ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਮਹੀਨਾ ਪੋਹ
ਮਹੀਨਾ ਬਿਕ੍ਰਮੀ ਕੈਲੰਡਰ ਦਾ 9ਵਾਂ ਅਤੇ ਨਾਨਕਸ਼ਾਹੀ ਕੈਲੰਡਰ ਦਾ 10ਵਾਂ ਮਹੀਨਾ ਹੈ। ਨਾਨਕਸ਼ਾਹੀ ਕੈਲੰਡਰ ਦੇ ਪੋਹ ਮਹੀਨੇ ਦਾ ਅਰੰਭ ਭਾਵ ਪਹਿਲੀ ਤਾਰੀਖ਼ ਹਰ ਸਾਲ 14 ਦਸੰਬਰ ਨੂੰ ਹੁੰਦੀ ਹੈ ਅਤੇ ਹਰ ਸਾਲ ਹੀ ਇਸ ਮਹੀਨੇ ਦੇ 30 ਦਿਨ ਹੁੰਦੇ ਹਨ। ਬਿਕ੍ਰਮੀ ਕੈਲੰਡਰ ਦੇ ਪੋਹ ਮਹੀਨੇ ਦਾ ਅਰੰਭ ਭਾਵ ਸੰਗਰਾਂਦ ਕਦੀ 15 ਦਸੰਬਰ ਤੇ ਕਦੀ 16 ਦਸੰਬਰ ਨੂੰ ਹੁੰਦੀ ਹੈ। ਸੰਨ 1964 ਤੋਂ ਪਹਿਲਾਂ ਸੂਰਜੀ ਸਿਧਾਂਤ ਮੁਤਾਬਕ ਸੰਕ੍ਰਾਂਤੀ ਤੋਂ ਸੰਕ੍ਰਾਂਤੀ ਤੱਕ ਇਸ ਦੇ ਮਹੀਨੇ ਦੀ ਅਸਲ ਲੰਬਾਈ 29 ਦਿਨ 7 ਘੰਟੇ 38 ਮਿੰਟ ਹੋਣ ਕਾਰਨ ਇਸ ਮਹੀਨੇ ਦੇ ਪੂਰਨ ਦਿਨਾਂ ਦੀ ਗਿਣਤੀ 29 ਜਾਂ 30 ਦਿਨ ਹੋ ਜਾਂਦੀ ਹੈ। ਚੰਦਰ ਮਹੀਨੇ ਦੀ ਲੰਬਾਈ 29 ਦਿਨ 10.8 ਘੰਟੇ ਤੋਂ 29 ਦਿਨ 19.1 ਘੰਟੇ ਤੱਕ ਹੋਣ ਕਾਰਨ ਸੂਰਜੀ ਪੋਹ ਮਹੀਨੇ ਦੀ ਲੰਬਾਈ; ਚੰਦਰ ਮਹੀਨੇ ਦੀ ਘੱਟ ਤੋਂ ਘੱਟ ਲੰਬਾਈ ਤੋਂ ਵੀ ਘੱਟ ਹੋਣ ਕਾਰਨ ਇਹ ਮਹੀਨਾ ਕਦੀ ਵੀ ਮਲਮਾਸ ਨਹੀਂ ਆਇਆ ਪਰ ਕਸ਼ਯ ਬਹੁਤਾਤ ਸਮਿਆਂ ’ਚ ਹੋਇਆ ਹੈ। ਸੰਨ 1964 ’ਚ ਸੋਧ ਉਪਰੰਤ ਲਾਗੂ ਹੋਏ ਦ੍ਰਿੱਕ ਗਣਿਤ ਸਿਧਾਂਤ ਅਨੁਸਾਰ ਹੁਣ ਇਸ ਦੇ ਸੂਰਜੀ ਮਹੀਨੇ ਦੀ ਲੰਬਾਈ 29.44 ਤੋਂ 29.45 ਦਿਨ ਹੈ। ਕਸ਼ਯ ਮਹੀਨੇ ਦੇ ਨਿਯਮ ਬਦਲ ਦਿੱਤੇ ਜਾਣ ਕਾਰਨ ਹੁਣ ਕੋਈ ਵੀ ਕਸ਼ਯ ਮਹੀਨਾ ਨਹੀਂ ਹੋ ਸਕਦਾ।
ਗੁਰੂ ਗ੍ਰੰਥ ਸਾਹਿਬ ਜੀ ’ਚ ਬਾਰਹ ਮਾਹਾ ਸਿਰਲੇਖ ਹੇਠ ਦੋ ਬਾਣੀਆਂ ਦਰਜ ਹਨ; ਪਹਿਲੀ ਗੁਰੂ ਨਾਨਕ ਸਾਹਿਬ ਜੀ ਨੇ ਤੁਖਰੀ ਰਾਗੁ ’ਚ ਉਚਾਰਨ ਕੀਤੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ’ਚ ਪਾਵਨ ਅੰਕ ੧੧੦੭ ’ਤੇ ਦਰਜ ਹੈ ਅਤੇ ਦੂਜੀ ਗੁਰੂ ਅਰਜਨ ਸਾਹਿਬ ਜੀ ਨੇ ਮਾਝ ਰਾਗ ’ਚ ਉਚਾਰਨ ਕੀਤੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ’ਚ ਪਾਵਨ ਅੰਕ ੧੩੩ ’ਤੇ ਦਰਜ ਹੈ। ਇਨ੍ਹਾਂ ਬਾਣੀਆਂ ’ਚ ਗੁਰੂ ਸਾਹਿਬ ਨੇ ਮਹੀਨਿਆਂ ਦੀਆਂ ਰੁੱਤਾਂ ਦਾ ਵਰਣਨ ਕਰਦਿਆਂ ਸਮਝਾਇਆ ਹੈ ਕਿ ਜਿਸ ਤਰ੍ਹਾਂ ਇਨ੍ਹਾਂ ਰੁੱਤਾਂ ਦਾ ਮਨੁੱਖੀ ਸਰੀਰ, ਸ੍ਰਿਸ਼ਟੀ ਦੇ ਹਰ ਜੀਵ ਅਤੇ ਬਨਸਪਤੀ ’ਤੇ ਪ੍ਰਭਾਵ ਪੈਂਦਾ ਹੈ, ਉਸੇ ਤਰ੍ਹਾਂ ਪ੍ਰਭੂ ਦੀ ਯਾਦ ਦੀ ਹੋਂਦ/ਅਣਹੋਂਦ ਦਾ ਸਾਡੀ ਅਧਿਆਤਮਿਕ ਜ਼ਿੰਦਗੀ ਅਤੇ ਮਨ ’ਤੇ ਅਸਰ ਪੈਂਦਾ ਹੈ। ਗੁਰੂ ਸਾਹਿਬ ਜੀ ਨੇ ਮਹੀਨਿਆਂ ਦੀਆਂ ਰੁੱਤਾਂ ਦੀ ਮਿਸਾਲ ਦੇ ਕੇ ਸਾਨੂੰ ਪ੍ਰਭੂ ਦੀ ਯਾਦ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ। ਸੋ ਆਓ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਵੱਲੋਂ ਤੁਖਾਰੀ ਰਾਗ ’ਚ ਉਚਾਰਨ ਕੀਤੇ ਬਾਰਹ ਮਾਹਾ ਵਾਲ਼ੇ ਪੋਹ ਮਹੀਨੇ ਦੇ ਅਰਥਾਂ ਨੂੰ ਵਿਚਾਰੀਏ।
ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਪੋਹ (ਦੇ ਮਹੀਨੇ) ਵਿੱਚ ਕੱਕਰ (ਬਹੁਤ ਠੰਡ) ਪੈਂਦਾ ਹੈ, ਜੋ ਵਣ, ਘਾਹ ਯਾਨੀ ਕਿ ਹਰੇਕ ਘਾਹ-ਫੂਸ ਦੇ ਰਸ ਨੂੰ ਸੁਕਾ ਦੇਂਦਾ ਹੈ (ਇਉਂ ਹੀ ਪ੍ਰਭੂ ਨੂੰ ਭੁਲਾਇਆਂ ਹਰੇਕ ਅੰਦਰ ਪ੍ਰੇਮ-ਰਸ ਨਹੀਂ ਰਹਿੰਦਾ)। ਜਿਸ ਮਨੁੱਖ ਨੂੰ ਆਪਣੇ ਇਸ ਕੋਰੇਪਨ (ਖ਼ੁਸ਼ਕੀ) ਦਾ ਅਹਿਸਾਸ ਹੋ ਜਾਵੇ ਉਹ ਅਰਦਾਸ ਕਰਦਾ ਹੈ ਕਿ ਹੇ ਪ੍ਰਭੂ ! ਤੂੰ ਆ ਕੇ ਮੇਰੇ ਮਨ ਵਿਚ, ਮੇਰੇ ਤਨ ਵਿਚ, ਮੇਰੇ ਮੂੰਹ ਵਿਚ ਕਿਉਂ ਨਹੀਂ ਵੱਸਦਾ ਕਿਉਂਕਿ ਜਿਸ ਦੇ ਮਨ ਵਿਚ/ਤਨ ਵਿਚ ਜਗਤ ਦਾ ਆਸਰਾ ਪ੍ਰਭੂ ਆ ਵੱਸਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣਦਾ ਹੈ। ਉਸ ਨੂੰ ਚੌਹਾਂ ਖਾਣੀਆਂ ਦੇ ਜੀਵਾਂ ਵਿਚ, ਹਰੇਕ ਘਟ ਵਿਚ ਪ੍ਰਭੂ ਦੀ ਹੀ ਜੋਤਿ ਸਮਾਈ ਦਿੱਸਦੀ ਹੈ। ਹੇ ਦਿਆਲ ਦਾਤਾਰ ! ਮੈਨੂੰ ਆਪਣਾ ਦਰਸ਼ਨ ਦੇਹ, ਮੈਨੂੰ ਸੁਚੱਜੀ ਅਕਲ ਬਖ਼ਸ਼ ਤਾਂ ਕਿ ਮੈਂ ਉੱਚੀ ਅਵਸਥਾ ਮਾਣਦਾ ਹੋਇਆ ਤੈਨੂੰ ਹਰ ਥਾਂ ਵੇਖ ਸਕਾਂ। ਗੁਰੂ ਸਾਹਿਬ ਉਪਦੇਸ਼ ਕਰਦੇ ਹਨ ਕਿ ਜਿਸ ਦੀ ਪ੍ਰੀਤ ਪਰਮਾਤਮਾ ਨਾਲ ਬਣ ਗਈ, ਉਹ ਪ੍ਰਭੂ-ਪ੍ਰੇਮ ਰੰਗ ਮਾਣਦਾ ਹੋਇਆ ਅਨੰਦਿਤ ਰਹਿੰਦਾ ਹੈ, ‘‘ਪੋਖਿ, ਤੁਖਾਰੁ ਪੜੈ; ਵਣੁ ਤ੍ਰਿਣੁ ਰਸੁ ਸੋਖੈ ॥ ਆਵਤ ਕੀ ਨਾਹੀ ? ਮਨਿ ਤਨਿ ਵਸਹਿ ਮੁਖੇ ॥ ਮਨਿ ਤਨਿ ਰਵਿ ਰਹਿਆ ਜਗਜੀਵਨੁ; ਗੁਰ ਸਬਦੀ ਰੰਗੁ ਮਾਣੀ ॥ ਅੰਡਜ ਜੇਰਜ ਸੇਤਜ ਉਤਭੁਜ; ਘਟਿ ਘਟਿ ਜੋਤਿ ਸਮਾਣੀ ॥ ਦਰਸਨੁ ਦੇਹੁ ਦਇਆਪਤਿ ਦਾਤੇ ! ਗਤਿ ਪਾਵਉ, ਮਤਿ ਦੇਹੋ ॥ ਨਾਨਕ ! ਰੰਗਿ ਰਵੈ ਰਸਿ ਰਸੀਆ; ਹਰਿ ਸਿਉ ਪ੍ਰੀਤਿ ਸਨੇਹੋ ॥੧੪॥’’ (ਤੁਖਾਰੀ ਬਾਰਹਮਾਹਾ ਮਹਲਾ ੧/੧੧੦੯)
ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ; ਮਾਝ ਰਾਗ ’ਚ ਉਚਾਰੇ ਪੋਹ ਦੇ ਮਹੀਨੇ ਰਾਹੀਂ ਸਮਝਾ ਰਹੇ ਹਨ ਕਿ ਜਿਸ ਜੀਵ-ਇਸਤ੍ਰੀ ਦੇ ਗਲ਼ ਨਾਲ ਪ੍ਰਭੂ-ਪਤੀ ਆ ਲੱਗਦਾ ਹੈ, ਉਸ ’ਤੇ ਕੱਕਰ (ਮਨ ਦੇ ਕੋਰੇਪਨ ਦਾ) ਪ੍ਰਭਾਵ ਨਹੀਂ ਪੈਂਦਾ (ਕਿਉਂਕਿ) ਉਸ ਦੀ ਬ੍ਰਿਤੀ ਪ੍ਰਭੂ ਦੇ ਦੀਦਾਰ ਦੀ ਤਾਂਘ ਵਿਚ ਜੁੜੀ ਰਹਿੰਦੀ ਹੈ, ਉਸ ਦਾ ਮਨ ਪ੍ਰਭੂ ਦੇ ਚਰਨ ਕਮਲਾਂ ਨਾਲ਼ ਵਿੱਝ ਜਾਂਦਾ ਹੈ। ਜਿਸ ਜਿਸ ਨੇ ਗੋਬਿੰਦ ਗੋਪਾਲ ਦਾ ਆਸਰਾ ਲਿਆ, ਉਹੀ ਪ੍ਰਭੂ-ਪਤੀ ਦੀ ਸੇਵਾ ਦਾ ਲਾਭ ਖੱਟਦਾ ਹੈ। ਮਾਇਆ ਉਸ ਨੂੰ ਪੋਹ ਨਹੀਂ ਸਕਦੀ। ਗੁਰੂ ਨੂੰ ਮਿਲ ਕੇ ਉਹ, ਪ੍ਰਭੂ ਦੀ ਸਿਫ਼ਤ-ਸਲਾਹ ’ਚ ਮਗਨ ਰਹਿੰਦਾ ਹੈ। ਜਿਸ ਪਰਮਾਤਮਾ ਤੋਂ ਉਸ ਨੇ ਜਨਮ ਲਿਆ ਹੈ, ਉਸੇ ਨਾਲ਼ ਸੁਰਤਿ ਜੋੜ ਲੈਂਦਾ ਹੈ। ਪਾਰਬ੍ਰਹਮ ਨੇ (ਉਸ ਦਾ) ਹੱਥ ਫੜ ਕੇ (ਉਸ ਨੂੰ ਆਪਣੇ ਨਾਲ਼) ਜੋੜਿਆ ਹੁੰਦਾ ਹੈ, ਉਹ ਮੁੜ ਕਦੇ ਨਹੀਂ ਵਿਛੜਦਾ। ਸੱਜਣ ਪ੍ਰਭੂ ਗਿਆਨ ਇੰਦ੍ਰਿਆਂ ਦੀ ਪਕੜ ਤੋਂ ਪਰੇ ਹੈ, ਅਪਹੁੰਚ ਹੈ, ਬੜਾ ਡੂੰਘਾ ਹੈ, ਮੈਂ ਉਸ ਤੋਂ ਲੱਖ ਵਾਰੀ ਕੁਰਬਾਨ ਹਾਂ। ਉਹ ਪ੍ਰਭੂ (ਬੜਾ ਦਿਆਲੂ ਹੈ) ਦਰ ਉੱਤੇ ਡਿੱਗਿਆਂ ਦੀ ਇੱਜ਼ਤ ਰੱਖਦਾ ਹੈ। ਬੇ-ਪਰਵਾਹ ਪ੍ਰਭੂ ਜਿਸ ਉੱਤੇ ਮਿਹਰ ਕਰਦਾ ਹੈ, ਉਸ ਨੂੰ ਪੋਹ ਦੇ ਮਹੀਨੇ ’ਚ ਕੱਕਰ ਵੀ ਸੁਹਾਵਣਾ ਲੱਗਦਾ ਹੈ, ਅਨੰਦਿਤ ਰਹਿੰਦਾ ਹੈ, ‘‘ਪੋਖਿ, ਤੁਖਾਰੁ ਨ ਵਿਆਪਈ; ਕੰਠਿ ਮਿਲਿਆ ਹਰਿ ਨਾਹੁ ॥ ਮਨੁ ਬੇਧਿਆ ਚਰਨਾਰਬਿੰਦ; ਦਰਸਨਿ ਲਗੜਾ ਸਾਹੁ ॥ ਓਟ ਗੋਵਿੰਦ ਗੋਪਾਲ ਰਾਇ; ਸੇਵਾ ਸੁਆਮੀ ਲਾਹੁ ॥ ਬਿਖਿਆ ਪੋਹਿ ਨ ਸਕਈ; ਮਿਲਿ ਸਾਧੂ, ਗੁਣ ਗਾਹੁ ॥ ਜਹ ਤੇ ਉਪਜੀ, ਤਹ ਮਿਲੀ; ਸਚੀ ਪ੍ਰੀਤਿ ਸਮਾਹੁ ॥ ਕਰੁ ਗਹਿ ਲੀਨੀ ਪਾਰਬ੍ਰਹਮਿ (ਨੇ); ਬਹੁੜਿ ਨ ਵਿਛੁੜੀਆਹੁ ॥ ਬਾਰਿ ਜਾਉ ਲਖ ਬੇਰੀਆ; ਹਰਿ ਸਜਣੁ ਅਗਮ ਅਗਾਹੁ ॥ ਸਰਮ ਪਈ ਨਾਰਾਇਣੈ; ਨਾਨਕ ਦਰਿ ਪਈਆਹੁ ॥ ਪੋਖੁ ਸੁੋਹੰਦਾ ਸਰਬ ਸੁਖ; ਜਿਸੁ ਬਖਸੇ ਵੇਪਰਵਾਹੁ ॥੧੧॥’’ (ਮਾਝ ਬਾਰਹਮਾਹਾ ਮਹਲਾ ੫/੧੩੫)
ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬਾਨ ਨੇ ਕੇਵਲ ਸਿੱਖਿਆ ਹੀ ਨਹੀਂ ਦਿੱਤੀ ਬਲਕਿ ਉਸ ਉੱਤੇ ਆਪ ਅਮਲ ਕਰ ਕੇ ਭੀ ਵਿਖਾਇਆ ਹੈ। ਇਉਂ ਹੀ ਜਿਨ੍ਹਾਂ ਸਿੱਖਾਂ ਨੇ ਗੁਰੂ ਦਾ ਹੁਕਮ ਕਮਾਇਆ, ਉਨ੍ਹਾਂ ਨੂੰ ਵੀ ਪਾਰਬ੍ਰਹਮ ਨੇ ਤਰੁਠ ਕੇ ਸੰਸਾਰਿਕ ਤਪਸ਼ ਤੋਂ ਬਚਾਇਆ ਹੈ। ਉਨ੍ਹਾਂ ਨੂੰ ਪੋਹ ਦਾ ਮਹੀਨਾ ਸੁਹਾਵਣਾ ਲੱਗਿਆ ਭਾਵ ਸਮਾਜਿਕ ਦੁੱਖਾਂ ’ਚ ਵੀ ਅਨੰਦ ਮਹਿਸੂਸ ਕੀਤਾ। ਮਿਸਾਲ ਵਜੋਂ ਪਹਾੜੀ ਹਿੰਦੂ ਰਾਜਿਆਂ ਅਤੇ ਮੁਗਲ ਸਰਕਾਰ ਦੀਆਂ ਫੌਜਾਂ ਨੇ ਤਕਰੀਬਨ 6 ਮਹੀਨੇ ਤੋਂ ਵੱਧ ਸਮਾਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾਈ ਰੱਖਿਆ। ਤਦ ਤੱਕ ਪੋਹ ਦਾ ਮਹੀਨਾ ਚੜ੍ਹ ਗਿਆ। ਗੁਰੂ ਸਾਹਿਬ ਅਤੇ ਸਿੱਖਾਂ ਵਾਸਤੇ ਲੰਗਰ ਦੀ ਰਸਦ ਅਤੇ ਘੋੜਿਆਂ ਲਈ ਚਾਰਾ ਖਤਮ ਹੋ ਗਿਆ। ਭੁੱਖ ਨਾਲ ਸਿੰਘ ਅਤੇ ਘੋੜੇ ਨਿਢਾਲ ਹੋ ਗਏ, ਫਿਰ ਵੀ ਹੱਲਾ ਕਰ-ਕਰ ਆ ਰਹੇ ਦੁਸ਼ਮਨ ਨੂੰ ਕਿਲ੍ਹੇ ਦੇ ਅੰਦਰ ਨਹੀਂ ਆਉਣ ਦਿੱਤਾ। ਪਹਾੜੀ ਰਾਜੇ ਅਤੇ ਮੁਗਲ ਫ਼ੌਜਾਂ ਇਸ ਗੱਲੋਂ ਪ੍ਰੇਸ਼ਾਨ ਸਨ ਕਿ ਐਨੀ ਫ਼ੌਜੀ ਤਾਕਤ ਹੋਣ ਦੇ ਬਾਵਜੂਦ ਭੀ ਜੇਕਰ ਮੁਠੀ ਭਰ ਸਿੰਘਾਂ ਨੂੰ ਗ੍ਰਿਫ਼ਤਾਰ ਜਾਂ ਮਾਰ ਮੁਕਾ ਨਾ ਸਕੇ ਤਾਂ ਉਨ੍ਹਾਂ ਦੀ ਹੇਠੀ ਹੋਣੀ ਹੈ। ਇਸ ਲਈ ਹਿੰਦੂਆਂ ਨੇ ਗਊ ਅਤੇ ਮੁਗਲਾਂ ਨੇ ਕੁਰਾਨ ਦੀਆਂ ਸਹੁੰਆਂ ਖਾਧੀਆਂ ਕਿ ਜੇ ਗੁਰੂ ਸਾਹਿਬ ਅਤੇ ਸਾਰੇ ਸਿੱਖ ਕਿਲ੍ਹਾ ਖਾਲੀ ਕਰ ਇੱਥੋਂ ਚਲੇ ਜਾਣ ਤਾਂ ਉਨ੍ਹਾਂ ਦਾ ਪਿੱਛਾ ਨਹੀਂ ਕੀਤਾ ਜਾਵੇਗਾ। ਭਾਵੇਂ ਗੁਰੂ ਸਾਹਿਬ ਜਾਣੀ ਜਾਣ ਸਨ ਕਿ ਇਹ ਝੂਠੇ ਲੋਕ ਹਨ। ਇਨ੍ਹਾਂ ਦੀਆਂ ਕਸਮਾਂ ਵੀ ਝੂਠੀਆਂ ਹਨ, ਪਰ ਕਿਲ੍ਹੇ ਅੰਦਰ ਭੀ ਸਿੰਘਾਂ ਅਤੇ ਘੋੜਿਆਂ ਲਈ ਰਸਦ ਨਹੀਂ ਬਚੀ ਸੀ। ਕੁੱਝ ਸਿੰਘਾਂ ਦੀ ਸਲਾਹ ’ਤੇ ਭੀ ਗੁਰੂ ਸਾਹਿਬ ਜੀ ਨੇ ੬-੭ ਪੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ।
ਗੁਰੂ ਸਾਹਿਬ ਜੀ ਪਰਵਾਰ ਅਤੇ ਗਿਣਤੀ ਦੇ ਸਿੰਘਾਂ ਸਮੇਤ ਹਾਲੀ ਥੋੜ੍ਹੀ ਦੂਰ ਹੀ ਪਹੁੰਚੇ ਸਨ ਕਿ ਪਿੱਛੋਂ ਪਹਾੜੀ ਹਿੰਦੂ ਰਾਜਿਆਂ ਅਤੇ ਮੁਗਲ ਫ਼ੌਜਾਂ ਨੇ ਹਮਲਾ ਕਰ ਦਿੱਤਾ। ਪ੍ਰਭੂ ਦੀ ਸਿਫਤ ਸਲਾਹ/ਯਾਦ ਹੀ ਸੀ ਜਿਸ ਨੇ ਗੁਰੂ ਜੀ ਅਤੇ ਸਿੱਖਾਂ ਨੂੰ ਭੈ-ਮੁਕਤ ਅਤੇ ਚੜ੍ਹਦੀ ਕਲਾ ’ਚ ਰੱਖਿਆ। ਗੁਰੂ ਦੇ ਸਿੰਘਾਂ ਨੇ ਮੂੰਹ ਤੋੜ ਜਵਾਬ ਦਿੱਤਾ। ਗੁਰੂ ਸਾਹਿਬ ਕੁੱਝ ਸਿੰਘਾਂ ਸਮੇਤ ਸਿਰਸਾ ਨਦੀ ਪਾਰ ਕਰ ਗਏ। ਇਸ ਘਮਾਸਾਨ ’ਚ ਕਾਫ਼ੀ ਸਿੰਘ ਸ਼ਹੀਦ ਹੋ ਗਏ। ਕੁਝ ਸਰਸਾ ਨਦੀ ਦੇ ਤੇਜ਼ ਵਹਾ ’ਚ ਵਹਿ ਗਏ। ਗੁਰੂ ਜੀ ਦਾ ਪਰਵਾਰ ਤਿੰਨ ਹਿੱਸਿਆਂ ’ਚ ਵੰਡਿਆ ਗਿਆ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁੱਜਰ ਕੌਰ ਜੀ ਨੇ ਇੱਕ ਮਛੇਰੇ ਕੁੰਮੇ ਮਾਛਕੀ ਦੀ ਨਿੱਕੀ ਜਿਹੀ ਝੌਂਪੜੀ ’ਚ ਰਾਤ ਕੱਟੀ ਅਤੇ ਅਗਲੇ ਦਿਨ ਗੁਰੂ ਘਰ ਦਾ ਰਸੋਈਆ (ਗੰਗੂ ਬ੍ਰਾਹਮਣ), ਉਨ੍ਹਾਂ ਨੂੰ ਆਪਣੇ ਨਾਲ ਮੋਰਿੰਡੇ ਲੈ ਗਿਆ; ਜਿੱਥੇ ਇੱਕ ਰਾਤ ਕੱਟੀ ਅਤੇ ਅਗਲੇ ਦਿਨ ਕੁਝ ਲਾਲਚ ਅਤੇ ਮੁਗਲ ਸਰਕਾਰ ਦੇ ਡਰ ਕਾਰਨ ਉਸ ਨੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਗੁਰੂ ਕੇ ਮਹਲ ਦਿੱਲੀ ਵੱਲ ਚਲੇ ਗਏ। ਵੱਡੇ ਸਾਹਿਬਜ਼ਾਦੇ ਅਤੇ ਗੁਰੂ ਗੋਬਿੰਦ ਸਿੰਘ ਜੀ 40 ਕੁ ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜ੍ਹੀ ’ਚ ਪਹੁੰਚ ਗਏ। ਉਨ੍ਹਾਂ ਦਾ ਪਿੱਛਾ ਕਰਦੀ ਆ ਰਹੀ ਮੁਗ਼ਲ ਫ਼ੌਜ ਨੇ ਘੇਰਾ ਪਾ ਲਿਆ। ੮ ਪੋਹ ਸੰਮਤ ੧੭੬੧ (7 ਦਸੰਬਰ 1704, ਕੁੱਝ ਇਤਿਹਾਸਕਾਰ ਸੰਮਤ ੧੭੬੨, ਸੰਨ 1705 ਮੰਨਦੇ ਹਨ) ਦੀ ਸਵੇਰ ਜੰਗ ਸ਼ੁਰੂ ਹੋ ਗਈ। ਯੁੱਧ ਨੀਤੀ ਅਨੁਸਾਰ ਵਾਰੋ-ਵਾਰੀ 5-5 ਸਿੰਘ ਗੜ੍ਹੀ ’ਚੋਂ ਬਾਹਰ ਆ ਕੇ ਵੈਰੀਆਂ ਦਾ ਮੁਕਾਬਲਾ ਕਰਦੇ ਅਤੇ ਕਈਆਂ ਦੇ ਆਹੂ ਲਾਹੁਣ ਪਿੱਛੋਂ ਸ਼ਹੀਦੀਆਂ ਪ੍ਰਾਪਤ ਕਰਦੇ। ਦਿਨ ਛਿਪਣ ਸਮੇਂ ਤੱਕ ਦੋਵੇਂ ਵੱਡੇ ਸਾਹਿਬਜ਼ਾਦੇ (ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ); ਪੰਜ ਪਿਆਰਿਆਂ ’ਚੋਂ ਤਿੰਨ (ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ) ਅਤੇ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਸਮੇਤ 30 ਤੋਂ ਵੱਧ ਸਿੰਘ ਗੁਰੂ ਜੀ ਦੇ ਸਾਮ੍ਹਣੇ ਜੂਝਦੇ ਹੋਏ ਸ਼ਹੀਦੀਆਂ ਪਾ ਗਏ ਤਾਂ ਵੀ ਗੁਰੂ ਸਾਹਿਬ ਨੇ ਅਕਾਲ ਪੁਰਖ ਨਾਲ ਕੋਈ ਗਿਲਾ-ਸ਼ਿਕਵਾ ਨਾ ਕੀਤਾ ਸਗੋਂ ਰਾਤ ਭਰ ਯੁਧ ਨੀਤੀ ਬਣਾਉਂਦਿਆਂ ਸਿਮਰਨ ਕੀਤਾ।
ਮਾਤਾ ਗੁੱਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਗੁਰੂ ਜੀ ਤੋਂ ਇੱਕ ਦਿਨ ਪਹਿਲਾਂ ਹੀ ਵਿੱਛੜ ਚੁੱਕੇ ਸਨ, ਜਿਨ੍ਹਾਂ ਦੀ ਕੋਈ ਖ਼ਬਰ ਨਹੀਂ ਸੀ ਕਿ ਉਹ ਕਿਸ ਹਾਲਤ ’ਚ ਹਨ। ਰਾਤ ਨੂੰ ਗੁਰੂ ਜੀ ਨਾਲ ਕੇਵਲ 8 ਸਿੰਘ ਬਾਕੀ ਬਚੇ ਸਨ। ਸਿੰਘਾਂ ਨੇ ਆਪਸ ’ਚ ਸਲਾਹ ਮਸ਼ਵਰਾ ਕਰਕੇ ਪੰਜ ਪਿਆਰਿਆਂ ਦੇ ਰੂਪ ’ਚ ਗੁਰੂ ਸਾਹਿਬ ਨੂੰ ਹੁਕਮ ਸੁਣਾਇਆ ਕਿ ਤੁਸੀਂ ਸਾਡੇ ਵਰਗੇ ਅਨੇਕਾਂ ਸਿੰਘ ਤਿਆਰ ਕਰ ਸਕਦੇ ਹੋ, ਪਰ ਅਸੀਂ ਸਾਰੇ ਮਿਲ ਕੇ ਵੀ ਤੁਹਾਡੇ ਵਰਗਾ ਗੁਰੂ ਨਹੀਂ ਬਣਾ ਸਕਦੇ। ਇਸ ਲਈ ਤੁਸੀਂ ਇੱਥੋਂ ਨਿਕਲ ਜਾਓ ਅਤੇ ਅਸੀਂ ਇੱਥੇ ਹੀ ਅੰਤਮ ਸਮੇਂ ਤੱਕ ਜੂਝਦੇ ਹੋਏ ਸ਼ਹੀਦੀਆਂ ਪਾਵਾਂਗੇ। ਗੁਰੂ ਜੀ ਨੇ ਪੰਜ ਸਿੰਘਾਂ ਦਾ ਹੁਕਮ ਮੰਨਦੇ ਹੋਏ ਆਪਣੇ ਹਮ ਉਮਰ ਅਤੇ ਹਮ ਸ਼ਕਲ ਭਾਈ ਸੰਗਤ ਸਿੰਘ ਨੂੰ ਆਪਣੀ ਕਲਗੀ ਤੇ ਬਸਤਰ ਸਜਾਏ ਅਤੇ ਪੰਜ ਪਿਆਰਿਆ ’ਚੋਂ ਦੋ (ਪਿਆਰਾ ਭਾਈ ਦਇਆ ਸਿੰਘ, ਪਿਆਰਾ ਭਾਈ ਧਰਮ ਸਿੰਘ) ਅਤੇ ਭਾਈ ਮਾਨ ਸਿੰਘ ਜੀ ਨੂੰ ਨਾਲ ਲੈ ਕੇ ਅੱਗੇ ਪਹੁੰਚਣ ਦਾ ਟੀਚਾ ਮਿਥ ਕੇ ਤਿੰਨੇ ਵੱਖ ਵੱਖ ਦਿਸ਼ਾਂਵਾਂ ਰਾਹੀਂ ਜੈਕਾਰੇ ਛੱਡਦੇ ਹੋਏ ਦਸ ਲੱਖ ਦੇ ਘੇਰੇ ’ਚੋਂ ਸੁਰੱਖਿਅਤ ਨਿਕਲ ਗਏ। ਭਾਈ ਸੰਗਤ ਸਿੰਘ ਜੀ ਸਮੇਤ ਬਾਕੀ ਦੇ ਸਾਰੇ ਸਿੰਘ ੯ ਪੋਹ/8 ਦਸੰਬਰ ਨੂੰ ਅਨੇਕਾਂ ਦੁਸ਼ਮਣਾਂ ਨਾਲ਼ ਲੜਦੇ ਹੋਏ ਸ਼ਹੀਦੀਆ ਪਾ ਗਏ।
ਪੁਰਾਤਨ ਕੈਲੰਡਰਾਂ ’ਚ ਸੋਧਾਂ ਹੋਣ ਕਾਰਨ ਅੱਜ ਕੱਲ੍ਹ ਵੱਡੇ ਸਾਹਿਬਜ਼ਾਦਿਆਂ ਅਤੇ ਹੋਰ ਸ਼ਹੀਦ ਸਿੰਘਾਂ ਦੀ ਯਾਦ ’ਚ ਚਮਕੌਰ ਸਾਹਿਬ ਵਿਖੇ ਸ਼ਹੀਦੀ ਜੋੜ-ਮੇਲਾ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਰ ਸਾਲ ੮ ਪੋਹ/21 ਦਸੰਬਰ ਨੂੰ ਹੁੰਦਾ ਹੈ।
ਓਧਰ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁੱਜਰ ਕੌਰ ਜੀ ਨੂੰ ਮੋਰਿੰਡਾ ਚੌਕੀ ’ਚੋਂ ਸਰਹਿੰਦ ਲਿਆ ਕੇ ਸੂਬਾ ਸਰਹਿੰਦ ਵਜੀਰ ਖਾਂ ਦੀ ਕਚਹਿਰੀ ’ਚ ਪੇਸ਼ ਕੀਤਾ ਗਿਆ। ਸੂਬੇ ਨੇ ਬਿਨਾਂ ਖਾਣੇ ਅਤੇ ਬਿਨਾਂ ਗਰਮ ਕੱਪੜਿਆਂ ਦੇ ਠੰਡੇ ਬੁਰਜ ’ਚ ਕੈਦ ਰੱਖਿਆ। ਹਰ ਰੋਜ਼ ਸਾਹਿਬਜ਼ਾਦਿਆਂ ਨੂੰ ਕਚਹਿਰੀ ’ਚ ਪੇਸ਼ ਕਰਨ ਲਈ ਬੁਲਾਇਆ ਜਾਂਦਾ ਤੇ ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਤੇ ਡਰਾਵੇ ਦੇ ਕੇ ਇਸਲਾਮ ਕਬੂਲਣ ਲਈ ਮਨਾਉਣ ਦੇ ਯਤਨ ਕਰਦੇ ਰਹੇ, ਪਰ ਸਾਹਿਬਜ਼ਾਦਿਆਂ ਦਾ ਜਵਾਬ ਸੁਣ ਕੇ ਸੂਬਾ ਸਰਹਿੰਦ ਹੈਰਾਨ ਹੋ ਜਾਂਦਾ। ਉਨ੍ਹਾਂ ਨੇ ਸਵਾਲ ਕੀਤੇ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਂਦਾ ਹੈ ਤਾਂ ਤੁਸੀਂ ਕੀ ਕਰੋਗੇ ਤਾਂ ਜਵਾਬ ਦਿੰਦਿਆਂ ਨਿੱਕੀਆਂ ਜਿੰਦਾਂ ਨੇ ਕਿਹਾ ਕਿ ਅਸੀਂ ਆਪਣੇ ਵਰਗੇ ਹੋਰ ਸਿੰਘ ਇਕੱਠੇ ਕਰਾਂਗੇ ਅਤੇ ਜੁਲਮ ਵਿਰੁੱਧ ਤਦ ਤੱਕ ਲੜਦੇ ਰਹਾਂਗੇ ਜਦ ਤੱਕ ਜੁਲਮ ਦਾ ਨਾਸ਼ ਨਹੀ ਹੁੰਦਾ। ਜਦ ਕੋਈ ਵੀ ਡਰ ਭਉ ਤੇ ਲਾਲਚ ਮਾਸੂਮ ਬੱਚਿਆਂ ਨੂੰ ਟੱਸ ਤੋਂ ਮੱਸ ਨਾ ਕਰ ਸਕਿਆ ਅਤੇ ਗੁਰੂ ਦੇ ਸ਼ਬਦ ਦੇ ਆਸਰੇ ਅਡੋਲ ਰਹੇ ਤਾਂ ਤੀਸਰੇ ਦਿਨ ੧੩ ਪੋਹ (12 ਦਸੰਬਰ) ਨੂੰ ਕੰਧਾਂ ’ਚ ਚਿਣ ਕੇ ਅਤੇ ਧੜ ਨਾਲੋਂ ਸਿਰ ਜੁਦਾ ਕਰ ਸ਼ਹੀਦ ਕਰ ਦਿੱਤੇ ਗਏ। ਪਿੱਛੋਂ ਬਜ਼ੁਰਗ ਮਾਤਾ ਗੁੱਜਰ ਕੌਰ ਜੀ ਨੂੰ ਠੰਡੇ ਬੁਰਜ ਤੋਂ ਧੱਕਾ ਦੇ ਕੇ ਸ਼ਹੀਦ ਕਰ ਦਿੱਤਾ।
ਕੈਲੰਡਰਾਂ ’ਚ ਹੋਈ ਸੋਧ ਕਾਰਨ ਅੱਜ ਕੱਲ੍ਹ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਦੀ ਯਾਦ ’ਚ ਫ਼ਤਹਿਗੜ੍ਹ ਸਾਹਿਬ ਵਿਖੇ ਨਾਨਕਸ਼ਾਹੀ ਕੈਲੰਡਰ ਅਨੁਸਾਰ ੧੧ ਤੋਂ ੧੩ ਪੋਹ (24 ਤੋਂ 26 ਦਸੰਬਰ) ਤੱਕ ਸ਼ਹੀਦੀ ਜੋੜ ਮੇਲਾ ਹੁੰਦਾ ਹੈ।
ਬਾਰਹਮਾਹਾ ਦਾ ਪਾਠ ਤਾਂ ਸਾਰੇ ਹੀ ਪੜ੍ਹਦੇ/ਸੁਣਦੇ ਹਨ, ਪਰ ਇਹ ਮਿਸਾਲ ਪੇਸ਼ ਕਰਨੀ ਛੋਟੇ ਸਾਹਿਬਜ਼ਾਦਿਆਂ ਦੇ ਹਿੱਸੇ ਹੀ ਅਉਂਦੀ ਹੈ ਕਿ ਜਿਸ ਪੋਹ ਦੇ ਮਹੀਨੇ ‘‘ਪੋਖਿ, ਤੁਖਾਰੁ ਪੜੈ; ਵਣੁ ਤ੍ਰਿਣੁ ਰਸੁ ਸੋਖੈ ॥’’ ਯਾਨੀ ਕੋਰਾ ਅਤੇ ਬੜੀ ਠੰਡ ਪੈਂਦੀ ਹੈ, ਉਸ ਰੁੱਤ ’ਚ ਵੀ ਜਿਨ੍ਹਾਂ ਦੇ ਮਨ ਤਨ ’ਚ ਜੱਗ ਨੂੰ ਜੀਵਨ ਦੇਣ ਵਾਲਾ ਪ੍ਰਮਾਤਮਾ ਵਸਦਾ ਹੈ, ‘‘ਮਨਿ ਤਨਿ ਰਵਿ ਰਹਿਆ ਜਗਜੀਵਨੁ; ਗੁਰ ਸਬਦੀ ਰੰਗੁ ਮਾਣੀ ॥੧੪॥’’ ਉਹ ਗੁਰੂ ਦੇ ਸ਼ਬਦ ਦੇ ਆਸਰੇ ਸਦਾ ਅਨੰਦਿਤ ਰਹਿੰਦੇ ਹਨ। ਇਸੇ ਤਰ੍ਹਾਂ 5 ਅਤੇ 7 ਸਾਲ ਦੇ ਬਾਬਿਆਂ ਨੇ ਸਾਬਤ ਕਰ ਦਿੱਤਾ ਕਿ ਜਿਨ੍ਹਾਂ ਨੂੰ ਪ੍ਰਭੂ ਮਾਲਕ ਨੇ ਆਪਣੇ ਗਲ ਨਾਲ ਲਾਇਆ, ਜਿਨ੍ਹਾਂ ਉੱਤੇ ਬੇਪਰਵਾਹ ਮਾਲਕ ਦੀ ਬਖ਼ਸ਼ਸ਼ ਹੋ ਜਾਵੇ, ਉਨ੍ਹਾਂ ਨੂੰ ਪੋਹ ਦੀ ਠੰਢ ਵੀ ਸੁਹਾਵਣੀ ਲੱਗਦੀ ਹੈ; ਉਨ੍ਹਾਂ ਲਈ ਭੋਜਨ ਦਾ ਬੰਦੋਬਸ਼ਤ ਮਾਲਕ ਆਪ ਕਰਦਾ ਹੈ। ਉਨ੍ਹਾਂ ਨੂੰ ਦੁੱਖਾਂ ਕਸ਼ਟਾਂ ’ਚ ਵੀ ਸੁੱਖ ਮਿਲਦੇ ਹਨ, ‘‘ਪੋਖਿ, ਤੁਖਾਰੁ ਨ ਵਿਆਪਈ; ਕੰਠਿ ਮਿਲਿਆ ਹਰਿ ਨਾਹੁ ॥ …… ਪੋਖੁ ਸੁੋਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥੧੧॥’’
ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਘਰ ਅਤੇ ਮਾਤਾ ਗੁੱਜਰ ਕੌਰ ਜੀ ਦੇ ਉਦਰ ਤੋਂ ਪਟਨਾ ਸ਼ਹਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ੨੩ ਪੋਹ ਸੰਮਤ ੧੭੨੩/22 ਦਸੰਬਰ 1666 ਸੀਈ. ਨੂੰ ਹੋਇਆ। ਉਸ ਸਮੇਂ ਦੇ ਪ੍ਰਚਲਿਤ ਕੈਲੰਡਰਾਂ ’ਚ ਸੋਧਾਂ ਹੋਣ ਅਤੇ ਉਨ੍ਹਾਂ ਦੇ ਸਾਲਾਂ ਦੀ ਲੰਬਾਈ ’ਚ ਅੰਤਰ ਹੋਣ ਕਾਰਨ ਅੱਜ ਕੱਲ੍ਹ ਹਰ ਸਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਨਾਨਕਸ਼ਾਹੀ ਕੈਲੰਡਰ ਅਨੁਸਾਰ ੨੩ ਪੋਹ/5 ਜਨਵਰੀ ਨੂੰ ਮਨਾਇਆ ਜਾਂਦਾ ਹੈ।
1984 ’ਚ ਭਾਰਤੀ ਫੌਜਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਹਿ ਢੇਰੀ ਕੀਤੇ ਜਾਣ ਲਈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜ਼ਿੰਮੇਵਾਰ ਸਮਝਦਿਆਂ ਉਨ੍ਹਾਂ ਦੇ ਹੀ ਦੋ ਸਿੱਖ ਅੰਗ ਰੱਖਿਅਕ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਜੀ ਨੇ ਉਸ ਨੂੰ 31 ਅਕਤੂਬਰ 1984 ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਆਪਣਾ ਕੰਮ ਕਰ ਜਦੋਂ ਉਨ੍ਹਾਂ ਹਥਿਆਰ ਸੁੱਟ ਦਿੱਤੇ ਤਾਂ ਭਾਰਤ ਤਿੱਬਤ ਸੀਮਾ ਪੁਲਿਸ ਦੇ ਜਵਾਨਾਂ ਨੇ ਭਾਈ ਬੇਅੰਤ ਸਿੰਘ ਨੂੰ ਉੱਥੇ ਹੀ ਸ਼ਹੀਦ ਅਤੇ ਭਾਈ ਸਤਵੰਤ ਸਿੰਘ ਨੂੰ ਜਖ਼ਮੀ ਕਰ ਦਿੱਤਾ। ਬਾਅਦ ’ਚ ਭਾਈ ਸਤਵੰਤ ਸਿੰਘ ਤੇ ਭਾਈ ਕਿਹਰ ਸਿੰਘ ਨੂੰ ਲੰਬੇ ਅਦਾਲਤੀ ਚੱਕਰਾਂ ਪਿੱਛੋਂ 6 ਜਨਵਰੀ 1989 ਨੂੰ ਫਾਂਸੀ ਦੇ ਦਿੱਤੀ। ਉਨ੍ਹਾਂ ਦਾ ਸ਼ਹੀਦੀ ਦਿਹਾੜਾ ਹਰ ਸਾਲ ਨਾਨਕਸ਼ਾਹੀ ਕੈਲੰਡਰ ਅਨੁਸਾਰ ੨੪ ਪੋਹ/6 ਜਨਵਰੀ ਨੂੰ ਮਨਾਇਆ ਜਾਂਦਾ ਹੈ।