ਮੇਰੀ ਭਾਸ਼ਾ (ਪੰਜਾਬੀ) ਮਰ ਰਹੀ ਹੈ ।

0
1996

ਮੇਰੀ ਭਾਸ਼ਾ (ਪੰਜਾਬੀ) ਮਰ ਰਹੀ ਹੈ ।

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਹੌਲੀ-ਹੌਲੀ ਆਉਂਦੀ ਮੌਤ ਕਦੇ ਕਿਸੇ ਦੇ ਨਜ਼ਰੀ ਨਹੀਂ ਪੈਂਦੀ। ਹਰ ਕਿਸੇ ਦਾ ਇੱਕੋ ਹੀ ਜਵਾਬ ਹੁੰਦਾ ਹੈ- ‘‘ਪਤਾ ਹੀ ਨਹੀਂ ਲੱਗਿਆ ਕਦੋਂ ਪੂਰੀ ਜ਼ਿੰਦਗੀ ਲੰਘ ਗਈ। ਜਦੋਂ ਕੋਈ ਮਾਰੂ ਰੋਗ, ਜਿਸ ਨਾਲ ਜ਼ਿੰਦਗੀ ਦਾ ਅੰਤ ਸਾਹਮਣੇ ਦਿੱਸੇ, ਬਾਰੇ ਪਤਾ ਲੱਗ ਜਾਵੇ, ਉਸ ਬੰਦੇ ਲਈ ਬਚੀ ਹੋਈ ਜ਼ਿੰਦਗੀ ਦਾ ਹਰ ਪਲ ਮਾਇਨੇ ਰੱਖਣ ਲੱਗ ਪੈਂਦਾ ਹੈ। ਸਿਰਫ਼ ਉਹੀ ਸਮਝ ਸਕਦਾ ਹੈ ਕਿ ਕੋਈ ਐਵੇਂ ਹੀ ਵਿਹਲਾ ਬੈਠਾ ਚਾਰ ਘੰਟੇ ਜੇ ਜ਼ਾਇਆ ਕਰ ਰਿਹਾ ਹੈ ਤਾਂ ਕਿੰਨੇ ਬੇਸ਼ਕੀਮਤੀ ਪਲ ਅਜਾਈਂ ਗੁਆ ਰਿਹਾ ਹੈ। ਇਸ ਸਭ ਦੀ ਸਮਝ ਆ ਜਾਣ ਬਾਅਦ ਵੀ ਸਾਹਮਣੇ ਦਿਸਦੀ ਮੌਤ ਅਤੇ ਪਲ-ਪਲ ਖਿਸਕਦੀ ਜਾਂਦੀ ਜ਼ਿੰਦਗੀ ਨੂੰ ਫੜ ਕੇ ਕੋਈ ਬਹਿ ਨਹੀਂ ਸਕਦਾ ਤੇ ਨਾ ਹੀ ਮੌਤ ਟਲਦੀ ਹੈ।

ਬਿਲਕੁਲ ਇੰਜ ਹੀ ਭਾਸ਼ਾ ਨਾਲ ਹੁੰਦਾ ਹੈ। ਇਕ ਸਮੇਂ ਦੇ ਲੋਕ ਪਿਛਲੇ ਸਮੇਂ ਵਿਚ ਬੋਲੇ ਜਾ ਰਹੇ ਸ਼ਬਦਾਂ ਦੇ ਹੌਲੀ-ਹੌਲੀ ਲੋਪ ਹੋ ਜਾਣ ਨਾਲ ਭਾਸ਼ਾ ਦੀ ਹੌਲੀ-ਹੌਲੀ ਆ ਰਹੀ ਮੌਤ ਤੋਂ ਬੇਫ਼ਿਕਰੇ ਹੁੰਦੇ ਹਨ ਤੇ ਸਿਰਫ਼ ਆਖ਼ਰੀ ਪੁਸ਼ਤ, ਜਿਸ ਵਿਚ ਭਾਸ਼ਾ ਨੂੰ ਬੋਲਣ ਵਾਲੇ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਰਹਿ ਜਾਂਦੇ ਹਨ, ਉਦੋਂ ਹੀ ਸਾਹਮਣੇ ਮੌਤ ਦਿਸਦੀ ਹੈ ਤੇ ਉਦੋਂ ਇਹ ਮੌਤ ਟਲ ਨਹੀਂ ਸਕਦੀ ਹੁੰਦੀ।

ਮੇਰੀ ਇਸ ਸੰਵੇਦਨਸ਼ੀਲ ਸੋਚ ਨਾਲ ਅੱਜ ਦੀਆਂ ਉਹ ਮਾਵਾਂ ਕਦੇ ਸਹਿਮਤ ਨਹੀਂ ਹੋਣਗੀਆਂ ਜੋ ਆਪਣੇ ਲਾਡਲੇ ਪੁੱਤਰ ਨੂੰ ‘ਓਏ ਹੈਰੀ’, ‘ਡਿੱਕ ਪੁੱਤਰ’, ‘ਸਨੀ ਡੀਅਰ’, ਆਦਿ ਕਹਿ ਕੇ ਆਵਾਜ਼ ਮਾਰ ਰਹੀਆਂ ਹਨ। ਮੈਂ ਤਾਂ ਆਪਣੀ ਨਿੱਘ ਭਰੀ ਮਾਂ ਦੀ ਬੋਲੀ ਨੂੰ ਆਪਣੇ ਕਲੇਜੇ ਵਿਚ ਸਾਂਭ ਕੇ ਦਫ਼ਨ ਹੋ ਚੁੱਕੀਆਂ ਮਾਵਾਂ ਦੀ ਯਾਦ ਚੇਤੇ ਕਰਵਾ ਰਹੀ ਹਾਂ। ‘ਮਾਂ ਸਦਕੇ, ਆ ਖਾਂ ਮੇਰੇ ਕਲੇਜੇ ਦੇ ਟੁਕੜਿਆ,’’ ‘ਆ ਮੇਰੇ ਹੀਰੇ ਪੁੱਤਰਾ’ ! ‘‘ਵੇ ਤੈਨੂੰ ਤੱਤੀ ’ਵਾ ਨਾ ਲੱਗੇ’’, ‘‘ਤੇਰੀ ਆਈ ਤੇਰੀ ਮਾਂ ਮਰ ਜੇ’’, ‘‘ਓਏ ਮੇਰਿਆ ਲਾਡਲਿਆ  ! ਛਾਤੀ ਨਾਲ ਲੱਗ ਜਾ ਵੇ, ਮੈਨੂੰ ਠੰਡ ਪੈ ਜਾਏ’’, ‘‘ਮੇਰਿਆ ਸੁਹਣਿਆ  ! ਆ ਤੇਰੀ ਨਜ਼ਰ ਉਤਾਰ ਲਵਾਂ’’, ਵਾਲੇ ਮੋਹ ਭਰੇ ਸ਼ਬਦ ਮੇਰੀ ਮਾਂ ਬੋਲੀ ’ਚੋਂ ਅੱਜ ਲੋਪ ਹੋ ਚੁੱਕੇ ਹਨ।

ਕੋਈ ਦੱਸੇ ਖਾਂ, ਕਿੰਨੇ ਕੁ ਘਰ ਬਚੇ ਹਨ, ਜਿੱਥੇ ਪਿਆਰੀ ਦਾਦੀ ਦੀ, ਮੋਹ ਦੀ ਮਾਰੀ ਦੀ ਆਵਾਜ਼ ਸੁਣਾਈ ਦੇ ਰਹੀ ਹੈ, ‘‘ਵੇ ਮਰ ਜਾਣਿਆ  ! ਔਂਤਰਿਆ  ! ਇੱਧਰ ਆ ਤੇਰੀਆਂ ਲੱਤਾ ਭੰਨਾਂ। ਚੰਦਰਿਆ  ! ਮੇਰੀ ਚਾਸ਼ਨੀ ਰੋੜ੍ਹ ਗਿਐਂ। ਠਹਿਰ ਜਾ, ਹੁਣੇ ਦਸਦੀ ਆਂ !’’ ਇਨ੍ਹਾਂ ਬੋਲਾਂ ਵਿਚ ਵੀ ਡੂੰਘਾ ਪਿਆਰ ਲੁਕਿਆ ਹੁੰਦਾ ਸੀ।

ਹਾਏ ਡੈਡ, ਡੈਡਾ, ਮੌਮ, ਮੰਮੀ, ਆਂਟ, ਦੇ ਥੱਲੇ ਦਫ਼ਨ ਹੋ ਚੁੱਕੇ ਭਾਪਾ ਜੀ, ਬਾਪੂ ਜੀ, ਬੇਬੇ ਜੀ, ਬੀਬੀ ਜੀ, ਚਾਚੀ ਜੀ, ਫੁੱਫੜ ਜੀ, ਝਾਈ (ਮਾਂ) ਜੀ, ਅੰਮੀ ਜੀ, ਹੌਲੀ-ਹੌਲੀ ਮਰ ਚੁੱਕੇ ਹਨ ਜਾਂ ਮਰ ਰਹੇ ਹਨ।

‘ਸੁਹਣਿਆ ਪੁੱਤਰਾ’  ! ‘ਲਾਡਲਿਆ’  ! ‘ਚੰਨਾ’  ! ਸਤਿਕਾਰਮਈ ਸ਼ਬਦਾਂ ਦੀ ਕਬਰ ਪੁੱਟ ਕੇ ‘ਮੰਨੀ, ਪਿੰਟੂ, ਚੈਨੀ, ਫੈਨੀ’ ਨੇ ਆਪਣਾ ਡੰਕਾ ਵਜਾਇਆ ਹੋਇਆ ਹੈ।

ਮਾਂ ਦੀ ਮੋਹ ਭਰੀ ਬੋਲੀ ਤੇ ਉਸ ਨੂੰ ਸੁਣਨ ਦਾ ਸੁਖਦ ਇਹਸਾਸ ਜਦੋਂ ਹੌਲੀ-ਹੌਲੀ ਹੋਰ ਜ਼ਬਾਨ ਹੇਠ ਦਫਨ ਹੋਣਾ ਸ਼ੁਰੂ ਹੋ ਜਾਵੇ ਤਾਂ ਮਾਂ ਦੇ ਮਰ ਜਾਣ ਨਾਲ ਹੀ ਭਾਸ਼ਾ ਦਾ ਉਹ ਹਿੱਸਾ ਤਾਂ ਉਸੇ ਵੇਲੇ ਮਰ ਜਾਂਦਾ ਹੈ। ਬਚੀ ਖੁਚੀ ਭਾਸ਼ਾ ਵਿਚ ਹੋਰ ਭਾਸ਼ਾ ਨਾਲ ਮਿਲ ਕੇ ਬਣੀ ਖਿਚੜੀ ਭਾਸ਼ਾ ਦੂਜੀ ਪੁਸ਼ਤ ਤਕ ਲੰਗੜੀ ਹੋ ਕੇ ਪਹੁੰਚਦੀ ਹੈ।

ਅਜਿਹੇ ਮੌਕੇ ਜੇ ਕੋਈ ਭਾਸ਼ਾ ਵਿਗਿਆਨੀ ਉਸ ਭਾਸ਼ਾ ਨਾਲ ਜੁੜੇ ਲੋਕਾਂ ਨਾਲ ਵੇਲੇ ਸਿਰ ਭਾਸ਼ਾ ਦੇ ਸਿਰ ਉੱਤੇ ਮੰਡਰਾ ਰਹੇ ਖ਼ਤਰੇ ਬਾਰੇ ਚਿੰਤਾ ਜਤਾਏ ਤਾਂ ਬਹੁਗਿਣਤੀ ਆਮ ਲੋਕ ਬਿਨਾਂ ਸੋਚੇ ਸਮਝੇ ਉਸ ਨੂੰ ਨਕਾਰ ਦਿੰਦੇ ਹਨ ਕਿ ਚੰਗੀ ਭਲੀ ਭਾਸ਼ਾ ਬੋਲੀ ਜਾ ਰਹੀ ਹੈ !

ਅਜਿਹੀ ਲੰਗੜੀ ਭਾਸ਼ਾ ਵਿਚਲੀਆਂ ਤ੍ਰੇੜਾਂ, ਦਰਅਸਲ ਭਾਸ਼ਾ ਨੂੰ ਸਹਿਜੇ ਸਹਿਜੇ ਮੌਤ ਵੱਲ ਧੱਕ ਰਹੀਆਂ ਹੁੰਦੀਆਂ ਹਨ।

ਭਾਸ਼ਾ ਵਿਗਿਆਨੀਆਂ ਅਨੁਸਾਰ ਅਸਲ ਮੌਤ ਜਾਂ ਭਾਸ਼ਾ ਉੱਤੇ ਮੰਡਰਾਉਂਦਾ ਖ਼ਤਰਾ ਉਦੋਂ ਦਿਸਣ ਲੱਗਦਾ ਹੈ ਜਦੋਂ ਭਾਸ਼ਾ ਵਿਚਲੀਆਂ ਮੋਹ ਦੀਆਂ ਤੰਦਾਂ ਵੀ ਹੋਰ ਜ਼ਬਾਨ ਮੱਲ ਲੈਣ। ਉਦੋਂ ਤੀਜੀ ਪੁਸ਼ਤ ਦੇ ਗਿਣੇ ਚੁਣੇ ਬੱਚੇ ਹੀ ਸਾਹਿਤ ਵੱਲ ਰੁਚੀ ਰੱਖਦੇ ਹਨ ਤੇ ਬਹੁਤ ਥੋੜੇ ਜਣੇ ਹੀ ਮਾਂ ਬੋਲੀ ਵਿਚ ਰਚਿਆ ਸਾਹਿਤ ਪੜ੍ਹਦੇ ਹਨ। ਅਜਿਹੇ ਮੌਕੇ ਸਿਰਫ਼ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਹੀ ਉਸ ਭਾਸ਼ਾ ਵਿਚ ਲਿਖਦੇ ਰਹਿੰਦੇ ਹਨ।

ਇਸ ਤਰ੍ਹਾਂ ਦੀ ਲਿਖੀ ਜ਼ਬਾਨ ਵਿਚ ਬਹੁਤ ਸਾਰੇ ਸ਼ਬਦ ਦੂਜੀ ਭਾਸ਼ਾ ਦੇ ਮਿਲੇ ਹੁੰਦੇ ਹਨ ਤੇ ਅਲੋਪ ਹੋ ਚੁੱਕੇ ਸ਼ਬਦਾਂ ਦੀ ਯਾਦ ਉਘਾੜਨ ਵਾਲਾ ਕੋਈ ਬਚਿਆ ਨਹੀਂ ਹੁੰਦਾ।

ਅੱਜ ਅਸੀਂ ਇਸੇ ਪੜਾਅ ਉੱਤੇ ਪਹੁੰਚ ਚੁੱਕੇ ਹਾਂ ਜਿੱਥੇ ਸਾਡੇ ਬੱਚਿਆਂ ਵਿੱਚੋਂ ਵਿਰਲੇ ਟਾਵੇਂ ਨੂੰ ਹੀ ਧਰੇਕ (ਦਰਖ਼ਤ ਡੇਕ), ਧਤੂਰਾ, ਪਤਿਓਅਰਾ, ਮਮਿਓਹਰਾ, ਦੰਦਾਸਾ (ਅਖ਼ਰੋਟ ਦੇ ਰੁੱਖ ਦੀ ਛਿੱਲ), ਛਿੰਝ (ਕੁਸ਼ਤੀ), ਤ੍ਰਿੰਞਣ (ਕੱਤਣ ਵਾਲ਼ੀਆਂ ਕੁੜੀਆਂ ਦਾ ਇਕੱਠ), ਛਿੱਕੂ (ਛੋਟੀ ਟੋਕਰੀ), ਪੂਣੀ, ਖੱਡੀ, ਘੋੜੀਆਂ, ਸੁਹਾਗ, ਬੁੱਕ, ਮੁੱਠ, ਮਰੱਬੇ (25 ਏਕੜ ਜ਼ਮੀਨ), ਨਮੋਲੀਆਂ, ਲੋਈ, ਖੇਸੀ, ਦੁਹਾਜੂ (ਦੂਸਰੇ ਵਿਆਹ ਵਾਲਾ), ਸ਼ਰੀਕਾ, ਟੋਭਾ, ਤ੍ਰਿਕਾਲਾਂ (ਸ਼ਾਮ, ਸੰਝ), ਲੌਢਾ ਵੇਲਾ (ਸ਼ਾਮ), ਮੂੰਹ ਹਨ੍ਹੇਰਾ, ਪੌਣ, ਭਖੜਾ, ਸੂਲਾਂ, ਦਹਾੜ, ਕਿਲਕਾਰੀ, ਚੋਜ, ਚੋਹਲ (ਮੌਜ ’ਚ ਕੀਤਾ ਕੰਮ), ਪੰਸੇਰਾ, ਭਲਕ (ਆਉਣ ਵਾਲੀ ਕੱਲ), ਜੰਡ, ਅਖੌਤੀ, ਬੀਹੀ, ਪੌਲਾ (ਜੁੱਤੀ ਦਾ ਇੱਕ ਪੈਰ), ਪੌਲੀ (ਚੁਆਨੀ), ਧੇਲੀ (ਅਠਿਆਨੀ), ਸੂਹਾ (ਸੁਰਖ਼, ਲਾਲ), ਪਪੋਲ (ਬਿਨਾਂ ਦੰਦਾਂ, ਮਸੂੜਿਆਂ ਨਾਲ ਚਿੱਥ ਜਾਂ ਚੱਬ), ਚਿੱਥ, ਚੱਬ, ਖੁਰਦਰਾ, ਪਹੁ ਫੁਟਾਲਾ, ਛਾਹ ਵੇਲਾ (ਸੂਰਜ ਚੜ੍ਹਨ ਤੋਂ ਬਾਅਦ ਇੱਕ-ਦੋ ਘੰਟੇ ਦਾ ਵੇਲਾ), ਵੱਡਾ ਤੜਕਾ, ਲੋਏ-ਲੋਏ (ਸਵਖਤੇ, ਸਾਝਰੇ), ਤਾਰੇ ਦਾ ਚੜਾਅ, ਸਰਘੀ (ਪ੍ਰਭਾਤ, ਅੰਮ੍ਰਿਤ ਵੇਲਾ), ਢਲਦੀਆਂ ਖਿੱਤੀਆਂ (ਸਵੇਰ), ਪਲ-ਛਿਣ, ਚਕਲੀਆਂ (ਟੋਕੇ ਦੀ ਮਸ਼ੀਨ ਦੇ ਘੁੰਮਣ ਵਾਲੇ ਪੁਰਜ਼ੇ ਜਾਂ ਰੋਟੀਆਂ ਵੇਲਣੇ), ਹੂਟਾ (ਝੂਟਾ), ਖੂਹ ਦੀਆਂ ਟਿੰਡਾਂ, ਆਦਿ ਵਰਗੇ ਅਣਗਿਣਤ ਸ਼ਬਦਾਂ ਬਾਰੇ ਜਾਣਕਾਰੀ ਹੈ। ਅੱਧਕਾਂ, ਟਿੱਪੀਆਂ, ਬਿੰਦੀਆਂ, ਆਦਿ ਲਗਾਖ਼ਰ ਤਾਂ ਫੇਸਬੁੱਕਾਂ ਅਤੇ ਮੋਬਾਈਲਾਂ ਦੀਆਂ ਰੋਮਨ ਲਿਪੀਆਂ ਨੇ ਕਦੋਂ ਦੇ ਚੱਬ ਲਏ।

ਇਸ ਦਾ ਸਪਸ਼ਟ ਮਤਲਬ ਹੈ ਕਿ ਪੰਜਾਬੀ ਭਾਸ਼ਾ ਦੇ ਸੈਂਕੜੇ ਸ਼ਬਦ ਦਫ਼ਨ ਹੋ ਚੁੱਕੇ ਹਨ ਤੇ ਅੱਜ ਦੇ ਦਿਨ ਹੀ ਅੱਧੀ ਭਾਸ਼ਾ ਤੇ ਉਸ ਵਿਚਲੇ ਅਨੇਕ ਮੋਹ ਭਿੱਜੇ ਵਾਕ ਵੀ ਮਰ ਚੁੱਕੇ ਹਨ।

ਬਥੇਰੇ ‘ਫੈਨ’ ਵਰਗੇ ਸ਼ਬਦਾਂ ਥੱਲੇ ਪੱਖਿਆਂ ਦੀ ਹਵਾ ਮਰ ਖੱਪ ਗਈ ਹੈ। ਚਰਖੇ ਦੀ ਘੂਕਰ (ਘੂੰ-ਘੂੰ ਦੀ ਅਵਾਜ਼) ‘ਮਸ਼ੀਨ’ ਥੱਲੇ ਦੱਬੀ ਗਈ ਹੈ।

ਇਹ ਮੌਤ ਹਾਲੇ ਦਿਸ ਨਹੀਂ ਰਹੀ ਕਿਉਂਕਿ ਅੱਜ ਦੇ ਦਿਨ ਤਿੰਨ ਪੁਸ਼ਤਾਂ ਮੌਜੂਦ ਹਨ, ਜਿਨ੍ਹਾਂ ਵਿਚ ਵਡੇਰੀ ਪੁਸ਼ਤ ਹਾਲੇ ਇਹ ਸ਼ਬਦ ਵਰਤ ਰਹੀ ਹੈ। ਵਿਚਕਾਰਲੀ ਪੁਸ਼ਤ ਆਪਣੇ ਬੱਚਿਆਂ ਨੂੰ ਇਨ੍ਹਾਂ ਸ਼ਬਦਾਂ ਤੋਂ ਵਾਂਝੇ ਰੱਖ ਕੇ ਉਨ੍ਹਾਂ ਨੂੰ ਅਗਾਂਹਵਧੂ ਬਣਾਉਣ ਦੇ ਚੱਕਰ ਵਿਚ ਦੂਜੀ ਭਾਸ਼ਾ ਰਟਾ ਰਹੀ ਹੈ ਤੇ ਤੀਜੀ ਪੁਸ਼ਤ ਬਹੁਤ ਜ਼ੋਰ ਸ਼ੋਰ ਨਾਲ ਦੂਜੀ ਭਾਸ਼ਾ ਵਰਤ ਕੇ ਆਪਣੇ ਆਪ ਨੂੰ ਦਾਦਿਆਂ, ਨਾਨਿਆਂ ਤੋਂ ਵੱਧ ‘ਪੜ੍ਹੇ ਲਿਖੇ’ ਸਾਬਤ ਕਰ ਕੇ ਖ਼ੁਸ਼ੀ ਮਹਿਸੂਸ ਕਰ ਰਹੀ ਹੈ।

ਦਸ ਪੰਦਰਾਂ ਸਾਲਾਂ ਬਾਅਦ ਪਹਿਲੀ ਪੁਸ਼ਤ ਵਾਲਾ ਦਾਦਾ ਨਾਨਾ ਕੋਈ ਨਹੀਂ ਬਚਣਾ ਤੇ ਭਾਸ਼ਾ ਦੇ ਵਡਮੁੱਲੇ ਸ਼ਬਦ ਤੇ ਵਾਕ ਨਾਲੋ-ਨਾਲ ਅਲੋਪ ਹੋ ਜਾਣਗੇ। ਪੰਜਾਬੀ ਭਾਸ਼ਾ ਉੱਤੇ ਕੀਤੇ ਜਾਂਦੇ ਖੋਜ ਕਾਰਜ ਵੀ ਠੱਪ ਹੋ ਜਾਣਗੇ ਤੇ ਉਦੋਂ ਭਾਸ਼ਾ ਵਿਗਿਆਨੀ ਫੇਰ ਖੋਰੂ ਪਾਉਣਗੇ ਕਿ ਪੰਜਾਬੀ ਭਾਸ਼ਾ ਮਰ ਚੱਲੀ ਹੈ।

ਇਕ ਵਾਰ ਫੇਰੀ ਦੂਜੀ ਪੁਸ਼ਤ ਦੇ ਲੋਕ ਜੋ ਹੁਣ ਪਹਿਲੀ ਪੁਸ਼ਤ ਦੇ ਤੁਰ ਜਾਣ ਬਾਅਦ ਦਾਦਾ ਨਾਨਾ ਬਣ ਚੁੱਕੇ ਹੋਣਗੇ, ਇਹ ਤੱਥ ਨਕਾਰ ਦੇਣਗੇ ਕਿ ਅਸੀਂ ਭਾਸ਼ਾ ਬੋਲ ਰਹੇ ਹਾਂ ਤੇ ਲਿਖ ਵੀ ਰਹੇ ਹਾਂ।

ਅੱਧੀ ਅਧੂਰੀ ਲੰਗੜੀ ਭਾਸ਼ਾ ਕਿੰਨਾ ਚਿਰ ਹੋਰ ਟਿਕੇਗੀ ? ਬੁੱਢੀ ਹੋਈ ਭਾਸ਼ਾ ਜਦੋਂ ਤੀਜੀ ਪੁਸ਼ਤ ਨੂੰ ਮਰਦੀ ਦਿੱਸਣ ਲੱਗ ਪਵੇਗੀ, ਉਦੋਂ ਮਰਦੇ ਹੋਏ ਸਰੀਰ ਵਾਂਗ ਇਸ ਨੂੰ ਕੋਈ ਬਚਾ ਨਹੀਂ ਸਕੇਗਾ ਤੇ ਉਦੋਂ ਅੰਤ ਯਕੀਨੀ ਹੋਵੇਗਾ।

ਅੱਜ ਦੇ ਦਿਨ ਵੀ ਭਾਸ਼ਾ ਵਿਗਿਆਨੀ ਇਸ ਅਗਾਊਂ ਖ਼ਤਰੇ ਬਾਰੇ ਚੇਤੰਨ ਕਰ ਰਹੇ ਹਨ ਕਿ ਪੰਜਾਬੀ ਭਾਸ਼ਾ ਮਰਨ ਵੱਲ ਚਾਲੇ ਪਾ ਚੁੱਕੀ ਹੈ।

ਇਸ ਨੂੰ ਬਚਾਉਣ ਲਈ ਚਮਤਕਾਰ ਦੀ ਲੋੜ ਹੈ। ਲੋਕ ਕਹਿੰਦੇ ਹਨ ਚਮਤਕਾਰ ਵਾਪਰਦੇ ਨਹੀਂ, ਪਰ ਮੈਂ ਸਾਬਤ ਕਰ ਸਕਦੀ ਹਾਂ ਕਿ ਭਾਸ਼ਾ ਵਰਤਣ ਨਾਲ ਚਮਤਕਾਰ ਜ਼ਰੂਰ ਵਾਪਰਦੇ ਹਨ।

  1. ਬੁਢੇਪਾ ਘਰਾਂ ਵਿਚ ਸੁੱਟੇ ਜਾਂ ਘਰਾਂ ਵਿਚ ਪੌੜੀਆਂ ਹੇਠਲੇ ਕਮਰੇ ਵਿਚ ਤਾੜੇ ਬਜ਼ੁਰਗ ਮਾਪਿਆਂ ਕੋਲ ਜਾ ਕੇ ਪੈਰੀਂ ਹੱਥ ਲਾ ਕੇ ਮਾਫ਼ੀ ਮੰਗ ਕੇ ਜੇ ਕਿਹਾ ਜਾਏ, ‘‘ਬਾਪੂ ਜੀ ਜਾਂ ਭਾਪਾ ਜੀ ! ਮੇਰੇ ਕੋਲੋਂ ਭਾਰੀ ਗ਼ਲਤੀ ਹੋ ਗਈ। ਮੈਂ ਸਪੁੱਤਰ ਨਹੀਂ ਰਿਹਾ ਪਰ ਮਾਪੇ ਕੁਮਾਪੇ ਨਹੀਂ ਹੋ ਸਕਦੇ, ਮੈਨੂੰ ਮਾਫ਼ ਕਰ ਕੇ ਵਾਪਸ ਘਰ ਪਰਤੋ ਅਤੇ ਆਪਣੇ ਪੋਤਰਿਆਂ ਪੋਤਰੀਆਂ ਨਾਲ ਲਾਡ ਲਡਾਓ। ਏਨਾ ਕਹਿੰਦੇ ਸਾਰ ਉਹਨਾਂ ਦੀ ਝੋਲੀ ਪੋਤਰਾ ਜਾਂ ਪੋਤਰੀ ਪਾ ਦਿਓ। ਤੋਤਲੀ ਜ਼ਬਾਨ ਵਿਚ ਪੋਤਰੇ ਵੱਲੋਂ ‘ਦਾਦਾ ਪਾਪਾ ਜੀ’ ਕਹਿ ਕੇ ਜੱਫੀ ਪਾਉਣ ਦੀ ਦੇਰ ਹੈ ਕਿ ਕਰਾਮਾਤ ਵਾਪਰਦੀ ਵੇਖੀ ਜਾ ਸਕਦੀ ਹੈ।

ਬਜ਼ੁਰਗ ਆਪਣਾ ਸਾਰਾ ਗੁੱਸਾ ਗਿਲਾ ਅੱਖਾਂ ਰਾਹੀਂ ਵਹਾ ਕੇ ਉਸ ਪਿਆਰ ਦੀਆਂ ਤੰਦਾਂ ਵਿਚ ਜਕੜੇ ਘਰ ਮੁੜ ਆਉਣਗੇ।

  1. ਕਿਸੇ ਓਪਰੇ ਮੁਲਕ ਵਿਚ, ਭਾਵੇਂ ਦੁਸ਼ਮਣ ਦੇਸ ਵਿਚ ਵੀ ਸਹੀ, ਗੱਜ ਕੇ ਮਾਂ ਬੋਲੀ ਵਿਚ ਫਤਿਹ ਬੁਲਾ ਕੇ ਵੇਖੋ, ਕੋਈ ਵੀ ਘੁੰਮਦਾ ਪੰਜਾਬੀ, ਜਿਸ ਨਾਲ ਕੋਈ ਲਹੂ ਦਾ ਰਿਸ਼ਤਾ ਨਾ ਹੋਵੇ, ਮਾਂ ਬੋਲੀ ਦੀਆਂ ਮੋਹ ਦੀਆਂ ਤੰਦਾਂ ਨਾਲ ਬੱਝਿਆ ਫਤਿਹ ਦਾ ਜਵਾਬ ਜ਼ਰੂਰ ਦੇਵੇਗਾ ਤੇ ਹੋ ਸਕਦਾ ਹੈ ਨਿੱਘੀ ਜੱਫੀ ਵੀ ਪਾ ਲਵੇ। ਵਾਪਰ ਗਈ ਨਾ ਕਰਾਮਾਤ।

ਬਜ਼ੁਰਗਾਂ ਵੱਲੋਂ ਪਿੰਡਾਂ ਦੀਆਂ ਸੱਥਾਂ ਵਿਚ ਬੋਲੀ ਜਾਂਦੀ ਤੇ ਸਕੂਲਾਂ ਵੱਲੋਂ ਅਗਲੀ ਪੀੜ੍ਹੀ ਨੂੰ ਪੜ੍ਹਾਈ ਜਾਂਦੀ ਬੋਲੀ ਵਿਚ ਰੂਹ ਫੂਕਣੀ ਸੌਖੀ ਹੁੰਦੀ ਹੈ। ਜੇ ਭਾਸ਼ਾ ਕਿੱਤਾ ਮੁਹੱਈਆ ਕਰਵਾਉਣ ਜੋਗੀ ਹੋ ਜਾਏ ਤੇ ਬੋਲਣ ਵਾਲੇ ਇਸ ਨੂੰ ਮਾਣ ਸਤਿਕਾਰ ਦੇ ਰਹੇ ਹੋਣ ਤਾਂ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਜਦੋਂ ਸਰਕਾਰ ਵੀ ਇਸ ਪਾਸੇ ਧਿਆਨ ਦੇਣ ਲੱਗ ਪਵੇ ਫੇਰ ਤਾਂ ਕਿਆ ਕਹਿਣੇ। ਸੱਚਾਈ ਇਹ ਹੈ ਕਿ ਮਰਦੀ ਪੰਜਾਬੀ ਭਾਸ਼ਾ ਦੀ ਕਬਰ ਵੀ ਪੁੱਟੀ ਜਾ ਚੁੱਕੀ ਹੈ ਕਿਉਂਕਿ : –

(1). ਇਹ ਕਿੱਤਾ ਮੁਹੱਈਆ ਨਹੀਂ ਕਰਵਾ ਰਹੀ।

(2). ਸਰਕਾਰਾਂ ਪਿੱਠ ਮੋੜ ਚੁੱਕੀਆਂ ਹਨ।

(3). ਸਕੂਲਾਂ ਵਿਚ ਪਹਿਲੀ ਜਮਾਤ ਤੋਂ ਹੀ ਅੰਗਰੇਜ਼ੀ ਭਾਸ਼ਾ ਲਾਗੂ ਹੋ ਰਹੀ ਹੈ।

(4). ਪੰਜਾਬੀ ਬੋਲਣ ਵਾਲਿਆਂ ਨੂੰ ਅਨਪੜ੍ਹ ਕਿਹਾ ਜਾ ਰਿਹਾ ਹੈ।

(5). ਪੰਜਾਬੀ ਅਖ਼ਬਾਰਾਂ ਤੇ ਰਸਾਲਿਆਂ ਦੀ ਸਰਕਾਰ ਵੱਲੋਂ ਮਾਲੀ ਮਦਦ ਨਹੀਂ ਕੀਤੀ ਜਾ ਰਹੀ।

(6). ਪੰਜਾਬੀ ਸਾਹਿਤਕਾਰਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।

ਅੰਤ ਵਿਚ ਪੰਜਾਬੀ ਭਾਸ਼ਾ ਨਾਲ ਮਤਰੇਆ ਸਲੂਕ ਕਰਨ ਅਤੇ ਧ੍ਰੋਹ ਕਮਾਉਣ ਵਾਲੇ ਧੀਆਂ ਪੁੱਤਰਾਂ ਲਈ, ਜੋ ਪਹਿਲੀ ਜਮਾਤ ਤੋਂ ਹੀ ਸਕੂਲਾਂ ਵਿਚ ਅੰਗਰੇਜ਼ੀ ਲਾਗੂ ਕਰ ਰਹੇ ਹਨ, ਇਕ ਪੰਜਾਬੀ ਮਾਂ ਦਾ ਇਹੋ ਸੁਣੇਹਾ ਹੈ- ‘‘ਵੇ ਚੰਦਰਿਆ  ! ਰੁੜ੍ਹ-ਖੁੜ੍ਹ ਜਾਣਿਆ, ਹਾਲੇ ਵੀ ਸੰਭਲ ਜਾ। ਮਾਂ ਸਦਕੇ, ਤੇਰੀ ਮਾਂ ਤਾਂ ਮੈਨੂੰ ਸਿਰਫ਼ ਲੰਮੀ ਉਮਰ ਦੀਆਂ ਦੁਆਵਾਂ ਹੀ ਦੇ ਸਕਦੀ ਹੈ। ਜੀਊਂਦਾ ਰਹਿ, ਜਵਾਨੀਆਂ ਮਾਣ, ਲੰਮੀਆਂ ਉਮਰਾਂ ਭੋਗ ! ਤੂੰ ਆਪਣੀ ਮਾਂ ਦੀ ਬੋਲੀ ਨੂੰ ਖ਼ਤਮ ਕਰਨ ਦਾ ਪੂਰਾ ਜ਼ੋਰ ਲਾ ਲੈ, ਪਰ ਰਾਜਿਆ  ! ਸੁਹਣਿਆ ਸੁਣੱਖਿਆ ਪੁੱਤਰਾ ! ਏਨਾ ਯਾਦ ਰੱਖੀਂ, ਮੇਰੇ ਮਰ ਖੱਪ ਜਾਣ ਬਾਅਦ ਵੀ ਤੂੰ ਆਪਣੀ ਪਛਾਣ ਨਹੀਂ ਬਦਲ ਸਕਣ ਲੱਗਿਆ। ਤੇਰੀ ਪਛਾਣ ‘ਪੰਜਾਬੀ’ ਹੀ ਰਹਿਣੀ ਹੈ, ਪਰ ਮੈਨੂੰ ਇਹੋ ਅਫ਼ਸੋਸ ਰਹੇਗਾ ਕਿ ਤੇਰੀ ਪਛਾਣ ਲੰਗੜੀ ਰਹੇਗੀ, ਜਿਸ ਵਿਚ ਨਾ ਜ਼ਬਾਨ ਤੇ ਨਾ ਸਭਿਆਚਾਰ ਰਹੇਗਾ ! ਫਿਰ ਕਿਸ ਸੱਭਿਆਚਾਰ ਵਿਚ ਆਪਣੀਆਂ ਪੁਸ਼ਤਾਂ ਨੂੰ ਰੁਲਣ ਲਈ ਤੋਰੇਂਗਾ ? ਬਸ ਏਨਾ ਯਾਦ ਰੱਖੀਂ ਕਿ ਮਾਂ ਤੇ ਮਾਂ-ਬੋਲੀ ਨੂੰ ਖ਼ਤਮ ਕਰਨ ਵਾਲੇ ਦਾ ਵੀ ਇਸ ਦੁਨੀਆ ਤੋਂ ਨਾਮੋ-ਨਿਸ਼ਾਨ ਮਿਟ ਜਾਇਆ ਕਰਦਾ ਹੈ। ਤੇਰਾ ਰੱਬ ਰਾਖਾ।’’

ਸਭ ਤੋਂ ਵੱਡੀ ਤ੍ਰਾਸਦੀ ਕਿਸੇ ਵੀ ਜ਼ਬਾਨ ਨਾਲ ਉਦੋਂ ਵਾਪਰਦੀ ਹੈ ਜਦੋਂ ਇਸ ਨੂੰ ਧਰਮ ਦੀਆਂ ਵਲਗਣਾਂ ਅੰਦਰ ਕੈਦ ਕਰ ਲਿਆ ਜਾਵੇ। ਪੰਜਾਬੀ ਜ਼ਬਾਨ ਕਿਸੇ ਇੱਕ ਧਰਮ ਦੇ ਬੰਦਿਆਂ ਦੀ ਮਲਕੀਅਤ ਨਹੀਂ ਹੈ। ਇਹ ਹਰ ਪੰਜਾਬੀ ਦੀ ਮਾਂ ਬੋਲੀ ਹੈ ਜੋ ਭਾਵੇਂ ਈਰਾਨ ਵਿਚ ਵਸ ਰਿਹਾ ਹੈ, ਪਾਕਿਸਤਾਨ ਵਿਚ, ਅਫ਼ਗਾਨਿਸਤਾਨ ਵਿਚ, ਅਮਰੀਕਾ ਵਿਚ, ਕਨੇਡਾ ਵਿਚ, ਅਸਟ੍ਰੇਲੀਆ ਵਿਚ ਜਾਂ ਭਾਰਤ ਦੇ ਕਿਸੇ ਵੀ ਕੋਨੇ ਵਿਚ !

ਇਸ ਮਾਂ ਬੋਲੀ ਨਾਲ ਜੁੜੇ ਹਰ ਪੁੱਤਰ ਤੇ ਧੀ ਨੂੰ ਖੁੱਲ੍ਹ ਹੈ ਕਿ ਜਿੱਥੇ ਵੱਸਦਾ ਹੈ, ਉੱਥੇ ਦੀ ਵੀ ਤੇ ਉਸ ਤੋਂ ਇਲਾਵਾ ਵੀਹ ਹੋਰ ਜ਼ਬਾਨਾਂ ਵਿਚ ਵੀ ਮਹਾਰਤ ਹਾਸਲ ਕਰ ਕੇ ਦੁਨੀਆ ਭਰ ਵਿਚ ਆਪਣਾ ਨਾਂ ਰੌਸ਼ਨ ਕਰੇ, ਪਰ ਨੁਕਤਾ ਸਿਰਫ਼ ਇਹ ਯਾਦ ਰੱਖਣ ਵਾਲਾ ਹੈ ਕਿ ਆਪਣੀ ਮਾਂ ਬੋਲੀ ਪੰਜਾਬੀ ਤੇ ਪੰਜਾਬੀ ਸੱਭਿਆਚਾਰ ਨੂੰ ਮਿੱਧ ਕੇ ਨਹੀਂ !

ਪੰਜਾਬੀ ਹਿਤੈਸ਼ੀਆਂ ਨੂੰ ਚੇਤੰਨ ਹੋ ਕੇ, ਕਲਮਾਂ ਤੇਜ਼ ਕਰਵਾ ਕੇ, ਉਨ੍ਹਾਂ ਨੂੰ ਤਲਵਾਰ ਵਜੋਂ ਵਰਤ ਕੇ, ਹੁਣੇ ਤੋਂ ਹੀ ਮਾਂ ਬੋਲੀ ਉੱਤੇ ਹੋ ਰਹੇ ਹਮਲਿਆਂ ਵਿਰੁੱਧ ਕਮਰ ਕਸ ਲੈਣੀ ਚਾਹੀਦੀ ਹੈ ਤਾਂ ਜੋ ਭਾਸ਼ਾ ਨੂੰ ਮਰ ਜਾਣ ਤੋਂ ਬਚਾਇਆ ਜਾ ਸਕੇ।