ਪੱਤਰ ਨੰਬਰ 18 (ਸ. ਸਰਬਜੀਤ ਸਿੰਘ ਜੀ ਵਲੋਂ ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਨੂੰ ਜਵਾਬ)

0
283

ਪੱਤਰ ਨੰਬਰ 18

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ !

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।

ਕਰਨਲ ਨਿਸ਼ਾਨ ਜੀ !  ਤੁਸੀਂ ਲਿਖਿਆ ਹੈ, “ਇਹ ਸਾਰੇ ਬਿਕਰਮੀ ਕੈਲੰਡਰ ਦੇ ਹੀ ਹਿੱਸੇ ਪੁਰਜੇ ਹਨ, ਕਿਸੇ ਦੂਸਰੇ ਕੈਲੰਡਰ ਤੋਂ ਨਹੀਂ ਲਏ ਗਏ, ਇਸੇ ਲਈ ਇਹ ਮਰਸਡੀ ਕਾਰ ਰੂਪੀ ਕੈਲੰਡਰ ਪਿਛਲੇ 2000 ਸਾਲਾਂ ਤੋਂ ਬਿਨਾਂ ਵਿਘਨ ਤੋਂ ਚਲ ਰਿਹਾ ਹੈ”।  ਇਹ ਤਾਂ ਮੈਂ ਪਿਛਲੇ ਪੱਤਰ ਵਿੱਚ ਹੀ ਲਿਖ ਦਿੱਤਾ ਸੀ ਕਿ ਇਸ ਕੈਲੰਡਰ ਦਾ 2075 ਸੰਮਤ ਹੈ। ਸਵਾਲ ਤਾਂ ਇਹ ਸੀ ਕਿ ਇਸ ਕੈਲੰਡਰ ਤੇ ਤੁਸੀਂ ਨਾਨਕਸ਼ਾਹੀ 550 ਕਿਵੇਂ ਲਿਖ ਸਕਦੇ ਹੋ ? ਬਿਕ੍ਰਮੀ ਕੈਲੰਡਰ ਸਿਰਫ ਨਾਮ ਬਦਲਣ ਨਾਲ ਹੀ ਸਿੱਖ ਕੈਲੰਡਰ ਕਿਵੇਂ ਬਣ ਗਿਆ ? ਇਹ ਕੈਲੰਡਰ ਤਾਂ ਆਪਣੇ ਤਰੀਕੇ ਨਾਲ ਹੀ ਚਲੇਗਾ।

ਕਰਨਲ ਨਿਸ਼ਾਨ ਜੀ !  ਮੈਂ ਇਹ ਸਮਝਿਆ ਹਾਂ ਕਿ ਤੁਸੀਂ ਬਿਕ੍ਰਮੀ ਕੈਲੰਡਰ ਨੂੰ ਛੱਡਣਾ ਨਹੀਂ ਚਾਹੁੰਦੇ, ਪਰ ਤੁਹਾਡੇ ਵਿੱਚ ਸੱਚ ਲਿਖਣ ਦੀ ਸਮਰੱਥਾ ਨਹੀਂ ਹੈ। ਹੁਣ ਇਹ ਦੱਸੋ ਕਿ ਤੁਹਾਡੇ ਜਵਾਬ ਨੰਬਰ 27 ਦਾ ਕੀ ਕਰੀਏ ?

ਮੈਂ ਤੁਹਾਡੇ ਪਿਛਲੇ ਪੱਤਰ ਦਾ ਜਵਾਬ ਲਿਖ ਹੀ ਰਿਹਾ ਸੀ ਕਿ ਤੁਹਾਡੀ ਇਕ ਹੋਰ ਈ ਮੇਲ ਮਿਲੀ ਹੈ। ਜਿਸ ਵਿੱਚ ਤੁਸੀਂ ਲਿਖਿਆ ਹੈ, “ਤੁਹਾਡਾ ਇੱਕ ਅਖ਼ਬਾਰੀ ਬਿਆਨ ਮੇਰੇ ਧਿਆਨ ਵਿਚ ਲਿਆਂਦਾ ਗਿਆ ਹੈ, ਜੋ ਬਿਲਕੁਲ ਝੂਠਾ ਹੈ”। ਕਰਨਲ ਨਿਸ਼ਾਨ ਜੀ !  ਤੁਹਾਡਾ ਇਹ ਬਿਆਨ 100% ਝੂਠ ਹੈ। ਜੇ ਤੂਹਾਨੂੰ ਯਾਦ ਹੋਵੇ ਤਾਂ ਇਸ ਸਬੰਧ ਵਿੱਚ ਮੈਂ ਤੁਹਾਡੇ ਸਮੇਤ ਹੋਰ ਬਹੁਤ ਸਾਰੇ ਸੱਜਣਾ ਨੂੰ 2 ਦਸੰਬਰ 2017 ਨੂੰ ਈ ਮੇਲ ਕੀਤੀ ਸੀ।

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ !

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਨਿਸ਼ਾਨ ਜੀ !  ਜਿਵੇ ਕਿ ਆਪ ਜੀ ਜਾਣਦੇ ਹੀ ਹੋ, ਕਿ ਤੁਹਾਡੀ ਕਿਤਾਬ, “ਗੁਰਪੁਰਬ ਦਰਪਣ” ਦੇ ਪੰਨਾ 95 ਉੱਪਰ ਇਹ ਚੁਣੌਤੀ ਦਰਜ ਹੈ। ਮੈਂ ਇਹ ਚੁਣੌਤੀ ਪ੍ਰਵਾਨ ਕਰਦਾ ਹਾਂ। ਆਪਣੀ ਸਾਰੀ ਗੱਲਬਾਤ ਲਿਖਤੀ ਰੂਪ ਵਿਚ ਹੋਵੇਗੀ ਤਾਂ ਜੋ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੀਆਂ ਸਿੱਖ ਸੰਗਤਾਂ, ਇਸ ਨੂੰ ਨਾਲੋਂ ਨਾਲ ਹੀ ਪੜ੍ਹ ਸਕਣ। ਮੈਂ ਆਪਣੇ ਵੱਲੋਂ,www.Sikhmarg.com ਪੇਸ਼ ਕਰਦਾ ਹਾਂ ਜਿਸ ਦਾ ਈ-ਮੇਲ ਪਤਾ ਹੈ,info@sikhmarg.com. ਜਿਹੜਾ ਮੰਚ ਆਪ ਜੀ ਨੂੰ ਪਸੰਦ ਹੋਵੇ, ਉਸ ਦਾ ਪਤਾ ਤੁਸੀਂ ਦੱਸ ਦਿਓ ਮੈਨੂੰ ਪ੍ਰਵਾਨ ਹੋਵੇਗਾ।

ਨਿਸ਼ਾਨ ਜੀ ! ਜੇਕਰ ਆਪ ਜੀ ਇਸ ਚੁਣੌਤੀ ਨੂੰ ਵਾਪਸ ਲੈਣਾ ਚਾਹੋ ਤਾਂ 9 ਦਸੰਬਰ 2017 ਈ: ਦਿਨ ਸ਼ਨਿਚਰਵਾਰ ਤੋਂ ਪਹਿਲਾਂ-ਪਹਿਲਾਂ ਵਾਪਸ ਲੈਣ ਦਾ ਐਲਾਨ ਵੀ ਕਰ ਸਕਦੇ ਹੋ। ਨਹੀਂ ਤਾਂ 10 ਦਸੰਬਰ 2017 ਈ: ਦਿਨ ਐਤਵਾਰ ਤੋਂ ਆਪਾ ਵਿਚਾਰ ਚਰਚਾ ਆਰੰਭ ਕਰਾਂਗੇ।

ਸਤਿਕਾਰ ਸਹਿਤ

ਸਰਵਜੀਤ ਸਿੰਘ ਸੈਕਰਾਮੈਂਟੋ 12/2/2017

ਦੂਜੀ ਈ ਮੇਲ 10 ਦਸੰਬਰ ਨੂੰ, ਤੀਜੀ ਈ ਮੇਲ 17 ਦਸੰਬਰ, ਚੌਥੀ ਈ ਮੇਲ 24 ਦਸੰਬਰ, ਪੰਜਵੀਂ 30 ਦਸੰਬਰ 2017 ਅਤੇ ਛੇਵੀਂ 7 ਜਨਵਰੀ 2018 ਨੂੰ ਕੀਤੀ ਸੀ। ਇਸੇ ਸਮੇਂ ਦੌਰਾਨ 30 ਦਸੰਬਰ ਨੂੰ ਤੁਹਾਡੀ ਈ ਮੇਲ ਮਿਲੀ ਸੀ, ਜਿਸ ਵਿੱਚ ਤੁਸੀਂ ਲਿਖਿਆ ਸੀ, “ਜੇ ਤੁਸੀਂ 23 ਪੋਹ ਬਿਕਰਮੀ ਅਤੇ 23 ਪੋਹ ਪੁਰੇਵਾਲ ਵਾਲੇ 2003 ਵਾਲੇ ਕੈਲੰਡਰ ਵਿਚ ਅਜੇ ਤੱਕ ਫਰਕ ਨਹੀਂ ਸਮਝ ਸਕੇ ਤਾਂ 1 ਲੱਖ ਇਨਾਮ ਲੈਣ ਲਈ ਤੁਹਾਨੂੰ ਹਾਲੇ ਬਹੁਤ ਮਿਹਨਤ ਕਰਨ ਦੀ ਲੋੜ ਹੈ”। ਅੱਜ ਤੁਸੀਂ ਲਿਖਿਆ ਹੈ, “ਤੁਹਾਡਾ ਇੱਕ ਅਖ਼ਬਾਰੀ ਬਿਆਨ ਮੇਰੇ ਧਿਆਨ ਵਿਚ ਲਿਆਂਦਾ ਗਿਆ ਹੈ, ਜੋ ਬਿਲਕੁਲ ਝੂਠਾ ਹੈ”।

ਕਰਨਲ ਨਿਸ਼ਾਨ ਜੀ !  ਅਨੁਰਾਗ ਸਿੰਘ ਵਾਂਗੂੰ ਤੁਸੀਂ ਵੀ ਝੂਠ ਲਿਖਣਾ ਆਰੰਭ ਕਰ ਦਿੱਤਾ ਹੈ ?

ਮੇਰੇ ਪੱਤਰ ਅੱਜ ਵੀ ਸਿੱਖ ਮਾਰਗ ਤੇ ਪੜ੍ਹੇ ਜਾ ਸਕਦੇ ਹਨ।

http://www.sikhmarg.com/your-view/your-view138.html

http://www.sikhmarg.com/your-view/your-view139.html

ਕਰਨਲ ਨਿਸ਼ਾਨ ਜੀ !  ਜਦੋਂ ਤੁਸੀਂ ਕਿਤਾਬ ਲਿਖੀ ਸੀ ਉਦੋਂ ਨਹੀਂ ਸੀ ਸੋਚਿਆ ਕਿ ਸਵਾਲ ਵੀ ਆ ਸਕਦੇ ਹਨ ? ਤੁਹਾਡੇ ਵੱਲੋਂ ਰੱਖੇ ਗਏ ਇਕ ਲੱਖ ਰੁਪਏ ਦੇ ਇਨਾਮ (ਪੰਨਾ 95) ਬਾਰੇ ਵਿਚਾਰ ਕਰਨ ਦਾ ਯਤਨ ਕੀਤਾ ਤਾਂ ਤੁਸੀਂ ਕੋਈ ਲੜ-ਸਿਰਾ ਨਹੀਂ ਫੜਾਇਆ। ਹੁਣ ਕਿਤਾਬ ਵਿੱਚ ਪੰਨਾ 17 ਉੱਪਰ ਦਰਜ ਤੁਹਾਡੇ ਨਿਮਰਤਾ ਭਰੇ ਸ਼ਬਦਾਂ ਤੋਂ ਪ੍ਰਭਾਵਤ ਹੋ ਕੇ ਮੈਂ ਆਪ ਜੀ ਨਾਲ ਵਿਚਾਰ ਆਰੰਭ ਕੀਤੀ ਹੈ, ਹੁਣ ਫੇਰ ਤੁਸੀਂ ਗਿਲਾ ਪੀਹਣ ਪਾ ਕੇ ਬੈਠ ਗਏ ਹੋ, ਹੁਣ ਤੁਹਾਡੀ ਨਿਮਰਤਾ, ਕਫੂਰ ਕਿਉਂ ਹੋ ਗਈ ਹੈ ? ਨਾ ਤੁਸੀਂ ਕੁਝ ਸਮਝਾਉਣ ਨੂੰ ਤਿਆਰ ਹੋ, ਨਾ ਤੁਸੀਂ ਕੁਝ ਮੰਨਣ ਨੂੰ ਤਿਆਰ ਹੋ। ਲਗਭਗ ਮਹੀਨਾ ਹੋ ਗਿਆ ਪੱਤਰ ਲਿਖਦਿਆਂ ਨੂੰ, ਅਜੇ ਤਾਈਂ ਇਕ ਸਵਾਲ (27) ਦਾ ਫੈਸਲਾ ਨਹੀਂ ਹੋ ਸਕਿਆ। ਹੋਰ ਕਈ ਸਵਾਲ ਹਨ ਜਿਨ੍ਹਾਂ ਤੇ ਵਿਚਾਰ ਕੀਤੀ ਜਾਣੀ ਜਰੂਰੀ ਹੈ। ਕਰਨਲ ਨਿਸ਼ਾਨ ਜੀ !  ਨਿਮਰਤਾ ਸਹਿਤ ਬੇਨਤੀ ਹੈ ਕਿ ਜੇ ਵਿਚਾਰ ਚਰਚਾ ਕਰਨ ਦੇ ਸਮਰੱਥ ਨਹੀਂ ਹੋ ਤਾਂ “ਦੋ ਸ਼ਬਦਾਂ” ਵਿੱਚ ਗੱਲ ਨਿਬੇੜ ਦਿਓ।

ਸਪੱਸ਼ਟ ਹੁੰਗਾਰੇ ਦੀ ਉਡੀਕ ਵਿੱਚ

ਸਰਵਜੀਤ ਸਿੰਘ ਸੈਕਰਾਮੈਂਟੋ 4/17/2018