ਗੁਰਮੁਖੀ ਅੱਖਰਾਂ ਦਾ ਸੰਦੇਸ਼
ਡਾ. ਸਰਬਜੀਤ ਕੌਰ ਸੰਧਾਵਾਲੀਆ
ਗੁਰੂ ਜਾਈ ਤੇ ਗੁਰਾਂ ਤੋਂ ਵਰੋਸਾਈ, ਆਈ ਗੁਰਮੁਖੀ ਗੁਰੂ ਦੇ ਮੁੱਖ ਵਿੱਚੋਂ,
ਪਟੀ ਲਿਖੀ ਸੀ ਗੁਰਮੁਖੀ ਅੱਖਰਾਂ ਵਿਚ, ਪਰਗਟ ਹੋਈ ਇਹ ਗੁਰੂ ਦੀ ਕੁੱਖ ਵਿੱਚੋਂ।
ਅੱਖਰ ਸੱਚੀ ਸਰਕਾਰ ਦੀ ਸਿਫ਼ਤ ਕਰਦੇ, ਇਨ੍ਹਾਂ ਅੱਖਰਾਂ ਵਿਚ ਡੂੰਘੇ ਭੇਤ ਲੁਕੇ,
ਆਓ ਇਨ੍ਹਾਂ ਤੋਂ ਸੱਚ ਦੀ ਸੇਧ ਲਈਏ, ਇਨ੍ਹਾਂ ਵਿਚ ਰੂਹਾਨੀ ਸੰਕੇਤ ਛੁਪੇ।
ਪੂਜਣਯੋਗ ਅੱਖਰ ਲਿਪੀ ਗੁਰਮੁਖੀ ਦੇ, ਦਿਲੋਂ ਜਾਨ ਨਾਲ ਇਨ੍ਹਾਂ ਨੂੰ ਪਿਆਰ ਕਰੀਏ,
ਜਿਨ੍ਹਾਂ ਅੱਖਰਾਂ ਨੂੰ ਗੁਰੂਆਂ ਮਾਣ ਦਿੱਤਾ, ਆਓ ਉਨ੍ਹਾਂ ਦਾ ਆਪਾਂ ਸਤਿਕਾਰ ਕਰੀਏ।
ੳ – ਓਅੰਕਾਰ ਦੀ ਉਸਤਤੀ ਸਦਾ ਕਰੀਏ, ਜਿਹੜਾ ਸਾਰਿਆਂ ਦਿਲਾਂ ਵਿਚ ਵੱਸਦਾ ਏ,
ਕਿਧਰੇ ਪੰਖੀਆਂ ਅੰਦਰ ਪਰਵਾਜ਼ (ਉਡਾਰੀ) ਭਰਦਾ, ਕਿਧਰੇ ਫੁੱਲ ਕਲੀਆਂ ਅੰਦਰ ਹੱਸਦਾ ਏ।
ਅ- ਅਪਰੰਪਾਰ ਦੀ ਸਦਾ ਹੀ ਸਿਫ਼ਤ ਕਰੀਏ, ਜਿਹੜਾ ਸਾਰਿਆਂ ਨੂੰ ਏਨਾ ਪਿਆਰਦਾ ਏ,
ਜਿਹੜਾ ਜਿਊਣ ਦੀ ਜਾਚ ਸਿਖਾਲਦਾ ਏ, ਜਿਹੜਾ ਡੁੱਬਿਆਂ ਹੋਇਆਂ ਨੂੰ ਤਾਰਦਾ ਏ।
ੲ- ਇਸ਼ਟ ਈਸ਼ਵਰ ਨੂੰ ਚੇਤੇ ਸਦਾ ਰੱਖੀਏ, ਜੋ ਹੈ ਪ੍ਰੇਮ ਸਰੂਪ ਕਮਾਲ ਸਾਹਿਬ,
ਸਾਨੂੰ ਸਾਜ, ਸ਼ਿੰਗਾਰ ਸੰਭਾਲਦਾ ਏ, ਸਾਂਝਾ ਬਾਪ ਉਹ ਸਦਾ ਦਇਆਲ ਸਾਹਿਬ।
ਸ- ਸਿਰਜਣਹਾਰ ਨੂੰ ਸਦਾ ਸਲਾਮ ਕਰੀਏ, ਜੀਹਦਾ ਭੇਤ ਨਾ ਕੋਈ ਵੀ ਜਾਣਦਾ ਏ,
ਜਿਹੜਾ ਸਿਰਜ ਕੇ ਆਪਣੀ ਸਲਤਨਤ ਨੂੰ, ਅੰਦਰ ਬੈਠ ਕੇ ਆਪ ਹੀ ਮਾਣਦਾ ਏ।
ਹ- ਹਰਦਮ ਹਰੀ ਪ੍ਰਮੇਸ਼ਰ ਨੂੰ ਯਾਦ ਕਰੀਏ, ਜੋ ਹੈ ਪਾਤਸ਼ਾਹ ਮਾਣ ਨਿਮਾਣਿਆਂ ਦਾ,
ਲੱਜਪਾਲ ਬਖਸ਼ਿੰਦ ਕਿਰਪਾਲ ਸਾਹਿਬ, ਬਣਦਾ ਆਸਰਾ ਦੀਨਾਂ ਨਿਤਾਣਿਆਂ ਦਾ।
ਕ- ਕਰਤਾ ਪੁਰਖ ਕਰਤਾਰ ਦੇ ਗੁਣ ਗਾਈਏ, ਹਰ ਇਕ ਜ਼ੱਰੇ ਦੀ ਅੱਖ ਵਿਚ ਜ਼ਾਹਰ ਹੈ ਜੋ,
ਉਹਦੇ ਕਰਮ ਦਾ ਅੰਤ ਨਾ ਪਾ ਸਕੀਏ, ਸਾਡੀ ਸੋਚ ਦੇ ਘੇਰੇ ਤੋਂ ਬਾਹਰ ਹੈ ਜੋ।
ਖ- ਖਿਮਾਸ਼ੀਲ ਸੁਭਾਉ ਪਰਮਾਤਮਾ ਦਾ, ਸਾਡੇ ਔਗੁਣਾਂ ਨੂੰ ਸਦਾ ਮਾਫ਼ ਕਰਦਾ,
ਸਾਡੇ ਅੰਦਰੋਂ ਵਿਤਕਰੇ ਦੂਰ ਕਰ ਕੇ, ਸਾਡੇ ਦਿਲਾਂ ਨੂੰ ਪਾਕ ਸ਼ੱਫ਼ਾਫ਼ (ਪਾਰਦਰਸ਼ੀ) ਕਰਦਾ।
ਗ- ਗੈਬੁਲ ਗੈਬ ਹੈ ਜ਼ਾਹਿਰ ਜ਼ਹੂਰ ਵੀ ਹੈ, ਮਹਾਂ ਗਿਆਨ ਤੇ ਮਹਾਂਸੰਗੀਤ ਵੀ ਹੈ,
ਮਹਾਂਰਾਗ ਤੇ ਮਹਾਂ ਅਨੁਰਾਗ ਵੀ ਹੈ, ਮਹਾਂ ਚਾਨਣਾ ਤੇ ਮਹਾਂ ਪ੍ਰੀਤ ਵੀ ਹੈ।
ਘ- ਘੜਨਹਾਰ ਸਾਡਾ, ਪਾਲਣਹਾਰ ਸਾਡਾ ਉਹਦੀਆਂ ਮਿਹਰਾਂ ਤੇ ਬਰਕਤਾਂ ਭਾਰੀਆਂ ਨੇ,
ਜਿਹੋ ਜਿਹਾ ਉਹ ਸਾਨੂੰ ਪਿਆਰ ਕਰਦਾ, ਕਿੱਥੋਂ ਲੱਭਣੀਆਂ ਇਹ ਦਿਲਦਾਰੀਆਂ ਨੇ।
ਙ- ਙਿਆਨਵਾਨ ਸਮਰੱਥ ਅਗਾਧ ਹਸਤੀ, ਉਹਦੀ ਪਾ ਸਕਦਾ ਕੋਈ ਥਾਹ ਹੀ ਨਹੀਂ,
ਜੁਗਾਂ ਜੁਗਾਂ ਤੋਂ ਦਾਤਾਂ ਵਰਤਾਈ ਜਾਂਦਾ, ਉਹਦੇ ਜਿਹਾ ਕੋਈ ਸ਼ਹਿਨਸ਼ਾਹ ਹੀ ਨਹੀਂ।
ਚ- ਚਿੱਤਰਕਾਰ ਚਿਤੇਰਾ ਉਹ ਬਹੁਤ ਸੁੰਦਰ, ਸਾਡੇ ਸਾਰਿਆਂ ਦਾ ਪੱਕਾ ਮੀਤ ਵੀ ਹੈ,
ਬਣਿਆ ਤਾਲ ਉਹ ਸਾਡੀਆਂ ਧੜਕਣਾਂ ਦਾ, ਅਨਹਦ ਨਾਦ ਵੀ ਹੈ, ਮਹਾਂ ਗੀਤ ਵੀ ਹੈ।
ਛ- ਛਾਇਆਦਾਰ ਸੁਹਾਵਣਾ ਬਿਰਖ ਬਣ ਕੇ, ਸਾਡੇ ਸਾਰਿਆਂ ਦੇ ਸਿਰ ’ਤੇ ਛਾਂ ਕਰਦਾ,
ਆਪਣੀ ਪ੍ਰੀਤ ਦੀ ਮਹਿਕ ਤੇ ਟਹਿਕ ਦੇ ਕੇ, ਆਪਣੇ ਪਿਆਰਿਆਂ ’ਚ ਸਾਡੀ ਥਾਂ ਕਰਦਾ।
ਜ- ਜਨਮ ਦੇਣ ਵਾਲਾ, ਸਿੱਖਿਆ ਦੇਣ ਵਾਲਾ, ਸਾਡੇ ਦਿਲਾਂ ’ਚ ਆਪ ਧੜਕਦਾ ਏ,
ਜਦੋਂ ਉਸ ਸੁਖਦਾਤੇ ਨੂੰ ਯਾਦ ਕਰੀਏ, ਨੇੜੇ ਦੁਖ ਜਾਂ ਭੈਅ ਨਾ ਫੜਕਦਾ ਏ।
ਝ- ਝਾਲ ਝੱਲੀ ਨਾ ਜਾਵੇ ਮਹਾਂ ਨੂਰ ਵਾਲੀ, ਸਾਰੇ ਨੇਤਰਾਂ ਵਿਚ ਉਹੀ ਡਲ੍ਹਕਦਾ ਏ,
ਉਹੀ ਫੈਲਿਆ ਮਹਾਂ ਅਨੁਰਾਗ ਬਣ ਕੇ, ਸਾਰੇ ਦਿਲਾਂ ਅੰਦਰ ਓਹੀ ਝਲਕਦਾ ਏ।
ਞ- ਞਾਣਨਹਾਰ ਉਹ ਦਿਲਾਂ ਦੀਆਂ ਜਾਣਦਾ ਏ, ਭਲੇ ਬੁਰੇ ਦੀ ਪੀੜ ਪਛਾਣਦਾ ਏ,
ਹਰ ਵੇਲੇ ਉਹ ਸਾਡਾ ਖ਼ਿਆਲ ਰੱਖੇ, ਆਪਣੇ ਪਿਆਰ ਦਾ ਚਾਦਰਾ ਤਾਣਦਾ ਏ।
ਟ- ਟੁੱਟੀ ਗੰਢ ਲੈਂਦਾ, ਕੰਠ ਲਾ ਲੈਂਦਾ, ਉਹਦੇ ਕਰਮ ਦਾ ਆਦਿ ਨਾ ਅੰਤ ਕੋਈ,
ਜੋ ਵੀ ਮੰਗਦੇ ਹਾਂ, ਓਹੀ ਦੇਈ ਜਾਂਦਾ, ਉਹਦੇ ਜਿਹਾ ਨਾ ਦਾਤਾ ਬੇਅੰਤ ਕੋਈ।
ਠ- ਠਾਰਨਹਾਰ ਮਿੱਠਬੋਲੜਾ ਸ਼ਾਂਤਸਾਗਰ, ਕੌੜਾ ਬੋਲ ਉਹ ਕਦੇ ਵੀ ਬੋਲਦਾ ਨਹੀਂ,
ਉਹਦੀ ਮਿਹਰ ’ਤੇ ਜਿਹੜਾ ਵਿਸ਼ਵਾਸ ਰੱਖੇ, ਚਿੱਤ ਓਸਦਾ ਕਦੇ ਵੀ ਡੋਲਦਾ ਨਹੀਂ।
ਡ- ਡੇਰਾ ਢਾਹੁੰਦਾ ਉਦਾਸੀਆਂ ਪੱਤਝੜਾਂ ਦਾ, ਸਾਰੇ ਦੁੱਖਾਂ ਤੋਂ ਸਾਨੂੰ ਬਚਾਂਵਾਦਾ ਏ,
ਸਾਰੀ ਦੁਨੀਆ ਵੀ ਸਾਨੂੰ ਜੇ ਤਿਆਗ ਦੇਵੇ, ਉਹ ਨਾ ਛੱਡ ਕੇ ਕਦੇ ਵੀ ਜਾਂਵਦਾ ਏ।
ਢ- ਢੋਲਾ ਛੈਲ ਛਬੀਲਾ ਉਹ ਕੰਤ ਸਾਡਾ, ਇੱਕੋ ਇਕ ਪੁਰਖੋਤਮ ਸੁਹਾਗ ਸਾਡਾ,
ਅਸੀਂ ਸਾਰੀਆਂ ਉਹਦੀਆਂ ਦਾਸੀਆਂ ਹਾਂ, ਇੱਕੋ ਇਕ ਹੈ ਰਾਗ ਅਨੁਰਾਗ ਸਾਡਾ।
ਣ- ਣਾਮੀ ਨਾਮ ਦੇ ਨਾਲ ਇਕਸੁਰ ਹੋਇਆ, ਉਹਦਾ ਨਾਮ ਭਵ ਸਾਗਰੋਂ ਪਾਰ ਕਰਦਾ,
ਬਣ ਕੇ ਮਹਾਂ ਆਸ਼ਕ ਸਾਨੂੰ ਇਸ਼ਕ ਕਰਦਾ, ਸਾਥੋਂ ਆਪਣਾ ਆਪ ਨਿਸਾਰ ਕਰਦਾ।
ਤ- ਤਾਰਨਹਾਰ ਨਿਰਭੈ ਨਿਰਵੈਰ ਹਸਤੀ, ਸਾਡੇ ਸਾਰਿਆਂ ਦਾ ਸਾਂਝਾ ਬਾਪ ਹੈ ਉਹ,
ਉਹਦੇ ਬਿਨਾ ਤਾਂ ਹੋਰ ਕੋਈ ਹੈ ਹੀ ਨਹੀਂ, ਸਾਰਾ ਕੁਝ ਬਣਿਆ ਆਪੇ ਆਪ ਹੈ ਉਹ।
ਥ- ਥੰਮਣਹਾਰ ਉਹ ਥੰਮ ਹੈ ਨਿਰਬਲਾਂ ਦਾ, ਉਹ ਹੈ ਯਾਰ ਅਨਾਥਾਂ ਨਿਪੱਤਿਆਂ ਦਾ,
ਉਹ ਕਰੀਮ ਹੈ ਬਹੁਤ ਹੀ ਤਰਸ ਵਾਲਾ, ਦਰਦ ਜਾਣਦਾ ਜਿਹੜਾ ਨਿਗੱਤਿਆਂ ਦਾ।
ਦ- ਦੇਵਣਹਾਰ ਭੰਡਾਰ ਨਿਆਮਤਾਂ ਦਾ, ਦਇਆਵੰਤ ਖ਼ਜ਼ਾਨੇ ਲੁਟਾਈ ਜਾਂਦਾ,
ਭਰ ਭਰ ਕੇ ਮੁੱਠੀਆਂ ਨਦਰਿ ਦੀਆਂ, ਦਿਨੇ ਰਾਤ ਉਹ ਸਾਨੂੰ ਵਰਤਾਈ ਜਾਂਦਾ।
ਧ- ਧਿਆਵਣਯੋਗ ਬੱਸ ਇਕ ਪਰਮਾਤਮਾ ਹੈ, ਸਾਹਾਂ ਨਾਲ ਜੇ ਉਹਨੂੰ ਧਿਆ ਲਈਏ,
ਉਹਦੇ ਚਰਨਾਂ ਦੀ ਮੌਜ ਨੂੰ ਮਾਣੀਏ ਫਿਰ, ਡੁਬਕੀ ਸਹਿਜ ਅਨੰਦ ’ਚ ਲਾ ਲਈਏ।
ਨ- ਨਿਰੰਕਾਰ ਨਾਰਾਇਣ ਨੂੰ ਸਿਮਰੀਏ ਜੇ, ਅੰਦਰ ਪਿਆਰ ਵਾਲੇ ਚਸ਼ਮੇ ਫੁੱਟਦੇ ਨੇ,
ਉਹਦੀ ਗੋਦ ਦੇ ਨਿਘ ਨੂੰ ਮਾਣਦੇ ਹਾਂ, ਸਾਰੇ ਦੁੱਖ ਵਿਜੋਗ ਦੇ ਟੁੱਟਦੇ ਨੇ।
ਪ- ਪਰਵਦਿਗਾਰ ਅਪਾਰ ਗੁਣਤਾਸ ਕਾਦਰ, ਕਿਸੇ ਗੱਲੋਂ ਨਾ ਹੋਰ ਪਤੀਜਦਾ ਏ,
ਸੁੱਚੀ ਪ੍ਰੀਤ, ਮਾਸੂਮੀਅਤ ਬੰਦਗੀ ’ਤੇ, ਸੱਚਾ ਪਾਤਸ਼ਾਹ ਬਹੁਤ ਹੀ ਰੀਝਦਾ ਏ।
ਫ- ਫਾਹੀਆਂ ਕੱਟ ਕੇ ਸਾਨੂੰ ਆਜ਼ਾਦ ਕਰਦਾ, ਐਸਾ ਮਿਹਰਦਾਤਾ ਬੰਦੀਛੋੜ ਸਾਹਿਬ,
ਵਹਿਮਾਂ ਭਰਮਾਂ ਵਿਕਾਰਾਂ ਨੂੰ ਮੇਟ ਦਿੰਦਾ, ਸਾਡੇ ਸ਼ੰਕਿਆਂ ਨੂੰ ਦੇਂਦਾ ਰੋੜ੍ਹ ਸਾਹਿਬ।
ਬ- ਬਖ਼ਸ਼ਣਹਾਰ ਉਹ ਭੁੱਲਾਂ ਨੂੰ ਬਖ਼ਸ਼ ਦਿੰਦਾ, ਸਾਡੇ ਦੋਸ਼ ਉਹ ਕਦੇ ਚਿਤਾਰਦਾ ਨਾ,
ਭਾਵੇਂ ਅਸੀਂ ਬਖ਼ਸ਼ਿੰਦ ਨੂੰ ਭੁੱਲ ਜਾਈਏ, ਪਰ ਉਹ ਕਦੇ ਵੀ ਸਾਨੂੰ ਵਿਸਾਰਦਾ ਨਾ।
ਭ- ਭੰਨਣਹਾਰ ਜਿਹੜਾ ਘੜਨਹਾਰ ਜਿਹੜਾ, ਉਹਦੀ ਬੰਦਗੀ ਹੀ ਸਾਡੀ ਜ਼ਿੰਦਗੀ ਏ,
ਪੱਲਾ ਫੜ ਲਈਏ ਜੇਕਰ ਘੁੱਟ ਉਹਦਾ, ਫੇਰ ਕਿਸੇ ਦੀ ਕੀ ਮੁਹਛੰਦਗੀ ਏ।
ਮ- ਮਿਹਰਵਾਨ ਮਹਾਨ ਸੁਮੀਤ ਸਾਡਾ, ਸਾਡੇ ਨ੍ਹੇਰਿਆਂ ਨੂੰ ਵੀ ਰੁਸ਼ਨਾ ਦੇਵੇ,
ਕਰੁਣਾਮਈ ਜਦ ਮਿਹਰ ਦਾ ਮੀਂਹ ਪਾਵੇ, ਤਪਦੇ ਹਿਰਦਿਆਂ ਨੂੰ ਠੰਢ ਪਾ ਦੇਵੇ।
ਯ- ਯਮ ਨਾਮ ਸੁਣ ਕੇ ਉਹਦਾ ਨੱਸ ਜਾਂਦੇ, ਸਾਡੀ ਜਿੰਦ ਦਾ ਸੱਚ ਰਖਵਾਰ ਹੈ ਉਹ,
ਔਖੀ ਘੜੀ ਨਾ ਕਦੇ ਵੀ ਆਉਣ ਦੇਵੇ, ਸਦਾ ਆਜਿਜ਼ (ਨੀਵੇਂ) ਦਾ ਮਦਦਗਾਰ ਹੈ ਉਹ।
ਰ- ਰਾਵਣਹਾਰ ਰੰਗ ਰੱਤੜਾ ਰਾਮ ਸਾਡਾ, ਜੀਹਦੇ ਗੁਣਾਂ ਦਾ ਨਾ ਪਾਰਾਵਾਰ ਕੋਈ,
ਹੋ ਕੇ ਅਰਸ਼ ਉਹ ਫ਼ਰਸ਼ ਨੂੰ ਗਲ ਲਾਉਂਦਾ, ਉਹਤੋਂ ਜਿੰਦ ਬਲਿਹਾਰ ਬਲਿਹਾਰ ਹੋਈ।
ਲ- ਲਾਲ ਲਾਲਾਂ ਦਾ ਤੇ ਹੀਰਾ ਹੀਰਿਆਂ ਦਾ, ਬੇਸ਼ਕੀਮਤੀ ਮੂਰਤ ਅਕਾਲ ਦੀ ਏ,
ਉਹਦੀ ਆਰਤੀ ਗਗਨ ਦਾ ਥਾਲ ਕਰਦਾ, ਜੈ ਜੈਕਾਰ ਕਰੀਮੂਲ (ਮਿਹਰ) ਕਮਾਲ ਦੀ ਏ।
ਵ- ਵੇਪ੍ਰਵਾਹ ਨਿਰਲੰਭ ਅਗਾਧ ਸਾਹਿਬ, ਉਸ ਦਾ ਭੇਤ ਨਾ ਕੋਈ ਪਾ ਸਕਦਾ,
ਗੁਰ ਪ੍ਰਸਾਦਿ ਨਿਰਮੋਲਕ ਅਕਸੀਰ ਇੱਕੋ, ਜਿਹੜਾ ਇਸ ਦੀ ਰਮਜ਼ ਸਮਝਾ ਸਕਦਾ।
ੜ- ੜਾੜ ਕਰਨ ਵਾਲੇ ਉਹਨੂੰ ਨਹੀਂ ਭਾਉਂਦੇ, ਸਭ ਨੂੰ ਪਿਆਰ ਕਰਨਾ ਉਹਨੂੰ ਭਾਂਵਦਾ ਹੈ,
ਜਿਹੜਾ ਸਾਰਿਆਂ ਵਿਚ ਉਹਦੀ ਜੋਤ ਦੇਖੇ, ਹੋ ਕੇ ਸੁਰਖਰੂ ਜੱਗ ਤੋਂ ਜਾਂਵਦਾ ਹੈ।
ਆਓ, ਗੁਰਮੁਖੀ ਦੇ ਸਾਰੇ ਗੀਤ ਗਾਈਏ, ਸਦਕੇ ਏਸ ਤੋਂ ਹੋਈਏ, ਕੁਰਬਾਨ ਜਾਈਏ,
ਇਨ੍ਹਾਂ ਅੱਖਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ, ਆਓ ਇਨ੍ਹਾਂ ਨੂੰ ਪੜ੍ਹੀਏ ਤੇ ਮਾਣ ਪਾਈਏ।
ਪਦ ਅਰਥ : ਪਰਵਾਜ਼-ਉਡਾਰੀ।, ਸ਼ੱਫ਼ਾਫ਼-ਪਾਰਦਰਸ਼ੀ।, ਆਜਿਜ਼= ਨਿਮਰਤਾ।, ਕਰੀਮੂਲ- ਬਖ਼ਸ਼ਸ਼, ਮਿਹਰ।, ਅਕਸੀਰ- ਉਹ ਦਵਾ, ਜਿਸ ਦਾ ਅਸਰ ਵਿਅਰਥ ਨਾ ਜਾਵੇ।