾਨ ਹੋ ਚੁੱਕੇ ਹਨ ਤੇ ਹੋ ਰਹੇ ਹਨ  ?

  1. ਕਈ ਕਿਸਮਾਂ ਦੇ ਕੁਦਰਤੀ ਮਦਦਗਾਰ ਕੀਟਾਣੂ ਹਮੇਸ਼ਾ ਲਈ ਖ਼ਤਮ ਹੋ ਚੁੱਕੇ ਹਨ।
  2. ਹਰ ਸਾਲ 43 ਲੱਖ ਮੌਤਾਂ ਘਰ ਅੰਦਰਲੇ ਧੂੰਏ ਨਾਲ ਹੋ ਰਹੀਆਂ ਹਨ।
  3. ਹਵਾ ਵਿਚਲਾ ਵਧਦਾ ਪ੍ਰਦੂਸ਼ਣ ਹਰ ਸਾਲ 37 ਲੱਖ ਮੌਤਾਂ ਦਾ ਕਾਰਨ ਬਣ ਰਿਹਾ ਹੈ।

ਇਕੱਲੇ ਤਹਿਰਾਨ ਵਿਚ ਸੰਨ 2013 ਵਿਚ 4460 ਮੌਤਾਂ ਹਵਾ ਦੇ ਪ੍ਰਦੂਸ਼ਿਤ ਹੋ ਜਾਣ ਨਾਲ ਹੋਈਆਂ ਕਿਉਂਕਿ ਉਸ ਸਾਲ ਲੰਡਨ ਦੀ ਹਵਾ ਨਾਲੋਂ 13 ਗੁਣਾ ਵੱਧ ਗੰਦਗੀ ਤਹਿਰਾਨ ਦੀ ਹਵਾ ਵਿਚ ਲੱਭੀ।

  1. ਕਈ ਤਰ੍ਹਾਂ ਦੇ ਜਾਨਵਰ ਹੌਲੀ-ਹੌਲੀ ਲੁਪਤ ਹੁੰਦੇ ਜਾ ਰਹੇ ਹਨ ਤੇ ਖੋਜਾਂ ਰਾਹੀਂ ਪਤਾ ਲੱਗਿਆ ਹੈ ਕਿ ਉਸ ਦਾ ਕਾਰਨ ਪ੍ਰਦੂਸ਼ਿਤ ਹਵਾ ਵਿਚਲੇ ਜ਼ਹਿਰ ਦਾ ਬੂਟਿਆਂ ਤੇ ਧਰਤੀ ਵਿਚਲੇ ਪਾਣੀ ਵਿਚ ਰਲ਼ ਜਾਣਾ ਹੈ।
  2. ਹਵਾ ਵਿਚਲੇ ਲੋੜੋਂ ਵੱਧ ਮਾੜੇ ਕਣ ਜੋ ਪੱਤਿਆਂ ਉੱਤੇ ਜੰਮ ਕੇ ਉਨ੍ਹਾਂ ਵਿੱਚੋਂ ਨਾਰਮਲ ਗੈਸਾਂ ਦਾ ਆਦਾਨ ਪ੍ਰਦਾਨ ਹੋਣ ਤੋਂ ਰੋਕ ਦਿੰਦੇ ਹਨ, ਉਸੇ ਗੰਦਗੀ ਤਹਿਤ ਦਰੱਖ਼ਤ ਹਵਾ ਵਿੱਚੋਂ ਗੰਦਗੀ ਨੂੰ ਸਾਫ ਕਰਨ ਵਿਚ ਅਸਮਰਥ ਹੋ ਜਾਂਦੇ ਹਨ। ਇਸੇ ਕਰ ਕੇ ਕਈ ਤਰ੍ਹਾਂ ਦੀ ਵਨਸਪਤੀ ਦੀ ਹੋਂਦ ਵੀ ਜਾਨਵਰਾਂ ਵਾਂਗ ਖ਼ਤਰੇ ਵਿਚ ਪੈ ਚੁੱਕੀ ਹੈ ਤੇ ਕੁੱਝ ਕਿਸਮਾਂ ਲੁਪਤ ਹੋ ਚੁੱਕੀਆਂ ਹਨ।
  3. ਵਿਸ਼ਵ ਸਿਹਤ ਸੰਸਥਾ ਅਨੁਸਾਰ ਓਜ਼ੋਨ, ਸਲਫਰ ਡਾਇਓਕਸਾਈਡ, ਨਾਈਟਰੋਜਨ ਆਕਸਾਈਡ, ਲੈੱਡ (ਸਿੱਕਾ) ਤੇ ਪ੍ਰਦੂਸ਼ਿਤ ਕਣ ਜਿਵੇਂ ਮਿੱਟੀ-ਘੱਟਾ, ਪਰਾਲੀ ਦਾ ਸਾੜਨਾ, ਜੰਗਲਾਂ ਦਾ ਸੜਨਾ, ਫੈਕਟਰੀਆਂ ਦਾ ਧੂੰਆਂ, ਹਾਈਡਰੋਕਾਰਬਨ, ਹੈਲੋਜਨ, ਵਿਸਫੋਟਕ ਧੂੰਆਂ, ਆਦਿ ਸਰੀਰ ਉੱਤੇ ਹੌਲੀ-ਹੌਲੀ ਮਾਰੂ ਅਸਰ ਕਰ ਕੇ ਕੈਂਸਰ ਕਰ ਦਿੰਦੇ ਹਨ।
  4. ਇਕੱਲੇ ਈਰਾਨ ਵਿਚ ਪ੍ਰਦੂਸ਼ਿਤ ਹਵਾ ਨਾਲ ਹੋਈਆਂ ਬੀਮਾਰੀਆਂ ਦੇ ਇਲਾਜ ਵਿਚ ਇੱਕ ਸਾਲ ਵਿਚ ਲੋਕਾਂ ਦੇ 16 ਬਿਲੀਅਨ ਡਾਲਰ ਖਰਚ ਹੋਏ ਹਨ।
  5. ਫੈਕਟਰੀਆਂ, ਗੱਡੀਆਂ, ਬੱਸਾਂ, ਕਾਰਾਂ ਆਦਿ ਵਿੱਚੋਂ ਨਿਕਲੀ ਪ੍ਰਦੂਸ਼ਿਤ ਗੈਸਡੀ. ਐਨ. ਏ.ਵਿੱਚ ਸਦੀਵੀ ਨੁਕਸ ਪਾਉਣ ਦੇ ਸਮਰੱਥ ਹੈ। ਓਜ਼ੋਨ, ਇਲੈਕਟਰੋਨ ਨੂੰ ਖਿੱਚ ਕੇ ਸਾਹ ਦੀਆਂ ਨਾਲੀਆਂ ਵਿਚਲੇ ਸੈੱਲਾਂ ਦੀ ਪਰਤ ਹੇਠਲੇ ਫੈੱਟੀ ਏਸਿਡ ਨਾਲ ਛੇੜਛਾੜ ਕਰ ਕੇ ਹੌਲੀ-ਹੌਲੀ ਦਮੇ ਦਾ ਪੱਕਾ ਰੋਗੀ ਬਣਾ ਦਿੰਦੀ ਹੈ। ਫੇਰ ਹਾਈਡਰੋਜਨ ਪਰਆਕਸਾਈਡ ਤੇ ਐਲਡੀਹਾਈਡ ਬਣਾ ਕੇ ਸੈੱਲਾਂ ਦੀ ਪਰਤ ਵਿਚ ਤਬਦੀਲੀ ਲਿਆ ਕੇ, ਡੀ. ਐਨ. ਏ. ਵਿਚ ਬਦਲਾਓ ਲਿਆ ਦਿੰਦੀ ਹੈ। ਇੰਜ ਨਾ ਸਿਰਫ਼ ਸੈੱਲਾਂ ਦੇ ਕੰਮ ਕਾਰ, ਬਣਤਰ, ਬੀਮਾਰੀ ਨਾਲ ਲੜਨ ਦੀ ਸਮਰੱਥਾ, ਬਲਕਿ ਉਨ੍ਹਾਂ ਅੰਦਰਲੀਆਂ ਬਾਇਓਕੈਮੀਕਲ ਸੋਧਾਂ ਵਿਚ ਵੀ ਗੜਬੜੀ ਕਰ ਦਿੰਦੀ ਹੈ। ਇੰਜ ਸਰੀਰ ਧੁਆਂਖੀ ਲੱਕੜ ਵਾਂਗ ਹੌਲੀ-ਹੌਲੀ ਰੋਗੀ ਬਣਦਾ ਜਾਂਦਾ ਹੈ ਪਰ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਉਂ ਕੁੱਝ ਸਾਲਾਂ ਬਾਅਦ ਫੈਲੇ ਹੋਏ ਕੈਂਸਰ ਦਾ ਸ਼ਿਕਾਰ ਬਣ ਗਿਆ ਤੇ ਕਿਉਂ ਸਾਰਾ ਟੱਬਰ ਵਾਰ-ਵਾਰ ਬੀਮਾਰ ਹੁੰਦਾ ਰਹਿੰਦਾ ਹੈ !

ਬਿਲਕੁਲ ਇੰਜ ਹੀ ਓਜ਼ੋਨ ਦਰਖ਼ਤਾਂ ਵਿੱਚ ਕਾਰਬਨ ਦਾ ਘੁਲਣਾ ਰੋਕ ਕੇ ਉਨ੍ਹਾਂ ਨੂੰ ਸੁਕਾ ਦਿੰਦੀ ਹੈ ਤੇ ਪੂਰਾ ਇਲਾਕਾ ਵੀਰਾਨ ਕਰ ਦਿੰਦੀ ਹੈ ਜੋ ਅੱਗੋਂ ਹਵਾ ਵਿਚਲਾ ਪ੍ਰਦੂਸ਼ਣ ਖ਼ਤਮ ਕਰਨ ਜੋਗਾ ਨਹੀਂ ਰਹਿੰਦਾ।

  1. ਲੱਕੜ ਤੇ ਕੋਲੇ ਦੇ ਬਾਲਣ ਨਾਲ ਨਿਕਲੀਕਾਰਬਨ ਮੋਨੋਆਕਸਾਈਡਸਿਰ ਪੀੜ, ਚੱਕਰ, ਬੇਹੋਸ਼ੀ ਹੋਣੀ, ਕਮਜ਼ੋਰੀ, ਜੀਅ ਕੱਚਾ, ਉਲਟੀਆਂ, ਘਬਰਾਹਟ, ਕੁੱਝ ਸਮਝ ਨਾ ਸਕਣਾ, ਆਦਿ ਵਰਗੇ ਲੱਛਣ ਪੈਦਾ ਕਰ ਦਿੰਦੀ ਹੈ। ਦੋ ਫੀਸਦੀ ਤੱਕ ਵਧੀ ਕਾਰਬਨ ਮੋਨੋਆਕਸਾਈਡ ਨਾਲ ਖ਼ਤਰਾ ਨਹੀਂ ਹੁੰਦਾ ਪਰ 40 ਫੀਸਦੀ ਤੱਕ ਵਧੀ ਨਾਲ ਮੌਤ ਹੋ ਜਾਂਦੀ ਹੈ। ਦੋ ਤੋਂ 6 ਫੀਸਦੀ ਵਾਧੇ ਨਾਲ ਐਨਜਾਈਨਾ ਦੀ ਪੀੜ ਸ਼ੁਰੂ ਹੋ ਜਾਂਦੀ ਹੈ ਤੇ ਦਿਲ ਦੀ ਧੜਕਨ ਦੀ ਗੜਬੜੀ ਮੌਤ ਦਾ ਕਾਰਨ ਬਣ ਸਕਦੀ ਹੈ।
  2. ਸਲਫਰ ਡਾਇਆਕਸਾਈਡ :-ਜਵਾਲਾ ਮੁਖੀ ਫੱਟਣ, ਫੈਕਟਰੀਆਂ ਦੀ ਜ਼ਹਿਰੀਲੀ ਗੈਸ ਤੇ ਲੱਕੜ ਕੋਲਾ ਬਾਲਣ ਨਾਲ ਨਿਕਲੀ ਗੈਸ ਬੂਟਿਆਂ ਲਈ ਵੀ ਬਹੁਤ ਨੁਕਸਾਨਦੇਹ ਹੈ। ਜਾਨਵਰਾਂ ਤੇ ਬੰਦਿਆਂ ਉੱਤੇ ਇਹ ਕਹਿਰ ਢਾਅ ਸਕਦੀ ਹੈ। ਚਮੜੀ ਤੇ ਫੇਫੜਿਆਂ ਦੀਆਂ ਬੀਮਾਰੀਆਂ ਬੱਚਿਆਂ ਤੋਂ ਬਜ਼ੁਰਗਾਂ ਤਕ, ਹਰ ਕਿਸੇ ਨੂੰ ਹੋ ਸਕਦੀਆਂ ਹਨ। ਦਿਲ ਦੀਆਂ ਬੀਮਾਰੀਆਂ, ਛਾਤੀ ਵਿਚ ਪਾਣੀ ਭਰਨਾ, ਨਿਮੂਨੀਆ, ਇਕਦਮ ਸਾਹ ਦਾ ਰੁਕਣਾ, ਦਮਾ, ਆਦਿ ਆਮ ਲੱਛਣ ਹਨ।

ਮੀਂਹ ਰਾਹੀਂ ਧਰਤੀ ਤੱਕ ਪਹੁੰਚਦੇ ਸਾਰ ਸਲਫਰ ਡਾਇਓਕਸਾਈਡ ਤੇਜ਼ਾਬੀ ਮਾਦਾ ਹੋਣ ਸਦਕਾ (ਏਸਿਡ ਰੇਨ) ਪਾਣੀ ਵਿਚਲੇ ਜੀਵਾਂ ਨੂੰ ਵੀ ਮਾਰ ਮੁਕਾਉਂਦੀ ਹੈ ਤੇ ਵਨਸਪਤੀ ਦਾ ਵੀ ਨਾਸ ਮਰ ਦਿੰਦੀ ਹੈ। ਭਲਾ ਫੇਰ ਮਨੁੱਖ ਕਿਵੇਂ ਇਸ ਦੇ ਮਾੜੇ ਅਸਰਾਂ ਤੋਂ ਬਚ ਸਕਦਾ ਹੈ ?

  1. ਨਾਈਟਰੋਜਨ ਆਕਸਾਈਡ : –ਬਸਾਂ, ਟਰੱਕਾਂ, ਕਾਰਾਂ ਵਿੱਚੋਂ ਨਿਕਲਦੀ ਇਸ ਗੈਸ ਨਾਲ ਫੇਫੜਿਆਂ ਵਿਚ ਪਾਣੀ ਭਰ ਸਕਦਾ ਹੈ। ਸੀ. ਡੀ 8 ਸੈੱਲਾਂ ਦਾ ਕੰਮਕਾਰ ਘਟਾ ਕੇ ਬੀਮਾਰੀ ਨਾਲ ਲੜਨ ਦੀ ਤਾਕਤ ਖ਼ਤਮ ਕਰ ਦਿੰਦੀ ਹੈ।

ਅੱਖਾਂ ਵਿਚ ਰੜਕ, ਨੱਕ ਤੇ ਗਲੇ ਵਿਚ ਖ਼ੁਰਕ, ਸਿਰ ਪੀੜ, ਸਾਹ ਚੜ੍ਹਨਾ, ਛਾਤੀ ਵਿਚ ਪੀੜ ਅਤੇ ਜਕੜਨ, ਬੁਖ਼ਾਰ, ਪਸੀਨਾ ਆਉਣਾ, ਫੇਫੜਿਆਂ ਵਿਚ ਪਾਣੀ ਇਕੱਠਾ ਹੋਣਾ, ਆਦਿ ਹੋਣੇ ਸ਼ੁਰੂ ਹੋ ਜਾਂਦੇ ਹਨ।

  1. ਸਿੱਕਾ :-ਫੈਕਟਰੀਆਂ ਵਿਚਲੀ ਗੰਦਗੀ ਰਾਹੀਂ, ਬੈਟਰੀਆਂ, ਸਿੱਕੇ ਵਾਲੇ ਪੈਟਰੋਲ, ਆਦਿ ਵਿੱਚੋਂ ਨਿਕਲਦਾ ਸਿੱਕਾ ਟਰੈਫਿਕ ਪੁਲਿਸ ਮੁਲਾਜ਼ਮਾਂ ਉੱਤੇ ਹੌਲੀ-ਹੌਲੀ ਅਸਰ ਕਰਦਾ, ਉਨ੍ਹਾਂ ਦਾ ਸਰੀਰ ਛਲਣੀ ਕਰ ਦਿੰਦਾ ਹੈ। ਮਾਂ ਦੇ ਢਿੱਡ ਅੰਦਰ ਪਲ ਰਹੇ ਬੱਚੇ ਵੀ ਇਸ ਦੇ ਮਾੜੇ ਅਸਰਾਂ ਤੋਂ ਬਚਦੇ ਨਹੀਂ। ਸਿੱਕਾ ਲਹੂ, ਹੱਡੀਆਂ ਤੇ ਪੱਠਿਆਂ ਵਿਚ ਜੰਮ ਜਾਂਦਾ ਹੈ ਤੇ ਹੌਲੀ-ਹੌਲੀ ਗੁਰਦੇ, ਜਿਗਰ, ਦਿਮਾਗ਼, ਫੇਫੜੇ, ਅੱਖਾਂ, ਕੰਨ, ਆਦਿ ਸਾਰੇ ਅੰਗਾਂ ਨੂੰ ਆਪਣੀ ਚਪੇਟ ਵਿਚ ਲੈ ਲੈਂਦਾ ਹੈ।

ਬੱਚਿਆਂ ਦੇ ਦਿਮਾਗ਼ ਵਿਚ ਜੰਮਣ ਬਾਅਦ ਇਹ ਦਿਮਾਗ਼ ਦੇ ਕੰਮ ਕਾਰ ਨੂੰ ਬਹੁਤ ਘਟਾ ਦਿੰਦਾ ਹੈ। ਮੰਦਬੁੱਧ, ਪੜਨ ਲਿਖਣ ਵਿਚ ਦਿੱਕਤ, ਯਾਦਾਸ਼ਤ ਦੀ ਕਮੀ, ਟਿਕ ਕੇ ਨਾ ਬਹਿ ਸਕਣਾ, ਛੇਤੀ ਕਾਹਲੇ ਪੈ ਜਾਣਾ, ਲੜਾਈ-ਮਾਰ ਕੁਟਾਈ ਕਰਨੀ, ਜ਼ਿੱਦੀ ਬਣ ਜਾਣਾ, ਗਾਲ੍ਹਾਂ ਕੱਢਣ ਲੱਗ ਪੈਣਾ, ਆਦਿ ਵੇਖੇ ਜਾ ਸਕਦੇ ਹਨ।

ਕੁੱਝ ਸਾਲਾਂ ਬਾਅਦ ਦਿਲ, ਗੁਰਦੇ ਅਤੇ ਸ਼ਕਰਾਣੂਆਂ ਉੱਤੇ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ।

ਕਈਆਂ ਨੂੰ ਢਿੱਡ ਪੀੜ, ਲਹੂ ਦੀ ਕਮੀ, ਕਬਜ਼, ਚਿੜਚਿੜਾਪਨ, ਸਿਰ ਪੀੜ, ਛੇਤੀ ਭੜਕ ਜਾਣ, ਧਿਆਨ ਨਾ ਲਾ ਸਕਣ, ਛੇਤੀ ਭੁੱਲਣ ਲੱਗ ਪੈਣਾ, ਨੀਂਦਰ ਵਿਚ ਗੜਬੜੀ, ਬਲੱਡ ਪ੍ਰੈੱਸ਼ਰ ਦਾ ਵਧਣਾ, ਸ਼ਕਰਾਣੂਆਂ ਦੀ ਕਮੀ, ਬਾਂਝਪਨ, ਹਾਜ਼ਮਾ ਖ਼ਰਾਬ ਹੋਣਾ, ਪੇਟ ’ਚ ਅਫਾਰਾ ਮਹਿਸੂਸ ਹੋਣਾ, ਜੋੜਾਂ ਦਾ ਦਰਦ, ਪੱਠਿਆਂ ਵਿਚ ਖਿੱਚ, ਗੁਰਦੇ ਖ਼ਰਾਬ ਹੋਣ, ਆਦਿ ਦੇ ਲੱਛਣ ਦਿਸਣ ਲੱਗ ਪੈਂਦੇ ਹਨ।

  1. ਬੈਨਜ਼ੀਨ, ਟੌਲਿਊਈਨ, ਈਥਾਈਲ ਬੈਨਜ਼ੀਨ, ਜ਼ਾਈਲੀਨ, ਐਂਥਰਾਸੀਨ, ਡਾਇਓਕਸੀਨ ਵਰਗੇ ਹਾਨੀਕਾਰਕ ਤੱਤ ਫੈਕਟਰੀਆਂ ਰਾਹੀਂ ਜਾਂ ਕੋਲੇ ਜਾਂ ਤੇਲ ਦੀ ਵਰਤੋਂ ਨਾਲ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ ਤੇ ਕੈਂਸਰ ਵਰਗੀ ਬੀਮਾਰੀ ਦਾ ਆਧਾਰ ਬਣਦੇ ਹਨ।
  2. ਜੰਗਲ ਦੀ ਅੱਗ ਤੇ ਜਵਾਲਾਮੁਖੀ ਵੀ ਲੰਮੇ ਸਮੇਂ ਤਕ ਪੂਰਾ ਵਾਤਾਵਰਨ ਗੰਧਲਾ ਕਰ ਦਿੰਦੇ ਹਨ। ਇਹ ਵੀ ਸਾਹ ਤੇ ਚਮੜੀ ਦੀਆਂ ਬੀਮਾਰੀਆਂ ਅਤੇ ਕੈਂਸਰ ਦੀ ਸ਼ੁਰੂਆਤ ਕਰ ਦਿੰਦੇ ਹਨ।

ਹਵਾ ਵਿਚਲੇ ਪ੍ਰਦੂਸ਼ਣ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ :-

ਅਣਜੰਮੇ ਬੱਚੇ ਹੋਣ ਭਾਵੇਂ ਬਜ਼ੁਰਗ, ਕੋਈ ਵੀ ਪ੍ਰਦੂਸ਼ਣ ਦੇ ਅਸਰਾਂ ਤੋਂ ਬਚ ਨਹੀਂ ਸਕਿਆ। ਕੋਈ ਘੱਟ ਤੇ ਕੋਈ ਵੱਧ, ਸਭ ਇਸ ਦੀ ਮਾਰ ਹੇਠ ਆਉਂਦੇ ਹਨ। ਕਿਸੇ ਨੂੰ ਦਿਮਾਗ਼ ਤੇ ਕਿਸੇ ਨੂੰ ਦਿਲ, ਜਿਗਰ ਜਾਂ ਗੁਰਦੇ ਦਾ ਰੋਗ ਹੋ ਸਕਦਾ ਹੈ। ਕੋਈ ਚਮੜੀ ਤੇ ਕੋਈ ਜੋੜਾਂ ਜਾਂ ਅੱਖਾਂ ਦੇ ਰੋਗ ਲੈ ਬਹਿੰਦਾ ਹੈ। ਕਿਸੇ ਨੂੰ ਮਾਨਸਿਕ ਰੋਗ ਜਕੜ ਲੈਂਦੇ ਹਨ ਤੇ ਕੋਈ ਕੈਂਸਰ ਦੇ ਬੀਜ ਸਰੀਰ ਅੰਦਰ ਬੀਜ ਲੈਂਦਾ ਹੈ। ਕਈਆਂ ਨੂੰ ਛੇਤੀ ਤੇ ਕਈਆਂ ਨੂੰ ਸਾਲਾਂ ਬਾਅਦ ਇਸ ਦੇ ਮਾੜੇ ਅਸਰ ਦਿਸਦੇ ਹਨ, ਪਰ ਦਿਸਦੇ ਜ਼ਰੂਰ ਹਨ।

ਆਮ ਵੇਖੇ ਜਾਣ ਵਾਲੇ ਨੁਕਸ :

  1. ਮੂੰਹ ਉੱਤੇ ਕਾਲੇ ਚਟਾਕ ਜਾਂ ਤਿਲ ਵਧਣ ਲੱਗ ਪੈਣੇ ਤੇ ਝੁਰੜੀਆਂ ਛੇਤੀ ਪੈਣੀਆਂ।
  2. ਇਮਿਊਨ ਸਿਸਟਮ ਵਿਚ ਗੜਬੜੀ।
  3. ਬੀਮਾਰੀ ਨਾਲ ਲੜਨ ਵਾਲੇ ਸੈੱਲਾਂ ਦਾ ਘਟਣਾ।
  4. ਭਰੂਣ ਦਾ ਵਧਣਾ ਫੁੱਲਣਾ ਰੁਕ ਜਾਣਾ
  5. ਸਤਮਾਹਿਆ ਬੱਚਾ ਪੈਦਾ ਹੋਣਾ
  6. ਸ਼ਕਰਾਣੂਆਂ ਦੀ ਕਮੀ
  7. ਫੇਫੜਿਆਂ ਦਾ ਨਾਸ ਵੱਜਣਾ ਤੇ ਸਦੀਵੀ ਰੋਗ ਹੋਣੇ
  8. ਅੱਖਾਂ ਦੇ ਅਨੇਕ ਰੋਗ ਹੋਣੇ, ਪਾਣੀ ਵੱਗਦਾ ਰਹਿਣਾ, ਲਾਲੀ ਹੋਣੀ, ਖਾਰਸ਼ ਹੋਣੀ
  9. ਚਮੜੀ ਦੀ ਐਲਰਜੀ/ਖ਼ੁਰਕ/ਦਾਣੇ/ਐਗਜ਼ੀਮਾ
  10. ਦਿਲ ਦੇ ਰੋਗ ਤੇ ਨਾੜੀਆਂ ਵਿਚ ਨੁਕਸ
  11. ਮਨੋਰੋਗ ਹੋਣੇ/ਵਾਧੂ ਲੜਨਾ, ਢਹਿੰਦੀ ਕਲਾ, ਆਦਿ ਹੋਣੀ ।
  12. ਛੇਤੀ ਝਗੜ ਪੈਣਾ, ਗੁਸੈਲ ਹੋਣਾ, ਓਟਿਜ਼ਮ, ਯਾਦਾਸ਼ਤ ਘਟਣੀ, ਹੱਥ ਪੈਰ ਬੇਲੋੜੇ ਹਿਲਣੇ, ਜੁਰਮ ਵੱਲ ਝੁਕਾਓ ਹੋਣਾ
  13. ਲਹੂ ਦੀ ਕਮੀ
  14. ਕੈਂਸਰ ਦਾ ਬੀਜ ਬੋਇਆ ਜਾਣਾ
  15. ਜਿਨ੍ਹਾਂ ਨੂੰ ਪਹਿਲਾਂ ਤੋਂ ਸਾਹ ਜਾਂ ਦਿਲ ਦੀ ਬੀਮਾਰੀ ਹੋਵੇ, ਉਨ੍ਹਾਂ ਦੀ ਮੌਤ ਦਾ ਖ਼ਤਰਾ ਤਿੰਨ ਗੁਣਾ ਵੱਧ ਜਾਂਦਾ ਹੈ।
  16. ਗਲੇ ਵਿਚ ਖ਼ਰਾਸ਼, ਆਵਾਜ਼ ਭਾਰੀ ਹੋਣੀ ਤੇ ਗਲਾ ਸਾਫ਼ ਕਰਨ ਦੀ ਲੋੜ ਪੈਣੀ, ਦਾ ਮਤਲਬ ਹੈ ਕਿ ਪ੍ਰਦੂਸ਼ਿਤ ਹਵਾ ਦੇ ਅਸਰ ਹੇਠ ਸਰੀਰ ਆ ਚੁੱਕਿਆ ਹੈ। ਫੇਫੜਿਆਂ ਵਿਚਲੇ ਨੁਕਸ ਕਈ ਵਾਰ ਸਾਲਾਂ ਬਾਅਦ ਪਤਾ ਲੱਗਦੇ ਹਨ ਪਰ ਸ਼ੁਰੂਆਤ ਕਾਫ਼ੀ ਪਹਿਲਾਂ ਦੀ ਹੋ ਚੁੱਕੀ ਹੁੰਦੀ ਹੈ।
  17. ਬਲੱਡ ਪ੍ਰੈੱਸ਼ਰ ਦਾ ਵਾਧਾ
  18. ਲਹੂ ਵਿਚਲੇ ਚਿੱਟੇ ਸੈੱਲਾਂ ਦਾ ਨੁਕਸ
  19. ਦਿਲ ਦੇ ਵੱਖੋ-ਵੱਖ ਹਿੱਸਿਆਂ (ਵੈਂਟਰੀਕਲ, ਸੱਜਾ ਤੇ ਖੱਬਾ) ਦਾ ਮੋਟਾ ਹੋਣਾ ਜੋ ਖ਼ਤਰਨਾਕ ਹੈ।

ਨਵੀਂ ਖੋਜ :- ਪ੍ਰਦੂਸ਼ਿਤ ਹਵਾ ਵਿਚ ਲਗਾਤਾਰ ਰਹਿਣ ਵਾਲਿਆਂ ਦੇ ਦਿਮਾਗ਼ ਉੱਤੇ ਪੈਂਦੇ ਵਿਗਾੜ ਸਦਕਾ:-

  1. ਮਨੋਰੋਗਾਂ ਵਿਚ 18 ਫੀਸਦੀ ਵਾਧਾ ਵੇਖਿਆ ਗਿਆ।
  2. ਅਜਿਹੇ ਮਾਹੌਲ ਵਿਚ ਪੈਦਾ ਹੋਏ ਬੱਚਿਆਂ ਵਿਚ ਵੱਡੇ ਹੋ ਕੇ ਠਹਿਰਾਓ ਨਹੀਂ ਲੱਭਿਆ
  3. ਬੱਚੇ ਰੋਂਦੂ, ਚਿੜਚਿੜੇ, ਜ਼ਿੱਦੀ ਤੇ ਲੋੜੋਂ ਵੱਧ ਲੜਾਕੇ ਹੋਏ ਲੱਭੇ
  4. 45 ਸਾਲਾਂ ਦੀ ਉਮਰ ’ਤੇ ਹੀ ਬਥੇਰਿਆਂ ਨੂੰ ਐਲਜ਼ਾਈਮਰ ਤੇ ਪਾਰਕਿਨਸਨ ਰੋਗ ਦੀ ਸ਼ੁਰੂਆਤ ਹੋਈ ਲੱਭੀ।
  5. ਵੱਡੇ ਸ਼ਹਿਰਾਂ ਵਿਚ ਭਿਆਨਕ ਜੁਰਮਾਂ ਵਿਚ ਵਾਧੇ ਵਿਚ ਵੀ ਜ਼ਰਾਇਮ ਪੇਸ਼ਾ ਲੋਕਾਂ ਦੇ ਦਿਮਾਗ਼ ਦੀ ਸਕੈਨਿੰਗ ਤੇ ਲਹੂ ਦੇ ਟੈਸਟਾਂ ਰਾਹੀਂ ਇਹੀ ਪੱਖ ਸਾਹਮਣੇ ਆਇਆ ਕਿ ਪ੍ਰਦੂਸ਼ਿਤ ਹਵਾ ਰਾਹੀਂ ਉਨ੍ਹਾਂ ਦੇ ਸਰੀਰਾਂ ਤੇ ਦਿਮਾਗ਼ ਅੰਦਰ ਪ੍ਰਦੂਸ਼ਿਤ ਕਣਾਂ ਦਾ ਵਾਧਾ ਹੋ ਚੁੱਕਿਆ ਸੀ, ਜਿਸ ਨਾਲ ਉਨ੍ਹਾਂ ਦੇ ਸੋਚਣ ਸਮਝਣ ਦੀ ਸ਼ਕਤੀ ਤੇ ਤਰਕ ਖ਼ਤਮ ਹੋ ਗਿਆ ਸੀ।
  6. ਘਬਰਾਹਟ ਹੁੰਦੀ ਰਹਿਣੀ, ਡਰ ਲੱਗਣਾ ਤੇ ਛੇਤੀ ਭੜਕ ਪੈਣਾ ਵੀ ਪ੍ਰਦੂਸ਼ਣ ਦੇ ਅਸਰ ਸਦਕਾ ਹੈ।
  7. ਜਿਗਰ ਦੇ ਕੈਂਸਰ ਵਿਚ ਵਾਧਾ
  8. ਬੱਚਿਆਂ ਵਿਚ ਓਟਿਜ਼ਮ ਬੀਮਾਰੀ ਦਾ ਵਾਧਾ ਜੋ ਉਮਰ ਭਰ ਲਈ ਬੱਚੇ ਦੇ ਦਿਮਾਗ਼ ਵਿਚ ਵਿਗਾੜ ਪੈਦਾ ਕਰ ਦਿੰਦੀ ਹੈ।
  9. ਭਰੂਣ ਦੇ ਦਿਮਾਗ਼ ਦੇ ਵਿਕਾਸ ਵਿਚ ਗੜਬੜੀ, ਉਸ ਦੇ ਸਿਰ ਦੇ ਆਕਾਰ ਵਿਚ ਵਿਗਾੜ ਤੇ ਭਾਰ ਦੇ ਘੱਟ ਰਹਿ ਜਾਣ ਦੇ ਨਾਲ-ਨਾਲ ਅੰਗਾਂ ਦਾ ਪੂਰਾ ਵਿਕਾਸ ਨਾ ਹੋਣਾ
  10. ਇਮਿਊਨ ਸਿਸਟਮ ਦਾ ਭੱਠਾ ਬਹਿ ਜਾਣਾ
  11. ਦਿਮਾਗ਼ ਵਿਚਲੇ ਸੁਣੇਹੇ ਪਹੁੰਚਾਉਣ ਵਿਚ ਗੜਬੜੀ
  12. ਅੰਨ੍ਹੇ ਹੋ ਜਾਣਾ ।

ਕਾਰਨ :- ਆਮ ਹੀ ਸਿਰਫ਼ ਕਿਸਾਨਾਂ ’ਤੇ ਪਰਾਲੀ ਸਾੜਨ ਸਦਕਾ ਹੋਏ ਹਵਾ ਦੇ ਪ੍ਰਦੂਸ਼ਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ, ਪਰ ਇਹ ਸਭ ਤੋਂ ਆਖ਼ਰੀ ਕਾਰਨ ਹੈ। ਪਰਾਲੀ ਸਾੜਨ ਨਾਲ ਧਰਤੀ ਉੱਪਰਲੇ ਵਧੀਆ ਕੀਟਾਣੂ ਮਰ ਜਾਂਦੇ ਹਨ ਤੇ ਧਰਤੀ ਵਿਚਲੇ ਲੋੜੀਂਦੇ ਤੱਤਾਂ ਦਾ ਵੀ ਨਾਸ ਵੱਜ ਜਾਂਦਾ ਹੈ। ਕੁਦਰਤੀ ਤੌਰ ਉੱਤੇ ਬੀਮਾਰੀਆਂ ਤੋਂ ਬਚਾਉਣ ਲਈ ਇਨ੍ਹਾਂ ਦੀ ਜ਼ਰੂਰਤ ਹੁੰਦੀ ਹੈ ਜੋ ਪਰਾਲੀ ਸਾੜ੍ਹਨ ਨਾਲ ਨਸ਼ਟ ਹੋ ਜਾਂਦੇ ਹਨ ਤੇ ਹਵਾ ਵਿਚ ਮਿੱਟੀ ਤੇ ਧੂੰਏ ਦੀ ਮਾਤਰਾ ਵੱਧ ਹੋ ਜਾਂਦੀ ਹੈ। ਇਸ ਨਾਲ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਦਾ ਆਪਣਾ ਹੀ ਹੁੰਦਾ ਹੈ ਜਿਨ੍ਹਾਂ ਦੀਆਂ ਫਸਲਾਂ ਦਾ ਝਾੜ ਹੌਲੀ-ਹੌਲੀ ਕਈ ਦਹਾਕਿਆਂ ਬਾਅਦ ਘਟਣ ਲੱਗ ਪੈਂਦਾ ਹੈ ਅਤੇ ਨੇੜੇ ਰਹਿੰਦੇ ਆਪਣੇ ਹੀ ਟੱਬਰ ਦੇ ਜੀਅ ਬੀਮਾਰੀਆਂ ਸਹੇੜ ਲੈਂਦੇ ਹਨ।

ਅਸਲ ਕਾਰਨ ਜੋ ਪ੍ਰਦੂਸ਼ਣ ਫੈਲਾ ਰਹੇ ਹਨ, ਉਹ ਹਨ :

  1. ਜਵਾਲਾਮੁਖੀ
  2. ਸਿਗਰਟਾਂ ਦਾ ਧੂੰਆਂ
  3. ਫੈਕਟਰੀਆਂ ਵਿੱਚੋਂ ਨਿਕਲਦੀ ਗੰਦਗੀ
  4. ਮੋਟਰਾਂ (ਡੀਜ਼ਲ ਉੱਤੇ ਚੱਲਣ ਵਾਲੀਆਂ)
  5. ਮੋਟਰਸਾਈਕਲ ਕਾਰ ਨਾਲੋਂ 60 ਗੁਣਾ ਵੱਧ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ।
  6. ਕਾਰਾਂ, ਬਸਾਂ, ਟਰੱਕ, ਵੈਨਾਂ
  7. ਸਲਫਰ ਡਾਇਓਕਸਾਈਡ, ਜੋ ਸਭ ਤੋਂ ਖ਼ਤਰਨਾਕ ਗਿਣੀ ਜਾਂਦੀ ਹੈ, ਇਸ ਵੇਲੇ ਦਿੱਲੀ ਦੀ ਹਵਾ ਵਿਚ ਸਭ ਤੋਂ ਵੱਧ ਹੈ ਤੇ ਇਹ ਉਸ ਦੀ ਆਪਣੀ ਉਪਜ ਹੈ ਜੋ ਕਿਸੇ ਹੋਰ ਸੂਬੇ ਤੋਂ ਨਹੀਂ ਆਈ ਹੋਈ ਕਿਉਂਕਿ ਹੋਰਨਾਂ ਕਿਸੇ ਸੂਬਿਆਂ ਵਿਚਲੀ ਹਵਾ ਵਿਚ ਏਨੀ ਮਾਤਰਾ ਨਹੀਂ ਹੈ। ਸਗੋਂ ਦਿੱਲੀ ਦੇ ਕਾਰਖ਼ਾਨੇ ਤੇ ਵੱਡੀ ਗਿਣਤੀ ਮੋਟਰਸਾਈਕਲਾਂ, ਬਸਾਂ, ਟਰੱਕਾਂ, ਕਾਰਾਂ ਦੇ ਨਾਲੋ ਨਾਲ ਕੂੜੇ ਦੇ ਢੇਰ ਦਾ ਸਾੜਿਆ ਜਾਣਾ ਹੀ ਇਸ ਵਿਚ ਲਗਾਤਾਰ ਵਾਧਾ ਕਰ ਰਿਹਾ ਹੈ ਅਤੇ ਹੋਰਨਾਂ ਸੂਬਿਆਂ ਦੀ ਹਵਾ ਵੀ ਖ਼ਰਾਬ ਕਰ ਰਿਹਾ ਹੈ।

ਯੂਨੀਵਰਸਿਟੀ ਆਫ਼ ਮੈਰੀਲੈਂਡ ਨੇ ਖੋਜ ਰਾਹੀਂ ਦੱਸ ਦਿੱਤਾ ਹੈ ਕਿ ਭਾਰਤ ਵਿਚ ਕੋਲੇ ਦੀ ਵਾਧੂ ਵਰਤੋਂ ਸਦਕਾ ਭਾਰਤ ਦੀ ਹਵਾ ਵਿਚਲੀ ਸਲਫਰ ਡਾਇਓਕਸਾਈਡ ਦੀ ਮਾਤਰਾ ਚੀਨ ਤੋਂ ਵੀ ਟੱਪ ਜਾਣ ਵਾਲੀ ਹੈ। ਹਵਾ ਵਿਚਲਾ ਗੰਧਲਾਪਨ ਬਣਾਉਣ ਦਾ ਵੀਹ ਫੀਸਦੀ ਹਿੱਸਾ ਸਿਰਫ਼ ਸਲਫਰ ਡਾਇਓਕਸਾਈਡ ਸਦਕਾ ਹੀ ਹੈ।

ਵਿਸ਼ਵ ਸਿਹਤ ਸੰਸਥਾ ਨੇ ਏਸ਼ੀਆ ਵਿੱਚੋਂ ਦਿੱਲੀ ਤੇ ਤਹਿਰਾਨ ਨੂੰ ਦੁਨੀਆ ਭਰ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਐਲਾਨ ਦਿੱਤਾ ਹੈ ਜਿੱਥੇ ਫੈਕਟਰੀਆਂ, ਕੋਲਾ ਤੇ ਬਸਾਂ, ਕਾਰਾਂ, ਮੋਟਰਸਾਈਕਲਾਂ ਹੀ ਇਸ ਦਾ ਕਾਰਨ ਦੱਸਿਆ ਗਿਆ ਹੈ।

ਪੰਜਾਬ ਦੇ ਥਰਮਲ ਪਲਾਂਟਾਂ ਵਿਚਲਾ ਕੋਲਾ ਵੀ ਇਹੋ ਹਾਲ ਕਰਨ ਵਾਲਾ ਹੈ।

ਹਲ :- ਲੰਡਨ ਤੇ ਟੋਕੀਓ ਨੇ ਪ੍ਰਦੂਸ਼ਿਤ ਹਵਾ ਨੂੰ ਸਾਫ਼ ਕਰ ਕੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਦਾ ਹਲ ਹੈ। ਇਸ ਵਾਸਤੇ ਉਨ੍ਹਾਂ ਵੱਲੋਂ ਸੁਝਾਏ ਨੁਕਤੇ ਹਨ :-

  1. ਮੋਟਰਾਂ ਦੇ ਇੰਜਨਾਂ ਵਿਚ ਤਬਦੀਲੀ ਲਿਆ ਕੇ ਸੀ. ਐਨ. ਜੀ. ਦੀ ਵਰਤੋਂ ਵਧਾਈ ਜਾਏ।
  2. ਇਲੈਕਟਿ੍ਰਕ ਕਾਰਾਂ ਦੀ ਵਰਤੋਂ ਵਧਾਈ ਜਾਏ।
  3. ਸਬ ਵੇਅ, ਮੈਟਰੋ, ਟਰੈਮ, ਬਿਜਲੀ ਨਾਲ ਚੱਲਣ ਵਾਲੀਆਂ ਬਸਾਂ ਚਾਲੂ ਕੀਤੀਆਂ ਜਾਣ।
  4. ਦਸ ਸਾਲਾਂ ਤੋਂ ਪੁਰਾਣੀਆਂ ਸਾਰੀਆਂ ਫੈਕਟਰੀਆਂ ਦੀਆਂ ਮਸ਼ੀਨਾਂ ਨਵੀਆਂ ਲਾਈਆਂ ਜਾਣ ਤੇ ਉਨ੍ਹਾਂ ਵਿੱਚੋਂ ਨਿਕਲਦੇ ਪ੍ਰਦੂਸ਼ਣ ਦੀ ਜਾਂਚ ਰੈਗੂਲਰ ਤੌਰ ਉੱਤੇ ਹੋਵੇ।
  5. ਵੀਹ ਸਾਲ ਤੋਂ ਪੁਰਾਣੀਆਂ ਸਾਰੀਆਂ ਕਾਰਾਂ ਸੜਕਾਂ ਉੱਤੇ ਚੱਲਣੀਆਂ ਬੰਦ ਕਰ ਦਿੱਤੀਆਂ ਜਾਣ।
  6. ਹਵਾ ਵਿਚ ਪ੍ਰਦੂਸ਼ਿਤ ਕਣਾਂ ਦੇ ਵਧਦੇ ਸਾਰ ਫੈਕਟਰੀਆਂ ਦੇ ਕੰਮ ਕਾਰ ਦਾ ਸਮਾਂ ਕੁੱਝ ਹਫਤੇ ਘਟਾ ਕੇ ਤੇ ਕਾਰਾਂ ਬਸਾਂ ਦੀ ਗਿਣਤੀ ਵੀ ਸੜਕਾਂ ਉੱਤੇ ਕੁੱਝ ਹਫ਼ਤੇ ਘਟਾ ਦੇਣੀ ਚਾਹੀਦੀ ਹੈ।
  7. ਮੀਡੀਆ ਵੱਲੋਂ ਲੋਕਾਂ ਨੂੰ ਪ੍ਰਦੂਸ਼ਿਤ ਹਵਾ ਤੋਂ ਬਚਣ ਲਈ ਘਰਾਂ ਵਿਚ ਜ਼ਿਆਦਾ ਸਮਾਂ ਰਹਿਣ ਲਈ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ।
  8. ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਘਰਾਂ ਵਿਚ ਜ਼ਿਆਦਾ ਸਮਾਂ ਬਤੀਤ ਕਰਨ ਲਈ ਕਹਿਣਾ ਚਾਹੀਦਾ ਹੈ।
  9. ਸਰਕਾਰ ਵੱਲੋਂ ਸਖ਼ਤ ਕਾਨੂੰਨ ਬਣਾ ਕੇ ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਫੈਕਟਰੀਆਂ ਉੱਤੇ ਰੋਕ ਲਾ ਦੇਣੀ ਚਾਹੀਦੀ ਹੈ। ਇੰਜ ਹੀ ਪੁਰਾਣੀਆਂ ਕਾਰਾਂ ਉੱਤੇ ਚਾਰ ਗੁਣਾ ਟੈਕਸ ਲਾਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਸੜਕਾਂ ਉੱਤੇ ਚੱਲਣਾ ਬੰਦ ਹੋਵੇ।
  10. ਦਰੱਖ਼ਤਾਂ ਦਾ ਵੱਧ ਤੋਂ ਵੱਧ ਲਾਉਣਾ।

ਸਾਰ :-

  1. ਇਕ ਸਿਗਰਟ ਦਾ ਧੂੰਆਂ ਵੀ ਹਵਾ ਪ੍ਰਦੂਸ਼ਿਤ ਕਰਦਾ ਹੈ।
  2. ਜਵਾਲਾਮੁਖੀ ਫਟਣ ਨਾਲ ਹੋਇਆ ਪ੍ਰਦੂਸ਼ਣ ਇਨਸਾਨੀ ਪ੍ਰਦੂਸ਼ਣ ਤੋਂ ਕਿਤੇ ਵੱਧ ਹੈ।
  3. ਫੈਕਟਰੀਆਂ, ਕੋਲੇ ਦਾ ਬਲਣਾ ਤੇ ਮੋਟਰਸਾਈਕਲ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਂਦੇ ਹਨ।
  4. ਹਵਾ ਵਿਚਲੇ ਪ੍ਰਦੂਸ਼ਣ ਦਾ ਅਸਰ ਭਰੂਣ ਤੋਂ ਲੈ ਕੇ 100 ਸਾਲਾਂ ਦੀ ਉਮਰ ਭੋਗ ਰਹੇ ਹਰ ਜਣੇ ਉੱਤੇ ਪੈਂਦਾ ਹੈ।
  5. ਇਸ ਦੇ ਮਾੜੇ ਅਸਰ ਤੁਰੰਤ ਤੋਂ ਲੈ ਕੇ ਕਈ ਸਾਲਾਂ ਬਾਅਦ ਤਕ ਹੁੰਦੇ ਰਹਿ ਸਕਦੇ ਹਨ ਤੇ ਧੁਖਦੀ ਲੱਕੜ ਵਾਂਗ ਸਰੀਰ ਨੂੰ ਹੌਲੀ-ਹੌਲੀ ਖੋਖਲਾ ਕਰ ਦਿੰਦੇ ਹਨ।
  6. ਮਨੋਰੋਗ ਤੇ ਵਧਦੇ ਜੁਰਮਾਂ ਦੇ ਨਾਲੋ ਨਾਲ ਓਟਿਜ਼ਮ ਅਤੇ ਵਧਦੇ ਲੜਾਈਆਂ ਝਗੜੇ ਇਸੇ ਦੀ ਉਪਜ ਹਨ।
  7. ਡੀ. ਐਨ. ਏ. ਵਿਚਲੀ ਤਬਦੀਲੀ ਅਗਲੀਆਂ ਪੁਸ਼ਤਾਂ ਤਕ ਅਸਰ ਛੱਡ ਸਕਦੀ ਹੈ।
  8. ਵਨਸਪਤੀ ਅਤੇ ਜਾਨਵਰਾਂ ਉੱਤੇ ਬੇਹੱਦ ਮਾੜੇ ਅਸਰ ਦਿਸਦੇ ਹਨ।
  9. ਸਰਕਾਰਾਂ ਨੂੰ ਇਕ ਦੂਜੇ ਉੱਤੇ ਦੂਸ਼ਣ ਲਾਉਣ ਦੀ ਥਾਂ ਅਤੇ ਸਾਰਾ ਦੋਸ਼ ਕਿਸਾਨਾਂ ਉੱਤੇ ਮੜ੍ਹਨ ਦੀ ਥਾਂ ਸਖ਼ਤ ਕਾਨੂੰਨ ਲਾਗੂ ਕਰ ਕੇ ਫੈਕਟਰੀਆਂ, ਕੋਲੇ ਦੇ ਬਾਲਣ ਦੀ ਵਰਤੋਂ ਘਟਾਉਣ ਤੇ ਮੋਟਰਸਾਈਕਲਾਂ, ਬਸਾਂ, ਕਾਰਾਂ ਦੀ ਗਿਣਤੀ ਸੜਕਾਂ ਉੱਤੇ ਘਟਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ।
  10. ਦਰੱਖ਼ਤਾਂ ਦੀ ਗਿਣਤੀ ਹਰ ਸਾਲ ਵਧਾਉਣੀ ਪੈਣੀ ਹੈ। ਸੜਕਾਂ ਦੁਆਲੇ ਰੁੱਖ ਬੀਜਣ ਤੇ ਹਰ ਘਰ ਵਿਚ ਬੂਟੇ ਲਾਉਣੇ ਲਾਜ਼ਮੀ ਕਰ ਦੇਣੇ ਚਾਹੀਦੇ ਹਨ।
  11. ਪ੍ਰਦੂਸ਼ਣ ਹਰ ਵੱਡੇ-ਛੋਟੇ, ਅਮੀਰ-ਗਰੀਬ ਉੱਤੇ ਇੱਕੋ ਜਿਹਾ ਅਸਰ ਕਰਦਾ ਹੈ। ਸੋ ਇਸ ਨੂੰ ਰੋਕਣ ਲਈ ਸਾਂਝਾ ਉਪਰਾਲਾ ਕਰਨ ਦੀ ਲੋੜ ਹੈ ਤਾਂ ਜੋ ਸਾਡੀਆਂ ਆਪਣੀਆਂ ਹੀ ਆਉਣ ਵਾਲੀਆਂ ਨਸਲਾਂ ਮਾਨਸਿਕ ਤੇ ਸਰੀਰਕ ਪੱਖੋਂ ਤੰਦਰੁਸਤ ਰਹਿ ਸਕਣ !
  12. ਕਿਸਾਨਾਂ ਨੂੰ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਪਰਾਲੀ ਸਾੜਨ ਨਾਲ ਸਭ ਤੋਂ ਵੱਧ ਨੁਕਸਾਨ ਉਨ੍ਹਾਂ ਦੇ ਆਪਣੇ ਸਰੀਰ ਦਾ ਤੇ ਆਪਣੇ ਟੱਬਰ ਵਿਚਲੇ ਬੱਚਿਆਂ ਦਾ ਹੋਣਾ ਹੈ ਤੇ ਨਾਲੋ ਨਾਲ ਆਪਣੀ ਜ਼ਮੀਨ ਦਾ ਵੀ।

ਅੰਤ ਵਿਚ ਇਹ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਮੀਡੀਆ ਰਾਹੀਂ ਪੂਰਾ ਦੋਸ਼ ਕਿਸਾਨਾਂ ਉੱਤੇ ਮੜ੍ਹ ਦੇਣ ਦਾ ਮਤਲਬ ਹੈ ਅਸਲ ਦੋਸ਼ੀ ਵੱਲੋਂ ਲੋਕਾਂ ਦਾ ਧਿਆਨ ਹਟਾਉਣਾ। ਕਿਸਾਨਾਂ ਦੀ ਪਰਾਲੀ ਨੂੰ ਲਾਈ ਅੱਗ ਜੰਗਲਾਂ ਵਿਚ ਲੱਗੀ ਅੱਗ ਤੋਂ ਵੱਧ ਪ੍ਰਦੂਸ਼ਣ ਨਹੀਂ ਫੈਲਾ ਸਕਦੀ।

ਜਦੋਂ ਸਭ ਨੂੰ ਸਮਝ ਆ ਜਾਏਗੀ ਕਿ ਅਸਲ ਕਾਰਨ ਹਨ- ਫੈਕਟਰੀਆਂ, ਕੋਲਾ ਸਾੜਨਾ, ਡੀਜ਼ਲ, ਪੈਟਰੋਲ, ਬਸਾਂ, ਟਰੱਕਾਂ, ਕਾਰਾਂ ਤੇ ਮੋਟਰਸਾਈਕਲ, ਤਾਂ ਸਾਂਝੇ ਤੌਰ ਉੱਤੇ ਰੋਕਥਾਮ ਕਰਨੀ ਆਸਾਨ ਹੋ ਜਾਵੇਗੀ।

ਵੱਡੀ ਗੱਲ ਹੈ ਪੰਜਾਬ ਦੀ ਹਵਾ ਦਿਲੀ ਦੀ ਹਵਾ ਨਾਲੋਂ ਸਾਫ਼ ਹੈ, ਸੋ ਦਿੱਲੀ ਵੱਲੋਂ ਪੰਜਾਬ ਉੱਤੇ ਲਾਏ ਜਾ ਰਹੇ ਦੂਸ਼ਣ ਸਰਾਸਰ ਗ਼ਲਤ ਹਨ !