ਨਿਸ਼ਾਨਿ ਸਿਖੀ ਈ ਪੰਜ ਹਰਫ਼ ਕਾਫ਼

0
2636

ਨਿਸ਼ਾਨਿ ਸਿਖੀ ਈ ਪੰਜ ਹਰਫ਼ ਕਾਫ਼

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ)-99155-15436

ਕੁਦਰਤ ਨੇ ਹਰ ਚੀਜ਼ ਦੀ ਪਛਾਣ ਵਾਸਤੇ ਕੁੱਝ ਚਿੰਨ੍ਹ ਬਣਾ ਰੱਖੇ ਹਨ। ਅਸੀਂ ਉਹਨਾਂ ਦੇ ਰੰਗ, ਰੂਪ ਜਾਂ ਦਿੱਖ ਤੋਂ ਉਹਨਾਂ ਦੀ ਪਹਿਚਾਣ ਕਰ ਸਕਦੇ ਹਾਂ। ਵੱਖ ਵੱਖ ਜੀਵਾਂ ਦੀ ਜਾਂ ਬਨਸਪਤੀ ਦੀ ਪਛਾਣ ਉਹਨਾਂ ਦੀ ਬਾਹਰੀ ਦਿੱਖ ਤੋਂ ਹੀ ਹੁੰਦੀ ਹੈ। ਮਨੁੱਖ ਦੁਆਰਾ ਉਸਾਰੇ ਹੋਏ ਧਰਮ ਅਸਥਾਨਾਂ ਦਾ ਅੰਦਾਜ਼ਾ ਵੀ ਉਹਨਾਂ ਦੀ ਬਾਹਰੀ ਦਿੱਖ ਤੋਂ ਹੀ ਲਗਾਇਆ ਜਾਂਦਾ ਹੈ। ਜਿਸ ਇਮਾਰਤ ਤੇ ਕਰਾਸ ਬਣਿਆ ਹੋਵੇ ਉਸ ਤੋਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਗਿਰਜਾ ਘਰ ਹੈ। ਮਸਜਿਦ ਦੀ ਆਪਣੀ ਹੀ ਵਿਸ਼ੇਸ਼ ਬਣਤਰ ਹੈ। ਕੇਸਰੀ ਨਿਸ਼ਾਨ ਝੂਲਦਾ ਵੇਖ ਕੇ ਗੁਰਦੁਆਰੇ ਦਾ ਅਹਿਸਾਸ ਹੁੰਦਾ ਹੈ। ਸੋ ਹਰ ਧਾਰਮਿਕ ਅਸਥਾਨ ਦੇ ਆਪਣੇ ਖਾਸ ਪਹਿਚਾਣ ਚਿੰਨ੍ਹ ਹਨ।

ਇਸੇ ਤਰ੍ਹਾਂ ਪੁਲਿਸ ਅਫਸਰਾਂ ਜਾਂ ਮਿਲਟਰੀ ਵਾਲਿਆਂ ਦੀ ਵਰਦੀ ’ਤੇ ਲੱਗੇ ਹੋਏ ਚਿੰਨ੍ਹ ਜਾਂ ਸਟਾਰ ਤੋਂ ਪਤਾ ਲੱਗ ਜਾਂਦਾ ਹੈ ਕਿ ਇਸ ਅਫਸਰ ਦਾ ਰੈਂਕ ਕੀ ਹੈ। ਧਾਰਮਿਕ ਚਿੰਨ੍ਹ ਤੋਂ ਜਾਂ ਬਾਹਰੀ ਲਿਬਾਸ ਤੋਂ ਮਨੁੱਖ ਦੇ ਧਰਮ ਦਾ ਪਤਾ ਲੱਗ ਜਾਂਦਾ ਹੈ। ਮੂੰਹ ’ਤੇ ਪੱਟੀ ਬੰਨ੍ਹੀ ਹੋਵੇ ਤੇ ਸਿਰ ਦੇ ਵਾਲ ਘਸਾ ਕੇ ਮੁੰਨੇ ਹੋਣ ਤਾਂ ਪਤਾ ਲੱਗ ਜਾਂਦਾ ਹੈ ਕਿ ਇਹ ਜੈਨੀ ਹੈ। ਗੇਰੂਏ ਬਸਤਰ ਪਹਿਨਣ ਵਾਲਾ ਪਛਾਣਿਆ ਜਾਂਦਾ ਹੈ ਕਿ ਇਹ ਸੰਨਿਆਸੀ ਹੈ। ਜੋਗੀ ਦੀ ਪਛਾਣ ਜਟਾਵਾਂ, ਹੱਥ ਵਿੱਚ ਖੱਪਰ, ਮੋਢੇ ਉੱਤੇ ਝੋਲਾ ਤੇ ਹੱਥ ਵਿੱਚ ਚਿਮਟਾ ਹੋਣ ਕਰ ਕੇ ਹੁੰਦੀ ਹੈ।

ਹਰ ਸੰਪਰਦਾਇ ਦੇ ਆਪਣੇ ਚਿੰਨ੍ਹ ਹੁੰਦੇ ਹਨ। ਹਿੰਦੂਆਂ ਦੀ ਪਛਾਣ ਤਿਲਕ ਅਤੇ ਜਨੇਊ ਤੋਂ ਹੁੰਦੀ ਹੈ। ਈਸਾਈ ਗਲ ਵਿੱਚ ਕਰਾਸ ਲਟਕਾ ਕੇ ਰੱਖਦੇ ਹਨ। ਸਿੱਖ ਦੀ ਪਛਾਣ ਕੇਸ ਅਤੇ ਦਸਤਾਰ ਹਨ। ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਤਿਆਰ ਕਰਨਾ ਸ਼ੁਰੂ ਕੀਤਾ। ਜਦੋਂ ਮਨੁੱਖ ਸੰਪੂਰਨ ਰੂਪ ਵਿੱਚ ਤਿਆਰ ਹੋ ਗਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੇ ਉੱਪਰ ਚਿੰਨ੍ਹਾਂ ਦੀ ਮੋਹਰ ਲਾ ਦਿੱਤੀ। ਇਹ ਚਿੰਨ੍ਹ ਕੇਵਲ ਬਾਹਰੀ ਦਿਖਾਵੇ ਲਈ ਨਹੀਂ, ਸਗੋਂ ਇਹਨਾਂ ਦੇ ਪਿੱਛੇ ਬੜੀ ਡੂੰਘੀ ਫ਼ਿਲਾਸਫ਼ੀ ਸੀ।

ਸੰਨ 1699 ਦੀ ਵਿਸਾਖੀ 30 ਮਾਰਚ ਨੂੰ ਸੀ। ਇਸ ਦਿਨ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਹੋਈ ਸਿੱਖੀ ਦੀ ਲਹਿਰ ਨੂੰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਸੰਪੂਰਨਤਾ ਬਖਸ਼ਸ਼ ਕੀਤੀ। ਜੋ ਕ੍ਰਾਂਤੀ ਗੁਰੂ ਸਾਹਿਬ ਨੇ ਇਸ ਦਿਨ ਲਿਆਂਦੀ ਉਹ ਸਮੁੱਚੇ ਮਨੁੱਖਾ ਜੀਵਨ ਦੀ ਕ੍ਰਾਂਤੀ ਸੀ।  ਗੁਰੂ ਸਾਹਿਬ ਨੇ ਖਾਲਸੇ ਦੀ ਨੁਹਾਰ ਬਦਲਣ ਤੋਂ ਇਲਾਵਾ ਪਹਿਲੇ ਪਾਤਸ਼ਾਹ ਤੋਂ ਚੱਲੀ ਆ ਰਹੀ ਚਰਨ ਪਾਹੁਲ ਨੂੰ ਵੀ ਖੰਡੇ ਦੀ ਪਾਹੁਲ ਵਿੱਚ ਬਦਲ ਕੇ ਸਿੱਖਾਂ ਨੂੰ ਹਰ ਸਮੇਂ ਪੰਜ ਕਕਾਰ ਧਾਰਨ ਕਰਨ ਦਾ ਵੀ ਉਪਦੇਸ਼ ਦਿੱਤਾ। ਭਾਈ ਨੰਦ ਲਾਲ ਸਿੰਘ ਜੀ ਨੇ ਪੂਰਨ ਸਿੱਖ ਦਾ ਨਕਸ਼ਾ ਪੇਸ਼ ਕਰਦੇ ਹੋਏ ਲਿਖਿਆ ਹੈ :

ਨਿਸ਼ਾਨਿ ਸਿੱਖੀ ਈ ਪੰਜ ਹਰਫ਼ ਕਾਫ਼।

ਹਰਗਿਜ਼ ਨਾ ਬਾਸਿਦ ਈ ਪੰਜ ਮੁਆਫ਼

ਇਹ ਪੰਜ ਕਾਫ਼ (ਕੱਕੇ) ਕਿਹੜੇ ਹਨ ? ਇਸ ਦਾ ਜੁਆਬ ਦਿੰਦੇ ਹੋਏ ਉਹ ਲਿਖਦੇ ਹਨ :

ਕੜਾ ਕਾਰਦੋ ਕੱਛ ਕੰਘਾ ਬਿਦਾਂ।

ਬਿਨਾ ਕੇਸ ਹੇਚ ਅਸਤ ਜੁਮਲਾ ਨਿਸ਼ਾਂ।

ਕੜਾ, ਕਿਰਪਾਨ, ਕਛਹਿਰਾ, ਕੰਘਾ ਤੇ ਕੇਸ ਇਹ ਸਿੱਖੀ ਦੀਆਂ ਨਿਸ਼ਾਨੀਆਂ ਹਨ। ਇਹਨਾਂ ਨਿਸ਼ਾਨੀਆਂ ਤੋਂ ਸਿੱਖੀ ਦੀ ਪਹਿਚਾਣ ਹੁੰਦੀ ਹੈ, ਪਰ ਨਾਲ ਹੀ ਹਰ ਨਿਸ਼ਾਨੀ ਵਿੱਚ ਬੜੀ ਡੂੰਘੀ ਵਿਚਾਰਧਾਰਾ ਰਹੱਸ ਤੇ ਰਮਜ਼ ਹੈ।

ਕੇਸ : ਪ੍ਰਮਾਤਮਾ ਵੱਲੋਂ ਸੰਸਾਰ ਦੇ ਹਰ ਮਨੁੱਖ ਨੂੰ ਬਖਸ਼ਿਆ ਹੋਇਆ ਇਹ ਕੁਦਰਤੀ ਤੋਹਫ਼ਾ ਹੈ। ਸਮੇਂ ਦੇ ਨਾਲ ਨਾਲ ਜਿਵੇਂ ਸਰੀਰ ਵਿਕਾਸ ਕਰਦਾ ਹੈ ਤਿਵੇਂ ਤਿਵੇਂ ਕੇਸਾਂ ਦੀ ਲੰਬਾਈ ਵੀ ਵਧਦੀ ਜਾਂਦੀ ਹੈ। ਅੱਜ ਕੁੱਝ ਭੁਲੜ ਵੀਰ ਜਿਹਨਾਂ ਨੂੰ ਬਜ਼ੁਰਗਾਂ ਨੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਨਹੀਂ ਦਿੱਤੀ, ਉਹ ਦਾੜ੍ਹੀ ਅਤੇ ਕੇਸਾਂ ਬਾਰੇ ਕਈ ਤਰ੍ਹਾਂ ਦੇ ਅਜੀਬੋ ਗਰੀਬ ਪ੍ਰਸ਼ਨ ਕਰਦੇ ਰਹਿੰਦੇ ਹਨ। ਕਈ ਨੌਜੁਆਨ ਕਹਿੰਦੇ ਸੁਣੇ ਜਾਂਦੇ ਹਨ ਕਿ ਦਾੜ੍ਹੀ ਕੇਸ ਰੱਖਣ ਦਾ ਕੀ ਫ਼ਾਇਦਾ ਹੈ ਸਿੱਖੀ ਤਾਂ ਮਨ ਦੀ ਚਾਹੀਦੀ ਹੈ ? 

ਅਜਿਹੇ ਨੌਜੁਆਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਮਨ ਦੀ ਸਿੱਖੀ ਨਿਭਾਉਣੀ, ਤਨ ਦੀ ਸਿੱਖੀ ਨਿਭਾਉਣ ਨਾਲੋਂ ਕਿਤੇ ਔਖੀ ਹੈ। ਜੇ ਅਸੀਂ ਗੁਰੂ ਦਾ ਹੁਕਮ ਮੰਨ ਕੇ ਪੰਜ ਕਕਾਰ ਨਹੀਂ ਧਾਰਨ ਕਰ ਸਕਦੇ ਤਾਂ ਮਨ ਦੀ ਸਿੱਖੀ, ਜਿਸ ਵਿੱਚ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਗੁਰਦੁਆਰੇ ਜਾਣਾ, ਸਦਾ ਸੱਚ ਬੋਲਣਾ, ਸੱਚ ਸੁਣਨਾ ਤੇ ਸੱਚ ਵੇਖਣਾ, ਧਰਮ ਦੀ ਕਿਰਤ ਕਰਨੀ ਤੇ ਸਭ ਦੇ ਅੰਦਰ ਇੱਕ ਅਕਾਲ ਪੁਰਖ ਦੀ ਜੋਤ ਨੂੰ ਵੇਖਣ, ਆਦਿ ਵਿੱਚ ਕਿਵੇਂ ਪਰਪੱਕ ਰਹਿ ਸਕਦੇ ਹਾਂ ?

ਜਿਵੇਂ ਕਿਸੇ ਖੇਤ ਵਿੱਚ ਫਸਲ ਦੀ ਪੈਦਾਵਰ ਲਈ ਬੀਜ ਪਾਉਣਾ ਨਿਹਾਇਤ (ਬੇਹੱਦ) ਜ਼ਰੂਰੀ ਹੈ ਉੱਥੇ ਫਸਲ ਦੀ ਰਾਖੀ ਲਈ ਵਾੜ ਲਾਉਣੀ ਵੀ ਕੋਈ ਘੱਟ ਜ਼ਰੂਰੀ ਨਹੀਂ। ਆਪਣੇ ਅੰਦਰ ਖਾਲਸੇ ਵਾਲੇ ਗੁਣ ਪੈਦਾ ਕਰਨੇ ਜਿੱਥੇ ਅਤੀ ਜ਼ਰੂਰੀ ਹਨ ਉੱਥੇ ਪੰਜ ਕਕਾਰਾਂ ਰੂਪੀ ਜੋ ਸਿੱਖੀ ਦੀ ਵਾੜ ਹੈ, ਲਗਾਉਣੀ ਵੀ ਅਤਿਅੰਤ ਜ਼ਰੂਰੀ ਹੈ। ਜੇ ਕਿਤੇ ਕਲਗੀਧਰ ਪਾਤਸ਼ਾਹ ਸਾਨੂੰ ਇਹ ਨਿਆਰਾ ਸਰੂਪ ਨਾ ਬਖਸ਼ਦੇ ਤਾਂ ਸਿੱਖ ਮੱਤ ਵੀ ਹੋਰਨਾਂ ਮੱਤਾਂ ਦੀ ਤਰ੍ਹਾਂ ਮਿਲਗੋਭਾ ਹੋ ਜਾਂਦੀ ਤੇ ਅਸਲੀ ਮੱਤ ਦਾ ਥਾਂ ਟਿਕਾਣਾ ਨਹੀਂ ਸੀ ਲੱਭਣਾ। ਜੇ ਅੱਜ ਸਿੱਖ ਧਰਮ ਹੋਰਨਾਂ ਮੱਤਾਂ ਵਾਂਗ ਬ੍ਰਾਹਮਣੀ ਮੱਤ ਦੇ ਅੰਦਰ ਗਰਕ ਨਹੀਂ ਹੋਇਆ ਤਾਂ ਇਸ ਦਾ ਇੱਕੋ ਇੱਕ ਕਾਰਨ ਸਾਡਾ ਨਿਆਰਾ ਸਰੂਪ ਹੈ। ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਜਿੱਥੇ ਸਿੱਖਾਂ ਨੇ ਆਪਣੇ ਨਿਆਰੇ ਸਰੂਪ ਨੂੰ ਸੰਭਾਲ ਕੇ ਰੱਖਿਆ ਹੈ, ਉੱਥੇ ਉਹਨਾਂ ਦੀ ਹੋਂਦ ਇੱਕ ਵੱਖਰੀ ਕੌਮ ਦੇ ਸਥਾਈ ਰੂਪ ਵਿੱਚ ਪ੍ਰਗਟ ਹੋਈ ਹੈ।

ਮੇਰੇ ਕੇਸ, ਮੇਰੀ ਦਾੜ੍ਹੀ ਤੇ ਸੀਸ ’ਤੇ ਸਜਾਈ ਹੋਈ ਦਸਤਾਰ; ਗੁਰੂ ਗੋਬਿੰਦ ਸਿੰਘ ਜੀ ਦੀ ਮੋਹਰ ਹੈ। ਇਹ ਗੁਰੂ ਸਾਹਿਬ ਵੱਲੋਂ ਬਖਸ਼ਸ਼ ਕੀਤਾ ਹੋਇਆ ਵਿਸ਼ੇਸ਼ ਪਛਾਣ ਪੱਤਰ ਹੈ। ਇਹ ਪਰਗਟ ਕਰਦਾ ਹੈ ਕਿ ਖਾਲਸੇ ਦੀ ਵਿਚਾਰਧਾਰਾ ਬਿਲਕੁਲ ਨਿਆਰੀ ਤੇ ਨਵੀਨ ਹੈ। ਜੇਕਰ ਅਸੀਂ ਗੁਰੂ ਸਾਹਿਬ ਦੇ ਬਖਸ਼ੇ ਹੋਏ ਇਸ ਸਰੂਪ ਦਾ ਤ੍ਰਿਸਕਾਰ ਕਰਦੇ ਹਾਂ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਦਾੜ੍ਹੀ, ਕੇਸਾਂ ਦੀ ਹੀ ਬੇਅਦਬੀ ਨਹੀਂ ਕਰ ਰਹੇ ਸਗੋਂ ਗੁਰੂ ਸਾਹਿਬ ਦਾ ਵੀ ਤ੍ਰਿਸਕਾਰ ਕਰ ਰਹੇ ਹਾਂ; ਜਿਵੇਂ ਕਿਸੇ ਫ਼ੌਜ ਜਾਂ ਪੁਲਿਸ ਦੇ ਅਫਸਰ ਦਾ ਸਤਿਕਾਰ ਉਸ ਦੀ ਵਰਦੀ ਕਰ ਕੇ ਹੈ ਇਸੇ ਤਰ੍ਹਾਂ ਸਿੱਖ ਦਾ ਮਾਨ ਸਤਿਕਾਰ ਕੇਸ, ਦਾੜ੍ਹੀ ਤੇ ਦਸਤਾਰ ਕਰ ਕੇ ਹੈ।

ਕਈ ਭੁੱਲੜ ਵੀਰ ਇਹ ਕਹਿ ਦਿੰਦੇ ਹਨ ਕਿ ਜੇ ਸਿੱਖੀ ਵਾਸਤੇ ਕੇਸ, ਦਾੜ੍ਹੀ ਸਾਬਤ ਸੂਰਤ ਰੱਖਣ ਦੀ ਬੰਦਸ਼ ਨਾ ਹੋਵੇ ਤਾਂ ਸਾਰੇ ਹੀ ਸਿੱਖ ਬਣ ਜਾਣ।  ਅਜਿਹੀ ਸੋਚਣੀ ਹੀ ਬੜੀ ਬੇਸਮਝੀ ਤੇ ਹਾਸੋਹੀਣੀ ਹੈ। ਜੇਕਰ ਅਸੀਂ ਕੇਸ ਦਾੜ੍ਹੀ ਵਾਲਾ ਆਪਣਾ ਸਰੂਪ ਹੀ ਖ਼ਤਮ ਕਰ ਲਿਆ ਤਾਂ ਸਿੱਖੀ ਕਿਸ ਨੂੰ ਸਮਝਿਆ ਜਾਵੇਗਾ ?  ਬਾਕੀ ਲੋਕਾਂ ਨਾਲੋਂ ਸਾਡੀ ਅੱਡਰੀ ਪਛਾਣ ਕਿਵੇਂ ਹੋ ਸਕੇਗੀ। ਜਿਸ ਦਿਨ ਸਾਡਾ ਸਿੱਖੀ ਸਰੂਪ ਹੀ ਖ਼ਤਮ ਹੋ ਗਿਆ ਤਾਂ ਸਾਡੀ ਸਰਦਾਰੀ ਹੀ ਖ਼ਤਮ ਹੋ ਜਾਵੇਗੀ। ਜੇਕਰ ਖਾਲਸਾ ਪੰਥ ਦੀ ਜਥੇਬੰਦੀ ਹੁਣ ਤੱਕ ਬਚੀ ਹੋਈ ਹੈ ਤਾਂ ਉਹ ਸਾਡੇ ਨਿਆਰੇ ਸਰੂਪ ਕੇਸ, ਦਾੜ੍ਹੀ ਕਰ ਕੇ ਹੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਕੇਸ ਇੱਕ ਐਸੀ ਕਸਵੱਟੀ ਬਣਾ ਦਿੱਤੀ, ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਕੌਮ ਵਿੱਚ ਕਿੱਥੇ ਤੇ ਕਿੰਨੀ ਗਿਰਾਵਟ ਆ ਰਹੀ ਹੈ। ਕੇਸਾਂ ਨਾਲ ਹੀ ਸਾਡੀ ਜਥੇਬੰਦੀ ਕਾਇਮ ਹੈ। ਅੱਜ ਜੇ ਇਸ ਪਾਸੇ ਸਾਡੀ ਕੌਮ ਵਿੱਚ ਕੋਈ ਢਿੱਲ ਆਈ ਹੈ ਤਾਂ ਦਾੜ੍ਹੀ ਕੇਸਾਂ ਨੇ ਹੀ ਸਾਨੂੰ ਸੁਚੇਤ ਕੀਤਾ ਹੈ।

ਗਿਆਨ ਰਤਨਵਾਲੀ ਵਿੱਚ ਅੰਕਿਤ ਹੈ ਕਿ ਇੱਕ ਦਿਨ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ  !  ਤੁਸੀਂ ਸਾਰੀ ਦੁਨੀਆਂ ਨੂੰ ਉਪਦੇਸ਼ ਦਿੱਤਾ ਹੈ ਤੇ ਇਸ ਤਰ੍ਹਾਂ ਦਾ ਕੋਈ ਉਪਦੇਸ਼ ਮੈਨੂੰ ਵੀ ਦਿਉ।  ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਮਰਦਾਨਿਆ  ! ਤੂੰ ਤਾਂ ਪਹਿਲਾਂ ਹੀ ਉਪਦੇਸ਼ ਕਮਾ ਰਿਹਾ ਹੈਂ। ਫਿਰ ਵੀ ਜੇ ਤੂੰ ਮੰਗਿਆ ਹੈ ਤਾਂ ਸੁਣ, ਪਹਿਲਾ ਉਪਦੇਸ਼ ਤਾਂ ਇਹ ਹੈ ਕਿ ਕੇਸਾਂ ਨੂੰ ਨਹੀਂ ਕਟਵਾਉਣਾ।  ਦੂਜਾ ਆਏ ਗਏ ਲੋੜਵੰਦ ਅਤਿਥੀ ਦੀ ਸੇਵਾ ਕਰਨੀ ਤੇ ਤੀਜਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ।  ਮਰਦਾਨਾ ਜੀ ਨੇ ਸਾਰੀ ਜ਼ਿੰਦਗੀ ਇਹਨਾਂ ਅਸੂਲਾਂ ’ਤੇ ਪਹਿਰਾ ਦਿੱਤਾ।

26 ਦਸੰਬਰ 1963 ਦੀ ਘਟਨਾ ਹੈ ਕਿ ਸ਼੍ਰੀ ਨਗਰ ਵਿਖੇ ਹਜ਼ਰਤ ਮੁਹੰਮਦ ਸਾਹਿਬ ਦਾ ਇੱਕ ਪਵਿੱਤਰ ਕੇਸ (ਮੂਏ ਮੁਬਾਰਕ) ਜੋ ਲੰਬੇ ਸਮੇਂ ਤੋਂ ਸੰਭਾਲਿਆ ਹੋਇਆ ਸੀ, ਗਾਇਬ ਹੋ ਗਿਆ। ਸਮੁੱਚੀ ਭਾਰਤ ਸਰਕਾਰ ਹਿੱਲ ਗਈ। ਉਸ ਸਮੇਂ ਦੇ ਪ੍ਰਧਾਨ ਮੰਤਰੀ ਨੂੰ ਵੀ ਇਹ ਕੇਸ ਲੱਭਣ ਲਈ ਅਪੀਲ ਕਰਨੀ ਪਈ। ਅਖੀਰ ਕੁੱਝ ਦਿਨਾਂ ਦੀ ਭੱਜ ਨੱਠ ਤੋਂ ਬਾਅਦ ਫ਼ੌਜ ਤੇ ਪੁਲਿਸ ਨੂੰ ਸਫਲਤਾ ਪ੍ਰਾਪਤ ਹੋਈ ਤੇ ਮਹੌਲ ਸ਼ਾਂਤ ਹੋਇਆ। ਸਿੱਖਾਂ ਲਈ ਕੇਸ ਸਭ ਤੋਂ ਪਵਿੱਤਰ ਹਨ ਤੇ ਗੁਰੂ ਸਾਹਿਬ ਦੀ ਨਿਸ਼ਾਨੀ ਹਨ। ਭਾਈ ਤਾਰੂ ਸਿੰਘ ਜੀ ਨੇ ਆਪਣਾ ਖੋਪਰ ਲਹਾਉਣਾ ਤਾਂ ਪ੍ਰਵਾਨ ਕਰ ਲਿਆ ਪਰ ਗੁਰੂ ਸਾਹਿਬ ਵੱਲੋਂ ਬਖਸ਼ਸ਼ ਹੋਏ ਕੇਸਾਂ ਨੂੰ ਆਂਚ ਤੱਕ ਨਾ ਆਉਣ ਦਿੱਤੀ।

ਭੰਗਾਣੀ ਦੇ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਦੇ ਅਨੇਕਾਂ ਮੁਰੀਦ ਤੇ ਦੋ ਪੁੱਤਰ ਸ਼ਹੀਦ ਹੋ ਗਏ ਸਨ। ਜੰਗ ਦੀ ਸਮਾਪਤੀ ਉਪਰੰਤ ਜਦੋਂ ਪੀਰ ਜੀ ਨੇ ਘਰ ਜਾਣ ਲਈ ਆਗਿਆ ਮੰਗੀ ਤਾਂ ਗੁਰੂ ਸਾਹਿਬ ਨੇ ਪੀਰ ਜੀ ਨਾਲ ਹਮਦਰਦੀ ਕਰਨ ਉਪਰੰਤ ਵਿਦਾ ਕੀਤਾ ਤੇ ਇੱਕ ਕਟਾਰ, ਇੱਕ ਪੋਸ਼ਾਕ, ਇੱਕ ਹੁਕਮਨਾਮਾ ਤੇ ਅਧੀ ਦਸਤਾਰ ਬਖਸ਼ਸ਼ ਕੀਤੀ। ਜਦੋਂ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਕੁੱਝ ਮੰਗਣ ਲਈ ਕਿਹਾ ਤਾਂ ਪੀਰ ਜੀ ਨੇ ਆਪਣੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੈਨੂੰ ਆਪਣਾ ਕੰਘਾ ਜੋ ਤੁਸੀਂ ਹੁਣੇ ਕੇਸਾਂ ਵਿੱਚ ਫੇਰ ਕੇੇ ਹਟੇ ਹੋ ਤੇ ਜਿਸ ਵਿੱਚ ਆਪ ਦੇ ਕੇਸ ਅੜੇ ਹੋਏ ਹਨ, ਮੈਨੂੰ ਬਖਸ਼ਸ਼ ਕਰ ਦਿਉ। ਇਸ ਤੋਂ ਸਾਨੂੰ ਕੇਸਾਂ ਦੀ ਮਹਾਨਤਾ ਦਾ ਪਤਾ ਲੱਗਦਾ ਹੈ।

ਕੰਘਾ : ਕੇਸਾਂ ਵਿੱਚ ਸਾਂਭਿਆ ਹੋਇਆ ਕੰਘਾ ਸਾਨੂੰ ਹਰ ਵੇਲੇ ਚਿਤਾਵਨੀ ਦਿੰਦਾ ਹੈ ਕਿ ਸਿੱਖ ਕਦੇ ਢਿੱਲੜ ਨਹੀਂ ਹੋ ਸਕਦਾ। ਸਿੱਖ ਨੂੰ ਦੋ ਵੇਲੇ ਭਾਵ ਸਵੇਰੇ ਤੇ ਸ਼ਾਮ ਕੰਘਾ ਕਰਨ ਦੀ ਹਦਾਇਤ ਹੈ।  ਭਾਈ ਨੰਦ ਲਾਲ ਸਿੰਘ ਜੀ ਲਿਖਦੇ ਹਨ :

ਕੰਘਾ ਦੋਨੋ ਵਕਤ ਕਰ ਪਾਗ ਚੁਨਹਿ ਕਰ ਬਾਂਧਈ।

ਕੰਘਾ ਰੱਖਣ ਦੇ ਮਨੋਰਥ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਹੁਤ ਦੂਰ ਅੰਦੇਸ਼ੀ ਇਹ ਸੀ ਕਿ ਕਿਤੇ ਸਿੱਖ ਕੇਸ ਰੱਖ ਕੇ ਜਟਾਧਾਰੀ ਨਾ ਹੋ ਜਾਵੇ।  ਕੰਘਾ ਉਸ ਨੂੰ ਚਿਤਾਵਨੀ ਦਿੰਦਾ ਰਹੇ ਕਿ ਸਿੱਖ ਨੇ ਇਸ ਦੀ ਵਰਤੋਂ ਕੇਸਾਂ ਨੂੰ ਸਿਹਤਮੰਦ ਰੱਖਣ ਲਈ ਕਰਨੀ ਹੈ।

ਕੜਾ : ਸਾਡੀ ਬਾਂਹ ਵਿੱਚ ਪਾਇਆ ਹੋਇਆ ਕੜਾ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਅਜਿਹਾ ਕੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਵੀਣੀ ਦੇ ਦੁਆਲੇ ਸ਼ੋਭਦਾ ਸੀ। ਜੋ ਬਾਂਹ ਦੀਨ ਦੁਖੀਆਂ ਦੀ ਰੱਖਿਆ ਲਈ ਉੱਪਰ ਉੱਠਦੀ ਸੀ ਅਤੇ ਜਿਸ ਬਾਂਹ ਦੇ ਅੰਦਰ ਦੁਸ਼ਟਾਂ ਨੂੰ ਜੜ੍ਹੋਂ ਉਖੇੜ ਸਕਣ ਦਾ ਨਿਰਭੈ ਬਲ ਸੀ।

ਪ੍ਰੋਫੈਸਰ ਪੂਰਨ ਸਿੰਘ ਜੀ ਲਿਖਦੇ ਹਨ ਕਿ ਕੜਾ ਗੁਰੂ ਵੱਲੋਂ ਬਖਸ਼ਿਆ ਹੋਇਆ ਇੱਕ ਮਹਾਨ ਤੋਹਫ਼ਾ ਹੈ। ਇਹ ਯਾਦ ਦਿਵਾਉਂਦਾ ਹੈ ਗੁਰੂ ਇਤਿਹਾਸ ਦੇ ਉਸ ਕਾਂਡ ਦੀ, ਜਦੋਂ ਸਿੱਖ ਗੁਰਮਤਿ ਅਸੂਲਾਂ ਵਿੱਚ ਪ੍ਰਪੱਕ ਹੋ ਕੇ ਵਹਿਮਾਂ ਭਰਮਾਂ ਦੇ ਸ਼ੰਕਿਆਂ ਤੋਂ ਉੱਪਰ ਉੱਠ ਚੁੱਕੇ ਸਨ। ਗੁਰਮਤਿ ਦੇ ਇਹਨਾਂ ਸਿਦਕਵਾਨਾਂ ਨੂੰ ਕੋਈ ਦੇਵੀ ਦੇਵਤਾ ਨਹੀਂ ਡਰਾ ਸਕਦਾ ਸੀ ਤੇ ਨਾ ਹੀ ਇਹ ਸ਼ਨੀ ਦੇਵਤੇ ਆਦਿ ਦਾ ਭੈ ਮੰਨਣ ਵਾਸਤੇ ਤਿਆਰ ਸਨ।

ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਇੱਕ ਵੇਦਵਾ (ਵੇਦਵੇੱਤਾ) ਬ੍ਰਾਹਮਣ ਆਇਆ ਅਤੇ ਉਸ ਨੇ ਕਿਹਾ ਕਿ ਤੁਹਾਡੇ ਅਤੇ ਸਾਰੇ ਸਿੰਘਾਂ ਦੇ ਕਸ਼ਟ ਟਲ ਜਾਣਗੇ ਜੇਕਰ ਤੁਸੀਂ ਸ਼ਨੀ ਦੇਵਤੇ ਨੂੰ ਖੁਸ਼ ਕਰਨ ਲਈ ਸਰ੍ਹੋਂ ਦਾ ਤੇਲ, ਲੋਹਾ ਅਤੇ ਮਾਂਹ ਦੀ ਦਾਲ ਦਾਨ ਕਰੋ।

ਗੁਰੂ ਸਾਹਿਬ ਦੇ ਹੁਕਮ ਤੇ ਇਹ ਸਭ ਕੁੱਝ ਦਾਨ ਦਿੱਤਾ ਗਿਆ। ਸਿੱਖ ਬੜੇ ਹੈਰਾਨ ਹੋਏ ਪਰ ਉਹ ਅਸੂਲਾਂ ਵਿੱਚ ਪੂਰੀ ਤਰ੍ਹਾਂ ਪਰਪੱਕ ਸਨ ਅਤੇ ਵੇਦਵੇ ਬ੍ਰਾਹਮਣ ਦੇ ਪਿੱਛੇ ਜਾ ਕੇ ਉਸ ਕੋਲੋਂ ਸਾਰਾ ਸਮਾਨ ਖੋਹ ਕੇ ਲੈ ਆਏ। ਮਾਂਹ ਦੀ ਦਾਲ ਦੇ ਵੜੇ ਬਣਾ ਕੇ ਤੇਲ ਵਿੱਚ ਤਲ ਕੇ ਲੰਗਰ ਵਿੱਚ ਵਰਤਾਏ ਗਏ ਅਤੇ ਲੋਹੇ ਨੂੰ ਢਾਲ ਕੇ ਕੜੇ ਬਣਾ ਕੇ ਬਾਹਾਂ ਵਿੱਚ ਪਾ ਲਏ। ਜਦੋਂ ਗੁਰੂ ਸਾਹਿਬ ਨੂੰ ਇਸ ਸਾਰੀ ਘਟਨਾ ਦਾ ਪਤਾ ਲੱਗਾ ਤਾਂ ਉਹ ਬਹੁਤ ਪ੍ਰਸੰਨ ਹੋਏ ਤੇ ਕਹਿਣ ਲੱਗੇ ਕਿ ਅੱਜ ਤੁਸੀਂ ਵਹਿਮਾਂ ਭਰਮਾਂ ਦੀ ਲੰਬੀ ਦੌੜ ਜਿੱਤ ਲਈ ਹੈ। ਗੁਰੂ ਸਾਹਿਬ ਨੇ 1699 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾਉਣ ਸਮੇਂ ਇਸ ਕੜੇ ਨੂੰ ਪੰਜ ਕਕਾਰਾਂ ਵਿੱਚ ਸ਼ਾਮਲ ਕਰ ਦਿੱਤਾ। ਕੜਾ ਇਸ ਗੱਲ ਦਾ ਸੂਚਕ ਹੈ ਕਿ ਸਿੱਖ ਵਹਿਮਾਂ ਭਰਮਾਂ ਤੇ ਕਰਮਕਾਂਡਾਂ ਤੋਂ ਮੁਕਤ ਹੈ।  ਜੇ ਅਸੀਂ ਕੜਾ ਪਾ ਕੇ ਵੀ ਉਸੇ ਹੱਥ ਨਾਲ ਬੇਈਮਾਨੀ ਕਰੀਏ, ਉਸ ਹੱਥ ਵਿੱਚ ਕਲਮ ਫੜ ਕੇ ਕਿਸੇ ਦਾ ਬੁਰਾ ਕਰੀਏ ਤਾ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਨੂੰ ਗੁਰੂ ਸਾਹਿਬ ਵੱਲੋਂ ਬਖਸ਼ੇ ਕੜੇ ਦੀ ਅਹਿਮਤੀਅਤ ਦੀ ਸਮਝ ਨਹੀਂ ਆਈ।

ਕਛਹਿਰਾ : ਮੇਰੇ ਲੱਕ ਦੁਆਲੇ ਪਹਿਨਿਆ ਹੋਇਆ ਕਛਹਿਰਾ ਜਿੱਥੇ ਨੰਗੇਜ਼ ਨੂੰ ਪੂਰੀ ਤਰ੍ਹਾਂ ਢਕਦਾ ਹੈ, ਉੱਥੇ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਸਿੱਖ ਨੇ ਆਪਣਾ ਆਚਰਣ ਉਚਾ ਤੇ ਸੁੱਚਾ ਰੱਖਣਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਸਿੱਖ ਨੂੰ ਆਪਣਾ ਕਿਰਦਾਰ ਉੱਚਾ ਰੱਖਣ ਦਾ ਉਪਦੇਸ਼ ਦਿੰਦੇ ਹੋਏ ਫ਼ੁਰਮਾਇਆ ਸੀ :

ਅਖੀ ਸੂਤਕੁ ਵੇਖਣਾ; ਪਰ ਤ੍ਰਿਅ ਪਰ ਧਨ ਰੂਪੁ ॥ (ਮ: ੧/੪੭੨)

ਭਾਈ ਗੁਰਦਾਸ ਜੀ ਵੀ ਆਪਣੀਆਂ ਵਾਰਾਂ ਵਿੱਚ ਸਿੱਖਾਂ ਨੂੰ ਆਪਣਾ ਆਚਰਣ ਆਦਰਸ਼ਕ ਬਣਾਉਣ ਦਾ ਉਪਦੇਸ਼ ਦਿੰਦੇ ਹੋਏ ਫ਼ੁਰਮਾਉਂਦੇ ਹਨ :

ਦੇਖਿ ਪਰਾਈਆ ਚੰਗੀਆ; ਮਾਵਾਂ ਭੈਣਾਂ ਧੀਆਂ ਜਾਣੈ। (ਭਾਈ ਗੁਰਦਾਸ ਜੀ/ਵਾਰ ੨੯ ਪਉੜੀ ੧੧)

ਸੰਸਾਰ ਦੇ ਬਹੁਤੇ ਸਾਰੇ ਪੀਰ, ਪੈਗੰਬਰ, ਵਲੀ, ਯੋਧੇ ਵੀ ਆਪਣੇ ਚਰਿੱਤਰ ਤੋਂ ਡਿੱਗ ਕੇ ਵਿਕਾਰੀ ਹੋਏ ਹਨ ਤੇ ਆਪਣਾ ਜੀਵਨ ਮਨੋਰਥ ਹੀ ਭੁੱਲ ਗਏ। ਕੁੱਝ ਗ੍ਰਹਿਸਤੀ ਜੀਵਨ ਤੋਂ ਭੱਜ ਗਏ ਤੇ ਉਹਨਾਂ ਨੇ ਲੰਗੋਟੇ ਪਹਿਨ ਕੇ ਜੰਗਲਾਂ ਵਿੱਚ ਡੇਰੇ ਲਾ ਲਏ ਤੇ ਦੂਜੇ ਉਹ ਸਨ ਜਿਹੜੇ ਧੋਤੀਆਂ ਪਹਿਨ ਕੇ ਧੋਤੀ ਵਾਂਗੂ ਹੀ ਢਿੱਲੇ ਤੇ ਬੇਤਰਤੀਬੇ ਜੀਵਨ ਵਾਲੇ ਹੋ ਗਏ, ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਹਨ ਜਿਹਨਾਂ ਨੇ ਖਾਲਸਾ ਸਾਜਣ ਸਮੇਂ ਸਿੱਖ ਦੀ ਜ਼ਿੰਦਗੀ ਹੀ ਕੁੱਝ ਵੱਖਰੀ ਕਰ ਦਿੱਤੀ।  ਨਾ ਤਾਂ ਸਿੱਖ ਗ੍ਰਹਿਸਤ ਜੀਵਨ ਤੋਂ ਭੱਜਿਆ ਤੇ ਨਾ ਹੀ ਵਿਕਾਰਾਂ ਵਿੱਚ ਫਸਿਆ।

ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਵਾਰ ਜੰਗ ਦੇ ਦੌਰਾਨ ਸਿੱਖਾਂ ਦੇ ਹੱਥ ਮੁਸਲਮਾਨੀ ਔਰਤ ਦਾ ਡੋਲਾ ਆ ਗਿਆ। ਮਨ ਵਿੱਚ ਵਿਚਾਰ ਆਇਆ ਕਿ ਇਸ ਨਾਲ ਓਹੀ ਸਲੂਕ ਕੀਤਾ ਜਾਵੇ ਜੋ ਮੁਸਲਮਾਨ, ਹਿੰਦੂ ਔਰਤਾਂ ਨਾਲ ਕਰਦੇ ਹਨ, ਪਰ ਇਹ ਵਿਚਾਰ ਆਉਂਦਿਆਂ ਹੀ ਗੁਰਬਾਣੀ ਦੇ ਅਸੂਲ ਚੇਤੇ ਆ ਗਏ ਅਤੇ ਸ਼ੰਕਾ ਨਵਿਰਤ ਕਰਨ ਲਈ ਗੁਰੂ ਸਾਹਿਬ ਕੋਲ ਪਹੁੰਚੇ। ਗੁਰੂ ਸਾਹਿਬ ਨੇ ਸਖ਼ਤ ਤਾੜਨਾ ਕਰਦੇ ਹੋਏ ਸਮਝਾਇਆ ਕਿ ਅਸੀਂ ਪੰਥ ਨੂੰ ਉੱਚੇ ਸਿਖਰ ’ਤੇ ਪਹੁੰਚਾਉਣਾ ਹੈ, ਕਿਸੇ ਡੂੰਘੀ ਖੱਡ ਵਿੱਚ ਨਹੀਂ ਡੇਗਣਾ। ਸਭ ਤੋਂ ਪਹਿਲਾਂ ਇਸ ਔਰਤ ਨੂੰ ਸਤਿਕਾਰ ਨਾਲ ਇਸ ਦੇ ਘਰ ਪਹੁੰਚਾ ਕੇ ਆਓ ਤੇ ਫਿਰ ਆ ਕੇ ਸ਼ੰਕਾ ਨਵਿਰਤ ਕਰੋ। ਇਸ ਸਾਰੀ ਵਾਰਤਾ ਨੂੰ ਕਵੀ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ :

ਪੁੰਨ ਸਿੰਘਣ ਬੂਝੇ ਗੁਣਖਾਣੀ। ਸਗਲ ਤੁਰਕ ਭੁਗਵਹਿਂ ਹਿੰਦਵਾਨੀ।

ਸਿੱਖ ਬਦਲਾ ਲੈ ਭਲਾ ਜਣਾਵੈ। ਗੁਰੂ ਸ਼ਾਸਤਰ ਕਿਉ ਵਰਜ ਹਟਾਵੈ।

ਸੁਣਿ ਸਤਿਗੁਰੂ ਬੋਲੇ ਤਿਸ ਬੇਰੇ। ਹਮ ਲੈ ਜਾਣਹੁ ਪੰਥ ਉਚੇਰੇ।

ਨਹ ਅਧੋਗਤ ਬਿਖਹਿ ਪਹੁੰਚਾਵਹਿਂ। ਤਾ ਤੇ ਕਲਮਲ ਕਰਮ ਹਟਾਵੈਂ।

ਇਸੇ ਹੁਕਮ ਸਦਕਾ ਹੀ ਆਉਣ ਵਾਲੇ ਸਮਿਆਂ ਵਿੱਚ ਸਿੱਖਾਂ ਨੇ ਆਪਣੇ ਆਚਰਣ ਨੂੰ ਸਿਖਰਾਂ ’ਤੇ ਛੂਹਿਆ। ਕੱਟੜ ਤੇ ਜਨੂੰਨੀ ਮੁਸਲਮਾਨ ਇਤਿਹਾਸਕਾਰ ਕਾਜ਼ੀ ਨੂਰ ਮੁਹੰਮਦ ਜੋ ਸਿੱਖਾਂ ਦਾ ਵੈਰੀ ਸੀ ਤੇ ਸਿੱਖਾਂ ਲਈ ਹਮੇਸ਼ਾ ਸੱਗ (ਕੁੱਤਾ) ਸ਼ਬਦ ਵਰਤਦਾ ਸੀ, ਜੰਗ ਦੇ ਮੈਦਾਨ ਵਿੱਚ ਵੀ ਸਿੱਖਾਂ ਦਾ ਉੱਚਾ ਤੇ ਸੁੱਚਾ ਜੀਵਨ ਵੇਖ ਕੇ ਲਿਖਣ ਲਈ ਮਜਬੂਰ ਹੋ ਗਿਆ :

‘ਇਹ ਸਗ ਕਿਸੇ ਭੱਜੇ ਜਾਂਦੇ ਉੱਤੇ ਵਾਰ ਨਹੀਂ ਕਰਦੇ। ਔਰਤ ਭਾਵੇਂ ਕਿਸੇ ਉਮਰ ਦੀ ਹੋਵੇ ਉਸ ਨੂੰ ਬੁਢੀਆਂ ਕਹਿ ਕੇ ਬੁਲਾਉਂਦੇ ਹਨ। ਔਰਤ ਦੇ ਗਹਿਣੇ ਗੱਟੇ ਨੂੰ ਹੱਥ ਤੱਕ ਨਹੀਂ ਲਾਉਂਦੇ। ਅਸਲ ਵਿੱਚ ਇਹ ਸਗ ਨਹੀਂ ਸ਼ੇਰ ਹਨ।’

ਸੋ ਇਹ ਕਛਹਿਰਾ ਜਿੱਥੇ ਸਾਡੀ ਸਰੀਰਕ ਲੋੜ ਨੂੰ ਪੂਰੀ ਕਰਦਾ ਹੈ ਉੱਥੇ ਹਰ ਵੇਲੇ ਆਪਣਾ ਚਰਿੱਤਰ ਉੱਚਾ ਰੱਖਣ ਦੀ ਯਾਦ ਵੀ ਦਿਵਾਉਂਦਾ ਹੈ।

ਕਿਰਪਾਨ : ਕਿਰਪਾਨ ਮਨੁੱਖ ਦੀ ਗ਼ੈਰਤ ਅਤੇ ਸੂਰਬੀਰਤਾ ਦੀ ਪ੍ਰਤੀਕ ਹੈ। ਮਨੁੱਖ ਦੇ ਅੰਦਰੋਂ ਕਿਤੇ ਸੂਰਬੀਰਤਾ ਜਾਂ ਗ਼ੈਰਤ ਮਿਟ ਨਾ ਜਾਵੇ, ਇਸ ਲਈ ਕਿਰਪਾਨ ਨੂੰ ਹਰ ਵੇਲੇ ਧਾਰਨ ਕਰਨ ਦਾ ਉਪਦੇਸ਼ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ।  ਸੰਨ 1699 ਦੀ ਵਿਸਾਖੀ ਤੋਂ ਪਹਿਲਾਂ ਸਿੱਖੀ ਵਿੱਚ ਪ੍ਰਵੇਸ਼ ਕਰਨ ਲਈ ਚਰਨ ਪਹੁਲ ਦਿੱਤੀ ਜਾਂਦੀ ਸੀ। ਜਿਸ ਮਨੁੱਖਾ ਘੜਤ ਦੀ ਕਲਪਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ, ਗੁਰੂ ਗੋਬਿੰਦ ਸਿੰਘ ਜੀ ਸਮੇਂ ਜਦੋਂ ਉਹ ਮਨੁੱਖ ਸੰਪੂਰਨ ਹੋ ਗਿਆ ਤਾਂ ਗੁਰੂ ਸਾਹਿਬ ਨੇ ਅੰਮ੍ਰਿਤ ਪਾਨ ਕਰਵਾ ਕੇ ਉਸ ਉੱਤੇ ਸੰਪੂਰਨਤਾ ਦੀ ਮੋਹਰ ਲਾ ਦਿੱਤੀ ਤੇ ਪੰਜ ਕਕਾਰ ਬਖਸ਼ਸ਼ ਕਕ ਦਿੱਤੇ।

ਕੇਸ ਮਨੁੱਖ ਨੂੰ ਕੁਦਰਤ ਵੱਲੋਂ ਜਨਮ ਤੋਂ ਹੀ ਮਿਲੇ ਹਨ ਤੇ ਉਹਨਾਂ ਦੀ ਸੰਭਾਲ ਲਈ ਅਸੀਂ ਕੰਘਾ ਵੀ ਕੇਸਾਂ ਵਿੰਚ ਰੱਖਦੇ ਹਾਂ। ਕਛਹਿਰਾ ਤੇ ਕੜਾ ਵੀ ਅਸੀਂ ਪਹਿਨਦੇ ਹਾਂ ਪਰ ਜਦੋਂ ਕਿਰਪਾਨ ਧਾਰਨ ਕਰਨ ਦੀ ਗੱਲ ਆਉਂਦੀ ਹੈ ਤਾਂ ਅਸੀਂ ਇਸ ਨੂੰ ਪਹਿਨਣ ਤੋਂ ਕਈ ਵਾਰ ਇਨਕਾਰੀ ਹੋ ਜਾਂਦੇ ਹਾਂ।

ਕਿਰਪਾਨ ਬਾਰੇ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰਨੇ ਇਸ ਗੱਲ ਦਾ ਸੂਚਕ ਹੈ ਕਿ ਗੁਰੂ ਸਾਹਿਬ ਵੱਲੋਂ ਬਖਸ਼ਸ਼ ਕੀਤੀ ਹੋਈ ਕਿਰਪਾਨ ਨਾਲ ਸਾਡਾ ਕੋਈ ਪਿਆਰ ਨਹੀਂ ਹੈ। ਇਹ ਗੁਰੂ ਦੀ ਬਖਸ਼ੀ ਹੋਈ ਪਿਆਰ ਭਰੀ ਸੁਗਾਤ ਹੈ। ਜਿਸ ਮਨੁੱਖ ਦਾ ਗੁਰੂ ਦੀ ਬਖਸ਼ੀ ਹੋਈ ਕਿਰਪਾਨ ਨਾਲ ਹੀ ਪਿਆਰ ਨਹੀਂ ਉਸ ਦਾ ਗੁਰੂ ਨਾਲ ਪਿਆਰ ਕਿਵੇਂ ਹੋਵੇਗਾ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਉਹ ਕਿਰਪਾਨ ਹੈ ਜੋ ਮੇਰੇ ਕਲਗੀਧਰ ਪਾਤਸ਼ਾਹ ਨੇ ਸਾਹਿਬਜ਼ਾਦਿਆਂ ਨੂੰ ਪਹਿਨਾਉਂਦਿਆਂ ਇਹ ਕਿਹਾ ਸੀ ਕਿ ਬੇਟਾ  !  ਇਹ ਦੁਸ਼ਟਦਮਨੀ ਹੈ। ਧਰਮ ਦੇ ਦੋਖੀਆਂ ਦੀ ਸੂਚਕ ਹੈ। ਇਸ ਨੂੰ ਪੂਰੇ ਬਲ ਨਾਲ ਵਾਹੋ ਅਤੇ ਨਿਸ਼ਚੇ ਨਾਲ ਹੀ ਅਧਰਮ ਦਾ ਨਾਸ਼ ਹੋਵੇਗਾ ਅਤੇ ਧਰਮੀਆਂ ਦੀ ਜੈ ਜੈ ਕਾਰ ਹੋਵੇਗੀ। ਗਾਤਰੇ ਵਿੱਚ ਪਾਈ ਹੋਈ ਕਿਰਪਾਨ ਉਸ ਕ੍ਰਾਂਤੀ ਦੀ ਯਾਦਗਾਰ ਹੈ ਜੋ ਕਲਗੀਧਰ ਪਾਤਸ਼ਾਹ ਨੇ 700 ਸਾਲ ਦੇ ਮੁਰਦਾ ਹੋ ਚੁੱਕੇ ਭਾਰਤ ਅੰਦਰ ਲਿਆਂਦੀ ਸੀ। ਦੁਨੀਆਂ ਦੇ ਲੋਕਾਂ ਨੇ ਅਨੇਕਾਂ ਕ੍ਰਾਂਤੀਆਂ ਦੇਖੀਆਂ ਹਨ ਜੋ ਦੇਸ਼ਵਾਸੀਆਂ ਦੀਆਂ ਲੋੜਾਂ ਤੇ ਹਾਲਾਤਾਂ ਅਨੁਸਾਰ ਵੱਖ ਵੱਖ ਰੂਪ ਲੈਂਦੀਆਂ ਰਹੀਆਂ ਹਨ ਭਾਵੇਂ ਉਹ ਫਰਾਂਸ ਦੀ ਰਾਜਨੀਤਿਕ ਕ੍ਰਾਂਤੀ ਸੀ ਜਾਂ ਰੂਸ ਦੀ ਆਰਥਕ ਤੇ ਸਮਾਜਕ ਕ੍ਰਾਂਤੀ ਸੀ।  ਹਰ ਕ੍ਰਾਂਤੀ ਦੀ ਆਪਣੀ ਆਪਣੀ ਵਿਚਾਰਧਾਰਾ ਤੇ ਰੂਪ ਰੇਖਾ ਹੁੰਦੀ ਹੈ।

ਜੋ ਕ੍ਰਾਂਤੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਅੰਦਰ ਲਿਆਂਦੀ ਸੀ ਉਹ ਸੀ ਮਨੁੱਖਾ ਜੀਵਨ ਦੀ ਕ੍ਰਾਂਤੀ।  ਆਪ ਨੇ ਸੰਸਾਰ ਨੂੰ ਐਸੀ ਜੀਵਨ ਜਾਚ ਦਿੱਤੀ ਜੋ ਸੁਮੇਲ ਸੀ ਨਵਿਰਤੀ ਅਤੇ ਪਰਵਿਰਤੀ ਦਾ, ਤਿਆਗ ਅਤੇ ਗ੍ਰਹਿਣ ਦਾ, ਜੋਗ ਅਤੇ ਰਾਜ ਦਾ, ਧਰਮ ਅਤੇ ਸੂਰਮਗਤੀ ਦਾ, ਅਹਿੰਸਕ ਅਤੇ ਦੁਸ਼ਟਦਮਨ ਹੋਣ ਦਾ। ਅਜਿਹੀ ਕ੍ਰਾਂਤੀ ਦਾ ਚਿੱਤਰ ਖਿੱਚਦੇ ਹੋਏ ਦਸਮੇਸ਼ ਪਿਤਾ ਨੇ ਫ਼ੁਰਮਾਇਆ ਸੀ ਕਿ ਇਸ ਕ੍ਰਾਂਤੀ ਨੂੰ ਕਬੂਲਣ ਵਾਲਾ ਸਿਪਾਹੀ, ਜੰਗ ਦੇ ਮੈਦਾਨ ਵਿੱਚ ਤਲਵਾਰ ਵਾਹੁੰਦਾ ਹੋਇਆ ਵੀ ਵਾਹਿਗੁਰੂ ਦੇ ਭੈ ਵਿੱਚ ਰਹੇਗਾ। ਉਹ ਦੁਨੀਆਂ ਦੇ ਅੰਦਰ ਜਸ ਖੱਟਦਾ ਹੋਇਆ ਵੀ ਸਰੀਰ ਨੂੰ ਨਾਸ਼ਵਾਨ ਸਮਝ ਕੇ ਸੰਸਾਰਕ ਮਾਨ ਅਪਮਾਨ ਤੋਂ ਉਤਾਂਹ ਰਹੇਗਾ। ਧੀਰਜ ਤੇ ਬਿਬੇਕ ਬੁੱਧੀ ਵਾਲੇ ਗਿਆਨ ਦੁਆਰਾ ਉਹ ਆਪਣੀਆਂ ਅੰਦਰਲੀਆਂ ਕਮਜ਼ੋਰੀਆਂ ਤੋਂ ਬਚਿਆ ਰਹੇਗਾ।

ਇੱਕ ਵਾਰ ਜਦੋਂ ਬਾਦਸ਼ਾਹ ਬਹਾਦਰ ਸ਼ਾਹ ਦੇ ਇੱਕ ਦਰਬਾਰੀ ਨੇ ਗੁਰੂ ਸਾਹਿਬ ਨੂੰ ਬਾਰ ਬਾਰ ਕਰਾਮਾਤ ਦਿਖਾਉਣ ਲਈ ਕਿਹਾ ਤਾਂ ਆਪ ਨੇ ਮਿਆਨ ਵਿੱਚੋਂ ਕਿਰਪਾਨ ਕੱਢ ਕੇ ਉੱਤਰ ਦਿੱਤਾ ਸੀ ਕਿ ਸਭ ਤੋਂ ਵੱਡੀ ਕਰਾਮਾਤ ਇਹ ਕਿਰਪਾਨ ਹੀ ਹੈ, ਜੋ ਦੇਸ਼ਾਂ ਅਤੇ ਕੌਮਾਂ ਦੀਆਂ ਕਿਸਮਤਾਂ ਪਲਟ ਕੇ ਰੱਖ ਦਿੰਦੀ ਹੈ। ਕਿਰਪਾਨਧਾਰੀ ਹੋਣਾ ਸੁਤੰਤਰਤਾ ਦਾ ਚਿੰਨ੍ਹ ਹੈ। ਇਹ ਸਿੱਖ ਦੇ ਸੁਤੰਤਰ ਜੀਵਨ ਦੀ ਪ੍ਰਤੀਕ ਹੈ। ਇਹ ਸਿੱਖ ਨੂੰ ਹਮੇਸ਼ਾਂ ਉਸ ਗੁਰੂ ਦੀ ਯਾਦ ਦਿਵਾਉਂਦੀ ਹੈ, ਜਿਸ ਨੇ ਅਕਾਲ ਪੁਰਖ ਤੋਂ ਛੁੱਟ ਹੋਰ ਕਿਸੇ ਦੀ ਕਦੇ ਈਨ ਨਹੀਂ ਮੰਨੀ। ਸਿੱਖ ਦੀ ਕਿਰਪਾਨ ਇਸ ਗੱਲ ਦੀ ਨਿਸ਼ਾਨੀ ਹੈ ਕਿ ਉਹ ਗੁਲਾਮੀ ਵਾਲਾ ਜੀਵਨ ਕਬੂਲ ਨਹੀਂ ਕਰਦਾ।

ਜਦੋਂ ਦਸਮੇਸ਼ ਪਿਤਾ ਨੇ ਖਾਲਸੇ ਨੂੰ ਅੰਮ੍ਰਿਤ ਛਕਾਇਆ ਤਾਂ ਉਸ ਸਮੇਂ ਸ਼ਸਤਰ ਧਾਰਨ ਕਰਨ ਦੇ ਹੁਕਮ ਨੂੰ ਬਿਆਨ ਕਰਦੇ ਹੋਏ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ :

ਜਬ ਹਮਰੇ ਦਰਸ਼ਨ ਕੋ ਆਵੋ, ਬਣ ਸੁਚੇਤ ਹੁਇ ਸ਼ਸਤਰ ਸਜਾਵੋ।

ਕਮਰਕੱਸਾ ਕਰ ਦਿਉ ਦਿਖਾਈ, ਹਮਰੀ ਖੁਸ਼ੀ ਹੋਇ ਅਧਿਕਾਈ।

ਸੰਨ 1699 ਤੋਂ ਲੈ ਕੇ ਸਿੱਖ ਰਾਜ ਦੇ ਅੰਤ ਭਾਵ 1849 ਤੱਕ ਸਿੱਖਾਂ ਨੇ ਕਦੇ ਵੀ ਕਿਰਪਾਨ ਨੂੰ ਹੱਥੋਂ ਨਹੀਂ ਛੱਡਿਆ।  ਸੰਨ 1849 ਵਿੱਚ ਅੰਗਰੇਜ਼ਾਂ ਨੇ ਬ੍ਰਾਹਮਣ ਵਜ਼ੀਰਾਂ ਅਤੇ ਜਰਨੈਲਾਂ ਦੀ ਮਿਲੀ ਭੁਗਤ ਨਾਲ ਪੰਜਾਬ ਦਾ ਰਾਜ ਭਾਗ ਸਾਂਭਿਆ ਤਾਂ ਸਮੂਹ ਫ਼ੌਜੀ ਸਿੱਖ ਸਰਦਾਰਾਂ ਤੇ ਜਰਨੈਲਾਂ ਨੂੰ ਆਪਣੀ ਆਪਣੀ ਕਿਰਪਾਨ ਭੁੰਜੇ ਰੱਖਣ ਦਾ ਹੁਕਮ ਦਿੱਤਾ ਗਿਆ। ਹਰ ਸਿੱਖ ਫ਼ੌਜੀ ਆਪਣੀ ਆਪਣੀ ਕਿਰਪਾਨ ਨੂੰ ਬੜੇ ਸਤਿਕਾਰ ਤੇ ਪਿਆਰ ਨਾਲ ਚੁੰਮਦਾ ਅਤੇ ਬਿਹਬਲ ਦਸ਼ਾ ਵਿੱਚ ਇਸ ਨੂੰ ਭੁੰਜੇ ਰੱਖ ਕੇ ਲਾਂਭੇ ਹੋ ਜਾਂਦਾ।  ਉਸ ਸਮੇਂ ਹਰ ਸਿੱਖ ਜਾਣਦਾ ਸੀ ਕਿ ਉਹ ਕੇਵਲ ਆਪਣੀ ਕਿਰਪਾਨ ਹੀ ਅੰਗਰੇਜ਼ ਸਰਕਾਰ ਦੇ ਹਵਾਲੇ ਨਹੀਂ ਕਰ ਰਿਹਾ ਸਗੋਂ ਬੜੇ ਮਹਿੰਗੇ ਭਾਅ ਲਈ ਹੋਈ ਅਜ਼ਾਦੀ ਨੂੰ ਵੀ ਹੱਥੋਂ ਛੱਡ ਰਿਹਾ ਹੈ।

ਅੰਗਰੇਜ਼ ਸਰਕਾਰ ਦਾ ਦਬਦਬਾ ਹੋਇਆ ਉਹਨਾਂ ਨੇ ਦੇਸ਼ ਅੰਦਰ ਆਰਮਜ਼ ਐਕਟ ਲਾਗੂ ਕਰ ਦਿੱਤਾ, ਜਿਸ ਤਹਿਤ ਸਿੱਖਾਂ ਨੂੰ ਕਿਰਪਾਨ ਪਹਿਨਣ ਤੋਂ ਰੋਕ ਲੱਗ ਗਈ ਪਰੰਤੂ ਕਿਰਪਾਨ ਜੋ ਸਿੱਖਾਂ ਦੇ ਅਜ਼ਾਦ ਜੀਵਨ ਦੀ ਪ੍ਰਤੀਕ ਸੀ ਅਤੇ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟਣ ਵਾਲੀ ਕਲਗੀਧਰ ਪਾਤਸ਼ਾਹ ਦੀ ਪਿਆਰੀ ਬਖਸ਼ਸ਼ ਸੀ ਉਸ ਕਿਰਪਾਨ ਨੂੰ ਸਿੱਖ ਕਿਵੇਂ ਭੁੱਲ ਸਕਦੇ ਸਨ। ਸਿੱਖਾਂ ਨੇ ਅਕਾਲੀ ਲਹਿਰ ਸਮੇਂ ਕਿਰਪਾਨ ਦੀ ਅਜ਼ਾਦੀ ਹਿੱਤ ਮੋਰਚਾ ਲਾ ਦਿੱਤਾ। ਅਖੀਰ ਮਜਬੂਰ ਹੋ ਕੇ ਬ੍ਰਿਟਿਸ਼ ਸਰਕਾਰ ਨੇ ਸਿੱਖਾਂ ਲਈ ਕਿਰਪਾਨ ਪਹਿਨਣ ਦੀ ਖੁੱਲ੍ਹ ਦੇ ਦਿੱਤੀ। ਇਹ ਹੈ ਕਿਰਪਾਨ ਦਾ ਮਹੱਤਵ ਪੂਰਨ ਇਤਿਹਾਸ। ਜੇਕਰ ਸਾਨੂੰ ਇਸ ਦੀ ਮਹੱਤਤਾ ਦਾ ਅਹਿਸਾਸ ਹੋ ਜਾਵੇ ਫਿਰ ਅਸੀਂ ਇਸ ਨੂੰ ਪਹਿਨਣ ਤੋਂ ਕਿਵੇਂ ਇਨਕਾਰੀ ਹੋ ਸਕਦੇ ਹਾਂ।

ਸੋ, ਗੁਰੂ ਸਾਹਿਬ ਵੱਲੋਂ ਬਖਸ਼ੇ ਹੋਏ ਇਹਨਾਂ ਕਕਾਰਾਂ ਵਿੱਚ ਬਹੁਤ ਰਹੱਸ ਲੁਕਿਆ ਹੋਇਆ ਹੈ। ਇਹਨਾਂ ਕਕਾਰਾਂ ਦੇ ਪਿਆਰ ਨੂੰ ਕੋਈ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ ਹੀ ਪ੍ਰਾਪਤ ਕਰ ਸਕਦਾ ਹੈ। ਸਿੱਖਾਂ ਨੂੰ ਕਲਗੀਧਰ ਪਿਤਾ ਨੇ ਪੰਜ ਕਕਾਰਾਂ ਦੀ ਸੋਹਣੀ ਵਰਦੀ ਦੇ ਕੇ ਕਿਸੇ ਅਦੁੱਤੀ ਸ਼ਿੰਗਾਰ ਵੱਲ ਬੰਨ੍ਹ ਦਿੱਤਾ ਹੈ।

ਕੱਛ, ਕੇਸ, ਕੰਘਾ, ਕਿਰਪਾਨ, ਕੜਾ ਔਰ ਜੋ ਕਰੋ ਬਖਾਨ।

ਇਹ ਕੱਕੇ ਪੰਜ ਤੁਮ ਜਾਣੋ। ਗੁਰੂ ਗ੍ਰੰਥ ਕੋ ਤੁਮ ਸਭ ਮਾਨੋਂ।

ਮਾਸਟਰ ਤਾਰਾ ਸਿੰਘ ਜੀ ਲਿਖਦੇ ਹਨ ਕਿ ਮੈਨੂੰ ਇਹਨਾਂ ਕਕਾਰਾਂ ਵਿੱਚੋਂ ਗੁਰੂ ਦੇ ਦਰਸ਼ਨ ਹੁੰਦੇ ਹਨ।

ਸਿੱਖ ਕੌਮ ਨੂੰ ਇਹ ਗੱਲ ਵੀ ਚੰਗੀ ਤਰ੍ਹਾਂ ਯਾਦ ਰੱਖਣੀ ਚਾਹੀਦੀ ਹੈ ਕਿ ਬੜੇ ਬੜੇ ਬਿਖੜੇ ਤੇ ਭਿਆਨਕ ਸਮਿਆਂ ਵਿੱਚ ਵੀ ਸਾਨੂੰ ਸਹੀ ਸਲਾਮਤ ਰੱਖਣ ਵਾਲੇ ਕਾਰਨਾਂ ਵਿੱਚੋਂ ਇੱਕ ਵੱਡਾ ਕਾਰਨ ਸਾਡੇ ਕਕਾਰ ਵੀ ਹਨ। ਜਿੱਥੇ ਗੁਰੂ ਕੀ ਬਾਣੀ ਨੇ ਸਿੱਖਾਂ ਨੂੰ ਹਰ ਮੁਸ਼ਕਲ ਸਮੇਂ ਯੋਗ ਅਗਵਾਈ ਦੇਣੀ ਹੈ, ਉੱਥੇ ਕੌਮ ਨੂੰ ਇਕੱਠਿਆਂ ਰੱਖਣ ਵਿੱਚ ਇਹਨਾਂ ਕਕਾਰਾਂ ਦਾ ਹੀ ਵੱਡਾ ਯੋਗਦਾਨ ਹੈ।