ਨਾਮ ਜਪੋ, ਕਿਰਤ ਕਰੋ, ਵੰਡ ਛਕੋ ਅਤੇ ਅਜੋਕੇ ਪੰਥਕ ਹਾਲਾਤ

0
1133

ਨਾਮ ਜਪੋ, ਕਿਰਤ ਕਰੋ, ਵੰਡ ਛਕੋ ਅਤੇ ਅਜੋਕੇ ਪੰਥਕ ਹਾਲਾਤ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

‘ਨਾਮ ਜਪੋ, ਕਿਰਤ ਕਰੋ, ਵੰਡ ਛਕੋ’ ਵਾਲੇ ਵਿਸ਼ੇ ਨੂੰ ਜੇਕਰ ਕੁੱਝ ਕੁ ਲਫ਼ਜ਼ਾਂ ’ਚ ਬਿਆਨਣਾ ਹੋਵੇ ਤਾਂ ਇਹ ਸਮਝਣਾ ਹੈ ਕਿ ‘ਨਾਮ’ ਦਾ ਹੀ ਸੰਪੂਰਣ ਸਰੂਪ ਹਨ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’। ਇਸ ਤਰ੍ਹਾਂ ਗੁਰਬਾਣੀ ਅਨੁਸਾਰ ‘ਨਾਮ ਜਪੋ’ ਦਾ ਅਰਥ ਹੈ-ਆਪਣੇ ਜੀਵਨ ਨੂੰ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸਿਖਿਆ ਅਨੁਸਾਰ ਤਿਆਰ ਕਰਨਾ – ਤਾਬਿਆ ਚਲਾਣਾ ਅਤੇ ਗੁਰਬਾਣੀ ਜੀਵਨ ਜਾਚ ਦਾ ਅਨੁਸਾਰੀ ਬਨਾਉਣਾ। ਇਸ ਤਰ੍ਹਾਂ ਜੇਕਰ ਜੀਵਨ ਦੀ ਇਹੋ ਜਿਹੀ ਉੱਚੀ – ਆਤਮਿਕ ਅਵਸਥਾ ਬਣ ਆਵੇ ਤਾਂ ਹੀ ਸਮਝ ਆ ਸਕੇਗਾ ਕਿ ‘ਕਿਰਤ ਕਰਨ’ ਦੇ ਕੀ ਅਰਥ ਹਨ ? ਉਸ ਤੋਂ ਪਹਿਲਾਂ ਨਹੀਂ। ਇਹ ਤਾਂ ਕੇਵਲ ਗੁਰਬਾਣੀ ਨੇ ਸਾਬਤ ਕਰਨਾ ਹੈ ਕਿ ਜੋ ਕੁੱਝ ਅਸੀਂ ਕਰ ਰਹੇ ਹਾਂ ਉਹ ‘ਕਿਰਤ’ ਹੈ ਵੀ ਜਾਂ ਨਹੀਂ।

ਇਸੇ ਤਰ੍ਹਾਂ ਜਦੋਂ ਸਾਡਾ ਜੀਵਨ ਰਾਹ ‘‘ਸਭ ਮਹਿ ਜੋਤਿ, ਜੋਤਿ ਹੈ ਸੋਇ ॥’’ (ਮ: ੧/੧੩) ਅਨੁਸਾਰ ਗੁਰਬਾਣੀ ਸਿਖਿਆ ਵਾਲਾ ਹੁੰਦਾ ਜਾਵੇਗਾ ਤਾਂ ਸਾਡਾ ਜੀਵਨ ਸੁਆਰਥੀ ਜਾਂ ਮਤਲਬੀ ਨਹੀਂ ਰਹੇਗਾ ਕਿਉਂਕਿ ਉਸ ਵੇਲੇ ਸੰਤੋਖ-ਪਰਉਪਕਾਰ ਸਾਡੇ ਜੀਵਨ ਦਾ ਹਿੱਸਾ ਹੋਣਗੇ, ਜਿਨ੍ਹਾਂ ਦਾ ਨਤੀਜਾ ‘ਵੰਡ ਛਕੋ’ ਵਾਲਾ ਰੱਬੀ ਉਤਸਾਹ ਸਾਡੇ ਜੀਵਨ ’ਚ ਆਪ ਮੁਹਾਰੇ ਪਨਪੇਗਾ। ਉਸ ਸਮੇਂ ‘ਵੰਡ ਛਕੋ’ ਦੇ ਵੀ ਸਾਡੇ ਕੋਲ ਦਾਨ-ਪੁੰਨ ਵਾਲੇ ਬਨਾਵਟੀ, ਪੁਰਾਤਨ, ਕੱਚੇ ਜਾਂ ਗੁਰਮਤਿ ਵਿਰੋਧੀ ਬ੍ਰਾਹਮਣੀ ਅਰਥ ਨਹੀਂ ਹੋਣਗੇ, ਇਸ ਤਰ੍ਹਾਂ ‘ਨਾਮ ਜਪੋ’ ਗੁਰਬਾਣੀ ਅਰਥਾਂ ਮੁਤਾਬਕ ਤਿਆਰ ਹੋਇਆ ਜੀਵਨ ਸਾਨੂੰ ‘ਕਿਰਤ ਕਰੋ’ ਅਤੇ ‘ਵੰਡ ਛਕੋ’ ਦੇ ਵੀ ਸਹੀ ਅਰਥ ਦੇ ਸਕੇਗਾ।

‘ਨਾਮ ਜਪੋ, ਕਿਰਤ ਕਰੋ, ਵੰਡ ਛਕੋ’ ਭਿੰਨ ਭਿੰਨ ਨਹੀਂ – ਦਰਅਸਲ ਇਹ ਗੁਰਮਤਿ ਦੇ ਤਿੰਨ ਸਿਧਾਂਤ ਨਹੀਂ ਹਨ; ਜਿਵੇਂ ਕਿ ਆਪਣੀ ਨਾਸਮਝੀ ਕਾਰਨ ਅੱਜ ਅਸੀਂ ਬਣਾਈ ਬੈਠੇ ਹਾਂ। ਅੱਜ ਗੁਰਬਾਣੀ ਜੀਵਨ ਬਾਰੇ ਸਾਡੀ ਬਣ ਚੁੱਕੀ ਦੂਰੀ ਦਾ ਹੀ ਨਤੀਜਾ ਹੈ ਕਿ ਗੁਰਦੇਵ ਰਾਹੀਂ ਇਸ ਮਹਾਨ ਸਿਧਾਂਤਕ ਦੇਣ ਤੋਂ ਨਾ ਤਾਂ ਅਸੀਂ ਕੁੱਝ ਲੈ ਰਹੇ ਹਾਂ ਅਤੇ ਨਾ ਹੀ ਸੰਸਾਰ ਨੂੰ ਕੁੱਝ ਦੇਣ ’ਚ ਸਫਲ ਹੋ ਰਹੇ ਹਾਂ, ਸਗੋਂ ਇੱਕੋ ਹੀ ਗੁਰਮਤਿ ਸਿਧਾਂਤ ਨੂੰ ਤਿੰਨ ਮੰਨ ਕੇ ਚੱਲ ਰਹੇ ਹਾਂ। ਅਸਲ ’ਚ ‘ਨਾਮ ਜਪੋ, ਕਿਰਤ ਕਰੋ, ਵੰਡ ਛਕੋ’ ਗੁਰਮਤਿ ਦਾ ਲੜੀਬੱਧ ਇੱਕੋ ਹੀ ਨਿਵੇਕਲਾ ਅਤੇ ਸਾਡੇ ਜੀਵਨ ਲਈ ਵੱਡਮੁਲਾ ਸਿਧਾਂਤ ਹੈ, ਜਿੱਥੇ ‘ਕਿਰਤ ਕਰੋ’ ਅਤੇ ‘ਵੰਡ ਛਕੋ’ – ‘ਨਾਮ ਜਪੋ’ ਦਾ ਹੀ ਵਿਸਥਾਰ ਹਨ ਬਸ਼ਰਤੇ ਕਿ ਅਸਾਂ ‘ਨਾਮ ਜਪੋ’ ਦੇ ਅਰਥ ਗੁਰਬਾਣੀ ਤੋਂ ਹੀ ਲਏ ਹੋਣ। ਇੱਥੋਂ ਤੀਕ ਕਿ ਗੁਰਦੇਵ ਨੇ ਤਾਂ ਗੁਰਬਾਣੀ ’ਚ ਵੀ ਇਸ ਸਿਧਾਂਤ ਨੂੰ ਬਿਆਨਿਆ ਹੈ; ਜਿਵੇਂ ‘‘ਘਾਲਿ ਖਾਇ; ਕਿਛੁ ਹਥਹੁ ਦੇਇ ॥  ਨਾਨਕ ! ਰਾਹੁ ਪਛਾਣਹਿ ਸੇਇ ॥’’ (ਮ: ੧, ਪੰਨਾ ੧੨੪੫) ਭਾਵ ਐ ਬੰਦਿਆ! ਜਦੋਂ ਤੇਰਾ ਜੀਵਨ ਗੁਰਬਾਣੀ ਅਨੁਸਾਰ ‘ਨਾਮ ਜਪੋ’ ਬਣ ਕੇ ਕਰਤਾਰ ਦੇ ਰੰਗ ’ਚ ਰੰਗਿਆ ਜਾਵੇਗਾ ਤਾਂ ਹੀ ਤੈਨੂੰ ਸਮਝ ਆ ਸਕੇਗੀ ਕਿ ਤੂੰ ‘ਘਾਲਿ ਕਮਾਈ’ (ਕਿਰਤ ਕਰੋ) ਕਰ ਵੀ ਰਿਹਾ ਹੈ ਜਾਂ ਨਹੀਂ। ਇਸੇ ਤਰ੍ਹਾਂ ਤੈਨੂੰ ਤਾਂ ਹੀ ਸਮਝ ਆ ਸਕੇਗੀ ਕਿ ਉਸ ‘ਕਿਰਤ ਕਮਾਈ’ ਨੂੰ ਤੂੰ ਇਕਲਿਆਂ ਨਹੀਂ ਬਲਕਿ ‘ਕਿਛੁ ਹਥਹੁ ਦੇਇ’ (ਵੰਡ ਛਕਣਾ) ਵੀ ਹੈ ਕਿਉਂਕਿ ਤੂੰ ਇੱਕ ਸਮਾਜਿਕ ਤੇ ਧਾਰਮਿਕ ਪ੍ਰਾਣੀ ਹੈਂ ਇਸ ਲਈ ਤੇਰੀਆਂ ਕੁੱਝ ਹੋਰ ਜ਼ਿੰਮੇਵਾਰੀਆਂ ਵੀ ਹਨ ਅਤੇ ਗੁਰਬਾਣੀ ਸਿਖਿਆ ਤੋਂ ਹੀ ਤੇਰੇ ਅੰਦਰ ਉਨ੍ਹਾਂ ਜ਼ਿੰਮੇਵਾਰੀਆਂ ਦਾ ਇਹਸਾਸ ਵੀ ਪੈਦਾ ਹੋ ਸਕੇਗਾ, ਜਿਸ ਦੇ ਲਈ ਗੁਰਦੇਵ ਫ਼ੁਰਮਾਂਦੇ ਹਨ ‘‘ਨਾਨਕ ! ਰਾਹੁ ਪਛਾਣਹਿ ਸੇਇ’’ ਭਾਵ ਇਹੀ ਤਰੀਕਾ ਹੈ ਜਿਸ ਤੋਂ ਜ਼ਿੰਦਗੀ ਨੂੰ ਠੀਕ ਰਾਹ ’ਤੇ ਤੋਰਿਆ ਜਾ ਸਕੇਗਾ। ਅੱਗੇ ਚੱਲ ਕੇ ਚੌਥੇ ਜਾਮੇ ਸਮੇਂ ਇਸੇ ‘ਵੰਡ ਛਕੋ’ ਵਾਲੀ ਹਿਦਾਇਤ ਦਾ ਹੀ ਪ੍ਰਗਟ ਰੂਪ ਹੈ ‘ਦਸਵੰਧ’ ਪ੍ਰਥਾ’ ਨੂੰ ਲਾਗੂ ਕਰਨਾ।

‘ਗਿਆਨ ਵਿਹੂਣਾ ਗਾਵੈ ਗੀਤ’ – ਵਾਲਾ ਪੂਰਾ ਸਲੋਕ ਹੈ ‘‘ਗਿਆਨ ਵਿਹੂਣਾ; ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥ ਮਖਟੂ ਹੋਇ ਕੈ ਕੰਨ ਪੜਾਏ ॥ ਫਕਰੁ ਕਰੇ ਹੋਰੁ; ਜਾਤਿ ਗਵਾਏ ॥ ਗੁਰੁ ਪੀਰੁ ਸਦਾਏ; ਮੰਗਣ ਜਾਇ ॥ ਤਾ ਕੈ ਮੂਲਿ; ਨ ਲਗੀਐ ਪਾਇ ॥ ਘਾਲਿ ਖਾਇ; ਕਿਛੁ ਹਥਹੁ ਦੇਇ ॥ ਨਾਨਕ ! ਰਾਹੁ ਪਛਾਣਹਿ ਸੇਇ ॥’’ (ਮ: ੧, ਪੰਨਾ ੧੨੪੫) ਇਸ ਤਰ੍ਹਾਂ ਸਮਝ ਆਉਂਦੇ ਦੇਰ ਨਹੀਂ ਲਗਦੀ ਕਿ ਜਦੋਂ ‘ਨਾਮ ਜਪੋ, ਕਿਰਤ ਕਰੋ’ ਵਾਲੇ ਜੀਵਨ ਦੀ ਅਗਿਆਨਤਾ ਕਾਰਨ ਹੀ ਕੁੱਝ ਲੋਕਾਂ ਨੇ ਧਰਮ ਦੇ ਪੜ੍ਹਦੇ ਹੇਠ ਭੋਲੀ ਭਾਲੀ ਲੁਕਾਈ ਨੂੰ ਲੁੱਟਣ ਅਤੇ ਆਪਣੀ ਕਮਾਈ ਲਈ ਵਿਹਲੜਾਂ ਵਾਲੇ ਰਸਤੇ ਅਪਣਾਏ ਹੋਣ ਤਾਂ ‘ਵੰਡ ਛਕੋ’ ਵਾਲੀ ਅਵਸਥਾ ਬਣੇਗੀ ਕਿੱਥੋਂ  ? ਉੱਥੇ ਤਾਂ ਆਪਣਾ ਢਿੱਡ ਹੀ ਵੱਡਾ ਹੋਇਆ ਹੁੰਦਾ ਹੈ। ਹੋਰ ਤਾਂ ਹੋਰ, ਦੇਖਿਆ ਜਾਵੇ ਤਾਂ ਬਹੁਤਾ ਕਰਕੇ ਅੱਜ ਸਿੱਖ ਪ੍ਰਚਾਰਕ ਦੀ ਹਾਲਤ ਵੀ ਸੰਗਤਾਂ ਦੀ ਲੁੱਟ-ਖੋਹ ਵਾਲੀ ਹੀ ਬਣੀ ਪਈ ਹੈ। ਇਸੇ ਦਾ ਨਤੀਜਾ ਹੈ ਕਿ ਸਿੱਖ ਨੇ ਦੂਜਿਆਂ ਨੂੰ ਤਾਂ ‘ਨਾਮ ਜਪੋ, ਕਿਰਤ ਕਰੋ, ਵੰਡ ਛਕੋ’ ਦੇ ਕਿਸ ਜੀਵਨ ਰਾਹ ’ਤੇ ਪਾਉਣਾ ਸੀ  ? ਅੱਜ ਤਾਂ ਇਹ ਆਪਣੇ ਹੀ ਨਿਖਿੱਧ ਪ੍ਰਚਾਰ ਸਿਸਟਮ ਦਾ ਮੋਹਤਾਜ, ਦਿਨੋ-ਦਿਨ ਰਸਾਤਲ ਵੱਲ ਜਾ ਰਿਹਾ ਹੈ।

ਅੰਦਾਜ਼ਾ ਲਾਓ! ਜਿਸ ਕੌਮ ਕੋਲ ਹਰ ਪੱਖੋਂ ਇੰਨੀ ਮਹਾਨ ਵਿਰਾਸਤ ਹੋਵੇ, ਉਹ ਦੋਸ਼ ਤਾਂ ਭਾਵੇਂ ਕਿਸੇ ਸਿਰ ਮੜ੍ਹਦੀ ਫਿਰੇ, ਅਸਲੀਅਤ ਹੈ ਕਿ ਉਹ ਮਾਰ ਖਾ ਰਹੀ ਹੈ ਤਾਂ ਆਪਣੇ ਹੀ ਨਿਖਿੱਧ ਪ੍ਰਚਾਰ ’ਤੇ, ਚੋਣਾਂ ਰਸਤੇ ਛਾਏ ਗੁਰਦੁਆਰਾ ਪ੍ਰਬੰਧ ਸਿਸਟਮ ਤੋਂ। ਗੁਰੂ ਨਾਨਕ ਪਾਤਸ਼ਾਹ ਨੇ ਦਸ ਜਾਮੇਂ ਧਾਰਨ ਕਰਕੇ, ਮਨੁੱਖ ਨੂੰ ਗੁਰਬਾਣੀ ਰਾਹੀਂ ਬੇਅੰਤ ਅਮੋਲਕ ਜੀਵਨ-ਸਿਧਾਂਤ ਅਤੇ ‘ਲੰਗਰ, ਪੰਗਤ, ਸਰੋਵਰ’ ਜਾਂ ‘ਨਾਮ ਜਪੋ, ਕਿਰਤ ਕਰੋ, ਵੰਡ ਛਕੋ’ ਵਰਗੀਆਂ ਸੰਸਥਾਂਵਾਂ ਬਖ਼ਸ਼ੀਆਂ, ਜਿਨ੍ਹਾਂ ਦਾ ਤੋੜ ਜਾਂ ਬਦਲ ਸੰਸਾਰ ਕੋਲ ਨਹੀਂ। ਇਸ ਦੇ ਬਾਵਜੂਦ ਆਪਣੇ ਹੀ ਵਿਗੜੇ ਤੇ ਵਿਰੋਧੀਆਂ ਰਾਹੀਂ ਨਿੱਤ ਵਿਗਾੜੇ ਜਾ ਰਹੇ ਗੁਰਬਾਣੀ ਪ੍ਰਸਾਰ ਸਿਸਟਮ ਕਾਰਨ, ਜਿੰਨੀ ਚੋਟ ਅਸੀਂ ਖਾ ਰਹੇ ਹਾਂ ਓਨੀ ਤਾਂ ਸੰਸਾਰ ਪੱਧਰ ਦੀ ਊਣੀ ਤੋਂ ਊਣੀ ਕੌਮ ਜਾਂ ਵਿਚਾਰਧਾਰਾ ਵੀ ਨਹੀਂ ਖਾ ਰਹੀ।

ਖ਼ੂਬੀ ਇਹ ਕਿ ਗੱਲ-ਗੱਲ ’ਤੇ ਦੋਸ਼ ਤਾਂ ਦਿੱਤਾ ਜਾਂਦਾ ਹੈ ਵਿਰੋਧੀਆਂ ਨੂੰ, ਜਿਹੜੇ ਅੱਜ ਨਵੇਂ ਪੈਦਾ ਨਹੀਂ ਹੋਏ ਬਲਕਿ ਪਹਿਲੇ ਪਾਤਸ਼ਾਹ ਤੋਂ ਅਰੰਭ ਹੋ ਕੇ ਦਸਮੇਸ਼ ਪਿਤਾ ਤੀਕ ਦਨ-ਦਣਾਂਦੇ ਰਹੇ। ਇੰਨਾ ਹੋਣ ਦੇ ਬਾਵਜੂਦ ਉਹ ਦੋਖੀ, ਪੰਥਕ ਕਿਲ੍ਹੇ ਅੰਦਰ ਇੱਕ ਸੁਰਾਖ ਵੀ ਨਾ ਕਰ ਸਕੇ। ਇਸ ਸਾਰੇ ਦੇ ਉਲਟ ਅੱਜ ਪੰਥ ਦੀ ਜਿਹੜੀ ਹਾਲਤ ਹੈ ਤੇ ਪੰਥ ਖੇਰੂੰ ਖੇਰੂੰ ਹੋਇਆ ਪਿਆ ਹੈ; ਦੋਖੀਆਂ-ਵਿਰੋਧੀਆਂ ਨੇ ਤਾਂ ਕੀ ਕਰਨਾ ਹੈ ਇਹ ਤਬਾਹੀ ਹੋ ਰਹੀ ਹੈ ਗੁਰਦੁਆਰਾ ਪਲੇਟਫ਼ਾਰਮ ਰਸਤੇ ਬਹੁਤੇ ਅਣ-ਅਧੀਕਾਰੀ ਚਾਪਲੂਸ ਝੋਲੀ-ਚੁੱਕ ਪ੍ਰਚਾਰਕਾਂ ਜਾਂ ਉਨ੍ਹਾਂ ਉਪਰ ਹਕੂਮਤ ਕਰ ਰਹੇ, ਚੋਣਾਂ ਵਾਲੇ ਨਿਖਿੱਧ ਰਸਤੇ ਛਾਏ ਪ੍ਰਬੰਧਕਾਂ ਕਾਰਨ। ਸ਼ੱਕ ਨਹੀਂ, ਸਾਰੇ ਪ੍ਰਚਾਰਕ ਜਾਂ ਪ੍ਰਬੰਧਕ ਦੋਸ਼ੀ ਨਹੀਂ ਹਨ, ਫਿਰ ਵੀ ਟਾਵੇਂ-ਟਾਵੇਂ ਹਨ ਜੋ ਯੋਗ ਤੇ ਦਰਦੀ ਤਾਂ ਹਨ, ਪਰ ਬਹੁਤਿਆਂ ਵਿਚਕਾਰ ਆਪਣੇ ਆਪ ਨੂੰ ਬੇਵੱਸ-ਲਾਚਾਰ ਮਹਿਸੂਸ ਕਰਦੇ ਹਨ।

ਕੁਝ ‘ਗੁਰੂ ਗ੍ਰੰਥ ਸਾਹਿਬ’ ਦੀ ਸ਼ਬਦਾਵਲੀ ਬਾਰੇ-ਇਸ ਦੇ ਨਾਲ ਇਸ ’ਚ ਵੀ ਕੋਈ ਸ਼ੱਕ ਨਹੀਂ ਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀ ਸ਼ਬਦਾਵਲੀ ਬਹੁਤਾ ਕਰਕੇ ਪੁਰਾਤਨ ਹੀ ਹੈ ਕਿਉਂਕਿ ਬੋਲੀਆਂ ਦਾ ਇਤਿਹਾਸ ਹਮੇਸ਼ਾਂ ਲੰਮੇਰਾ ਹੁੰਦਾ ਹੈ। ਮਿਸਾਲ ਵਜੋਂ ‘ਗੁਰੂ, ਅੰਮ੍ਰਿਤ, ਧਰਮ, ਜਪ, ਤਪ, ਜਮ, ਨਰਕ, ਸੁਰਗ, ਨਾਮ, ਸਿਮਰਨ’ ਆਦਿ। ਗੁਰਬਾਣੀ ਵਿਚਲੇ ਅਣਗਿਣਤ ਸ਼ਬਦ ਹਜ਼ਾਰਾਂ ਸਾਲ ਪੁਰਾਣੀਆਂ ਰਚਨਾਵਾਂ ’ਚ ਵੀ ਮਿਲ ਜਾਣਗੇ। ਫਿਰ ਵੀ ਗੁਰਬਾਣੀ ’ਚ ਉਹ ਸਾਰੀ ਸ਼ਬਦਾਵਲੀ ਆਪਣੇ ਨਿਵੇਕਲੇ ਅਤੇ ਬਦਲਵੇਂ ਅਰਥਾਂ ’ਚ ਹੈ ਅਤੇ ਪਾਤਸ਼ਾਹ ਨੇ ਅਨੇਕਾਂ ਥਾਵੇਂ ਵਿਸ਼ੇ ਨੂੰ ਸਾਫ਼ ਵੀ ਕਰ ਦਿੱਤਾ ਹੈ। ਇਸ ਲਈ ਜਦੋਂ ਤੀਕ ਸਾਨੂੰ ਇਨ੍ਹਾਂ ਲਫ਼ਜ਼ਾਂ ਦੇ ਗੁਰਮਤਿ ਅਨੁਸਾਰੀ ਅਰਥਾਂ ਦਾ ਪਤਾ ਨਹੀਂ ਲੱਗੇਗਾ, ਅਸੀਂ ਗੁਰਬਾਣੀ ਤੋਂ ਕੁੱਝ ਵੀ ਪ੍ਰਾਪਤ ਨਹੀਂ ਕਰ ਸਕਾਂਗੇ।  ਅੱਜ ਬਹੁਤਾ ਕਰਕੇ ਇਹੀ ਹੋ ਰਿਹਾ ਹੈ। ਇਸ ਦੇ ਬਾਵਜੂਦ ਗੁਰਬਾਣੀ ’ਚ ਅਨੇਕਾਂ ਉਹ ਲਫ਼ਜ਼ ਜਾਂ ਸੰਯੁਕਤ ਲਫ਼ਜ਼ ਵੀ ਹਨ ਜੋ ਪਾਤਸ਼ਾਹ ਦੀ ਨਰੋਈ, ਨਿਵੇਕਲੀ ’ਤੇ ਆਪਣੀ ਦੇਣ ਹਨ। ਗੁਰਬਾਣੀ ਰਚਨਾ ਤੋਂ ਪਹਿਲਾਂ ਉਹ ਕਿੱਧਰੇ ਅਤੇ ਕਿਸੇ ਵੀ ਵਿਚਾਰਧਾਰਾ ’ਚ ਨਹੀਂ ਮਿਲਦੇ; ਜਿਵੇਂ ਕਿ ‘ੴ, ਕਰਤਾ ਪੁਰਖੁ, ਅਕਾਲ ਮੂਰਤਿ, ਅੰਮ੍ਰਿਤ ਵੇਲਾ, ਜੀਵਨ ਮੁਕਤ, ਦੂਜੈ ਭਾਇ, ਸਿੱਖ, ਸਚਿਆਰਾ, ਗੁਰ ਪ੍ਰਸਾਦਿ ਆਦਿ। ਇਸੇ ਸੰਬੰਧ ’ਚ ਜਦ ਤੀਕ ‘ਲੰਗਰ, ਪੰਗਤ ਅਤੇ ਸਰੋਵਰ’ ਜਾਂ ‘ਨਾਮ ਜਪੋ, ਕਿਰਤ ਕਰੋ, ਵੰਡ ਛਕੋ’ ਆਦਿ ਗੁਰਦੇਵ ਦੀਆਂ ਸਿਧਾਂਤਕ ਦੇਣਾ ਨੂੰ ਗੁਰਬਾਣੀ ਆਧਾਰ ’ਤੇ ਨਹੀਂ ਵਾਚਾਂਗੇ, ਕੁਰਾਹੇ ਪਏ ਰਹਾਂਗੇ।  ਜਦ ਤੱਕ ‘ਨਾਮ ਜਪੋ’ ਦੇ ਅਰਥ ਸਾਨੂੰ ਗੁਰਬਾਣੀ ਆਧਾਰ ’ਤੇ ਸਾਫ਼ ਨਹੀਂ, ਉਦੋਂ ਤੀਕ ਅਸੀਂ ਇਸ ਦੇ ਅਰਥ ਵੀ ਬ੍ਰਾਹਮਣੀ ਜਾਂ ਅਨਮਤੀ ਲੈਂਦੇ ਰਵਾਂਗੇ ਅਤੇ ‘ਨਾਮ ਜਪੋ, ਕਿਰਤ ਕਰੋ, ਵੰਡ ਛਕੋ’ ਦੇ ਮਹਾਨ ਗੁਰਮਤਿ ਸਿਧਾਂਤ ਨੂੰ ਸਾਰੀ ਉਮਰ ਨਹੀਂ ਸਮਝ ਸਕਾਂਗੇ; ਜਿਵੇਂ ਕਿ ਅੱਜ ਸਾਡੇ ਨਾਲ ਵਾਪਰ ਰਿਹਾ ਹੈ।

‘ਅੰਮ੍ਰਿਤ ਨਾਮੁ’ ਠਾਕੁਰ ਕਾ ਪਇਓ – ਚਲਦੇ ਪ੍ਰਕਰਣ ਅਨੁਸਾਰ ਪਹਿਲਾਂ ਇਹ ਸਮਝਣਾ ਹੈ ਕਿ ਗੁਰਬਾਣੀ ਮੁਤਾਬਕ ‘ਨਾਮ ਜਪੋ’ ਦਾ ਅਰਥ ਹੈ ਕੀ ?  ਦੂਜਾ ਜਦੋਂ ਅਸੀਂ ‘ਨਾਮ ਜਪੋ’ ਵਾਲੇ ਜੀਵਨ ’ਚ ਪ੍ਰਵੇਸ਼ ਕਰਦੇ ਹਾਂ ਤਾਂ ਸਾਡੇ ਅੰਦਰ ਇਲਾਹੀ ਗੁਣਾਂ ਪੱਖੋਂ ਕੀ ਲਾਭ ਹੁੰਦੇ ਹਨ  ? ‘ਨਾਮ ਜਪੋ’ ਦੇ ਗੁਰਬਾਣੀ ਅਨੁਸਾਰ ਅਰਥ ਹਨ ‘ਗੁਰਬਾਣੀ ਸੇਧ ’ਚ ਕਰਤੇ ਦੀ ਸਿਫ਼ਤਿ ਸਾਲਾਹ ਰਾਹੀਂ ਜੀਵਨ ਨੂੰ ਕਰਤਾਰ ਦੇ ਰੰਗ ’ਚ ਰੰਗਣਾ’।  ਗੁਰਬਾਣੀ ’ਚ ਅਨੇਕਾਂ ਥਾਂਵੇਂ ਇਸ ਪ੍ਰਥਾਏ ਵਿਸਥਾਰ ਪੂਰਵਕ ਵਿਆਖਿਆ ਕੀਤੀ ਹੈ। ਪੰਜਵੇਂ ਪਾਤਸ਼ਾਹ ਨੇ ਜਦੋਂ ‘ਆਦਿ ਬੀੜ’ ਦੀ ਸੰਪੂਰਣਤਾ ਕੀਤੀ ਤਾਂ ਅੰਤ ’ਚ ਉਚੇਚੇ ਦੋ ਸਲੋਕ ਦਰਜ ਕੀਤੇ ਹਨ। ਪਹਿਲੇ ’ਚ ‘ਗੁਰੂ ਗ੍ਰੰਥ ਸਾਹਿਬ’ ਵਾਲੀ ਇਸ ਇਲਾਹੀ ਰਚਨਾ ਦਾ ਸਾਰ ਕੀ ਹੈ  ? ‘‘ਥਾਲ ਵਿਚਿ ਤਿੰਨਿ ਵਸਤੂ ਪਈਓ; ਸਤੁ ਸੰਤੋਖੁ ਵੀਚਾਰੋ ॥ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ; ਜਿਸ ਕਾ ਸਭਸੁ ਅਧਾਰੋ ॥’’ (ਮ: ੫, ਪੰਨਾ ੧੪੨੯) ਅਤੇ ਦੂਜਾ ਸਲੋਕ ਹੈ ‘‘ਤੇਰਾ ਕੀਤਾ ਜਾਤੋ ਨਾਹੀ; ਮੈਨੋ ਜੋਗੁ ਕੀਤੋਈ ॥’’ (ਮ: ੫, ਪੰਨਾ ੧੪੨੯), ਜਿਸ ਰਾਹੀਂ ਗੁਰਦੇਵ ਨੇ ‘ਆਦਿ ਬੀੜ’ ਦੀ ਸੰਪੂਰਣਤਾ ਉਪਰੰਤ ਕਰਤਾਰ ਦਾ ਸ਼ੁਕਰਾਨਾ ਕੀਤਾ ਹੈ, ਪਰ ਇੱਥੇ ਵਿਚਾਰਨਯੋਗ ਹੈ ਕਿ ਗੁਰਦੇਵ ਨੇ ਪਹਿਲੇ ਸਲੋਕ ਦੀ ਪਹਿਲੀ ਪੰਕਤੀ ’ਚ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਲਈ ਸ਼ਬਦ ਵਰਤਿਆ ਹੈ ‘ਥਾਲ’ ਅਤੇ ਦੂਜੀ ਪੰਕਤੀ ’ਚ ਲਫ਼ਜ਼ ਵਰਤਿਆ ਹੈ ‘ਅੰਮ੍ਰਿਤ ਨਾਮੁ’ ਭਾਵ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਦੇ ਨਾਮ ਦਾ ਖ਼ਜ਼ਾਨਾ। ਹੁਣ ਇਹ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਸਮੁੱਚੀ ਗੁਰਬਾਣੀ ’ਚ ਮਨੁੱਖੀ ਹਿਰਦੇ ‘ਸਤੁ ਸੰਤੋਖੁ ਵੀਚਾਰੋ’ ਪੈਦਾ ਕਰਨ ਦਾ ਆਧਾਰ ਕੇਵਲ ‘ਠਾਕਰ ਕਾ ਅੰਮ੍ਰਿਤ ਨਾਮੁ’ ਹੀ ਹੈ ਭਾਵ ਮਾਲਕ ਦੀ ਸਿਫ਼ਤ ਸਾਲਾਹ ਕਰਨਾ ਹੀ ਹੈ, ਜਿਸ ਨੂੰ ‘‘ਅੰਮ੍ਰਿਤ ਵੇਲਾ ਸਚੁ ਨਾਉ; ਵਡਿਆਈ ਵੀਚਾਰੁ ॥ (ਜਪੁ, ਮ: ੧) ਤੋਂ ਸ਼ੁਰੂ ਕਰਕੇ ‘‘ਊਠਤ ਬੈਠਤ ਸੋਵਤ ਧਿਆਈਐ ॥ ਮਾਰਗਿ ਚਲਤ, ਹਰੇ ਹਰਿ ਗਾਈਐ ॥’’ (ਮ: ੫, ਪੰਨਾ ੩੮੬) ਤੱਕ ਜਾਰੀ ਰੱਖਣਾ ਹੈ, ਇਹ ਹੈ ਗੁਰੂ ਕੇ ਸਿੱਖ ਲਈ ‘ਨਾਮ ਜਪਨਾ’ – ‘ਨਾਮ ਜਪੋ’।

ਸੋ, ‘ਨਾਮ ਜਪੋ’ ਦੇ ਅਰਥ ਹਨ ਗੁਰਬਾਣੀ ਰਾਹੀਂ ਬਾਰ ਬਾਰ ਪ੍ਰਭੂ ਦਾ ਗੁਣ-ਗਾਣ ਕਰਨਾ, ਸਿਫ਼ਤ-ਸਲਾਹ ਜਾਂ ਕਰਤੇ ਦੀਆਂ ਬਾਤਾਂ ਕਰਨੀਆਂ ਤੇ ਉਸ ਦੇ ਡਰ-ਅਦਬ ਰਾਹੀਂ ਆਪਣੀ ਹੋਂਦ ਨੂੰ ਤੁਛ ਜਾਣਦਿਆਂ ਨਿਮਰਤਾ ’ਚ, ਉਸ ਦੇ ਭਾਣੇ ’ਚ ਰਹਿਣਾ। ਇਹੀ ਇੱਕ ਤਰੀਕਾ ਹੈ ਜਿਸ ਨਾਲ ਸਾਡੇ ਜੀਵਨ ਅੰਦਰ ਦਇਆ, ਸਦਾਚਾਰ, ਉੱਚਾ ਆਚਰਣ, ਧੀਰਜ, ਸਹਿਣਸ਼ੀਲਤਾ, ਸੰਤੋਖ, ਦ੍ਰਿੜ੍ਹਤਾ, ਅਟੁੱਟ ਵਿਸ਼ਵਾਸ, ਜੀਵਨ ਜੁਗਤ, ਦੁਚਿੱਤੀ ਤੋਂ ਛੁਟਕਾਰਾ, ਮਨ ਦਾ ਟਿਕਾਅ, ਮਨ ਦੀ ਸ਼ਾਂਤੀ, ਨਿਰਭੈਤਾ, ਅਡੋਲਤਾ, ਨਿਰਵੈਰਤਾ, ਕਾਦਿਰ ਦੀ ਸਹੀ ਪਹਿਚਾਣ ਆਦਿ ਅਨੇਕਾਂ ਰੱਬੀ ਗੁਣ; ਸਾਡੇ ਜੀਵਨ ਦਾ ਭਾਗ ਬਣਦੇ ਜਾਂਦੇ ਹਨ।  ਵਿਕਾਰਾਂ ’ਚ ਲੁਪਤ ਹੋਏ, ਕੁਰਾਹੇ ਪਏ ਅਤੇ ਮੋਹ-ਮਾਇਆ ਦੀ ਅਗਿਆਣਤਾ ’ਚ ਡੁੱਬੇ ਹੋਏ ਜੀਵਨ ਤੋਂ ਛੁਟਕਾਰਾ ਪਾ ਸਕਦੇ ਹਾਂ। ਕਰਤੇ ਦੀ ਬਖ਼ਸ਼ਿਸ਼-ਰਹਿਮਤ ਦਾ ਹਿਰਦੇ ’ਚ ਪ੍ਰਵੇਸ਼ ਹੋ ਸਕਦਾ ਹੈ। ਇਹੀ ਹੈ ਜੀਵਨ ਅੰਦਰ ਗੁਰੂ ਅਥਵਾ ਸਤਿਗੁਰੂ ਦੇ ਪ੍ਰਕਾਸ਼ ਦਾ ਹੋਣਾ। ਅਜਿਹੇ ਇਲਾਹੀ ਗੁਣਾਂ ਦੀ ਅਣਹੋਂਦ ਹੀ ਹੁੰਦੀ ਹੈ ਜਦੋਂ ਸਾਨੂੰ ਸਮਝ ਹੀ ਨਹੀਂ ਆ ਰਹੀ ਹੁੰਦੀ ਕਿ ਸਾਡਾ ਜੀਵਨ ਵਿਕਾਰਾਂ ’ਚ ਤਬਾਹ ਹੋ ਰਿਹਾ ਹੈ। ਕੁਰਾਹੇ ਪਏ ਅਸੀਂ ਜ਼ਿੰਦਗੀ ਦੇ ਹਨ੍ਹੇਰੇ ’ਚ ਠੋਕਰਾਂ ਖਾ ਰਹੇ ਹੁੰਦੇ ਹਾਂ। ਦੁਨਿਆਵੀ ਪਦਾਰਥ ਪਾ ਕੇ ਵੀ ਪ੍ਰੇਸ਼ਾਨ ਰਹਿੰਦੇ ਹਾਂ।

ਇਨ੍ਹਾਂ ਰੱਬੀ ਗੁਣਾਂ ਦੀ ਅਣਹੋਂਦ ਹੀ ਮਨੁੱਖਾ ਜੀਵਨ ਦੇ ਦੁਸ਼ਮਣ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ; ਸਾਡੇ ’ਤੇ ਹਾਵੀ ਰਹਿੰਦੇ ਹਨ। ਜੀਵਨ ਤ੍ਰਿਸ਼ਨਾ-ਭਟਕਣਾ ਦੀ ਭੱਠੀ ’ਚ ਸੜ ਰਿਹਾ ਹੁੰਦਾ ਹੈ। ਸੰਸਾਰ ਦੀਆਂ ਬਿਨਸਨਹਾਰ (ਕੂੜ) ਪ੍ਰਾਪਤੀਆਂ ਲਈ ਹਰ ਸਮੇਂ ਸਾਡੀ ਵਧ ਰਹੀ ਦੌੜ ਹੀ ਸਾਡੇ ਜੀਵਨ ਨੂੰ ਸੁਤਿਆਂ-ਜਾਗਦਿਆਂ ਬੇਚੈਨ ਕਰਦੀ ਹੈ। ਉੱਠਦੇ-ਬੈਠਦੇ, ਸੁੱਤੇ-ਜਾਗਦੇ ਹਰ ਸਮੇਂ ਸਾਡੀਆਂ ਇਛਾਵਾਂ-ਕਾਮਨਾਵਾਂ ਹੀ ਸਾਡੇ ਮਾਨਸਿਕ ਤਣਾਅ ਦਾ ਕਾਰਨ ਬਣ ਜਾਂਦੀਆਂ ਹਨ।  ਹਰ ਸਮੇਂ ਦੀ ਭਟਕਣਾ-ਬੇਚੈਨੀ-ਮਾਨਸਿਕ ਤਨਾਅ ਦਾ ਨਤੀਜਾ ਹੀ 99% ਸਰੀਰਕ ਤੇ ਮਾਨਸਿਕ ਰੋਗ ਪੈਦਾ ਕਰਦਾ ਹੈ। ਇਹ ਤਣਾਅ ਦਾ ਹੀ ਆਪਸੀ ਲੜਾਈਆਂ-ਝਗੜੇ-ਖਿਚੋਤਾਣੀਆਂ-ਐਕਸੀਡੈਂਟ-ਮੁਕੱਦਮੇ ਬਾਜ਼ੀਆਂ-ਸਮਾਜਿਕ ਕਤਲ ਅਤੇ ਹੋਰ ਬਹੁਤ ਕੁਝ ਕਰਵਾਉਂਦਾ ਹੈ।  ‘ਨਾਮ ਜਪੋ’ ਵਾਲੀ ਘਾਟ ਹੀ ਡਕੈਤੀਆਂ, ਭਿਆਨਕ ਜੁਰਮ, ਕਿਡਨੈਪਿੰਗ, ਵੱਡੇ-ਵੱਡੇ ਸਕੈਂਡਲ-ਛਲ ਕਪਟ, ਅੰਡਰਵਰਲਡ ਦੇ ਕਾਲੇ ਕਾਰਨਾਮੇ ਕਰਵਾਉਂਦੀ ਹੈ। ਗੁਰਬਾਣੀ ਸੋਝੀ ਵੱਲੋਂ ਅਗਿਆਨਤਾ (ਨਾਮ ਜਪੋ) ਵਾਲੀ ਘਾਟ ਹੀ ਮਨੁੱਖ ਅੰਦਰੋਂ ਸ਼ਾਂਤੀ ਖੋਹ ਕੇ ਬੇਚੈਨ ਕਰਦੀ ਹੈ, ਦੂਜਿਆਂ ਦੀਆਂ ਜ਼ਿਆਦਤੀਆਂ ਨੂੰ ਸਹਿਣ ਦੀ ਤਾਕਤ ਨਹੀਂ ਰਹਿੰਦੀ। ਮਨੁੱਖ, ਸਰੀਰਕ ਮੰਗਾਂ ਦਾ ਗ਼ੁਲਾਮ ਅਤੇ ਇਨ੍ਹਾਂ ਦੀ ਦੌੜ੍ਹ ’ਚ ਹੀ ਪ੍ਰੇਸ਼ਾਨ ਰਹਿੰਦਾ ਹੈ, ਜਿਸ ਤੋਂ ਬਚਨ ਲਈ ਬੇਅੰਤ ਫੋਕਟ ਕਰਮਕਾਂਡ, ਹਸਤ-ਰੇਖਾਵਾਂ, ਹਾਰੋਸਕੋਪ, ਸਗਨਾਂ-ਅਪਸਗਨਾਂ-ਟੇਵੇ-ਮਹੂਰਤਾਂ-ਜਨਮ ਪਤ੍ਰੀਆਂ, ਗ੍ਰਿਹ-ਨਖਤ੍ਰਾਂ, ਸੁਰਗ-ਨਰਕ-ਧਰਮਰਾਜ-ਜਮਰਾਜ-ਪਿਤ੍ਰ ਲੋਕ, ਪ੍ਰੇਤ ਆਤਮਾਵਾਂ ਆਦਿ ਦੇ ਹਜ਼ਾਰਹਾਂ ਢੋਂਗ ਦਾ ਸਹਾਰਾ ਲੈਂਦਾ ਹੈ। ਡਰੇ ਸਹਿਮੇ ਮਨੁੱਖ ਨੂੰ ਵਹਿਮਾਂ-ਭਰਮਾਂ-ਭੁਲੇਖਿਆਂ ’ਚ ਪਾ ਕੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਾਲੇ ਪੈਦਾ ਹੋ ਜਾਂਦੇ ਹਨ ਬੇਅੰਤ ਢੋਂਗੀ ਧਾਰਮਿਕ ਆਗੂ -ਤਾਂਤ੍ਰਿਕ ਆਦਿ ਕਾਰਨ ਲੋਕਾਈ ਗੁਮਰਾਹ ਹੋਈ ਰਹਿੰਦੀ ਹੈ।

‘ਸਿੱਖ ਰਹਿਤ ਮਰਿਆਦਾ’ ਅਤੇ ‘ਵਾਹਿਗੁਰੂ ਜਾਪ’- ਸਿੱਖ ਰਹਿਤ ਮਰਿਆਦਾ ’ਚ ਇਸ ਬਾਰੇ ਬੜੀ ਸਪੱਸ਼ਟ ਸੇਧ ਹੈ।  ‘ਸ਼ਖਸੀ ਰਹਣੀਂ’ ਦੇ ਸਿਰਲੇਖ ਹੇਠ ਲਿਖਿਆ ਹੈ ਕਿ ‘ਸਿੱਖ ਅੰਮ੍ਰਿਤ ਵੇਲੇ (ਪਹਿਰ ਰਾਤ ਰਹਿੰਦੀ) ਜਾਗ ਕੇ ਇਸ਼ਨਾਨ ਕਰੇ ਅਤੇ ਇੱਕ ਅਕਾਲ ਪੁਰਖ ਦਾ ਧਿਆਨ ਕਰਦਾ ਹੋਇਆ ‘ਵਾਹਿਗੁਰੂ ਨਾਮ ਜਪੇ’। ਸਪੱਸ਼ਟ ਹੈ ਸ਼ਰਤ ਇਹ ਹੈ ‘ਇਕ ਅਕਾਲ ਪੁਰਖ ਦਾ ਧਿਆਨ ਕਰਦੇ ਹੋਏ’। ਦੇਖਣ ਦੀ ਗੱਲ ਹੈ-ਜੇ ‘ਵਾਹਿਗੁਰੁ ਜਾਪੁ’ ਦੀ ਗੱਲ ਕਹੀ ਹੈ ਤਾਂ ਉਸ ਨਾਲ ਸ਼ਰਤ ਹੈ ‘ਇਕ ਅਕਾਲ ਪੁਰਖ ਦਾ ਧਿਆਨ ਕਰਦੇ ਹੋਏ’ ਅਤੇ ਇੱਕ ਅਕਾਲ ਪੁਰਖ ਦਾ ਧਿਆਨ ਉਦੋਂ ਹੀ ਹੋ ਸਕੇਗਾ ਜਦੋਂ ਸਾਡੇ ਅੰਦਰ ‘ਅਕਾਲ ਪੁਰਖ ਬਾਰੇ ਸੋਝੀ ਵੀ ਹੋਵੇ। ਇਹ ਸੋਝੀ ਬਾਣੀ ਵਿਚਾਰ-ਜੀਵਨ ਤੋਂ ਬਿਨਾਂ ਸੰਭਵ ਨਹੀਂ।

‘ਅੰਮ੍ਰਿਤ ਸੰਸਕਾਰ’ ਪੰ: ੩੦ ਹੇਠ ‘ਵਾਹਿਗੁਰੂ ਨਾਮ ਦੱਸ ਕੇ ਮੂਲ ਮੰਤਰ ਰਟਾਉਣ ਦੀ ਗੱਲ ਕਹੀ ਹੈ’ ਪਰ ਕਦੋਂ  ? ਜਦੋਂ ਅਸੀਂ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਆਪਣਾ ਗੁਰੂ ਧਾਰਨ ਕਰ ਚੁੱਕੇ ਹੁੰਦੇ ਹਾਂ। ਮਤਲਬ ਕਿ ਜਦੋਂ ‘ਗੁਰਬਾਣੀ ਸਿਖਿਆ ਅਨੁਸਾਰ ਜੀਵਨ ਜੀਊਣ ਦਾ ਪ੍ਰਣ ਲੈ ਚੁੱਕੇ ਹੁੰਦੇ ਹਾਂ। ਖ਼ੂਬੀ ਇਹ ਹੈ ਕਿ ਇੱਥੇ ਮੂਲ ਮੰਤ੍ਰ ਦਾ ਸਰੂਪ ਵੀ ‘ੴ’ ਤੋਂ ਲੈ ਕੇ ‘ਗੁਰ ਪ੍ਰਸਾਦਿ’ ਤੀਕ ਸਾਫ਼ ਕੀਤਾ ਹੈ ਭਾਵ ‘ਵਾਹਿਗੁਰੂ’ ਕਹਿ ਕੇ ਰੱਟਣ ਕਰਵਾਇਆ ਹੈ ‘ਮੂਲ ਮੰਤ੍ਰ (ਮੰਗਲਾਚਰਣ) ਦਾ’।  ‘ਵਾਹਿਗੁਰੂ ਜਾਪੁ’ ਤਾਂ ਹੀ ਸਫ਼ਲ ਹੈ ਜਦੋਂ ‘ਮੂਲ ਮੰਤ੍ਰ’ ’ਚ ਬਿਆਨੇ ‘ਅਕਾਲ ਪੁਰਖੁ’ ਬਾਰੇ ਸਾਡਾ ਮਨ ਸਪੱਸ਼ਟ ਹੋਵੇ, ਪਰ ਅਸਾਂ ਅਸਲ ਗੱਲ ਤਾਂ ਛੱਡ ਦਿੱਤੀ ਤੇ ਸੌਖਾ ਰਸਤਾ ਅਪਣਾਅ ਲਿਆ ‘ਵਾਹਿਗੁਰੂ ਵਾਹਿਗੁਰੂ ਰੱਟਣਾ’। ਸੋ ‘ਵਾਹਿਗੁਰੂ ਜਾਪੁ’ ਉਦੋਂ ਹੀ ‘ਨਾਮ ਅਭਿਆਸ’ ਹੈ, ਜਦੋਂ ਸਿੱਖ, ਸਮਝਾਈ ਵਿਧੀ ਮੁਤਾਬਕ ‘ਨਾਮ ਜਪੇ’।