ਮੁੱਖ ਵਾਕ ਪੰਨਾ ਨੰਬਰ 604 (Guru Granth Sahib Ji)

0
408

ਮੁੱਖ ਵਾਕ ਪੰਨਾ ਨੰਬਰ 604

ਸੋਰਠਿ ਮਹਲਾ ੩ ॥

ਬਿਨੁ ਸਤਿਗੁਰ ਸੇਵੇ, ਬਹੁਤਾ ਦੁਖੁ ਲਾਗਾ; ਜੁਗ ਚਾਰੇ ਭਰਮਾਈ ॥

ਗੁਰੂ ਉਪਦੇਸ਼ ਗ੍ਰਹਿਣ ਕਰਨ ਤੋਂ ਬਿਨਾਂ (ਭਟਕਦੇ ਮਨ ਨੂੰ, ਜੀਵਨ ਵਿੱਚ ਤੇ ਮਰਨ ਉਪਰੰਤ) ਬੜੀ ਕਠਿਨਾਈ ਹੁੰਦੀ ਹੈ, (ਗੁਰੂ ਬਿਨਾਂ ਅਜਿਹੀ ਡਾਵਾਂਡੋਲ ਸਥਿਤੀ) ਚਾਰ ਯੁਗਾਂ (ਭਾਵ ਆਦਿ ਕਾਲ) ਤੋਂ ਭਟਕਾਉਂਦੀ ਆ ਰਹੀ ਹੈ।

ਹਮ ਦੀਨ, ਤੁਮ ਜੁਗੁ ਜੁਗੁ ਦਾਤੇ; ਸਬਦੇ ਦੇਹਿ ਬੁਝਾਈ ॥੧॥          ਉਚਾਰਨ ਸੇਧ: ਦੇਹ।

ਹੇ ਅਕਾਲ ਪੁਰਖ ! ਅਸੀਂ ਗੁਣਾਂ ਤੋਂ ਸੱਖਣੇ ਹਾਂ, ਪਰ ਫਿਰ ਵੀ ਤੂੰ ਆਦਿ ਕਾਲ ਤੋਂ ਬਖ਼ਸ਼ਸ਼ਾਂ ਕਰਦਾ ਆ ਰਿਹਾ ਹੈਂ, ਮਿਹਰ ਕਰ (ਗੁਰੂ ਮਿਲਾ ਦੇਓ ਤੇ ਉਸ ਦੇ) ਉਪਦੇਸ਼ ਰਾਹੀਂ ਬਿਬੇਕ (ਤੇਰੀ ਦਿਆਲਤਾ ਬਾਰੇ ਸੋਝੀ ਕਰਵਾਉਣ ਵਾਲ਼ੀ ਅਕਲ ਵੀ) ਬਖ਼ਸ਼।

ਹਰਿ ਜੀਉ! ਕ੍ਰਿਪਾ ਕਰਹੁ ਤੁਮ ਪਿਆਰੇ ॥ ਸਤਿਗੁਰੁ ਦਾਤਾ ਮੇਲਿ ਮਿਲਾਵਹੁ; ਹਰਿ ਨਾਮੁ ਦੇਵਹੁ ਆਧਾਰੇ ॥ ਰਹਾਉ ॥

ਹੇ ਅਕਾਲ ਪੁਰਖ ! ਤੁਸੀਂ ਹੀ ਮੇਰੇ ਅਸਲ ਸਨੇਹੀ (ਮਿੱਤਰ) ਹੋ, ਕਿਰਪਾ ਕਰੋ ਭਾਵ ਗੁਣਾਂ ਨੂੰ ਬਖ਼ਸ਼ਣਹਾਰ ਗੁਰੂ ਮਿਲਾ ਕੇ (ਆਪਣੀ) ਯਾਦ ਰੂਪ ਆਸਰਾ ਦਿਓ, ਆਪਣੇ ਨਾਲ਼ ਮਿਲਾ ਲਓ।

ਮਨਸਾ ਮਾਰਿ, ਦੁਬਿਧਾ ਸਹਜਿ ਸਮਾਣੀ; ਪਾਇਆ ਨਾਮੁ ਅਪਾਰਾ ॥ ਉਚਾਰਨ ਸੇਧ: ਮਨਸ਼ਾ।

(ਤਾਂ ਜੋ) ਦਿਲੀ ਤਮੰਨਾ (ਸਮਾਜਿਕ ਪਕੜ) ਖ਼ਤਮ ਕਰ ਕੇ ਅਵਿਸ਼ਵਾਸ ਨੂੰ ਸਹਜ (ਵਿਸ਼ਵਾਸ) ਵਿੱਚ ਖਪਾ (ਸਮਾ) ਲਈਏ (ਕਿਉਂਕਿ ਗੁਰੂ ਰਾਹੀਂ) ਅਸੀਮ ਗੁਣਾਂ ਭਰਪੂਰ ਰੱਬੀ ਨਾਮ (ਯਾਦ) ਨੂੰ ਗ੍ਰਹਿਣ ਕਰ ਲਿਆ ਸੀ।

ਹਰਿ ਰਸੁ ਚਾਖਿ, ਮਨੁ ਨਿਰਮਲੁ ਹੋਆ; ਕਿਲਬਿਖ ਕਾਟਣਹਾਰਾ ॥੨॥ ਉਚਾਰਨ ਸੇਧ: ਕਾੱਟਣਹਾਰ।

ਤਮਾਮ ਪਾਪ ਨਾਸ ਕਰਨ ਵਾਲ਼ਾ ਹਰੀ ਦਾ ਨਾਮ ਰਸ ਮਾਣ ਕੇ (ਚੱਖ ਕੇ) ਮਨ ਉਜਲ (ਸਥਿਰ) ਹੋ ਗਿਆ (ਭਾਵ ਮਨ ਨੂੰ ਯਕੀਨ ਹੋ ਗਿਆ ਕਿ ਸਭ ਕੁਝ ਅਕਾਲ ਪੁਰਖ ਦੇ ਹੱਥ ਵਿੱਚ ਹੈ, ਇਸ ਲਈ ਹੁਣ ਮਨ ਨੂੰ ਅਸ਼ਾਂਤ ਕਰਨ ਵਾਲ਼ੀ ਵਾਧੂ ਕਲਪਣਾ ਨਾ ਕੀਤੀ ਜਾਏ।)

ਸਬਦਿ ਮਰਹੁ, ਫਿਰਿ ਜੀਵਹੁ ਸਦ ਹੀ; ਤਾ ਫਿਰਿ ਮਰਣੁ ਨ ਹੋਈ ॥ ਉਚਾਰਨ ਸੇਧ: ਤਾਂ।

(ਹੇ ਭਾਈ! ਗੁਰੂ) ਉਪਦੇਸ਼ ਨਾਲ਼ (ਜੀਵਨ ਬਣਾ ਕੇ, ਵਿਕਾਰੀ ਭਾਵਨਾ ਵੱਲੋਂ ਜਾਂ ਸਮਾਜਿਕ ਪਕੜ ਵੱਲੋਂ) ਨਿਰਮੋਹ ਹੋ ਜਾਓ, ਤਾਂ ਮੁੜ ਸਦਾ ਹੀ ਅਨੰਦਿਤ (ਸਥਿਰ) ਰਹੋਗੇ ਤੇ ਮੁੜ ਆਤਮਿਕ ਮੌਤ ਨਹੀਂ ਹੋਏਗੀ ਭਾਵ ਔਗੁਣ ਆਪਣਾ ਪ੍ਰਭਾਵ ਨਹੀਂ ਪਾ ਸਕਣਗੇ ।

ਅੰਮ੍ਰਿਤੁ ਨਾਮੁ, ਸਦਾ ਮਨਿ ਮੀਠਾ; ਸਬਦੇ ਪਾਵੈ ਕੋਈ ॥੩॥

(ਜੀਵਨ ਨੂੰ) ਅਮਰ ਕਰ ਦੇਣ ਵਾਲ਼ਾ ਰੱਬੀ ਨਾਮ (ਗੁਣ) ਸਦਾ ਮਨ ਵਿੱਚ ਮਿੱਠਾ ਜਾਪਦਾ ਹੈ (ਭਾਵ ਨਾਮ ਨਾਲ਼ ਜੁੜਿਆ ਬੰਦਾ ਵਾਰ-ਵਾਰ ਇਸ ਨੂੰ ਜਪ ਕੇ ਖ਼ੁਸ਼ ਹੁੰਦਾ ਹੈ, ਪਰ ਅਜਿਹੀ ਅਵਸਥਾ ਗੁਰੂ) ਉਪਦੇਸ਼ ਨਾਲ਼ ਕੋਈ ਵਿਰਲਾ ਹੀ ਪ੍ਰਾਪਤ ਕਰਦਾ ਹੈ।

ਦਾਤੈ, ਦਾਤਿ ਰਖੀ ਹਥਿ+ਅਪਣੈ; ਜਿਸੁ ਭਾਵੈ, ਤਿਸੁ ਦੇਈ ॥ ਉਚਾਰਨ ਸੇਧ: ਰੱਖੀ (ਨੋਟ: ‘ਅਪਣੈ’ ਨੂੰ ‘ਆਪਣੈ’ ਨਹੀਂ ਪੜ੍ਹਨਾ)।

(ਕਿਉਂਕਿ ਇਹ) ਦਾਤ ਜਾਂ ਮਿਹਰ (ਵੀ) ਤਮਾਮ ਬਖ਼ਸ਼ਸ਼ਾਂ ਕਰਨ ਵਾਲ਼ੇ ਦਾਤਾਰ ਨੇ ਆਪਣੇ ਅਧਿਕਾਰ ਵਿੱਚ ਵਿੱਚ ਹੀ ਰੱਖੀ ਹੈ, ਜਿਸ ਨੂੰ ਉਹ ਪਸੰਦ ਆ ਜਾਏ ਉਸ ਨੂੰ ਹੀ ਦੇਂਦਾ ਹੈ।

ਨਾਨਕ ! ਨਾਮਿ ਰਤੇ, ਸੁਖੁ ਪਾਇਆ; ਦਰਗਹ ਜਾਪਹਿ ਸੇਈ ॥੪॥੧੧॥ ਸੋਰਠਿ (ਮ: ੩/੬੦੪) ਉਚਾਰਨ ਸੇਧ: ਰੱਤੇ, ਦਰਗ੍ਾ, ਜਾਪਹਿਂ।

ਹੇ ਨਾਨਕ ! (ਜੋ) ਨਾਮ ਰੰਗ ਵਿੱਚ ਰੰਗੇ ਗਏ ਉਹੀ ਰੱਬੀ ਦਰ ਸ਼ੋਭਦੇ ਹਨ ਤੇ ਸੁਖ ਪ੍ਰਾਪਤ ਕਰਦੇ ਹਨ।