ਕੈਲੰਡਰ ਵਿਗਿਆਨ ਤੋਂ ਕੋਰੇ ਵਿਦਵਾਨਾਂ ਕਾਰਨ ਦਿਨੋ ਦਿਨ ਉਲਝ ਰਿਹਾ ਹੈ ਕੈਲੰਡਰ ਵਿਵਾਦ

0
338

ਪੱਤਰ ਨੰ: 2. ਕਿਰਪਾਲ ਸਿੰਘ ਵੱਲੋਂ ਖੁੱਲ੍ਹਾ ਪੱਤਰ  ਮਿਤੀ 24.3.2018

ਕੈਲੰਡਰ ਵਿਗਿਆਨ ਤੋਂ ਕੋਰੇ ਵਿਦਵਾਨਾਂ ਕਾਰਨ ਦਿਨੋ ਦਿਨ ਉਲਝ ਰਿਹਾ ਹੈ ਕੈਲੰਡਰ ਵਿਵਾਦ

ਕਿਰਪਾਲ ਸਿੰਘ (ਬਠਿੰਡਾ) 98554-80797

   ਦੁਨੀਆਂ ਦੇ ਲੋਕਾਂ ਨੂੰ ਇਹ ਵੇਖ/ਸੁਣ ਕੇ ਕਿੰਨੀ ਹੈਰਾਨੀ ਹੁੰਦੀ ਹੋਵੇਗੀ ਕਿ ਇੱਕੋ ਇੱਕ ਅਕਾਲ ਪੁਰਖ ਅਤੇ ਸ਼ਬਦ ਗੁਰੂ (ਗਿਆਨ-ਬਿਬੇਕ) ਨੂੰ ਮੰਨਣ ਦਾ ਦਾਅਵਾ ਕਰਨ ਵਾਲੀ ਸਿੱਖ ਕੌਮ ਪਿਛਲੇ ਦੋ ਦਹਾਕਿਆਂ ਦੇ ਵੱਧ ਸਮੇਂ ਤੋਂ ਆਪਣੇ ਗੁਰੂ ਸਾਹਿਬਾਨ ਦੇ ਗੁਰ ਪੁਰਬ ਨਿਸ਼ਚਿਤ ਕਰਨ ਪਿੱਛੇ ਮਗ਼ਜ਼ ਖਪਾਈ ਕਰ ਰਹੀ ਹੈ; ਨਾਨਕਸ਼ਾਹੀ ਕੈਲੰਡਰ ਦੇ ਪੱਖੀ ਅਤੇ ਵਿਰੋਧੀ, ਦੋਵੇਂ ਹੀ ਧਿਰਾਂ ਆਪਣੇ-ਆਪਣੇ ਤੌਰ ’ਤੇ ਕੌਮ ਦਾ ਲੱਖਾਂ ਰੁਪਏ ਅਤੇ ਕੀਮਤੀ ਸਮਾਂ ਇਸ ਕੈਲੰਡਰ ਵਿਸ਼ੇ ’ਤੇ ਹੀ ਆਪਣੇ ਆਪਣੇ ਸੈਮੀਨਾਰ ਕਰਵਾਉਣ, ਕਿਤਾਬਾਂ/ਕਿਤਾਬਚੇ ਅਤੇ ਕੈਲੰਡਰ ਛਪਵਾ ਕੇ ਮੁਫ਼ਤ ਵੰਡਣ ਵਿੱਚ ਅਜਾਈਂ ਗਵਾ ਰਹੀਆਂ ਹਨ ਜਿਹੜਾ ਕਿ ਕੌਮ ਦੇ ਹੋਰ ਉਸਾਰੂ ਪ੍ਰੋਜੈਕਟਾਂ ’ਤੇ ਖ਼ਰਚ ਕੇ ਲਾਹਾ ਖੱਟਿਆ ਜਾ ਸਕਦਾ ਸੀ, ਪਰ ਬਾਵਜੂਦ ਇਸ ਦੇ ਮਸਲਾ ਹੱਲ ਹੋਣ ਦੀ ਬਜਾਏ ਦਿਨੋ ਦਿਨ ਉਲਝ ਰਿਹਾ ਹੈ। ਦੁਨੀਆਂ ਦੇ ਲੋਕ ਇਹ ਵੇਖ ਕੇ ਕੀ ਸੋਚਦੇ ਹੋਣਗੇ ਕਿ ਅਜੋਕੇ ਵਿਗਿਆਨੀ ਮੰਗਲ ਗ੍ਰਿਹ ’ਤੇ ਚੜ੍ਹਨ ਅਤੇ ਗਲੈਕਸੀ ਵਿੱਚ ਹੋਰ ਗ੍ਰਿਹਾਂ ਦੀ ਭਾਲ ਕਰਨ ਦੀ ਦੌੜ੍ਹ ਵਿੱਚ ਲੱਗੇ ਹੋਏ ਹੋਣ ਉਸ ਸਮੇਂ ਸਿੱਖ ਕੌਮ ਆਪਣੇ ਗੁਰੂ ਸਾਹਿਬਾਨ ਦੇ ਮੌਜੂਦਾ ਸਾਲ ਵਿੱਚ ਆਉਣ ਵਾਲੇ ਗੁਰ ਪੁਰਬਾਂ ਦੀਆਂ ਤਾਰੀਕਾਂ ਸਬੰਧੀ ਹੀ ਆਪਸ ਵਿੱਚ ਇੱਕ ਮੱਤ ਨਹੀਂ ਹੋ ਸਕਦੇ, ਇਸ ਲਈ ਕੀ ਇਹ ਆਪਣੇ ਆਪ ਨੂੰ ਬਿਬੇਕੀ (ਗਿਆਨ ਗੁਰੂ) ਅਤੇ ਨਵੇਂ ਯੁੱਗ ਦੇ ਧਰਮ ਦੇ ਵਾਰਸ ਅਖਵਾਉਣ ਦੇ ਹੱਕਦਾਰ ਹਨ ?

ਅਸਲ ਵਿੱਚ ਕੈਲੰਡਰ ਵਿਵਾਦ ਦਾ ਮੁੱਖ ਕਾਰਨ ਇਹੀ ਹੈ ਕਿ ਕੈਲੰਡਰ ਸਬੰਧੀ ਫ਼ੈਸਲਾ ਲੈਣ ਦੇ ਅਧਿਕਾਰੀ ਉਹ ਲੋਕ ਬਣੇ ਬੈਠੇ ਹਨ ਜਿਨ੍ਹਾਂ ਨੂੰ ਕੈਲੰਡਰ ਸਬੰਧੀ ਜਾਂ ਤਾਂ ਬਿਲਕੁਲ ਹੀ ਕੋਈ ਸੋਝੀ ਨਹੀਂ ਜਾਂ ਥੋੜ੍ਹੀ ਬਹੁਤ ਸੂਝ ਹੈ ਪਰ ਉਹ ਆਪਣੀ ਤੁੱਛ ਬੁੱਧੀ ਨੂੰ ਹੀ ਸਰਬੋਤਮ ਸਮਝ ਕੇ ਉਸ ਦੇ ਸਹਾਰੇ ਅੰਤਰ ਰਾਸ਼ਟਰੀ ਪੱਧਰ ਦੇ ਕੈਲੰਡਰ ਵਿਗਿਆਨੀ ਸਿੱਖ (ਸ: ਪਾਲ ਸਿੰਘ ਪੁਰੇਵਾਲ) ਨੂੰ ਕੈਲੰਡਰ ਵਿਗਿਆਨ ਤੋਂ ਕੋਰਾ, ਕਾਮਰੇਡ ਵਗੈਰਾ ਕਹਿ ਕੇ ਭੰਡ ਰਹੇ ਹਨ। 

‘ਨੀਮ ਹਕੀਮ, ਖ਼ਤਰਾ-ਏ-ਜਾਣ’ ਦੀ ਕਹਾਵਤ ਵਾਂਗ ਝਗੜੇ ਦਾ ਮੂਲ ਕਾਰਨ ਇਹ ਅਰਧ ਸਿੱਖਿਅਤ ਕੈਲੰਡਰ ਵਿਗਿਆਨੀ ਹੀ ਹਨ ਕਿਉਂਕਿ ਜਿਨ੍ਹਾਂ ਲੋਕਾਂ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਉਨ੍ਹਾਂ ਨੂੰ ਕੁਝ ਸਮਝਾਇਆ ਜਾ ਸਕਦਾ ਹੈ ਪਰ ਥੋੜੀ ਕੁ ਸੂਝ ਰੱਖਣ ਵਾਲੇ ਲੋਕ ਆਪਣੇ ਆਪ ਨੂੰ ਹੀ ਸਭ ਤੋਂ ਸਿਆਣੇ ਮਨੁੱਖ ਸਮਝ ਬੈਠਣ, ਤਾਂ ਉਨ੍ਹਾਂ ਲਈ ਬਾਬਾ ਕਬੀਰ ਜੀ ਦੇ ਇਹੀ ਬਚਨ ਢੁੱਕਵੇਂ ਜਾਪਦੇ ਹਨ ‘‘ਕਹੁ ਕਬੀਰ ! ਛੂਛਾ ਘਟੁ ਬੋਲੈ ॥  ਭਰਿਆ ਹੋਇ, ਸੁ ਕਬਹੁ ਨ ਡੋਲੈ ॥’’ (ਭਗਤ ਕਬੀਰ/੮੭੦)

 ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਸਿਆਸਤਦਾਨ ਅਤੇ ਉਨ੍ਹਾਂ ਵੱਲੋਂ ਤਖ਼ਤਾਂ ’ਤੇ ਨਿਯੁਕਤ ਕਰ ਕੇ ਬੈਠਾਏ ਹੋਏ ਜਥੇਦਾਰ; ਜਿਹੜੇ ਫ਼ੈਸਲੇ ਲੈਣ ਦੇ ਅਧਿਕਾਰੀ ਬਣੇ ਹਨ, ਵੀ  ਅੱਧ ਪਚੱਧ ਸੂਝ ਰੱਖਣ ਵਾਲੇ ‘ਕਰਨਲ ਸੁਰਜੀਤ ਸਿੰਘ ਨਿਸ਼ਾਨ, ਡਾ: ਅਨੁਰਾਗ ਸਿੰਘ ਅਤੇ ਇਨਾਂ ਵਰਗੇ ਇੱਕ ਦੋ ਹੋਰ ਵਿਦਵਾਨਾਂ’ ਵਰਗੇ ਹੀ ਹਨ, ਜੋ ਸਮਝੀ ਬੈਠੇ ਹਨ ਕਿ ਕੈਲੰਡਰ ਵਿਗਿਆਨ ਦਾ ਜਿੰਨਾ ਗਿਆਨ ਉਨ੍ਹਾਂ ਪਾਸ ਹੈ ਓਨਾਂ ਦੁਨੀਆਂ ਦੇ ਕਿਸੇ ਹੋਰ ਵਿਦਵਾਨ ਪਾਸ ਨਹੀਂ; ਘੱਟ ਤੋਂ ਘੱਟ ਕਿਸੇ ਸਿੱਖ ਕੋਲ ਤਾਂ ਬਿਲਕੁਲ ਵੀ ਨਹੀਂ। 

ਦੂਸਰੀ ਵੱਡੀ ਮੁਸ਼ਕਲ ਇਹ ਹੈ ਕਿ ਜਿਨ੍ਹਾਂ ਨੂੰ ਕੁਝ ਸਮਝਾਇਆ ਜਾ ਸਕਦਾ ਹੈ; ਉਹ ਰਾਜਨੀਤਕ ਦਬਾਅ ਕਾਰਨ ਫ਼ੈਸਲੇ ਲੈਂਦੇ ਹਨ ਇਨ੍ਹਾਂ ਅਰਧ ਸਿੱਖਿਅਤ ਵਿਦਵਾਨਾਂ ਦੀ ਸਾਲਾਹ ਨਾਲ। ਅੰਦਰਲੇ ਭਰੋਸੇਯੋਗ ਵਸੀਲਿਆਂ ਰਾਹੀਂ ਜਾਣਕਾਰੀ ਮਿਲ ਹੀ ਜਾਂਦੀ ਹੈ ਕਿ ਜਿਸ ਸਮੇਂ 24 ਨਵੰਬਰ 2017 ਨੂੰ ਅਕਾਲ ਤਖ਼ਤ ਦੇ ਸਕੱਤਰੇਤ (ਬੰਦ ਕਮਰੇ) ਵਿੱਚ ਪੰਜ ਸਿੰਘ ਸਾਹਿਬਾਨ ਇਹ ਫ਼ੈਸਲਾ ਕਰਨ ਵਾਲੇ ਹੀ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਆਉਣ ਵਾਲਾ ਗੁਰ ਪੁਰਬ ਪੋਹ ਸੁਦੀ 7 / 25 ਦਸੰਬਰ 2017 ਨੂੰ ਮਨਾਇਆ ਜਾਵੇ ਜਾਂ 23 ਪੋਹ / 5 ਜਨਵਰੀ 2018 ਨੂੰ, ਤਦੋਂ ਹੀ ਗਿਆਨੀ ਇਕਬਾਲ ਸਿੰਘ ਪਟਨੇ ਵਾਲੇ ਨੂੰ ਛੱਡ ਕੇ ਬਾਕੀ ਦੇ ਚਾਰੇ ਸਿੰਘ ਸਾਹਿਬ 23 ਪੋਹ / 5 ਜਨਵਰੀ ਦੇ ਹੱਕ ਵਿੱਚ ਸਨ ਪਰ ਐਨ ਮੌਕੇ ’ਤੇ ਕਰਨਲ ਸੁਰਜੀਤ ਸਿੰਘ ਨਿਸ਼ਾਨ, ਆਪਣੀ ਪੁਸਤਕ ‘ਗੁਰ ਪੁਰਬ ਦਰਪਣ’ ਲੈ ਕੇ ਪੰਜਾਂ ਦੀ ਮੀਟਿੰਗ ਵਿੱਚ ਸ਼ਾਮਲ ਹੋ ਗਿਆ, ਜਿਸ ਨੇ ਆਪਣੀ ਪੁਸਤਕ ਦੀ ਇੱਕ-ਇੱਕ ਕਾਪੀ ਪੰਜਾਂ ਨੂੰ ਦੇ ਦਿੱਤੀ ਤੇ ਉਨ੍ਹਾਂ ਨੂੰ ਇਹ ਦੁਬਿਧਾ ਪਾਉਣ ਵਿੱਚ ਸਫਲ ਹੋ ਗਿਆ ਕਿ ਪੁਰੇਵਾਲ ਦੇ ਨਾਨਕਸ਼ਾਹੀ ਕੈਲੰਡਰ ਦੀਆਂ ਸਾਰੀਆਂ ਹੀ ਤਰੀਕਾਂ ਵਿੱਚ 4 ਤੋਂ 8 ਦਿਨਾਂ ਦੀ ਗ਼ਲਤੀ ਹੈ ਜਦੋਂ ਕਿ ਉਸ ਦੀ ਆਪਣੀ ਲਿਖੀ ਕਿਤਾਬ ਵਿੱਚ ਦਿੱਤੀਆਂ ਤਰੀਖਾਂ 100% ਸ਼ੁੱਧ ਹਨ।

ਕੈਲੰਡਰ ਵਿਗਿਆਨ ਤੋਂ ਕੋਰੇ ਇਨ੍ਹਾਂ ਪੰਜਾਂ ਨੇ ਉਸ ਦੀ ਰਾਇ ਮੰਨ ਲਈ ਅਤੇ ਫ਼ੈਸਲਾ 25 ਦਸੰਬਰ ਦੇ ਹੱਕ ਵਿੱਚ ਸੁਣਾ ਦਿੱਤਾ।  ਜਿੱਥੇ ਉਮੀਦ ਬੱਝੀ ਸੀ ਕਿ ਨਾਨਕਸ਼ਾਹੀ ਸੰਮਤ 550 ਦਾ ਕੈਲੰਡਰ ਜਾਰੀ ਕਰਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਅਤੇ ਪੰਜ ਸਿੰਘ ਸਾਹਿਬਾਨ ਆਪਣੀ ਭੁੱਲ ਸੁਧਾਰਨ ਲਈ ਦੋਵਾਂ ਧਿਰਾਂ ਦੇ ਵਿਦਵਾਨਾਂ ਦੀ ਸਾਂਝੀ ਮੀਟਿੰਗ ਬੁਲਾ ਕੇ ਇਸ ਵਿਵਾਦ ਨੂੰ ਹੱਲ ਕਰਨ ਵੱਲ ਕਦਮ ਪੁੱਟ ਸਕਦੇ ਸਨ; ਉਹ 3 ਮਾਰਚ 2018 ਨੂੰ ਸ਼੍ਰੋਮਣੀ ਕਮੇਟੀ ਵੱਲੋਂ ਰੀਲੀਜ਼ ਸੰਮਤ 550 ਦੇ ਕੈਲੰਡਰ ਨਾਲ ਇਹ ਵਿਵਾਦਤ ਮਸਲਾ ਹੋਰ ਗੁੰਝਲਦਾਰ ਹੋ ਗਿਆ ਕਿਉਂਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਨੂੰ ਕਰਨਲ ਨਿਸ਼ਾਨ ਦੀ ਪੁਸਤਕ ਵਿੱਚ ਦਿੱਤੀਆਂ ਤਰੀਖਾਂ ਨਾਲ ਮਿਲਾ ਕੇ ਵੇਖਿਆ ਗਿਆ ਤਾਂ ਉਸ ਵਿੱਚ 4 ਆਪਾ ਵਿਰੋਧੀ ਤਰੀਖਾਂ ਤਾਂ ਆਮ ਬੰਦੇ ਦੇ ਧਿਆਨ ਵਿੱਚ ਹੀ ਆ ਗਈਆਂ, ਜਿੱਥੇ 1 ਤੋਂ 29 ਦਿਨਾਂ ਦਾ ਫ਼ਰਕ ਹੈ।

ਸਭ ਤੋਂ ਵੱਡੀ ਗਲਤੀ ਇਹ ਹੈ ਕਿ ਬਹੁਤੇ ਇਤਿਹਾਸਕਾਰਾਂ ਮੁਤਾਬਕ ਗੁਰੂ ਹਰਿਗੋਬਿੰਦ ਜੀ ਮਹਾਰਾਜ ਨੂੰ ਗੁਰਗੱਦੀ 28 ਜੇਠ ਸੰਮਤ ਨਾਨਕਸ਼ਾਹੀ 138 ਮੁਤਾਬਕ 25 ਮਈ 1606 ਨੂੰ ਮਿਲੀ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਜੇਠ ਸੁਦੀ 4, 2 ਹਾੜ, ਸੰਮਤ ਨਾਨਕਸ਼ਾਹੀ 138 ਮੁਤਾਬਕ 30 ਮਈ 1606 ਨੂੰ ਹੋਈ। ਜਿਸ ਤੋਂ ਪਤਾ ਲੱਗਦਾ ਹੈ ਕਿ ਗੁਰਗੱਦੀ ਤੋਂ ਸ਼ਹੀਦੀ ਪੰਜ ਦਿਨ ਬਾਅਦ ਹੋਈ, ਪਰ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਅਨੁਸਾਰ ਗੁਰੂ ਹਰਿਗੋਬੰਦ ਸਾਹਿਬ ਜੀ ਨੂੰ ਗੁਰਗੱਦੀ 19 ਮਈ/ ਜੇਠ ਵਦੀ 8, 22 ਜੇਠ ਨੂੰ ਮਿਲੀ ਸੀ।

ਚਲੋ ਜੇ ਕਰਨਲ ਨਿਸ਼ਾਨ ਨੂੰ ਹੀ ਸਹੀ ਮੰਨ ਲਿਆ ਜਾਵੇ ਤਾਂ ਗੁਰਗੱਦੀ ਤੋਂ ਸ਼ਹੀਦੀ 11 ਦਿਨ ਬਾਅਦ ਵਿੱਚ ਹੋਈ ਸੀ, ਪਰ ਸ਼੍ਰੋਮਣੀ ਕਮੇਟੀ ਵੱਲੋਂ ਸੰਮਤ 550 (2018-19) ਲਈ ਜਾਰੀ ਹੋਏ ਕੈਲੰਡਰ ਵਿੱਚ ਗੁਰੂ ਹਰਿਗੋਬਿੰਦ ਜੀ ਮਹਾਰਾਜ ਦਾ ਗੁਰਗੱਦੀ ਦਿਹਾੜਾ 25 ਵੈਸਾਖ ਅਤੇ ਉਸ ਤੋਂ 40 ਦਿਨ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ 2 ਹਾੜ ਨੂੰ ਵਿਖਾਈ ਗਈ ਹੈ ਜਦੋਂ ਕਿ ਇਹੀ ਦੋਵੇਂ ਇਤਿਹਾਸਕ ਦਿਹਾੜੇ ਸੰਮਤ 546 (2014-15) ਦੇ ਕੈਲੰਡਰ ਵਿੱਚ ਕ੍ਰਮਵਾਰ ਗੁਰਗੱਦੀ 11 ਜੂਨ ਅਤੇ ਸ਼ਹੀਦੀ ਇਸ ਤੋਂ 11 ਦਿਨ ਪਿੱਛੋਂ ਦੀ ਬਜਾਏ 10 ਦਿਨ ਪਹਿਲਾਂ ਹੀ 1 ਜੂਨ ਨੂੰ ਵਿਖਾਈ ਗਈ ਸੀ।

ਇਨ੍ਹਾਂ ਕੈਲੰਡਰਾਂ ਨੂੰ ਵੇਖ ਕੇ ਸਾਡੀ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਸਿਆਸਤਦਾਨਾਂ ਦੀ ਮੂਰਖਤਾ ਪ੍ਰਤੱਖ ਤੌਰ ’ਤੇ ਜ਼ਾਹਰ ਹੁੰਦੀ ਹੈ, ਪਰ ਜੇ ਕੋਈ ਸੂਝਵਾਨ ਗੁਰਸਿੱਖ ਇਨ੍ਹਾਂ ਦੀ ਇਸ ਮੂਰਖਤਾ ਭਰੀ ਗਲਤੀ ਨੂੰ ਦੱਸਣ ਦਾ ਯਤਨ ਕਰੇ ਤਾਂ ਇਹ ਕਹਿੰਦੇ ਹਨ; ‘ਜੀ! ਇਹ ਅਕਾਲ ਤਖ਼ਤ ਨਾਲ ਮੱਥਾ ਲਾ ਰਹੇ ਹਨ; ਪੰਥ ਵਿਰੋਧੀ ਸ਼ਕਤੀਆਂ ਦੇ ਹੱਥਾਂ ਵਿੱਚ ਖੇਡ ਰਹੇ ਹਨ।’  

ਮਿਲਾਣ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੈਲੰਡਰਾਂ ਅਤੇ ਕਰਨਲ ਨਿਸ਼ਾਨ ਦੀ ਪੁਸਤਕ ਦੇ ਪੰਨਾ ਨੰ: 85 ਦੀਆਂ ਫੋਟੋ ਕਾਪੀਆਂ ਹੇਠਾਂ ਦਿੱਤੀਆਂ ਹੋਈਆਂ ਹਨ। ਮਿਲਾਨ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਤੇ ਜਥੇਦਾਰਾਂ ਨੂੰ ਪੁੱਛਣਾ ਸੰਗਤਾਂ ਦਾ ਕੰਮ ਹੈ।

ਅਗਰ ਕੋਈ ਸ: ਪਾਲ ਸਿੰਘ ਪੁਰੇਵਾਲ ਵਰਗਾ ਮਾਹਰ ਇਸ 550 (2018-2019) ਸਾਲ ਬਾਬਤ ਰਲੀਜ਼ ਕੀਤੇ ਗਏ ਕੈਲੰਡਰ ਨੂੰ ਪਰਖੇ ਤਾਂ ਸ਼ਾਇਦ ਕੁਝ ਹੋਰ ਗ਼ਲਤੀਆਂ ਵੀ ਮਿਲ ਸਕਦੀਆਂ ਹਨ।

ਪਿਛਲੇ ਸਾਲ ਕੈਲੰਡਰ ਬਾਰੇ ਅਮਰੀਕਾ ਵਿੱਚ ਮਿਤੀ 15 ਜੁਲਾਈ 2017 ਨੂੰ ਹੋਏ ਇੱਕ ਸੈਮੀਨਾਰ ਦੌਰਾਨ ਸ: ਪਾਲ ਸਿੰਘ ਪੁਰੇਵਾਲ ਨੇ ਦਾਅਵਾ ਕੀਤਾ ਸੀ ਕਿ ਕਰਨਲ ਸੁਰਜੀਤ ਸਿੰਘ ਨਿਸ਼ਾਨ ਦੇ ‘ਗੁਰ ਪੁਰਬ ਦਰਪਣ’ ਵਿੱਚ ਚੰਦ੍ਰਮਾ ਦੀਆਂ ਤਿਥਾਂ 30% ਗ਼ਲਤ ਅਤੇ 70% ਸਹੀ ਹਨ। ਉਨ੍ਹਾਂ ਨਾਲ ਹੀ ਇਹ ਦਾਅਵਾ ਕੀਤਾ ਕਿ ਜੇ ਉਹ 30% ਗ਼ਲਤ ਤਰੀਖਾਂ ਨੂੰ ਸਹੀ ਸਿੱਧ ਕਰਨ ਦਾ ਯਤਨ ਕਰਨਗੇ ਤਾਂ ਉਨ੍ਹਾਂ ਦੀਆਂ 100% ਤਰੀਖਾਂ ਹੀ ਗ਼ਲਤ ਹੋ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕਰਨਲ ਨਿਸ਼ਾਨ ਜੀ ਅੰਤਰ ਰਾਸ਼ਟਰੀ ਕੈਲੰਡਰ ਵਿਗਿਆਨੀਆਂ ਕੋਲ ਆਪਣੀਆਂ 100% ਤਰੀਖਾਂ ਸਹੀ ਸਿੱਧ ਕਰ ਦੇਣ ਤਾਂ ਉਹ (ਸ: ਪੁਰੇਵਾਲ) ਕਰਨਲ ਨਿਸ਼ਾਨ ਨੂੰ 5 ਲੱਖ ਡਾਲਰ ਇਨਾਮ ਵਜੋਂ ਦੇਣਗੇ।

ਹੁਣ ਜਿਨ੍ਹਾਂ ਨੀਮ ਹਕੀਮਾਂ ਦੇ ਉਕਤ ਨਾਮ ਲਿਖੇ ਗਏ ਹਨ ਉਨ੍ਹਾਂ ਨੂੰ ਤਾਂ ਅਸਲ ਸਮਝ ਆਉਣੀ ਨਹੀਂ ਜਾਂ ਉਨ੍ਹਾਂ ਆਪਣੀ ਮੱਤ ਤਿਆਗਣੀ ਨਹੀਂ ਪਰ ਸਮੁੱਚੀ ਸਿੱਖ ਕੌਮ ਦਾ ਤਾਂ ਇਹ ਫ਼ਰਜ ਜ਼ਰੂਰ ਬਣਦਾ ਹੈ ਕਿ ਕਰਨਲ ਨਿਸ਼ਾਨ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਕੈਲੰਡਰ ਜਾਰੀ ਕਰਨ ਵਾਲਿਆਂ ਪਾਸੋਂ ਇਹ ਸਵਾਲ ਪੁੱਛਣ ਕਿ ਕਰਨਲ ਨਿਸ਼ਾਨ ਦੁਆਰਾ ‘ਗੁਰ ਪੁਰਬ ਦਰਪਣ’ ਵਿੱਚ ਦਿੱਤੀਆਂ ਗਈਆਂ ਤਰੀਖਾਂ ਗ਼ਲਤ ਹਨ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਵਿੱਚ ਗ਼ਲਤ ਹਨ ਕਿਉਂਕਿ ਗੁਰ ਪੁਰਬਾਂ ਦੀਆਂ ਵੱਖ ਵੱਖ ਤਾਰੀਖਾਂ ਹੋਣ ਕਰ ਕੇ ਦੋਵੇਂ ਧਿਰਾਂ ਸਹੀ ਨਹੀਂ ਹੋ ਸਕਦੀਆਂ, ਇਨ੍ਹਾਂ ਦੋਵਾਂ ਵਿੱਚੋਂ ਕਿਸੇ ਇੱਕ ਦੀਆਂ ਤਾਰੀਖਾਂ ਗ਼ਲਤ ਜ਼ਰੂਰ ਹੋਣਗੀਆਂ। 

ਹੁਣ ਅੰਤਰ ਰਾਸ਼ਟਰੀ ਵਿਦਵਾਨਾਂ ਕੋਲ ਜਾਣ ਦੀ ਵੀ ਲੋੜ ਨਹੀਂ ਕਿਉਂਕਿ ਫ਼ੈਸਲਾ ਸ਼੍ਰੋਮਣੀ ਕਮੇਟੀ/ਜਥੇਦਾਰ ਅਤੇ ਉਨ੍ਹਾਂ ਦੇ ਮੁੱਖ ਸਲਾਹਕਾਰ ਕਰਨਲ ਸੁਰਜੀਤ ਹੀ ਕਰ ਸਕਦੇ ਹਨ ਕਿ ਉਨ੍ਹਾਂ ਦੋਵਾਂ ਵਿੱਚੋਂ ਸਹੀ ਕੌਣ ਹੈ। ਇਹ ਸਵਾਲ ਵੀ ਪੁੱਛਣਾ ਬਣਦਾ ਹੈ ਕਿ ਜੇ ਕਰਨਲ ਨਿਸ਼ਾਨ ਦੀਆਂ ਤਰੀਖਾਂ ਗ਼ਲਤ ਹਨ ਤਾਂ ਉਹ ਅਜਿਹੇ ਨੀਮ ਹਕੀਮਾਂ ਦੀਆਂ ਸਲਾਹਾਂ ਮੰਨ ਕੇ ਸਮੁੱਚੀ ਸਿੱਖ ਕੌਮ ਨੂੰ ਗੁਰ ਪੁਰਬਾਂ ਸਬੰਧੀ ਹਮੇਸ਼ਾਂ ਦੁਬਿਧਾ ਵਿੱਚ ਕਿਉਂ ਫਸਾਈ ਰੱਖਣਾ ਚਾਹੁੰਦੇ ਹਨ ? ਅਤੇ ਜੇ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਤਾਰੀਖਾਂ ਗ਼ਲਤ ਹਨ ਤਾਂ ਕਰਨਲ ਨਿਸ਼ਾਨ ਅਤੇ ਡਾ: ਅਨੁਰਾਗ ਸਿੰਘ ਵਰਗੇ ਵਿਦਵਾਨ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਦੀ ਉਸ ਢੰਗ ਨਾਲ ਵਿਰੋਧਤਾ ਕਿਉਂ ਨਹੀਂ ਕਰਦੇ ਜਿਸ ਢੰਗ ਨਾਲ 2003 ਵਿੱਚ ਲਾਗੂ ਕੀਤੇ ਗਏ ਮੂਲ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਕਰਦੇ ਆ ਰਹੇ ਹਨ ?

ਸੰਪਾਦਕੀ ਟਿੱਪਣੀ: ਇਸ ਲੇਖ ਵਿੱਚ ਜਿਹੜੇ ਵਿਦਵਾਨਾਂ ਦੇ  ਨਾਂ ਲਿਖ ਕੇ ਟਿੱਪਣੀ ਕੀਤੀ ਗਈ ਹੈ, ਸ਼੍ਰੋਮਣੀ ਕਮੇਟੀ ਅਤੇ ਸਿੰਘ ਸਾਹਿਬਾਨ ਨੂੰ ਬੇਨਤੀ ਹੈ ਕਿ ਉਹ ਵੀ ਆਪਣਾ ਪੱਖ ਰੱਖਣ ਲਈ ਲਿਖ ਭੇਜਣ ਤਾਂ ਜੋ ਉਸਾਰੂ ਵਿਚਾਰ ਚਰਚਾ ਰਾਹੀਂ ਇਸ ਵਿਵਾਦਤ ਮੁੱਦੇ ਨੂੰ ਹੱਲ ਕਰਨ ਦਾ ਯਤਨ ਕੀਤਾ ਜਾ ਸਕੇ, ਸਬੰਧਿਤ ਧਿਰਾਂ ਦੇ ਵਿਚਾਰਾਂ ਨੂੰ ਵੀ ਇਸ ਪ੍ਰਕਾਸ਼ਨਾ ਵਿੱਚ ਯੋਗ ਥਾਂ ਦਿੱਤੀ ਜਾਵੇਗੀ ਬਸ਼ਰਤੇ ਕਿ ਉਹ ਆਪਣੇ ਜਵਾਬੀ ਲੇਖ ਵਿੱਚ ਉਠਾਏ ਗਏ ਸਵਾਲਾਂ ਦਾ ਜਵਾਬ ਵੀ ਦੇਣ ਕਿ ਕਰਨਲ ਨਿਸ਼ਾਨ ਦੇ “ਗੁਰ ਪੁਰਬ ਦਰਪਣ”ਅਤੇ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿਚਲੀਆਂ ਤਰੀਕਾਂ ਵਿੱਚੋ ਕਿਹੜੀਆਂ ਗ਼ਲਤ ਹਨ ਅਤੇ ਇਨ੍ਹਾਂ ਗਲਤੀਆਂ ਦਾ ਕੀ ਕਾਰਨ ਹੈ ?